ਸ਼ਿਕਾਗੋ (ਬਿਊਰੋ): ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਸ਼ਿਕਾਗੋ ਵਲੋਂ ਲੰਘੀ 8 ਜੁਲਾਈ ਨੂੰ ਇਥੇ ਕਰਵਾਏ ਗਏ ਖੇਡ ਤੇ ਸਭਿਆਚਾਰਕ ਮੇਲੇ ਦੌਰਾਨ ਜਿਥੇ ਕਬੱਡੀ ਤੇ ਵਾਲੀਬਾਲ ਦੇ ਮੁਕਾਬਲੇ ਹੋਏ, ਉਥੇ ਵਾਰਸ ਭਰਾਵਾਂ-ਮਨਮੋਹਨ ਵਾਰਸ, ਕਮਲ ਹੀਰ ਤੇ ਸੰਗਤਾਰ ਨੇ ਗਾਇਕੀ ਦਾ ਪਿੜ ਬੰਨ ਕੇ ਦਰਸ਼ਕਾਂ/ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।
ਮੇਲਾ ਸਿਆਸੀ ਆਗੂਆਂ ਲਈ ਵੀ ਇਕ ਚੰਗਾ ਜੋੜਮੇਲਾ ਸਾਬਤ ਹੋਇਆ। ਮੇਲੇ ਵਿਚ ਜਿਥੇ ਇਲੀਨਾਏ ਸਟੇਟ ਦੇ ਗਵਰਨਰ ਬਰੂਸ ਰਨਰ, ਸੈਕਟਰੀ ਆਫ ਸਟੇਟ ਜੈਸੀ ਵ੍ਹਾਈਟ ਅਤੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਪਹੁੰਚੇ, ਉਥੇ ਪੰਜਾਬ ਤੋਂ ਅਕਾਲੀ ਦਲ (ਬਾਦਲ) ਦੇ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਪਹੁੰਚੇ। ਸ਼ਿਕਾਗੋ ਵਿਚ ਭਾਰਤੀ ਕੌਂਸਲੇਟ ਨੀਤਾ ਭੂਸ਼ਨ ਵੀ ਮੇਲੇ ਵਿਚ ਹਾਜ਼ਰੀ ਭਰਨ ਪਹੁੰਚੇ ਹੋਏ ਸਨ।
ਜਿੱਥੋਂ ਤੱਕ ਮੇਲੇ ਵਿਚ ਹਾਜ਼ਰੀ ਦਾ ਸਵਾਲ ਹੈ, ਮੇਲਾ ਸੱਚਮੁੱਚ ਹੀ ਭਰਵਾਂ ਸੀ ਜਿਸ ਦਾ ਸਬੂਤ ਪਾਰਕਿੰਗ ਲਾਟ ਦੇ ਰਿਹਾ ਸੀ ਜਿਥੇ ਕਿਤੇ ਜੇ ਕਹੀਏ ਕਿ ਕਿਤੇ ਤਿਲ ਧਰਨ ਨੂੰ ਥਾਂ ਨਹੀਂ ਸੀ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਕਈ ਦਰਸ਼ਕਾਂ ਦਾ ਖਿਆਲ ਸੀ ਕਿ ਸ਼ਿਕਾਗੋ ਵਿਚ ਹੁਣ ਤੱਕ ਹੋਏ ਅਜਿਹੇ ਮੇਲਿਆਂ ਦੇ ਮੁਕਾਬਲੇ ਇਸ ਵਾਰ ਹਾਜ਼ਰੀ ਕਿਤੇ ਵੱਧ ਸੀ। ਉਂਜ ਕਈ ਦਰਸ਼ਕ ਇਹ ਵੀ ਕਹਿ ਰਹੇ ਸਨ ਕਿ ਕਿਹਾ ਨਹੀਂ ਜਾ ਸਕਦਾ, ਮੇਲਾ ਕਬੱਡੀ ਕਰਕੇ ਇੰਨਾ ਭਰਵਾਂ ਹੈ ਜਾਂ ਵਾਰਸ ਭਰਾਵਾਂ ਦੇ ‘ਪੰਜਾਬੀ ਵਿਰਸੇ’ ਕਰ ਕੇ ਜਾਂ ਫਿਰ ਸਿਆਸੀ ਆਗੂਆਂ ਕਰ ਕੇ!
