ਬਲਜੀਤ ਬਾਸੀ
ਪਿਛਲੇ ਦਿਨੀਂ ਖਬਰ ਆਈ ਕਿ ਸਿੰਗਾਪੁਰ ਦੇ ਐਮæ ਆਰæ ਟੀæ ਰੇਲਵੇ ਦੇ ਇੱਕ ਜੰਕਸ਼ਨ ਦਾ ਨਾਂ ਧੋਬੀ ਘਾਟ ਰੱਖ ਦਿੱਤਾ ਗਿਆ ਹੈ। ਧੋਬੀ ਘਾਟ ਦਰਿਆ ਆਦਿ ਦੇ ਕਿਨਾਰੇ ਕੱਪੜੇ ਧੋਣ ਲਈ ਬਣੇ ਪੌੜੀਦਾਰ ਢਾਂਚੇ ਦਾ ਸੂਚਕ ਅਤੇ ਭਾਰਤ ਦੀ ਧਰਤੀ ਵਿਚ ਜਨਮਿਆ ਹਿੰਦ-ਆਰਿਆਈ ਸ਼ਬਦ ਹੈ। ਭਾਰਤ ਦੇ ਕਰੀਬ ਹਰ ਪਿੰਡ ਸ਼ਹਿਰ ਵਿਚ ਧੋਬੀ ਘਾਟ ਹੋਇਆ ਕਰਦੇ ਸਨ। ਮੁੰਬਈ ਦਾ ਧੋਬੀ ਘਾਟ ਸਭ ਤੋਂ ਵੱਡਾ ਤੇ ਮਸ਼ਹੂਰ ਮੰਨਿਆ ਗਿਆ ਹੈ।
ਇਸ ਦਾ ਨਾਂ ਗਿਨੀ ਦੀ ਰਿਕਾਰਡਾਂ ਵਾਲੀ ਕਿਤਾਬ ਵਿਚ ਵੀ ਦਰਜ ਹੈ। ਇਹ 1970 ਵਿਚ ਬਣਿਆ ਸੀ। ਇਸ ਵਿਚ ਰੋਜ਼ ਅੰਦਾਜ਼ਨ ਇਕ ਲੱਖ ਕੱਪੜੇ ਧੋਤੇ ਜਾਂਦੇ ਹਨ ਤੇ ਦੱਸਦੇ ਹਨ ਕਿ ਅਜੇ ਤੱਕ ਕੋਈ ਕੱਪੜਾ ਵੀ ਵਟਿਆ ਨਹੀਂ। ਅੱਜ ਇਹ ਦੁਨੀਆਂ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਉਂਜ ਹੁਣ ਭਾਰਤ ਵਿਚ ਕਈ ਥਾਂਈਂ ਧੋਬੀ ਘਾਟ ਦੀ ਥਾਂ ਲਾਂਡਰੀਆਂ ਨੇ ਲੈ ਲਈ ਹੈ। ਧੋਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਹਨ।
ਪਰ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਸਿੰਗਾਪੁਰ ਦਾ ਧੋਬੀ ਘਾਟ ਤੇ ਉਹ ਵੀ ਰੇਲਵੇ ਸਟੇਸ਼ਨ ਦਾ ਨਾਂ? ਜੀ ਹਾਂ, ਫਿਰ ਕੀ ਹੋਇਆ, ਸਿੰਗਾਪੁਰ ਟਾਪੂ ਦਾ ਨਾਂ ਵੀ ਭਾਰਤੀਆਂ ਨੇ ਰੱਖਿਆ ਸੀ, ਧੋਬੀ ਘਾਟ ਤਾਂ ਗੱਲ ਹੀ ਕੀ ਹੈ। ਇਸ ਵੇਲੇ ਸਿੰਗਾਪੁਰ ਰਾਜਨਗਰ ਦੀ ਆਬਾਦੀ ਦਾ ਅੱਧੇ ਤੋਂ ਕੁਝ ਘੱਟ ਹਿੱਸਾ ਭਾਰਤੀ ਮੂਲ ਦੇ ਲੋਕਾਂ ਦਾ ਹੈ। ਸਿੰਗਾਪੁਰ ਕਿਸੇ ਵੇਲੇ ਭਾਰਤੀ ਪ੍ਰਭਾਵ-ਖੇਤਰ ਹੇਠ ਆਉਂਦਾ ਸੀ।
ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਸਿੰਗਾਪੁਰ ਸ਼ਬਦ ਸਿੰਘ+ਪੁਰ ਤੋਂ ਬਣਿਆ ਜਿਸ ਦਾ ਮਤਲਬ ਹੋਇਆ, ਸ਼ੇਰਾਂ ਦੇ ਰਹਿਣ ਵਾਲਾ ਨਗਰ, ਭਾਵੇਂ ਸ਼ੇਰ ਇਸ ਟਾਪੂ ਵਿਚ ਕਦੇ ਕੋਈ ਨਹੀਂ ਗਰਜਿਆ। ਵਿਚਾਰ ਹੈ ਕਿ ਇਹ ਨਾਂ ਨਾਲ ਲਗਦੇ ਮਲੇਸ਼ੀਆ ‘ਤੇ ਲਾਗੂ ਹੁੰਦਾ ਹੈ ਪਰ ਕਿਸੇ ਤਰ੍ਹਾਂ ਇਸ ਟਾਪੂ ਲਈ ਰੂੜ ਹੋ ਗਿਆ। ਸਿੰਗਾਪੁਰ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਵਿਚ ਰਿਹਾ ਹੈ ਜੋ ਪੂਰਬ ਵਿਚ ਇਸ ਦੀ ਇੱਕ ਵਪਾਰਕ ਚੌਕੀ ਸੀ। ਜਾਤੀਆਂ ਵਿਚ ਵੰਡੇ ਭਾਰਤ ਵਿਚ ਧੋਬੀ ਇਕ ਜਾਤੀਗਤ ਪੇਸ਼ਾ ਹੈ। ਧੋਬੀਆਂ ਦਾ ਪੁਸ਼ਤੈਨੀ ਕੰਮ ਜਜਮਾਨਾਂ ਦੇ ਕੱਪੜੇ ਧੋਣਾ ਹੁੰਦਾ ਸੀ। 19ਵੀਂ ਸਦੀ ਵਿਚ ਗੋਰੇ ਸਾਹਿਬ ਲੋਕਾਂ ਦੇ ਕੱਪੜੇ ਧੋਣ ਲਈ ਭਾਰਤ ਤੋਂ ਸਿੰਗਾਪੁਰ ਧੋਬੀ ਮੰਗਵਾਏ ਗਏ। ਇਨ੍ਹਾਂ ਵਿਚੋਂ ਬਹੁਤੀਆਂ ਔਰਤਾਂ ਸਨ। ਇਨ੍ਹਾਂ ਨੇ ਆਪਣਾ ਡੇਰਾ ਸੰਘਈ ਬਰਾਸ ਬਾਸਾ ਨਾਂ ਦੇ ਦਰਿਆ ਕਿਨਾਰੇ ਲਾਇਆ। ਇਹ ਕੱਪੜੇ ਨਾਲ ਲਗਦੇ ਖੇਤਾਂ ਵਿਚ ਸੁੱਕਣੇ ਪਾਉਂਦੇ ਸਨ।
