ਬਾਦਲਾਂ ਦੇ ਅਧੂਰੇ ਪ੍ਰਾਜੈਕਟਾਂ ਨੂੰ ਸਿਰੇ ਲਾਵੇਗੀ ਕੈਪਟਨ ਸਰਕਾਰ

ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਵਿਚ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਬੀæਆਰæਟੀæਐਸ਼ (ਬੱਸ ਰੇਪਿਡ ਟਰਾਂਜ਼ਿਟ ਸਿਸਟਮ) ਨੂੰ ਲੰਮੀ ਉਡੀਕ ਮਗਰੋਂ ਸਰਕਾਰ ਨੇ 15 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਵਰਦੀ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਇਸ ਬੱਸ ਵਿਚ ਮੁਫਤ ਸਫਰ ਦੀ ਸਹੂਲਤ ਮਿਲੇਗੀ, ਜਦੋਂਕਿ ਸ਼ੁਰੂ ਦੇ ਤਿੰਨ ਮਹੀਨੇ ਸਾਰਿਆਂ ਨੂੰ ਇਹ ਬੱਸ ਯਾਤਰਾ ਸਹੂਲਤ ਮੁਫਤ ਮਿਲੇਗੀ। ਇਹ ਐਲਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕੁਝ ਹੋਰ ਮੰਤਰੀਆਂ ਤੇ ਉਚ ਅਧਿਕਾਰੀਆਂ ਨਾਲ ਇਸ ਯੋਜਨਾ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ।

ਉਨ੍ਹਾਂ ਖੁਲਾਸਾ ਕੀਤਾ ਕਿ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਯੋਜਨਾ ਨੂੰ ਅੱਧ ਵਿਚਾਲਿਓਂ ਤੇ ਅਧੂਰੀ ਨੂੰ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਵਿਚ ਕਈ ਖਾਮੀਆਂ ਵੀ ਸਨ, ਜਿਸ ਕਾਰਨ ਇਸ ਯੋਜਨਾ ਨੂੰ ਲੋਕਾਂ ਦਾ ਕੋਈ ਹੁੰਗਾਰਾ ਨਹੀਂ ਮਿਲ ਸਕਿਆ। ਇਸ ਯੋਜਨਾ ਉਤੇ ਸਰਕਾਰ ਵੱਲੋਂ 500 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ। ਲੋਕਾਂ ਦੇ ਪੈਸੇ ਨੂੰ ਬਰਬਾਦੀ ਨੂੰ ਰੋਕਣ ਅਤੇ ਇਸ ਵਿਚਲੀਆਂ ਖਾਮੀਆਂ ਨੂੰ ਦੂਰ ਕਰ ਕੇ ਹੁਣ ਇਸ ਯੋਜਨਾ ਤਹਿਤ ਸਮੂਹ ਬੱਸਾਂ 15 ਅਕਤੂਬਰ ਤੋਂ ਸ਼ਹਿਰ ਵਿਚ ਵੱਖ-ਵੱਖ ਰੂਟਾਂ ਉਤੇ ਦੌੜਨਗੀਆਂ। 31 ਕਿਲੋਮੀਟਰ ਦੇ ਇਸ ਦੇ ਰੂਟ ਵਿਚ 47 ਬੱਸ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 6 ਬੱਸ ਸਟੇਸ਼ਨ ਅਤੇ ਇਕ ਵੱਡੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਅਧੂਰਾ ਹੈ, ਇਸ ਨੂੰ ਛੇਤੀ ਮੁਕੰਮਲ ਕਰ ਲਿਆ ਜਾਵੇਗਾ ਅਤੇ 15 ਅਕਤੂਬਰ ਤੋਂ ਬੀæਆਰæਟੀæਐਸ਼ ਯੋਜਨਾ ਮੁਕੰਮਲ ਰੂਪ ਵਿਚ ਸ਼ੁਰੂ ਹੋ ਜਾਵੇਗੀ। ਇਹ ਯੋਜਨਾ ਤਹਿਤ ਵਰਦੀਧਾਰੀ ਸਕੂਲੀ ਬੱਚਿਆਂ ਤੋਂ ਕਿਰਾਇਆ ਨਹੀਂ ਵਸੂਲਿਆ ਜਾਵੇਗਾ ਤੇ ਪਹਿਲੇ ਤਿੰਨ ਮਹੀਨੇ ਇਹ ਯਾਤਰਾ ਹਰੇਕ ਸ਼ਹਿਰ ਵਾਸੀ ਲਈ ਮੁਫਤ ਹੋਵੇਗੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਭੰਡਾਰੀ ਪੁਲ ਉਤੇ ਰੇਲਵੇ ਸਟੇਸ਼ਨ ਵੱਲ ਨੂੰ ਬਣਾਏ ਪੁਲ ਦਾ ਉਦਘਾਟਨ ਅਗਲੇ ਹਫਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਹੋਰ ਫਲਾਈਓਵਰ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਇਹ ਵੀ ਛੇਤੀ ਸ਼ੁਰੂ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸ਼ਹਿਰ ਵਾਸੀਆਂ ਲਈ ਸ਼ੁੱਧ ਪਾਣੀ ਵਾਸਤੇ ਮੁਹੱਈਆ ਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਚਾਰ ਹਜ਼ਾਰ ਕਰੋੜ ਰੁਪਏ ਦੀ ਯੋਜਨਾ ਹੈ, ਜਿਸ ਵਿਚੋਂ ਦੋ ਹਜ਼ਾਰ ਕਰੋੜ ਰੁਪਏ ਵਿਸ਼ਵ ਬੈਂਕ ਕੋਲੋਂ ਲਏ ਜਾਣਗੇ। ਨਾਜਾਇਜ਼ ਕਾਲੋਨੀਆਂ ਅਤੇ ਹੋਟਲਾਂ ਦੀਆਂ ਨਾਜਾਇਜ਼ ਇਮਾਰਤਾਂ ਬਾਰੇ ਉਨ੍ਹਾਂ ਆਖਿਆ ਕਿ Ḕਵਨ ਟਾਈਮ ਸੈਟਲਮੈਂਟ’ ਯੋਜਨਾ ਹੇਠ ਇਸ ਦਾ ਹੱਲ ਕੀਤਾ ਜਾਵੇਗਾ ਅਤੇ 31 ਮਾਰਚ ਤੋਂ ਬਾਅਦ ਕਿਸੇ ਵੀ ਨਾਜਾਇਜ਼ ਇਮਾਰਤ ਦੀ ਉਸਾਰੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ।