ਭੁੱਖ-ਭਗਤੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਗੁਰੂ ਦੀ ਮਹਿਮਾ ਕਰਦਿਆਂ ਕਿਹਾ ਸੀ, “ਗੁਰੂ, ਸਰੀਰਕ ਮੁਥਾਜੀ ਤੋਂ ਦੂਰ, ਸੀਮਤ ਦਾਇਰਿਆਂ ਤੋਂ ਬਾਹਰ ਨਿਕਲਦੀ ਵਿਸ਼ਾਲਤਾ ਤੇ ਨਿੱਜ ਵਿਚਲੇ ਵਿਚਾਰ-ਮੰਥਨ ਦੀ ਸੰਕੀਰਨਤਾ ਨੂੰ ਨਿਰਲੇਪ ਕਰਨ ਅਤੇ ਸਰੀਰਕ ਸੁਖ-ਸਹੂਲਤਾਂ ਵਿਚਲੀਆਂ ਉਲਝਣਾਂ ਤੋਂ ਬੇਲਾਗਤਾ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਭੁੱਖ ਦੇ ਵੱਖ ਵੱਖ ਰੂਪਾਂ ਅਤੇ ਇਸ ਦੀ ਤ੍ਰਿਪਤੀ ਦਾ ਕਿੱਸਾ ਫਰੋਲਿਆ ਹੈ। ਉਹ ਕਹਿੰਦੇ ਹਨ, “ਭੁੱਖ, ਕੁੱਲੀ, ਗੁੱਲੀ ਤੇ ਜੁੱਲੀ ਤੀਕ ਸੀਮਤ ਹੋ ਜਾਵੇ ਤਾਂ ਮਨੁੱਖੀ ਸੋਚ ਦੇ ਦਿਸਹੱਦੇ ਸੁੰਗੜਦੇ। ਭੁੱਖ ਜਦੋਂ ਗਿਆਨ-ਗੋਸ਼ਟ ਅਤੇ ਅੱਖਰਬੋਧ ‘ਤੇ ਦਸਤਕ ਦਿੰਦੀ ਤਾਂ ਦਾਇਰਿਆਂ ਨੂੰ ਫੈਲਰਣ ਦਾ ਵਰ ਮਿਲਦਾ।” ਮਾਂ ਦੀ ਆਪਣੇ ਬੱਚੇ ਖਾਤਰ ਆਪਣੀ ਭੁੱਖ ਵਿਸਾਰ ਦੇਣ ਦੀ ਭਾਵਨਾ ਬਾਰੇ ਉਹ ਕਹਿੰਦੇ ਹਨ, “ਮਾਂ ਨੂੰ ਭੁੱਖ ਨਹੀਂ ਲੱਗਦੀ ਜਦ ਉਸ ਕੋਲ ਰੋਟੀ ਦਾ ਇਕ ਟੁੱਕ ਹੋਵੇ ਅਤੇ ਉਸ ਦੇ ਦੋ ਜੁਆਕ ਰੋਟੀ ਲਈ ਵਿਲਕਦੇ ਹੋਣ। ਬੱਚਿਆਂ ਦੀ ਪੇਟ ਪੂਰਤੀ ਵਿਚੋਂ ਖੁਦ ਦਾ ਰੱਜ ਭਾਲਣ ਵਾਲੀ ਸਿਰਫ ਮਾਂ ਹੁੰਦੀ।” ਭੁੱਖ ਦੀ ਅਨੰਤਤਾ ਦੀ ਗੱਲ ਕਰਦਿਆਂ ਡਾ. ਭੰਡਾਲ ਆਖਦੇ ਹਨ, “ਭੁੱਖ ਦੀ ਪੂਰਤੀ ਲਈ ਸੰਜਮ, ਸੰਤੋਖ ਅਤੇ ਸਬਰ-ਸਬੂਰੀ ਜਰੂਰੀ। ਪਰ ਭੋਖੜਾ, ਲਾਲਚ, ਬੇਸਬਰੀ, ਬੇਅਦਬੀ ਅਤੇ ਬਰਬਾਦੀ ਦਾ ਆਧਾਰ। ਅਜੋਕੇ ਸਮੇਂ ਵਿਚ ਲੋਕ ਭੁੱਖ ਨਹੀਂ, ਭੋਖੜੇ ਦਾ ਸ਼ਿਕਾਰ।” -ਸੰਪਾਦਕ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080
ਭੁੱਖ, ਮਨੁੱਖ ਦੀ ਸਰੀਰਕ ਅਤੇ ਮਾਨਸਿਕ ਲੋੜ। ਕਦੇ ਸਰੀਰਕ ਇੰਦਰੀਆਂ ਦੀ ਤ੍ਰਿਪਤੀ, ਗਿਆਨ-ਲੋਚਾ ਤੇ ਮਿਲਣ ਦੀ ਤਾਂਘ। ਕਦੇ ਨੈਣਾਂ ਵਿਚ ਤੈਰਦੀ ਸੁਪਨ-ਪਰਵਾਜ਼ ਬਣਨ ਅਤੇ ਕਦੇ ਪੈਰਾਂ ‘ਚ ਵਿਛੇ ਆਸਮਾਨ ਦੀ ਲਲਕ।
ਭੁੱਖ, ਕਈ ਰੰਗਾਂ ਤੇ ਰੂਪਾਂ ਵਿਚ ਮਨੁੱਖ ਦੇ ਸਨਮੁੱਖ ਹੁੰਦੀ। ਮਨੁੱਖ ਨੂੰ ਪਰਖਦੀ ਤੇ ਇਸ ਦੀ ਹੋਂਦ ਨੂੰ ਲੂਣ ਵਾਂਗ ਖੋਰ ਵੀ ਦਿੰਦੀ। ਕਦੇ ਪਰਬਤਾਂ ਵਰਗੀ ਪਕਿਆਈ ਤੇ ਉਚਾਈ।
ਭੁੱਖ, ਖਾਲੀ ਪੇਟ ਦੀ ਵੇਦਨਾ, ਟੁੱਕ ਲਈ ਵਿਲਕਦੇ ਬਾਲ ਦੀਆਂ ਲਿਲਕੜੀਆਂ, ਸੁੱਕ ਕੇ ਤੀਲਾ ਹੋਏ ਪਿੰਜਰਾਂ ਦੀ ਹੂਕ ਜਾਂ ਮਾਰੂਥਲ ‘ਚ ਗਵਾਚੇ ਰਾਹੀ ਦੀ ਕੂਕ ਜਦ ਫਿਜ਼ਾ ‘ਚ ਤੜਫਦੀ ਤਾਂ ਭੁੱਖ ਦਾ ਵਿਕਰਾਲ ਧਾਰਦੀ।
ਭੁੱਖ, ਰੱਜੇ ਹੋਏ ਲੋਕਾਂ ਦਾ ਹਾਬੜਾ, ਭੂਤਰੇ ਪਸੂ ਦਾ ਘੁਮਾਂ ਦਾ ਉਜਾੜਾ ਜਾਂ ਗਰੀਬ ਦੀਆਂ ਬੋਟੀਆਂ ਨੋਚਦੇ ਦਰਿੰਦੇ ਦੇ ਬੁੱਲਾਂ ‘ਤੇ ਤੈਰਦੀ ਤਾਂ ਆਦਮਬੋਅ ਦਾ ਹੋਕਰਾ ਪੌਣ ‘ਚ ਕੰਬਣੀ ਛੇੜਦਾ।
ਭੁੱਖ ਸੀਮਤ, ਸੰਜਮੀ, ਸਧਾਰਨ, ਸੰਤੋਖੀ ਤੇ ਸਤਵਰਗੀ ਹੋਵੇ ਤਾਂ ਮਿਹਨਤ ਦੀ ਬੁਰਕੀ ਨਾਲ ਆਇਆ ਰੱਜ ਸਦੀਵੀ ਅਤੇ ਸਥਿਰ ਹੁੰਦਾ। ਇਸ ‘ਚੋਂ ਸਕੂਨ, ਸੁਖਨ ਅਤੇ ਸਹਿਜ ਦਾ ਸੁਪਨਾ ਦ੍ਰਿਸ਼ਟਮਾਨ ਹੁੰਦਾ ਜੋ ਮਨੁੱਖ ਨੂੰ ਇਨਸਾਨੀਅਤ ਦੇ ਰਾਹ ਤੋਰਦਾ।
ਭੁੱਖ ਹਰ ਜੀਵ ਨੂੰ ਲੱਗਦੀ। ਇਸ ਦੇ ਆਹਰ ਵਿਚੋਂ ਉਹ ਇਸ ਦੀ ਲੱਜਤ ਦੇ ਹਰ ਰੰਗ ਨੂੰ ਮਾਣਦਾ ਅਤੇ ਇਸ ਵਿਚੋਂ ਸਬਰ-ਸਬੂਰੀ ਦਾ ਸਬੱਬ ਬਣਦਾ। ਰੋਬੋਟ ਨੂੰ ਕਦੇ ਭੁੱਖ ਨਹੀਂ ਲੱਗਦੀ। ਰੋਬੋਟ ਬਣ ਕੇ ਮਨੁੱਖ ਨੇ ਕੀ ਖਟਿਆ?
ਭੁੱਖ ਦੀ ਤ੍ਰਿਪਤੀ ਦਾ ਸਬੰਧ ਮਨ ਨਾਲ, ਪੇਟ ਨਾਲ ਨਹੀਂ। ਤਾਹੀਏਂ ਤਾਂ ਗੁਰੂ ਨਾਨਕ ਦੇਵ ਜੀ ਦਾ ਜਪੁਜੀ ਸਾਹਿਬ ਵਿਚ ਫੁਰਮਾਨ ਹੈ, ‘ਭੁਖਿਆ ਭੁਖ ਨ ਉਤਰੇ ਜੇ ਬੰਨਾ ਪੁਰੀਆ ਭਾਰ॥Ḕ ਸੋਚ ਵਿਚ ਰੱਜ ਪੈਦਾ ਹੋ ਜਾਵੇ ਤਾਂ ਭੁੱਖ ਕਦੇ ਵੀ ਭੋਖੜਾ ਨਹੀਂ ਬਣਦੀ। ਭੁੱਖ ਸਿਰਫ ਲੋੜ ਹੁੰਦੀ, ਅੱਯਾਸ਼ੀ ਨਹੀਂ ਬਣਦੀ।
ਭੋਖੜਾ-ਪੂਰਤੀ ਵਿਚੋਂ ਸਮਾਜਕ ਰੁਤਬਾ ਪਛਾਣਨ ਵਾਲੇ ਲੋਕ, ਸਮਾਜ ‘ਤੇ ਕਲੰਕ। ਅੱਜ ਕੱਲ ਲੋਕ ਭੁੱਖੇ ਰਹਿ ਕੇ ਉਨੇ ਨਹੀਂ ਮਰਦੇ, ਜਿੰਨੇ ਜ਼ਿਆਦਾ ਖਾ, ਸਰੀਰਕ ਅਲਾਮਤਾਂ ਦਾ ਸ਼ਿਕਾਰ ਹੋ ਆਪਣੀ ਅਰਥੀ ਨੂੰ ਮੋਢਿਆਂ ‘ਤੇ ਚੁੱਕੀ ਫਿਰਦੇ ਨੇ। ਕਿਸੇ ਕਰੀਬੀ ਦਾ ਕਿਹਾ, “ਜਦ ਪੀਣ ਜਾਂ ਖਾਣ ਨੂੰ ਬਹੁਤ ਮਨ ਕਰਦਾ ਸੀ, ਉਸ ਵੇਲੇ ਪੀਣ ਜਾਂ ਖਾਣ ਲਈ ਬਹੁਤ ਹੀ ਸੀਮਤ ਸਾਧਨ ਸਨ। ਹੁਣ ਸਭ ਕੁਝ ਹੈ ਪਰ ਡਾਕਟਰ ਹੀ ਖਾਣ/ਪੀਣ ਨਹੀਂ ਦਿੰਦੇ।” ਸੋਚ ਵਿਚਲੀ ਇਹ ਤ੍ਰਾਸਦੀ ਖੁਦ ਨਾਲੋਂ ਟੁੱਟੇ ਉਸ ਮਨੁੱਖ ਦੀ ਹੈ ਜੋ ਮਨ ਦੇ ਰੱਜ ਤੋਂ ਊਣਾ ਹੈ। ਅਜੋਕੇ ਦੰਭੀ ਰੁਤਬੇ ਸਿਰਫ ਭੋਖੜੇ ਦਾ ਪ੍ਰਗਟਾਵਾ। ਜਦ ਘਰਾਂ, ਕਾਰਾਂ, ਜਾਇਦਾਦਾਂ ਦੀ ਗਿਣਤੀ ਰੁਤਬੇ ਦਾ ਮਾਪਦੰਡ ਬਣ ਜਾਵੇ ਤਾਂ ਰੁਤਬੇ ਹੀਣੇ ਹੋ ਜਾਂਦੇ। ਸਿਰ ਦੀ ਛੱਤ ਲਈ ਘਰਾਂ ਦੀ ਗਿਣਤੀ ਦੀ ਲੋੜ ਨਹੀਂ ਹੁੰਦੀ।
ਭੁੱਖ, ਭਾਵਨਾ, ਭਗਤੀ, ਭਰਾਤਰੀਭਾਵ, ਭਾਈਬੰਦੀ ਅਤੇ ਭਾਈਚਾਰਕ ਸਾਂਝ ਵਿਚੋਂ ਖੁਦ ਨੂੰ ਪਰਿਭਾਸ਼ਤ ਕਰੇ ਤਾਂ ਭੁੱਖ ਮਾਣ ਅਤੇ ਸਮਾਜਕ ਸਨਮਾਨ ਦਾ ਬਿੰਬ। ਪਰ ਜਦ ਭੁੱਖ ਭੋਗਤਾ, ਭੰਗਤਾ ਅਤੇ ਭਿਖਾਰੀਪੁਣਾ ਦਾ ਪਹਿਰਨ ਪਾਉਂਦੀ ਤਾਂ ਆਪਣੀ ਸੀੜੀ ਖੁਦ ਬਣਾਉਂਦੀ।