ਐਪਰ ਸਮਾਂ ਬੀਤਣ ਨਾਲ ਧੋਬੀ ਘਾਟ ਵਜੋਂ ਜਾਣਿਆ ਜਾਂਦਾ ਇਹ ਇਲਾਕਾ ਇਕ ਆਲੀਸ਼ਾਨ ਆਧੁਨਿਕ ਦਿੱਖ ਵਾਲਾ ਮਹੱਲਾ ਬਣ ਗਿਆ ਜਿਸ ਵਿਚ ਧੋਬੀ ਘਾਟ ਵਾਲੀ ਕੋਈ ਗੱਲ ਨਹੀਂ ਰਹੀ। ਕੋਈ ਪੱਚੀ ਕੁ ਸਾਲ ਪਹਿਲਾਂ ਮੈਂ ਸਿੰਗਾਪੁਰ ਗਿਆ। ਉਦੋਂ ਮੈਂ ਧੋਬੀਘਾਟ ਨਾਂ ਸੁਣਿਆ ਪਰ ਇਸ ਨੂੰ ਗੰਦ ਧੋਣ ਵਾਲੇ ਇਲਾਕੇ ਵਜੋਂ ਸਮਝਦਿਆਂ ਇਸ ਵੱਲ ਦੂਰੋਂ ਵੀ ਸਲਾਮ ਨਾ ਸੁੱਟਿਆ, ਮੈਂ ਤਾਂ ਹੋਰ ਹੀ ਗੰਦ-ਮੰਦ ਦੇਖਣ ਵਿਚ ਰੁੱਝਾ ਰਿਹਾ। ਧੋਬੀ ਘਾਟ ਵਿਚ ਕੈਥਾਈ ਸਿਨਮਾ ਹੈ, ਆਧੁਨਿਕ ਮਾਲਾਮਾਲ ਮਾਲ ਹੈ ਤੇ ਆਸ-ਪਾਸ ਲਹਿਲਹਾਉਂਦੇ ਬਾਗ ਬਗੀਚੇ ਹਨ।
ਅੱਜ ਦੇ ਸਿੰਗਾਪੁਰੀਏ ਵੀ ਹੈਰਾਨ-ਪ੍ਰੇਸ਼ਾਨ ਹਨ ਕਿ ਇਸ ਦਾ ਧੋਬੀ ਘਾਟ ਜਿਹਾ ਅਜੀਬੋ-ਗਰੀਬ ਨਾਂ ਕਿਉਂ ਰੱਖਿਆ ਗਿਆ ਹੋਵੇਗਾ! ਰੇਲਵੇ ਸਟੇਸ਼ਨ ਦਾ ਨਾਂ ਧੋਬੀ ਘਾਟ ਰੱਖ ਕੇ ਤਾਂ ਆਮ ਆਦਮੀ ਹੋਰ ਵੀ ਸ਼ਸ਼ੋਪੰਜ ਵਿਚ ਪੈ ਗਿਆ ਹੈ। ਸਿੰਗਾਪੁਰ ਦੇ ਕੁਝ ਹੋਰ ਇਲਾਕਿਆਂ ਦੇ ਨਾਂਵਾਂ ਦਾ ਵੀ ਭਾਰਤ ਨਾਲ ਗੂੜ੍ਹਾ ਸਬੰਧ ਹੈ। ਇਕ ਇਲਾਕੇ ਦਾ ਨਾਂ ਹੈ, ਸਿਪਾਈ-ਪੋ। ਈਸਟ ਇੰਡੀਆ ਕੰਪਨੀ ਨੇ ਆਪਣੀ ਹਿਫਾਜ਼ਤ ਲਈ ਭਾਰਤ ਤੋਂ ਫੌਜੀ ਮੰਗਵਾਏ ਸਨ। ਭਾਰਤ ਵਿਚ ਫੌਜੀ ਨੂੰ ਸਿਪਾਹੀ ਵੀ ਕਿਹਾ ਜਾਂਦਾ ਹੈ ਤੇ ਇਸ ਸ਼ਬਦ ਦਾ ਅੰਗਰੇਜ਼ੀਕ੍ਰਿਤ ਰੂਪ ਹੈ, ਸਿਪਾਈ। ‘ਪੋ’ ਚੀਨੀ ਦੀ ਇਕ ਉਪ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ, ਮੈਦਾਨ। ਭਾਰਤ ਤੋਂ ਲਿਆਂਦੇ ਗਏ ਇਨ੍ਹਾਂ ਸਿਪਾਹੀਆਂ ਦੀ ਇਕ ਛਾਉਣੀ ਇਸ ਇਲਾਕੇ ਵਿਚ ਸੀ। ਸੋ, ਇਸ ਇਲਾਕੇ ਦਾ ਨਾਂ ਪ੍ਰਚਲਿਤ ਹੋਇਆ, ਸਿਪਾਈ-ਪੋ, ਜੋ ਅੱਜ ਵੀ ਚਲਦਾ ਹੈ। ਇਕ ਹੋਰ ਗਲੀ ਹੈ, ‘ਬਾਬੂ ਲੇਨ’ ਜੋ ਸਮਝੋ ਸਿੰਗਾਪੁਰ ਦਾ ਛੋਟਾ ਭਾਰਤ ਹੈ। ਭਾਰਤ, ਖਾਸ ਤੌਰ ‘ਤੇ ਇਸ ਦੇ ਬੰਗਾਲੀ ਪ੍ਰਦੇਸ਼ ਵਿਚ ਪੜ੍ਹੇ-ਲਿਖੇ ਲੋਕਾਂ ਨੂੰ ਬਾਬੂ ਕਿਹਾ ਜਾਂਦਾ ਸੀ। ਇਸੇ ਇਲਾਕੇ ਵਿਚ ਇਕ ਚੰਦਰ ਰੋਡ ਹੈ, ਜਿਸ ਦਾ ਨਾਂ ਇਕ ਭਾਰਤੀ ਸਭਾ ਦੇ ਪ੍ਰਧਾਨ ਤੇ ਮਿਉਂਸੀਪਲ ਦੇ ਸਲਾਹਕਾਰ ਅੰਕੁਲ ਚੰਦਰ ਦੇ ਨਾਂ ‘ਤੇ ਰੱਖਿਆ ਗਿਆ ਸੀ। ਇੱਕ ਚਿੱਟੀ ਰੋਡ ਹੈ। ਤਾਮਿਲ ਵਿਚ ਚਿੱਟੀ ਅਮੀਰ ਕਾਰੋਬਾਰੀਏ ਨੂੰ ਕਹਿੰਦੇ ਹਨ।
ਐਪਰ ਸਾਡੇ ਲਈ ਸਭ ਤੋਂ ਦਿਲਚਸਪ ਤੇ ਅਹਿਮ ਸਥਾਨ-ਨਾਂ ਹੈ, ਆਲੀਵਾਲ ਸਟਰੀਟ, ਜੋ ਸਿੰਗਾਪੁਰ ਦੇ ਕਾਂਪੌਂਗ ਗਲਾਮ ਇਲਾਕੇ ਦੀ ਇਕ ਗਲੀ ਨੂੰ ਕਹਿੰਦੇ ਹਨ। ਇਸ ਪਾਸੇ ਹੋਰ ਜਾਣਕਾਰੀ ਲੈਣ ਤੋਂ ਪਹਿਲਾਂ ਪੰਜਾਬ ਦੇ ਪਿੰਡ ਆਲੀਵਾਲ ਬਾਰੇ ਜਾਣਨਾ ਬੜਾ ਜ਼ਰੂਰੀ ਹੈ। ਉਂਜ ਤਾਂ ਪੰਜਾਬ ਵਿਚ ਆਲੀਵਾਲ/ਅਲੀਵਾਲ ਨਾਂ ਨਾਲ ਜਾਣੇ ਜਾਂਦੇ ਦਰਜਨਾਂ ਪਿੰਡ ਹਨ ਪਰ ਅੱਜ ਸਾਡਾ ਸਰੋਕਾਰ ਲੁਧਿਆਣੇ ਜ਼ਿਲੇ ਵਿਚ ਸਤਲੁਜ ਦੇ ਕਿਨਾਰੇ ਸਿਧਵਾਂ ਬੇਟ ਦੇ ਨਾਲ ਸਥਿਤ ਪਿੰਡ ਆਲੀਵਾਲ ਨਾਲ ਹੈ। ਇਹ ਜਗਰਾਵਾਂ ਤੋਂ 16 ਕਿਲੋਮੀਟਰ ਦੂਰ ਹੈ। ਇਹ ਪਿੰਡ ਪੰਜਾਬ ਦੇ ਇਤਿਹਾਸ ਦੇ ਇੱਕ ਦੁਖਦ ਕਾਂਡ ਨਾਲ ਜੁੜਿਆ ਹੋਇਆ ਹੈ। ਇਥੇ 28 ਜਨਵਰੀ 1846 ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਘਮਸਾਨ ਦੀ ਲੜਾਈ ਹੋਈ ਸੀ ਜਿਸ ਨੇ ਪੰਜਾਬ ਦਾ ਇਤਿਹਾਸ, ਸਮਝੋ ਪੰਜਾਬ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਸਿੱਖ ਫੌਜਾਂ ਦੀ ਕਮਾਨ ਰਣਜੋਧ ਸਿੰਘ ਮਜੀਠੀਆ ਅਤੇ ਈਸਟ ਇੰਡੀਆ ਕੰਪਨੀ ਦੇ ਫੌਜੀਆਂ ਦੀ ਕਮਾਨ ਹੈਰੀ ਸਮਿੱਥ ਹੇਠ ਸੀ। ਸਮਿੱਥ ਨੈਪੋਲੀਅਨ ਨਾਲ ਲੜੀਆਂ ਲੜਾਈਆਂ ਅਤੇ ਦੱਖਣੀ ਅਮਰੀਕਾ ਸਮੇਤ ਹੋਰ ਕਈ ਲੜਾਈਆਂ ਦਾ ਯੋਧਾ ਸੀ। ਅੰਗਰੇਜ਼ ਸਾਰੀ ਧਰਤੀ ਉਤੇ ਆਪਣੇ ਘੋੜੇ ਦੌੜਾ ਰਹੇ ਸਨ ਤੇ ਆਪਣਾ ਸੂਰਜ ਨਾ ਛੁਪਦਾ ਕਰਨ ਦੇ ਮਿਸ਼ਨ ਵਿਚ ਸਨ।
ਫਿਰੋਜ਼ਸ਼ਾਹ, ਮੁਦਕੀ, ਬੱਦੋਵਾਲ ਤੇ ਪੁੜੈਣ ਆਦਿ ਅਨੇਕਾਂ ਝੜਪਾਂ ਵਿਚ ਕਦੀ ਅੰਗਰੇਜ਼ ਅਤੇ ਕਦੀ ਸਿੱਖ ਫੌਜੀਆਂ ਦਾ ਪਲੜਾ ਭਾਰੂ ਹੁੰਦਾ ਰਿਹਾ। ਸਿੱਖਾਂ ਨੇ ਸਤਲੁਜ ਦੇ ਨਾਲ ਨਾਲ ਪਿੰਡ ਆਲੀਵਾਲ ਅਤੇ ਪਿੰਡ ਭੂੰਦਰੀ ਦੇ ਵਿਚਕਾਰ ਮੋਰਚੇ ਲਾ ਲਏ। ਗਹਿਗੱਚ ਲੜਾਈ ਪਿਛੋਂ ਅੰਗਰੇਜ਼ਾਂ ਨੇ ਪਿੰਡ ਆਲੀਵਾਲ ‘ਤੇ ਕਬਜ਼ਾ ਕਰ ਲਿਆ। ਸਤਲੁਜ ਦੇ ਨਾਲ ਨਾਲ ਫੌਜਾਂ ਤਾਇਨਾਤ ਕਰਨ ਵਾਲੀ ਸਿੱਖਾਂ ਦੀ ਰਣਨੀਤੀ ਘਾਤਕ ਸਾਬਤ ਹੋਈ ਕਿਉਂਕਿ ਪਿੱਛੇ ਦਰਿਆ ਹੋਣ ਕਰਕੇ ਲੋੜ ਪੈਣ ‘ਤੇ ਪਿਛੇ ਨਹੀਂ ਸੀ ਹਟਿਆ ਜਾ ਸਕਦਾ। ਜਦ ਭੱਜਣ ਦੀ ਲੋੜ ਪਈ ਤਾਂ ਸਾਰੀ ਫੌਜ ਏਧਰ ਉਧਰ ਖਿੰਡ ਗਈ। ਬਹੁਤ ਸਾਰਾ ਅਸਲਾ, ਤੰਬੂ ਤੇ ਰਸਦ ਪਿੱਛੇ ਹੀ ਰਹਿ ਗਏ। ਕਿਹਾ ਜਾਂਦਾ ਹੈ ਕਿ ਇਸ ਲੜਾਈ ਵਿਚ ਕੋਈ ਦੋ ਹਜ਼ਾਰ ਫੌਜੀ ਮਾਰੇ ਗਏ। ਕਈ ਫੌਜੀ ਤਾਂ ਸਤਲੁਜ ਦਰਿਆ ਵਿਚ ਹੀ ਰੁੜ੍ਹ ਗਏ।
