ਬਾਦਲ ਪਰਿਵਾਰ ਨੇ ਕੱਢਿਆ ਸਰਕਾਰੀ ਖਜਾਨੇ ਦਾ ਧੂੰਆਂ

ਚੰਡੀਗੜ੍ਹ: ਬਾਦਲ ਪਰਿਵਾਰ ਨੇ ਸਰਕਾਰੀ ਖਜਾਨੇ ਦੀ ਖੁੱਲ੍ਹਦਿਲੀ ਨਾ ਵਰਤੋਂ ਕੀਤੀ। ਬਾਦਲਾਂ ਨੇ ਆਪਣੀਆਂ ਯਾਤਰਾਵਾਂ ਲਈ ਨਿੱਜੀ ਹੈਲੀਕਾਪਟਰਾਂ ਉਤੇ ਹੀ 121 ਕਰੋੜ ਰੁਪਏ ਖਰਚ ਦਿੱਤੇ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਅਹਿਮ ਖੁਲਾਸੇ ਕੀਤੇ ਹਨ। ਸਿੱਧੂ ਨੇ ਆਰæਟੀæਆਈæ ਰਾਹੀਂ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਪਣੀ ਸਰਕਾਰ ਦੇ ਸਮੇਂ ਦੌਰਾਨ ਬਾਦਲ ਪਰਿਵਾਰ ਨੇ ਆਪਣੀਆਂ ਯਾਤਰਾਵਾਂ ‘ਚ ਨਿੱਜੀ ਹੈਲੀਕਾਪਟਰਾਂ ਤੇ ਚਾਰਟਡ ਜਹਾਜ਼ਾਂ ਉਤੇ 121 ਕਰੋੜ ਰੁਪਏ ਖਰਚੇ।

ਬਾਦਲ ਪਰਿਵਾਰ ਨੇ 10 ਸਾਲਾਂ ਦੇ ਸਮੇਂ ਦੌਰਾਨ ਅਰਬ ਤੋਂ ਉਪਰ ਰੁਪਏ ਖਰਚ ਕਰ ਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਕਰਦੇ ਹੋਏ ਹਵਾਈ ਝੂਟੇ ਲਏ। ਜਦ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ 9 ਮਹੀਨਿਆਂ ਦੌਰਾਨ ਯਾਤਰਾਵਾਂ ਉਤੇ ਸਿਰਫ 22 ਲੱਖ ਰੁਪਏ ਹੀ ਖਰਚੇ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਵੇਖ ਰਿਹਾ ਹਾਂ ਕਿ ਸਭ ਤੋਂ ਅਮੀਰ ਰਾਜਨੀਤਕ ਜੇ ਕੋਈ ਪਰਿਵਾਰ ਹੈ ਤਾਂ ਉਹ ਬਾਦਲ ਪਰਿਵਾਰ ਹੈ। ਉਨ੍ਹਾਂ ਦੀ ਸਰਕਾਰ ਦੇ ਮੰਤਰੀ ਆਪਣਾ ਆਮਦਨ ਕਰ ਖੁਦ ਭਰ ਰਹੇ ਹਨ ਤੇ ਸਾਡੀ ਸਰਕਾਰ ‘ਚ ਕੋਈ ਵੀæ ਵੀæਆਈæਪੀæ ਕਲਚਰ ਨਹੀਂ ਹੈ, ਜਦਕਿ ਬਾਦਲ ਹੁਰਾਂ ਨੇ ਆਪਣੇ ਛੋਟੇ ਛੋਟੇ ਟੀæਏæ ਬਿੱਲਾਂ ਦੀ ਵੀ ਅਦਾਇਗੀ ਲਈ ਹੈ। ਸ਼ ਸਿੱਧੂ ਨਾਲ ਹਾਜ਼ਰ ਰਹੇ ਪੰਜਾਬ ਕਾਂਗਰਸ ਦੇ ਵਿਧਾਇਕ ਸੰਗਤ ਸਿੰਘ ਗਿਲਜ਼ੀਆ ਦੇ ਪੁੱਤਰ ਦਿਲਜੀਤ ਸਿੰਘ ਗਿਲਜ਼ੀਆ ਨੇ 2012 ਦਾ ਇਕ ਟੀæਏæ ਦਾ ਬਿੱਲ ਜੋ 7,97,354 ਰੁਪਏ ਦੋ ਟਿਕਟਾਂ ਦਾ ਹੈ, ਵੀ ਦਿਖਾਇਆ।
ਸਿੱਧੂ ਨੇ ਕਿਹਾ ਕਿ ਅਜੇ ਤਾਂ ਬਾਦਲ ਪਰਿਵਾਰ ਦੇ ਹਵਾਈ ਝੂਟਿਆਂ ਦਾ ਹੀ ਖੁਲਾਸਾ ਕੀਤਾ ਹੈ ਅਤੇ ਅਜੇ ਹੋਰ 5 ਹਿੱਸਿਆਂ ‘ਚ ਵਾਰੀ ਵਾਰੀ ਅਗਾਮੀ ਦਿਨਾਂ ‘ਚ ਹੋਰ ਖੁਲਾਸੇ ਕੀਤੇ ਜਾਣਗੇ, ਜਿਸ ਤੋਂ ਇਹ ਗੱਲ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ ਕਿ ਜਨਤਾ ਦੇ ਪੈਸਿਆਂ ਨੂੰ ਕਿਸ ਤਰ੍ਹਾਂ ਬਰਬਾਦ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਕੈਗ ਨੇ ਵੀ ਆਪਣੀ ਰਿਪੋਰਟ ‘ਚ ਸਰਕਾਰੀ ਜਹਾਜ਼ ਖਰੀਦੇ ਜਾਣ ਉਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਹਨ। ਇਸ ਮੌਕੇ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਤੋਂ ਯਾਤਰਾਵਾਂ ਬਾਰੇ ਜਾਂਚ ਦੀ ਮੰਗ ਕੀਤੀ।
