ਪੂੰਜੀਵਾਦ ਯਾਨਿ ਸਾਮਰਾਜ ਦਾ ਇਕੋ ਇਕ ਮਨੋਰਥ ਪੈਸਾ ਕਮਾਉਣਾ ਹੁੰਦਾ ਹੈ ਅਤੇ ਇਸ ਖਾਤਰ ਇਸ ਨੂੰ ਗਰੀਬ ਤੇ ਮਜ਼ਦੂਰ ਦਾ ਸੋਸ਼ਣ ਕਰਨ ਵਿਚ ਕੋਈ ਸ਼ਰਮ ਨਹੀਂ ਆਉਂਦੀ। ਆਮ ਲੋਕ ਦੁਖੀ ਹੁੰਦੇ ਰਹਿਣ, ਸਾਮਰਾਜ ਨੂੰ ਕੋਈ ਫਰਕ ਨਹੀਂ ਪੈਂਦਾ। ਮਹਾਨ ਸਾਇੰਸਦਾਨ ਅਲਬਰਟ ਆਈਨਸਟਾਈਨ ਨੇ ਆਪਣੀ ਇਸ ਲਿਖਤ ਵਿਚ ਇਨ੍ਹਾਂ ਹੀ ਗੱਲਾਂ ਦਾ ਜ਼ਿਕਰ ਕੀਤਾ ਹੈ।
ਇਹ ਲਿਖਤ ਦੂਜੀ ਸਾਮਰਾਜੀ ਸੰਸਾਰ ਜੰਗ ਦੇ ਖਤਮ ਹੋਣ ਤੋਂ ਫੌਰੀ ਬਾਅਦ ਮਈ 1949 ਵਿਚ ਲਿਖੀ ਗਈ ਸੀ। ਸੰਨ 2008 ਤੋਂ ਨਿਰੰਤਰ ਚਲੇ ਆ ਰਹੇ ਮੌਜੂਦਾ ਆਲਮੀ ਆਰਥਕ ਸੰਕਟ ਦੇ ਪ੍ਰਸੰਗ ਵਿਚ ਇਸ ਲਿਖਤ ਦੀ ਖਾਸ ਅਹਿਮੀਅਤ ਹੈ। -ਸੰਪਾਦਕ
ਅਲਬਰਟ ਆਈਨਸਟਾਈਨ
ਅਨੁਵਾਦ: ਗੁਰਬਚਨ ਸਿੰਘ
ਫੋਨ: 91-98156-98451
ਜੋ ਬੰਦਾ ਆਰਥਕ ਤੇ ਸਮਾਜੀ ਮਸਲਿਆਂ ਦਾ ਮਾਹਿਰ ਨਹੀਂ, ਕੀ ਉਸ ਲਈ ਜਾਇਜ਼ ਹੈ ਕਿ ਉਹ ਸਮਾਜਵਾਦ ਬਾਰੇ ਆਪਣੇ ਵਿਚਾਰ ਪ੍ਰਗਟ ਕਰੇ? ਕਈ ਕਾਰਨਾਂ ਕਰਕੇ ਮੇਰਾ ਇਹ ਯਕੀਨ ਹੈ ਕਿ ਇਹ ਜਾਇਜ਼ ਹੈ।
ਆਓ, ਸਭ ਤੋਂ ਪਹਿਲਾ ਸਾਇੰਸ ਦੇ ਗਿਆਨ ਦੇ ਨੁਕਤਾ-ਨਜ਼ਰ ਤੋਂ ਇਸ ਸੁਆਲ ਨੂੰ ਸਮਝੀਏ। ਮੈਨੂੰ ਜਾਪਦਾ ਹੈ ਕਿ ਖਗੋਲ ਤੇ ਅਰਥਚਾਰੇ ਵਿਚਾਲੇ ਵਿਧੀ-ਵਿਧਾਨ ਪੱਖੋਂ ਕੋਈ ਲਾਜ਼ਮੀ ਵਖਰੇਵਾਂ ਨਹੀਂ। ਦੋਹਾਂ ਖੇਤਰਾਂ ਦੇ ਸਾਇੰਸਦਾਨ ਇਕ ਸੀਮਤ ਘੇਰੇ ਦੇ ਵਰਤਾਰਿਆਂ ਬਾਰੇ ਆਮ ਸਹਿਮਤੀ ਦੇ ਨੇਮਾਂ ਦੀ ਖੋਜ ਕਰਨ ਦਾ ਯਤਨ ਕਰਦੇ ਹਨ ਤਾਂ ਕਿ ਇਨ੍ਹਾਂ ਦੇ ਅੰਤਰ-ਸਬੰਧਾਂ ਨੂੰ ਵਧ ਤੋਂ ਵਧ ਸੰਭਵ ਹੱਦ ਤਕ ਸਮਝਣ ਯੋਗ ਬਣਾਇਆ ਜਾ ਸਕੇ। ਪਰ ਹਕੀਕਤ ਵਿਚ ਵਿਧੀ-ਵਿਧਾਨ ਦੇ ਅਜਿਹੇ ਵਖਰੇਵੇਂ ਹੋਂਦ ਰੱਖਦੇ ਹਨ। ਆਰਥਕ ਵਰਤਾਰਿਆਂ ਦੀ ਪਰਖ ਕਰਨ ਵਾਲੀਆਂ ਹਾਲਤਾਂ ਆਰਥਕ ਖੇਤਰ ਵਿਚਲੇ ਆਮ ਨੇਮਾਂ ਦੀ ਖੋਜ ਨੂੰ ਔਖਾ ਬਣਾ ਦਿੰਦੀਆਂ ਹਨ। ਕਿਉਂਕਿ ਇਨ੍ਹਾਂ ਨੂੰ ਅਕਸਰ ਪ੍ਰਭਾਵਿਤ ਕਰਨ ਵਾਲੇ ਪੱਖਾਂ ਨੂੰ ਵੱਖ-ਵੱਖ ਤੌਰ ‘ਤੇ ਅੰਗਣਾਂ ਬਹੁਤ ਔਖਾ ਹੁੰਦਾ ਹੈ। ਇਸ ਤੋਂ ਵੀ ਵੱਧ ਮਨੁਖੀ ਇਤਿਹਾਸ ਦੇ ਕਥਿਤ ਸਭਿਅਕ ਦੌਰ ਦੇ ਅਰੰਭ ਤੋਂ ਹੀ ਆਰਥਕ ਵਰਤਾਰੇ ਬਹੁਤਾ ਉਨ੍ਹਾਂ ਕਾਰਨਾਂ ਤੋਂ ਪ੍ਰਭਾਵਿਤ ਹੋਏ, ਜੋ ਖਾਸੀਅਤ ਪੱਖੋਂ ਸਿਰਫ ਆਰਥਕ ਨਹੀਂ ਸਨ। ਮਿਸਾਲ ਵਜੋਂ ਵੱਡੇ ਰਾਜ ਜਿੱਤਾਂ ਨਾਲ ਬਣੇ। ਜੇਤੂ ਲੋਕਾਂ ਨੇ ਜਿੱਤੇ ਹੋਏ ਦੇਸ਼ਾਂ ਵਿਚ ਆਪਣੇ ਆਪ ਨੂੰ ਕਾਨੂੰਨੀ ਅਤੇ ਆਰਥਕ ਤੌਰ ‘ਤੇ ਖਾਸ ਸਹੂਲਤਾਂ ਪ੍ਰਾਪਤ ਵਰਗ ਵਜੋਂ ਸਥਾਪਿਤ ਕਰ ਲਿਆ। ਉਨ੍ਹਾਂ ਨੇ ਜਮੀਨ ਮਾਲਕੀ ਦੀ ਅਜਾਰੇਦਾਰੀ ਹਥਿਆਉਣ ਦੇ ਨਾਲ ਹੀ ਆਪਣੀਆਂ ਸਫਾਂ ਵਿਚੋਂ ਪੁਜਾਰੀ ਵਰਗ ਕਾਇਮ ਕੀਤਾ। ਵਿਦਿਆ ਨੂੰ ਕਾਬੂ ਕਰੀ ਬੈਠੇ ਪੁਜਾਰੀ ਸਮਾਜ ਦੀ ਜਮਾਤੀ ਵੰਡ ਨੂੰ ਇਕ ਸਥਾਈ ਸੰਸਥਾ ਵਿਚ ਬਦਲ ਦਿੰਦੇ ਹਨ ਅਤੇ ਇਕ ਅਜਿਹਾ ਕਦਰ ਪ੍ਰਬੰਧ ਸਿਰਜਦੇ ਹਨ, ਜੋ ਅਚੇਤ ਰੂਪ ਵਿਚ ਬਹੁਤੇ ਲੋਕਾਂ ਦੇ ਸਮਾਜੀ ਵਿਹਾਰ ਨੂੰ ਅਗਵਾਈ ਦਿੰਦਾ ਹੈ।
ਪਰ ਬੀਤੇ ਦੀ ਇਤਿਹਾਸਕ ਪਰੰਪਰਾ ਵਿਚ ਥੋਰਸ ਵੈਬਲਨ, ਜਿਸ ਨੂੰ ਮਨੁੱਖੀ ਵਿਕਾਸ ਦਾ ‘ਲੁਟੇਰਾ ਪੜਾਅ’ ਕਹਿੰਦਾ ਹੈ, ਤੋਂ ਕਿਤੇ ਵੀ ਅਸੀਂ ਛੁਟਕਾਰਾ ਨਹੀਂ ਪਾ ਸਕੇ। ਉਸ ਪੜਾਅ ਨਾਲ ਸਬੰਧਤ ਆਰਥਕ ਤੱਥ ਅਤੇ ਇਨ੍ਹਾਂ ਤੱਥਾਂ ਵਿਚੋਂ ਘੜੇ ਨੇਮ ਦੂਜੇ ਪੜਾਵਾਂ ਵਿਚ ਲਾਗੂ ਨਹੀਂ ਹੁੰਦੇ, ਪਰ ਸਮਾਜਵਾਦ ਦਾ ਅਸਲੀ ਮੰਤਵ ਨਿਸ਼ਚਿਤ ਰੂਪ ਵਿਚ ਮਨੁੱਖੀ ਵਿਕਾਸ ਦੇ ਲੁਟੇਰੇ ਪੜਾਅ ਤੋਂ ਅੱਗੇ ਵਧਣਾ ਹੈ। ਇਸ ਲਈ ਆਪਣੀ ਮੌਜੂਦਾ ਹਾਲਤ ਵਿਚ ਆਰਥਕ ਸਾਇੰਸ ਭਵਿੱਖ ਦੇ ਸਮਾਜਵਾਦੀ ਸਮਾਜ ਬਾਰੇ ਬਹੁਤੀ ਰੌਸ਼ਨੀ ਨਹੀਂ ਪਾ ਸਕਦੀ।
ਦੂਜਾ, ਸਮਾਜਵਾਦ ਦਾ ਨਿਸ਼ਾਨਾ ਸਮਾਜੀ-ਸਦਾਚਾਰ ਵੱਲ ਸੇਧਤ ਹੈ। ਪਰ ਸਾਇੰਸ ਨਿਸ਼ਾਨੇ ਨਹੀਂ ਮਿਥਦੀ ਅਤੇ ਨਾ ਹੀ ਉਨ੍ਹਾਂ ਨੂੰ ਮਨੁੱਖੀ ਮਨਾਂ ਵਿਚ ਭਰਦੀ ਹੈ। ਸਾਇੰਸ ਵਧ ਤੋਂ ਵਧ ਕੁਝ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਸਾਧਨ ਮੁਹੱਈਆ ਕਰ ਸਕਦੀ ਹੈ। ਪਰ ਖੁਦ ਨਿਸ਼ਾਨੇ ਉਚੇ ਸਦਾਚਾਰੀ ਆਦਰਸ਼ਾਂ ਨਾਲ ਪੈਦਾ ਹੋਈਆਂ ਹਸਤੀਆਂ ਦੇ ਸੰਕਲਪ ਘੜਦੇ ਹਨ ਅਤੇ ਜੇ ਇਹ ਨਿਸ਼ਾਨੇ ਮੁਰਦਾ ਨਾ ਹੋਣ ਸਗੋਂ ਜੀਵੰਤ ਤੇ ਬਲਵਾਨ ਹੋਣ, ਤਾਂ ਬਹੁਤ ਸਾਰੇ ਲੋਕ ਅਰਧ ਅਚੇਤ ਮਨਾਂ ਨਾਲ ਇਨ੍ਹਾਂ ਨਿਸ਼ਾਨਿਆਂ ਨੂੰ ਅਪਨਾ ਲੈਂਦੇ ਹਨ, ਤੇ ਅੱਗੇ ਲੈ ਜਾਂਦੇ ਹਨ। ਇੰਜ ਸਮਾਜ ਦੇ ਸਹਿਜ ਵਿਕਾਸ ਦਾ ਆਧਾਰ ਬਣਦੇ ਹਨ। ਇਨ੍ਹਾਂ ਕਾਰਨਾਂ ਕਰਕੇ ਸਾਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਅਸੀਂ ਮਨੁੱਖੀ ਮਸਲਿਆਂ ਬਾਰੇ ਗੱਲ ਕਰਦਿਆਂ ਸਾਇੰਸ ਅਤੇ ਸਾਇੰਸ ਦੀਆਂ ਵਿਧੀਆਂ ਨੂੰ ਵਧਾ ਕੇ ਨਾ ਵੇਖੀਏ ਤੇ ਨਾ ਹੀ ਇਹ ਸੋਚੀਏ ਕਿ ਸਮਾਜੀ ਜਥੇਬੰਦੀ ਨੂੰ ਪ੍ਰਭਾਵਿਤ ਕਰਨ ਵਾਲੇ ਮਸਲਿਆਂ ਬਾਰੇ ਸਿਰਫ ਮਾਹਿਰ ਹੀ ਗੱਲ ਕਰ ਸਕਦੇ ਹਨ।
ਅੱਜ ਅਣਗਿਣਤ ਆਵਾਜ਼ਾਂ ਉਠ ਰਹੀਆਂ ਹਨ ਕਿ ਅਜੋਕਾ ਮਨੁੱਖੀ ਸਮਾਜ ਇਕ ਸੰਕਟ ਭਰੇ ਦੌਰ ਵਿਚੋਂ ਗੁਜਰ ਰਿਹਾ ਹੈ ਅਤੇ ਸਮਾਜ ਦੀ ਸਥਿਰਤਾ ਨੂੰ ਗੰਭੀਰ ਖਤਰਾ ਹੈ। ਅਜੋਕੇ ਸਮੇਂ ਦੀ ਇਹ ਖਾਸੀਅਤ ਹੈ ਕਿ ਵਿਅਕਤੀ ਜਿਸ ਸਮੂਹ ਨਾਲ ਸਬੰਧ ਰਖਦਾ ਹੈ, ਸਮੂਹ ਵੱਡਾ ਹੋਵੇ ਜਾਂ ਛੋਟਾ, ਪ੍ਰਤੀ ਬੇਗਾਨਗੀ ਜਾਂ ਵਿਰੋਧ ਦੀ ਭਾਵਨਾ ਰਖਦਾ ਹੈ। ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਇਥੇ ਮੈਂ ਆਪਣਾ ਇਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ। ਹੁਣੇ ਜਿਹੇ ਮੈਂ ਇਕ ਅਕਲਮੰਦ ਤੇ ਨੇਕ ਸੁਭਾਅ ਦੇ ਮਨੁੱਖ ਨਾਲ ਇਕ ਹੋਰ ਜੰਗ ਦੇ ਖਤਰੇ ਬਾਰੇ ਚਰਚਾ ਕਰ ਰਿਹਾ ਸਾਂ, ਜੋ ਮੇਰੇ ਖਿਆਲ ਵਿਚ ਮਨੁੱਖ ਜਾਤੀ ਦੀ ਹੋਂਦ ਨੂੰ ਹੀ ਖਤਰੇ ਵਿਚ ਪਾ ਦੇਵੇਗੀ ਅਤੇ ਮੈਂ ਦਸਿਆ ਕਿ ਕੌਮਾਂ ਤੋਂ ਉਪਰ ਉਠ ਕੇ ਇਕ ਆਲਮੀ ਜਥੇਬੰਦੀ ਹੀ ਇਸ ਖਤਰੇ ਤੋਂ ਸਾਨੂੰ ਬਚਾ ਸਕਦੀ ਹੈ। ਇਸ ਬਾਰੇ ਮੇਰੇ ਮਿੱਤਰ ਨੇ ਸ਼ਾਂਤ ਅਤੇ ਸਹਿਜ ਸੁਭਾਅ ਟਿੱਪਣੀ ਕੀਤੀ, “ਤੂੰ ਮਨੁੱਖੀ ਨਸਲ ਦੇ ਅਲੋਪ ਹੋਣ ਬਾਰੇ ਏਨਾ ਫਿਕਰਮੰਦ ਕਿਉਂ ਹੈ?”
