ਭੈਣੇ ਸਾਵਣ ਆਇਆ…

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਅੱਜ ਤੜਕੇ ਸਵੇਰੇ ਸਵੇਰੇ ਧੰਮੀ ਵੇਲੇ ਪਤਾ ਨਹੀਂ ਕਿਸ ਸੁਪਨ ਦੇਸ਼ ਵਿਚ ਪਹੁੰਚੀ ਹੋਈ ਸਾਂ, ਇਹ ਤਾਂ ਮਾਲਕ ਹੀ ਜਾਣੇ ਪਰ ਉਹ ਅਦਭੁਤ ਨਜ਼ਾਰਾ ਸੀ ਬੜਾ ਹੀ ਅਲੌਕਿਕ ਤੇ ਖੂਬਸੂਰਤ; ਜਿਸ ਪਾਸੇ ਵੇਖੋ ਹਰੇ ਭਰੇ ਰੁਖ ਕਿਸੇ ਮਸਤੀ ਵਿਚ ਝੂਮ ਰਹੇ ਸਨ, ਕੁਝ ਫੁੱਲਾਂ ਨਾਲ ਭਰੇ ਹੋਏ ਅਤੇ ਕਈ ਫਲਾਂ ਨਾਲ ਲੱਦੇ ਧਰਤੀ ਵੱਲ ਨੂੰ ਝੁਕੇ ਹੋਏ। ਸੀ ਕੋਈ ਵਿਸ਼ਾਲ ਜੰਗਲ, ਪਰ ਬਾਗਾਂ ਤੋਂ ਵੀ ਕਿਤੇ ਵੱਧ ਕੇ ਸੋਹਣਾ, ਨਾ ਇਹ ਰਾਤ ਸੀ ਅਤੇ ਨਾ ਹੀ ਇਹ ਦਿਨ ਸੀ, ਇਹ ਅੰਮ੍ਰਿਤ ਵੇਲਾ ਸੀ।

ਜੰਗਲ ਦੇ ਐਨ ਵਿਚ ਦੀ ਆਹਿਸਤਾ ਆਹਿਸਤਾ ਤੁਰੀ ਜਾਂਦੀ ਇਕ ਅੰਮ੍ਰਿਤ ਮਈ ਜਲ ਨਾਲ ਭਰਪੂਰ ਨਦੀ, ਸਵੇਰ ਦੀ ਮਿੱਠੀ ਮਿੱਠੀ ਠੰਢ ਅਤੇ ਤਪਸ਼ ਦਾ ਅਨੋਖਾ ਸੁਮੇਲ, ਕਦੀ ਕਦੀ ਮਸਤ ਪਵਣ ਵੀ ਆਪਣੇ ਅੰਦਾਜ਼ ਵਿਚ ਰੁਮਕਦੀ ਫੁਲ ਪੱਤੇ ਟਾਹਣੀਆਂ ਨਾਲ ਅਠਖੇਲੀਆਂ ਕਰਦੀ ਆਪਣੇ ਸੋਹਲ ਕਦਮ ਬੋਚ ਬੋਚ ਧਰਦੀ ਕੋਲੋਂ ਦੀ ਲੰਘ ਜਾਂਦੀ। ਅਚਾਨਕ ਤਾਰੇ ਦਿਸਣੇ ਬੰਦ ਹੋ ਗਏ ਅਤੇ ਕੁਝ ਹਨੇਰਾ ਜਿਹਾ ਭਾਸਿਆ। ਨਾਲ ਹੀ ਬੱਦਲਾਂ ਦੇ ਗੱਜਣ ਦੀ ਆਵਾਜ਼ ਵੀ ਆ ਗਈ, ਬਿਜਲੀ ਪੂਰੇ ਜਲੌਅ ਨਾਲ ਚਮਕੀ ਵੀ ਅਤੇ ਗੜਕੀ ਵੀ, ਨੀਲੇ ਗਗਨ ਨੂੰ ਕਾਲੀਆਂ ਘਨਘੋਰ ਘਟਾਵਾਂ ਨੇ ਆਪਣੇ ਪਿਛੇ ਕਿਤੇ ਲੁਕੋ ਲਿਆ ਸੀ, ਪਤਾ ਨਹੀਂ ਕਿਸ ਪਾਸਿਓਂ ਇਕ ਗੈਬੀ ਆਵਾਜ਼ ਆਈ,