ਭੁੱਖ, ਕੁਦਰਤ ਦਾ ਕਹਿਰ ਨਹੀਂ ਸਗੋਂ ਮਨੁੱਖੀ ਸਰਾਪ। ਭੁੱਖ ਭੀਖ ਜਾਂ ਦਾਨ ਨਹੀਂ, ਸਗੋਂ ਆਪਣਾ ਹੱਕ ਮੰਗਦੀ। ਕਈ ਵਾਰ ਭੁੱਖ ਅਜਿਹੇ ਇਨਸਾਨ ਖਤਮ ਕਰਦੀ ਜਿਹੜੇ ਨਵੀਂ ਤਹਿਜ਼ੀਬ, ਨਵੇਂ ਚੈਪਟਰ ਦਾ ਪਹਿਲਾ ਪੰਨਾ ਹੁੰਦੇ। ਭੁੱਖ, ਤਾਨਾਸ਼ਾਹੀ ਫੁਰਮਾਨ ਜੋ ਜਮਹੂਰੀਅਤ ਤਲਾਸ਼ਦਾ।
ਭੁੱਖ, ਬਹੁ-ਪਰਤੀ। ਜੀਵਨ ਦੇ ਵੱਖ-ਵੱਖ ਪੜਾਵਾਂ ਵਿਚ ਵਿਭਿੰਨ ਕਿਸਮ ਦੀ ਭੁੱਖ ਤੁਹਾਡੇ ‘ਤੇ ਹਾਵੀ ਹੁੰਦੀ। ਕਿਹੜੀ ਭੁੱਖ ਤੁਹਾਡੀ ਤਰਜੀਹ ਬਣਦੀ, ਇਸ ਨੇ ਹੀ ਤੁਹਾਡੀ ਜ਼ਿੰਦਗੀ ਦੇ ਦਿਸ਼ਾ-ਨਿਰਦੇਸ਼ ਨਿਯਮਤ ਕਰਨੇ।
ਭੁੱਖਾ ਪੇਟ ਸਭ ਤੋਂ ਵੱਧ ਇਕਾਗਰਤਾ ਨਾਲ ਸੇਧਤ-ਸਾਧਨਾਂ ਵੰਨੀਂ ਕਦਮ ਪੁੱਟਦਾ ਜੋ ਉਸ ਦੀਆਂ ਲੋੜਾਂ-ਥੋੜ੍ਹਾਂ ਦੀ ਪੂਰਤੀ ਬਣਦੇ।
ਭੁੱਖ, ਕਦੇ ਪੇਟ ਵਿਚ ਪੀਹੜਾ ਡਾਹੁੰਦੀ, ਕਦੇ ਇੰਦਰੀਆਂ ਦਾ ਦਰ ਖੜਕਾਉਂਦੀ, ਕਦੇ ਨੈਣਾਂ ਵਿਚ ਸੁਪਨੇ ਸਜਾਉਂਦੀ ਅਤੇ ਕਦੇ ਸੁੰਨੇ ਰਾਹਾਂ ‘ਤੇ ਅਦਬ ਦਾ ਰਾਗ ਗਾਉਂਦੀ।
ਭੁੱਖ, ਕੁੱਲੀ, ਗੁੱਲੀ ਤੇ ਜੁੱਲੀ ਤੀਕ ਸੀਮਤ ਹੋ ਜਾਵੇ ਤਾਂ ਮਨੁੱਖੀ ਸੋਚ ਦੇ ਦਿਸਹੱਦੇ ਸੁੰਗੜਦੇ। ਭੁੱਖ ਜਦੋਂ ਗਿਆਨ-ਗੋਸ਼ਟ ਅਤੇ ਅੱਖਰਬੋਧ ‘ਤੇ ਦਸਤਕ ਦਿੰਦੀ ਤਾਂ ਦਾਇਰਿਆਂ ਨੂੰ ਫੈਲਰਣ ਦਾ ਵਰ ਮਿਲਦਾ।
ਭੁੱਖ, ਭੀੜ ‘ਚ ਗਵਾਚੇ, ਖਿਡੌਣਿਆਂ ‘ਚ ਵਰਚੇ, ਲਾਡ-ਲਡਿੱਕਿਆਂ ਵਿਚ ਆਪਣਾ ਮੁੱਖ ਦਿਖਾਉਂਦੀ ਅਤੇ ਇਸ ਦੀ ਪੂਰਤੀ ਲਈ ਹਰ ਆਹਰ ਨੂੰ ਅੱਗੇ ਲਾਉਂਦੀ।
ਭੁੱਖ, ਜੋੜੇ ਹੱਥਾਂ ਦੀ ਵੇਦਨਾ, ਭੀਖ ਮੰਗਦੇ ਦੀਦਿਆਂ ਦਾ ਦਰਦ ਅਤੇ ਅੱਖਰ-ਲੋਅ ਦੀ ਲਾਚਾਰਗੀ ਵਿਚੋਂ ਜਨਮਦੀ ਤਾਂ ਮਨੁੱਖਤਾ ਸ਼ਰਮਸ਼ਾਰ ਹੁੰਦੀ।