ਕਬੱਡੀ ਮੁਕਾਬਲਿਆਂ ਵਿਚ ਕੁਲ ਚਾਰ ਟੀਮਾਂ ਸ਼ਾਮਲ ਹੋਈਆਂ-ਮਿਡਵੈਸਟ ਸਪੋਰਟਸ ਕੱਲਬ ਸ਼ਿਕਾਗੋ, ਸਪੋਰਟਸ ਕਲੱਬ ਸਿਆਟਲ, ਪੀ. ਐਸ਼ ਸੀ. ਮਿਲਵਾਕੀ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ (ਸ਼ਿਕਾਗੋ)। ਮੁਕਾਬਲਿਆਂ ਵਿਚ ਸਾਰੀਆਂ ਟੀਮਾਂ ਇਕ ਦੂਜੇ ਨਾਲ ਭਿੜੀਆਂ। ਫਾਈਨਲ ਮੈਚ ਮਿਡਵੈਸਟ ਸਪੋਰਟਸ ਕਲੱਬ ਤੇ ਸਪੋਰਟਸ ਕਲੱਬ ਸਿਆਟਲ ਵਿਚਾਲੇ ਹੋਇਆ। ਫਾਈਨਲ ਵਿਚ ਸਪੋਰਟਸ ਕਲੱਬ ਸਿਆਟਲ (ਬਰੈਟੀ ਗਿੱਲ ਤੇ ਸੰਦੀਪ ਦੀ ਟੀਮ) ਨੇ ਇਕ ਜ਼ਬਰਦਸਤ ਮੁਕਾਬਲੇ ਵਿਚ ਮਿਡਵੈਸਟ ਸਪੋਰਟਸ ਕਲੱਬ ਨੂੰ 31 ਦੇ ਮੁਕਾਬਲੇ 37 ਅੰਕਾਂ ਨਾਲ ਹਰਾ ਕੇ ਟਰਾਫੀ ਅਤੇ ਪਹਿਲੇ ਇਨਾਮ ‘ਤੇ ਕਬਜਾ ਕਰ ਲਿਆ। ਬੈਸਟ ਰੇਡਰ ਰੇਸ਼ਮ ਜਾਮਾਰਾਏ ਤੇ ਬੈਸਟ ਸਟਾਪਰ ਸੁੱਖਾ ਭੰਡਾਲ ਐਲਾਨੇ ਗਏ।
ਕਬੱਡੀ ਦਾ ਪਹਿਲਾ ਇਨਾਮ ਮਿਲਵਾਕੀ ਤੋਂ ਬਿਜਨਸਮੈਨ ਦਰਸ਼ਨ ਸਿੰਘ ਧਾਲੀਵਾਲ ਨੇ ਆਪਣੇ ਪਿਤਾ ਸੂਬੇਦਾਰ ਕਰਤਾਰ ਸਿੰਘ ਦੀ ਯਾਦ ਵਿਚ ਦਿੱਤਾ ਜਦੋਂਕਿ ਦੂਜੇ ਇਨਾਮ ਦੇ ਸਪਾਂਸਰ ਇੰਡੀਆਨਾ ਤੋਂ ਹੈਰੀ ਘੁਮਾਣ ਤੇ ਅਮਰਵੀਰ ਘੁਮਾਣ ਸਨ।
ਸਪੋਰਟਸ ਕਲੱਬ ਸਿਆਟਲ ਦੇ ਰੇਡਰਾਂ ਸੰਦੀਪ ਸੁਰਖਪੁਰੀਆ, ਬੱਲੀ ਸਮਸੱਤਪੁਰ ਤੇ ਰੇਸ਼ਮ ਨੇ ਵਧੀਆ ਧਾਵੀ ਬਣ ਕੇ ਆਪਣੀ ਟੀਮ ਲਈ ਅੰਕ ਹਾਸਿਲ ਕੀਤੇ। ਟੀਮ ਦੇ ਜਾਫੀਆਂ-ਪਾਲਾ ਜਲਾਲਪੁਰੀਆ, ਸੁੱਖਾ ਭੰਡਾਲ ਤੇ ਹਰਜਿੰਦਰ ਨੇ ਕਈ ਜ਼ੋਰਦਾਰ ਜੱਫੇ ਲਾ ਕੇ ਦਰਸ਼ਕਾਂ ਤੋਂ ਧਨ ਧਨ ਕਰਵਾਈ।
ਮਿਡਵੈਸਟ ਦੀ ਟੀਮ ਵਲੋਂ ਧਾਵੀਆਂ-ਡਿੰਪੀ, ਜੱਸਾ ਪਰਸਰਾਮਪੁਰੀਆ, ਜੱਗਾ ਰੰਧਾਵਾ ਤੇ ਜਾਫੀ ਜਹਾਜ, ਰੂਬੀ ਹਰਖੋਵਾਲ, ਨਵੀ ਜੌਹਲ ਤੇ ਜਿੰਦਰ ਪਾਤੜਾਂ ਨੇ ਵੀ ਵਧੀਆ ਰੇਡ ਪਾਏ ਅਤੇ ਦਰਸ਼ਕਾਂ ਤੋਂ ਵਾਹ ਵਾਹ ਵੀ ਚੰਗੀ ਖੱਟੀ ਪਰ ਅੱਡੀ ਚੋਟੀ ਦਾ ਜੋਰ ਲਾ ਕੇ ਵੀ ਆਪਣੀ ਟੀਮ ਨੂੰ ਜਿੱਤਾ ਨਾ ਸਕੇ।
ਮੁਕਾਬਲਿਆਂ ਦੌਰਾਨ ਕੁਝ ਕਾਂਟੇ ਦੇ ਭੇੜ ਵੀ ਹੋਏ। ਗੁਰਮੀਤ ਤੇ ਜਲਾਲਪੁਰੀਏ ਵਿਚ ਫਸਵੀਂ ਟੱਕਰ ਰਹੀ ਪਰ ਜਿੱਤ ਗੁਰਮੀਤ ਦੇ ਹਿੱਸੇ ਆਈ। ਵਿੱਕੀ ਤੇ ਜਿੰਦਰ ਦੇ ਪੰਜੇ ਫਸੇ ਪਰ ਬਾਜੀ ਜਿੰਦਰ ਮਾਰ ਗਿਆ। ਰੇਡਰ ਦਲਜੀਤ ਨੇ ਜਾਫੀ ਨੂੰ ਮੋਢਿਆਂ ‘ਤੇ ਚੁਕ ਕੇ ਲਾਈਨ ਪਾਰ ਕਰ ਕੇ ਅੰਕ ਹਾਸਿਲ ਕੀਤਾ ਤਾਂ ਦਰਸਕਾਂ ਨੇ ਖੜੇ ਹੋ ਕੇ ਦਲਜੀਤ ਦੇ ਇਸ ਮਾਅਰਕੇ ਦਾ ਪੂਰਾ ਮੁੱਲ ਪਾਇਆ। ਵੇਸੇ ਵੀ ਦਰਸ਼ਕਾਂ ਨੇ ਖਿਡਾਰੀਆਂ ਦੇ ਹਰ ਵਧੀਆ ਰੇਡ ਅਤੇ ਜੱਫੇ ‘ਤੇ ਡਾਲਰਾਂ ਦਾ ਇਨਾਮ ਦੇ ਕੇ ਉਨ੍ਹਾਂ ਦੀ ਪੂਰੀ ਹੌਸਲਾ ਹਫਜਾਈ ਕੀਤੀ।
ਟੁਰਨਾਮੈਂਟ ਵਿਚ ਹੋਰ ਵਧੀਆ ਖੇਡ ਦਿਖਾਉਣ ਵਾਲੇ ਖਿਡਾਰੀ ਸਨ-ਸੋਹਣਾ, ਗੁਰਮੀਤ, ਜੇ. ਪੀ., ਤੱਲਣ, ਰਾਜਾ, ਦੀਪਾ, ਬਿੱਲਾ ਦਿਆਲਪੁਰੀਆ, ਅਨੰਦ ਮਾਣਾਵਾਲਾ, ਵਿਕੀ ਘਨੌਰ, ਬੱਲੀ ਅਤੇ ਡਿੰਪੀ।
ਰੈਫਰੀ ਸਨ-ਕੋਚ ਦਵਿੰਦਰ ਤੇ ਮਦਨ (ਇੰਡੀਆ), ਰਾਜਾ ਤੱਲਣ (ਸ਼ਿਕਾਗੋ), ਦਿਲਬਾਗ ਸਿੰਘ ਹੋਠੀ ਅਤੇ ਰਾਣਾ ਭੰਡਾਲ। ਅੰਕ ਲਿਖਣ ਦੀ ਜਿੰਮੇਵਾਰੀ ਰਘਵਿੰਦਰ ਸਿੰਘ ਮਾਹਲ ਨੇ ਪੂਰੀ ਕੀਤੀ। ਕੁਮੈਂਟਰੀ ਰਾਹੀਂ ਮੈਚਾਂ ਦਾ ਅਨੰਦ ਵਧਾਉਣ ਦੀ ਭੂਮਿਕਾ ਮੱਖਣ ਅਲੀ ਨੇ ਨਿਭਾਈ।
ਵਾਲੀਬਾਲ ਮੁਕਾਬਲੇ ਪੰਜ ਟੀਮਾਂ-ਸ਼ਿਕਾਗੋ ਏ, ਸ਼ਿਕਾਗੋ ਬੀ, ਮਿਲਵਾਕੀ ਏ, ਮਿਲਵਾਕੀ ਬੀ ਅਤੇ ਸਾਊਥ ਇੰਡੀਅਨ ਖਿਡਾਰੀਆਂ ਨਾਲ ਸੱਜੀ ਟੀਮ ‘ਨਾਗ’ ਵਿਚਾਲੇ ਹੋਏ। ਵਾਲੀਵਾਲ ਦੇ ਮੈਚ ਵੀ ਕਾਫੀ ਦਿਲਚਸਪ ਤੇ ਰੌਚਕ ਰਹੇ। ਕਈ ਨਤੀਜੇ ਥੋੜੇ ਅੰਤਰ ਦੀ ਜਿੱਤ ਹਾਰ ਵਾਲੇ ਸਨ। ਸ਼ਿਕਾਗੋ ਏ ਦੀ ਟੀਮ ਪਹਿਲੇ ਨੰਬਰ ਅਤੇ ਸ਼ਿਕਾਗੋ ਬੀ ਦੂਜੇ ਨੰਬਰ ‘ਤੇ ਰਹੀ। ਵਾਲੀਬਾਲ ਮੈਚਾਂ ਵਿਚ ਸੋਲਵਾਨ, ਪਰਦੀਪ ਸੰਘੇੜਾ, ਟੀ. ਫੀਲੈਕਸ, ਅਲੀ ਰਜਾ, ਸਾਨ ਕੇ, ਸੰਨੀ ਤੇ ਸ਼ਵਾਨ ਨੇ ਵਧੀਆ ਖੇਡ ਦਿਖਾਈ।