ਮੈਨੂੰ ਯਕੀਨ ਹੈ ਕਿ ਘਟੋ-ਘਟ ਇਕ ਸਦੀ ਪਹਿਲਾਂ ਕੋਈ ਵੀ ਮਨੁੱਖ ਇਸ ਕਿਸਮ ਦੀ ਹਲਕੀ ਟਿੱਪਣੀ ਕਰਨ ਦੀ ਜੁਰਅਤ ਨਹੀਂ ਸੀ ਕਰ ਸਕਦਾ। ਇਹ ਉਸ ਮਨੁੱਖ ਦਾ ਬਿਆਨ ਹੈ, ਜੋ ਬੜੀ ਸ਼ਿੱਦਤ ਨਾਲ ਆਪਣੇ ਅੰਦਰਲੇ (ਮਨ) ਨਾਲ ਸੰਤੁਲਨ ਬਿਠਾਉਣ ਦੇ ਯਤਨ ਕਰ ਰਿਹਾ ਹੈ ਅਤੇ ਵੱਧ-ਘੱਟ ਹੱਦ ਤਕ ਇਨ੍ਹਾਂ ਯਤਨਾਂ ਵਿਚ ਸਫਲ ਹੋਣ ਦੀ ਉਮੀਦ ਲਾਹ ਬੈਠਾ ਹੈ। ਇਹ ਇਕਲਾਪੇ ਅਤੇ ਬੇਗਾਨਗੀ ਦੀ ਭਾਵਨਾ ਦਾ ਬੜਾ ਦੁਖਦਾਈ ਪ੍ਰਗਟਾਵਾ ਹੈ। ਜਿਸ ਭਾਵਨਾ ਨਾਲ ਇਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਲੋਕ ਪੀੜਤ ਹਨ। ਕਾਰਨ ਕੀ ਹੈ? ਕੀ ਇਸ ਅਵਸਥਾ ਵਿਚੋਂ ਬਾਹਰ ਨਿਕਲਣ ਦਾ ਕੋਈ ਰਾਹ ਹੈ?
ਅਜਿਹੇ ਸੁਆਲ ਕਰਨਾ ਸੌਖਾ ਹੈ ਪਰ ਕਿਸੇ ਹੱਦ ਤਕ ਇਨ੍ਹਾਂ ਦੇ ਤਸੱਲੀਬਖਸ਼ ਜੁਆਬ ਦੇਣਾ ਬੜਾ ਔਖਾ ਹੈ। ਫਿਰ ਵੀ ਜਿੰਨੀ ਚੰਗੀ ਤਰ੍ਹਾਂ ਕਰ ਸਕਦਾ ਹਾਂ, ਮੈਂ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਦੀ ਕੋਸ਼ਿਸ਼ ਕਰਾਂਗਾ। ਭਾਵੇਂ ਮੈਂ ਇਸ ਸੱਚ ਪ੍ਰਤੀ ਬਹੁਤ ਸੁਚੇਤ ਹਾਂ ਕਿ ਸਾਡੀਆਂ ਭਾਵਨਾਵਾਂ ਅਤੇ ਸਾਡੇ ਯਤਨ ਅਕਸਰ ਵਿਰੋਧੀ ਅਤੇ ਧੁੰਦਲੇ ਹੁੰਦੇ ਹਨ ਤੇ ਇਹ ਆਮ ਗੁਰਬੰਦੀਆਂ ਵਿਚ ਪ੍ਰਗਟ ਨਹੀਂ ਕੀਤੇ ਜਾ ਸਕਦੇ।
ਇਕੋ ਵੇਲੇ ਮਨੁੱਖ ਇਕੱਲਾ ਵੀ ਹੈ ਅਤੇ ਸਮਾਜੀ ਵੀ। ਇਕ ਇਕੱਲੀ ਹੋਂਦ ਵਜੋਂ ਉਹ ਆਪਣੀ ਅਤੇ ਆਪਣੇ ਨੇੜਲਿਆਂ ਦੀ ਰਾਖੀ ਕਰਨ ਦੇ ਯਤਨ ਕਰਦਾ ਹੈ। ਉਹ ਆਪਣੀਆਂ ਨਿੱਜੀ ਇੱਛਾਵਾਂ ਨੂੰ ਸੰਤੁਸ਼ਟ ਕਰਨ ਅਤੇ ਕੁਦਰਤੀ ਯੋਗਤਾਵਾਂ ਨੂੰ ਵਿਕਸਿਤ ਕਰਨ ਦੇ ਯਤਨ ਕਰਦਾ ਹੈ। ਇਕ ਸਮਾਜੀ ਹੋਂਦ ਵਜੋਂ ਉਹ ਆਪਣੀਆਂ ਖੁਸ਼ੀਆਂ ਅਤੇ ਆਪਣੇ ਦੁਖ-ਸੁਖ ਸਾਂਝੇ ਕਰਨ ਲਈ ਤੇ ਆਪਣੀਆਂ ਜੀਵਨ ਹਾਲਤਾਂ ਸੁਧਾਰਨ ਵਾਸਤੇ ਆਪਣੇ ਸੰਗੀ-ਸਾਥੀਆਂ ਤੋਂ ਆਪਣੀ ਪਛਾਣ ਅਤੇ ਪਿਆਰ ਭਾਲਦਾ ਹੈ। ਇਨ੍ਹਾਂ ਵੱਖ-ਵੱਖ ਪਰ ਟਕਰਾਵੇਂ ਯਤਨਾਂ ਦੀ ਹੋਂਦ ਹੀ ਇਕ ਮਨੁੱਖ ਦਾ ਵਿਸ਼ੇਸ਼ ਗੁਣ ਹੈ ਅਤੇ ਇਨ੍ਹਾਂ ਗੁਣਾਂ ਦੀ ਖਾਸ ਸਾਂਝ ਹੀ ਇਹ ਫੈਸਲਾ ਕਰਦੀ ਹੈ ਕਿ ਕੋਈ ਵਿਅਕਤੀ ਕਿੰਨਾ ਕੁ ਆਪਣੇ (ਮਨ) ਅੰਦਰਲਾ ਸਹਿਜ ਪ੍ਰਾਪਤ ਕਰ ਸਕਦਾ ਹੈ ਤੇ ਸਮਾਜ ਦੀ ਭਲਾਈ ਵਿਚ ਆਪਣਾ ਕਿੰਨਾ ਕੁ ਹਿੱਸਾ ਪਾ ਸਕਦਾ ਹੈ। ਇਹ ਵੀ ਸੰਭਾਵਨਾ ਹੈ ਕਿ ਇਨ੍ਹਾਂ ਦੋ ਮਨੁੱਖੀ ਬਿਰਤੀਆਂ ਦੀ ਅਨੁਪਾਤਕ ਤਾਕਤ ਦਾ ਫੈਸਲਾ ਮੁਖ ਰੂਪ ਵਿਚ ਮਨੁੱਖ ਦਾ ਵਿਰਸਾ ਕਰੇ। ਪਰ ਅੰਤਿਮ ਰੂਪ ਵਿਚ ਮਨੁੱਖ ਦੀ ਜੋ ਸ਼ਖਸੀਅਤ ਉਭਰਦੀ ਹੈ, ਉਹ ਜ਼ਿਆਦਾਤਰ ਮਨੁੱਖ ਦੇ ਚੌਗਿਰਦੇ ਦੀ ਸਿਰਜਣਾ ਹੁੰਦੀ ਹੈ। ਆਪਣੇ ਵਿਕਾਸ ਦੌਰਾਨ ਮਨੁੱਖ ਜਿਸ ਚੌਗਿਰਦੇ ਵਿਚ ਵਿਚਰਦਾ ਹੈ, ਉਸ ਦੀ ਸ਼ਖਸੀਅਤ ਸਮਾਜ ਦੀ ਉਹ ਬਣਤਰ ਘੜਦੀ ਹੈ, ਜਿਸ ਵਿਚ ਮਨੁੱਖ ਵਧਦਾ-ਫੁਲਦਾ ਹੈ, ਉਸ ਸਮਾਜ ਦਾ ਵਿਰਸਾ ਘੜਦਾ ਹੈ ਅਤੇ ਕਿਸੇ ਖਾਸ ਕਿਸਮ ਦੇ ਵਿਹਾਰ ਪ੍ਰਤੀ ਉਸ ਦੀ ਪਸੰਦਗੀ ਘੜਦੀ ਹੈ।