ਭੁੱਖ ਨੂੰ ਵਪਾਰ ਬਣਾਉਣ ਵਾਲੇ ਲੋਕ ਮਾਨਵਤਾ ਦੇ ਸਭ ਤੋਂ ਵੱਡੇ ਦੁਸ਼ਮਣ। ਮਾਨਵ-ਪ੍ਰਗਤੀ ਦਾ ਸਭ ਤੋਂ ਵੱਡਾ ਰੋੜਾ ਅਤੇ ਆਪਣੀਆਂ ਕਬਰਾਂ ‘ਚ ਬੀਜ ਰਹੇ ਕਿੱਕਰ-ਕਿਆਰੀਆਂ। ਭਾਵੇਂ ਇਹ ਪੇਟ ਦੀ ਭੁੱਖ ਲਈ ਭੀਖ ਮੰਗਵਾਉਣ ਦਾ ਅਬਦਾਲੀ ਹੁਕਮ ਹੋਵੇ, ਗਿਆਨ ਦੀ ਭੁੱਖ ਦੀ ਪੂਰਤੀ ਲਈ ਮੁੱਲ ਵਿਕਦੀ ਵਿਦਿਆ ‘ਤੇ ਦਾਨ ਦਾ ਮੁਖੌਟਾ ਹੋਵੇ, ਲੇਰ ‘ਚ ਲਿਲਕਦੀ ਮਾਂ ਦੀਆਂ ਆਹਾਂ ਵਿਚ ਉਗੀ ਗੁਰਬਤ ਦੀ ਬੇਬੱਸੀ ਹੋਵੇ ਜਾਂ ਬਿਮਾਰੀ ਨੂੰ ਮੌਤ ਦਾ ਹਰਫ ਦੇ ਰਹੀ ਲਚਾਰੀ ਹੋਵੇ। ਭੀਖ ਵਿਚੋਂ ਭੋਖੜਾਂ ਦੀ ਪੂਰਤੀ ਕਰਦੀ ਹੈਵਾਨੀਅਤ ਦਾ ਹੌਲ ਜਦ ਪੈਂਦਾ ਤਾਂ ਮਰ ਗਈ ਭੁੱਖ ਦਾ ਮਾਤਮ ਸਿਸਕ ਕੇ ਰਹਿ ਜਾਂਦਾ।
ਭੁੱਖ, ਜਦ ਪੇਟ ਪੂਰਤੀ ਦੀ ਥਾਂ ਜਿਸਮ ਨੂੰ ਢੱਕਣ ਦੀ ਲਾਚਾਰੀ, ਸਿਰ ‘ਤੇ ਉਡਦੀਆਂ ਰੁੱਖੀਆਂ ਜਟੂਰੀਆਂ ਦਾ ਜੰਮਘਟਾ ਜਾਂ ਖੇਤਾਂ ਵਿਚ ਉਗਦੀ ਮੌਤ ਦੇ ਹਾਬੜੇਪਣ ਦਾ ਰੂਪ ਵਟਾਉਂਦੀ ਤਾਂ ਪੀੜਾਂ-ਰੱਤਾ ਪੀਹੜਾ ਇਨਸਾਨੀਅਤ ਦੇ ਦਰੀਂ ਡਾਹੁੰਦੀ।
ਪੇਟ ਦੀ ਭੁੱਖ ਦੀ ਪੂਰਤੀ ਤਾਂ ਮੰਗਵੇਂ ਟੁੱਕ ਨਾਲ ਵੀ ਹੋ ਜਾਂਦੀ। ਪਰ ਪਿਆਰ-ਪੂਰਤੀ ਲਈ ਰੂਹ ਦੇ ਦਰਾਂ ‘ਤੇ ਨਤਮਸਤਕ ਹੋਣਾ ਪੈਂਦਾ ਜੋ ਅਸਾਨ ਨਹੀਂ ਹੁੰਦਾ।
ਮਾਂ ਨੂੰ ਭੁੱਖ ਨਹੀਂ ਲੱਗਦੀ ਜਦ ਉਸ ਕੋਲ ਰੋਟੀ ਦਾ ਇਕ ਟੁੱਕ ਹੋਵੇ ਅਤੇ ਉਸ ਦੇ ਦੋ ਜੁਆਕ ਰੋਟੀ ਲਈ ਵਿਲਕਦੇ ਹੋਣ। ਬੱਚਿਆਂ ਦੀ ਪੇਟ ਪੂਰਤੀ ਵਿਚੋਂ ਖੁਦ ਦਾ ਰੱਜ ਭਾਲਣ ਵਾਲੀ ਸਿਰਫ ਮਾਂ ਹੁੰਦੀ।
ਭੁੱਖ ਦੀ ਤਲਬ ਜਦ ਮਨ ਵਿਚ ਪੈਦਾ ਹੁੰਦੀ ਤਾਂ ਇਸ ਦੀ ਪ੍ਰਾਪਤੀ ਦਾ ਰਾਹ ਖੁਦ ਸਿਰਜਿਆ ਜਾਂਦਾ। ਇਹ ਰਿਜਕ, ਰੋਟੀ, ਰੂਹ, ਰੂਹਾਨੀਅਤ ਜਾਂ ਰੰਗਰੇਜ਼ਤਾ ਦੀ ਹੋਵੇ। ਤਲਬ ਦੀ ਤੀਖਣਤਾ ‘ਤੇ ਨਿਰਭਰ ਕਰਦਾ ਹੈ ਇਸ ਦੀ ਪ੍ਰਾਪਤੀ, ਸੰਪੂਰਨਤਾ ਅਤੇ ਇਸ ਵਿਚੋਂ ਪੈਦਾ ਹੁੰਦੇ ਸੁਖਨ ਦਾ ਸਫਰ।
ਭੁੱਖ ਦੀ ਪੂਰਤੀ ਲਈ ਸੰਜਮ, ਸੰਤੋਖ ਅਤੇ ਸਬਰ-ਸਬੂਰੀ ਜਰੂਰੀ। ਪਰ ਭੋਖੜਾ, ਲਾਲਚ, ਬੇਸਬਰੀ, ਬੇਅਦਬੀ ਅਤੇ ਬਰਬਾਦੀ ਦਾ ਆਧਾਰ। ਅਜੋਕੇ ਸਮੇਂ ਵਿਚ ਲੋਕ ਭੁੱਖ ਨਹੀਂ, ਭੋਖੜੇ ਦਾ ਸ਼ਿਕਾਰ।
