ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਅਸੀਂ ਸਾਰੇ ਚਾਹੁੰਦੇ ਹਾਂ ਕਿ ਪੰਜਾਬ ਨੂੰ ਬਚਾਇਆ ਜਾਵੇ, ਪਰ ਕਿਵੇਂ? ਇਹ ਨਹੀਂ ਜਾਣਦੇ। ਪੰਜਾਬ ਨੂੰ ਬਚਾਉਣ ਦਾ ਅਰਥ ਕਦਾਚਿਤ ਇਹ ਨਹੀਂ ਕਿ ਇੱਥੇ ਕਿਸੇ ਵਿਸ਼ੇਸ਼ ਪਾਰਟੀ ਦੀ ਸਰਕਾਰ ਜਾਂ ਰਾਜ ਹੋਵੇ। ਪੰਜਾਬ ਨੂੰ ਬਚਾਉਣ ਦਾ ਅਰਥ ਹੈ, ਇੱਥੋਂ ਦੇ ਲੋਕਾਂ ਨੂੰ ਅਤੇ ਇੱਥੋਂ ਦੇ ਜਲਵਾਯੂ, ਪੌਣ-ਪਾਣੀ ਜਾਂ ਆਬੋ ਹਵਾ ਨੂੰ ਬਚਾਉਣਾ।
ਇਹ ਸਾਰਾ ਕੁਝ ਕਿਸੇ ਸਰਕਾਰ ਜਾਂ ਰਾਜ ਨੇ ਨਹੀਂ, ਸਗੋਂ ਲੋਕਾਂ ਨੇ ਬਚਾਉਣਾ ਹੈ। ਅਗਲਾ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਤੇ ਇੱਥੋਂ ਦੇ ਪੌਣ-ਪਾਣੀ ਨੂੰ ਕਿਨ੍ਹਾਂ ਤੋਂ ਬਚਾਉਣਾ ਹੈ। ਜਵਾਬ ਹੈ, ਲੋਕਾਂ ਨੇ ਖੁਦ ਨੂੰ ਖੁਦ ਤੋਂ ਬਚਾਉਣਾ ਹੈ।
ਸਰਕਾਰ ਦਾ ਕੁਝ ਹੱਦ ਤੱਕ ਲੋਕਾਂ ‘ਤੇ ਕਾਬੂ ਹੁੰਦਾ ਹੈ, ਪੌਣ-ਪਾਣੀ ‘ਤੇ ਨਹੀਂ। ਸਾਡੀ ਸਰਕਾਰ ਦਾ ਕੰਮ ਟੈਕਸ ਵਧਾਉਣਾ, ਉਗਰਾਹੁਣਾ ਤੇ ਉਸ ਨੂੰ ਹੜੱਪਣਾ ਰਹਿ ਗਿਆ ਹੈ।
ਲੋਕ ਤਾਂ ਸੱਭਿਅਤਾ ਅਤੇ ਸੱਭਿਆਚਾਰ ਉਸਾਰਦੇ ਹਨ ਤੇ ਸੱਭਿਆਚਾਰ ਪੌਣ-ਪਾਣੀ ‘ਤੇ ਅਸਰ ਪਾਉਂਦਾ ਹੈ। ਅੱਛੇ ਸੱਭਿਆਚਾਰ ਜਾਂ ਸੱਭਿਅਤਾ ਦੀ ਉਸਾਰੀ ਲਈ ਲੋਕਾਂ ਦਾ ਪੜ੍ਹੇ-ਲਿਖੇ ਹੋਣਾ ਬੇਹੱਦ ਜ਼ਰੂਰੀ ਹੈ। ਇੱਥੇ ਪੜ੍ਹੇ ਲਿਖੇ ਦਾ ਅਰਥ ਸਰਟੀਫਿਕੇਟ ਧਾਰਕ ਜਾਂ ਡਿਗਰੀ ਹੋਲਡਰ ਬਿਲਕੁਲ ਨਹੀਂ ਹੈ।
ਸਾਡੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਡਿਗਰੀਆਂ ਦਿੰਦੀਆਂ ਹਨ, ਸਿੱਖਿਆ ਨਹੀਂ। ਉਹ ਡਿਗਰੀਆਂ ਕਿਸੇ ਨੂੰ ਵੀ ਅੱਛਾ ਇਨਸਾਨ ਨਹੀਂ ਬਣਾਉਂਦੀਆਂ ਤੇ ਨਾ ਹੀ ਕੋਈ ਕਾਬਲੀਅਤ ਪੈਦਾ ਕਰਦੀਆਂ ਹਨ। ਇਨ੍ਹਾਂ ‘ਚੋਂ ਕੋਈ ਟਾਵਾਂ ਹੀ ਸਿੱਖਿਆ ਗ੍ਰਹਿਣ ਕਰਦਾ ਹੈ। ਕਿਸੇ ਨੂੰ ਕਾਸੇ ਦੇ ਕਾਬਲ ਬਣਾਉਣਾ ਹੋਰ ਗੱਲ ਹੈ; ਕੇਵਲ ਕਾਗਜੀ ਸ਼ਰਤਾਂ ਪੂਰੀਆਂ ਕਰਾਉਣੀਆਂ ਹੋਰ ਗੱਲ। ਇਹ ਸਿੱਖਿਆ ਦੇ ਨਾਂ ‘ਤੇ ਹੋ ਰਿਹਾ ਜਾਂ ਕੀਤਾ ਜਾ ਰਿਹਾ ਬਹੁਤ ਵੱਡਾ ਵਪਾਰ, ਦਗਾ, ਧੋਖਾ ਜਾਂ ਠੱਗੀ ਹੈ।
ਜਿਵੇਂ ਨਿੱਕੀਆਂ ਵੱਡੀਆਂ ਕੰਪਨੀਆਂ, ਮਸ਼ਹੂਰੀਆਂ ਰਾਹੀਂ, ਕਾਮਯਾਬ, ਸੋਹਣੇ, ਸੁਨੱਖੇ ਅਤੇ ਸਿਹਤਮੰਦ ਦਿਖਣ ਦੀ ਲਲਕ ਪੈਦਾ ਕਰਕੇ ਆਪਣੀਆਂ ਚੀਜ਼ਾਂ ਵੇਚਦੀਆਂ ਹਨ ਅਤੇ ਅਰਬਾਂ-ਖਰਬਾਂ ਦਾ ਵਪਾਰ ਕਰਦੀਆਂ ਹਨ, ਉਵੇਂ ਸਾਡੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵੀ ਉਸੇ ਰਾਹ ਪੈ ਗਈਆਂ ਹਨ।
ਇਹੀ ਹਾਲ ਹਸਪਤਾਲਾਂ ਦਾ ਹੈ। ਹਸਪਤਾਲਾਂ ਦੇ ਇਸ਼ਤਿਹਾਰ ਖਲਕਤ ਨੂੰ ਗੁਮਰਾਹ ਕਰਦੇ ਹਨ। ਮੇਰਾ ਖਿਆਲ ਹੈ ਕਿ ਜਾਲ੍ਹਸਾਜ਼ੀ, ਝੂਠ, ਠੱਗੀ, ਮੱਕਾਰੀ ਤੇ ਹਰਾਮਖੋਰੀ ਦੇ ਮਾਮਲੇ ਵਿਚ ਹਸਪਤਾਲਾਂ ਦਾ ਹੁਣ ਕੋਈ ਸਾਨੀ ਨਹੀਂ ਰਿਹਾ। ਕਿਸੇ ਦੀ ਕਿਡਨੀ ਕੱਢ ਕੇ ਕਿਸੇ ਦੇ ਫਿੱਟ ਕਰ ਦਿੰਦੇ ਹਨ। ਕਿਸੇ ਗਰੀਬ ਕਿਰਤੀ ਨੂੰ ਮਰਨ ਜੋਗਾ ਕਰਕੇ, ਕਿਸੇ ਅਮੀਰ ਵਿਹਲੜ ਨੂੰ ਮੁੜ ਗੰਦਗੀ ਫੈਲਾਉਣ ਜੋਗਾ ਕਰ ਦੇਣਾ, ਕਿਧਰ ਦੀ ਇਨਸਾਨੀਅਤ ਹੈ! ਇਸ ਬਦਰਾਹ ਤੋਂ ਪਿੱਛੇ ਮੁੜਨ ਦਾ ਕੋਈ ਹੀਲਾ ਵਸੀਲਾ ਨਜ਼ਰ ਨਹੀਂ ਆਉਂਦਾ।
ਪੰਜਾਬ ਕਿਵੇਂ ਸੰਭਲੇ, ਕਿਵੇਂ ਆਪਣੇ ਪੈਰਾਂ ‘ਤੇ ਹੋਵੇ, ਇਹ ਵੱਡਾ ਅਤੇ ਅਸਲ ਸਵਾਲ ਹੈ, ਜਿਸ ਦਾ ਜਵਾਬ ਕਿਸੇ ਸੰਤ, ਬਾਬੇ, ਮਾਂਦਰੀ ਜਾਂ ਮਦਾਰੀ ਕੋਲ ਨਹੀਂ ਹੈ। ਮੇਰੇ ਕੋਲ ਵੀ ਇਸ ਸਵਾਲ ਦਾ ਕੋਈ ਜਵਾਬ ਨਹੀਂ। ਹਾਂ, ਸੁਝਾਅ ਜ਼ਰੂਰ ਹੈ, ਜਿਸ ਨੂੰ ਸੁਣ ਕੇ ਬਹੁਤੇ ਲੋਕ ਹੈਰਾਨ ਹੋਣਗੇ ਤੇ ਸ਼ਾਇਦ ਹੱਸਣਗੇ ਵੀ। ਪਰ, ਮੇਰਾ ਵਿਸ਼ਵਾਸ ਹੈ ਕਿ ਜੇ ਇਸ ਰਾਹ ਤੁਰਿਆ ਜਾਵੇ ਤਾਂ ਕੋਈ ਕਾਰਗਰ ਹੱਲ ਲੱਭ ਸਕਦਾ ਹੈ।
ਪੰਜਾਬ ਵਿਚ ਦੋ ਵਿਦਵਾਨ ਹਨ, ਜਿਨ੍ਹਾਂ ਨੂੰ ਮਿਲ ਕੇ, ਦੇਖ ਕੇ ਅਤੇ ਸੁਣ ਕੇ ਵਿਦਵਾਨ ਦੀ ਪਰਿਭਾਸ਼ਾ ਸਮਝ ਆਉਂਦੀ ਹੈ। ਮੇਰੀ ਸਮਝ ਅਨੁਸਾਰ ਪੰਜਾਬ ਦੀ ਸ਼ਿਰੋਮਣੀ ਵਿਦਵਤਾ ਦੇ ਇਤਿਹਾਸ ਦੀ ਨਿਰੰਤਰਤਾ ਪ੍ਰੋ. ਜੇ. ਪੀ. ਐਸ਼ ਓਬਰਾਏ ਵਿਚ ਦੇਖੀ ਜਾ ਸਕਦੀ ਹੈ। ਉਨ੍ਹਾਂ ਨੂੰ ਮਿਲਣਾ ਰਤਾ ਮੁਸ਼ਕਿਲ ਹੈ, ਨਾਮੁਮਕਿਨ ਨਹੀਂ।
ਪ੍ਰੋ. ਓਬਰਾਏ ਨੇ ਆਪਣੀਆਂ ਲਿਖਤਾਂ ਵਿਚ ਪੰਜਾਬ ਦੇ ਸਿਰਫ ਦੋ ਵਿਦਵਾਨਾਂ ਦਾ ਜ਼ਿਕਰ ਕੀਤਾ ਹੈ। ਇੱਕ ਹਨ ਪ੍ਰੋ. ਮਿਨਹਾਸ, ਜੋ ਸਮਾਜ ਵਿਗਿਆਨ ਦੇ ਵੱਡੇ ਅਤੇ ਸਮਰੱਥ ਵਿਦਵਾਨ ਹਨ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੁਮਨਾਮੀ ਦਾ ਜੀਵਨ ਬਸਰ ਕਰ ਰਹੇ ਹਨ। ਉਹ ਮੂੰਹੋਂ ਬੋਲਦੇ ਹਨ ਤਾਂ ਲੱਗਦਾ ਹੈ, ਜਿਵੇਂ ਕਿਸੇ ਦਰਵੇਸ਼ ਆਤਮਾ ਦੇ ਦੀਦਾਰ ਹੋ ਰਹੇ ਹੋਣ। ਉਨ੍ਹਾਂ ਦੇ ਬੋਲਾਂ ਵਿਚ ਜ਼ਮਾਨੇ ਨੂੰ ਬਦਲ ਦੇਣ ਦੇ ਸੂਖਮ ਸੰਕੇਤ ਅਤੇ ਕਾਰਗਰ ਹੱਲ ਹੁੰਦੇ ਹਨ।
ਦੂਸਰੇ ਵਿਦਵਾਨ ਨੂੰ ਦੂਸਰਾ ਕਹਿਣਾ ਭਾਸ਼ਾ ਦੀ ਮਜਬੂਰੀ ਹੈ, ਪਰ ਉਹ ਦੂਸਰੇ ਨਹੀਂ, ਪਹਿਲੇ ਹੀ ਹਨ। ਉਹ ਹਨ, ਪ੍ਰੋ. ਹਰਜੀਤ ਗਿੱਲ, ਜੋ ਫਰਾਂਸ ਵਿਚ ਪੜ੍ਹੇ ਹਨ ਅਤੇ ਜੇ. ਐਨ. ਯੂ. ਤੋਂ ਸੁਬਕਦੋਸ਼ ਹੋਏ ਹਨ। ਫਿਰ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿਚ ਆਪਣੀ ਲਿਆਕਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੇਖੇ ਲਾਇਆ ਹੈ। ਉਹ ਅਸਲੋਂ ਹੀ ਬੇਨਿਆਜ਼ ਹਨ, ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਹੁਣ ਸਾਡੀ ਯੂਨੀਵਰਸਿਟੀ ਨੇ ਉਨ੍ਹਾਂ ਦੀ ਪ੍ਰਵਾਹ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਯੂਨੀਵਰਸਿਟੀ ਕੋਲ, ਕਿਸੇ ਭੰਗੜਾ ਕਲਾਕਾਰ ḔਬਾਈḔ ਦੀ ਪ੍ਰਵਾਹ ਕਰਨ ਤੋਂ ਫੁਰਸਤ ਨਹੀਂ ਹੈ। ਪ੍ਰੋ. ਹਰਜੀਤ ਗਿੱਲ ਆਪਣੇ ਵੱਡੇ ਕਿ ਛੋਟੇ ਭਾਈ ਕੋਲ ਅੰਮ੍ਰਿਤਸਰ ਚਲੇ ਗਏ ਹਨ।
ਇਨ੍ਹਾਂ ਵਿਦਵਾਨਾਂ ਦਾ ਨਾਂ ਆਕਸਫੋਰਡ, ਕੈਂਬਰਿਜ ਜਾਂ ਹਾਰਵਰਡ ਦੇ ਗਲਿਆਰਿਆਂ ‘ਚ ਸੁਣਿਆ ਜਾ ਸਕਦਾ ਹੈ, ਸਿਰਫ ਪੰਜਾਬ ‘ਚ ਨਹੀਂ; “ਜਾਨੇ ਨ ਜਾਨੇ ਗੁਲ ਹੀ ਨ ਜਾਨੇ, ਬਾਗ ਤੋ ਸਾਰਾ ਜਾਨੇ ਹੈ।” ਉਕਤ ਵਿਦਵਾਨਾਂ ਦੇ ਚਿਹਰਿਆਂ ‘ਤੇ ਉਨ੍ਹਾਂ ਦੀ ਆਪਣੀ ਜ਼ਿੰਦਗੀ ਪ੍ਰਤੀ ਕੋਈ ਸ਼ਿਕਨ ਜਾਂ ਰੰਜ ਨਹੀਂ ਹੈ; ਉਨ੍ਹਾਂ ਦੇ ਦਿਲ ਵਿਚ ਸ਼ਿਕਨ ਹੈ ਤਾਂ ਬੱਸ ਇੰਨਾ ਹੀ ਕਿ ਉਨ੍ਹਾਂ ਦੀ ਲਿਆਕਤ ਦੀ ਬਰਸਾਤ ਪੱਥਰਾਂ ‘ਤੇ ਹੀ ਹੁੰਦੀ ਰਹੀ ਹੈ।
ਉਹ ਤਾਉਮਰ ਕਿਸੇ ਜ਼ਰਖੇਜ਼ਬੁੱਧ ਵਿਦਿਆਰਥੀ ਦੀ ਉਡੀਕ ‘ਚ ਰਹੇ। ਉਹ ਉਪਰਾਮ ਹਨ, ਨਿਰਾਸ਼ ਨਹੀਂ। ਕਿਸੇ ਉਤਸ਼ਾਹੀ ਵਿਦਿਆਰਥੀ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿਚ ਆਸ ਜਾਗਦੀ ਹੈ, ਨੇਤਰਾਂ ‘ਚ ਲੋ ਮੱਚਦੀ ਹੈ, ਮੱਥੇ ‘ਤੇ ਖੇੜਾ ਚਮਕ ਉਠਦਾ ਹੈ। ਪਰ, ਨੌਕਰੀ ਨਾਲ ਜੁੜੀ ਨੰਬਰਾਂ ਦੀ ਮਜਬੂਰੀ ਕਾਰਨ ਉਤਸ਼ਾਹੀ ਵਿਦਿਆਰਥੀ ਦੇ ਮਨ ਵਿਚ ਗਿਆਨ ਦੀ ਅਭਿਲਾਸ਼ਾ ਦੇ ਬੁਝੇ ਹੋਏ ਚਿਰਾਗ ਦੇਖ ਕੇ ਇਨ੍ਹਾਂ ਵਿਦਵਾਨਾਂ ਦੇ ਮਨ ਵਿਚ ਫੁੱਟਦੀ ਆਸ ਭਾਦੋਂ ਦੀਆਂ ਖੁੰਬਾਂ ਵਾਂਗ ਪਲ ਵਿਚ ਮੁਰਝਾਅ ਜਾਂਦੀ ਹੈ। ਜਿਸ ਸੱਭਿਅਤਾ ਦੇ ਵਿਦਵਾਨ ਨਿਰਾਸ਼ ਹੋ ਜਾਣ ਤੇ ਉਦਾਸ ਰਹਿਣ ਲੱਗ ਜਾਣ, ਉਸ ਸੱਭਿਅਤਾ ਦੇ ਲੋਕਾਂ ਨੂੰ ਅਮਰੀਕਾ-ਕੈਨੇਡਾ ਤਾਂ ਕਿਤੇ ਰਿਹਾ, ਚੰਦ ‘ਤੇ ਵੀ ਢੋਈ ਨਹੀਂ ਮਿਲ ਸਕਦੀ।
ਪੰਜਾਬ ਦੇ ਕਿਸੇ ਸੰਕਟ ਦਾ ਹੱਲ ਕੈਪਟਨ ਨਾਲ ਜੱਫੀ ਪਾ ਕੇ ਜਾਂ ਉਸ ਦੇ ਅੱਗੇ ਹੱਥ ਜੋੜ ਕੇ ਫੋਟੋ ਖਿਚਵਾਉਣ ‘ਚ ਨਹੀਂ ਹੈ। ਨਾ ਹੀ ਯੂ-ਟਿਊਬ ‘ਤੇ ਰੋਜ ਰਗਾਂ ਫੁਲਾਉਣ ‘ਚ ਕਿਸੇ ਸਮੱਸਿਆ ਦਾ ਹੱਲ ਹੈ।
ਗੁਰਬਾਣੀ ‘ਚ ਆਇਆ ਹੈ: ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ ਇਸ ਪਵਿੱਤਰ ਹੁਕਮ ਅਨੁਸਾਰ ਜੋ ਵੀ ਕੋਈ ਪੰਜਾਬ ਦੇ ਕਿਸੇ ਸੰਕਟ ਦੇ ਹੱਲ ‘ਚ ਆਪਣੀ ਹਾਜ਼ਰੀ ਲਵਾਉਣੀ ਚਾਹੁੰਦਾ ਹੈ, ਉਸ ਦਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਇਨ੍ਹਾਂ ਵਿਦਵਾਨਾਂ ਦੇ ਦਰਸ਼ਨ ਜਰੂਰ ਕਰੇ ਅਤੇ ਉਨ੍ਹਾਂ ਦੇ ਪ੍ਰਵਚਨ ਸੁਣਨ ਦੀ ਖੇਚਲ ਕਰੇ ਤੇ ਉਨ੍ਹਾਂ ਦੀ ਰੌਸ਼ਨੀ ‘ਚ ਅੱਗੇ ਵਧੇ।
