ਦਰਦ ਕਿਸਾਨੀ: ਪਿਛੋਕੜ ‘ਤੇ ਇਕ ਝਾਤ (ਭਾਗ 6)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਉਨ੍ਹੀਂ ਦਿਨੀਂ ਲੋਕ ਜੀਰੀ ਦੀ ਪਰਾਲੀ ਫੂਕਣ ਦੀ ਥਾਂ ਟੋਕਾ ਕਰ ਕੇ ਡੰਗਰਾਂ ਨੂੰ ਪਾਉਂਦੇ ਸਨ। ਉਹ ਇਸ ਦੇ ਪੂਲਿਆਂ ਨੂੰ ਇੱਕਠਾ ਕਰ ਕੇ ਰੱਖ ਲੈਂਦੇ ਤੇ ਫਿਰ ਕਈ ਮਹੀਨੇ ਤੂੜੀ ਵਾਂਗ ਹਰੇ ਚਾਰੇ ਵਿਚ ਮਿਲਾ ਕੇ ਚਾਰਦੇ ਰਹਿੰਦੇ। ਇਹ ਚੰਗਾ ਰੁਝਾਨ ਸੀ ਕਿਉਂਕਿ ਇਸ ਨਾਲ ਧੂੰਏਂ ਦਾ ਪ੍ਰਦੂਸ਼ਣ ਨਹੀਂ ਸੀ ਫੈਲਦਾ। ਮੈਨੂੰ ਲਗਦਾ ਕਿ ਹਰਾ ਇਨਕਲਾਬ ਇਸ ਗੱਲ ਵਿਚ ਵੀ ਹੈ ਕਿ ਪਸੂਆਂ ਲਈ ਚਾਰਾ ਵਾਧੂ ਹੋ ਗਿਆ ਹੈ।

ਪਰ ਹੌਲੀ ਹੌਲੀ ਇਹ ਅਫਵਾਹ ਫੈਲਣ ਲਗ ਪਈ ਕਿ ਪਰਾਲੀ ਖਾਣ ਵਾਲੇ ਪਸੂਆਂ ਵਿਚ ਅੰਗ ਝੜਨ ਦੀ ਬੀਮਾਰੀ ਪੈ ਜਾਂਦੀ ਹੈ। ਚਰਚਾ ਚਲੀ ਕਿ ਪਰਾਲੀ ਚਾਰਨ ਨਾਲ ਗਾਂਵਾਂ-ਮੱਝਾਂ ਦੇ ਪੂਛ-ਕੰਨ ਆਦਿ ਆਪੇ ਟੁੱਟ ਕੇ ਡਿੱਗ ਪੈਂਦੇ ਹਨ। ਇਸ ਦਾ ਕੋਈ ਵਿਗਿਆਨਕ ਆਧਾਰ ਸੀ ਜਾਂ ਨਹੀਂ ਪਤਾ ਨਹੀਂ, ਪਰ ਹੌਲੀ ਹੌਲੀ ਲੋਕਾਂ ਨੇ ਡੰਗਰਾਂ ਨੂੰ ਪਰਾਲੀ ਪਾਉਣੀ ਬੰਦ ਕਰ ਦਿੱਤੀ। ਕਿਸਾਨ ਮਸ਼ੀਨਾਂ ਨਾਲ ਜੀਰੀ ਉਤੋਂ ਉਤੋਂ ਵਢਵਾਉਣ ਲੱਗੇ ਤੇ ਪਰਾਲੀ ਖੇਤਾਂ ਵਿਚ ਹੀ ਵਾਹੁਣ ਲੱਗੇ। ਜਦੋਂ ਵਧੇਰੇ ਲਾਗਤ ਵਾਲਾ ਇਹ ਕੰਮ ਵੀ ਰਾਸ ਨਾ ਆਇਆ ਤਾਂ ਖੇਤਾਂ ਵਿਚ ਹੀ ਫੂਕਣ ਲੱਗੇ। ਪ੍ਰਦੂਸ਼ਣ ਦੀ ਸਮੱਸਿਆ ਕਾਰਨ ਅੱਜ ਕੱਲ ਇਸ ਨੂੰ ਇੱਕਠੀ ਕਰ ਕੇ ਮਿਨੀ ਥਰਮਲ ਪਲਾਂਟਾਂ ਵਿਚ ਭੇਜਣ ਦਾ ਰੁਝਾਨ ਹੈ, ਜੋ ਵਧੇਰੇ ਸਹੀ ਹੈ।
ਖੈਰ, ਪਰਾਲੀ ਪਸੂਆਂ ਨੂੰ ਚਾਰਨ ਦੇ ਦੌਰ ਵਿਚ ਵੀ ਕਿਉਂਕਿ ਮੈਨੂੰ ਜੀਰੀ ਕੰਬਾਈਨ ਨਾਲ ਵਢਾਉਣੀ ਪਈ ਸੀ, ਮੇਰੀ ਪਰਾਲੀ ਦੇ ਕਰਚੇ ਖੇਤ ਵਿਚ ਹੀ ਖੜ੍ਹੇ ਸਨ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿੱਟੀ ਵਿਚ ਕੁਚਲਣ ਲਈ ਜਮੀਨ ਨੂੰ ਵਾਰ ਵਾਰ ਵਾਹ ਕੇ ਸੁਹਾਗਾ ਮਾਰਨਾ ਪੈਣਾ ਸੀ। ਜੇ ਡਲ੍ਹੇ ਵੱਡੇ ਹੋਣ, ਜਾਂ ਸਖਤ ਹੋਣ ਕਾਰਨ ਨਾ ਟੁੱਟਦੇ ਹੋਣ, ਤਾਂ ਉਨ੍ਹਾਂ ਨੂੰ ਤੋੜਨ ਲਈ ਖੇਤ ‘ਤੇ ਲੱਕੜ ਦਾ ਭਾਰਾ ਵੇਲਣਾ ਵੀ ਚਲਾਇਆ ਜਾਣਾ ਸੀ। ਲੱਕੜ ਦੇ ਇਸ ਸੰਦ ਨੂੰ ਸਾਡੀ ਬੋਲੀ ਵਿਚ ਘਿਰਲਾ ਕਹਿੰਦੇ ਹਨ। ਜਦੋਂ ਤਵੀਆਂ ਦੀ ਕਟਾਈ ਤੇ ਘਿਰਲੇ ਸੁਹਾਗੇ ਨਾਲ ਜਮੀਨ ਪੂਰੀ ਤਰ੍ਹਾਂ ਇੱਕ ਮਿੱਕ ਹੋ ਜਾਂਦੀ ਤਾਂ ਇਸ ਨੂੰ ਇਕ ਦੂਹਰਾ ਸੁਹਾਗਾ ਮਾਰ ਕੇ ਛੱਡ ਦਿੱਤਾ ਜਾਂਦਾ। ਇਸ ਤਰ੍ਹਾਂ ਕਣਕ ਦੀ ਬਿਜਾਈ ਤੀਕ ਜਮੀਨ ਵਿਚ ਗਿੱਲ ਪਈ ਰਹਿੰਦੀ।
ਇਕ ਦਿਨ ਮੈਂ ਜਮੀਨ ਨੂੰ ਦੂਹਰ ਲਾਉਣ ਲਈ ਟਰੈਕਟਰ ਤਿਆਰ ਕਰ ਰਿਹਾ ਹੀ ਸੀ ਕਿ ਨੇੜੇ ਆ ਕੇ ਇਕ ਜੀਪ ਰੁਕੀ। ਦੋ ਬੰਦੇ ਉਤਰੇ ਤੇ ਮੇਰਾ ਨਾਂ ਪੁੱਛ ਕੇ ਕੋਲ ਆ ਗਏ। ਉਨ੍ਹਾਂ ਵਿਚੋਂ ਇਕ ਰਜਿਸਟਰ ਜਿਹਾ ਫਰੋਲ ਕੇ ਬੋਲਿਆ, “ਸਰਦਾਰ ਜੀ, ਤੁਹਾਡੀ ਟਰੈਕਟਰ ਦੇ ਲੋਨ ਦੀ ਕਿਸ਼ਤ ਨਹੀਂ ਪਹੁੰਚੀ?”