ਭੁੱਖ ਜਦ ਤ੍ਰਿਪਤੀ ਨਾਲ ਤ੍ਰਿਸ਼ਨਾ ਨੂੰ ਰੱਜ ਬਖਸ਼ਦੀ, ਥੋੜੇ ਵਿਚੋਂ ਬਹੁਤੇ ਦਾ ਅਨੰਦ ਮਾਣਦੀ ਅਤੇ ਸ਼ੁਕਰਗੁਜਾਰੀ ਵਿਚੋਂ ਸਾਹ-ਰਵਾਨਗੀ ਦਾ ਪੈਗਾਮ ਬਣਦੀ ਤਾਂ ਭੁੱਖ ਸਿਜਦੇ ਦਾ ਹੱਕ ਹਾਸਲ ਕਰਦੀ।
ਭੁੱਖ ਨੂੰ ਤਕਦੀਰ ਨਾਲ ਜੋੜਨਾ, ਬੇਹਿੰਮਤਿਆਂ ਦਾ ਬਹਾਨਾ। ਤਕਦੀਰ ਦੀ ਕਲਾ-ਨਿਕਾਸੀ ਹੱਥਾਂ ਦੀਆਂ ਰੇਖਾਵਾਂ ਨਾਲ ਕਰਨ ਵਾਲੇ ਜ਼ਿੰਦਗੀ ਨੂੰ ਸੇਧ, ਸੁਪਨਾ ਅਤੇ ਸੰਜੀਦਗੀ ਦਿੰਦੇ। ਕਿਰਤੀ ਹੱਥਾਂ ਨੂੰ ਲਕੀਰਾਂ ਪੜ੍ਹਨ ਦੀ ਜਾਚ ਆ ਜਾਵੇ ਤਾਂ ਸੋਚ-ਸਰਦਲ ‘ਤੇ ਸਫਲਤਾ ਦੀ ਦਸਤਕ ਸਣਦੀ।
ਭੁੱਖ ਨੂੰ ਸਿਰਫ ਦੌਲਤ, ਸ਼ੁਹਰਤ ਦੀ ਬਾਂਦੀ ਨਾ ਬਣਾਓ। ਕਦੇ ਭੁੱਖ ਦੇ ਵਿਹੜੇ ਵਿਚ ਸੁਹਜ, ਸਲੀਕਾ, ਸਦਭਾਵਨਾ, ਸਹਿਯੋਗ, ਸਮਰਪਣ ਅਤੇ ਸੰਜੀਦਗੀ ਦਾ ਚਰਖਾ ਡਾਹੋ। ਇਨ੍ਹਾਂ ਦੇ ਲੰਮੇਰੇ ਤੰਦ ਕੱਤੋ ਅਤੇ ਰੰਗੀਲੇ ਧਾਗਿਆਂ ਨਾਲ ਸੋਚ ਫੁਲਕਾਰੀ ‘ਤੇ ਬੂਟੀਆਂ ਪਾਓ, ਤੁਹਾਨੂੰ ਜੀਵਨ ਦਾ ਅਦਬ-ਓ-ਆਦਾਬ ਮਹਿਕਦਾ ਮਹਿਸੂਸ ਹੋਵੇਗਾ।
ਭੁੱਖ ਨੂੰ ਖੁਦ ‘ਤੇ ਭਰੋਸਾ, ਸਿਰੜ ਤੇ ਸਿਦਕ ਦਿਲੀ ਨਾਲ ਬਾਂਦੀ ਬਣਾਓ। ‘ਮਿਹਨਤ ਮੂਹਰੇ ਲੱਛਮੀ ਜਿਉਂ ਪੱਖੇ ਮੂਹਰੇ ਪੌਣ’ ਅਖਾਣ ਦਾ ਸੱਚ ਜ਼ਿਹਨ ਵਿਚ ਵਸ ਜਾਵੇ ਤਾਂ ਹਿੰਮਤੀ ਪੈਂਡਿਆਂ ਨੂੰ ਵਰ ਮਿਲਦਾ।
ਭੁੱਖ ਦੀ ਪੂਰਤੀ ਲਈ ਸੁੱਤਿਆਂ ਹੀ ਰੇਤਲੇ ਸੁਪਨਈ ਮਹਿਲ ਨਾ ਉਸਾਰੋ। ਸਗੋਂ ਤੁਹਾਡੇ ਮਨ ਵਿਚ ਅਜਿਹੇ ਸੁਪਨਿਆਂ ਦੀ ਜਾਗ ਲੱਗਣੀ ਚਾਹੀਦੀ ਜੋ ਤੁਹਾਨੂੰ ਬੈਚੈਨ ਕਰੇ ਅਤੇ ਇਨ੍ਹਾਂ ਦੀ ਪੂਰਤੀ ਲਈ ਨੀਂਦ ਵਿਚ ਹੀ ਅਭੜਵਾਹੇ ਉਠਣ ਲਈ ਉਕਸਾਉਣ।
ਭੋਖੜੇ ਦੀ ਮਾਰ ਹੇਠ ਆ ਗਏ ਨੇ ਭਰਾ ਤੇ ਭਤੀਜੇ, ਰਿਸ਼ਤੇ ਤੇ ਰਹਿਬਰ, ਦੋਸਤੀਆਂ ਤੇ ਦਰਿਆ ਦਿਲੀਆਂ, ਸੋਚਾਂ ਤੇ ਸੁਪਨੇ, ਆਸਾਂ ਤੇ ਦੁਆਵਾਂ, ਚਾਅ ਤੇ ਦੁਲਾਰ, ਹਾਕ ਤੇ ਹੁੰਗਾਰਾ ਅਤੇ ਵਾਅਦਾ ਤੇ ਲਾਰਾ।
ਭੁੱਖ, ਭੁੱਖੀਆਂ ਰੂਹਾਂ ਦੀ ਭੁੱਖ ਵਧਾਵੇ, ਕਲਮ ਅੱਖਰ-ਬੋਧ ਲਈ ਤਰਲੇ ਪਾਵੇ, ਹਰਫਾਂ ਦੇ ਅਰਥਾਂ ਨੂੰ ਸੁਗੰਧਤ ਕਰਨ ਦਾ ਧਰਮ ਨਿਭਾਵੇ ਜਾਂ ਦੋਸਤੀਆਂ ਦਾ ਵਿਹੜਾ ਮੋਕਲਾ ਕਰ ਜਾਵੇ, ਖੁਦ ਦੇ ਵਿਸਥਾਰ ਦਾ ਫਰਜ਼ ਨਿਭਾਵੇ, ਮਨ ਦੇ ਦਿਸਹੱਦਿਆਂ ਨੂੰ ਵਿਸ਼ਾਲਤਾ ਦਾ ਪਹਿਰਾਵਾ ਪੁਆਵੇ ਜਾਂ ਤੁਹਾਡੀ ਸੋਚ ਦਾਇਰਿਆਂ ਨੂੰ ਦਿਆਲਤਾ ਦਾ ਪਾਠ ਪੜ੍ਹਾਵੇ ਤਾਂ ਭੁੱਖ, ਭੁੱਖ ਹੋਣ ਦਾ ਧਰਮ ਨਿਭਾਵੇ।
ਭੁੱਖ ਅਤੇ ਦੁੱਖ ਦੌਰਾਨ ਮਨੁੱਖ ਖੁਦ ਦੇ ਸਭ ਤੋਂ ਵੱਧ ਕਰੀਬ। ਇਸ ‘ਚੋਂ ਹੀ ਹੁੰਦੀ ਆਪਣੇ ਤੇ ਪਰਾਏ ਦੀ ਪਛਾਣ ਅਤੇ ਖਰੇ ਤੋਂ ਖੋਟੇ ਵਿਚਲਾ ਅੰਤ। ਭੁੱਖ ਕਿਸੇ ਲਈ ਦੀਦਿਆਂ ‘ਚ ਸਿੰਮਿਆ ਪਾਣੀ ਪਰ ਕਿਸੇ ਲਈ ਹਾਸੇ ਦਾ ਪਾਤਰ ਬਣਦੀ।
‘ਭੁਖੇ ਮੁਲਾਂ ਘਰੇ ਮਸੀਤਿ’ ਦੇ ਅਰਥ ਜੇ ਸਾਡੀ ਜੀਵਨ-ਸ਼ੈਲੀ ਦਾ ਹਿੱਸਾ ਬਣ ਜਾਣ ਤਾਂ ਭੁੱਖ ਦੇ ਅਸੀਮ ਅਤੇ ਸਾਰਥਕ ਅਰਥਾਂ ਦੀ ਸਮਝ ਆ ਜਾਂਦੀ।
ਭੁੱਖ ਜਦ ਜਿਸਮਾਂ ਦੀ ਮੁਥਾਜੀ ਦਾ ਰੂਪ ਹੰਢਾਵੇ ਤਾਂ ਅਪੂਰਤੀ ਦਾ ਅਹਿਸਾਸ ਤਾਅ ਉਮਰ ਹੰਢਾਵੇ, ਕਿਉਂਕਿ ਤ੍ਰਿਪਤੀ ਮਨ ਦੀ ਅਵਸਥਾ ਹੈ, ਮਨ ਦਾ ਟਿਕਾਅ ਹੈ ਅਤੇ ਇਸ ਟਿਕਾਅ ਵਿਚੋਂ ਹੀ ਜੀਵਨ ਨੂੰ ਸਾਰਥਕਤਾ ਦੀ ਤਹਿਜ਼ੀਬ ਦਾ ਪਹਿਲਾ ਵਰਕਾ ਬਣਾ ਸਕਦੇ ਹਾਂ।
ਭੁੱਖ ਜਦ ਗਿਆਨ ਦੀ ਲੱਗਦੀ ਤਾਂ ਗੌਤਮ ਮਹਿਲਾਂ ਨੂੰ ਤਿਆਗ, ਸਰੀਰਕ ਭੁੱਖ ਅਤੇ ਕਸ਼ਟਾਂ ਵਿਚੋਂ ਹੀ ਨਵੇਂ ਸੋਚ-ਸੰਦਰਭ ਦਾ ਜਨਮ ਦਾਤਾ ਬਣਦਾ, ਜਿਸ ਨੇ ਦੁਨੀਆਂ ਨੂੰ ਇਕ ਵੱਖਰੇ ਕੋਣ ਤੋਂ ਦੇਖਣ ਅਤੇ ਸਮਝਣ ਦਾ ਗੁਰ ਸਿਖਾਇਆ।