ਮੇਲੇ ਦੀ ਸ਼ੁਰੂਆਤ ਸ਼ਿਕਾਗੋ ਦੀ ਧਾਰਮਿਕ ਸ਼ਖਸੀਅਤ ਬਾਬਾ ਦਲਜੀਤ ਸਿੰਘ ਵਲੋਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਉਪਰੰਤ ਗੁਰਚਰਨ ਸਿੰਘ ਜੱਜ, ਨਿਰਮਲ ਸਿੰਘ ਸਿੰਘਾ ਤੇ ਹਰਕ੍ਰਿਸ਼ਨ ਸਿੰਘ ਭੱਟੀ ਨੇ ਸਾਂਝੇ ਤੌਰ ‘ਤੇ ਗੁਬਾਰੇ ਛੱਡ ਕੇ ਕੀਤੀ।
ਪੰਜਾਬ ਤੋਂ ਆਏ ਅਕਾਲੀ ਦਲ (ਬਾਦਲ) ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਇਸ ਗੱਲ ‘ਤੇ ਖੁਸ਼ੀ ਜਾਹਰ ਕੀਤੀ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਵੀ ਆਪਣੀ ਮਾਂ ਖੇਡ ਕਬੱਡੀ ਦਾ ਝੰਡਾ ਬੁਲੰਦ ਰੱਖਿਆ ਹੋਇਆ ਹੈ ਅਤੇ ਆਪਣੇ ਸਭਿਆਚਾਰ ਨੂੰ ਸੰਭਾਲਿਆ ਹੀ ਨਹੀਂ ਸਗੋਂ ਹੋਰ ਭਾਈਚਾਰਿਆਂ ਨੂੰ ਵੀ ਇਸ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ।
ਇਲੀਨਾਏ ਸਟੇਟ ਦੇ ਗਵਰਨਰ ਬਰੂਸ ਰਨਰ ਨੇ ਆਪਣੀ ਤਕਰੀਰ ਸ਼ੁਰੂ ਕਰਦਿਆਂ ਪੰਜਾਬੀ ਵਿਚ ਕਿਹਾ, “ਕੀ ਗੱਲ ਹੈ ਯਾਰਾ!” ਉਨ੍ਹਾਂ ਕਿਹਾ ਕਿ ਇਸ ਕਬੱਡੀ ਤੇ ਸਭਿਆਚਾਰਕ ਪ੍ਰੋਗਰਾਮ ਵਿਚ ਆ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ। ਪੰਜਾਬੀ ਭਾਈਚਾਰੇ ਨੇ ਇਲੀਨਾਏ ਵਿਚ ਹੀ ਨਹੀਂ ਸਗੋਂ ਪੂਰੇ ਅਮਰੀਕਾ ਵਿਚ ਕਾਬਿਲ-ਏ-ਤਾਰੀਫ ਤਰੱਕੀ ਕੀਤੀ ਹੈ। ਪੰਜਾਬੀਆਂ ਨੇ ਪੜ੍ਹਾਈ, ਬਿਜਨਸ, ਖੇਡਾਂ, ਲਾਅ, ਮੈਡੀਕਲ-ਗੱਲ ਕੀ, ਹਰ ਖੇਤਰ ਵਿਚ ਖੂਬ ਮੱਲਾਂ ਮਾਰੀਆਂ ਹਨ।