ਮੈਂ ਉਨ੍ਹਾਂ ਵੱਲ ਵੇਖਿਆ, ਇਨ੍ਹਾਂ ਵਿਚ ਪਿਛਲੇ ਸਾਲ ਵਾਲਾ ਕੋਈ ਵੀ ਨਹੀਂ ਸੀ। ਅਮਰਾ ਬੋਲਿਆ, “ਨੇਂਹ ਬੈਂਕ ਆਲੇ ਐਂ, ਲਾਣੇਦਾਰ।” ਮੈਂ ਉਨ੍ਹਾਂ ਦੇ ਨੇੜੇ ਜਾ ਕੇ ਸਵਾਲ ਕੀਤਾ, “ਕਿੰਨੀ ਕਿਸ਼ਤ ਹੈ ਜੀ?” ਰਜਿਸਟਰ ਵਾਲੇ ਨੇ ਪੜ੍ਹ ਕੇ ਮੈਨੂੰ ਰਕਮ ਦੱਸੀ। ਮੈਂ ਰਕਮ ਅਦਾ ਕਰਨ ਦੀ ਮਿਤੀ ਪੁੱਛੀ। ਉਸ ਨੇ ਗੱਲ ਗੋਲ ਮੋਲ ਕਰਦਿਆਂ ਕਿਹਾ, “ਫਸਲ ਤੋਂ ਬਾਅਦ ਜਦੋਂ ਵੀ ਅਦਾ ਕਰ ਦਿੱਤੀ ਜਾਵੇ, ਉਹੀ ਮਿਤੀ ਹੁੰਦੀ ਐ ਇਸ ਦੀ।”
ਮੈਨੂੰ ਗੁੱਸਾ ਆਇਆ ਪਰ ਹੱਸ ਕੇ ਬੋਲਿਆ, “ਫਸਲ ਆਉਣ ਦੀ ਕਿਹੜੀ ਮਿਤੀ ਹੈ ਜੀ?” ਮੁਲਾਜ਼ਮ ਥੋੜਾ ਖਰਵਾ ਬੋਲਿਆ, “ਸਰਦਾਰ ਜੀ, ਮਜ਼ਾਕ ‘ਚ ਨਾ ਲਓ ਗੱਲ ਨੂੰ। ਇਹ ਤਰੀਕਾਂ ਤਾਂ ਥੋਨੂੰ ਵੀ ਪਤਾ ਨੇ, ਸਾਨੂੰ ਵੀ। ਪਰ ਲੋਨ ਲੈ ਕੇ ਭੁੱਲ ਜਾਂਦੇ ਨੇ ਜਿਮੀਂਦਾਰ। ਫਸਲ ਵੇਚ ਕੇ ਪੈਸੇ ਖਰਚਿਆਂ ਵਿਚ ਵਾੜ ਦਿੰਦੇ ਨੇ। ਕਿਸ਼ਤ ਮੋੜਦੇ ਨੀ ਟਾਈਮ ਸਿਰ, ਪਿਛੋਂ ਕੁਰਕੀ ਆ ਜਾਂਦੀ ਐ। ਫਿਰ ਰੋਂਦੇ ਨੇ।”
ਮੈਂ ਉਸ ਨੂੰ ਤਲਖੀ ਭਰੇ ਲਹਿਜੇ ‘ਚ ਕਿਹਾ, “ਕੁਰਕੀ ਤਾਂ ਤੁਸੀਂ ਜੇਬ ‘ਚ ਈ ਪਾਈ ਫਿਰਦੇ ਰਹਿੰਦੇ ਓਂ ਜਿਵੇਂ। ਲੈਂਡ ਮਾਰਗੇਜ ਸਹਿਕਾਰੀ ਬੈਂਕ ਦੇ ਮੁਲਾਜ਼ਮ ਹੋ ਕੇ ਕਿਸਾਨਾਂ ਨੂੰ ਧਮਕਾਉਨੇ ਓਂ, ਘਿਰਣਾ ਨੀ ਆਉਂਦੀ?” ਮੁਲਾਜ਼ਮ ਤੈਸ਼ ਵਿਚ ਆ ਗਿਆ ਤੇ ਉਸ ਨੇ ਭੱਬਕੀ ਭਰੇ ਅੰਦਾਜ਼ ਵਿਚ ਮੋੜਵਾਂ ਜਵਾਬ ਦਿੱਤਾ, “ਤੁਸੀਂ ਇਸ ਭਰਮ ‘ਚ ਨਾ ਰਿਹੋ ਸਰਦਾਰ ਜੀ, ਇਕ ਕਿਸ਼ਤ ਤੋੜ ਕੇ ਦਿਖਾਓ ਫਿਰ ਦੇਖਿਓ ਤਾਰੇ!” ਉਨ੍ਹਾਂ ਨੂੰ ਗਲੋਂ ਲਾਹੁਣ ਲਈ ਮੈਂ ਕਿਹਾ, “ਬੇਵਕੂਫ ਸਮਝਿਆ ਕਿਸ਼ਤ ਤੋੜਾਂਗਾ ਮੈਂ? ਕਿਸ਼ਤ ਭਰਾਂਗਾ ਪਰ ਤਾਰੀਖ ਆਉਣ ‘ਤੇ। ਰੋਜ਼ ਆ ਕੇ ਟਾਇਮ ਖਰਾਬ ਨਾ ਕਰੋ ਆਪਣਾ ਤੇ ਮੇਰਾ।”
ਉਨ੍ਹਾਂ ‘ਚੋਂ ਸੀਨੀਅਰ ਲੱਗਦਾ ਮੁਲਾਜ਼ਮ ਬੋਲਿਆ, “ਬੇਵਕੂਫ ਅਸੀਂ ਵੀ ਨੀ ਸਰਦਾਰ ਜੀ ਜਿਹੜੇ ਰੋਜ਼ ਆਵਾਂਗੇ। ਸਾਨੂੰ ਤਾਂ ਬੈਂਕ ਥੋਡੇ ਭਲੇ ਲਈ ਈ ਭੇਜਦੀ ਐ ਬਈ ਕਿਸਾਨ ਵੇਲੇ ਸਿਰ ਕਿਸ਼ਤ ਭਰ ਕੇ ਸੁਰਖਰੂ ਹੋਣ।” ਮੈਨੂੰ ਉਨ੍ਹਾਂ ਦਾ ਬੇਵਕਤ ਆਉਣਾ ਚੁੱਭ ਰਿਹਾ ਸੀ, ਸੋ ਮੈਂ ਨਹੀਂ ਸੀ ਚਾਹੁੰਦਾ ਕਿ ਉਹ ਫਿਰ ਆਉਣ। ਮੈਂ ਜਾਂਦਿਆਂ ਦੇ ਫਿਰ ਮਾਰੀ, “ਬੈਂਕ ਤੁਹਾਨੂੰ ਇਹ ਤਾਂ ਨਹੀਂ ਕਹਿੰਦੀ ਕਿ ਰਾਹੂ ਕੇਤੂ ਵਾਂਗ ਦੇਣਦਾਰੀਆਂ ਦਾ ਡਰ ਪਾ ਕੇ ਖੱਜਲ ਖੁਆਰ ਕਰਦੇ ਫਿਰੋ ਕਿਸਾਨਾਂ ਨੂੰ। ਕੱਲ, ਬੈਂਕ ‘ਚ ਜਾ ਕੇ ਕਰਾਂਗਾ ਇਸ ਦੀ ਸ਼ਿਕਾਇਤ।”
