ਸੁਰਜੀਤ ਜੱਸਲ
ਫੋਨ: 91-98146-07737
ਚਿੱਤਰਕਾਰੀ ਬਹੁਤ ਹੀ ਸੂਖਮ ਤੇ ਤੀਖਣ ਬੁੱਧੀ ਦੀਆਂ ਕਲਾਵਾਂ ਵਿਚੋਂ ਇੱਕ ਹੈ। ਲੋਕਾਂ ਦੇ ਚਿਹਰੇ ਪੜ੍ਹ ਕੇ ਰੰਗਾਂ ਦੇ ਸਹਾਰੇ ਕੈਨਵਸ ‘ਤੇ ਪ੍ਰਗਟਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕਲਾ ਦੇ ਇਸ ਖੇਤਰ ਵਿਚ ਦਰਸ਼ਨ ਸਿੰਘ ਟਿੱਬਾ ਇੱਕ ਜਾਣਿਆ-ਪਛਾਣਿਆ ਨਾਂ ਹੈ। ਉਸ ਦੇ ਬਣਾਏ ਚਿੱਤਰਾਂ ਦੀ ਚਰਚਾ ਅਕਸਰ ਹੁੰਦੀ ਰਹੀ ਹੈ।
ਮੱਧ ਵਰਗੀ ਕਿਸਾਨ ਪਰਿਵਾਰ ‘ਚ ਜਨਮੇ ਸ਼ ਟਿੱਬਾ ਨੂੰ ਕਲਾ ਦਾ ਸ਼ੌਕ ਨਿੱਕੇ ਹੁੰਦਿਆਂ ਹੀ ਪੈ ਗਿਆ ਸੀ, ਜਦੋਂ ਉਹ ਘਰਾਂ ਦੀਆਂ ਤਾਜ਼ੀਆਂ ਲਿੱਪੀਆਂ ਕੰਧਾਂ-ਕੰਧੋਲੀਆਂ ‘ਤੇ ਆਪਣੇ ਕਲਾ ਦੇ ਨਮੂਨੇ ਉਕਰਨ ਲੱਗਾ। ਬਾਪੂ ਜੀ ਨਾਲ ਖੇਤ ਜਾਣਾ ਤਾਂ ਟਾਹਲੀ ਛਾਂਵੇਂ ਬੈਠ ਮਿੱਟੀ ਦੇ ਡਲਿਆਂ ਨੂੰ ਖੁਰਚ ਕੇ ਭਾਂਤ-ਸੁਭਾਂਤੀਆਂ ਵੰਨਗੀਆਂ ਘੜ੍ਹਨਾ, ਦਰਸ਼ਨ ਦੀ ਮੁਢਲੀ ਦਿਮਾਗੀ ਖੇਡ ਸੀ।
ਕਲਾ ਦੇ ਇਹ ਬੀਜ ਸਕੂਲੀ ਵਿੱਦਿਆ ਦੇ ਸਮੇਂ ਹੋਰ ਵੀ ਪ੍ਰਫੁਲਿਤ ਹੋਣ ਲੱਗੇ। ਡਰਾਇੰਗ ਮਾਸਟਰ ਮਹਿੰਦਰ ਸਿੰਘ ਨੇ ਦਰਸ਼ਨ ਦੀ ਕਲਾ ਨੂੰ ਪਰਖਿਆ ਤਾਂ ਉਸ ਦੀ ਉਂਗਲ ਫੜ੍ਹ ਉਸ ਨੂੰ ਰੰਗਾਂ ਦੀ ਦੁਨੀਆਂ ਵੱਲ ਲੈ ਤੁਰਿਆ। ਸਕੂਲੀ ਸਮਿਆਂ ਦੌਰਾਨ ਉਸ ਦੀ ਕਲਾ ਪੂਰੀ ਤਰ੍ਹਾਂ ਜਵਾਨ ਹੋਣ ਲੱਗੀ ਤੇ ਕਲਾ ਦੇ ਇਸ ਖੇਤਰ ਵਿਚ ਸਟੇਟ ਪੱਧਰ ਦੇ ਅਨੇਕਾਂ ਮਾਣ ਸਨਮਾਨ ਝੋਲੀ ਪਏ। ਇਸ ਖੇਤਰ ਵਿਚ ਅੱਗੇ ਵਧਣ ਦੀ ਆਸ ਨਾਲ ਉਸ ਨੇ ਆਰਟ ਐਂਡ ਕਰਾਫਟ ਦੇ ਕੋਰਸ ਵਿਚ ਦਾਖਲਾ ਲੈ ਲਿਆ।