ਗਵਰਨਰ ਨੇ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ। ਹਰ ਟੈਂਟ ਵਿਚ ਜਾ ਕੇ ਦਰਸ਼ਕਾਂ ਨਾਲ ਹੱਥ ਮਿਲਾਇਆ ਅਤੇ ਫੋਟੋਆਂ ਖਿਚਵਾਈਆਂ। ਕਿਸੇ ਦਰਸ਼ਕ ਦੀ ਟਿੱਪਣੀ ਸੀ, ਬਈ ਗਵਰਨਰ ਕਬੱਡੀ ਦੇਖਣ ਹੀ ਨਹੀਂ ਆਇਆ, ਉਹ ਤਾਂ ਗਵਰਨਰ ਦੀ ਦੂਜੀ ਟਰਮ ਦੀ ਚੋਣ ਵਾਸਤੇ ਵੋਟਾਂ ਪੱਕੀਆਂ ਕਰਨ ਲਈ ਆਇਆ ਹੈ। ਜ਼ਿਕਰਯੋਗ ਹੈ ਕਿ ਵੋਟਾਂ ਨਵੰਬਰ ਵਿਚ ਹਨ ਤੇ ਇਸ ਵਾਰ ਗਵਰਨਰ ਲਈ ਮੁਕਾਬਲਾ ਵੀ ਸਖਤ ਹੈ। ਗਵਰਨਰ ਦੀ ਇਸ ਫੇਰੀ ਨੂੰ ਕਵਰ ਕਰਨ ਲਈ ਚੈਨਲ 5 ਟੀ. ਵੀ. ਤੇ ਚੈਨਲ 9 ਟੀ. ਵੀ. ਪਹੁੰਚੇ ਹੋਏ ਸਨ।
ਸ਼ਿਕਾਗੋ ਵਿਚ ਭਾਰਤੀ ਕੌਂਸਲੇਟ ਨੀਤਾ ਭੂਸ਼ਨ ਨੇ ਕਿਹਾ ਕਿ ਮੈਨੂੰ ਕਬੱਡੀ ਮੈਚ ਦੇਖ ਕੇ ਬਹੁਤ ਚੰਗਾ ਲੱਗਾ। ਪੰਜਾਬੀ ਤੋਂ ਇਲਾਵਾ ਇਥੇ ਹਰ ਭਾਈਚਾਰੇ ਦੇ ਲੋਕ ਹਨ। ਅਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ।
ਸੈਕਟਰੀ ਆਫ ਸਟੇਟ ਜੈਸੀ ਵ੍ਹਾਈਟ ਵੀ ਮੇਲੇ ਵਿਚ ਟਮਬਲਰ ਜਿਮਨਾਸਟਿਕ (ਟਮਬਲਿੰਗ) ਦੀ ਟੀਮ ਲੈ ਕੇ ਹਾਜ਼ਰ ਹੋਏ, ਜਿਸ ਦੀ ਮੁੰਡਿਆਂ ਤੇ ਕੁੜੀਆਂ ਦੀ 18 ਮੈਂਬਰੀ ਟੀਮ ਨੇ ਜਿਮਨਾਸਟਿਕਸ ਦੇ ਲੌਂਗ ਜੰਪ, ਹਾਈ ਜੰਪ ਦੀ ਤਰਜ਼ ‘ਤੇ ਅਦਭੁਤ ਕਰਤਬ ਦਿਖਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਤੇ ਖੂਬ ਤਾਲੀਆਂ ਲੁਟੀਆਂ। ਜੈਸੀ ਵ੍ਹਾਈਟ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਦਰਸਕਾਂ ਨਾਲ ਸਤਿ ਸ੍ਰੀ ਅਕਾਲ ਸਾਂਝੀ ਕਰਨ ਪਿੱਛੋਂ ਕਿਹਾ ਕਿ ਉਹ ਸਿੱਖ ਭਾਈਚਾਰੇ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਦੀ ਪੰਜਾਬੀਆਂ ਨਾਲ ਬਹੁਤ ਪੁਰਾਣੀ ਸਾਂਝ ਹੈ। ਉਹ ਕਾਫੀ ਅਰਸੇ ਤੋਂ ਮੇਲਿਆਂ ਵਿਚ ਆ ਰਹੇ ਹਨ ਅਤੇ ਅਜਿਹੇ ਮੇਲੇ ਆਪਣੇ ਸਭਿਆਚਾਰ ਨੂੰ ਜਿਉਂਦੇ ਰੱਖਣ ਲਈ ਬਹੁਤ ਜ਼ਰੂਰੀ ਹਨ।
ਜੱਜ ਦੀ ਚੋਣ ਲੜ ਰਹੀ ਕੇਤਕੀ ਸਟੀਫਨ ਦੇ ਮੈਦਾਨ ਦੇ ਆਲੇ ਦੁਆਲੇ ਲੱਗੇ ਬੈਨਰ ਦਰਸ਼ਕਾਂ ਦਾ ਧਿਆਨ ਖਿੱਚ ਰਹੇ ਸਨ।
ਮੇਲੇ ਦੇ ਸਭਿਆਚਰਕ ਦੌਰ ਦੀ ਸ਼ੁਰੂਆਤ ਸਥਾਨਕ ਗਾਇਕ ਜੱਸੀ ਸਿੰਘ ਨੇ ਗੀਤ ‘ਸ਼ਹਿਰੋਂ ਬੋਤਲਾਂ ਲਾਇਆ, ਗੱਲ ਖੁਸ਼ੀ ਦੀ ਬੜੀ’ ਨਾਲ ਕੀਤੀ ਜਿਸ ਉਪਰੰਤ ਇਕ ਹੋਰ ਸਥਾਨਕ ਗਾਇਕ ਮਨਦੀਪ ਮੈਂਡੀ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਅਤੇ ਯਮਲਾ ਜੱਟ ਦਾ ਗੀਤ ‘ਦੱਸ ਮੈਂ ਕੀ ਪਿਆਰ ਵਿਚੋਂ ਖਟਿਆ’ ਗਾ ਕੇ ਵਾਹਵਾ ਲੁੱਟੀ।
ਫਿਰ ਸ਼ੁਰੂ ਹੋਇਆ ਵਾਰਸ ਭਰਾਵਾਂ ਦਾ ਵਿਰਸਾ। ਕਮਲ ਹੀਰ ਨੇ ਸ਼ੁਰੂਆਤ ‘ਕੌਡੀ ਕੌਡੀ ਖੇਡ ਮੁੰਡਿਆ’ ਨਾਲ ਕੀਤੀ। ਅਗਲੇ ਗੀਤ ‘ਆਪਣੀ ਜਮੀਨ ਬਿਨਾ ਨਾ ਸ਼ਾਨ ਜੱਟ ਦੀ’ ਵਿਚ ਉਸ ਨੇ ਜੱਟ ਦੀ ਵਾਹ ਵਾਹ ਕਰਵਾਈ। ਫਿਰ ‘ਇਕ ਕੁੜੀ ਨਾਲ ਸਤਿ ਸ਼੍ਰੀ ਅਕਾਲ’, ‘ਮੈਂ ਕਿਵੇਂ ਭੁਲਾਵਾਂ’ ਅਤੇ ‘ਹਿੱਕ ਦਾ ਤਵੀਤ ਬਣਾ ਕੇ’ ਆਦਿ ਕਈ ਗੀਤ ਪੇਸ਼ ਕੀਤੇ।
ਅਜੇ ਕਮਲ ਹੀਰ ਗਾ ਹੀ ਰਿਹਾ ਸੀ ਕਿ ਸ਼ਾਮ 6:30 ਵਜੇ ਇਕ ਦਮ ਬਿਜਲੀ ਬੰਦ ਹੋ ਗਈ ਤੇ ਨਾਲ ਹੀ ਮਾਈਕ ਤੋਂ ਆਵਾਜ਼ ਆਉਣੀ। ਆਮ ਤੌਰ ‘ਤੇ ਫਾਰੈਸਟ ਪ੍ਰਿਜ਼ਰਵ ਦਾ ਸਾਊਂਡ ਪਲੇਅ ਕਰਨ ਦਾ ਟਾਈਮ 6:30 ਹੀ ਹੁੰਦਾ ਹੈ। ਕਈ ਦਰਸ਼ਕਾਂ ਨੇ ਪ੍ਰੋਗਰਾਮ ਖਤਮ ਹੀ ਸਮਝਿਆ ਪਰ ਮੇਲਾ ਛੱਡ ਕੇ ਨਾ ਗਏ। ਪ੍ਰਬੰਧਕਾਂ ਦੀ ਫਾਰੈਸਟ ਪ੍ਰਿਜ਼ਰਵ ਦੇ ਅਧਿਕਾਰੀਆਂ ਨਾਲ ਗਿੱਟ-ਮਿੱਟ ਪਿਛੋਂ 15 ਕੁ ਮਿੰਟਾਂ ਬਾਅਦ ਮੇਲਾ ਮੁੜ ਸ਼ੁਰੂ ਹੋ ਗਿਆ।
ਮਨਮੋਹਨ ਵਾਰਿਸ ਨੇ ‘ਦੁਨੀਆਂ ਮੇਲੇ ਨੂੰ ਜਾਂਦੀ ਏ’, ‘ਦੋ ਤਾਰਾ ਵੱਜਦਾ ਵੇ’ ਨਾਲ ਖੂਬ ਦਾਦ ਖੱਟੀ। ਇਸ ਪਿਛੋਂ ‘ਖੁੱਲੇ ਖਾਤੇ ਰੱਖੇ ਯਾਰੀਆਂ ਪੁਗਾਉਣ ਨੂੰ’ ਅਤੇ 2003 ਵਿਚ ਗਾਇਆ ਤੇ ਖੂਬ ਮਕਬੂਲ ਹੋਇਆ ਗੀਤ ‘ਕਿਤੇ ‘ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ’ ਪੇਸ਼ ਕੀਤਾ। ਗੀਤ ‘ਕੋਕਾ ਕਰਕੇ ਧੋਖਾ, ਨੀ ਦਿਲ ਲੈ ਗਿਆ’ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਲੁਟਿਆ।