ਸਿੱਧੂ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਉਤੇ ਹਮਲਾ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਨੇ ਤਾਂ ਆਪਣੀ ਜੇਬ ਵਿਚੋਂ ਖਰਚੇ 500 ਰੁਪਏ ਤੱਕ ਸਰਕਾਰੀ ਖ਼ਜ਼ਾਨੇ ਵਿਚੋਂ ਵਸੂਲੇ ਹਨ। ਸਿੱਧੂ ਨੇ ਦਸਤਾਵੇਜ਼ਾਂ ਦੇ ਆਧਾਰ ਉਤੇ ਇਹ ਵੀ ਇਲਜ਼ਾਮ ਲਾਏ ਹਨ ਕਿ ਸਾਬਕਾ ਮੁੱਖ ਮੰਤਰੀ ਦੀ ਪਤਨੀ ਦੇ ਅਮਰੀਕਾ ਇਲਾਜ ਦੌਰਾਨ ਉਨ੍ਹਾਂ ਦੇ ਨਾਂ 7 ਲੱਖ 94 ਹਜ਼ਾਰ 354 ਰੁਪਏ ਦਾ ਬਿਲ ਬਣਾਇਆ ਗਿਆ। ਇਸ ਬਿੱਲ ਵਿਚ ਨਾ ਤਾਂ ਟਿਕਟ ਅਤੇ ਨਾ ਹੀ ਬੋਰਡਿੰਗ ਪਾਸ ਲਾਇਆ ਗਿਆ। ਬਾਵਜੂਦ ਇਸ ਦੇ ਇਹ ਪਾਸ ਹੋ ਗਿਆ ਅਤੇ ਪੈਸੇ ਬਾਦਲ ਸਾਹਿਬ ਦੇ ਖਾਤੇ ਵਿਚ ਆ ਗਏ। ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਹੋਈ ਪੈਸੇ ਦੀ ਪੋਲ ਖੋਲ੍ਹਣ ਤੋਂ ਬਾਅਦ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਹ ਸਿਰਫ 5 ਪ੍ਰੈਸ ਕਾਨਫਰੰਸਾਂ ਹੀ ਕਰਨਗੇ ਜਿਸ ਉਹ ਵੱਡੇ-ਵੱਡੇ ਖ਼ੁਲਾਸੇ ਸੂਬੇ ਦੀ ਜਨਤਾ ਅੱਗੇ ਰੱਖਣਗੇ।
___________________
ਸਿੱਧੂ ਨੇ ਕੋਰਾ ਝੂਠ ਬੋਲਿਆ: ਅਕਾਲੀ ਦਲ
ਅਕਾਲੀ ਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰ ਦੋਵਾਂ ਦੇ ਹਵਾਈ ਯਾਤਰਾ ਖਰਚਿਆਂ ਦੀ ਤੁਲਨਾ ਕਰਦੇ ਸਮੇਂ ਸ਼ਰੇਆਮ ਝੂਠ ਬੋਲ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਧੂ ਕਾਂਗਰਸੀ ਹਕੂਮਤ ਦੇ ਪਿਛਲੇ 9 ਮਹੀਨਿਆਂ ਦੌਰਾਨ ਹਵਾਈ ਯਾਤਰਾ ਉਤੇ ਹੋਏ ਘੱਟ ਖਰਚੇ ਦਰਸਾਉਣ ਲਈ ਬੜੇ ਹੀ ਹਾਸੋਹੀਣੇ ਅੰਕੜੇ ਸਾਹਮਣੇ ਲੈ ਕੇ ਆਇਆ ਹੈ ਜਦਕਿ ਸੱਚਾਈ ਇਹ ਹੈ ਕਿ ਚਾਹੇ ਹੈਲੀਕਾਪਟਰ ਉਡਾਣ ਭਰੇ ਜਾਂ ਨਾ, ਪਾਇਲਟ ਤੇ ਇੰਜੀਨੀਅਰਾਂ ਦੀਆਂ ਤਨਖ਼ਾਹਾਂ ਦਾ ਖਰਚਾ ਹੀ ਸਾਲਾਨਾ 3 ਕਰੋੜ ਰੁਪਏ ਹੁੰਦਾ ਹੈ। ਜਦ 20 ਤੋਂ 25 ਲੱਖ ਰੁਪਏ ਪਾਇਲਟ ਤੇ ਇੰਜੀਨੀਅਰਾਂ ਦੀਆਂ ਤਨਖਾਹਾਂ ਉਤੇ ਖਰਚ ਹੁੰਦੇ ਹਨ ਤਾਂ ਉਹ ਆਪਣੇ ਵੱਲੋਂ ਪੇਸ਼ ਕੀਤੇ ਅੰਕੜਿਆਂ ਨੂੰ ਕਿਵੇਂ ਸਹੀ ਠਹਿਰਾ ਸਕਦਾ ਹੈ? ਇਹ ਸਿਆਸੀ ਬੇਈਮਾਨੀ ਦੀ ਹੀ ਇਕ ਮਿਸਾਲ ਹੈ, ਜਿਸ ਵਾਸਤੇ ਨਵਜੋਤ ਸਿੰਘ ਸਿੱਧੂ ਮਸ਼ਹੂਰ ਹੈ।