ਉਹ ਬੋਲੇ, “ਕਰ ਲਿਓ, ਕਰ ਲਿਓ ਜੋ ਕਰਨਾ ਐ।” ਉਹ ਅੱਖਾਂ ਜਿਹੀਆਂ ਕੱਢਦੇ ਜੀਪ ‘ਚ ਬੈਠ ਚਲੇ ਗਏ। ਉਨ੍ਹਾਂ ਦੇ ਜਾਣ ਪਿਛੋਂ ਅਮਰਾ ਕਹਿਣ ਲੱਗਾ, “ਲਾਣੇਦਾਰ, ਬੜਾ ਪੱਕਾ ਬੰਦਾਂ ਤੌਂਹ, ਦਿਆ ਤੈਂ ਅੱਜ ਬੀ ਨੀ ਇਨ੍ਹਾਂ ਨੂੰ ਕੁਸ।” ਮੈਨੂੰ ਪਤਾ ਨਾ ਲੱਗਿਆ ਉਸ ਦੇ ਕਹਿਣ ਵਿਚ ਨਹੋਰਾ ਸੀ ਜਾਂ ਸ਼ਾਬਾਸ਼ੀ, ਮੈਂ ਚੁੱਪ ਰਿਹਾ।
ਸੜਕ ‘ਤੇ ਜੀਪ ਖੜ੍ਹੀ ਵੇਖ ਕੇ ਅੱਜ ਵੀ ਲੋਕ ਜੁੜੇ ਪਰ ਕੰਮਾਂ ਕਾਰਾਂ ਦਾ ਸਮਾਂ ਹੋਣ ਕਰਕੇ ਬਹੁਤੇ ਨਹੀਂ। ਫਿਰ ਵੀ ਲੋਕਾਂ ਸਾਹਮਣੇ ਆਪਣੇ ਕਰਜੇ ਦਾ ਕੱਚਾ ਚਿੱਠਾ ਫਰੋਲਿਆ ਜਾਣਾ ਮੇਰੇ ਲਈ ਬੜੀ ਅਸਹਿ ਗੱਲ ਸੀ। ਪਟਿਆਲਿਓਂ ਪਿੰਡ ਆਉਣ ਦਾ ਜਦੋਂ ਵੀ ਖਿਆਲ ਕਰਦਾ, ਉਦੋਂ ਇਹ ਭੈ ਵੀ ਨਾਲ ਆਉਣ ਲਗਦਾ ਕਿ ਕਿਤੇ ਕੋਈ ਉਗਰਾਹੀ ਵਾਲਾ ਹੀ ਨਾ ਟੱਕਰ ਜਾਵੇ ਤੇ ਗੱਲ ਤੂੰ-ਤੂੰ ਮੈਂ-ਮੈਂ ਤੀਕ ਪੁੱਜ ਜਾਵੇ। ਮੈਂ ਅਣਖਸ਼ੀਲ ਹੋਣ ਦੇ ਨਾਲ ਨਾਲ ਸੰਵੇਦਨਸ਼ੀਲ ਵੀ ਬਹੁਤ ਸਾਂ, ਪਰ ਮੈਨੂੰ ਆਪਣੇ ਨਾਲੋਂ ਘੱਟ ਸੰਵੇਦਨਸ਼ੀਲ ਕੋਈ ਵੀ ਨਹੀਂ ਸੀ ਲਗਦਾ। ਸ਼ਾਇਦ ਇਹ ਦੋਵੇਂ ਅਲਾਮਤਾਂ ਅੰਦਰੋਂ ਜੁੜੀਆਂ ਹੁੰਦੀਆਂ ਹਨ ਤੇ ਕੁਦਰਤੀ ਜਾਂ ਦੇਖਾ ਦੇਖੀ ਸਭ ਵਿਚ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ। ਸਾਧਾਰਨ ਸਵੈਮਾਣ ਤੇ ਅਣਖ ਵਿਚਕਾਰ ਬਹੁਤਾ ਫਰਕ ਨਹੀਂ ਹੁੰਦਾ। ਸਾਧਾਰਨ ਸਵੈਮਾਣ ਹੀ ਆਪਣੇ ਉਗਰ ਰੂਪ ਵਿਚ ਅਣਖ ਅਖਵਾਉਣ ਲੱਗ ਜਾਂਦਾ ਹੈ। ਅਣਖ ਕਸਵੇਂ ਮਿਆਰੀ ਵਿਹਾਰ ਦੀ ਮੰਗ ਕਰਦੀ ਹੈ, ਇਸ ਲਈ ਤੰਗ ਵੀ ਵਧੇਰੇ ਕਰਦੀ ਹੈ। ਰੋਜ ਰੋਜ ਆਪਣੇ ਸਵੈਮਾਣ ਦੀ ਠੇਸ ਨਾ ਸਹਾਰਦਿਆਂ ਮੈਂ ਇਸ ਦੇ ਭੈ ਤੋਂ ਮੁਕਤ ਹੋਣਾ ਚਾਹੁੰਦਾ ਸਾਂ। ਇਸ ਲਈ ਮੈਂ ਘਰ ਜਾ ਕੇ ਟਾਈਪ-ਰਾਈਟਰ ਕੱਢੀ ਤੇ ਬੈਂਕ ਮਨੇਜਰ ਦੇ ਨਾਂ ਇਕ ਚਿੱਠੀ ਲਿਖੀ। ਮੈਂ ਲਿਖਿਆ, ਮੈਨੂੰ ਆਪਣੇ ਕਰਜੇ ਦੀ ਕਿਸ਼ਤ ਭਰਨ ਲਈ ਆਖਰੀ ਮਿਤੀ ਦੱਸੀ ਜਾਵੇ ਤੇ ਉਦੋਂ ਤੀਕ ਉਗਰਾਹੀ ਅਮਲਾ ਭੇਜ ਕੇ ਖੱਜਲ ਖੁਆਰ ਨਾ ਕੀਤਾ ਜਾਵੇ। ਮੈਂ ਖਾਸ ਜ਼ਿਕਰ ਕੀਤਾ ਕਿ ਉਗਰਾਹੀ ਲਈ ਭੇਜੇ ਜਾਂਦੇ ਦਸਤੇ ਕਿਸਾਨਾਂ ਨੂੰ ਜਬਾਨੀ ਕਲਾਮੀ ਧਮਕਾਉਣ ਦਾ ਕੰਮ ਕਰਦੇ ਹਨ, ਇਸ ਲਈ ਇੱਕਲੇ ਇੱਕਲੇ ਕਿਸਾਨ ਕੋਲ ਉਗਰਾਹੀ ਕਰਤਾ ਭੇਜਣ ਦੀ ਥਾਂ ਉਨ੍ਹਾਂ ਨੂੰ ਡਾਕ ਰਾਹੀਂ ਲਿਖਤੀ ਨੋਟਿਸ ਘੱਲ ਕੇ ਆਖਰੀ ਮਿਤੀ ਦਾ ਚੇਤਾ ਕਰਵਾ ਦੇਣਾ ਚਾਹੀਦਾ ਹੈ।
ਅਗਲੇ ਦਿਨ ਖਾਲੀ ਪੀਰੀਅਡ ਵਿਚ ਮੈਂ ਬੈਂਕ ਵਿਚ ਚਿੱਠੀ ਦੇਣ ਗਿਆ। ਅਸਲ ਮੈਨੇਜਰ ਛੁੱਟੀ ‘ਤੇ ਹੋਣ ਕਰਕੇ ਮੈਂ ਕਾਰਜਕਾਰੀ ਮੈਨੇਜਰ ਨੂੰ ਮਸਲਾ ਦੱਸ ਕੇ ਚਿੱਠੀ ਦੇ ਦਿੱਤੀ। ਉਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਅਰਜ਼ੀ ਰੱਖ ਲਈ। ਮੈਂ ਸੋਚਿਆ ਮਸਲਾ ਹੱਲ ਹੋ ਗਿਆ।