ਦਰਸ਼ਨ ਸਿੰਘ ਟਿੱਬਾ ਕਲਾ ਦੇ ਕਈ ਰੰਗਾਂ ਦਾ ਸੁਮੇਲ ਹੈ। ਮਨ ਦੇ ਵਲਵਲਿਆਂ ਨੂੰ ਉਹ ਇੱਕ ਲੇਖਕ ਬਣ ਕੇ ਕਵਿਤਾ, ਗੀਤ ਤੇ ਕਹਾਣੀ ਦੇ ਰੂਪ ਵਿਚ ਕਾਗਜ਼ ‘ਤੇ ਵੀ ਉਤਾਰਦਾ ਹੈ। ਸਾਹਿਤ ਪੜ੍ਹਨ ਦੀ ਚੇਟਕ ਨੇ ਹੀ ਉਸ ਅੰਦਰ ਇੱਕ ਲੇਖਕ ਪੈਦਾ ਕੀਤਾ ਪਰ ਉਸ ਨੇ ਆਪਣੇ ਚਿੱਤਰਕਾਰੀ ਦੇ ਸੌ.ਕ ‘ਤੇ ਕਲਮ ਕਲਾ ਭਾਰੂ ਨਾ ਹੋਣ ਦਿੱਤੀ। ਉਸ ਦੀ ਕਲਾ ਦਾ ਵਿਹੜਾ ਬਹੁਤ ਵਿਸ਼ਾਲ ਹੈ। ਕਿਧਰੇ ਉਹ ਨਿੱਕੇ ਨਿੱਕੇ ਭਾਵਪੂਰਨ ਸਕੈਚ ਬਣਾਈ ਬੈਠਾ ਹੈ, ਕਿਧਰੇ ਵੱਡੇ ਵੱਡੇ ਪੋਰਟਰੇਟ, ਜੋ ਤੁਹਾਨੂੰ ਗੱਲਾਂ ਕਰਦੇ ਮਹਿਸੂਸ ਹੁੰਦੇ ਹਨ।
ਦਰਸ਼ਨ ਸਿੰਘ ਨੇ ਦੱਸਿਆ ਕਿ ਮੇਰੀ ਹਰ ਕਲਾ ਕ੍ਰਿਤ ਸਮਾਜ ਦਾ ਇੱਕ ਹਿੱਸਾ ਹੈ, ਜੋ ਲੋਕਾਈ ਨੂੰ ਕੋਈ ਚੰਗਾ ਸੁਨੇਹਾ ਦੇਣ ਦਾ ਯਤਨ ਹੁੰਦੀ ਹੈ। ਔਰਤ ਦੀ ਦਿਸ਼ਾ ਤੇ ਦਸ਼ਾ ਦੀ ਤਰਜਮਾਨੀ ਕਰਦੀ ਉਸ ਦੀ ਇੱਕ ਪੇਂਟਿੰਗ ਦੁਨੀਆਂ ਭਰ ਵਿਚ ਸਲਾਹੀ ਗਈ, ਜਿਸ ਵਿਚ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਸਮਾਜ ਤੋਂ ਅੱਜ ਪੜ੍ਹ-ਲਿਖ ਕੇ ਮਰਦ ਦੇ ਬਰਾਬਰ ਦੇ ਹੱਕ ਲੜਨ ਵਾਲੀ ਜਾਗਰੂਕ ਨਾਰੀ ਦੀ ਸ਼ਖਸੀਅਤ ਨੂੰ ਦਰਸਾਇਆ ਗਿਆ ਹੈ।
