ਮੁਹੰਮਦ ਅੱਬਾਸ ਧਾਲੀਵਾਲ,
ਫੋਨ: 91-98552-59650
ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕਾਂ ਲਈ ਜਿੱਥੇ ਆਵਾਜ਼ ਉਠਾਈ, ਉਥੇ ਉਨ੍ਹਾਂ ਔਰਤ ਨੂੰ ਸਾਰੇ ਸਮਾਜਕ ਰਿਸ਼ਤਿਆਂ ਦਾ ਸਰੋਤ ਮੰਨਦਿਆਂ ਫੁਰਮਾਇਆ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡਹੁ ਮੁਆ ਭੰਡਹੁ ਭਾਲੀਐ ਭੰਡਹੁ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਇਸਲਾਮ ਧਰਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸ) ਦੇ ਪਾਸ ਇੱਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ, ਜਿਸ ਨੇ ਹਜ਼ਰਤ ਮੁਹੰਮਦ (ਸ) ਨੂੰ ਜਿਉਂਦੇ ਜੀਅ ਅੱਖੀਂ ਵੇਖਿਆ ਹੋਵੇ ਤੇ ਉਨ੍ਹਾਂ ਦੀਆਂ ਹਦਾਇਤਾਂ ‘ਤੇ ਅਮਲ ਕੀਤਾ ਹੋਵੇ) ਆਇਆ ਤੇ ਪੁੱਛਣ ਲੱਗਾ, ਮੈਨੂੰ (ਅੱਲ੍ਹਾ ਅਤੇ ਰਸੂਲ ਤੋਂ ਬਾਅਦ) ਦੁਨੀਆਂ ਵਿਚ ਸਭ ਤੋਂ ਵੱਧ ਕਿਸ ਨੂੰ ਇੱਜਤ ਦੇਣੀ ਚਾਹੀਦੀ ਹੈ ਜਾਂ ਮੇਰੇ ਹੁਸਨੇ-ਸਲੂਕ ਦਾ ਹੱਕਦਾਰ ਸਭ ਤੋਂ ਵੱਧ ਕੌਣ ਹੈ। ਹਜ਼ਰਤ ਮੁਹੰਮਦ ਨੇ ਕਿਹਾ, ਤੇਰੀ ਮਾਂ। ਉਸ ਨੇ ਮੁੜ ਪੁਛਿਆ, ਉਸ ਤੋਂ ਬਾਅਦ? ਹਜ਼ਰਤ ਮੁਹੰਮਦ ਨੇ ਫੁਰਮਾਇਆ, ਤੇਰੀ ਮਾਂ। ਉਸ ਨੇ ਤੀਜੀ ਵਾਰ ਪੁੱਛਿਆ, ਉਸ ਤੋਂ ਬਾਅਦ? ਉਨ੍ਹਾਂ ਤੀਜੀ ਵਾਰ ਵੀ ਫੁਰਮਾਇਆ, ਤੇਰੀ ਮਾਂ।
ਜਦ ਸਹਾਬੀ ਨੇ ਚੌਥੀ ਵਾਰ ਪੁੱਛਿਆ, ਉਸ ਤੋਂ ਬਾਅਦ? ਤਾਂ ਹਜ਼ਰਤ ਮੁਹੰਮਦ ਨੇ ਫੁਰਮਾਇਆ, ਤੇਰਾ ਬਾਪ। ਭਾਵ ਔਰਤ ਜ਼ਾਤ ਦੀ ਵਿਸ਼ੇਸ਼ ਤੌਰ ‘ਤੇ ਮਾਂ ਦੀ ਜੋ ਕੁਰਬਾਨੀ ਆਪਣੇ ਬੱਚਿਆਂ ਲਈ ਹੁੰਦੀ ਹੈ, ਉਸ ਦਾ ਅਹਿਸਾਨ, ਬੰਦਾ ਤਾਉਮਰ ਮਾਂ ਦੀ ਖਿਦਮਤ ਕਰਦਾ ਰਹੇ ਤਾਂ ਵੀ ਨਹੀਂ ਚੁਕਾ ਸਕਦਾ।
