-ਜਤਿੰਦਰ ਪਨੂੰ
ਕਈ ਵਾਰੀ ਕੋਈ ਆਗੂ ਜਿੰਨਾ ਵੀ ਗੱਲਾਂ ਨੂੰ ਘੁਮਾਣੀ ਚਾੜ੍ਹਨ ਦਾ ਮਾਹਰ ਹੋਵੇ, ਜਦੋਂ ਕਿਸੇ ਮੁੱਦੇ ਉਤੇ ਫਸ ਜਾਂਦਾ ਹੈ ਤਾਂ ਉਸ ਦੇ ਮੂੰਹੋਂ ਕਿਸੇ ਨਾ ਕਿਸੇ ਤਰ੍ਹਾਂ ਅਸਲ ਗੱਲ ਨਿਕਲ ਜਾਂਦੀ ਹੈ। ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਇਸ ਵਾਰ ਉਹ ਗੱਲ ਬਦੋਬਦੀ ਨਿਕਲ ਗਈ ਹੈ, ਜੋ ਕਈ ਚਿਰਾਂ ਤੋਂ ਨਿਕਲਣ ਦੀ ਉਡੀਕ ਹੋ ਰਹੀ ਸੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਕਹਿੰਦੀ ਹੈ ਕਿ ਐਨੇ ਲੋਕਾਂ ਨੂੰ ਪਿਛਲੇ ਚਾਰ ਸਾਲਾਂ ਵਿਚ ਪੇਟ ਪਾਲਣ ਜੋਗਾ ਰੁਜ਼ਗਾਰ ਦਿੱਤਾ ਗਿਆ ਹੈ, ਪਰ ਰੁਜ਼ਗਾਰ ਵਿਭਾਗ ਦੇ ਅੰਕੜੇ ਇਹ ਸਾਬਤ ਨਹੀਂ ਕਰਦੇ। ਇਹੀ ਨਹੀਂ, ਰੁਜ਼ਗਾਰ ਪ੍ਰਾਪਤ ਕਰਨ ਪਿੱਛੋਂ ਲੋਕ ਕਿਉਂਕਿ ਪ੍ਰਾਵੀਡੈਂਟ ਫੰਡ ਕਟਵਾਉਂਦੇ ਹਨ, ਉਥੋਂ ਵੀ ਪਤਾ ਲੱਗ ਜਾਂਦਾ ਹੈ ਕਿ ਚਾਰ ਸਾਲਾਂ ਵਿਚ ਐਨੇ ਹੋਰ ਲੋਕ ਰੁਜ਼ਗਾਰ ਕਮਾਉਣ ਜੋਗੇ ਕੀਤੇ ਗਏ ਹਨ, ਪਰ ਉਹ ਅੰਕੜੇ ਵੀ ਸਰਕਾਰੀ ਦਾਅਵੇ ਨਾਲ ਮੇਲ ਨਹੀਂ ਖਾਂਦੇ। ਪ੍ਰਧਾਨ ਮੰਤਰੀ ਦਾ ਜਵਾਬ ਸੀ ਕਿ ਕੰਮ ਤਾਂ ਬਹੁਤ ਕੀਤਾ ਹੈ, ਅੰਕੜੇ ਹਾਸਲ ਨਹੀਂ ਹਨ। ਕਿਸੇ ਲਈ ਵੀ ਇਹ ਗੱਲ ਮੰਨਣੀ ਔਖੀ ਹੋ ਸਕਦੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਉਸ ਕੋਲ ਆਪਣੇ ਦੇਸ਼ ਵਿਚ ਰੁਜ਼ਗਾਰ ਕਮਾਉਣ ਵਾਲੇ ਲੋਕਾਂ ਦੇ ਅੰਕੜੇ ਮੌਜੂਦ ਨਹੀਂ ਹਨ। ਜੇ ਇਹ ਗੱਲ ਮੰਨ ਲਈ ਜਾਵੇ ਤਾਂ ਸਰਕਾਰ ਫਿਰ ਚੱਲਦੀ ਕਿੱਦਾਂ ਹੋਵੇਗੀ!
