ਫੀਫਾ ਵਿਸ਼ਵ ਕੱਪ: ਫਰਾਂਸ ਦੂਜੀ ਵਾਰ ਬਣਿਆ ਚੈਂਪੀਅਨ

ਮਾਸਕੋ: ਫਰਾਂਸ ਨੇ ਫੀਫਾ ਵਿਸ਼ਵ ਕੱਪ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਦਮਦਾਰ ਕ੍ਰੋਏਸ਼ੀਆ ਨੂੰ 4-2 ਨਾਲ ਹਾਰ ਕੇ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਫਰਾਂਸ ਨੇ 18ਵੇਂ ਮਿੰਟ ਵਿਚ ਮਾਰੀਓ ਮੈਂਡਜੁਕਿਚ ਦੇ ਗੋਲ ਨਾਲ ਬੜ੍ਹਤ ਹਾਸਲ ਕੀਤੀ ਪਰ ਇਵਾਨ ਪੇਰਿਸਿਚ ਨੇ 28ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਦਿੱਤਾ।

ਫਰਾਂਸ ਨੂੰ ਹਾਲਾਂਕਿ ਜਲਦੀ ਹੀ ਪੈਨਲਟੀ ਕਿੱਕ ਮਿਲ ਗਈ ਜਿਸ ਨੂੰ ਐਂਟੋਨੀ ਗ੍ਰੀਜ਼ਮੈਨ ਨੇ 38ਵੇਂ ਮਿੰਟ ਇਸ ਨੂੰ ਗੋਲ ਵਿਚ ਬਦਲ ਦਿੱਤਾ ਜਿਸ ਨਾਲ ਫਰਾਂਸ ਪਹਿਲੇ ਅੱਧ ਵਿਚ 2-1 ਨਾਲ ਅੱਗੇ ਰਿਹਾ। ਪਾਲ ਪੋਗਬਾ ਨੇ 59ਵੇਂ ਮਿੰਟ ਵਿਚ ਤੀਸਰਾ ਗੋਲ ਕੀਤਾ ਜਦੋਂ ਕਿ ਅਮਬਾਪੇ ਨੇ 65ਵੇਂ ਮਿੰਟ ਵਿਚ ਫਰਾਂਸ ਦੀ ਬੜ੍ਹਤ ਨੂੰ 4-1 ਕਰ ਦਿੱਤਾ। ਜਦੋਂ ਲੱਗ ਰਿਹਾ ਸੀ ਕਿ ਕ੍ਰੋਏਸ਼ੀਆ ਦੇ ਹੱਥੋਂ ਮੈਚ ਨਿਕਲ ਚੁੱਕਾ ਹੈ ਤਾਂ ਮੈਂਡਜੁਕਿਚ ਨੇ 69ਵੇਂ ਮਿੰਟ ਵਿਚ ਗੋਲ ਕਰ ਕੇ ਉਸ ਦੀ ਉਮੀਦ ਨੂੰ ਫਿਰ ਤੋਂ ਜਗਾਇਆ। ਫਰਾਂਸ ਨੇ ਇਸ ਤੋਂ ਪਹਿਲਾਂ 1998 ਵਿਚ ਵਿਸ਼ਵ ਕੱਪ ਜਿੱਤਿਆ ਸੀ। ਉਦੋਂ ਉਸ ਦੇ ਕਪਤਾਨ ਡਿਡਿਅਰ ਡੇਸਚੈਮਪਸ ਸਨ ਜੋ ਇਸ ਵਾਰ ਟੀਮ ਦੇ ਕੋਚ ਹਨ। ਇਸ ਤਰ੍ਹਾਂ ਡੇਸਚੈਮਪਸ ਖਿਡਾਰੀ ਅਤੇ ਕੋਚ ਦੇ ਰੂਪ ਵਿਚ ਵਿਸ਼ਵ ਕੱਪ ਜਿੱਤਣ ਵਾਲੇ ਤੀਸਰੇ ਖਿਡਾਰੀ ਬਣ ਗਏ ਹਨ।
ਉਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਮਾਰੀਓ ਜਗਾਲੋ ਅਤੇ ਜਰਮਨੀ ਦੇ ਫ੍ਰੈਂਕ ਬੇਕਨਬਊਰ ਨੇ ਇਹ ਮੁਕਾਮ ਹਾਸਲ ਕੀਤਾ ਹੈ। ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ਵਿਚ ਪਹੁੰਚਿਆ ਸੀ। ਉਸ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਆਪਣੀ ਸ਼ਾਨਦਾਰ ਖੇਡ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਬੇਸ਼ੱਕ ਕ੍ਰੋਏਸ਼ੀਆ ਨੇ ਬਿਹਤਰ ਫੁੱਟਬਾਲ ਖੇਡਿਆ ਪਰ ਫਰਾਂਸ ਵਧੇਰੇ ਪ੍ਰਭਾਵਸ਼ਾਲੀ ਤੇ ਚਲਾਕੀ ਵਾਲੀ ਖੇਡ ਦਾ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਿਹਾ। ਜਿਸ ਦੇ ਦਮ ਉਤੇ ਉਹ 20 ਸਾਲ ਵਿਚ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਵਿਚ ਸਫਲ ਰਿਹਾ। ਕ੍ਰੋਏਸ਼ੀਆ ਨੇ ਵਧੀਆ ਸ਼ੁਰੂਆਤ ਕੀਤੀ ਅਤੇ ਪਹਿਲੇ ਅੱਧ ਵਿਚ ਨਾ ਸਿਰਫ ਬਾਲ ‘ਤੇ ਜ਼ਿਆਦਾ ਕਬਜ਼ਾ ਕੀਤਾ ਸਗੋਂ ਇਸ ਦੌਰਾਨ ਹਮਲੇ ਵਾਲੀ ਰਣਨੀਤੀ ਨਾਲ ਖੇਡ ਵੀ ਦਿਖਾਇਆ। ਫਰਾਂਸ ਨੂੰ ਪਹਿਲਾ ਮੌਕਾ 18ਵੇਂ ਮਿੰਟ ਵਿਚ ਮਿਲਿਆ ਜਦੋਂ ਬਾਕਸ ਵਿਚ ਕਿੱਕ ਦਾ ਮੌਕਾ ਮਿਲਿਆ। ਇਸ ਦੌਰਾਨ ਮੈਂਡਜੁਕਿਚ ਨੇ ਉਸ ਉਤੇ ਹੈਡਰ ਲਗਾ ਦਿੱਤਾ ਅਤੇ ਗੇਂਦ ਗੋਲ ਵਿਚ ਚਲੀ ਗਈ ਇਸ ਤਰ੍ਹਾਂ ਮੈਂਡਜੁਕਿਚ ਫਾਈਨਲ ਵਿਚ ਆਤਮਘਾਤੀ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ। ਇਸ ਤੋਂ ਇਲਾਵਾ ਵਰਤਮਾਨ ਵਿਸ਼ਵ ਕੱਪ ਵਿਚ ਇਹ 12ਵਾਂ ਆਤਮਘਾਤੀ ਗੋਲ ਸੀ। ਫਿਰ ਪੇਰਿਸਿਚ ਨੇ ਗੋਲ ਕਰ ਕੇ ਸਕੋਰ 1-1 ਕਰ ਦਿੱਤਾ। ਪਰ ਇਸ ਤੋਂ ਬਾਅਦ ਪੇਰੀਸਿਚ ਨੇ ਇਕ ਗਲਤੀ ਕਰਦੇ ਹੋਏ ਬਾਲ ਨੂੰ ਹੱਥ ਲਗਾ ਦਿੱਤਾ ਜਿਸ ਨਾਲ ਫਰਾਂਸ ਨੂੰ ਪੈਨਲਟੀ ਕਿੱਕ ਮਿਲ ਗਈ ਜਿਸ ਨੂੰ ਗ੍ਰੀਜ਼ਮੈਨ ਨੇ ਬਿਨਾਂ ਗਲਤੀ ਕੀਤੇ ਗੋਲ ਵਿਚ ਬਦਲ ਦਿੱਤਾ ਅਤੇ ਸਕੋਰ 2-1 ਕਰ ਦਿੱਤਾ। ਇਹ 1974 ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਪਹਿਲੇ ਅੱਧ ਵਿਚ ਤਿੰਨ ਗੋਲ ਹੋਏ ਹੋਣ।