ਇਸੇ ਤਰ੍ਹਾਂ ਇਕ ਹੋਰ ਮੌਕੇ ਹਜ਼ਰਤ ਮੁਹੰਮਦ (ਸ) ਨੇ ਆਪਣੇ ਸਹਾਬੀਆਂ ਨੂੰ ਕਿਹਾ, ਜਿਸ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ ਤੇ ਉਸ ਨੇ ਉਨ੍ਹਾਂ ਕੁੜੀਆਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਤੇ ਕੁੜੀਆਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕਰਦਿਆਂ ਉਨ੍ਹਾਂ ਨੂੰ ਨੇਕ ਤੇ ਚੰਗੀ ਜਗ੍ਹਾ ਵਿਆਹਿਆ, ਉਹ ਜੰਨਤ ‘ਚ ਮੇਰੇ ਨਾਲ ਇਸ ਤਰ੍ਹਾਂ ਹੋਵੇਗਾ ਜਿਵੇਂ ਇਹ ਦੋ ਉਂਗਲਾਂ (ਵਿਕਟਰੀ ਵਾਲੀਆਂ) ਹਨ।
ਹਜ਼ਰਤ ਲੁਕਮਾਨ (ਹਕੀਮ) ਨੇ ਇੱਕ ਵਾਰ ਆਪਣੇ ਬੇਟੇ ਨੂੰ ਕਿਹਾ, ਕਿਤਿਓਂ ਸਵਰਗ ਦੀ ਮਿੱਟੀ ਲੈ ਕੇ ਆ। ਉਨ੍ਹਾਂ ਦੇ ਬੇਟੇ ਨੇ ਆਪਣੀ ਮਾਂ ਦੇ ਪੈਰਾਂ ਹੇਠਲੀ ਮਿੱਟੀ ਚੁੱਕੀ ਤੇ ਜਾ ਫੜ੍ਹਾਈ।
ਭਾਰਤ ਵਿਚ ਸਦੀਆਂ ਤੋਂ ਔਰਤ ਦੀ ਦੇਵੀ ਸਮਝ ਕੇ ਪੂਜਾ ਕੀਤੀ ਜਾਂਦੀ ਹੈ ਤੇ ਬੱਚੀਆਂ ਨੂੰ ਕੰਜਕਾਂ ਆਖ ਕੇ ਆਦਰ ਸਤਿਕਾਰ ਕੀਤਾ ਜਾਂਦਾ ਹੈ।
ਇਸ ਸਾਰੀ ਵਿਆਖਿਆ ਦਾ ਮਕਸਦ ਇਹੋ ਹੈ ਕਿ ਜਿਸ ਔਰਤ ਨੂੰ ਸਾਡੇ ਪੀਰ ਪੈਗੰਬਰਾਂ, ਅਵਤਾਰਾਂ, ਰਿਸ਼ੀਆਂ-ਮੁਨੀਆਂ ਨੇ ਇੰਨੀ ਇੱਜਤ ਨਾਲ ਨਿਵਾਜਿਆ ਹੈ, ਅੱਜ ਉਸੇ ਔਰਤ (ਮਾਂ, ਧੀ, ਭੈਣ ਤੇ ਪਤਨੀ) ਨੂੰ ਜਿਸ ਕਦਰ ਜ਼ਿੱਲਤ ਸਹਿਣੀ ਪੈ ਰਹੀ ਹੈ ਤੇ ਇਸ ਮਰਦ ਪ੍ਰਧਾਨ ਸਮਾਜ ‘ਚ ਆਨੇ-ਬਹਾਨੇ ਜਿਸ ਤਰ੍ਹਾਂ ਉਸ ‘ਤੇ ਤਰ੍ਹਾਂ ਤਰ੍ਹਾਂ ਦੇ ਜ਼ਬਰ-ਓ-ਜ਼ੁਲਮ ਢਾਹੇ ਜਾ ਰਹੇ ਨੇ, ਉਸ ਦੀ ਮਿਸਾਲ ਸ਼ਾਇਦ ਉਸ ਦੌਰ ‘ਚ ਵੀ ਨਹੀਂ ਮਿਲਦੀ, ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ। ਤਦੇ ਤਾਂ ਸਾਹਿਰ ਨੇ ਕਿਹਾ ਸੀ,