‘ਸਮਾਜ’ ਦੇ ਅਮੂਰਤ ਸੰਕਲਪ ਦਾ ਭਾਵ ਹੈ, ਕਿਸੇ ਮਨੁੱਖ ਦਾ ਸਮੁੱਚੇ ਰੂਪ ਵਿਚ ਆਪਣੇ ਸਮਕਾਲੀਆਂ ਨਾਲ ਸਿੱਧਾ-ਅਸਿੱਧਾ ਰਿਸ਼ਤਾ ਤੇ ਆਪਣੇ ਤੋਂ ਪਹਿਲੀਆਂ ਸਾਰੀਆਂ ਪੀੜ੍ਹੀਆਂ ਦੇ ਲੋਕਾਂ ਨਾਲ ਰਿਸ਼ਤਾ। ਇਸ ਕਾਰਨ ਹੀ ਵਿਅਕਤੀ ਸੋਚਣ, ਮਹਿਸੂਸ ਕਰਨ, ਜ਼ਿੰਦਗੀ ਦਾ ਸੰਘਰਸ਼ ਕਰਨ ਤੇ ਕੰਮ ਕਰਨ ਦੇ ਯੋਗ ਬਣਦਾ ਹੈ। ਆਪਣੀ ਸਰੀਰਕ, ਬੌਧਿਕ ਤੇ ਜਜ਼ਬਾਤੀ ਹੋਂਦ ਲਈ ਮਨੁੱਖ ਸਮਾਜ ਉਤੇ ਏਨਾ ਨਿਰਭਰ ਹੁੰਦਾ ਹੈ ਕਿ ਸਮਾਜ ਦੇ ਚੌਖਟੇ ਤੋਂ ਬਾਹਰ ਨਿਕਲ ਕੇ ਉਸ ਬਾਰੇ ਸੋਚਣਾ-ਸਮਝਣਾ ਅਸੰਭਵ ਹੈ। ਇਹ ਸਮਾਜ ਹੀ ਹੈ, ਜੋ ਮਨੁੱਖ ਨੂੰ ਭੋਜਨ ਕੱਪੜਾ ਅਤੇ ਘਰ (ਕੁੱਲੀ-ਗੁੱਲੀ-ਜੁੱਲੀ), ਕੰਮ ਦੇ ਸੰਦ, ਭਾਸ਼ਾ, ਸੋਚ ਦੇ ਰੂਪ ਅਤੇ ਜ਼ਿਆਦਾਤਰ ਸੋਚ ਦਾ ਤੱਤ ਦਿੰਦਾ ਹੈ। ਬੀਤੇ ਤੇ ਵਰਤਮਾਨ ਦੇ ਕਰੋੜਾਂ ਲੋਕਾਂ, ਜੋ ‘ਸਮਾਜ’ ਸ਼ਬਦ ਦੇ ਪਿੱਛੇ ਲੁਕੇ ਹੋਏ ਹਨ, ਦੀ ਕਿਰਤ ਰਾਹੀਂ ਉਸ ਦੀ ਜ਼ਿੰਦਗੀ ਨੂੰ ਸੰਭਵ ਬਣਾਉਂਦਾ ਹੈ। ਸੋ, ਸਪਸ਼ਟ ਹੈ, ਹਰ ਵਿਅਕਤੀ ਦੀ ਸਮਾਜ ਉਤੇ ਨਿਰਭਰਤਾ ਇਕ ਕੁਦਰਤੀ ਸੱਚਾਈ ਹੈ। ਕੀੜੀਆਂ ਤੇ ਮਖੀਲ ਦੀ ਤਰ੍ਹਾਂ ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ। ਫਿਰ ਵੀ ਜਦੋਂ ਕਿ ਕੀੜੀਆਂ ਅਤੇ ਮਖੀਲ ਦਾ ਸਮੁੱਚਾ ਵਰਤਾਰਾ ਬਾਰੀਕ ਤੋਂ ਬਾਰੀਕ ਵੇਰਵੇ ਦੀ ਸੀਮਾ ਤਕ ਉਨ੍ਹਾਂ ਦੇ ਵਿਰਸੇ ਵਲੋਂ ਨਿਯਤ ਹੁੰਦਾ ਹੈ, ਮਨੁੱਖੀ ਹੋਦਾਂ ਦੇ ਆਪਸੀ ਰਿਸਤੇ ਤੇ ਸਮਾਜੀ ਬਣਤਰ ਬਹੁਤ ਵੱਖਰੇ ਅਤੇ ਤਬਦੀਲੀ ਯੋਗ ਹੁੰਦੇ ਹਨ। ਯਾਦ ਸ਼ਕਤੀ, ਨਵੇਂ ਜੁਟ ਬਣਾਉਣ ਦੀ ਯੋਗਤਾ ਤੇ ਜੁਬਾਨੀ ਸੰਚਾਰ ਦੇ ਮਿਲੇ ਵਰਦਾਨ ਨੇ ਉਸ ਵਿਕਾਸ ਨੂੰ ਸੰਭਵ ਬਣਾਇਆ ਹੈ, ਜਿਸ ਦਾ ਫੈਸਲਾ ਸਰੀਰਕ ਲੋੜਾਂ ਨਹੀਂ ਕਰਦੀਆਂ। ਅਜਿਹਾ ਸਹਿਜ ਵਿਕਾਸ ਪਰੰਪਰਾਵਾਂ ਵਿਚ, ਸਭਾਵਾਂ ਅਤੇ ਜਥੇਬੰਦੀਆਂ ਵਿਚ, ਸਾਹਿਤ ਵਿਚ, ਸਾਇੰਸ ਵਿਚ, ਵੱਖ-ਵੱਖ ਕਲਾਵਾਂ ਅਤੇ ਇਮਾਰਤਸਾਜੀ ਤੇ ਸ਼ਿਲਪ ਦੀਆਂ ਪ੍ਰਾਪਤੀਆਂ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਇਹ ਇਸ ਨੁਕਤੇ ਦੀ ਵਿਆਖਿਆ ਕਰਦਾ ਹੈ ਕਿ ਕਿਵੇਂ ਮਨੁੱਖ ਕੁਝ ਸੀਮਾ ਤਕ ਆਪਣੇ ਹੀ ਵਿਹਾਰ ਰਾਹੀਂ ਆਪਣੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਭਾਵ ਬਦਲ ਸਕਦਾ ਹੈ। ਇਸ ਵਰਤਾਰੇ ਵਿਚ ਚੇਤੰਨ ਸੋਚ ਤੇ ਲੋੜਾਂ (ਥੁੜ੍ਹਾਂ) ਆਪਣਾ ਰੋਲ ਨਿਭਾਉਂਦੀਆਂ ਹਨ।
ਮਨੁੱਖ ਆਪਣੇ ਜਨਮ ਵੇਲੇ ਹੀ ਵਿਰਸੇ ਵਿਚ ਆਪਣੀ ਇਕ ਸਰੀਰਕ ਬਣਤਰ ਪ੍ਰਾਪਤ ਕਰਦਾ ਹੈ, ਜੋ ਨਿਸ਼ਚਿਤ ਤੇ ਨਾ-ਬਦਲਣਯੋਗ ਹੁੰਦੀ ਹੈ। ਇਨ੍ਹਾਂ ਵਿਚ ਕੁਦਰਤੀ ਮਨੁੱਖੀ ਬਿਰਤੀਆਂ ਵੀ ਸ਼ਾਮਿਲ ਹਨ, ਜੋ ਮਨੁੱਖੀ ਨਸਲ ਦਾ ਗੁਣ ਹਨ। ਇਸ ਤੋਂ ਬਿਨਾ ਆਪਣੀ ਜ਼ਿੰਦਗੀ ਦੌਰਾਨ ਮਨੁੱਖ ਸਮਾਜ ਕੋਲੋਂ ਸੰਚਾਰ ਅਤੇ ਹੋਰਨਾਂ ਪ੍ਰਭਾਵਾਂ ਰਾਹੀਂ ਸਭਿਆਚਾਰਕ ਬਣਤਰ ਪ੍ਰਾਪਤ ਕਰਦਾ ਹੈ। ਇਹ ਸਭਿਆਚਾਰਕ ਬਣਤਰ ਹੀ ਹੈ, ਜੋ ਸਮੇਂ ਦੇ ਬੀਤਣ ਨਾਲ ਤਬਦੀਲੀ ਯੋਗ ਹੈ, ਜਿਸ ਦਾ ਫੈਸਲਾ ਵਿਅਕਤੀ ਅਤੇ ਸਮਾਜ ਦੇ ਰਿਸ਼ਤੇ ਕਰਦੇ ਹਨ। ਅਜੋਕੀ ਮਨੁੱਖੀ ਭਲਾਈ ਦੀ ਸਾਇੰਸ (ਮਨੁੱਖੀ ਵਿਕਾਸ) ਨੇ ਕਥਿਤ ਪ੍ਰਾਚੀਨ ਸਭਿਆਚਾਰਾਂ ਦੀ ਤੁਲਨਾਤਮਕ ਖੋਜ ਰਾਹੀਂ ਸਾਨੂੰ ਸਿਖਾਇਆ ਹੈ ਕਿ ਮਨੁੱਖ ਦਾ ਸਮਾਜੀ ਵਿਹਾਰ, ਜਿਸ ਨੂੰ ਆਪਣੇ ਵੇਲੇ ਦਾ ਭਾਰੂ ਸਭਿਆਚਾਰ ਨਿਸ਼ਚਿਤ ਕਰਦਾ ਹੈ, ਤਤਕਾਲੀ ਸਭਿਆਚਾਰਕ ਪੱਧਰ ‘ਤੇ ਜਥੇਬੰਦੀ ਦੀ ਕਿਸਮ ਅਨੁਸਾਰ ਬਹੁਤ ਵਖਰਾ ਹੋ ਸਕਦਾ ਹੈ। ਜੋ ਮਨੁੱਖੀ ਜ਼ਿੰਦਗੀ ਨੂੰ ਸੁਧਾਰਨਾ ਚਾਹੁੰਦੇ ਹਨ, ਉਨ੍ਹਾਂ ਵਾਸਤੇ ਇਹੀ ਖੇਤਰ ਹੈ ਜਿਸ ਵਿਚ ਉਹ ਕੁਝ ਖਾਸ ਕਰ ਸਕਦੇ ਹਨ।