ਮੈਨੂੰ ਉਨ੍ਹਾਂ ਦਿਨਾਂ ਵਿਚ ਤਾਜ਼ੀ ਤਾਜ਼ੀ ਪੀਐਚ. ਡੀ. ਦੀ ਡਿਗਰੀ ਮਿਲੀ ਸੀ ਤੇ ਮੇਰਾ ਥੀਸਿਸ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਰੱਖਿਆ ਗਿਆ ਸੀ। ਪੰਜਾਬ ਦੀ ਰਾਜਨੀਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਹੋਣ ਕਰਕੇ ਇਹ ਪੰਜਾਬ ਬਾਰੇ ਆਪਣੀ ਕਿਸਮ ਦਾ ਪਹਿਲਾ ਖੋਜ ਕਾਰਜ ਸੀ। ਉਸ ਤੋਂ ਪਹਿਲਾਂ ਪੰਜਾਬ ਰਾਜਨੀਤੀ ਬਾਰੇ ਕੋਈ ਉਚ ਪੱਧਰੀ ਪੁਸਤਕ ਨਹੀਂ ਸੀ। ਅਕਾਦਮਿਕ ਤੇ ਖੋਜ ਪੱਧਰ ‘ਤੇ ਕੇਵਲ ਬਲਦੇਵ ਰਾਜ ਨਈਅਰ ਦੀ 1956 ਦੀ ਛਪੀ ਕਿਤਾਬ Ḕੰਨੋਰਟੇ ਫੋਲਟਿਚਿਸ ਨਿ ਫੁਨਜਅਬḔ (ਪੰਜਾਬ ਵਿਚ ਘੱਟਗਿਣਤੀ ਦੀ ਸਿਆਸਤ) ਹੀ ਹੁੰਦੀ ਸੀ ਜੋ ਘੱਟ ਵੱਧ ਹੀ ਮਿਲਦੀ ਸੀ। ਸ਼੍ਰੋਮਣੀ ਕਮੇਟੀ ਬਾਰੇ ਤਾਂ ਗਿਆਨ ਦੀ ਹੋਰ ਵੀ ਘਾਟ ਸੀ। ਕੇਵਲ ਨਈਅਰ ਦੀ ਪੁਸਤਕ ਵਿਚ ਹੀ ਇਸ ਦੇ ਕੁਝ ਹਵਾਲੇ ਮਿਲਦੇ ਸਨ। ਪਰ ਇਸ ਧਾਰਮਿਕ ਸੰਸਥਾ ਦੀਆਂ ਕੁਝ ਚਿਰ ਪਹਿਲਾਂ ਹੀ ਤੇਰਾਂ ਸਾਲਾਂ ਬਾਅਦ ਹੋਈਆਂ ਚੋਣਾਂ ਵਿਚ ਸੰਤ ਜਰਨੈਲ ਸਿੰਘ ਦੀ ਭਖਵੀਂ ਸ਼ਮੂਲੀਅਤ ਤੇ ਪੰਜਾਬ ਦੀ ਅਕਾਲੀ ਸਰਕਾਰ ਦੀ ਅਤਿ ਜੋਰ ਗਰਮ-ਜੋਸ਼ੀ ਨੇ ਇਸ ਸੰਸਥਾ ਵਿਚ ਲੋਕਾਂ ਦੀ ਦਿਲਚਸਪੀ ਵਧਾ ਦਿੱਤੀ ਸੀ। ਮਗਰੋਂ ਸੰਤ ਕੁਝ ਵਧੇਰੇ ਗਰਮ ਹੋਣ ਤੇ ਸਰਕਾਰ ਬਿਲਕੁਲ ਠੰਡੀ ਪੈਣ ਨਾਲ ਅਣਕਿਆਸੇ ਰਾਜਨੀਤਕ ਪਲਟੇ ਵੱਜਣ ਲਗ ਪਏ ਸਨ ਜਿਨ੍ਹਾਂ ਕਾਰਨ ਬੌਧਿਕ ਹਲਕਿਆਂ ਵਿਚ ਲੋਕਾਂ ਨੇ ਕੰਨ ਚੁੱਕ ਲਏ ਸਨ। ਇਸ ਸੰਦਰਭ ਵਿਚ ਮੇਰਾ ਖੋਜ ਕਾਰਜ ਵਿਸ਼ੇਸ਼ ਧਿਆਨ ਦਾ ਵਿਸ਼ਾ ਬਣਿਆ ਹੋਇਆ ਸੀ। ਬੁੱਧੀਜੀਵੀਆਂ ਨੂੰ ਕੁਝ ਇਹ ਵੀ ਉਤਸੁਕਤਾ ਸੀ ਕਿ ਮੇਰਾ ਗਾਈਡ ਇਕ ਪੱਕਾ ਹਿੰਦੂ ਸੀ ਤੇ ਮੈਂ ਬੇਝਿਜਕ ਮਾਰਕਸਵਾਦੀ ਸਾਂ। ਉਹ ਸੋਚਦੇ ਸਨ ਕਿ ਪਤਾ ਨਹੀਂ ਅਸੀਂ ਇਸ ਸਿੱਖ ਅਦਾਰੇ ਬਾਰੇ ਕੀ ਖਿਚੜੀ ਪਕਾਵਾਂਗੇ। ਪਰ ਖੋਜ ਤਾਂ ਖੋਜ ਹੀ ਹੁੰਦੀ ਹੈ, ਇਸ ਵਿਚ ਕੋਈ ਹਿੰਦੂ ਜਾਂ ਕੋਈ ਸਿੱਖ ਕੀ ਕਰ ਸਕਦਾ ਸੀ। ਇਸ ਵਿਚ ਤਾਂ ਤਰਕ ਅਤੇ ਅੰਕੜੇ ਬੋਲਣੇ ਸਨ। ਜਿੱਥੇ ਮੈਂ ਗਲਤ ਹੁੰਦਾ, ਮੇਰਾ ਗਾਈਡ ਰੋਕ ਦਿੰਦਾ ਤੇ ਗਾਈਡ ਗਲਤ ਹੁੰਦਾ, ਮੈਂ ਟੋਕ ਦਿੰਦਾ। ਸਾਰਾ ਕੰਮ ਸਾਡੀ ਦੋਹਾਂ ਦੀ ਤਸੱਲੀ ਅਨੁਸਾਰ ਵਿਗਿਆਨਕ ਤੌਰ ‘ਤੇ ਪੂਰਾ ਹੋਇਆ। ਇਸ ਦੀ ਸਾਪੇਖਿਅਕਤਾ ਬਾਰੇ ਕਿਸੇ ਨੂੰ ਸ਼ੱਕ ਨਾ ਰਿਹਾ ਜਦੋਂ ਪੰਜਾਬ ਦੇ ਗ੍ਰਹਿ ਸੱਕਤਰ ਕੇ. ਡੀ. ਵਾਸੂਦੇਵ ਨੇ ਮੇਰੇ ਗਾਈਡ ਕੋਲੋਂ ਮੇਰੇ ਖੋਜ-ਗ੍ਰੰਥ ਦੀ ਇਕ ਕਾਪੀ ਕੇਂਦਰ ਦੇ ਗ੍ਰਹਿ-ਸਕੱਤਰ ਟੀ. ਐਨ. ਚਤੁਰਵੇਦੀ ਨੂੰ ਭੇਜਣ ਦੀ ਆਗਿਆ ਮੰਗੀ।