ਇਸ ਤੋਂ ਪਹਿਲਾਂ ਇੱਕ ਗੱਲ ਬਾਰੇ ਢਾਈ ਸਾਲ ਤੱਕ ਜ਼ਬਾਨ ਦੱਬੀ ਜਾਂਦੀ ਸੀ ਕਿ ਵਿਦੇਸ਼ ਪਿਆ ਕਾਲਾ ਧਨ ਲਿਆ ਕੇ ਹਰ ਨਾਗਰਿਕ ਦੇ ਖਾਤੇ ਵਿਚ ਤਿੰਨ-ਤਿੰਨ ਲੱਖ ਤੇ ਪੰਜ ਜੀਆਂ ਦੇ ਪਰਿਵਾਰ ਦੇ ਖਾਤੇ ਵਿਚ ਪੰਦਰਾਂ ਲੱਖ ਜਮ੍ਹਾਂ ਕਰਨ ਦਾ ਕ੍ਰਿਸ਼ਮਾ ਕਦੋਂ ਕਰਨਾ ਹੈ! ਫਿਰ ਇੱਕ ਦਿਨ ਏਦਾਂ ਦਾ ਆ ਗਿਆ, ਜਦੋਂ ਕੇਂਦਰ ਸਰਕਾਰ ਚਲਾ ਰਹੀ ਪਾਰਟੀ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਨੇੜਲੇ ਸਹਿਯੋਗੀ ਅਮਿਤ ਸ਼ਾਹ ਨੇ ਹੱਸ ਕੇ ਕਹਿ ਦਿੱਤਾ, ‘ਉਸ ਬਾਤ ਕੋ ਆਪ ਛੋੜੀਏ, ਵੋ ਤੋ ਏਕ ਚੁਨਾਵ ਜੁਮਲਾ ਥਾ।’ ਕਹਿਣ ਤੋਂ ਭਾਵ ਇਹ ਕਿ ਉਹ ਲੋਕਾਂ ਦੀਆਂ ਵੋਟਾਂ ਲੈਣ ਲਈ ਪੇਸ਼ ਕੀਤਾ ਗਿਆ ਲਾਲੀਪਾਪ ਸੀ, ਜਾਂ ਲਾਲੀਪਾਪ ਦਾ ਖਾਲੀ ਵਰਕ ਸੀ, ਜਿਸ ਵਿਚ ਲਾਲੀਪਾਪ ਵੀ ਨਹੀਂ ਸੀ। ਆਪਣੇ ਦੇਸ਼ ਦੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਏਡੀ ਵੱਡੀ ਗੱਪ ਮਾਰੀ ਹੋਈ ਮੰਨ ਕੇ ਵੀ ਇਹ ਪਾਰਟੀ ਕਹਿੰਦੀ ਸੀ ਕਿ ਸਭ ਤੋਂ ਭਰੋਸੇਮੰਦ ਲੀਡਰ ਸਿਰਫ ਸਾਡੇ ਕੋਲ ਹੈ, ਬਾਕੀ ਪਾਰਟੀਆਂ ਦੇ ਲੀਡਰਾਂ ਦਾ ਕੋਈ ਭਰੋਸਾ ਹੀ ਨਹੀਂ ਕੀਤਾ ਜਾ ਸਕਦਾ।
ਅਸੀਂ ਏਦਾਂ ਦੇ ਕਈ ਲਾਲੀਪਾਪ ਹੋਰ ਗਿਣਾ ਸਕਦੇ ਹਾਂ, ਪਰ ਉਸ ਨਾਲ ਇਸ ਦੇਸ਼ ਦੀ ਅਸਲ ਤਸਵੀਰ ਪੇਸ਼ ਨਹੀਂ ਹੋ ਸਕਣੀ। ਦੇਸ਼ ਦੀ ਤਸਵੀਰ ਦਾ ਇੱਕ ਨਮੂਨਾ ਇਸ ਦੇਸ਼ ਦੀ ਜਵਾਨੀ ਨੂੰ ਹੁਨਰ ਵੰਡਣ ਵਾਲੇ ਵਿਦਿਅਕ ਅਦਾਰਿਆਂ ਦੀ ਸਥਿਤੀ ਤੋਂ ਦਿੱਸ ਸਕਦਾ ਹੈ। ਬੀਤੇ ਅਪਰੈਲ ਮਹੀਨੇ ਵਿਚ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ ਨੇ ਇਹ ਐਲਾਨ ਕਰ ਦਿੱਤਾ ਕਿ ਇਸ ਸਾਲ ਦੋ ਸੌ ਕਾਲਜ ਬੰਦ ਕਰਨੇ ਪੈਣਗੇ ਤੇ ਇਸ ਨਾਲ ਇੰਜੀਨੀਅਰਿੰਗ ਦੀਆਂ ਅੱਸੀ ਹਜ਼ਾਰ ਸੀਟਾਂ ਘਟ ਜਾਣਗੀਆਂ। ਪਹਿਲਾਂ ਇਹ ਕਾਲਜ ਹਰ ਸਾਲ ਵਧਦੇ ਸਨ ਅਤੇ ਇਨ੍ਹਾਂ ਵਿਚ ਸੀਟਾਂ ਦੀ ਗਿਣਤੀ ਵੀ ਵਧਾਈ ਜਾਂਦੀ ਸੀ, ਪਿਛਲੇ ਚਾਰ ਸਾਲਾਂ ਵਿਚ ਤਿੰਨ ਲੱਖ ਸੀਟਾਂ ਘਟ ਗਈਆਂ ਸਨ। ਹੋਰ ਹੈਰਾਨੀ ਦੀ ਗੱਲ ਇਹ ਕਿ ਬੀਤੇ ਸਾਲ ਜਿੰਨੀਆਂ ਸੀਟਾਂ ਚੱਲਦੇ ਕਾਲਜਾਂ ਵਿਚ ਰੱਖੀਆਂ ਗਈਆਂ, ਉਹ ਵੀ ਪੂਰੀਆਂ ਨਹੀਂ ਸੀ ਭਰੀਆਂ ਤੇ ਸਾਰੇ ਦੇਸ਼ ਵਿਚ ਕੁਲ ਮਿਲਾ ਕੇ ਸਤਾਈ ਲੱਖ ਸੀਟਾਂ ਖਾਲੀ ਰਹਿ ਗਈਆਂ ਸਨ।
ਇਸ ਸਾਲ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਕਾਲਜਾਂ ਦਾ ਪਿਛਲੇ ਪੰਜ ਸਾਲਾਂ ਦਾ ਦਾਖਲਾ ਤੀਹ ਫੀਸਦੀ ਸੀਟਾਂ ਭਰਨ ਦੀ ਔਸਤ ਜੋਗਾ ਵੀ ਨਹੀਂ ਬਣਦਾ, ਉਹ ਬੰਦ ਕਰ ਦਿੱਤੇ ਜਾਣ ਅਤੇ ਇਸ ਫੈਸਲੇ ਨਾਲ ਦੋ ਸੌ ਕਾਲਜ ਬੰਦ ਕਰਨੇ ਪੈ ਰਹੇ ਹਨ। ਇਹ ਵੀ ਦਿਨ ਆਉਣੇ ਸਨ। ਪਹਿਲਾਂ ਦੇਸ਼ ਵਿਚ ਹਰ ਰਾਜ ਵੱਲੋਂ ਇਹ ਮੰਗ ਉਠਦੀ ਹੁੰਦੀ ਸੀ ਕਿ ਏਥੇ ਨਵਾਂ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ ਤੇ ਅੱਜ ਦੀ ਸਥਿਤੀ ਇਹ ਹੈ ਕਿ ਇੱਕੋ ਸਾਲ ਦੋ ਸੌ ਕਾਲਜ ਬੰਦ ਹੋਣ ਦੀ ਨੌਬਤ ਆ ਗਈ ਤੇ ਕਿਸੇ ਪਾਰਟੀ ਨੇ ਇਸ ਬਾਰੇ ਕੋਈ ਹਾਅ ਦਾ ਨਾਅਰਾ ਮਾਰਨ ਦੀ ਵੀ ਲੋੜ ਨਹੀਂ ਸਮਝੀ। ਲੋਕਾਂ ਨੂੰ ਵੀ ਬੁਰਾ ਨਹੀਂ ਲੱਗਦਾ। ਸ਼ਾਇਦ ਇਸ ਕਾਰਨ ਬੁਰਾ ਨਹੀਂ ਲੱਗਦਾ ਕਿ ਜੇ ਇਹ ਮੁੱਦਾ ਕੋਈ ਚੁੱਕੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਦੇਣਗੇ ਕਿ ਰੁਜ਼ਗਾਰ ਚਾਹੀਦਾ ਹੈ, ਉਹ ਪਕੌੜੇ ਤਲ ਕੇ ਵੇਚਣ ਨਾਲ ਵੀ ਮਿਲ ਜਾਂਦਾ ਹੈ ਅਤੇ ਆਰ. ਐਸ਼ ਐਸ਼ ਦਾ ਆਗੂ ਇੰਦਰੇਸ਼ ਕੁਮਾਰ ਕਹਿ ਦੇਵੇਗਾ ਕਿ ਰੁਜ਼ਗਾਰ ਦਾ ਕੀ ਹੈ, ਰੁਜ਼ਗਾਰ ਭਾਰਤ ਦੇ ਕਿਸੇ ਮੰਦਿਰ ਅੱਗੇ ਬੈਠ ਕੇ ਭਿੱਖਿਆ ਮੰਗਣ ਨਾਲ ਵੀ ਮਿਲ ਜਾਂਦਾ ਹੈ, ਬੰਦਾ ਭੁੱਖਾ ਨਹੀਂ ਮਰ ਸਕਦਾ।
ਤਸਵੀਰ ਦਾ ਇੱਕ ਹੋਰ ਪੱਖ ਇਸ ਤੋਂ ਹਟਵਾਂ ਹੈ ਕਿ ਭਾਰਤੀ ਕਾਲਜਾਂ ਵਿਚ ਬੱਚੇ ਦਾਖਲਾ ਨਹੀਂ ਲੈਂਦੇ ਤੇ ਬਾਹਰਲੇ ਦੇਸ਼ਾਂ ਵਿਚ ਜਿਹੋ ਜਿਹਾ ਕੋਰਸ ਵੀ ਮਿਲਦਾ ਹੈ, ਉਸ ਦੀ ਹਾਮੀ ਭਰ ਕੇ ਖਿਸਕ ਜਾਂਦੇ ਹਨ। ਵਿਦੇਸ਼ ਜਾਂਦੇ ਵਿਦਿਆਰਥੀਆਂ ਦੀ ਸਾਲਾਨਾ ਗਿਣਤੀ ਬੀਤੇ ਬਾਰਾਂ ਸਾਲਾਂ ਵਿਚ ਦੁੱਗਣੀ ਤੋਂ ਵੱਧ ਹੋ ਗਈ ਹੈ। ਪਿਛਲੇ ਸਾਲ 2017 ਵਿਚ ਭਾਰਤ ਦੇ ਕਰੀਬ ਸਾਢੇ ਚਾਰ ਲੱਖ ਬੱਚੇ ਦੂਸਰੇ ਦੇਸ਼ਾਂ ਵਿਚ ਪੜ੍ਹਨ ਗਏ ਹਨ। ਜਿਸ ਦੇਸ਼ ਵਿਚ ਇਸ ਵੇਲੇ ਸਤਾਈ ਲੱਖ ਸੀਟਾਂ ਕਾਲਜਾਂ ਵਿਚ ਖਾਲੀ ਪਈਆਂ ਹਨ, ਉਸ ਦੇਸ਼ ਵਿਚੋਂ ਸਾਢੇ ਚਾਰ ਲੱਖ ਬੱਚੇ ਬਾਹਰ ਜਾਣ ਦਾ ਅਰਥ ਹੈ ਕਿ ਆਪਣੇ ਦੇਸ਼ ਦੇ ਉਸ ਸਿਸਟਮ ਉਤੇ ਸਾਡੀ ਅਗਲੀ ਪੀੜ੍ਹੀ ਦਾ ਭਰੋਸਾ ਨਹੀਂ ਰਿਹਾ, ਜਿਹੜੇ ਸਿਸਟਮ ਦੀ ਸੰਸਾਰ ਵਿਚ ਚੜ੍ਹਤ ਦਾ ਥੋਥਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਗਲੀ ਪੀੜ੍ਹੀ ਸੋਚਦੀ ਹੈ ਕਿ ਜਦੋਂ ਭਵਿੱਖ ਸਿਰਫ ਕਾਰਪੋਰੇਟ ਘਰਾਣਿਆਂ ਅਤੇ ਸਿਆਸੀ ਲੀਡਰਾਂ ਦੀ ਔਲਾਦ ਲਈ ਸੁਰੱਖਿਅਤ ਰਹਿ ਗਿਆ ਹੈ ਤੇ ਬਾਕੀ ਲੋਕਾਂ ਨੇ ਸਿਰਫ ਪਕੌੜੇ ਤਲ ਕੇ ਵੇਚਣੇ ਹਨ ਤਾਂ ਬਾਹਰ ਜਾਣਾ ਠੀਕ ਹੈ।
ਅੱਜ-ਕੱਲ੍ਹ ਅਮਰੀਕਾ ਰਹਿੰਦੇ ਸਾਡੇ ਇੱਕ ਸੂਝਵਾਨ ਮਿੱਤਰ ਡਾ. ਗੁਰਬਖਸ਼ ਸਿੰਘ ਭੰਡਾਲ ਪਿਛਲੇ ਦਿਨੀਂ ਮਿਲਣ ਆਏ ਤਾਂ ਇਸ ਸਥਿਤੀ ਦੇ ਕਈ ਪੱਖਾਂ ਬਾਰੇ ਗੱਲਾਂ ਚੱਲ ਪਈਆਂ। ਬਹੁਤ ਚਿੰਤਾ ਵਿਚ ਉਨ੍ਹਾਂ ਇਹ ਗੱਲ ਕਹੀ ਕਿ ਕਦੀ ਕਿਸੇ ਨੇ ਇਹ ਵੀ ਸੋਚਿਆ ਹੈ ਕਿ ਸਿਰਫ ਭਾਰਤ ਦੇ ਬੱਚੇ ਬਾਹਰ ਨਹੀਂ ਜਾ ਰਹੇ, ਭਾਰਤ ਦੀ ਦੌਲਤ ਵੀ ਇਨ੍ਹਾਂ ਬੱਚਿਆਂ ਨਾਲ ਏਥੋਂ ਬਾਹਰ ਤੁਰੀ ਜਾਂਦੀ ਹੈ ਤੇ ਕਿੰਨੀ ਕੁ ਤੁਰੀ ਜਾਂਦੀ ਹੈ!
ਡਾ. ਭੰਡਾਲ ਜਦੋਂ ਚਲੇ ਗਏ ਤਾਂ ਅਸੀਂ ਮਿਲਦੇ ਅੰਕੜਿਆਂ ਨੂੰ ਫੋਲਣ ਦਾ ਕੰਮ ਕਰਨ ਲੱਗ ਪਏ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਾਰ ਦਿੱਤਾ ਕਿ ਕੰਮ ਬਹੁਤ ਕੀਤਾ ਹੈ, ਸਿਰਫ ਅੰਕੜੇ ਨਹੀਂ ਮਿਲਦੇ, ਪਰ ਜਦੋਂ ਫੋਲਣ ਲੱਗੇ ਤਾਂ ਨਾ ਸਿਰਫ ਅੰਕੜੇ ਮਿਲ ਗਏ, ਸਗੋਂ ਇਹ ਵੀ ਲੇਖਾ ਕੱਢਣਾ ਸੌਖਾ ਹੋ ਗਿਆ ਕਿ ਦੇਸ਼ ਦੀ ਦੌਲਤ ਸਿਰਫ ਕਾਲਾ ਧਨ ਕੱਢਣ ਵਾਲੇ ਹੀ ਬਾਹਰ ਨਹੀਂ ਕੱਢਦੇ, ਕਾਨੂੰਨੀ ਢੰਗ ਨਾਲ ਵਿਦੇਸ਼ ਵਿਚ ਪੜ੍ਹਨ ਜਾਂਦੇ ਸਾਡੇ ਬੱਚਿਆਂ ਦੇ ਇਸ ਵਰਤਾਰੇ ਨਾਲ ਵੀ ਦੌਲਤ ਦੇਸ਼ ਤੋਂ ਬਾਹਰ ਤੁਰੀ ਜਾਂਦੀ ਹੈ। ਅਸੀਂ ਪਤਾ ਕਰਵਾਇਆ ਤਾਂ ਦੱਸਿਆ ਗਿਆ ਕਿ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਹਰ ਬੱਚੇ ਦਾ ਖਰਚਾ ਉਸ ਦੇ ਚੁਣੇ ਹੋਏ ਕੋਰਸ ਅਤੇ ਪੜ੍ਹਾਈ ਲਈ ਪਸੰਦ ਦੇ ਦੇਸ਼ ਦੇ ਮੁਤਾਬਕ ਵੱਖੋ-ਵੱਖ ਹੈ। ਇਸ ਦੀ ਔਸਤ ਜੇ ਦਸ ਲੱਖ ਰੁਪਏ ਬਣਦੀ ਹੋਵੇ ਤਾਂ ਕਿੰਨੇ ਬਨਣਗੇ? ਸਾਢੇ ਚਾਰ ਲੱਖ ਬੱਚੇ ਜਦੋਂ ਇੱਕੋ ਸਾਲ ਵਿਚ ਭਾਰਤ ਤੋਂ ਬਾਹਰ ਗਏ ਤਾਂ ਕਿਸੇ ਦਾ ਅੱਠ ਲੱਖ ਨਾਲ ਸਰ ਗਿਆ ਤੇ ਕਿਸੇ ਦੇ ਪੰਦਰਾਂ ਲੱਖ ਲੱਗੇ ਹੋਣਗੇ, ਕੁੱਲ ਜੋੜ ਪੰਜਤਾਲੀ ਹਜ਼ਾਰ ਕਰੋੜ ਰੁਪਏ ਬਣ ਜਾਂਦਾ ਹੈ। ਸਿਰਫ ਇੱਕ ਸਾਲ ਵਿਚ ਪੰਜਤਾਲੀ ਹਜ਼ਾਰ ਕਰੋੜ ਦੀ ਰਕਮ ਇਸ ਦੇਸ਼ ਤੋਂ ਨਿਕਲ ਕੇ ਕਾਨੂੰਨੀ ਤਰੀਕੇ ਨਾਲ ਬਾਹਰ ਤੁਰੀ ਜਾਂਦੀ ਹੈ ਤੇ ਇਸ ਲਈ ਤੁਰੀ ਜਾਂਦੀ ਹੈ ਕਿ ਦੇਸ਼ ਦੇ ਹਾਕਮਾਂ ਨੂੰ ਨਾ ਦੇਸ਼ ਦੀ ਚਿੰਤਾ ਹੈ ਤੇ ਨਾ ਦੇਸ਼ ਦੀ ਅਗਲੀ ਪੀੜ੍ਹੀ ਦੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੀ ਸਾਦਗੀ ਨਾਲ ਏਨੀ ਗੱਲ ਕਹਿ ਕੇ ਬੁੱਤਾ ਸਾਰ ਗਏ ਹਨ ਕਿ ਕੰਮ ਬਹੁਤ ਕੀਤਾ ਹੈ, ਅੰਕੜੇ ਹੀ ਨਹੀਂ ਮਿਲਦੇ। ਏਨੀ ਸਾਦਗੀ ਨਾਲ ਜੇ ਆਪਣੀ ਜਿੰਮੇਵਾਰੀ ਦੇ ਅਹਿਸਾਸ ਨੂੰ ਕੋਈ ਟਾਲ ਸਕਦਾ ਹੈ ਤਾਂ ਸਿਰਫ ਤੇ ਸਿਰਫ ਕੌਣ ਟਾਲ ਸਕਦਾ ਹੈ, ਦੱਸਣ ਦੀ ਲੋੜ ਨਹੀਂ।