ਇਸੇ ਤਰ੍ਹਾਂ ਇਕ ਹੋਰ ਪੇਂਟਿੰਗ ਵਿਚ ਇੱਕ ਬੱਚਾ ਆਪਣੇ ਦਾਦੇ ਦੇ ਮੋਢਿਆਂ ‘ਤੇ ਬੈਠਾ ਖੇਡ ਵਿਚ ਮਸਤ ਵਿਖਾਇਆ ਗਿਆ ਹੈ ਜੋ ਬਾਲ ਅਵਸਥਾ ਅਤੇ ਬੁਢਾਪੇ ਦੇ ਫਰਕ ਤੇ ਪਿਆਰ ਭਾਵਨਾਵਾਂ ਦੀ ਗੰਭੀਰ ਪੇਸ਼ਕਾਰੀ ਹੈ। ਇੱਕ ਹੋਰ ਚਿੱਤਰ ਵਿਚ ਪੰਜਾਬੀ ਸੰਗੀਤ ‘ਚੋਂ ਮਨਫੀ ਹੁੰਦੇ ਜਾ ਰਹੇ ਰਵਾਇਤੀ ਸਾਜ਼ਾਂ ਤੋਂ ਦੂਰ ਹੋ ਰਹੀ ਅਜੋਕੀ ਗਾਇਕੀ ਦੇ ਪੁਰਾਤਨ ਰੰਗ ਨੂੰ ਉਘਾੜਿਆ ਗਿਆ ਹੈ।
ਦਰਸ਼ਨ ਸਿੰਘ ਪਿੰਡ ਟਿੱਬੇ ਦਾ ਜੰਮਪਲ ਹੈ ਤੇ ਉਥੇ ਹੀ ਖੇਡ-ਪਲ ਕੇ ਜਵਾਨ ਹੋਇਆ। ਭਾਵੇਂ ਅੱਜ ਕੱਲ ਉਹ ਬਰਨਾਲਾ ਸ਼ਹਿਰ ਦਾ ਵਸਨੀਕ ਬਣਿਆ ਹੋਇਆ ਹੈ ਪਰ ਧੀਆਂ-ਪੁੱਤ ਵਿਦੇਸ਼ੀ ਮੁਲਕਾਂ ਦੇ ਪੱਕੇ ਬਾਸ਼ਿੰਦੇ ਹੋਣ ਕਰਕੇ ਉਸ ਦਾ ਹਵਾਈ ਸਫਰ ਬਣਿਆ ਰਹਿੰਦਾ ਹੈ।
ਜ਼ਿੰਦਗੀ ਦੇ ਸਫਰ ‘ਚ ਸੰਘਰਸ਼ਸ਼ੀਲ ਰਹਿਣ ਵਾਲੇ ਦਰਸ਼ਨ ਸਿੰਘ ਦੀ ਜ਼ਿੰਦਗੀ ਵਗਦੇ ਪਾਣੀ ਵਾਂਗ ਹੈ। ਉਹ ਕਦੇ ਵਿਹਲਾ ਨਹੀਂ ਬਹਿੰਦਾ, ਹਰ ਪਲ ਕੁਝ ਕਰਦਾ ਰਹਿੰਦਾ ਹੈ। ਲੇਖਕ ਸਭਾਵਾਂ ਵਿਚ ਉਸ ਦਾ ਚੰਗਾ ਸਹਿਚਾਰ ਹੋਣ ਕਰਕੇ ਉਹ ਪ੍ਰਕਾਸ਼ਿਤ ਹੋਣ ਵਾਲੀਆਂ ਪੁਸਤਕਾਂ ਦੇ ਸਰਵਰਕ ਵੀ ਤਿਆਰ ਕਰਦਾ ਹੈ। ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਅਨੇਕਾਂ ਪੁਸਤਕਾਂ ਲਈ ਉਸ ਨੇ ਭਾਵਪੂਰਤ ਚਿੱਤਰ ਬਣਾਏ। ਪੰਜਾਬੀ ਟ੍ਰਿਬਿਊਨ, ਅਜੀਤ, ਜੱਗ ਬਾਣੀ ਸਮੇਤ ਦੇਸ-ਪਰਦੇਸਾਂ ਵਿਚਲੇ ਕਈ ਅਖਬਾਰਾਂ ਵਿਚ ਵੀ ਦਰਸ਼ਨ ਸਿੰਘ ਦੀਆਂ ਕਲਾ ਕ੍ਰਿਤਾਂ ਛਪਦੀਆਂ ਰਹੀਆਂ ਹਨ। ਉਸ ਦੇ ਸਮਾਜਕ ਵਿਸ਼ਿਆਂ ‘ਤੇ ਲਿਖੇ ਅਨੇਕਾਂ ਗੀਤ ਵੀ ਰਿਕਾਰਡ ਹੋਏ ਹਨ।
ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਸੋਭਾ ਸਿੰਘ ਦੀਆਂ ਕ੍ਰਿਤਾਂ ਤੋਂ ਬਹੁਤ ਪ੍ਰਭਾਵਿਤ ਹੈ। ਉਸ ਨੇ ਮਨ ਹੀ ਮਨ ਇਸ ਮਹਾਨ ਚਿੱਤਰਕਾਰ ਨੂੰ ਆਪਣਾ ਗੁਰੂ ਧਾਰ ਕੇ ਉਸ ਦੀਆਂ ਕਲਾ ਕ੍ਰਿਤਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ। ਚਿੱਠੀ ਪੱਤਰ ਦੀ ਸਾਂਝ ਪੈਣ ਕਰਕੇ ਗੁਰੂ-ਚੇਲੇ ਵਿਚ ਹੋਰ ਵੀ ਨੇੜਤਾ ਬਣ ਗਈ। ਇਸ ਤੋਂ ਇਲਾਵਾ ਐਮ. ਐਸ਼ ਪੰਡਿਤ, ਮੇਹਰ ਸਿੰਘ, ਸ੍ਰੀਮਤੀ ਫੂਲਾਂ ਰਾਣੀ, ਅਮੋਲਕ ਸਿੰਘ ਤੇ ਕਿਰਪਾਲ ਸਿੰਘ ਆਦਿ ਵੀ ਉਸ ਦੇ ਪਸੰਦੀਦਾ ਕਲਾਕਾਰ ਹਨ।
ਦਰਸ਼ਨ ਸਿੰਘ ਨੂੰ ਮੂਰਤੀਆਂ ਘੜਨ ਦਾ ਸੌ.ਕ ਪਿਆ ਤਾਂ ਨੇੜਲੇ ਪਿੰਡ ਕੁਰੜ ਦੇ ਮੂਰਤੀਕਾਰ ਮਹਿੰਦਰ ਸਿੰਘ ਦੇ ਚਰਨੀਂ ਜਾ ਲੱਗਾ, ਜਿਸ ਤੋਂ ਉਸ ਨੇ ਸੀਮਿੰਟ, ਕੰਕਰੀਟ ਨਾਲ ਮੂਰਤੀਆਂ ਤਿਆਰ ਕਰਨ ਦੀ ਵਿਧੀ ‘ਚ ਮੁਹਾਰਤ ਹਾਸਿਲ ਕੀਤੀ। ਦਰਸ਼ਨ ਸਿੰਘ ਦੀਆਂ ਬਣਾਈਆਂ ਗੁਰੂਆਂ-ਪੀਰਾਂ, ਦੇਸ਼ ਭਗਤਾਂ, ਯੋਧਿਆਂ ਅਤੇ ਪੁਰਾਤਨ ਸੱਭਿਆਚਾਰ ਦੀਆਂ ਪ੍ਰਤੀਕ ਅਨੇਕਾਂ ਮੂਰਤੀਆਂ ਨੇੜਲੇ ਅਨੇਕਾਂ ਸ਼ਹਿਰਾਂ, ਕਸਬਿਆਂ ਅਤੇ ਵੱਖ ਵੱਖ ਯਾਦਗਾਰ ਥਾਂਵਾਂ ‘ਤੇ ਸ਼ੁਸ਼ੋਭਿਤ ਹਨ। ਦੁੱਧ ਰਿੜਕਦੀ ਮੁਟਿਆਰ ਅਤੇ ਕਸੀਦਾ ਕੱਢਦੀ ਪੰਜਾਬਣ ਦੀਆਂ ਦੋ ਮੂਰਤੀਆਂ ਸੰਗਰੂਰ ਦੇ ਬਨਾਸਰ ਬਾਗ ਵਿਚ ਸ਼ੁਸ਼ੋਭਿਤ ਹਨ। ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਅਨੇਕਾਂ ਸੰਸਥਾਵਾਂ ਨੇ ਦਰਸ਼ਨ ਸਿੰਘ ਦਾ ਸਨਮਾਨ ਵੀ ਕੀਤਾ। ਸਿੱਖਿਆ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਲਈ 2012 ਵਿਚ ਉਸ ਨੂੰ ਸਟੇਟ ਐਵਾਰਡ ਵੀ ਮਿਲਿਆ।
ਡਰਾਇੰਗ ਮਾਸਟਰ ਵਜੋਂ ਸੇਵਾ ਮੁਕਤ ਹੋਏ ਦਰਸ਼ਨ ਸਿੰਘ ਟਿੱਬਾ ਦਾ ਹੁਣ ਬਹੁਤਾ ਸਮਾਂ ਕਲਾ ਨੂੰ ਹੀ ਸਮਰਪਿਤ ਹੈ। ਸੰਘਰਸ਼ ਭਰੀ ਜ਼ਿੰਦਗੀ ਦਾ ਖਿੜੇ ਮੱਥੇ ਸਾਹਮਣਾ ਕਰਨ ਵਾਲੇ ਦਰਸ਼ਨ ਸਿੰਘ ਨੂੰ ਵਕਤ ਨੇ ਉਸ ਵੇਲੇ ਵੱਡਾ ਝੰਜੋੜਾ ਦਿੱਤਾ, ਜਦ ਇੱਕ ਹਾਦਸੇ ਵਿਚ ਉਸ ਦੀ ਜੀਵਨ ਸਾਥਣ ਪ੍ਰੀਤਮ ਕੌਰ ਵਿਛੋੜਾ ਦੇ ਗਈ।
ਕਲਾ ਜ਼ਿੰਦਗੀ ਬਾਰੇ ਉਸ ਦਾ ਕਹਿਣਾ ਹੈ, “ਕਲਾ ਦਾ ਮਕਸਦ ਮਨੁੱਖ ਨੂੰ ਭਾਵਨਾਤਮਕ ਤੌਰ ‘ਤੇ ਟੁੰਬ ਕੇ ਮਨੁੱਖਤਾ ਪ੍ਰਤੀ ਆਦਰਸ਼ਕ, ਨਰੋਈਆਂ, ਅਗਾਂਹਵਧੂ ਕਦਰਾਂ-ਕੀਮਤਾਂ ਵੱਲ ਤੋਰਨਾ ਹੁੰਦਾ ਹੈ।” ਦਰਸ਼ਨ ਸਿੰਘ ਦਾ ਗਿਲਾ ਹੈ ਕਿ ਸਰਕਾਰਾਂ ਨੇ ਚਿੱਤਰਕਾਰੀ ਕਲਾ ਨੂੰ ਪ੍ਰਫੁਲਿਤ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ ਤੇ ਇਹ ਕਲਾ ਸਿਰਫ ਸਕੂਲਾਂ-ਕਾਲਜਾਂ ਦੀ ਪੜ੍ਹਾਈ ਤੱਕ ਹੀ ਸਿਮਟ ਕੇ ਰਹਿ ਗਈ ਹੈ। ਕੰਪਿਊਟਰ ਯੁੱਗ ਨੇ ਇਸ ਕਲਾ ਨੂੰ ਵੱਡੀ ਢਾਹ ਲਾਈ ਹੈ। ਰੰਗਾਂ ਦੀ ਅਹਿਮੀਅਤ ਵਾਲੀ ਚਿੱਤਰਕਾਰੀ ਦਿਨੋਂ ਦਿਨ ਖਤਮ ਹੋ ਰਹੀ ਹੈ। ਪਹਿਲਾਂ ਇਸ ਕਲਾ ਨੂੰ ਸਿੱਖਣ ਲਈ ਨਵੇਂ ਮੁੰਡਿਆਂ ਵਿਚ ਉਤਸ਼ਾਹ ਹੁੰਦਾ ਸੀ ਜੋ ਹੁਣ ਨਾਂਮਾਤਰ ਹੀ ਰਹਿ ਗਿਆ ਹੈ।