ਪੰਜਾਬ ਟਾਈਮਜ਼ ਦੇ 7 ਜੁਲਾਈ 2018 ਦੇ ਅੰਕ ਵਿਚ ਉਘੇ ਵਿਦਵਾਨ ਸੁਮੇਲ ਸਿੰਘ ਸਿੱਧੂ ਨੇ ਆਪਣੇ ਲੇਖ ‘ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁਧ ਦੀ ਸੇਧ ਦਾ ਸਵਾਲ’ ਵਿਚ ਪੰਜਾਬ ਦੇ ਮੌਜੂਦਾ ਧਾਰਮਿਕ, ਸਿਆਸੀ, ਆਰਥਕ ਤੇ ਵਿਦਿਅਕ ਹਾਲਾਤ ਦੀ ਪੜਚੋਲ ਕੀਤੀ ਸੀ। ਉਸੇ ਲੇਖ ਵਿਚਲੀ ਗੱਲ ਨੂੰ ਅੱਗੇ ਤੋਰਦਿਆਂ ਅਸੀਂ ਪਿਛਲੇ ਅੰਕ ਵਿਚ ਸਿੱਖ ਵਿਚਾਰਵਾਨ ਗੁਰਬਚਨ ਸਿੰਘ ਜਲੰਧਰ ਅਤੇ ਡਾ. ਬਲਕਾਰ ਸਿੰਘ ਦੇ ਪ੍ਰਤੀਕਰਮ ਛਾਪੇ ਸਨ।
ਐਤਕੀਂ ਅਸੀਂ ਰਾਜਪਾਲ ਸਿੰਘ ਦੇ ਵਿਚਾਰ ਪਾਠਕਾਂ ਦੀ ਨਜ਼ਰ ਰਹੇ ਹਾਂ। -ਸੰਪਾਦਕ
ਰਾਜਪਾਲ ਸਿੰਘ
ਫੋਨ: 91-98767-10809
ਪੰਜਾਬੀ ਸਮਾਜ ਬਹੁਪੱਖੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਸ ਵਿਚੋਂ ਨਿਕਲਣ ਲਈ ਡੂੰਘੇ ਚਿੰਤਨ-ਮੰਥਨ ਦੀ ਲੋੜ ਹੈ। ਇਹ ਅਮਲ ਟੁੱਟਵੇਂ ਰੂਪ ਵਿਚ ਚੱਲ ਤਾਂ ਰਿਹਾ ਹੈ, ਪਰ ਬਹੁਤ ਹੱਦ ਤੀਕ ਰਵਾਇਤੀ ਸੋਚ ਪ੍ਰਣਾਲੀਆਂ ਤੋਂ ਪਾਰ ਨਹੀਂ ਜਾ ਰਿਹਾ। ਇਸ ਪ੍ਰਸੰਗ ਵਿਚ ਸੁਮੇਲ ਸਿੰਘ ਸਿੱਧੂ ਦਾ ਲੇਖ ‘ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ’ ਕੁਝ ਅਹਿਮ ਮੁੱਦੇ ਛੋਂਹਦਾ ਹੈ ਜਿਨ੍ਹਾਂ ਬਾਰੇ ਹੋਰ ਵਿਚਾਰ ਵਟਾਂਦਰੇ ਦੀ ਲੋੜ ਹੈ।