ਮੋਰੀ ਰੁਣ ਝੁਣ ਲਾਇਆ॥
ਭੈਣੇ ਸਾਵਣ ਆਇਆ॥
ਨਿਕੀਆਂ ਨਿਕੀਆਂ ਬੂੰਦਾ ਜਿਉਂ ਹੀ ਧਰਤੀ ਵਲ ਨੂੰ ਦੌੜੀਆਂ, ਕੋਇਲਾਂ ਦੀਆਂ ਸੁਰੀਲੀਆਂ ਮਨਮੋਹਕ ਆਵਾਜ਼ਾਂ ਜੰਗਲ ਵਿਚ ਗੂੰਜ ਉਠੀਆਂ, ਮੋਰਾਂ ਨੇ ਖੰਭ ਫੈਲਾ ਕੇ ਆਪਣੇ ਪ੍ਰੀਤਮ ਨੂੰ ਰੀਝਾਉਣ ਲਈ ਨ੍ਰਿਤ ਕਰਨਾ ਸ਼ੁਰੂ ਕਰ ਦਿੱਤਾ, ਕਾਲੇ ਬੱਦਲ ਛਾਏ ਵੇਖ ਪਪੀਹਾ ਵੀ ਪੀਓ ਪੀਓ ਪੀਓ ਪੀਓ ਕਰ ਲੱਗਾ ਪੀਆ ਨੂੰ ਪੁਕਾਰਨ, ਨਦੀ ਦੇ ਪਾਣੀ ਅਤੇ ਹਵਾ ਨਾਲ ਮਿਲ ਕੇ ਦੂਰ ਪਰਾਂ ਕਿਤਿਓਂ ਆਵਾਜ਼ ਚਾ ਕੰਨੀ ਪਈ,
ਸਾਵਣ ਆਇਆ ਹੇ ਸਖੀ ਜਲਹਰ ਬਰਸਨ ਹਾਰ॥
ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ॥
ਸਾਵਣ ਆਇਆ ਹੇ ਸਖੀ ਕੰਤੈ ਚਿਤੁ ਧਰੇਹੁ॥
ਨਾਨਕ ਝੂਰ ਮਰਉ ਦੋਹਾਗਣੀ ਜਿਨ ਅਵਰੀ ਲਾਗਾ ਨੇਹੁ॥
ਇਸ ਅਗੰਮੀ ਆਵਾਜ਼ ਦੇ ਵਿਚ ਇਕ ਬ੍ਰਿਹਾ ਸੀ, ਇਕ ਤੜਪ ਸੀ, ਇਕ ਸੁਨੇਹੜਾ ਸੀ, ਇਕ ਸੱਦਾ ਸੀ, ਜਿਵੇਂ ਮੈਨੂੰ ਹੀ ਆਵਾਜ਼ ਦਿੱਤੀ ਜਾ ਰਹੀ ਹੋਵੇ, ਸੁਣ ਕੇ ਆਪਣੇ ਆਪ ਹੱਥ ਜੁੜ ਗਏ, ਆਪ ਮੁਹਾਰੇ ਪੈਰਾਂ ਨੇ ਵੀ ਉਸ ਪਾਸੇ ਵਲ ਨੂੰ ਤੁਰਨਾ ਸ਼ੁਰੂ ਕਰ ਦਿਤਾ, ਕੌਣ ਜਾਣੇ ਇਹ ਪੰਧ ਕਿੰਨਾ ਕੁ ਲੰਮੇਰਾ ਸੀ, ਖਵਰੇ ਵਾਟ ਕਿੰਨੀ ਕੁ ਲੰਮੀ ਸੀ? ਕੀ ਪਤਾ। ਪਰ ਉਥੇ ਤਾਂ ਜਾਣਾ ਹੀ ਸੀ, ਪਤਾ ਨਹੀਂ ਕਿੰਨਾ ਚਿਰ ਤੁਰਦੀ ਰਹੀ ਪਰ ਉਹ ਆਵਾਜ਼ ਜੋ ਪਹਿਲਾਂ ਕਿਤੇ ਦੂਰੋਂ ਆਉਂਦੀ ਪ੍ਰਤੀਤ ਹੁੰਦੀ ਸੀ, ਹੁਣ ਨੇੜੇ ਹੁੰਦੀ ਜਾਪ ਰਹੀ ਸੀ। ਤੁਰਦੀ ਤੁਰਦੀ ਖੌਰੇ ਕਿੰਨਾ ਕੁ ਅੱਗੇ ਆ ਗਈ ਸਾਂ, ਜਾਪਿਆ ਟਿਕਾਣਾ ਕਿਤੇ ਬਹੁਤੀ ਦੂਰ ਨਹੀਂ, ਨੇੜੇ ਹੈ। ਆਵਾਜ਼ ਮੇਰੇ ਅੰਦਰ ਨੂੰ ਧੂਹ ਪਾ ਰਹੀ ਸੀ, ਇਹ ਉਹ ਆਵਾਜ਼ ਸੀ ਜੋ ਮੁਰਦਿਆਂ ਨੂੰ ਸੁਰਜੀਤ ਕਰ ਦੇਵੇ। ਜਦ ਦੇਖਿਆ ਤਾਂ ਦੋ ਰੱਬ ਵਰਗੇ ਰੱਬ ਦੇ ਪਿਆਰੇ ਬੈਠੇ ਨਜ਼ਰ ਆਏ,
ਇਕ ਫਕੀਰ ਰਬਾਬ ਵਜਾਵੇ, ਦੂਜਾ ਗਾਵੇ ਧੁਰ ਕੀ ਬਾਣੀ।
ਬਾਣੀ ਸੁਣਦਾ ਹੌਲੀ ਹੌਲੀ, ਤੁਰਦਾ ਪਿਆ ਸੀ ਨਦੀ ਦਾ ਪਾਣੀ।
ਸਿਰ ਝੁਕਿਆ ਤੇ ਓਥੇ ਹੀ ਬੈਠ ਗਈ, ਪਤਾ ਨਹੀਂ ਇਹ ਅਨਹਦ ਵਾਜੇ ਕਿੰਨਾ ਕੁ ਚਿਰ ਵੱਜਦੇ ਰਹੇ ਹੋਣਗੇ ਪਰ ਮੈਂ ਅੰਦਰੋਂ-ਬਾਹਰੋਂ ਭਿਜ ਚੁਕੀ ਸਾਂ। ਤਨ ਤੇ ਮਨ ਕਿਸੇ ਵਿਸਮਾਦ ਅਵਸਥਾ ਵਿਚ ਗੜੂੰਦ ਹੋ ਝੂਮ ਰਹੇ ਸਨ, ਓਥੇ ਸਾਰੀ ਮੈਂ ਮਰ ਚੁਕੀ ਸੀ ਅਤੇ ਸਿਰਫ ਤੂੰ ਹੀ ਤੂੰ ਸੁਣਾਈ ਦੇ ਰਿਹਾ ਸੀ, ਕਦੋਂ ਕਿਵੇਂ ਅਤੇ ਕੀ ਹੋਇਆ, ਉਸ ਅਰਸ਼ੀ ਮਾਲਕ ਨੇ ਮਿਹਰ ਦੀ ਨਜ਼ਰ ਜਦ ਪਾਈ ਤੇ ਮੈਂ ਉਸ ਥਾਂ ਜਾ ਪਹੁੰਚੀ ਜਿਥੇ ਵੇਈਂ ਨਦੀ ਦਾ ਕਿਨਾਰਾ ਸੀ ਅਤੇ ਗੁਰੂ ਦਾ ਦੁਆਰਾ ਸੀ, ਜਿਥੇ ਮੇਰਾ ਨਿਕੜਾ ਬਚਪਨ ਬੀਤਿਆ ਸੀ। ਪਿੰਡ ਵਿਚ ਗਹਿਮਾ ਗਹਿਮ ਸੀ। ਸਾਉਣ ਮਹੀਨਾ ਜੋ ਚੜ੍ਹ ਪਿਆ ਸੀ, ਸੱਜ ਵਿਆਹੀਆਂ ਧੀਆਂ ਪੇਕੇ ਪਿੰਡ ਆ ਗਈਆਂ ਸਨ, ਉਨ੍ਹਾਂ ਦੇ ਵੀਰੇ ਗਏ ਸਨ, ਉਨ੍ਹਾਂ ਨੂੰ ਲੈਣ। ਸਾਉਣ ਦਾ ਮਹੀਨਾ,
ਸਾਵੇਂ ਖੇਡਣ ਦਾ ਮਹੀਨਾ, ਤੀਆਂ ਦਾ ਮਹੀਨਾ, ਰੌਣਕਾਂ ਹੀ ਰੌਣਕਾਂ।
ਲੋਕ ਖੁਸ਼ ਸਨ ਕਿ ਸਾਉਣ ਆ ਗਿਆ ਹੈ, ਮੀਂਹ ਪੈਣਗੇ, ਫਸਲਾਂ ਚੰਗੀਆਂ ਹੋਣਗੀਆਂ ਤਾਂ ਘਰਾਂ ਵਿਚ ਦਾਣੇ ਆਉਣਗੇ। ਨਾਲੇ ਤਾਂ ਖਾਣ ਲਈ ਕੋਠੀਆਂ ਭੜੋਲੇ ਭਰ ਕੇ ਰੱਖ ਲਵਾਂਗੇ ਅਤੇ ਕੁਝ ਵੇਚ ਵੱਟ ਕੇ ਪਿਛਲੇ ਕਰਜੇ ਵੀ ਲਾਹ ਲਵਾਂਗੇ।
ਗੁਰਦੁਆਰਾ ਸਾਹਿਬ ਵੀ, ਜੋ ਉਸ ਵੇਲੇ ਤਾਂ ਮਸੀਤ ਵਿਚ ਹੀ ਸੀ, ਰੌਣਕ ਲਗਣੀ ਸ਼ੁਰੂ ਹੋ ਗਈ ਸੀ। ਪਿੰਡ ਵਿਚ ਇਕੋ ਇਕ ਖੂਹੀ ਸੀ, ਉਹ ਵੀ ਗੁਰੂ ਘਰ ਦੇ ਵਿਹੜੇ ਵਿਚ। ਸਾਰੇ ਪਿੰਡ ਦੀਆਂ ਬੀਬੀਆਂ ਨੇ ਘਰਾਂ ਲਈ ਪਾਣੀ ਵੀ ਉਥੋਂ ਹੀ ਭਰਨ ਆਉਣਾ। ਪਿੰਡ ਵਿਚ ਜਿਹੜੇ ਦੋ ਵੱਡੇ ਦਰਖਤ ਸਨ ਪਿਪਲ ਤੇ ਬੋਹੜ, ਉਹ ਵੀ ਗੁਰਦੁਆਰੇ ਵਿਚ ਹੀ ਸਨ। ਗੁਰੂ ਘਰ ਦੇ ਐਨ ਪਿਛਲੇ ਪਾਸੇ ਦਾਇਰਾ ਸੀ ਜਿਥੇ ਕੋਈ ਵੀਹ-ਬਾਈ ਹਰੇ ਭਰੇ ਸੰਘਣੀਆਂ ਛਾਂਵਾਂ ਵਾਲੇ ਰੁਖ ਖੜ੍ਹੇ ਸਨ ਅਤੇ ਨਾਲ ਹੀ ਕਲ ਕਲ ਕਰਦੀ ਵਗਦੀ ਸੀ ਵੇਈਂ ਨਦੀ। ਗਰਮੀਆਂ ਵਿਚ ਸਾਰਾ ਪਿੰਡ ਉਸ ਵੇਈਂ ਦੇ ਪਾਣੀ ਅਤੇ ਠੰਢੀ ਛਾਂ ਦਾ ਰੱਜ ਕੇ ਅਨੰਦ ਮਾਣਦਾ। ਹਰ ਪਾਸੇ ਰੌਣਕ ਹੀ ਰੌਣਕ ਸੀ, ਕਿਉਂਕਿ ਵੱਡੇ ਪਿੱਪਲ ‘ਤੇ ਦੋ ਪੀਂਘਾਂ ਪੈ ਚੁਕੀਆਂ ਸਨ। ਖਵਰੇ ਉਸ ਸਮੇਂ ਦੇ ਲੋਕ ਭੋਲੇ ਸਨ ਤਾਂ ਹੀ ਰੱਬ ਵੀ ਉਨ੍ਹਾਂ ਦੇ ਨੇੜੇ ਤੇੜੇ ਹੀ ਵੱਸਦਾ ਸੀ। ਗੁਰੂ ਘਰ ਮੱਥਾ ਟੇਕ ਸਾਰੇ ਆਪੋ ਆਪਣੇ ਕੰਮੀਂ ਧੰਦੀਂ ਹੋ ਤੁਰੇ ਪਰ ਪੀਂਘਾਂ ਵੱਲ ਤਾਂ ਧਮੱਚੜ ਹੀ ਪਿਆ ਰਿਹਾ। ਅਜੇ ਇਹ ਰੌਣਕ ਹੋਰ ਵੀ ਵਧਣੀ ਸੀ।
ਸਾਉਣ ਦਾ ਮਹੀਨਾ ਹੋਵੇ ਅਤੇ ਸਾਉਣ ਨਾ ਵੱਸੇ! ਲਓ ਜੀ, ਜਿਉਂ ਹੀ ਧੀਆਂ ਧਿਆਣੀਆਂ ਨੇ ਗੀਤ ਗਾਵਿਆ,
ਲਹਿੰਦਿਓਂ ਤੇ ਆਈ ਕਾਲੀ ਬਦਲੀ ਵੇ ਸੌਦਾਗਰ ਮੀਆਂ
ਚੜ੍ਹਦਿਓਂ ਆਇਆ ਸਾਵਣ ਮੀਂਹ ਕਿ ਸਾਵਣ ਆ ਗਿਆ।
ਕਮਾਲ ਹੋ ਗਈ, ਕਾਲੇ ਬਦਲ ਤਾਂ ਜਿਵੇਂ ਕਿਤੇ ਲੁਕ ਕੇ ਪਏ ਸੁਣਦੇ ਹੋਣ, ਆ ਗਏ ਗੜ ਗੜ ਕਰਦੇ ਤੇ ਲੱਗ ਪਏ ਵੱਸਣ। ਕੁੜੀਆਂ ਵੀ ਪੀਂਘਾਂ ‘ਤੇ ਚੜ੍ਹ, ਲੱਗੀਆਂ ਅੰਬਰ ਵੱਲ ਨੂੰ ਉਡਾਣਾਂ ਭਰਨ ਅਤੇ ਜਿਦ ਜਿਦ ਪੀਂਘਾਂ ਚੜ੍ਹਾਉਣ। ਥੱਲੇ ਖਲੋਤੀਆਂ ਕੁੜੀਆਂ ਨੇ ਵੀ ਗਿੱਧੇ ਦਾ ਪਿੜ ਬੰਨ ਲਿਆ ਤੇ ਲੱਗ ਪਈਆਂ ਇਕ ਦੂਜੀ ਤੋਂ ਵਧ ਵਧ ਕੇ ਬੋਲੀਆਂ ਪਾਉਣ। ਘਰਾਂ ਵਿਚ ਬੈਠੀਆਂ ਮਾਂਵਾਂ ਨੇ ਵੀ ਇਸ ਸੁਹਾਵਣੀ ਰੁਤ ਅਤੇ ਸੋਹਣੇ ਸਾਵਣ ਦਾ ਸਵਾਗਤ ਕਰਦਿਆਂ ਪੂੜੇ ਪਕਾਉਣ ਲਈ ਪਰਾਤਾਂ ਭਰ ਭਰ ਗੁੜ ਵਾਲੇ ਮਿਠੇ ਆਟੇ ਦੇ ਘੋਲ ਤਿਆਰ ਕਰ ਲਏ। ਇਕ ਚੁੱਲ੍ਹੇ ‘ਤੇ ਪੂੜੇ ਪੱਕਣ ਤੇ ਦੂਜੇ ਉਤੇ ਖੀਰ ਦਾ ਪਤੀਲਾ ਪਿਆ ਰਿੱਝੇ।
ਹਰ ਘਰ ਵਿਚ ਖੀਰ ਤੇ ਪੂੜਿਆਂ ਦੀਆਂ ਗੱਲਾਂ ਸ਼ੁਰੂ, ਸਾਰਿਆਂ ਦੇ ਘਰੀਂ ‘ਤੇ ਨਹੀਂ ਪਰ ਕਿਸੇ ਕਿਸੇ ਘਰ ਲੂਣ ਵਾਲੇ ਪੂੜੇ ਵੀ ਪੱਕਣ, ਉਹ ਵੀ ਮਿਠੇ ਪੂੜੇ ਦੇ ਨਾਲ ਬੜੇ ਹੀ ਸਵਾਦੀ ਲੱਗਣ।
ਮਨ ਪੁਰਾਣੇ ਵੇਲਿਆਂ ਵਿਚ ਗਵਾਚ ਗਿਆ। ਉਹ ਬਚਪਨ ਦੇ ਖਾਧੇ ਖੀਰ ਤੇ ਪੂੜੇ ਕਦੀ ਭੁਲ ਜਾਣ! ਇਹ ਤਾਂ ਹੋ ਈ ਨਹੀਂ ਸਕਦਾ। ਕੁੜੀਆਂ ਦੇ ਰੰਗ-ਬਰੰਗੇ ਰੇਸ਼ਮੀ ਸੂਟ, ਬਾਹਵਾਂ ਵਿਚ ਕਈ ਰੰਗਾਂ ਦੀਆਂ ਖਣਕਦੀਆਂ ਕੱਚ ਦੀਆਂ ਚੂੜੀਆਂ, ਹੱਥਾਂ ਉਤੇ ਲਾਲ ਸੁਰਖ ਮਹਿੰਦੀ, ਪੈਰਾਂ ਵਿਚ ਝਾਂਜਰਾਂ, ਸੋਹਣਾ ਸਾਦਾ ਜਿਹਾ ਹਾਰ ਸ਼ਿੰਗਾਰ ਅਤੇ ਅੰਦਰ ਪੀਆ ਮਿਲਣ ਦੀ ਉਮਡ ਰਹੀ ਸਿੱਕ ਸੋਹਣੇ ਸਾਵਣ ਨੂੰ ਹੋਰ ਸੋਹਣਾ ਅਤੇ ਸੁਹਾਵਣਾ ਬਣਾ ਰਹੀ ਸੀ। ਜਦ ਕਦੀ ਪਰਨਾਲੇ ਤੋੜ ਮੀਂਹ ਪੈਂਦਾ ਤਾਂ ਗਲੀਆਂ ਅਤੇ ਰੂੜੀਆਂ ਤੋਂ ਟੁੱਟੀਆਂ ਚੂੜੀਆਂ ਦੇ ਟੋਟੇ, ਕੌਡੀਆਂ ਤੇ ਹੋਰ ਨਿਕ ਸੁਕ ਲੱਭਣ ਲੱਗੀਆਂ, ਵੇਈਂ ਦੇ ਪੱਤਣ ਤੋਂ ਚਿਤਰ ਮਿਤਰੇ ਗੀਟੇ ਤੇ ਘੋਗੇ ਸਾਡਾ ਅਨਮੋਲ ਖਜ਼ਾਨਾ ਸੀ ਜਿਸ ਨੂੰ ਪਾ ਕੇ ਅਸੀਂ ਮਾਲਾ ਮਾਲ ਹੋ ਜਾਂਦੇ।
ਉਧਰ ਰਾਤ ਨੂੰ ਸਾਉਣ ਦੇ ਬੱਦਲ ਨੇ ਵੀ ਸੋਚਣਾ ਕਿ ਚਲੋ ਲੁਕਣ ਮੀਟੀ ਖੇਡੀਏ। ਅਜੇ ਖੀਰ-ਪੂੜੇ ਖਾ ਕੇ ਛੱਤਾਂ ‘ਤੇ ਮੰਜਿਆਂ ਉਤੇ ਲੇਟਣਾ ਤੇ ਲੱਗਣਾ ਕਹਾਣੀਆਂ ਪਾਉਣ ਕਿ ਕਿਣਮਿਣ ਕਿਣਮਿਣ ਸ਼ੁਰੂ, ਢੀਠਾਂ ਵਾਂਗ ਮੱਚਲੇ ਹੋ ਕੇ ਪਏ ਰਹਿਣਾ ਕਿ ਹੁਣੇ ਹਟ ਜਾਊ, ਪਰ ਕਿਥੇ ਜੀ! ਉਹ ਕਿਹੜਾ ਘੱਟ ਸ਼ਰਾਰਤੀ ਸੀ, ਉਹਨੇ ਵੀ ਦੌੜਾਂ ਲਵਾ ਕੇ ਹੀ ਸਾਹ ਲੈਣਾ। ਮੰਜੇ ਬਿਸਤਰੇ ਚੁਕ ਜਦ ਅੰਦਰੀਂ ਵੜਨਾ ਤਾਂ ਨਾਲ ਹੀ ਮੀਂਹ ਪੈਣਾ ਵੀ ਬੰਦ ਹੋ ਜਾਣਾ। ਅੰਦਰ ਹੁੰਮਸ ਨੇ ਤੇ ਮੱਛਰਾਂ ਨੇ ਧਾਵਾ ਬੋਲ ਦੇਣਾ, ਫਿਰ ਕਪੜੇ ਚੁਕ ਛੱਤਾਂ ‘ਤੇ ਜਾ ਚੜ੍ਹਨਾ। ਕਈ ਵਾਰੀ ਤਾਂ ਇਹ ਲੁਕਣ ਮੀਟੀ ਦੀ ਖੇਡ ਵਾਹਵਾ ਲੰਮੀ ਵੀ ਹੋ ਜਾਣੀ ਪਰ ਮਜ਼ਾ ਬਹੁਤ ਆਉਣਾ। ਇਹ ਸਾਉਣ ਮਹੀਨੇ ਦੇ ਕੁਦਰਤੀ ਨਜ਼ਾਰੇ ਤਾਂ ਕੁਦਰਤ ਨਾਲ ਜੋੜ ਦਿੰਦੇ ਹਨ, ਲਿਖਦੇ ਜਾਈਏ ਤਾਂ ਕਦੀ ਵੀ ਨਾ ਮੁਕਣ। ਕਈ ਵਾਰੀ ਕੁਝ ਦਿਨ ਮੀਂਹ ਨਾ ਪੈਣਾ ਤਾਂ ਸਾਰਿਆਂ ਆਖਣ ਲੱਗ ਜਾਣਾ, ਜੇ ਔੜ ਲੱਗ ਗਈ ਤਾਂ ਕੀ ਬਣੇਗਾ? ਪਰ ਬੱਦਲਾਂ ਨੇ ਵੀ ਝੱਟ ਦੇਣੀ ਫਿਰ ਆ ਕੇ ਹਰ ਪਾਸੇ ਜਲ ਥਲ ਕਰ ਦੇਣੀ।