ਇਕ ਪਿਛੋਂ ਇਕ ਕਈ ਗੀਤ ਪੇਸ਼ ਕਰਨ ਉਪਰੰਤ ਵਾਰਸ ਨੇ ਸਾਰਿਆਂ ਨੂੰ ਨੱਚਣ ਦਾ ਸੱਦਾ ਦਿੰਦਿਆਂ ‘ਆ ਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ’ ਨਾਲ ਦਰਸਕਾਂ ਨੂੰ ਨੱਚਣ ਲਾ ਦਿੱਤਾ।
ਗਾਇਕੀ ਦੀ ਸਟੇਜ ਦੇ ਨਾਲ ਹੀ ਵੀ. ਆਈ. ਪੀ. ਮਹਿਮਾਨਾਂ ਲਈ ਕੁਝ ਥਾਂ ਰਾਖਵੀਂ ਕੀਤੀ ਗਈ ਸੀ ਜਿਸ ਕਰਕੇ ਨੱਚਣ ਵਾਲੇ ਸਟੇਜ ਕੋਲ ਜਾਣੋਂ ਝਿਜਕਦੇ ਰਹੇ ਪਰ ਜਦੋਂ ਮਨਮੋਹਨ ਵਾਰਸ ਨੇ ਨੱਚਣ ਦਾ ਸੱਦਾ ਦਿੱਤਾ ਤਾਂ ਨੱਚਣ ਵਾਲਿਆਂ ਨੇ ਆਪਣੀ ਰੀਝ ਲਾਹ ਲਈ।
ਮਿਡਵੈਸਟ ਕਲੱਬ ਵਲੋਂ ਦਰਸ਼ਨ ਸਿੰਘ ਧਾਲੀਵਾਲ ਨੇ ਵਾਰਸ ਭਰਾਵਾਂ ਦਾ ਪੰਜਾਬੀ ਗੀਤ-ਸੰਗੀਤ ਖੇਤਰ ਵਿਚ 25 ਸਾਲਾਂ ਦੇ ਯੋਗਦਾਨ ਲਈ ਗੋਲਡ ਮੈਡਲ ਨਾਲ ਸਨਮਾਨ ਕੀਤਾ।
ਮਿਸ਼ੀਗਨ ਤੋਂ ਪੰਜਾਬ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਅਤੇ ਸਿਨਸਿਨੈਟੀ, ਓਹਾਇਓ ਤੋਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਤੋਂ ਇਲਾਵਾ ਮਿਡਵੈਸਟ ਦੀਆਂ ਬਹੁਤ ਸਾਰੀਆਂ ਸਮਾਜਕ, ਸਭਿਆਚਾਰਕ ਤੇ ਖੇਡ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ।
ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਭੋਲਾ ਦੀ ਅਗਵਾਈ ਹੇਠ ਕਲੱਬ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੇਲੇ ਨੂੰ ਕਾਮਯਾਬ ਕਰਨ ਲਈ ਤਨਦੇਹੀ ਨਾਲ ਕੰਮ ਕੀਤਾ।
_________________________________
ਝਲਕੀਆਂ