ਮੈਨੂੰ ਲੱਗਾ, ਮੈਂ ਆਪਣੇ ਅਕਾਦਮਿਕ ਜੀਵਨ ਦੇ ਸੁਨਹਿਰੀ ਕਾਲ ਵਿਚੋਂ ਲੰਘ ਰਿਹਾ ਹਾਂ। ਬਾਅਦ ਵਿਚ ਹੋਮ ਸੈਕਟਰੀ ਨੇ ਇਹ ਥੀਸਿਸ ਉਸ ਵੇਲੇ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਦਿਖਾਇਆ। ਮੈਨੂੰ ਇਸ ਸਾਰੀ ਅੰਦਰੂਨੀ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੰਜ ਛੇ ਸਾਲ ਬਾਅਦ ਪ੍ਰੀਤਮ ਸਿੰਘ ਨਾਮੀ ਰਿਟਾਇਰਡ ਆਈ. ਏ. ਐਸ਼ ਅਫਸਰ ਨੇ ਪੰਜਾਬੀ ਟ੍ਰਿਬਿਊਨ ਵਿਚ ਛਪੇ ਆਪਣੇ ਇਕ ਲੇਖ ਵਿਚ ਇਸ ਦਾ ਖੁਲਾਸਾ ਕੀਤਾ। ਖੈਰ, ਟੀ. ਐਨ. ਚਤੁਰਵੇਦੀ ਨੇ ਬਿਨਾ ਕਹੇ ਆਪਣੇ ਤੌਰ ‘ਤੇ ਇਸ ਦਾ ਰੀਵੀਊ ਕਰਕੇ ਮੇਰਾ ਥੀਸਿਸ ਮੇਰੇ ਗਾਈਡ ਨੂੰ ਵਾਪਸ ਘੱਲ ਦਿੱਤਾ। ਬਾਅਦ ਵਿਚ ਜਦੋਂ ਇਸ ਨੂੰ ਮੈਂ ਪੁਸਤਕ ਰੂਪ ਵਿਚ ਛਪਵਾਇਆ ਤਾਂ ਚਤੁਰਵੇਦੀ ਸਾਹਿਬ ਦੇ ਇਸ ਰੀਵੀਊ ਨੂੰ ‘ਫੋਰ-ਵਰਡḔ ਦੇ ਤੌਰ ‘ਤੇ ਵਰਤਿਆ।
ਇਸੇ ਦੌਰਾਨ ਇਹੀ ਥੀਸਿਸ ਇਕ ਜਰਮਨ ਕੁੜੀ ਨੇ ਵੇਖਿਆ। ਅੰਜਲਾ ਨਾਂ ਦੀ ਇਹ ਰਿਸਰਚ ਸਕਾਲਰ ਉਸ ਵੇਲੇ ਜਰਮਨੀ ਦੀ ਕਿਸੇ ਯੂਨੀਵਰਸਿਟੀ ਵਿਚ ਪੰਜਾਬ ਕਲਚਰ ਐਂਡ ਪਾਲੀਟਿਕਸ ਵਿਸ਼ੇ ‘ਤੇ ਖੋਜ ਕਰ ਰਹੀ ਸੀ। ਉਹ ਪੰਜਾਬ ਆਈ ਹੋਈ ਸੀ ਤੇ ਵੱਖ ਵੱਖ ਯੂਨੀਵਰਸਿਟੀਆਂ ਵਿਚ ਜਾ ਕੇ ਖੋਜ ਸਮਗਰੀ ਇੱਕਠੀ ਕਰ ਰਹੀ ਸੀ। ਪੰਜਾਬ ਯੂਨੀਵਰਸਿਟੀ ਵਿਚੋਂ ਮੇਰਾ ਥੀਸਿਸ ਪੜ੍ਹ ਕੇ ਉਹ ਮੇਰੇ ਨਾਲ ਮੁਲਾਕਾਤ ਕਰਨਾ ਚਾਹੁੰਦੀ ਸੀ। ਮੇਰਾ ਪਤਾ ਜਾਣਨ ਲਈ ਉਹ ਮੇਰੇ ਗਾਈਡ ਦੇ ਵਿਭਾਗ ਗਈ ਤੇ ਉਸ ਨੇ ਮੇਰੇ ਕਾਲਜ ਦਾ ਨਾਂ ਦੱਸ ਕੇ ਉਸ ਨੂੰ ਪਟਿਆਲੇ ਭੇਜ ਦਿੱਤਾ। ਉਹ ਕਾਲਜ ਦੇ ਦਫਤਰ ਗਈ ਤੇ ਕਲਰਕ ਨੇ ਉਸ ਨੂੰ ਪ੍ਰਿੰਸੀਪਲ ਦੇ ਦਫਤਰ ਛੱਡ ਦਿਤਾ। ਪ੍ਰਿੰਸੀਪਲ ਨੇ ਚਪੜਾਸੀ ਭੇਜ ਕੇ ਥਾਂ ਥਾਂ ਮੇਰਾ ਪਤਾ ਕਰਵਾਇਆ, ਇਥੋਂ ਤੀਕ ਕਿ ਕਾਲਜ ਦੇ ਦੋ ਉਚੇ ਬੁਰਜਾਂ ਵਿਚ ਵੀ ਬੰਦੇ ਭੇਜੇ, ਪਰ ਮੈਂ ਉਨ੍ਹਾਂ ਨੂੰ ਕਿਤੇ ਨਾ ਮਿਲਿਆ। ਆਖਰ ਲੜਕੀ ਇਕ ਪੱਤਰ ਛੱਡ ਕੇ ਚਲੀ ਗਈ ਜਿਸ ਵਿਚ ਉਸ ਨੇ ਆਪਣੇ ਆਉਣ ਦਾ ਮਨੋਰਥ ਦੱਸਿਆ ਹੋਇਆ ਸੀ ਤੇ ਕਦੇ ਫਿਰ ਮਿਲਣ ਦੀ ਗੱਲ ਕਹੀ ਹੋਈ ਸੀ।