ਇਹ ਦੋ ਮਹਾਨ ਹਸਤੀਆਂ ਦਰਅਸਲ ਪੰਜਾਬ ਦੇ ਦੋ ਚਿਰਾਗ ਹਨ, ਜੋ ਬੇਨਿਆਜ਼ ਹਨ, ਪਰ ਮਾਇਆਨਾਜ਼ ਹਨ; ਇਨ੍ਹਾਂ ਦਾ ਪ੍ਰਕਾਸ਼ ਪੰਜਾਬੀ ਲੋਕ ਮਾਨਸਿਕਤਾ ਦਾ ਹਨੇਰਾ ਦੂਰ ਕਰ ਸਕਦਾ ਹੈ। ਚਿਰਾਗਾਂ ਤੋਂ ਦੂਰ, ਹਨੇਰੇ ‘ਚ ਟੱਕਰਾਂ ਮਾਰਿਆਂ ਝੂਠੀ ਸ਼ੁਹਰਤ ਅਤੇ ਨਾਹੱਕ ਚੰਦ ਠੀਕਰੀਆਂ ਦੇ ਬਗੈਰ ਕੁਝ ਵੀ ਹਾਸਲ ਨਹੀਂ ਹੋਣਾ। ਇਹ ਵੀ ਚੇਤੇ ਰਹੇ, ਵਿਦਵਾਨ ਟਿਊਬਵੈਲ ਨਹੀਂ ਹੁੰਦੇ, ਖੂਹ ਹੁੰਦੇ ਹਨ। ਖੂਹ ਕਦੇ ਪਿਆਸਿਆਂ ਕੋਲ ਨਹੀਂ ਜਾਂਦੇ, ਬਲਕਿ ਪਿਆਸੇ ਖੁਦ ਚੱਲ ਕੇ ਖੂਹ ਕੋਲ ਜਾਂਦੇ ਹਨ। ਖੂਹ ਸਿਰਫ ਉਡੀਕਦੇ ਹਨ, ਪਿਆਸਿਆਂ ਨੂੰ। ਸਾਡੇ ਖੂਹ ਉਦਾਸ ਹਨ, ਕਿਉਂਕਿ ਹੁਣ ਕਿਸੇ ਨੂੰ ਵਿਦਵਤਾ ਦੇ ਅੰਮ੍ਰਿਤ ਜਲ ਦੀ ਪਿਆਸ ਨਹੀਂ ਲੱਗਦੀ। ਜਾਂ ਇਉਂ ਕਹਿ ਲਉ ਕਿ ਹੁਣ ਲੋਕ ਆਪਣੀ ਪਿਆਸ ਬੁਝਾਉਣ ਲਈ ਟੈਂਕੀਆਂ ਅਤੇ ਟੂਟੀਆਂ ਦੇ ਮੁਥਾਜ ਹੋ ਗਏ ਹਨ। ਖੂਹ ਤਾਂ ਕਿਤੇ ਰਹੇ, ਹੁਣ ਸਾਡੇ ਸਰੋਵਰ ਵੀ ਨਿਰਾਸ਼ ਹਨ।
ਸ਼ਾਇਦ ਇਸੇ ਗੱਲ ਦੇ ਦੁਖਾਂਤ ਨੂੰ ਭਾਂਪ ਕੇ, ਯਮਲਾ ਜੀ ਨੇ ਗੀਤ ਗਾਇਆ ਸੀ, “ਜੰਗਲ ਦੇ ਵਿਚ ਖੂਹਾ ਲੁਆ ਦੇ, ਉਤੇ ਰਖਾ ਦੇ ਡੋਲ, ਸਖੀਏ ਨਾਮ ਸਾਈਂ ਦਾ ਬੋਲ।” ਚਲੋ, ਆਪਣੇ ਪੁਰਾਤਨ ਅਤੇ ਦੇਸੀ ਖੂਹਾਂ ਦੀ ਖਬਰ ਲਈਏ। ਇਨ੍ਹਾਂ ਨੂੰ ਵਿੱਦਿਆ ਦੇ ਖੂਹ ਕਹਿਣਾ, ਲਿਖਤ ਦੀ ਲੋੜ ਹੈ। ਦਰਅਸਲ ਇਹ ਵਿਦਵਾਨ ਵਿੱਦਿਆ ਦੇ ਖੂਹ ਨਹੀਂ, ਨਿਰਮਲ ਸਰੋਵਰ ਹਨ। ਇਨ੍ਹਾਂ ਦੇ ਦਰਸ਼ਨ ਵਿੱਦਿਅਕ ਇਸ਼ਨਾਨ ਹੈ।
“ਤ੍ਰੈ ਮਿਲਿ ਜਗਤੁ ਉਪਾਇਆ॥”