ਭੁੱਖ ਦੀ ਕੋਈ ਸੀਮਾ ਨਹੀਂ। ਅਸੀਮਤਾ ਵਿਚੋਂ ਸੀਮਤਾ ਨੂੰ ਪੂਰਨਾ ਅਤੇ ਇਸ ਵਿਚੋਂ ਸੰਪੂਰਨਤਾ ਦਾ ਭਾਵ ਮਨ ਦੀ ਸਮੁੱਚਤਾ ਵਿਚ ਉਪਜਾਉਣਾ ਹੀ ਭੁੱਖ ਦਾ ਸੁੱਚਮ।
ਭੁੱਖ, ਪ੍ਰਕਿਰਤੀ ਨੂੰ ਮਾਣਨ ਦੀ ਹੋਵੇ, ਚੜ੍ਹਦੇ ਸੂਰਜ ਦੀ ਲਾਲ ਟਿੱਕੀ ਅਤੇ ਡੁੱਬੇ ਸੂਰਜ ਦਾ ਸੰਧੂਰੀ ਰੰਗ ਨਾਲ ਪਿਲੱਤਣਾਂ ਰਾਹੀਂ ਗਹਿਰੇ ਰੰਗਾਂ ਵਿਚ ਸਿਮਟਣ ਦੇ ਕਾਰਜ ਨੂੰ ਦੇਖਣਾ ਹੋਵੇ, ਚੰਦਰਮਾ ਦਾ ਧਰਤ ਜੂਹ ਨੂੰ ਰੁਸਨਾਉਣਾ ਹੋਵੇ ਹਾਂ ਰੱਮਕਦੀ ਹਵਾ ਵਲੋਂ ਨਗਮਾ ਗੁਣਗਣਾਉਣਾ ਹੋਵੇ ਤਾਂ ਭੁੱਖ ਅਕੀਦਤਯੋਗ ਹੁੰਦੀ।
ਭੁੱਖ ਜਦ ਬਣਦੀ ਰੂਹ ਦਾ ਸਾਜ਼ ਤਾਂ ਤਰੰਗਾਂ ਛੇੜਦਾ ਜੀਵਨ-ਰਾਗ। ਭੁੱਖ ਦੇ ਪੈਰੀਂ ਪੱਗ ਜਾਂ ਧਰਦਾ ਤਾਂ ਬੰਦਾ ਖੁਦ ਦੀ ਮੌਤੇ ਮਰਦਾ। ਭੁੱਖ ਨੂੰ ਜਦ ਕੋਈ ਭਰੇ ਕਲਾਵੇ ਤਾਂ ਜਿੰਦ ਬਰੂਹੀਂ ਬਲਦੇ ਆਵੇ। ਭੁੱਖ ਜਦ ਪਿੰਡੇ ਦਾ ਕੱਜਣ ਬਣਦੀ ਤਾਂ ਸਾਹ-ਤਾਣੀ ਤੰਦੀ ‘ਤੇ ਚੜ੍ਹਦੀ। ਭੁੱਖ ਦਾ ਪੀਹੜਾ ਜਾਂ ਵਿਹੜਾ ਮੱਲੇ ਤਾਂ ਖੂਹ-ਖਰਾਸੀਂ ਸੋਕਾ ਚੱਲੇ। ਸੱਚਾ ਜਦ ਕੋਈ ਸੂਲੀ ਚੜ੍ਹਦਾ ਤਾਂ ਸੋਚ-ਸੰਤਾਪ ਮਨ-ਮਸਤਕ ਵੜਦਾ।
ਭੁੱਖ ਦੀ ਪੂਰਤੀ ਲਈ ਪਰਦੇਸ ਦੀ ਮਿੱਟੀ ਵਿਚ ਖੁਦ ਨੂੰ ਬੀਜਣ ਵਾਲੇ ਆਖਰ ਨੂੰ ਅਫਸੋਸ ਪੱਲੇ ਬੰਨ ਤੁਰ ਜਾਂਦੇ ਕਿਉਂਕਿ ਇਕ ਦੀ ਪੂਰਤੀ ਨਾਲ ਬਹੁਤ ਕੁਝ ਗਵਾਚ ਜਾਂਦਾ, ਜੋ ਸਾਡੀ ਪਛਾਣ ਹੁੰਦਾ। ਪਛਾਣ ਗਵਾਚੀ ਤੋਂ ਬਾਅਦ ਹਯਾਤੀ ਦੇ ਕੋਈ ਅਰਥ ਨਹੀਂ ਹੁੰਦੇ। ਇਹ ਪਛਾਣ, ਬੋਲੀ, ਵਿਰਸਾ, ਧਰਮ ਅਕੀਦਾ, ਪਹਿਰਾਵਾ, ਜੀਵਨਸ਼ੈਲੀ ਆਦਿ ਬਹੁਤ ਸਾਰੇ ਸਰੋਕਾਰਾਂ ਨਾਲ ਜੋ ਜੁੜੀ ਹੁੰਦੀ।
ਭੁੱਖ-ਭਗਤੀ ਵਿਚੋਂ ਖੁਦ ਨੂੰ ਪਛਾਣਨ, ਨਵੀਂਆਂ ਰਾਹਾਂ ਦੀ ਨਿਸ਼ਾਨਦੇਹੀ ਕਰਨ ਅਤੇ ਨਿਵੇਕਲੇ ਦਿਸਹੱਦਿਆਂ ਦੇ ਸਿਰਜਕਾਂ ਨੂੰ ਕਲਮ ਦਾ ਸਲਾਮ।