ਲੋਗ ਔਰਤ ਕੋ ਫਕਤ ਜਿਸਮ ਸਮਝ ਲੇਤੇ ਹੈਂ।
ਰੂਹ ਭੀ ਹੋਤੀ ਹੈ ਇਸ ਮੇਂ ਯੇ ਕਹਾਂ ਸੋਚਤੇ ਹੈਂ।
ਕਿਤਨੀ ਸਦੀਓਂ ਸੇ ਯੇ ਵਹਿਸ਼ਤ ਕਾ ਚਲਨ ਜਾਰੀ ਹੈ
ਕਿਤਨੀ ਸਦੀਓਂ ਸੇ ਕਾਇਮ ਹੈ ਯੇ ਗੁਨਾਹੋਂ ਕਾ ਰਿਵਾਜ।
ਲੋਗ ਔਰਤ ਕੀ ਹਰ ਚੀਖ ਕੋ ਨਗਮਾ ਸਮਝੇਂ
ਵੋਹ ਕਬੀਲੋਂ ਕਾ ਜ਼ਮਾਨਾ ਹੈ ਕਿ ਸ਼ਹਿਰੋਂ ਕਾ ਰਿਵਾਜ।
ਭਾਵੇਂ ਅਸੀਂ ਅੱਜ ਤਰੱਕੀ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਤੇ ਦੁਨੀਆਂ ਦੇ ਪਿਛਲੇ ਸਭ ਮਨੁੱਖਾਂ ਤੋਂ ਖੁਦ ਨੂੰ ਅੱਵਲ ਤੇ ਸਭਿਅਕ ਕਹਾਉਣ ‘ਚ ਫਖਰ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਚੰਦ ਤੇ ਕਮੰਦ ਪਾਉਣ ਉਪਰੰਤ ਮੰਗਲ-ਗ੍ਰਹਿ ‘ਤੇ ਜਿੱਤ ਦੀ ਪ੍ਰਾਪਤੀ ਦੇ ਸੁਪਨੇ ਵੇਖ ਰਹੇ ਹਾਂ। ਕਿੰਨੀ ਸ਼ਰਮ ਦੀ ਗੱਲ ਹੈ ਕਿ ਇੰਨੀ ਤਰੱਕੀ ਕਰ ਲੈਣ ਦੇ ਬਾਵਜੂਦ ਸਾਡੇ ਸਮਾਜ ਵਿਚ ਅੱਜ ਔਰਤ ਦੀ ਇੱਜਤ ਮਹਿਫੂਜ਼ ਨਹੀਂ ਹੈ! ਹਾਲਾਤ ਇਸ ਕਦਰ ਗੰਭੀਰ ਹਨ ਕਿ ਮੁਟਿਆਰਾਂ ਦੀ ਗੱਲ ਛੱਡੋ ਅੱਜ ਸਮਾਜ ਵਿਚ ਵਿਚਰਦੇ ਦਰਿੰਦਿਆਂ ਹੱਥੋਂ ਅੱਠ ਮਹੀਨਿਆਂ ਤੇ ਅੱਠ ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ ਅੱਸੀ ਸਾਲਾਂ ਦੀ ਬੇਬੇ ਤੱਕ ਵੀ ਮਹਿਫੂਜ਼ ਨਹੀਂ। ਯਕੀਨਨ ਇਹ ਸਮਾਜ ਨੂੰ ਕਲੰਕਿਤ ਕਰਨ ਵਾਲੀ ਗੱਲ ਹੈ, ਨਾਲ ਹੀ ਸਾਡੀ ਸਮੁੱਚੀ ਮਨੁੱਖ ਜ਼ਾਤੀ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਸੰਦਰਭ ‘ਚ ਸਾਹਿਰ ਲੁਧਿਆਣਵੀ ਕਹਿੰਦੇ ਹਨ,
ਔਰਤ ਨੇ ਜਨਮ ਦੀਯਾ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਜਬ ਜੀਅ ਚਾਹਾ ਮਸਲਾ, ਕੁਚਲਾ
ਜਬ ਜੀਅ ਚਾਹਾ ਧੁਤਕਾਰ ਦੀਯਾ।