ਲੇਖ ਦੇ ਸਿਰਲੇਖ ਵਿਚ ਹੀ ‘ਹੀਰਵੰਨੇ ਪੰਜਾਬ’ ਦੀ ਸਿਰਜਣਾ ਦੀ ਗੱਲ ਕੀਤੀ ਗਈ ਹੈ। ਧਾਰਮਿਕ ਵੰਡੀਆਂ ਅਤੇ ਫਿਰਕੂ ਹਿੰਸਾ ਤੋਂ ਉਪਰ ਉਠ ਕੇ ਸਾਰੇ ਪੰਜਾਬੀਆਂ ਦੇ ਮੁਹੱਬਤ ਦੇ ਸਾਂਝੇ ਚਿੰਨ੍ਹ ਹੀਰ ਰਾਹੀਂ ਮੋਹ ਮੁਹੱਬਤ ਭਰਪੂਰ ਪੰਜਾਬ ਸਿਰਜਣ ਦੇ ਉਦੇਸ਼ ਨੂੰ ਪੇਸ਼ ਕੀਤਾ ਗਿਆ ਹੈ ਪਰ ਲੇਖਕ ਬਹੁਤੇ ਪੰਜਾਬੀ ਚਿੰਤਕਾਂ ਵਾਂਗ ਮੌਜੂਦਾ ਦੌਰ ਦੇ ਮਸਲਿਆਂ ਦੇ ਹੱਲ ਲਈ ਭੂਤਕਾਲ ‘ਤੇ ਹੀ ਟੇਕ ਰੱਖਦਾ ਹੈ ਜਦੋਂਕਿ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਦੇ ਹੱਲ ਵੀ ਅਜੋਕੇ ਦੌਰ ਦੇ ਸਿਧਾਂਤਾਂ ਅਤੇ ਵਿਧੀਆਂ ਵਿਚੋਂ ਹੀ ਲੱਭੇ ਜਾ ਸਕਦੇ ਹਨ।
ਲੇਖਕ ਦੀ ਇਹ ਇਮਾਨਦਾਰੀ ਹੈ ਕਿ ਉਹ ਵਿਗਿਆਨਕ ਤਰੱਕੀ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦਾ। ਉਹ ਮੰਨਦਾ ਹੈ, “ਤਕਨੀਕੀ ਵਿਕਾਸ ਰਾਹੀਂ ਤਰੱਕੀ ਕਰਨ ਦੀ ਤਤਫੱਟ ਮਾਨਸਿਕਤਾ ਨੇ ਪੰਜਾਬੀਆਂ ਨੂੰ ਜਿਣਸੀ ਤੌਰ ‘ਤੇ ਖੁਸ਼ਹਾਲੀ ਦਿੱਤੀ ਅਤੇ ਭਵਿਖ ਬਾਬਤ ਭਰੋਸਾ ਵੀ ਬੰਨ੍ਹਾਇਆ” ਅਤੇ ਉਹ ਇਸ ਨੂੰ “ਇੱਕ ਹੱਦ ਤੀਕ ਸਹੀ” ਕਰਾਰ ਦਿੰਦਾ ਹੈ ਪਰ ਅੱਗੇ ਜਾ ਕੇ ਲੇਖ ਦੀ ਮੁੱਖ ਸੁਰ ਤਕਨੀਕੀ ਤਰੱਕੀ ਦੇ ਉਲਟ ਹੋ ਜਾਂਦੀ ਹੈ ਅਤੇ ਇਸ ਲਈ ‘ਤਕਨੀਕਪ੍ਰਸਤੀ’ ਸ਼ਬਦ ਵਰਤਿਆ ਜਾਂਦਾ ਹੈ। ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਵਿਗਿਆਨ ਨੇ ਹੀ ਮਨੁੱਖੀ ਜੀਵਨ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਦਿਆਂ ਭੌਤਿਕ ਦੁੱਖਾਂ ਤੋਂ ਛੁਟਕਾਰਾ ਹਾਸਲ ਕਰਨਾ ਸੰਭਵ ਬਣਾਇਆ ਹੈ। ਸੋ, ਤਕਨੀਕ ਨੂੰ ਨਿੰਦਣ ਦੀ ਜਗ੍ਹਾ, ਲੋੜ ਤਕਨੀਕ ਦੀ ਮੁਨਾਫੇ ਲਈ ਵਰਤੋਂ ਦਾ ਵਿਰੋਧ ਕਰਨ ਅਤੇ ਇਸ ਨੂੰ ਮਨੁੱਖ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿਚੋਂ ਕੱਢ ਕੇ ਮਨੁੱਖ ਹਿਤੈਸ਼ੀ ਸ਼ਕਤੀਆਂ ਦੇ ਕੰਟਰੋਲ ਹੇਠ ਲਿਆਉਣ ਦੀ ਹੈ।
ਸੁਮੇਲ ਸਿੰਘ ਤਕਨੀਕੀ ਤਰੱਕੀ ਅਤੇ ਮਾਨਵੀ ਕਦਰਾਂ ਕੀਮਤਾਂ ਦਾ ਸੁਮੇਲ ਕਰਨ ਦਾ ਰਾਹ ਲੱਭਣ ਦੀ ਥਾਂ ਇਨ੍ਹਾਂ ਨੂੰ ਵਿਰੋਧੀ ਜੁੱਟਾਂ ਵਜੋਂ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਲੇਖਕ ਅੰਗਰੇਜ਼ੀ-ਪੰਜਾਬੀ, ਤਕਨੀਕ-ਰਵਾਇਤ, ਸ਼ਹਿਰੀ-ਪੇਂਡੂ ਦੇ ਵਿਰੋਧੀ ਜੁੱਟ ਬਣਾ ਕੇ ਅੰਗਰੇਜ਼ੀ ਪੜ੍ਹੀ, ਤਕਨੀਕੀ ਸਾਧਨਾਂ ਨੂੰ ਵਰਤਣ ਵਾਲੀ, ਸ਼ਹਿਰੀ ਸ਼੍ਰੇਣੀ ਦੇ ਜਿਉਣ ਢੰਗ ਨੂੰ ਰੱਦ ਕਰਦਿਆਂ ਪੇਂਡੂ ਰਹਿਤਲ ਅਤੇ ਪੰਜਾਬ ਦੇ ਰਵਾਇਤੀ ਸੋਚ ਪ੍ਰਬੰਧ ਨਾਲ ਜੁੜਨ ਦਾ ਸੱਦਾ ਦਿੰਦਾ ਹੈ। ਇਹ ਸਭ ਕੁਝ ਪੀੜ੍ਹੀਆਂ ਤੋਂ ਚਲਦੇ ਆ ਰਹੇ ਜੀਵਨ ਢੰਗ ਨੂੰ ਵਡਿਆਉਂਦਾ ਹੋਣ ਕਰਕੇ ਸਮੂਹਿਕ ਅਵਚੇਤਨ ਨੂੰ ਚੰਗਾ ਲੱਗਦਾ ਹੈ, ਖਾਸਕਰ ਜਦੋਂ ਇਸ ਨੂੰ ਪੰਜਾਬ ਦੇ ਮਹਾਂਪੁਰਖਾਂ ਨਾਲ ਜੋੜ ਕੇ ਸ਼ਾਇਰਾਨਾ ਅੰਦਾਜ਼ ਵਿਚ ਪੇਸ਼ ਕੀਤਾ ਜਾਵੇ ਪਰ ਪੰਜਾਬੀ ਸਮਾਜ ਦੀਆਂ ਅਸਲ ਲੋੜਾਂ ਕੁਝ ਹੋਰ ਮੰਗ ਕਰਦੀਆਂ ਹਨ। ਜਿਵੇਂ ਪੰਜਾਬੀ ਭਾਸ਼ਾ ਪ੍ਰਤੀ ਭਾਵੁਕ ਮੋਹ ਦਿਖਾਉਣ ਦੀ ਥਾਂ ਇਸ ਵਿਚ ਆਧੁਨਿਕ ਗਿਆਨ ਵਿਗਿਆਨ ਉਪਲੱਬਧ ਕਰਵਾਉਣ ਦੀ ਲੋੜ ਹੈ, ਤਕਨੀਕ ਨੂੰ ਸਰਮਾਏ ਦੀ ਜਕੜ ਵਿਚੋਂ ਮੁਕਤ ਕਰਕੇ ਮਨੁੱਖੀ ਸਰਦਾਰੀ ਹੇਠ ਲਿਆਉਣ ਅਤੇ ਸ਼ਹਿਰੀ ਪੇਂਡੂ ਜੀਵਨ ਵਿਚ ਸਹੂਲਤਾਂ ਤੇ ਸਾਧਨਾਂ ਦੇ ਵਖਰੇਵੇਂ ਖਤਮ ਕਰਨ ਦੀ ਲੋੜ ਹੈ। ਕਿਸੇ ਵੀ ਸਮਾਜ ਨੂੰ ਪੁਰਾਣੇ ਸਮਿਆਂ ਵਿਚ ਸਥਿਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਸਮਾਜ ਪਿਛਾਂਹ ਵੱਲ ਮੁੜ ਸਕਦਾ ਹੈ। ਜੇ ਸਰਮਾਏ ਤੋਂ ਆਜ਼ਾਦੀ ਦੇ ਪਿਛਲੀ ਸਦੀ ਵਿਚ ਸਥਾਪਤ ਹੋਏ ਰਾਹ ਅਤੇ ਮਾਡਲ ਅਸਫਲ ਹੋਏ ਹਨ ਤਾਂ ਉਸ ਤੋਂ ਪਹਿਲੀਆਂ ਸਦੀਆਂ ਦੇ ਮਾਡਲ ਵੀ ਹੁਣ ਕੰਮ ਨਹੀਂ ਆ ਸਕਣਗੇ। ਇਸ ਲਈ ਹੋਰ ਨਵੇਂ ਰਾਹ ਤਲਾਸ਼ਣੇ ਪੈਣਗੇ।
ਲੇਖਕ ਅਹਿਮ ਮੁੱਦਾ ਕਰੁਣਾ ਦੀ ਘਾਟ ਦਾ ਉਠਾਉਂਦਾ ਹੈ ਜਿਸ ਕਾਰਨ ਪੰਜਾਬ ਵਿਚ ਹਿੰਸਾ ਅਤੇ ਪ੍ਰਤੀਹਿੰਸਾ ਦੇ ਬਹੁਤ ਭੈੜੇ ਦੌਰ ਚਲਦੇ ਰਹੇ ਹਨ। ਇਸ ਵਿਚ ਉਹ ਅੱਸੀਵਿਆਂ ਵਿਚ ਅਸਾਲਟਧਾਰੀ ਸਿੱਖ ਖਾੜਕੂਆਂ ਦੀ ਦਹਿਸ਼ਤਗਰਦੀ ਅਤੇ ਸਟਾਲਿਨੀ ਦੌਰ ਵਿਚ ਕਮਿਊਨਿਸਟ ਪ੍ਰਬੰਧ ਅਧੀਨ ਹੋਈ ਹਿੰਸਾ ਤੇ ਜਬਰ ਨੂੰ ਕ੍ਰਮਵਾਰ ਸਿੱਖ ਸਿਧਾਂਤਾਂ ਅਤੇ ਮਾਰਕਸਵਾਦ ਨੂੰ ਸ਼ਰਮਿੰਦਾ ਕਰਨ ਵਾਲਾ ਬਿਆਨਦਾ ਹੈ। ਉਹ ਅਜਿਹੇ ‘ਹਿੰਸਕ ਪੈਂਤੜੇ ਦੀ ਪੈਰ ਗੱਡ ਕੇ ਸਿਧਾਂਤਕ ਆਲੋਚਨਾ’ ਕਰਨ ਦੀ ਮੰਗ ਕਰਦਾ ਹੈ ਜਿਸ ਤੋਂ ਸਹੀ ਸੋਚ ਵਾਲਾ ਕੋਈ ਵੀ ਮਨੁੱਖ ਮੁਨਕਰ ਨਹੀਂ ਹੋ ਸਕਦਾ। ਪੰਜਾਬੀ ਚਿੰਤਨ ਵਿਚ ਨਹਿਰੂ ਦੌਰ ਦੀਆਂ ਮੁਕਾਬਲਤਨ ਅਗਾਂਹਵਧੂ ਧਾਰਨਾਵਾਂ ਦਾ ਜ਼ਿਕਰ ਬਹੁਤ ਘੱਟ ਕੀਤਾ ਜਾਂਦਾ ਹੈ ਅਤੇ ਅਜੋਕੇ ਸਮਿਆਂ ਵਿਚ ਤਾਂ ਇਨ੍ਹਾਂ ਦਾ ਦੇਸ਼ ਭਰ ਵਿਚ ਯੋਜਨਾਬੱਧ ਢੰਗ ਨਾਲ ਨਿਗੂਣਾਕਰਨ ਕੀਤਾ ਜਾ ਰਿਹਾ ਹੈ, ਪਰ ਲੇਖਕ ਪੰਜਾਬ ਦੀ ਦੁਖਾਂਤਕ ਸਥਿਤੀ ਵਿਚ ਇਸ ਨੂੰ ਵੀ ਜੋੜ ਕੇ ਆਪਣੇ ਵਿਸ਼ਲੇਸ਼ਣ ਦੇ ਆਧਾਰ ਨੂੰ ਹੋਰ ਚੌੜਾ ਕਰਦਾ ਹੈ, ਜਦੋਂ ਉਹ ਲਿਖਦਾ ਹੈ, “ਨਹਿਰੂ ਦੌਰ ਦੀਆਂ ਸੰਸਥਾਵਾਂ ਦੇ ਪਤਨ ਦੇ ਨਾਲ ਨਾਲ ਸਹਿਜ-ਵਿਵੇਕ-ਕਰੁਣਾ ਨੂੰ ਜ਼ਲੀਲ ਕਰਕੇ ਪੰਜਾਬ ਤਿੱਖੀ ਤੱਤੀ ਵਾਰਤਾ ਦਾ, ਹਿੰਸਾ ਦੀ ਸਭਿਅਤਾ ਦਾ ਸਿਰਨਾਵਾਂ ਬਣਦਾ ਤੁਰਿਆ ਗਿਆ।”
ਇਸ ਤਰ੍ਹਾਂ ਲੇਖਕ ਪੰਜਾਬ ਦੀ ਦੁਖਾਂਤਕ ਸਥਿਤੀ ਅਤੇ ਇਸ ਨੂੰ ਦਰਪੇਸ਼ ਮਸਲਿਆਂ ਦੀ ਨਿਸ਼ਾਨਦੇਹੀ ਤਾਂ ਬਹੁਤ ਜ਼ੋਰਦਾਰ ਢੰਗ ਨਾਲ ਕਰਦਾ ਹੈ, ਪਰ ਇਸ ਸਥਿਤੀ ਲਈ ਜ਼ਿੰਮੇਵਾਰ ਸ਼ਕਤੀਆਂ ਨੂੰ ਟਿੱਕਣ ਅਤੇ ਉਨ੍ਹਾਂ ਨੂੰ ਪਛਾੜਨ ਵੱਲ ਕੋਈ ਕਦਮ ਨਹੀਂ ਵਧਾਉਂਦਾ। ਜੇ ਨੌਜਵਾਨ ਅਜਿਹੇ ਰਾਂਝੇ ਬਣ ਰਹੇ ਹਨ ਜਿਨ੍ਹਾਂ ਨੂੰ ‘ਵੰਝਲੀ ਵਿਚ ਸਾਹ ਭਰਨਾ ਵੀ ਨਹੀਂ ਆਉਂਦਾ’ ਤਾਂ ਅਜਿਹੀ ਮਾਨਸਿਕਤਾ ਪਿੱਛੇ ਪਏ ਕਾਰਨ ਵੀ ਲੱਭਣੇ ਹੋਣਗੇ। ਕਿਸੇ ਵੀ ਪੀੜ੍ਹੀ ਦੇ ਵਿਚਾਰ ਉਸ ਦੌਰ ਦੇ ਹਾਲਾਤ ਦੀ ਪੈਦਾਵਾਰ ਹੁੰਦੇ ਹਨ। ਉਨ੍ਹਾਂ ਹਾਲਾਤ ਨੂੰ ਬਦਲੇ ਬਿਨਾ ਸਿਰਫ ਲੇਖਾਂ ਅਤੇ ਲੈਕਚਰਾਂ ਰਾਹੀਂ ਚੰਗਾ ਸਭਿਆਚਾਰ ਉਸਾਰਿਆ ਨਹੀਂ ਜਾ ਸਕਦਾ। ਸਮੁੱਚੀ ਧਰਤੀ ਦੇ ਸਾਧਨਾਂ ਅਤੇ ਸਰਮਾਏ ਨੂੰ ਕੰਟਰੋਲ ਕਰਦੀਆਂ ਧੜਵੈਲ ਕਾਰਪੋਰੇਸ਼ਨਾਂ ਦੇ ਚਮਚਮਾਉਂਦੇ ਸ਼ੋਅਰੂਮਾਂ, ਮਾਲਜ਼, ਸੁਪਰ ਸਟੋਰਾਂ, ਨਵੇਂ ਨਵੇਂ ਮਾਡਲਾਂ ਦੀਆਂ ਗੱਡੀਆਂ, ਮੋਬਾਈਲਾਂ, ਬ੍ਰਾਂਡਿਡ ਵਸਤਾਂ ਦੀ ਚਕਾਚੌਂਧ ਨਾਲ ਭਰਮਾਏ ਨੌਜਵਾਨਾਂ ਦੀ ਸੋਚ ਨੂੰ ਕਰੋੜਾਂ ਦੀ ਲਾਗਤ ਨਾਲ ਬਣਾਈਆਂ ਜਾਂਦੀਆਂ ਫਿਲਮਾਂ, ਅੱਧਨੰਗੀਆਂ ਮਾਡਲਾਂ ਦੇ ਨਖਰੇ ਅਤੇ ਟੀ. ਵੀ. ਚੈਨਲਾਂ ‘ਤੇ ਘਰ ਘਰ ਦਿਖਾਈ ਜਾਂਦੀ ਦਿਖਾਵੇ ਭਰੀ ਜ਼ਿੰਦਗੀ ਉਧਾਲ ਕੇ ਲੈ ਜਾਂਦੀ ਹੈ, ਜਿਥੋਂ ਉਹ ਹੀਰ ਦੇ ਬੇਲਿਆਂ ਨੂੰ ਨਹੀਂ ਮੁੜ ਸਕਦੇ। ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ ਦੇ ਸੰਕਲਪ ਲਿਖਣ-ਬੋਲਣ ਨੂੰ ਚੰਗੇ ਹਨ, ਪਰ ਇਨ੍ਹਾਂ ਨੂੰ ਸਾਕਾਰ ਕਰਨ ਲਈ ਅਜਿਹਾ ਆਰਥਕ-ਸਮਾਜਕ-ਰਾਜਨੀਤਕ ਢਾਂਚਾ ਉਸਾਰਨਾ ਪਵੇਗਾ ਜਿਥੇ ਸਰਮਾਏ ਦੀ ਜਕੜ ਤੋੜ ਕੇ ਇਹ ਸੰਕਲਪ ਸਾਕਾਰ ਹੋ ਸਕਣ। ਅਜਿਹਾ ਰਾਜਨੀਤਕ ਪ੍ਰਬੰਧ ਉਸਾਰਨ ਲਈ ਕੀ ਕਰਨਾ ਲੋੜੀਂਦਾ ਹੈ, ਕਿਹੜਾ ਰਾਹ ਅਪਨਾਉਣ ਦੀ ਲੋੜ ਹੈ? ਇਨ੍ਹਾਂ ਸਵਾਲਾਂ ਬਾਰੇ ਲੇਖ ਬਿਲਕੁਲ ਚੁੱਪ ਹੈ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹ ਲੇਖ ਪੰਜਾਬੀ ਮਨ ਦੇ ਅਵਚੇਤਨ ਨੂੰ ਸੰਬੋਧਿਤ ਹੈ, ਅਵਚੇਤਨ ਧਾਰਨਾਵਾਂ ਦੀ ਆਪਣੀ ਸ਼ਕਤੀ ਹੁੰਦੀ ਹੈ ਪਰ ਮੌਜੂਦਾ ਸੰਕਟ ਵਿਚੋਂ ਲੰਘਣ ਲਈ ਚੇਤਨ ਕੋਸ਼ਿਸ਼ਾਂ ਦੀ ਲੋੜ ਹੈ ਜਿਸ ਲਈ ਸ਼ਾਇਰਾਨਾ ਟਿੱਪਣੀਆਂ ਨਾਲੋਂ ਠੋਸ ਜੁਗਤਾਂ ਘੜਨ ਦੀ ਲੋੜ ਹੈ।