ਕੈਪਟਨ ਦੀ ਪੰਥਕ ਮੁੱਦਿਆਂ ‘ਤੇ ਸਰਗਰਮੀ ਨੇ ਅਕਾਲੀ ਡਰਾਏ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਪੰਥਕ ਮੁੱਦਿਆਂ ਨੂੰ ਚੁੱਕਣ ਕਾਰਨ ਅਕਾਲੀ ਕਾਫੀ ਫਿਕਰਮੰਦ ਹਨ। ਸਰਕਾਰ ਦੀ ਸਵਾ ਸਾਲ ਦੀ ਮੱਠੀ ਕਾਰਗੁਜ਼ਾਰੀ ਤੇ ਨਸ਼ਿਆਂ ‘ਚ ਇਕਦਮ ਆਏ ਉਛਾਲ ਕਾਰਨ ਤਿੱਖੀ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਵੱਲੋਂ ਸਿੱਖ ਮਸਲਿਆਂ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ। ਪਿਛਲੇ 34 ਸਾਲ ਤੋਂ ਇਨਸਾਫ ਤੇ ਮੁਆਵਜ਼ੇ ਦੀ ਮੰਗ ਕਰਦੇ ਆ ਰਹੇ ਜੋਧਪੁਰ ਦੇ ਨਜ਼ਰਬੰਦਾਂ ਨੂੰ ਪੰਜਾਬ ਸਰਕਾਰ ਵੱਲੋਂ ਇਕਤਰਫਾ ਮੁਆਵਜ਼ਾ ਦਿੱਤਾ ਗਿਆ ਤੇ ਹੁਣ ਫਿਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਦੀ ਤਿਆਰੀ ਲਈ 100 ਕਰੋੜ ਰੁਪਏ ਡੇਢ ਸਾਲ ਪਹਿਲਾਂ ਜਾਰੀ ਕਰ ਦਿੱਤੇ ਗਏ ਹਨ।

550 ਸਾਲਾ ਗੁਰਪੁਰਬ ਮੌਕੇ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਜਾਰੀ ਵਿਆਪਕ ਲੜੀ ਤੋਂ ਲੱਗਦਾ ਹੈ ਕਿ ਕੈਪਟਨ ਇਨ੍ਹਾਂ ਸਮਾਗਮਾਂ ਵਿਚ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਤੋਂ ਹੱਥ ਉਪਰ ਰੱਖਣ ਲਈ ਹੁਣ ਤੋਂ ਹੀ ਯਤਨਸ਼ੀਲ ਹੋ ਗਏ ਹਨ। 2004 ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਗੁਰਪੁਰਬ ਮੌਕੇ ਖਡੂਰ ਸਾਹਿਬ ਵਿਖੇ ਕਰਵਾਏ ਸਮਾਗਮਾਂ ਦੀ ਵਾਗਡੋਰ ਕੈਪਟਨ ਹੀ ਸਾਂਭ ਗਏ ਸਨ। ਉਸ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਇਨ੍ਹਾਂ ਸਮਾਗਮਾਂ ਲਈ ਸਰਕਾਰ ਨੇ ਮੂਹਰੇ ਹੋ ਕੇ ਕੰਮ ਕੀਤੇ ਸਨ। ਬਰਗਾੜੀ ਵਿਖੇ ਚੱਲ ਰਹੇ ਇਨਸਾਫ ਮੋਰਚੇ ਦੀਆਂ ਮੰਗਾਂ ਮੰਨੇ ਜਾਣ ਦੀ ਚਰਚਾ ਵੀ ਉਨ੍ਹਾਂ ਵੱਲੋਂ ਪੰਥਕ ਮਸਲਿਆਂ ‘ਚ ਹੱਥ ਉਚਾ ਰੱਖਣ ਵੱਲ ਹੀ ਸੇਧਿਤ ਸਮਝੀ ਜਾ ਰਹੀ ਹੈ। ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਾਰੇ ਦੋਸ਼ੀ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਰਕਾਰ ਕੋਲ ਆ ਚੁੱਕੀ ਹੈ। ਇਸ ਰਿਪੋਰਟ ਬਾਰੇ ਫੈਸਲਾ ਸਰਕਾਰ ਕਿਸੇ ਸਮੇਂ ਵੀ ਲੈ ਸਕਦੀ ਹੈ।
ਇਹ ਗੱਲ ਤਾਂ ਸਭ ਮੰਨਦੇ ਕਰਦੇ ਹਨ ਕਿ ਕਾਂਗਰਸ ਆਗੂ ਹੁੰਦਿਆਂ ਹੋਇਆਂ ਵੀ ਕੈਪਟਨ ਸਿੱਖ ਪੰਥ ਤੇ ਪੰਜਾਬ ਦੇ ਮੁੱਦਿਆਂ ਉਤੇ ਮਨਮਰਜ਼ੀ ਦੇ ਸਟੈਂਡ ਤੇ ਫੈਸਲੇ ਲੈ ਜਾਂਦੇ ਹਨ। ਪਿਛਲੇ ਵਰ੍ਹੇ ਸਰਕਾਰ ਬਣਨ ਤੋਂ ਕੁਝ ਮਹੀਨੇ ਬਾਅਦ ਹੀ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪਹਿਲੀ ਪੰਜਾਬ ਫੇਰੀ ਪ੍ਰਤੀ ਰੁੱਖਾ ਵਤੀਰਾ ਅਪਣਾਏ ਜਾਣ ਤੇ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਭਾਰਤ ਸਰਕਾਰ ਦੇ Ḕਠੰਢੇ’ ਸਵਾਗਤ ਤੇ ਕੈਪਟਨ ਵੱਲੋਂ ਟਰੂਡੋ ਨਾਲ ਮੁਲਾਕਾਤ ਸਮੇਂ ਗਰਮਜੋਸ਼ੀ ਨਾਲ ਸਵਾਗਤ ਦੀ ਥਾਂ ਕੁਝ ਗਰਮ ਖਿਆਲੀਆਂ ਦੀ ਸੂਚੀ ਹੱਥ ਫੜਾ ਕੇ ਵਿਵਾਦ ਖੜ੍ਹਾ ਕਰਨ ਦੀ ਘਟਨਾ ਨੇ ਬਹੁਤੇ ਸਿੱਖ ਹਲਕਿਆਂ ਖਾਸ ਕਰ ਪਰਵਾਸੀ ਸਿੱਖਾਂ ਦੇ ਮਨਾਂ Ḕ’ ਉਨ੍ਹਾਂ ਬਾਰੇ ਤੌਖਲੇ ਤੇ ਸ਼ੰਕੇ ਖੜ੍ਹੇ ਕਰ ਦਿੱਤੇ ਸਨ। ਪਤਾ ਲੱਗਾ ਹੈ ਕਿ ਕੈਪਟਨ ਦੀ ਸਿੱਖ ਮੁੱਦਿਆਂ ਉਤੇ ਤਾਜ਼ਾ ਪਹਿਲਕਦਮੀ ਤੋਂ ਅਕਾਲੀ ਦਲ ਕਾਫੀ ਚਿੰਤਤ ਹੈ, ਪਰ ਉਹ ਹਾਲ ਦੀ ਘੜੀ ਇਸ ਬਾਰੇ ਕੋਈ ਤਿੱਖਾ ਪ੍ਰਤੀਕਰਮ ਜ਼ਾਹਰ ਕਰ ਕੇ ਨਵਾਂ ਬਖੇੜਾ ਖੜ੍ਹਾ ਕਰਨ ਤੋਂ ਪਾਸਾ ਹੀ ਵੱਟ ਰਿਹਾ ਹੈ। ਉਂਜ ਦਲ ਦੇ ਨੀਤੀ ਘਾੜੇ ਸਾਰੇ ਹਾਲਾਤ ‘ਤੇ ਤਿੱਖੀ ਨਜ਼ਰ ਰੱਖ ਰਹੇ ਦੱਸੇ ਜਾਂਦੇ ਹਨ।
ਪਤਾ ਲੱਗਾ ਹੈ ਕਿ ਪਾਰਟੀ ਨੇ ਸਾਰੇ ਅਹਿਮ ਆਗੂਆਂ ਨੂੰ ਬਰਗਾੜੀ ਮੋਰਚੇ ਤੇ ਇਸ ਸਬੰਧੀ ਕੈਪਟਨ ਸਰਕਾਰ ਦੇ ਵਤੀਰੇ ਬਾਰੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਰੋਕ ਰੱਖਿਆ ਹੈ। ਇਥੋਂ ਤੱਕ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਕ ਅਹਿਮ ਇੰਟਰਵਿਊ ਵਿਚ ਪੁੱਛੇ ਸਵਾਲ ਦਾ ਇਹ ਕਹਿ ਕੇ ਜਵਾਬ ਟਾਲ ਗਏ ਕਿ ਸਾਰੀ ਸਥਿਤੀ ਸਾਹਮਣੇ ਆਉਣ ਦਿਓ, ਫਿਰ ਦੱਸਾਂਗੇ। ਉਂਜ ਬਰਗਾੜੀ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਤੇ ਸਿੱਖ ਬੰਦੀਆਂ ਦੀ ਰਿਹਾਈ ਵਰਗੇ ਮਸਲਿਆਂ ਉਤੇ ਅਕਾਲੀ ਲੀਡਰਸ਼ਿਪ ਵਾਹ ਲੱਗਦੀ ਸਰਕਾਰ ਤੇ ਸਰਬੱਤ ਖਾਲਸਾ ਧਿਰ ਨਾਲ ਸਿੱਧੇ ਟਕਰਾਅ ‘ਚ ਆਉਣ ਦੀ ਬਜਾਏ ਕਿਸੇ ਵਿਚਕਾਰਲੇ ਤਰੀਕੇ ਲੜਾਈ ਲੜਨ ਦੀ ਰਣਨੀਤੀ ਅਪਣਾਏ ਜਾਣ ਨੂੰ ਤਰਜੀਹ ਦਿੰਦੀ ਦਿਖਾਈ ਦੇ ਰਹੀ ਹੈ, ਪਰ ਹੈ ਇਹ ਬੜਾ ਗੁੰਝਲਦਾਰ ਤੇ ਪੇਚੀਦਾ ਮਾਮਲਾ। ਇਹ ਤਾਜ਼ਾ ਸੰਕਟ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦਾ ਵੀ ਇਮਤਿਹਾਨ ਬਣ ਸਕਦਾ ਹੈ।