ਮੇਲੇ ਦੀ ਇਸ ਵਾਰ ਇਕ ਖਾਸੀਅਤ ਬੀਬੀਆਂ ਲਈ ਸੂਟਾਂ, ਪੰਜਾਬੀ ਜੁਤੀਆਂ ਤੇ ਹੋਰ ਸਮਾਨ ਦੇ ਸਟਾਲ ਸਨ ਜਿਥੇ ਕਾਫੀ ਭੀੜ ਰਹੀ। ਪ੍ਰਬੰਧਕਾਂ ਨੇ ਬੀਬੀਆਂ ਲਈ ਮੁਫਤ ਮਹਿੰਦੀ ਦਾ ਵੀ ਸਟਾਲ ਲਾਇਆ, ਉਥੇ ਵੀ ਕਾਫੀ ਭੀੜ ਰਹੀ।
—
ਮੇਲੀਆਂ ਦੇ ਖਾਣੇ ਲਈ ਕੜ੍ਹੀ-ਚੌਲ, ਛੋਲੇ, ਚਿਕਨ, ਨਾਨ, ਚਾਹ-ਪਕੌੜਿਆਂ ਤੇ ਜਲੇਬੀਆਂ ਦਾ ਪ੍ਰਬੰਧ ਸੀ, ਜਿਸ ਦਾ ਉਨ੍ਹਾਂ ਖੂਬ ਅਨੰਦ ਮਾਣਿਆ। ਖਾਣਾ ਕੇ. ਕੇ. ਪੰਮੇ ਦਾ ਸੀ।
—
ਇਸ ਵਾਰ ਮੁਖ ਮਹਿਮਾਨਾਂ ਤੇ ਕੁਝ ਸਪਾਸਰਾਂ ਦਾ ਮਾਣ ਸਨਮਾਨ ਪਲੇਕਾਂ ਦੀ ਥਾਂ ਲੋਈਆਂ ਨਾਲ ਕੀਤਾ ਗਿਆ।
—
ਹਮੇਸ਼ਾ ਵਾਂਗ ਇਸ ਵਾਰ ਵੀ ਕੁਝ ਮੇਲੀਆਂ ਨੇ ਆਪਣਾ ਵੱਖਰਾ ਚੁਲ੍ਹਾ ਬਾਲਿਆ ਜਿਥੇ ਉਨ੍ਹਾਂ ਆਪਣੇ ਮਨਪੰਸਦ ਦਾ ਖਾਣਾ ਬਣਾ ਕੇ ਮੇਲੇ ਦਾ ਅਨੰਦ ਲਿਆ।
—
ਮੇਲੇ ਤੋਂ ਬਾਅਦ ਵੀ ਕੁਝ ਮੇਲੀਆਂ ਨੇ ਵੈਨ ਦੀ ਛੱਤ ‘ਤੇ ਸੰਗੀਤ ਲਾ ਕੇ ਭਗੜੇ ਪਾ ਕੇ ਮੇਲੇ ਦਾ ਲੁਤਫ ਲਿਆ। ਭੰਗੜੇ ਦੀ ਇਕ ਟੀਮ ਨੇ ਵੀ ਆਪਣੀ ਕਲਾ ਜੌਹਰ ਦਿਖਾਏ।
—
ਪੀ. ਟੀ. ਸੀ. ਪੰਜਾਬੀ ਚੈਨਲ ਵਲੋਂ ਮਹਿੰਦਰ ਸਿੰਘ ਰਕਾਲਾ ਮੇਲੇ ਨੂੰ ਕਵਰ ਕਰ ਰਹੇ ਸਨ। ਉਂਜ ਕਬੱਡੀ ਲਾਈਵ ਡਾਟ ਕਾਮ ‘ਤੇ ਵੀ ਸਿੱਧਾ ਪ੍ਰਸਾਰਣ ਹੋ ਰਿਹਾ ਸੀ।
—
ਮੌਸਮ ਠੀਕ ਹੀ ਰਿਹਾ, ਗਰਮੀ ਸੀ ਪਰ ਬਹੁਤੀ ਨਹੀਂ। ਰੁਮਕਦੀ ਹਵਾ ਨਾਲ ਮੈਦਾਨ ਵਿਚ ਰੰਗ ਬਿਰੰਗੇ ਝੰਡਿਆਂ ਨਾਲ ਭਾਰਤੀ ਤੇ ਅਮਰੀਕਨ ਝੰਡੇ ਵੀ ਝੂਲ ਰਹੇ ਸਨ।
—
ਇਸ ਵਾਰ ਵੀ. ਆਈ. ਪੀ. ਮਹਿਮਾਨਾਂ ਤੇ ਸਪਾਂਸਰਾਂ ਦੇ ਬੈਠਣ ਲਈ ਜੰਗਲਾ ਬਣਾ ਕੇ ਵੀ. ਆਈ. ਪੀ. ਏਰੀਏ ਵਿਚ ਕੁਰਸੀਆਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਖਾਣ-ਪੀਣ ਲਈ ਮੱਛੀ ਤੇ ਚਿਕਨ ਆਦਿ ਦਾ ਪ੍ਰਬੰਧ ਖੇਡ ਮੈਦਾਨ ਤੋਂ ਹਟਵਾਂ 5 ਨੰਬਰ ਗਰੂਵ ਵਿਚ ਕੀਤਾ ਹੋਇਆ ਸੀ।