ਦਰਅਸਲ ਉਸ ਦਿਨ ਮੈਂ ਹਰ ਰੋਜ਼ ਦੀ ਤਰ੍ਹਾਂ ਆਪਣਾ ਆਖਰੀ ਪੀਰੀਅਡ ਪੜ੍ਹਾ ਕੇ ਦੁਪਹਿਰ ਨੂੰ ਪਿੰਡ ਨਿਕਲ ਗਿਆ ਸਾਂ ਜਿੱਥੇ ਵਾਹੀ ਦੇ ਕੰਮ ਲਈ ਅਮਰਾ ਮੈਨੂੰ ਉਡੀਕ ਰਿਹਾ ਸੀ। ਅਗਲੇ ਦਿਨ ਕਾਲਜ ਗਿਆ ਤਾਂ ਮੈਨੂੰ ਕਈ ਪਾਸਿਆਂ ਤੋਂ ḔਅੰਜਲਾḔ ਦੇ ਆਉਣ ਦੀ ਖਬਰ ਮਿਲੀ। ਪ੍ਰਿੰਸੀਪਲ ਨੇ ਸੱਦ ਕੇ ਮੈਨੂੰ ਉਸ ਦਿਨ ਦੀ ਗੈਰ ਹਾਜਰੀ ਦਾ ਸਬੱਬ ਪੁੱਛਿਆ। ਪ੍ਰਿੰਸੀਪਲ ਪੁਰਾਣਾ ਐਨ. ਸੀ. ਸੀ. ਅਫਸਰ ਹੋਣ ਕਰਕੇ ਬੜਾ ਸਖਤ ਤੇ ਰੋਅਬਮਾਰ ਸੀ। ਉਂਜ ਉਹ ਮੇਰਾ ਮੁਰੀਦ ਵੀ ਸੀ ਤੇ ਮੈਂ ਉਸ ਨੂੰ ਇਕ ਕਸੂਤੇ ਸਮੇਂ ਬਚਾਇਆ ਸੀ। ਫਿਰ ਵੀ ਮੈਂ ਘਬਰਾਇਆ ਕਿ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ। ਪਰ ਉਸ ਨੇ ਨਰਮਾਈ ਨਾਲ ਮੇਰਾ ਸਪਸ਼ਟੀਕਰਨ ਸੁਣ ਕੇ ਉਸ ਕੁੜੀ ਦਾ ਖਤ ਮੈਨੂੰ ਦੇ ਦਿੱਤਾ। ਇਹ ਚਿੱਠੀ ਅੱਜ ਵੀ ਮੇਰੀ ḔਪੁਰਾਤਤਵḔ ਫਾਈਲ ਵਿਚ ਕਿਤੇ ਪਈ ਹੋਈ ਹੈ।
ਆਪਣੇ ਬੁਲੰਦ ਇਕਬਾਲ ਦੇ ਇਸ ਮਾਹੌਲ ਵਿਚ ਦੋ ਕੁ ਦਿਨਾਂ ਬਾਅਦ ਜਦੋਂ ਮੈਂ ਸਟਾਫ ਰੂਮ ਵਿਚ ਬੈਠਾ ਸਾਂ ਤਾਂ ਚਪੜਾਸੀ ਇਕ ਬੰਦੇ ਨੂੰ ਮੇਰੇ ਕੋਲ ਲੈ ਕੇ ਆਇਆ। ਕਹਿਣ ਲੱਗਾ, “ਸਰ ਜੀ ਇਹ ਤੁਹਾਨੂੰ ਮਿਲਣਾ ਚਾਹੁੰਦੇ ਹਨ।” ਨਾਲ ਬੈਠੇ ਅਧਿਆਪਕ ਵੀ ਚੁਕੰਨੇ ਹੋ ਕੇ ਉਸ ਵੱਲ ਵੇਖਣ ਲੱਗੇ। ਮੈਂ ਉਸ ਨੂੰ ਆਉਣ ਦਾ ਸਬੱਬ ਪੁੱਛਣ ਹੀ ਵਾਲਾ ਸਾਂ ਕਿ ਉਹ ਪਹਿਲਾਂ ਹੀ ਬੋਲ ਪਿਆ, “ਮੈਂ ਜੀ ਲੈਂਡ ਮਾਰਟਗੇਜ਼ ਬੈਂਕ ਵਿਚੋਂ ਕਰਜੇ ਦੀ ਕਿਸ਼ਤ ਬਾਰੇ ਆਇਆ ਹਾਂ।” ਸੁਣ ਕੇ ਮੇਰੇ ਉਤੇ ਸੌ ਘੜ੍ਹਾ ਪਾਣੀ ਦਾ ਪੈ ਗਿਆ। ਮੇਰੀਆਂ ਉਚੀਆਂ ਸੋਚ ਉਡਾਰੀਆਂ ਦੇ ਖੰਭ ਕਤਰੇ ਗਏ। ਨਾਲ ਦੇ ਅਧਿਆਪਕ ਕੀ ਸਮਝਣਗੇ, ਮੈਂ ਕਰਜਾਈ ਹਾਂ! ਸੋਚ ਕੇ ਮੈਂ ਆਪਣੇ ਆਪ ਵਿਚ ਸੁੰਗੜਨ ਲੱਗਾ ਜਿਵੇਂ ਧਰਤੀ ਵਿਚ ਖੁੱਭ ਜਾਵਾਂਗਾ।
ਸ਼ਰਮਸ਼ਾਰ ਹੋਇਆ ਉਠ ਕੇ ਮੈਂ ਉਸ ਨੂੰ ਸਟਾਫ ਰੂਮ ਤੋਂ ਬਾਹਰ ਲੈ ਗਿਆ। ਬਾਹਰ ਦਰਖਤਾਂ ਹੇਠ ਜਾ ਕੇ ਮੈਂ ਉਸ ਨੂੰ ਭੜਕ ਕੇ ਬੋਲਿਆ, “ਸਰਦਾਰ ਜੀ ਇੱਥੇ ਕਿਉਂ ਆਏ ਹੋ, ਇਹ ਕੋਈ ਕਰਜ਼ੇ ਕਿਸਤਾਂ ਮੰਗਣ ਦੀ ਥਾਂ ਹੈ?” ਕਹਿਣ ਲੱਗਾ, “ਜਿੱਥੇ ਤੁਸੀਂ ਮਿਲੋਂਗੇ, ਅਸੀਂ ਤਾਂ ਉਥੇ ਈ ਜਾਣਾ ਐ ਜੀ।” ਮੈਂ ਗੁੱਸੇ ਵਿਚ ਸੂਹਾ ਹੋ ਕੇ ਬੋਲਿਆ, “ਮੈਂ ਤੁਹਾਡੇ ਬੰਦਿਆਂ ਨੂੰ ਸੌ ਵਾਰ ਕਿਹਾ ਐ ਮੇਰੇ ਪਿੱਛੇ ਚੱਕਰ ਨਾ ਮਾਰੋ, ਤੁਸੀਂ ਫਿਰ ਨਹੀਂ ਹਟਦੇ। ਤੁਹਾਡੇ ਦਫਤਰ ਸ਼ਿਕਾਇਤ ਦੇ ਕੇ ਆਇਆ ਹਾਂ ਉਸ ਦਾ ਵੀ ਤੁਹਾਡੇ ‘ਤੇ ਕੋਈ ਅਸਰ ਨਹੀਂ ਹੋਇਆ। ਚਾਹੁੰਦੇ ਕੀ ਹੋ ਤੁਸੀਂ, ਲੋਕਾਂ ਦੀਆਂ ਬੇਇੱਜਤੀਆਂ ਕਰ ਕੇ ਵਸੂਲੀਆਂ ਕਰਨਾ?” ਉਹ ਬੋਲਿਆ, “ਸਾਨੂੰ ਬੇਇੱਜਤੀ ਕਰਨ ਦਾ ਕੋਈ ਸ਼ੌਂਕ ਨੀ ਐਂ ਜੀ। ਅਸੀਂ ਤਾਂ ਆਪਣੀ ਡਿਊਟੀ ਕਰਦੇ ਆਂ। ਤੁਹਾਡੀ ਕਿਸ਼ਤ ਰਹਿੰਦੀ ਐ, ਜਮਾਂ ਕਰਾਓ ਆ ਕੇ। ਕਦੋਂ ਕਰਾਓਗੇ ਦਸੋ?”