ਬਹੁਤ ਸਾਰੇ ਇਤਿਹਸਕਾਰਾਂ ਨੇ ਸਮਿੱਥ ਦੀ ਇਸ ਜਿੱਤ ਨੂੰ ‘ਬਿਨਾ ਕਿਸੇ ਗਲਤੀ ਵਾਲੀ ਲੜਾਈ’ ਬਿਆਨਿਆ। ਸਮਿੱਥ ਨੇ ਆਪ ਇਸ ਬਾਰੇ ਲਿਖਿਆ, “ਮੈਂ ਭਾਰਤ ਵਿਚ ਲੜੀਆਂ ਬਹੁਤ ਸਾਰੀਆਂ ਗੌਰਵਮਈ ਲੜਾਈਆਂ ਵਿਚੋਂ ਇੱਕ ਇਹ ਲੜਾਈ ਜਿੱਤੀ ਹੈ। ਕਦੇ ਕੋਈ ਜਿੱਤ ਏਨੀ ਮੁਕੰਮਲ ਅਤੇ ਏਨੇ ਖੁਸ਼ਗਵਾਰ ਹਾਲਾਤ ਵਿਚ ਹਾਸਿਲ ਨਹੀਂ ਹੋਈ ਹੋਣੀ।”
ਇਸ ਜੰਗ ਪਿਛੋਂ ਅੰਗਰੇਜ਼ਾਂ ਲਈ ਪੰਜਾਬ ਜਿੱਤਣਾ ਆਸਾਨ ਹੋ ਗਿਆ, ਸਮਿੱਥ ਦੀ ਬੱਲੇ ਬੱਲੇ ਹੋ ਗਈ। ਪਾਰਲੀਮੈਂਟ ਵਿਚ ਇਸ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਨੂੰ ਬੈਰੋਨੈਟ ਦਾ ਖਿਤਾਬ ਦੇ ਕੇ ‘ਆਲੀਵਾਲ ਵਾਲਾ’ ਵਜੋਂ ਪੁਕਾਰਿਆ ਜਾਣ ਲੱਗਾ। ਸਿੱਖਾਂ ਵਲੋਂ ਇਸ ਜੰਗ ਦਾ ਇਕ ਮਹਾਨ ਨਾਇਕ ਰਾਜਾ ਰਣਮਹੇਸ਼ ਸਿੰਘ ਵਾਰਨਹਾੜਾ ਵੀ ਹੈ, ਜਿਸ ਬਾਰੇ ਪਤਾ ਲੱਗਾ ਕਿ ਉਸ ਨੇ ਟੁੰਡੀ ਲਾਟ ਦੇ ਨਾਂ ਨਾਲ ਜਾਣੇ ਜਾਂਦੇ ਅੰਗਰੇਜ਼ ਅਫਸਰ ਦੀ ਅੱਖ ‘ਚ ਆਲੀਵਾਲ ਦੀ ਜੰਗ ਦੌਰਾਨ ਗੋਲੀ ਮਾਰੀ ਸੀ ਤੇ ਬਾਅਦ ‘ਚ ਅੰਗਰੇਜ਼ਾਂ ਨੇ ਰਾਜਾ ਰਣਮਹੇਸ਼ ਨੂੰ ਫੜ੍ਹ ਕੇ ਕਾਲੇ ਪਾਣੀ ਭੇਜ ਦਿੱਤਾ ਸੀ।
ਆਲੀਵਾਲ ਦੇ ਨੇੜੇ ਹੀ ਗੋਰਾਹੂਰ ਦੇ ਸਥਾਨ ‘ਤੇ ਅੰਗਰੇਜ਼ਾਂ ਨੇ ਜਿੱਤ ਦੀ ਖੁਸ਼ੀ ਵਿਚ ਇਕ ਸਮਾਰਕ ਵੀ ਉਸਾਰਿਆ। ਇੱਕ ਇਤਲਾਹ ਅਨੁਸਾਰ ਪਹਿਲਾਂ ਪਹਿਲ ਕਈ ਅੰਗਰੇਜ਼ ਇਸ ਸਥਾਨ ਨੂੰ ਦੇਖਣ ਆਉਂਦੇ ਸਨ ਅਤੇ ਪਿੰਡ ਗੋਰਾਹੂਰ ਦਾ ਨਾਂ ਵੀ ਗੋਰਾ ਸ਼ਬਦ ਤੋਂ ਬਣਿਆ ਦੱਸਿਆ ਗਿਆ ਹੈ। ਤਨਜ਼ ਵਾਲੀ ਗੱਲ ਹੈ ਕਿ ਅਜੋਕੀ ਪੰਜਾਬ ਸਰਕਾਰ ਵਲੋਂ ਇਸ ਲੜਾਈ ਵਿਚ ਸਿੱਖਾਂ ਵਲੋਂ ਦਿਖਾਈ ਬਹਾਦਰੀ ਨੂੰ ਸਮਰਪਣ ਇੱਕ ਅਲੱਗ ਯਾਦਗਾਰ ਬਣਾਈ ਗਈ ਹੈ। ਵਿਦੇਸ਼ਾਂ ਵਿਚ ਵਸਦੇ ਬਹੁਤ ਸਾਰੇ ਪੰਜਾਬੀਆਂ ਨੇ ਇਸ ਦੀ ਉਸਾਰੀ ਵਿਚ ਬੇਅੰਤ ਮਾਇਆ ਖਰਚੀ ਹੈ। ਇਹ ਪਿੰਡ ਇੱਕ ਤਰ੍ਹਾਂ ਦਾ ਮਾਡਲ ਗ੍ਰਾਮ ਬਣਿਆ ਹੋਇਆ ਹੈ। ਅਸਲੀ ਗੱਲ ‘ਤੇ ਆਈਏ। ਸਿੰਗਾਪੁਰ ਦੀ ਆਲੀਵਾਲ ਸਟਰੀਟ ਦਾ ਨਾਂ ਇਸੇ ਜਿੱਤ ਦੀ ਖੁਸ਼ੀ ਵਿਚ ਰੱਖਿਆ ਗਿਆ ਕਿਉਂਕਿ ਉਦੋਂ ਸਿੰਗਾਪੁਰ ਵੀ ਈਸਟ ਇੰਡੀਆ ਦੇ ਅਧੀਨ ਸੀ।
ਸਰ ਹੈਰੀ ਸਮਿੱਥ ਦੱਖਣੀ ਅਫਰੀਕਾ ਦੇ ਕੇਪ ਕਾਲੋਨੀ ਸੂਬੇ ਦਾ ਗਵਰਨਰ ਬਣਿਆ। ਉਸ ਨੇ ਸਿੱਖਾਂ ਉਤੇ ਆਪਣੀ ਜ਼ਬਰਦਸਤ ਜਿੱਤ ਦੀ ਮਨੌਤ ਵਜੋਂ 1850 ਵਿਚ ਔਰੈਂਜ ਦਰਿਆ ਦੇ ਕਿਨਾਰੇ ਇਕ ਸ਼ਹਿਰ ਵਸਾਇਆ ਜਿਸ ਦਾ ਨਾਂ ਆਲੀਵਾਲ ਰੱਖਿਆ ਗਿਆ ਜੋ ਬਾਅਦ ਵਿਚ ‘ਆਲੀਵਾਲ ਨਾਰਥ’ ਵਜੋਂ ਜਾਣਿਆ ਜਾਣ ਲੱਗਾ। ਅਸਲ ਵਿਚ ਇਸ ਦੇ ਲਾਗੇ ਹੀ ਪਹਿਲਾਂ ਡੱਚਾਂ ਦੇ ਕਬਜ਼ੇ ਹੇਠਲੇ ਇੱਕ ਹੋਰ ਸ਼ਹਿਰ ਮੋਸਲ ਦਾ ਨਾਂ ਸਾਊਥ ਆਲੀਵਾਲ ਰੱਖਿਆ ਗਿਆ ਸੀ ਪਰ ਇਹ ਨਾਂ ਕਈ ਕਾਰਨਾਂ ਕਰਕੇ ਮੂੰਹ ਨਾ ਚੜ੍ਹ ਸਕਿਆ। ਇਸ ਚਰਚਾ ਤੋਂ ਇਸ ਗੱਲ ਦੀ ਕੁਝ ਹੱਦ ਤੱਕ ਸਮਝ ਪੈ ਜਾਵੇਗੀ ਕਿ ਸਥਾਨ ਨਾਂਵਾਂ ਤੋਂ ਹੀ ਕਿਵੇਂ ਇਤਿਹਾਸਕ ਦਵੰਦ ਉਜਾਗਰ ਹੁੰਦੇ ਹਨ।æææਆਲੀਵਾਲ ਦੀ ਲੜਾਈ ਜਿਥੇ ਪੰਜਾਬੀਆਂ ਲਈ ਨਮੋਸ਼ੀ ਦਾ ਕਾਰਨ ਹੈ, ਉਥੇ ਗੋਰਿਆਂ ਲਈ ਵੱਡੇ ਗੌਰਵ ਵਾਲਾ ਕਾਂਡ ਹੈ।