ਮਰਦੋਂ ਕੇ ਲੀਯੇ ਹਰ ਜ਼ੁਲਮ ਰਵਾਅ
ਔਰਤ ਕੇ ਲੀਯੇ ਰੋਨਾ ਭੀ ਖਤਾ।
ਮਰਦੋਂ ਕੇ ਲੀਯੇ ਹਰ ਐਸ਼ ਕਾ ਹੱਕ
ਔਰਤ ਕੇ ਲੀਯੇ ਜੀਨਾ ਭੀ ਖਤਾ।
ਪਿਛਲੇ ਦਿਨੀਂ ਆਲਮੀ ਮਾਹਿਰਾਂ ਦੇ ਇੱਕ ਪੈਨਲ ਵਲੋਂ ਕੀਤੇ ਸਰਵੇਖਣ ਉਪਰੰਤ ਜੋ ਤੱਥ ਉਭਰ ਕੇ ਸਾਹਮਣੇ ਆਏ ਹਨ, ਜੇ ਉਨ੍ਹਾਂ ਨੂੰ ਸੱਚ ਮੰਨੀਏ ਤਾਂ ਸਮੁੱਚੀ ਦੁਨੀਆਂ ਦੇ ਨਾਲ-ਨਾਲ ਸਾਡੇ ਆਪਣੇ ਦੇਸ਼ ਵਾਸੀਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ।
ਥਾਮਸ ਰਾਇਟਰਜ਼ ਫਾਊਂਡੇਸ਼ਨ ਦੇ ਸਰਵੇਖਣ ਅਨੁਸਾਰ ਭਾਰਤ ਦੁਨੀਆਂ ਭਰ ਦੇ ਦੇਸ਼ਾਂ ਵਿਚੋਂ ਔਰਤਾਂ ਲਈ ਸਭ ਤੋਂ ਵੱਧ ਖਤਰਨਾਕ ਤੇ ਅਸੁਰਖਿਅਤ ਮੁਲਕ ਹੈ ਤੇ ਆਪਣੇ ਇਸ ਸਰਵੇਖਣ ਵਿਚ ਔਰਤਾਂ ਲਈ ਗੈਰ-ਮਹਿਫੂਜ਼ ਮੁਲਕਾਂ ਦੀ ਸ਼੍ਰੇਣੀ ਵਿਚ ਭਾਰਤ ਨੂੰ ਪਹਿਲੇ ਨੰਬਰ ‘ਤੇ ਰਖਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਫਹਿਰਿਸਤ ਵਿਚ ਦਹਿਸ਼ਤਗਰਦੀ ਨਾਲ ਪ੍ਰਭਾਵਿਤ ਅਫਗਾਨਿਸਤਾਨ ਤੇ ਜੰਗ ਨਾਲ ਤਬਾਹ ਹੋਇਆ ਸ਼ਾਮ (ਸੀਰੀਆ) ਵਰਗੇ ਦੇਸ਼ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਹਨ। ਪੱਛਮੀ ਦੇਸ਼ਾਂ ਵਿਚ ਅਮਰੀਕਾ ਇੱਕ ਅਜਿਹਾ ਦੇਸ਼ ਹੈ ਜੋ ਉਪਰਲੇ 10 ਦੇਸ਼ਾਂ ਵਿਚ ਸ਼ਾਮਿਲ ਹੈ।
ਇਹ ਸਰਵੇਖਣ 26 ਮਾਰਚ ਤੋਂ 4 ਮਈ 2018 ਵਿਚਕਾਰ ਕਰਵਾਇਆ ਗਿਆ, ਜਿਸ ਵਿਚ ਪੂਰੀ ਦੁਨੀਆਂ ਦੇ 548 ਅਜਿਹੇ ਮਾਹਿਰੀਨ ਸ਼ਾਮਿਲ ਕੀਤੇ ਗਏ ਜੋ ਔਰਤਾਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਵਾਕਿਫ ਸਨ। ਇਨ੍ਹਾਂ ਵਿਚ ਵਿਦਿਅਕ ਵਿਭਾਗ, ਸਿਹਤ ਤੇ ਐਨæ ਜੀæ ਓæ (ਗੈਰ ਸਰਕਾਰੀ ਸੰਸਥਾਵਾਂ) ਵਿਚ ਕੰਮ ਕਰਦੇ ਲੋਕ ਵੀ ਸ਼ਾਮਿਲ ਕੀਤੇ ਗਏ। ਜ਼ਿਕਰਯੋਗ ਹੈ ਕਿ 2011 ਵਿਚ ਕਰਵਾਏ ਗਏ ਇਸੇ ਪ੍ਰਕਾਰ ਦੇ ਇੱਕ ਸਰਵੇਖਣ ਵਿਚ ਭਾਰਤ ਚੌਥੇ ਸਥਾਨ ‘ਤੇ ਸੀ।