ਉਸ ਦੇ ਜਵਾਬ-ਤਲਬ ਲਹਿਜੇ ਨੇ ਮੇਰੇ ਤਨ ਬਦਨ ਨੂੰ ਅੱਗ ਲਾ ਦਿਤੀ। ਮੈਂ ਕੜਕ ਕੇ ਕਿਹਾ, “ਜਾਓ ਜਾ ਕੇ ਮੇਰੀ ਚਿੱਠੀ ਪੜ੍ਹੋ, ਆਪਣੇ ਦਫਤਰ ਵਿਚ। ਉਸ ਵਿਚ ਸਭ ਲਿਖਿਆ ਹੈ, ਕਦੋਂ ਕਰਾਵਾਂਗਾ।” ਉਹ ਆਪਣੀ ਗੱਲ ‘ਤੇ ਅੜਦਾ ਬੋਲਿਆ, “ਚਿੱਠੀ ਈ ਦੇ ਕੇ ਆਏ ਓ, ਪੈਸੇ ਤਾਂ ਨੀ ਜਮ੍ਹਾਂ ਕਰਵਾ ਕੇ ਆਏ। ਮੈਂ ਪੈਸਿਆਂ ਦੀ ਗੱਲ ਕਰਦਾ ਆਂ।” ਜਵਾਬ ਦੇਣ ਦੀ ਥਾਂ ਮੈਂ ਕਿਹਾ, “ਤੁਸੀਂ ਇਹ ਗਲਤ ਗੱਲ ਗਲਤ ਥਾਂ ‘ਤੇ ਆ ਕੇ ਕਰ ਰਹੇ ਹੋ, ਸ੍ਰੀਮਾਨ ਜੀ। ਬਹਿਸ ਵਿਚ ਨਾ ਪਓ, ਇਹ ਚੁਫੇਰੇ ਘੁੰਮਦੇ ਵਿਦਿਆਰਥੀ ਜੇ ਇੱਧਰ ਇੱਕਠੇ ਹੋ ਗਏ ਤਾਂ ਫਿਰ ਤੁਹਾਡੇ ਸਵਾਲਾਂ ਦੇ ਜਵਾਬ ਇਹੀ ਦੇਣਗੇ!” ਕਹੀ ਤਾਂ ਇਹ ਗੱਲ ਮੈਂ ਉਸ ਨੂੰ ਆਪਣੇ ਡਰ ਦੇ ਮਾਰੇ ਨੇ ਸੀ ਪਰ ਉਹ ਇਸ ਤੋਂ ਘਬਰਾ ਜਿਹਾ ਗਿਆ।
“ਚਲੋ ਸਹੀ ਥਾਂ ‘ਤੇ ਆ ਕੇ ਸਹੀ ਗੱਲ ਕਰ ਲਾਂਗੇ।” ਇਹ ਆਖ ਉਹ ਚੁਪ-ਚਾਪ ਚਲਾ ਗਿਆ। ਉਸ ਨੂੰ ਖਦੇੜ ਕੇ ਮੈਂ ਮੱਲਕ ਜਿਹੇ ਜਾ ਕੇ ਸਟਾਫ ਰੂਮ ਵਿਚ ਇੰਜ ਬੈਠ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੇਰੇ ਅੰਦਰ ਤ੍ਰੇਲੀਆਂ ਚਲਦੀਆਂ ਰਹੀਆਂ ਤੇ ਕੰਨ ਲਾਲ ਰਹੇ। ਪਰ ਕਿਸੇ ਨੇ ਇਸ ਪਾਸੇ ਧਿਆਨ ਨਾ ਦਿੱਤਾ ਤੇ ਹੌਲੀ ਹੌਲੀ ਮੈਨੂੰ ਸੌਖਾ ਸਾਹ ਆਉਣ ਲੱਗਾ।
ਪਰ ਇਹ ਨਾਮੋਸ਼ੀ ਵਾਲੀ ਘਟਨਾ ਸਾਰਾ ਦਿਨ ਮੇਰੇ ਅੰਦਰ ਘੁੰਮਦੀ ਰਹੀ। ਮੈਂ ਸੋਚਿਆ ਇਹ ਬੇ-ਮਤਲਬ ਦੇ ਆਦਮੀ ਇਕ ਮਿੰਟ ਵਿਚ ਆ ਕੇ ਮੈਨੂੰ ਅਰਸ਼ ਤੋਂ ਫਰਸ਼ ‘ਤੇ ਸੁਟ ਜਾਂਦੇ ਹਨ। ਮੈਂ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹਾਂ ਤੇ ਇਹ ਆ ਕੇ ਮੈਨੂੰ ਮਾੜਾ ਸਾਬਤ ਕਰਦੇ ਹਨ। ਮੈਂ ਪਛੋਤਾਇਆ ਕਿ ਚੰਗਾ ਭਲਾ ਦੋ ਰੋਟੀਆਂ ਖਾਂਦਾ ਮੈਂ ਕਿਹੜੀ ਮੁਸੀਬਤ ਵਿਚ ਫਸ ਗਿਆ ਸਾਂ। ਬਹੁਤ ਸਾਲ ਪਹਿਲਾਂ ਬੇਫਿਕਰੀ ਦੇ ਦੌਰ ਵਿਚ ਪੜ੍ਹੀ ਲਿਓ ਟਾਲਸਟਾਏ ਦੀ ਕਹਾਣੀ “ਮਨੁਖ ਨੂੰ ਕਿੰਨੀ ਕੁ ਜਮੀਨ ਦੀ ਲੋੜ ਹੈ?” (੍ਹੋੱ ੁੰਚਹ .ਅਨਦ ਦੋeਸ ਅ ੰਅਨ ਂeeਦ?) ਮੇਰੇ ਦਿਮਾਗ ਵਿਚ ਘੁੰਮਣ ਲਗ ਪਈ। ਮੈਨੂੰ ਯਾਦ ਆਇਆ ਇਹ ਕਹਾਣੀ ਮੈਂ ਆਪਣੇ ਖੇਤ ਵਿਚ ਅੰਬ ‘ਤੇ ਚੜ੍ਹ ਕੇ ਪੜ੍ਹੀ ਸੀ। ਉਸ ਅੰਬ ਦੇ ਐਨ ਗੁੰਬਦ ਵਿਚ ਦੋ ਤਿੰਨ ਟਾਹਣੇ ਇਕ ਕੁਰਸੀ ਵਾਂਗ ਬਣੇ ਹੋਏ ਸਨ ਜਿੱਥੇ ਛੁਪ ਕੇ ਮੈਂ ਅਕਸਰ ਪੜ੍ਹਿਆ ਕਰਦਾ ਸਾਂ। ਇਸ ਕਹਾਣੀ ਵਿਚ ਪਾਹੋਮ ਨਾਂ ਦਾ ਗਰੀਬ ਕਿਸਾਨ ਕਿਤੋਂ ਇਹ ਸੁਣ ਲੈਂਦਾ ਹੈ ਕਿ ਰੂਸ ਦੇ ਇਕ ਜਿਲ੍ਹੇ ਵਿਚ ਸੌ ਰੂਬਲ ਵਿਚ ਇੰਨੀ ਜਮੀਨ ਮਿਲਦੀ ਹੈ, ਜਿੰਨੀ ਕੋਈ ਬੰਦਾ ਇਕ ਦਿਨ ਵਿਚ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੀਕ ਭੱਜ ਕੇ ਵਗਲ ਲਵੇ। ਪਰ ਅਸਫਲ ਰਹਿਣ ‘ਤੇ ਉਸ ਨੂੰ ਜਮੀਨ ਤੇ ਸ਼ਰਤ-ਦੋਹਾਂ ਤੋਂ ਹੱਥ ਧੋਣੇ ਪੈਣੇ ਸਨ। ਸੁਣ ਕੇ ਉਹ ਕਿਸਾਨ ਉਥੇ ਚਲਾ ਜਾਂਦਾ ਹੈ ਤੇ ਜਮੀਨ ਘੇਰਨ ਦੇ ਸੌ ਰੂਬਲ ਜਮਾਂ ਕਰਵਾ ਦਿੰਦਾ ਹੈ। ਸਵੇਰੇ ਉਠ ਕੇ ਉਹ ਇਕ ਨਿਸ਼ਾਨੀ ਤੋਂ ਦੌੜਨਾ ਸ਼ੁਰੂ ਕਰ ਦਿੰਦਾ ਹੈ ਜਿੱਥੇ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਉਸ ਨੇ ਵਾਪਸ ਪਹੁੰਚਣਾ ਹੁੰਦਾ ਹੈ। ਘੇਰੀ ਜਮੀਨ ਦੀ ਨਿਸ਼ਾਨਦੇਹੀ ਲਈ ਉਸ ਨਾਲ ਦੋ ਘੋੜ ਸਵਾਰ ਵੀ ਚਲਦੇ ਜਾਂਦੇ ਹਨ। ਦੌੜਦਾ ਉਹ ਹਰ ਚੰਗੀ ਥਾਂ ਵਗਲਦਾ ਜਾਂਦਾ ਹੈ ਤੇ ਲਾਲਚ-ਵਸ ਇਕ ਬਹੁਤ ਵੱਡਾ ਘੇਰਾ ਘੱਤ ਲੈਂਦਾ ਹੈ। ਦੁਪਹਿਰ ਬਾਅਦ ਉਹ ਟਿੱਲ ਦਾ ਜੋਰ ਲਾ ਕੇ ਦਾਈਏ ਵਲ ਭੱਜਦਾ ਹੈ ਪਰ ਸਮਾਂ ਥੋੜ੍ਹਾ ਰਹਿਣ ਕਾਰਨ ਉਸ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਸੂਰਜ ਛਿਪਣ ਲਗਦਾ ਹੈ। ਹਫਦਾ ਉਹ ਹੋਰ ਤੇਜ਼ ਦੌੜਦਾ ਹੈ ਤੇ ਰਸਤੇ ਵਿਚ ਹੀ ਫੁੜ੍ਹਕ ਕੇ ਮਰ ਜਾਂਦਾ ਹੈ। ਨਿਸ਼ਾਨਦੇਹੀ ਲਈ ਨਾਲ ਚਲਦੇ ਦੋ ਘੋੜ ਸਵਾਰ ਉਸ ਨੂੰ ਛੇ ਜਰਬ ਚਾਰ ਫੁਟ ਦੀ ਕਬਰ ਪੁੱਟ ਕੇ ਉਥੇ ਹੀ ਧਰਤੀ ਵਿਚ ਦਫਨਾ ਦਿੰਦੇ ਹਨ। ਕਹਾਣੀ ਦੇ ਸਿੱਟੇ ਅਨੁਸਾਰ ਮਨੁਖ ਨੂੰ ਕੇਵਲ ਇੰਨੀ ਹੀ ਜਮੀਨ ਦੀ ਲੋੜ ਹੈ, ਬਾਕੀ ਤਾਂ ਸਭ ਨਾ ਪੂਰੀ ਹੋਣ ਵਾਲੀ ਹਵਸ ਹੈ।
ਮੈਂ ਸੋਚਿਆ, ਉਸ ਮਹਾਨ ਲੇਖਕ ਦੀ ਕਹਾਣੀ ਵਿਚ ਇੰਨਾ ਦਮ ਹੈ ਕਿ ਇਹ ਅੱਜ ਵੀ ਉਨੀ ਹੀ ਸੱਚ ਸੀ ਜਿੰਨੀ ਇਕ ਸਦੀ ਪਹਿਲਾਂ ਜਦੋਂ ਲਿਖੀ ਗਈ ਸੀ। ਇਹ ਜਗਤ ਪ੍ਰਸਿਧ ਰਚਨਾ ਲੋਕਤੰਤਰੀ ਭਾਰਤ ਵਿਚ ਵੀ ਉਨੀ ਹੀ ਨਰੋਈ ਸੀ, ਜਿੰਨੀ ਜਾਰਸ਼ਾਹੀ ਰੂਸ ਵਿਚ।
ਮੈਂ ਪਛੋਤਾਇਆ, “ਫਿਰ ਮੈਂ ਇਸ ਨੂੰ ਧਿਆਨ ਵਿਚ ਕਿਉਂ ਨਾ ਰੱਖਿਆ?” ਸ਼ਾਇਦ ਮਨੁੱਖ ਉਦੋਂ ਵੀ ਇੰਨਾ ਹੀ ਢੀਠ ਸੀ, ਜਿੰਨਾ ਅੱਜ। ਕਹਾਣੀ ਉਦੋਂ ਦੀ ਹੀ ਲਿਖ ਕੇ ਧਰੀ ਪਈ ਸੀ, ਕਈਆਂ ਨੇ ਪੜ੍ਹੀ, ਕਈਆਂ ਨੇ ਸੁਣੀ, ਪਰ ਮੰਨੀ ਕਿਸੇ ਨੇ ਵੀ ਨਾ! ਕਹਾਣੀ ਵਿਚਲਾ ਸੱਚ ਮੇਰੇ ਦਿਲ ਨੂੰ ਮਧਾਣੀ ਵਾਂਗ ਰਿੜਕ ਕੇ ਸਤਾਉਣ ਲੱਗਾ। ਮੈਂ ਆਪਣੇ ਆਪ ਨੂੰ ਇਹ ਪੁੱਛਣ ਲਈ ਮਜ਼ਬੂਰ ਹੋ ਗਿਆ ਕਿ ਕਿਤੇ ਮੈਂ ਦੌੜ ਦੌੜ ਵਿਚ ਲੋੜ ਤੋਂ ਵਧ ਵਗਲਣ ਤਾਂ ਨਹੀਂ ਵਗਲ ਗਿਆ?
(ਚਲਦਾ)