ਮੈਨੂੰ ਬਚਪਨ ਵਿਚ ਵੀ ਅਤੇ ਹੁਣ ਵੀ ਬਾਰਸ਼ ਨਾਲ ਬਹੁਤ ਲਗਾਵ ਰਿਹਾ ਹੈ। ਸਾਉਣ ਦੇ ਮਹੀਨੇ ਨਾਲ ਮੇਰਾ ਲਗਾਓ ਤਾਂ ਬਿਆਨ ਕਰਨਾ ਮੁਸ਼ਕਿਲ ਹੈ। ਕਾਲੀਆਂ ਘਟਾਵਾਂ, ਬੱਦਲਾਂ ਦਾ ਮੁੜ ਮੁੜ ਗਰਜਣਾ, ਬਿਜਲੀ ਦਾ ਕੜਕਣਾ ਤੇ ਚਮਕਣਾ ਅਤੇ ਫਿਰ ਮੀਂਹ ਵਰਸਣਾ-ਵਾਹ! ਕੁਦਰਤ ਦਾ ਧਰਤੀ ਦੇ ਜੀਵਾਂ ਲਈ ਖੂਬਸੂਰਤ ਵਰਦਾਨ। ਮੈਂ ਤੇ ਮਾਲਕ ਦੀ ਇਸ ਰਹਿਮਤ ਦਾ ਅਨੰਦ ਮਾਣ ਰਹੀ ਸਾਂ ਕਿ ਅਚਾਨਕ ਪਿਤਾ ਜੀ ਦੀ ਆਵਾਜ਼ ਕੰਨੀ ਪਈ, ਜੀਤ ਬੇਟੇ ਉਠੋ, ਅੰਮ੍ਰਿਤ ਵੇਲਾ ਹੋ ਗਿਐ। ਅੱਜ ਸਾਉਣ ਮਹੀਨਾ ਵੀ ਚੜ੍ਹ ਰਿਹਾ ਹੈ। ਮੈਂ ਅੱਭੜਵਾਹੇ ਅੱਗੋਂ ਆਵਾਜ਼ ਦਿੱਤੀ, ਪਿਤਾ ਜੀ, ਸਾਉਣ ਮਹੀਨਾ! ਉਠ ਕੇ ਵੇਖਿਆ ਤਾਂ ਮੈਂ ਘਰ ਦੇ ਕਮਰੇ ਵਿਚ ਬੈਡ ‘ਤੇ ਸਾਂ। ਉਠ ਕੇ ਬੈਠੀ, ਹੈਰਾਨ ਹੋਈ। ਸ਼ੁਕਰਾਨੇ ਵਿਚ ਹੱਥ ਵੀ ਜੁੜ ਗਏ, ਸਿਰ ਵੀ ਝੁਕ ਗਿਆ। ਮੇਰੇ ਸਤਿਗੁਰ ਜੀ, ਤੇਰੀ ਰਹਿਮਤ, ਇਹ ਕਿਹੜਾ ਨਜ਼ਾਰਾ ਪਈ ਮੈਂ ਵੇਖਦੀ ਸਾਂ! ਜਿਥੇ ਮੇਰਾ ਸਤਿਗੁਰ ਵੀ ਸੀ, ਪਿਤਾ ਜੀ ਵੀ ਸਨ, ਅਤੇ ਮੇਰਾ ਬਚਪਨ ਵੀ ਸੀ। ਅੱਖੀਆਂ ਭਰ ਆਈਆਂ ਮਾਲਕ ਦੇ ਸ਼ੁਕਰਾਨੇ ਵਿਚ, ਤਾਂ ਬੱਸ ਇਹੋ ਹੀ ਆਖ ਸਕੀ,
ਮੋਰੀ ਰੁਣਝੁਣ ਲਾਇਆ॥
ਭੈਣੇ ਸਾਵਣ ਆਇਆ॥