ਫਾਊਂਡੇਸ਼ਨ ਦਾ ਸਰਵੇਖਣ ਸੰਸਾਰ ਦੇ ਕੁਲ 193 ਦੇਸ਼ਾਂ ਦੀਆਂ ਔਰਤਾਂ ਦੇ ਹਾਲਾਤ ‘ਤੇ ਆਧਾਰਤ ਹੈ, ਇਸ ਅਨੁਸਾਰ ਭਾਰਤ ਨੂੰ ਔਰਤਾਂ ਲਈ ਸਭ ਤੋਂ ਵੱਧ ਗੈਰ-ਮਹਿਫੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਪਹਿਲੇ ਦਸ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਛੇਵੇਂ, ਸੋਮਾਲੀਆ ਚੌਥੇ ਅਤੇ ਸਾਊਦੀ ਅਰਬ ਪੰਜਵੇਂ ਸਥਾਨ ‘ਤੇ ਹਨ। ਜੇ ਇਸ ਸਰਵੇਖਣ ਦੀ ਤੁਲਨਾ 2011 ਦੇ ਸਰਵੇਖਣ ਨਾਲ ਕਰੀਏ ਤਾਂ ਦੋਵਾਂ ਵਿਚਕਾਰ ਵੱਡਾ ਫਰਕ ਹੈ। 2011 ਵਾਲੇ ਸਰਵੇਖਣ ‘ਚ ਕ੍ਰਮਵਾਰ ਅਫਗਾਨਿਸਤਾਨ ਪਹਿਲੇ, ਕਾਂਗੂ ਦੂਜੇ, ਪਾਕਿਸਤਾਨ ਤੀਜੇ, ਭਾਰਤ ਚੌਥੇ ਅਤੇ ਸੋਮਾਲੀਆ ਪੰਜਵੇਂ ਸਥਾਨ ‘ਤੇ ਸਨ।
ਸਰਵੇਖਣ ਵਿਚ ਸਿਰਫ ਜਿਣਸੀ ਸ਼ੋਸ਼ਣ ਜਾਂ ਛੇੜ-ਛਾੜ ਦੇ ਮਾਮਲੇ ਹੀ ਸ਼ਾਮਿਲ ਨਹੀਂ ਹਨ ਸਗੋਂ ਔਰਤਾਂ ਦੀ ਸਿਹਤ, ਸਭਿਆਚਾਰਕ ਰਵਾਇਤਾਂ, ਭੇਦ-ਭਾਵ, ਕੁੱਟ-ਮਾਰ ਅਤੇ ਮਨੁੱਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਿਲ ਕੀਤੇ ਗਏ ਹਨ। ਫਾਊਂਡੇਸ਼ਨ ਨੇ ਆਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਜਿਥੇ 130 ਕਰੋੜ ਲੋਕ ਵਸਦੇ ਹਨ, ਤਿੰਨ ਮਾਮਲਿਆਂ ਵਿਚ ਦੁਨੀਆਂ ਦਾ ਸਭ ਤੋਂ ਖਤਰਨਾਕ ਦੇਸ਼ ਹੈ ਅਤੇ ਇਹ ਹਨ, ਔਰਤਾਂ ਦੇ ਖਿਲਾਫ ਜਿਣਸੀ ਤਸ਼ੱਦਦ, ਸਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ, ਜਿਨ੍ਹਾਂ ਵਿਚ ਜ਼ਬਰਨ ਮਜ਼ਦੂਰੀ ਕਰਾਉਣਾ, ਜਿਣਸੀ ਗੁਲਾਮੀ ਅਤੇ ਘਰੇਲੂ ਨੌਕਰ ਰੱਖਣਾ ਆਦਿ ਸ਼ਾਮਿਲ ਹਨ।