ਆਪਣੀ ਸਰੀਰਕ ਬਣਤਰ ਕਾਰਨ ਇਕ-ਦੂਜੇ ਨੂੰ ਖਤਮ ਕਰਨ ਜਾਂ ਸਵੈ-ਮੜ੍ਹੀ ਜਾਲਮ ਕਿਸਮਤ ਕਾਰਨ ਮਨੁੱਖੀ ਹੋਂਦ ਦੀ ਨਿਖੇਧੀ ਨਹੀਂ ਹੋਣੀ ਚਾਹੀਦੀ। ਜੇ ਅਸੀਂ ਆਪਣੇ ਆਪ ਨੂੰ ਪੁਛੀਏ ਕਿ ਸਮਾਜੀ ਬਣਤਰ ਅਤੇ ਮਨੁੱਖੀ ਵਿਹਾਰ ਕਿਵੇਂ ਬਦਲਿਆ ਜਾਵੇ ਕਿ ਮਨੁੱਖੀ ਜ਼ਿੰਦਗੀ ਨੂੰ ਸੰਭਵ ਹੱਦ ਤਕ ਤਸੱਲੀਬਖਸ਼ ਬਣਾਇਆ ਜਾ ਸਕੇ? ਤਾਂ ਸਾਨੂੰ ਨਿਰੰਤਰ ਇਸ ਸੱਚਾਈ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਕੁਝ ਨਿਸ਼ਚਿਤ ਹਾਲਤਾਂ ਹਨ, ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁਕਾ ਹੈ ਕਿ ਹਰੇਕ ਵਿਹਾਰੀ ਪੱਖ ਤੋਂ ਮਨੁੱਖ ਦੀ ਸਰੀਰਕ ਬਣਤਰ ਬਦਲੀ ਨਹੀਂ ਜਾ ਸਕਦੀ। ਇਸੇ ਤਰ੍ਹਾਂ ਪਿਛਲੀਆਂ ਕੁਝ ਸਦੀਆਂ ਵਿਚ ਹੋਏ ਤਕਨੀਕੀ ਅਤੇ ਇਲਾਕਾਈ ਵਿਕਾਸ ਨੇ ਕੁਝ ਹਾਲਤਾਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੇ ਇਵੇਂ ਹੀ ਬਣੇ ਰਹਿਣਾ ਹੈ। ਸੰਘਣੀ ਵਸੋਂ, ਵਸਤੂਆਂ ਜੋ ਨਿਰੰਤਰ ਮਨੁੱਖੀ ਹੋਂਦ ਲਈ ਨਿਹਾਇਤ ਜਰੂਰੀ ਹਨ, ਅਤਿ ਦੀ ਕਿਰਤ ਵੰਡ ਅਤੇ ਵੱਡੀ ਪੱਧਰ ‘ਤੇ ਕੇਂਦਰਿਤ ਪੈਦਾਵਾਰੀ ਢਾਂਚਾ ਇਸ ਦੀ ਕਤੱਈ ਲੋੜ ਹਨ। ਪਿਛੇ ਮੁੜਨ ਦਾ ਸਮਾਂ, ਜੋ ਬੜਾ ਆਦਰਸ਼ਵਾਦੀ ਜਾਪਦਾ ਹੈ, ਜਦੋਂ ਕਿ ਵਿਅਕਤੀ ਜਾਂ ਛੋਟੇ ਸਮੂਹ ਪੂਰਨ ਰੂਪ ਵਿਚ ਆਤਮ ਨਿਰਭਰ ਹੁੰਦੇ ਸਨ, ਸਦਾ ਲਈ ਲੰਘ ਗਿਆ ਹੈ। ਇਹ ਕਹਿਣਾ ਕੁਝ ਵਧਵਾਂ ਲਗ ਸਕਦਾ ਹੈ ਕਿ ਸਮੁੱਚੀ ਮਨੁੱਖ ਜਾਤੀ ਹੁਣ ਪੈਦਾਵਾਰ ਤੇ ਖਪਤਕਾਰੀ ਲਈ ਇਕ ਸਰਬ-ਸੰਸਾਰੀ ਭਾਈਚਾਰਾ ਬਣ ਗਿਆ ਹੈ।
ਮੈਂ ਹੁਣ ਇਸ ਨੁਕਤੇ ਉਤੇ ਪਹੁੰਚ ਗਿਆ ਹਾਂ, ਜਿਥੇ ਪਹੁੰਚ ਕੇ ਸੰਖੇਪ ਵਿਚ ਸਾਡੇ ਸਮਿਆਂ ਦੇ ਸੰਕਟ ਦੇ ਤੱਤ ਵੱਲ ਇਸ਼ਾਰਾ ਕਰ ਸਕਦਾ ਹਾਂ। ਇਹ ਵਿਅਕਤੀ ਅਤੇ ਸਮਾਜ ਦੇ ਰਿਸ਼ਤੇ ਨਾਲ ਸਬੰਧਤ ਹੈ। ਸਮਾਜ ਉਤੇ ਆਪਣੀ ਨਿਰਭਰਤਾ ਬਾਰੇ ਵਿਅਕਤੀ ਪਹਿਲਾਂ ਦੇ ਸਮਿਆਂ ਨਾਲੋਂ ਕਿਤੇ ਵਧੇਰੇ ਸੁਚੇਤ ਹੋਇਆ ਹੈ, ਪਰ ਉਸ ਨੇ ਆਪਣੀ ਇਸ ਨਿਰਭਰਤਾ ਨੂੰ ਇਕ ਹਾਂ-ਪੱਖੀ ਗੁਣ ਵਜੋਂ, ਇਕ ਜੀਵੰਤ ਰਿਸ਼ਤੇ ਵਜੋਂ, ਇਕ ਸੁਰੱਖਿਅਤ ਸ਼ਕਤੀ ਵਜੋਂ ਨਹੀਂ ਲਿਆ, ਸਗੋਂ ਆਪਣੇ ਕੁਦਰਤੀ ਹੱਕਾਂ ਨੂੰ ਖਤਰਾ ਤੇ ਇਥੋਂ ਤਕ ਕਿ ਆਪਣੀ ਆਰਥਕ ਹੋਂਦ ਨੂੰ ਦਰਪੇਸ਼ ਇਕ ਖਤਰੇ ਵਜੋਂ ਸਮਝ ਲਿਆ ਹੈ। ਇਸ ਤੋਂ ਵੀ ਵਧੇਰੇ, ਸਮਾਜ ਵਿਚ ਉਸ ਦਾ ਇਕ ਅਜਿਹਾ ਦਰਜਾ ਨਿਸ਼ਚਿਤ ਹੈ ਕਿ ਹੰਕਾਰੀ ਅਤੇ ਸੁਆਰਥੀ (ਹਉਮੈ ਗ੍ਰਸਤ) ਧੁੱਸ ਉਸ ਦੀ ਮਾਨਸਿਕ ਬਣਤਰ ਉਤੇ ਲਗਾਤਾਰ ਭਾਰੂ ਹੁੰਦੀ ਜਾਂਦੀ ਹੈ। ਜਦੋਂ ਕਿ ਸਮਾਜੀ ਧੁੱਸ, ਜੋ ਸੁਭਾਵਿਕ ਹੀ ਕਮਜੋਰ ਹੁੰਦੀ ਹੈ, ਲਗਾਤਾਰ ਖੁਰਦੀ ਜਾਂਦੀ ਹੈ। ਅਜੋਕੇ ਸਾਰੇ ਮਨੁੱਖ, ਭਾਵੇਂ ਉਨ੍ਹਾਂ ਦੀ ਸਮਾਜ ਵਿਚ ਕੋਈ ਵੀ ਥਾਂ ਹੋਵੇ, ਇਸ ਵਰਤਾਰੇ ਨਾਲ ਪੀੜਤ ਹਨ। ਅਣਜਾਣੇ ਵਿਚ ਆਪਣੀ ਹਉਮੈ ਦੇ ਕੈਦੀ ਬਣੇ ਉਹ ਹਰ ਵੇਲੇ ਆਪਣੇ ਆਪ ਨੂੰ ਅਣਸੁਰੱਖਿਅਤ ਤੇ ਇਕੱਲੇ ਮਹਿਸੂਸ ਕਰਦੇ ਹਨ ਅਤੇ ਇਸ ਤਰ੍ਹਾਂ ਜ਼ਿੰਦਗੀ ਦੇ ਭਰਪੂਰ ਸਹਿਜ ਤੇ ਨਿਸ਼ਕਪਟ ਅਨੰਦ ਤੋਂ ਵਿਰਵੇ ਰਹਿੰਦੇ ਹਨ। ਸਿਰਫ ਆਪਣੇ ਆਪ ਨੂੰ ਸਮਾਜ ਅੱਗੇ ਸਮਰਪਿਤ ਕਰਕੇ ਹੀ ਮਨੁੱਖ ਆਪਣੀ ਸੀਮਤ ਤੇ ਜੋਖਮ ਭਰੀ ਜਿੰ.ਦਗੀ ਵਿਚ ਕੋਈ ਅਰਥ ਭਰ ਸਕਦਾ ਹੈ।
ਮੇਰੇ ਖਿਆਲ ਵਿਚ ਅਜੋਕੇ ਪੂੰਜੀਵਾਦੀ ਸਮਾਜ ਵਿਚਲੀ ਆਰਥਕ ਅਰਾਜਕਤਾ ਹੀ ਬੁਰਾਈ ਦਾ ਅਸਲੀ ਸੋਮਾ ਹੈ। ਅਸੀਂ ਆਪਣੀਆਂ ਅੱਖਾਂ ਸਾਹਮਣੇ ਵੇਖ ਰਹੇ ਹਾਂ ਕਿ ਕਿਵੇਂ ਪੈਦਾਵਾਰ ਕਰਨ ਵਾਲਿਆਂ ਦਾ ਵੱਡਾ ਭਾਈਚਾਰਾ ਇਕ-ਦੂਜੇ ਨੂੰ ਆਪਣੀ ਸਮੂਹਕ ਕਿਰਤ ਦੇ ਫਲ ਤੋਂ ਵਿਰਵੇ ਰਖਣ ਲਈ ਨਿਰੰਤਰ ਯਤਨਸ਼ੀਲ ਹੈ। ਉਹ ਇਹ ਸਾਰਾ ਕੁਝ ਤਾਕਤ ਨਾਲ ਨਹੀਂ ਸਗੋਂ ਪੂਰਨ ਰੂਪ ਵਿਚ ਸਮਰਪਿਤ ਹੋ ਕੇ ਸਥਾਪਤ ਕਾਨੂੰਨੀ ਨੇਮਾਂ ਅਧੀਨ ਕਰਦਾ ਹੈ। ਇਸ ਪ੍ਰਸੰਗ ਵਿਚ ਇਹ ਅਹਿਸਾਸ ਕਰਨਾ ਅਹਿਮ ਹੈ ਕਿ ਪੈਦਾਵਾਰ ਦੇ ਸਾਧਨ ਭਾਵ ਖਪਤਕਾਰੀ ਵਸਤੂਆਂ ਪੈਦਾ ਕਰਨ ਤੇ ਸਮੁਚੀ ਪੈਦਾਵਾਰੀ ਸਮਰੱਥਾ ਵੱਧ-ਘੱਟ ਹੱਦ ਤਕ ਕਾਨੂੰਨੀ ਤੌਰ ‘ਤੇ ਇਕ ਵਿਅਕਤੀ ਦੀ ਨਿੱਜੀ ਜਾਇਦਾਦ ਹੈ।
ਸਾਦੇ ਸ਼ਬਦਾਂ ਵਿਚ ਜਿਵੇਂ ਇਸ ਚਰਚਾ ਵਿਚ ਸਪਸ਼ਟ ਹੋਇਆ ਕਿ ਉਹ ਸਾਰੇ, ਜੋ ਪੈਦਾਵਾਰੀ ਸਾਧਨਾਂ ਵਿਚ ਹਿੱਸੇਦਾਰ ਨਹੀਂ ਹਨ, ‘ਕਿਰਤੀ’ ਹਨ, ਭਾਵੇਂ ਕਿਰਤੀ ਸ਼ਬਦ ਦੀ ਰਵਾਇਤੀ ਵਰਤੋਂ ਨਾਲ ਇਹ ਮੇਲ ਨਹੀਂ ਖਾਂਦਾ। ਪੈਦਾਵਾਰੀ ਸਾਧਨਾਂ ਦਾ ਮਾਲਕ ਕਿਰਤੀ ਦੀ ਕਿਰਤ ਸ਼ਕਤੀ ਖਰੀਦਣ ਦੀ ਹਾਲਤ ਵਿਚ ਹੈ। ਪੈਦਾਵਾਰੀ ਸਾਧਨਾਂ ਦੀ ਵਰਤੋਂ ਕਰਕੇ ਕਿਰਤੀ ਨਵੀਆਂ ਵਸਤੂਆਂ ਪੈਦਾ ਕਰਦਾ ਹੈ, ਜੋ ਪੂੰਜੀਪਤੀ ਦੀ ਜਾਇਦਾਦ ਬਣ ਜਾਂਦੀਆਂ ਹਨ। ਇਸ ਵਰਤਾਰੇ ਵਿਚਲਾ ਜਰੂਰੀ ਨੁਕਤਾ ਉਹ ਰਿਸ਼ਤਾ ਹੈ, ਜਿਸ ਅਨੁਸਾਰ ਕਿਰਤੀ ਪੈਦਾਵਾਰ ਕਰਦਾ ਹੈ ਅਤੇ ਇਵਜ਼ਾਨੇ ਵਿਚ ਉਸ ਨੂੰ ਜੋ ਮਿਲਦਾ ਹੈ, ਕੀ ਦੋਵੇਂ ਆਪਣੀ ਅਸਲੀ ਕੀਮਤ ਅਨੁਸਾਰ ਮਿਣੇ ਜਾਂਦੇ ਹਨ? ਭਾਵੇਂ ਕਿਰਤ ਦਾ ਕੀਤਾ ਜਾਂਦਾ ਠੇਕਾ ‘ਆਜ਼ਾਦ’ ਹੈ, ਪਰ ਕਿਰਤੀ ਜੋ ਪ੍ਰਾਪਤ ਕਰਦਾ ਹੈ, ਉਹ ਅਸਲੀ ਕੀਮਤ ਨਹੀਂ ਹੁੰਦੀ, ਸਗੋਂ ਇਸ ਦਾ ਫੈਸਲਾ ਉਸ ਦੀਆਂ ਸੀਮਤ ਲੋੜਾਂ ਤੇ ਪੂੰਜੀਪਤੀ ਦੀ ਕਿਰਤ ਸ਼ਕਤੀ ਦੀ ਲੋੜ ਤੇ ਰੁਜਗਾਰ ਲਈ ਮੁਕਾਬਲੇ ਵਿਚ ਸ਼ਾਮਿਲ ਕਿਰਤੀਆਂ ਦੀ ਗਿਣਤੀ ਕਰਦੀ ਹੈ। ਇਹ ਸਮਝਣਾ ਹੋਰ ਵੀ ਜਰੂਰੀ ਹੈ ਕਿ ਸਿਧਾਂਤਕ ਪੱਧਰ ‘ਤੇ ਵੀ ਕਿਰਤੀਆਂ ਨੂੰ ਦਿੱਤੀ ਜਾਂਦੀ ਉਜ਼ਰਤ ਦਾ ਫੈਸਲਾ ਉਸ ਦੀ ਪੈਦਾਵਾਰ ਦੀ ਕੀਮਤ ਨਹੀਂ ਕਰਦੀ।
ਨਿੱਜੀ ਪੂੰਜੀ ਕੁਝ ਹੱਥਾਂ ਵਿਚ ਕੇਂਦਰਿਤ ਹੋਣ ਦਾ ਗੁਣ ਰੱਖਦੀ ਹੈ। ਕੁਝ ਪੂੰਜੀਪਤੀਆਂ ਵਿਚਾਲੇ ਮੁਕਾਬਲੇਬਾਜੀ ਕਰਕੇ ਅਤੇ ਕੁਝ ਤਕਨੀਕੀ ਵਿਕਾਸ ਤੇ ਕਿਰਤ ਦੀ ਵਧੇਰੇ ਵੰਡ ਹੋਣ ਕਰਕੇ, ਛੋਟੀਆਂ ਇਕਾਈਆਂ ਦੀ ਕੀਮਤ ਉਤੇ ਪੂੰਜੀ ਵੱਡੇ ਪੈਦਾਵਾਰੀ ਅਦਾਰਿਆਂ ਨੂੰ ਸਿਰਜਦੀ ਹੈ। ਸਿਟੇ ਵਜੋਂ ਨਿੱਜੀ ਪੂੰਜੀ ਦੇ ਵੱਡੇ-ਵੱਡੇ ਗ੍ਰੋਹ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਦੀ ਵਸੀਹ ਸ਼ਕਤੀ ਨੂੰ ਜਮਹੂਰੀ ਤੌਰ ‘ਤੇ ਜਥੇਬੰਦ ਰਾਜਸੀ ਸਮਾਜ ਵੀ ਕਾਬੂ ਵਿਚ ਨਹੀਂ ਰਖ ਸਕਦੇ। ਇਹੀ ਠੋਸ ਸੱਚਾਈ ਹੈ। ਕਿਉਂਕਿ ਚੁਣੇ ਹੋਏ ਅਦਾਰਿਆਂ ਦੇ ਮੈਂਬਰਾਂ ਦੀ ਚੋਣ ਰਾਜਸੀ ਪਾਰਟੀਆਂ ਕਰਦੀਆਂ ਹਨ, ਜਿਨ੍ਹਾਂ ਦਾ ਵਧੇਰੇ ਖਰਚਾ ਨਿੱਜੀ ਪੂੰਜੀਪਤੀ ਕਰਦੇ ਹਨ ਤੇ ਜਿਨ੍ਹਾਂ ਨੂੰ ਹੋਰਨਾਂ ਢੰਗਾਂ ਨਾਲ ਵੀ ਉਹ ਪ੍ਰਭਾਵਿਤ ਕਰਦੇ ਹਨ। ਸਿੱਟੇ ਵਜੋਂ ਲੋਕਾਂ ਦੇ ਚੁਣੇ ਪ੍ਰਤੀਨਿਧ ਜਨਤਾ ਦੇ ਪੱਛੜੇ ਵਰਗਾਂ ਦੇ ਹਿਤਾਂ ਦੀ ਰਾਖੀ ਨਹੀਂ ਕਰ ਸਕਦੇ। ਇਸ ਤੋਂ ਵੀ ਵਧੇਰੇ ਮੌਜੂਦਾ ਹਾਲਤਾਂ ਵਿਚ ਨਿੱਜੀ ਪੂੰਜੀਪਤੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਜਾਣਕਾਰੀ ਦੇ ਮੁਖ ਸੋਮਿਆਂ (ਅਖਬਾਰਾਂ, ਰੇਡੀਓ, ਵਿਦਿਆ) ਉਤੇ ਕਾਬਜ ਹਨ। ਇਸ ਲਈ ਇਹ ਬਹੁਤ ਹੀ ਮੁਸ਼ਕਿਲ ਬਲਕਿ ਅਸੰਭਵ ਹੈ ਕਿ ਕੋਈ ਸ਼ਹਿਰੀ ਜਾਤੀ ਤੌਰ ‘ਤੇ ਕਿਸੇ ਸਹੀ ਬਾਹਰਮੁਖੀ ਸਿੱਟੇ ਉਤੇ ਪਹੁੰਚ ਕੇ ਵੀ ਪੂਰੀ ਅਕਲਮੰਦੀ ਨਾਲ ਆਪਣੇ ਰਾਜਸੀ ਹਿਤਾਂ ਦੀ ਵਰਤੋਂ ਕਰ ਸਕੇ।
ਇਸ ਤਰ੍ਹਾਂ ਪੂੰਜੀ ਦੀ ਨਿੱਜੀ ਮਾਲਕੀ ਉਤੇ ਆਧਾਰਤ ਮੌਜੂਦਾ ਹਾਲਤਾਂ ਵਿਚ ਦੋ ਮੁਖ ਨੇਮ ਨਿਸ਼ਚਿਤ ਹਨ: ਪਹਿਲਾ, ਪੈਦਾਵਾਰੀ ਸਾਧਨਾਂ (ਪੂੰਜੀ) ਦੀ ਮਾਲਕੀ ਨਿੱਜੀ ਹੱਥਾਂ ਵਿਚ ਹੈ ਅਤੇ ਮਾਲਕ ਉਨ੍ਹਾਂ ਨੂੰ ਆਪਣੀ ਮਰਜੀ ਨਾਲ ਵਰਤ ਸਕਦਾ ਹੈ; ਦੂਜਾ, ਕਿਰਤ ਦੀ ਠੇਕੇਦਾਰੀ ਆਜ਼ਾਦ ਹੈ। ਭਾਵੇਂ ਇਸ ਸਮਝ ਅਨੁਸਾਰ ਸ਼ੁੱਧ ਪੂੰਜੀਵਾਦੀ ਸਮਾਜ ਦੀ ਕਿਤੇ ਵੀ ਹੋਂਦ ਨਹੀਂ, ਪਰ ਸਮੁੱਚੇ ਰੂਪ ਵਿਚ ਵੇਖਿਆਂ ਅਜੋਕਾ ਅਰਥਚਾਰਾ ‘ਸ਼ੁਧ’ ਪੂੰਜੀਵਾਦ ਤੋਂ ਕੋਈ ਬਹੁਤਾ ਵੱਖਰਾ ਨਹੀਂ। ਖਾਸ ਕਰਕੇ ਇਥੇ ਇਹ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਕਿਰਤੀਆਂ ਨੇ ਆਪਣੇ ਲੰਬੇ ਅਤੇ ਔਖੇ ਰਾਜਸੀ ਸੰਘਰਸ਼ਾਂ ਰਾਹੀਂ ਕੁਝ ਖਾਸ ਵਰਗਾਂ ਦੇ ਕਿਰਤੀਆਂ ਵਾਸਤੇ ‘ਕਿਰਤ ਦੀ ਆਜ਼ਾਦ ਠੇਕੇਦਾਰੀ’ ਦੇ ਰੂਪ ਵਿਚ ਕੁਝ ਸੁਧਾਰ ਹਾਸਲ ਕੀਤੇ ਹਨ।
ਪਰ ਇਸ ਦੇ ਬਾਵਜੂਦ ਪੈਦਾਵਾਰ ਵਰਤੋਂ ਲਈ ਨਹੀਂ ਸਗੋਂ ਮੁਨਾਫੇ ਲਈ ਕੀਤੀ ਜਾਂਦੀ ਹੈ। ਅਜਿਹਾ ਕੋਈ ਢੰਗ ਨਹੀਂ ਕਿ ਯੋਗ ਅਤੇ ਇੱਛਾਵਾਨ ਸਾਰੇ ਲੋਕ ਰੁਜ਼ਗਾਰ ਪ੍ਰਾਪਤ ਕਰ ਸਕਣ। ਇਸ ਕਰਕੇ ਹਰ ਵੇਲੇ ਬੇਰੁਜ਼ਗਾਰਾਂ ਦੀ ਫੌਜ ਮੌਜੂਦ ਰਹਿੰਦੀ ਹੈ। ਕਿਰਤੀ ਲਗਾਤਾਰ ਨੌਕਰੀ ਖੁਸ ਜਾਣ ਦੇ ਡਰ ਹੇਠ ਜਿਉਂਦੇ ਹਨ। ਕਿਉਂਕਿ ਬੇਰੁਜ਼ਗਾਰੀ ਤੇ ਘੱਟ ਉਜ਼ਰਤੀ ਮਜਦੂਰ ਲਾਹੇਵੰਦ ਮੰਡੀ ਮੁਹੱਈਆ ਨਹੀਂ ਕਰਦੇ, ਇਸ ਲਈ ਖਪਤਕਾਰੀ ਵਸਤੂਆਂ ਦੀ ਪੈਦਾਵਾਰ ਰੁਕ ਜਾਂਦੀ ਹੈ। ਸਿੱਟੇ ਵਜੋਂ ਗੰਭੀਰ ਮੁਸੀਬਤਾਂ ਦਾ ਦੌਰ ਅਰੰਭ ਹੁੰਦਾ ਹੈ। ਤਕਨੀਕੀ ਵਿਕਾਸ ਸਭ ‘ਤੇ ਕੰਮ ਦਾ ਬੋਝ ਘਟਾਉਣ ਦੀ ਥਾਂ ਲਗਾਤਾਰ ਬੇਰੁਜ਼ਗਾਰੀ ਹੋਰ ਵਧਾਉਂਦਾ ਹੈ। ਮੁਨਾਫੇਖੋਰੀ ਅਤੇ ਪੂੰਜੀਪਤੀਆਂ ਵਿਚਲੀ ਮੁਕਾਬਲੇਬਾਜ਼ੀ ਰਲ ਕੇ ਪੂੰਜੀ ਦੀ ਵਰਤੋਂ ਤੇ ਕੇਂਦਰੀਕਰਨ ਦੀ ਸਮਸਿਆ ਨੂੰ ਹੋਰ ਵਧਾਉਂਦੇ ਹਨ ਅਤੇ ਅਸਥਿਰਤਾ ਪੈਦਾ ਕਰਦੇ ਹਨ। ਸਿੱਟਾ ਗੰਭੀਰ ਮੰਦਵਾੜੇ ਵਿਚ ਨਿਕਲਦਾ ਹੈ। ਜ਼ਿੰਦਗੀ ਦੇ ਹਰ ਪੱਖ ਵਿਚ ਅਸੀਮ ਮੁਕਾਬਲਾ ਵੱਡੀ ਪੱਧਰ ਉਤੇ ਕਿਰਤ ਸ਼ਕਤੀ ਦੀ ਬਰਬਾਦੀ ਕਰਦਾ ਹੈ ਅਤੇ ਵਿਅਕਤੀ ਦੀ ਸਮਾਜੀ ਚੇਤਨਾ ਨੂੰ ਖੋਰ ਦਿੰਦਾ ਹੈ, ਜਿਸ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ।
ਵਿਅਕਤੀ ਦੀ ਸਮਾਜੀ ਚੇਤਨਾ ਨੂੰ ਖੋਰਨਾ ਪੂੰਜੀਵਾਦ ਦੀ ਸਭ ਤੋਂ ਭਿਆਨਕ ਅਲਾਮਤ ਹੈ। ਸਾਡਾ ਸਮੁੱਚਾ ਵਿਦਿਅਕ ਢਾਂਚਾ ਇਸ ਬੁਰਾਈ ਦਾ ਸ਼ਿਕਾਰ ਹੈ। ਵਿਦਿਆਰਥੀਆਂ ਦੇ ਮਨਾਂ ਵਿਚ ਮੁਕਾਬਲੇਬਾਜ਼ੀ ਦੀ ਭਰੀ ਗਈ ਬੇਲੋੜੀ ਭਾਵਨਾ ਉਨ੍ਹਾਂ ਨੂੰ ਭਵਿਖ ਦੇ ਰੁਜ਼ਗਾਰ ਲਈ ਸਫਲਤਾ ਉਤੇ ਕਬਜਾ ਕਰਨ ਦੀ ਦੌੜ ਵਿਚ ਸ਼ਾਮਲ ਕਰ ਦਿੰਦੀ ਹੈ। ਮੈਂ ਸਹਿਮਤ ਹਾਂ ਕਿ ਇਸ ਭਿਆਨਕ ਰੋਗ ਦਾ ਇਕੋ-ਇਕ ਇਲਾਜ ਸਮਾਜਵਾਦੀ ਅਰਥਚਾਰੇ ਦੀ ਸਥਾਪਤੀ ਨਾਲ ਹੀ ਹੋ ਸਕਦਾ ਹੈ। ਸਮਾਜੀ ਨਿਸ਼ਾਨਿਆਂ ਵੱਲ ਸੇਧਤ ਵਿਦਿਅਕ ਪ੍ਰਬੰਧ ਜਿਸ ਦਾ ਸਹਾਇਕ ਹੋਵੇ।
ਅਜਿਹੇ ਅਰਥਚਾਰੇ ਵਿਚ ਪੈਦਾਵਾਰ ਦੇ ਸਾਰੇ ਸਾਧਨ ਸਮੁੱਚੇ ਸਮਾਜ ਦੀ ਮਲਕੀਅਤ ਹੋਣ ਅਤੇ ਉਨ੍ਹਾਂ ਦੀ ਵਰਤੋਂ ਯੋਜਨਾਬੱਧ ਢੰਗ ਨਾਲ ਹੋਵੇ। ਇਕ ਯੋਜਨਾਬੱਧ ਅਰਥਚਾਰਾ, ਜੋ ਪੈਦਾਵਾਰ ਨੂੰ ਸਮੁੱਚੇ ਭਾਈਚਾਰੇ ਦੀਆਂ ਲੋੜਾਂ ਮੁਤਾਬਕ ਵਿਉਂਤੇ ਤੇ ਸਾਰੇ ਯੋਗ ਵਿਅਕਤੀਆਂ ਲਈ ਕੰਮ ਦੀ ਵੰਡ ਕਰੇ ਅਤੇ ਸਾਰੇ ਮਰਦ, ਔਰਤਾਂ ਤੇ ਬੱਚਿਆਂ ਦੀ ਰੋਜੀ-ਰੋਟੀ ਯਕੀਨੀ ਬਣਾਵੇ। ਵਿਦਿਆ ਹਰ ਵਿਅਕਤੀ ਦੀਆਂ ਕੁਦਰਤੀ ਯੋਗਤਾਵਾਂ ਨੂੰ ਵਿਕਸਿਤ ਕਰੇ ਪਰ ਨਾਲ ਹੀ ਉਸ ਦੇ ਮਨ ਵਿਚ ਆਪਣੇ ਨਾਲ ਦੇ ਸਾਥੀਆਂ ਲਈ ਜਿੰਮੇਵਾਰੀ ਦੀ ਭਾਵਨਾ ਭਰੇ, ਨਾ ਕਿ ਵਿਦਿਆ ਮੌਜੂਦਾ ਤਰਜ ਦੀ ਨਿੱਜੀ ਸਫਲਤਾ ਤੇ ਰੁਤਬੇ ਦੀ ਪ੍ਰਾਪਤੀ ਦੇ ਗੁਣਗਾਣ ਕਰੇ।
ਬੇਸ਼ਕ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਯੋਜਨਾਬੱਧ ਅਰਥਚਾਰਾ ਆਪਣੇ ਆਪ ਵਿਚ ਸਮਾਜਵਾਦ ਨਹੀਂ ਹੈ, ਇਕ ਯੋਜਨਾਬੱਧ ਅਰਥਚਾਰਾ ਆਪਣੇ ਆਪ ਵਿਚ ਵਿਅਕਤੀ ਦੀ ਪੂਰਨ ਗੁਲਾਮੀ ਵੀ ਹੋ ਸਕਦਾ ਹੈ। ਸਮਾਜਵਾਦ ਦੀ ਸਿਰਜਣਾ ਵਾਸਤੇ ਕੁਝ ਬਹੁਤ ਮੁਸ਼ਕਿਲ ਸਮਾਜੀ-ਰਾਜਸੀ ਸਮੱਸਿਆਵਾਂ ਦੇ ਹੱਲ ਦੀ ਲੋੜ ਹੈ। ਰਾਜਸੀ ਅਤੇ ਆਰਥਕ ਸ਼ਕਤੀ ਦੇ ਅਤਿ ਕੇਂਦਰੀਕਰਨ ਦੀ ਹਾਲਤ ਵਿਚ ਅਫਸਰਸ਼ਾਹੀ ਨੂੰ ਸਰਬਸ਼ਕਤੀਮਾਨ ਤੇ ਘੁਮੰਡੀ ਬਣਨ ਤੋਂ ਕਿਵੇਂ ਰੋਕਿਆ ਜਾਵੇ? ਹਰ ਵਿਅਕਤੀ ਦੇ ਹੱਕ ਸੁਰੱਖਿਅਤ ਰਹਿਣ ਅਤੇ ਅਫਸਰਸ਼ਾਹੀ ਦੇ ਜਮਹੂਰੀ ਤਾਕਤਾਂ ਦੇ ਅਧੀਨ ਰਹਿਣ ਨੂੰ ਯਕੀਨੀ ਬਣਾਇਆ ਜਾਵੇ।
ਤਬਦੀਲੀ ਦੇ ਇਸ ਦੌਰ ਵਿਚ ਸਮਾਜਵਾਦ ਦੀਆਂ ਸਮੱਸਿਆਵਾਂ ਤੇ ਮੰਤਵਾਂ ਬਾਰੇ ਸਪਸ਼ਟਤਾ ਪ੍ਰਾਪਤ ਕਰਨੀ ਸਭ ਤੋਂ ਅਹਿਮ ਕਾਰਜ ਹੈ। ਕਿਉਂਕਿ ਮੌਜੂਦਾ ਹਾਲਤਾਂ ਵਿਚ ਇਨ੍ਹਾਂ ਸਮੱਸਿਆਵਾਂ ਬਾਰੇ ਨਿਰਪੱਖ ਤੇ ਬੇਰੋਕ ਬਹਿਸ ਉਤੇ ਸ਼ਕਤੀਸ਼ਾਲੀ ਧਾਰਮਿਕ ਤੇ ਸਮਾਜੀ ਰੋਕਾਂ ਲੱਗੀਆਂ ਹੋਈਆਂ ਹਨ।