ਕ੍ਰੋਏਸ਼ੀਆ ਨੇ ਦੂਸਰੇ ਅੱਧ ਵਿਚ ਵੀ ਹਮਲਾਵਰ ਰੁੱਖ ਜਾਰੀ ਰੱਖਿਆ। ਦੂਸਰੇ ਅੱਧ ਵਿਚ ਫਰਾਂਸ ਦੀ ਟੀਮ ਬਦਲੀ ਜਿਹੀ ਲੱਗੀ ਅਤੇ 59ਵੇਂ ਮਿੰਟ ਵਿਚ ਪੋਗਬਾ ਨੇ ਇਕ ਸ਼ਾਨਦਾਰ ਗੋਲ ਕਰਦੇ ਹੋਏ ਟੀਮ ਨੂੰ 3-1 ਨਾਲ ਅੱਗੇ ਕਰ ਦਿੱਤਾ। ਇਸ ਤੋਂ 6 ਮਿੰਟ ਬਾਅਦ ਹੀ ਅਮਬਾਪੇ ਨੇ ਸਕੋਰ ਨੂੰ ਇਕ ਹੋਰ ਸ਼ਾਨਦਾਰ ਨਾਲ 4-1 ਕਰ ਦਿੱਤਾ। ਉਸ ਨੇ 25 ਗਜ਼ ਤੋਂ ਇਕ ਸ਼ਾਨਦਾਰ ਕਿੱਕ ਮਾਰੀ ਜਿਸ ਦਾ ਵਿਰੋਧੀ ਟੀਮ ਦੇ ਗੋਲਕੀਪਰ ਕੋਲ ਕੋਈ ਜਵਾਬ ਨਹੀਂ ਸੀ। ਅਮਬਾਪੇ ਨੇ 19 ਸਾਲ ਅਤੇ 207 ਦਿਨ ਦੀ ਉਮਰ ਵਿਚ ਗੋਲ ਕੀਤਾ ਅਤੇ ਉਹ ਵਿਸ਼ਵ ਕੱਪ ਫਾਈਨਲ ਵਿਚ ਗੋਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ। ਪੇਲੇ ਨੇ 1958 ਵਿਚ 17 ਸਾਲ ਦੀ ਉਮਰ ਵਿਚ ਗੋਲ ਕੀਤਾ ਸੀ। ਕ੍ਰੋਏਸ਼ੀਆ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਤਿੰਨ ਗੋਲਾਂ ਤੋਂ ਪਿੱਛੇ ਹੋਣ ਦਾ ਬਾਵਜੂਦ ਉਸ ਦਾ ਜਜ਼ਬਾ ਦੇਖਣ ਵਾਲਾ ਸੀ। ਇਸ ਦੌਰਾਨ ਫਰਾਂਸ ਦੇ ਗੋਲਕੀਪਰ ਨੇ ਗਲਤੀ ਕੀਤੀ ਅਤੇ ਮੈਂਡਚੁਕਿਚ ਨੇ ਇਸ ਗਲਤੀ ਦਾ ਪੂਰਾ ਫਾਇਦਾ ਚੁੱਕਿਆ ਅਤੇ ਗੋਲ ਕਰ ਦਿੱਤਾ। ਕ੍ਰੋਏਸ਼ੀਆ ਫਾਰਵਡ ਨੇ ਉਸ ਤੋਂ ਬਾਲ ਖੋਹ ਕੇ ਆਸਾਨੀ ਨਾਲ ਗੋਲ ਵਿਚ ਮਾਰ ਦਿੱਤੀ। ਇਸ ਤੋਂ ਬਾਅਦ ਵੀ ਕ੍ਰੋਏਸ਼ੀਆ ਨੇ ਹਾਰ ਨਹੀਂ ਮੰਨੀ ਤੇ ਲਗਾਤਾਰ ਯਤਨ ਕੀਤੇ ਪਰ ਸਫਲ ਨਹੀਂ ਹੋ ਸਕੀ। ਰੈਫਰੀ ਦੀ ਆਖਰੀ ਸੀਟੀ ਵੱਜਣ ਦੇ ਨਾਲ ਹੀ ਫਰਾਂਸ ਜਸ਼ਨ ਵਿਚ ਡੁੱਬ ਗਿਆ।