ਇਸ ਸਬੰਧੀ ਔਰਤਾਂ ਬਾਰੇ ਕੌਮੀ ਕਮਿਸ਼ਨ (ਐਨæ ਸੀæ ਡਬਲਿਊæ) ਨੇ ਸਰਵੇਖਣ ਦੀਆਂ ਲੱਭਤਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਮੁਲਕਾਂ ਨੂੰ ਭਾਰਤ ਤੋਂ ਉਪਰ ਰਖਿਆ ਗਿਆ ਹੈ, ਉਨ੍ਹਾਂ ਵਿਚੋਂ ਕਈਆਂ ਵਿਚ ਤਾਂ ਔਰਤਾਂ ਨੂੰ ਜਨਤਕ ਤੌਰ ‘ਤੇ ਬੋਲਣ ਦੀ ਵੀ ਖੁੱਲ੍ਹ ਨਹੀਂ ਹੈ। ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਸਰਵੇਖਣ ਲਈ ਜੋ ਮਾਪਦੰਡ ਵਰਤਿਆ ਗਿਆ ਹੈ, ਉਹ ਕਾਫੀ ਛੋਟਾ ਸੀ ਤੇ ਪੂਰੇ ਮੁਲਕ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਮਿਸ਼ਨ ਨੇ ਰਿਪੋਰਟ ਨੂੰ ਰੱਦ ਕਰਨ ਲਈ ਜੋ ਦਲੀਲਾਂ ਦਿੱਤੀਆਂ ਹਨ, ਉਹ ਸਭ ਵਾਜਿਬ ਹਨ, ਪਰੰਤੂ ਜਦ ਅਸੀਂ ਆਪਣੀ ਤਰਫ ਹੀ ਧਿਆਨ ਦਿੰਦੇ ਹਾਂ ਤਾਂ ਗਾਲਿਬ ਦਾ ਇਹ ਸ਼ਿਅਰ ਸੁਤੇ ਸਿਧ ਜ਼ਬਾਨ ‘ਤੇ ਆ ਜਾਂਦਾ ਹੈ,
ਬੇ-ਖੁਦੀ ਬੇ-ਸਬਬ ਨਹੀਂ ਗਾਲਿਬ
ਕੁੱਛ ਤੋ ਹੈ ਜਿਸ ਕੀ ਪਰਦਾਦਾਰੀ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 2007 ਤੋਂ 2016 ਦਰਮਿਆਨ ਔਰਤਾਂ ਖਿਲਾਫ ਢਾਹੇ ਜਾਂਦੇ ਜੁਰਮਾਂ ਵਿਚ 83 ਫੀਸਦੀ ਵਾਧਾ ਹੋਇਆ ਹੈ ਅਤੇ ਹਰ ਘੰਟੇ ਚਾਰ ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ।
ਜਦੋਂ ਕਿ ਇਸ ਸੰਦਰਭ ਵਿਚ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2012 ਵਿਚ ਨਿਰਭਯਾ ਬਲਾਤਕਾਰ ਮਾਮਲੇ ਤੋਂ ਬਾਅਦ ਭਾਰਤ ਵਿਚ ਔਰਤਾਂ ਦੀ ਸੁਰਖਿਆ ਨੂੰ ਲੈ ਕੇ ਕੋਈ ਬਹੁਤੇ ਸਾਕਾਰਾਤਮਕ ਕਦਮ ਨਹੀਂ ਚੁੱਕੇ ਗਏ। ਜੇ ਨਿਰਭਯਾ ਕੇਸ ‘ਚ ਸ਼ਾਮਿਲ ਮੁਜ਼ਰਿਮਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਜਲਦ ਮਿਲੀ ਹੁੰਦੀ ਤਾਂ ਸ਼ਾਇਦ ਕਠੂਆ, ਉਨਾਓ ਤੇ ਮਸੰਦੋਰ ਜਿਹੀਆਂ ਘਟਨਾਵਾਂ ਨਾ ਵਾਪਰਦੀਆਂ ਅਤੇ ਨਾ ਹੀ ਦੁਨੀਆਂ ਵਿਚ ਦੇਸ਼ ਦੀ ਰੁਸਵਾਈ ਹੁੰਦੀ।
ਹੁਣ ਦੇਸ਼ ਵਾਸੀਆਂ, ਸਰਕਾਰ ਤੇ ਸਮੁੱਚੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਔਰਤਾਂ ਵਿਰੁਧ ਜ਼ੁਲਮ ਕਰਨ ਵਾਲੇ ਦਾਨਵਾਂ ਨੂੰ ਕਿਸੇ ਕੀਮਤ ‘ਤੇ ਨਾ ਬਖਸ਼ਿਆ ਜਾਵੇ, ਸਗੋਂ ਕਾਨੂੰਨ ਦੇ ਦਾਇਰੇ ‘ਚ ਲਿਆ ਕੇ ਉਨ੍ਹਾਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਬਣਦੀ ਸਜ਼ਾ ਦਿਵਾਉਣ ਉਪਰੰਤ ਕਿਸੇ ਚੌਰਾਹੇ ‘ਤੇ ਖੜਾ ਕਰ ਕੇ ਸੱæਰੇਆਮ ਸਜ਼ਾ ਦਿੱਤੀ ਜਾਵੇ ਤਾਂ ਕਿ ਅਜਿਹੀ ਬੀਮਾਰ ਮਾਨਸਿਕਤਾ ਵਾਲੇ ਹੋਰ ਦਰਿੰਦਿਆਂ ਨੂੰ ਨਸੀਹਤ ਹੋ ਸਕੇ। ਜੇ ਦੇਸ਼ ‘ਚ ਅਜਿਹੇ 10 ਕੁ ਮੁਜ਼ਰਿਮਾਂ ਨੂੰ ਵੀ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਅੱਜ ਸ਼ਾਇਦ ਦੇਸ਼ ਦਾ ਨਾਂ ਅਜਿਹੇ ਘਿਨਾਉਣੇ ਤੇ ਸ਼ਰਮਸਾਰ ਕਰਨ ਵਾਲੇ ਜੁਰਮਾਂ ਦੀ ਸ਼੍ਰੇਣੀ ਵਿਚ ਦੁਨੀਆਂ ਦੇ ਪਹਿਲੇ ਨੰਬਰ ‘ਤੇ ਨਾ ਆਇਆ ਹੁੰਦਾ। ਅੰਤ ਵਿਚ ਸਾਹਿਰ ਲੁਧਿਆਣਵੀ ਦੀਆਂ ਇਨ੍ਹਾਂ ਸਤਰਾਂ ਵੱਲ ਧਿਆਨ ਦਿਵਾਵਾਂਗਾ,
ਔਰਤ ਸੰਸਾਰ ਕੀ ਕਿਸਮਤ ਹੈ
ਫਿਰ ਭੀ ਤਕਦੀਰ ਕੀ ਬੇਟੀ ਹੈ।
ਅਵਤਾਰ, ਪੈਗੰਬਰ ਜਨਤੀ ਹੈ
ਫਿਰ ਭੀ ਸ਼ੈਤਾਨ ਕੀ ਬੇਟੀ ਹੈ!
ਯੇਹ ਵੋਹ ਬਦ-ਕਿਸਮਤ ਮਾਂ ਹੈ
ਜੋ ਬੇਟੋਂ ਕੀ ਸੇਜ ਪੇ ਲੇਟੀ ਹੈ।
ਔਰਤ ਨੇ ਜਨਮ ਦੀਯਾ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਯਾ।