ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ।
ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਜ਼ਿਕਰ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਅਤੇ ਵਾਕ ਬਣਤਰ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਹੋ ਸਕਣ। -ਸੰਪਾਦਕ
ਸ਼ਹਿਰ ਵਿਕਟੋਰੀਏ ਵਿਚ ਦੁੱਧ ਦੀ ਬਾਬਤ ਕੁਝ ਚਿਰ ਤੋਂ ਘੁਸਰ-ਘੁਸਰ ਹੋ ਰਹੀ ਸੀ ਤੇ ਜਦ ਭੀ ਇਹ ਸਵਾਲ ਕਿਤੇ ਛਿੜਿਆ ਹੈ ਜਾਂ ਅਖਬਾਰਾਂ ਵਿਚ ਛਪਿਆ ਹੈ ਤਾਂ ਅਸੀਂ ਕੋਈ ਨਾ ਕੋਈ ਤਰਕ ਹਿੰਦੂਆਂ ਦੇ ਦੁੱਧ ਨੂੰ ਨਿੰਦਣ ਦੀ ਹੀ ਦੇਖੀ ਹੈ। ਸਾਨੂੰ ਸ਼ੱਕ ਹੈ, ਹਿੰਦੂਆਂ ਦੇ ਵਿਕਟੋਰੀਏ ਜਾਂ ਨੇੜੇ ਤੇੜੇ ਦੇ ਡੇਅਰੀਆਂ ਦੇ ਵਪਾਰ ਨੂੰ ਤੋੜਨ ਲਈ ਖਾਸ ਯਤਨ ਹੋ ਰਹੇ ਹਨ। ਅਸੀਂ ਆਪਣੇ ਵਿਕਟੋਰੀਏ ਵਿਚ ਦੇ ਜਾਂ ਨੇੜੇ ਦੇ ਗਾਈਆਂ ਰੱਖਣ ਵਾਲੇ ਭਰਾਵਾਂ ਨੂੰ ਖਬਰਦਾਰ ਕਰਦੇ ਹਾਂ ਕਿ ਤੁਸੀਂ ਝਟਪਟ ਆਪਣੀ ਇਕ ਜਥੇਬੰਦੀ ਬਣਾਓ। ਹਰ ਇਕ ਗਾਈਆਂ ਵਾਲਾ ਹਿੰਦੁਸਤਾਨੀ ਭਾਈ ਉਸ ਦਾ ਮੈਂਬਰ ਬਣੋ ਤੇ ਜੇ ਕੋਈ ਦੁੱਧ ਦੇ ਬਾਰੇ ਤੁਹਾਡੇ ਉਤੇ ਅਵੈੜਾ ਹੱਲਾ ਹੋਵੇ ਤਾਂ ਉਸ ਦੀ ਚੰਗੀ ਤਰ੍ਹਾਂ ਪੁੱਛਗਿਛ ਕਰਾਉ ਅਤੇ ਆਪਣਾ ਬਚਾਉ ਕਰੋ, ਨਹੀਂ ਤਾਂ ਥੋੜ੍ਹੇ ਚਿਰ ਵਿਚ ਹੀ ਹੱਥ ਮਲਦੇ ਰਹਿ ਜਾਉਗੇ।
ਸ਼ਹਿਰ ਦੀ ਕੌਂਸਲ ਵਿਚ ਦੁੱਧ ਦੀ ਬਾਬਤ ਇਕ ਨਵਾਂ ਕਾਨੂੰਨ ਪਾਸ ਹੋਣ ਲੱਗਾ ਹੈ। 2 ਅਪ੍ਰੈਲ ਦੀ ਰਾਤ ਨੂੰ ਵਿਕਟੋਰੀਏ ਦੇ ਲੋਕਾਂ ਨੂੰ ਦੁੱਧ ਦੇਣ ਵਾਲੇ ਕੁਲ ਗੋਰੇ ਸ਼ਹਿਰ ਦੇ ਹੈਲਥ ਅਫਸਰ ਤੇ ਹੈਲਥ ਕਮੇਟੀ ਨੂੰ ਇਕੱਠੇ ਹੋ ਕੇ ਉਸ ਬਣਨ ਵਾਲੇ ਕਾਨੂੰਨ ‘ਤੇ ਵਿਚਾਰ ਕਰਨ ਲਈ ਮਿਲੇ ਹਨ। ਇਸ ਇਕੱਠ ਵਿਚ ਕੋਬਲਬੇ ਤਕ ਤੇ ਸੇਨਚ ਦੇ ਭੀ ਦੁੱਧ ਵਾਲੇ ਹਾਜ਼ਰ ਸਨ। ਇਸ ਇਕੱਠ ਵਿਚ ਨਵੇਂ ਕਾਇਦੇ ਦੇ ਪਾਸ ਹੋਣ ਦਾ ਫੈਸਲਾ ਹੋ ਗਿਆ ਹੈ ਤੇ ਇਹ ਕਾਇਦਾ ਸ਼ਹਿਰ ਦੀ ਵੱਡੀ ਕੌਂਸਲ ਦੇ ਹੋਣ ਵਾਲੇ ਅਗਲੇ ਇਕੱਠ ਵਿਚ ਪਾਸ ਹੋਣ ਲਈ ਪੇਸ਼ ਹੋਵੇਗਾ।
ਇਸ ਨਵੇਂ ਪਾਸ ਹੋਣ ਵਾਲੇ ਕਾਇਦੇ ਦੀਆਂ ਕਈ ਸ਼ਰਤਾਂ ਹਨ ਜਿਨ੍ਹਾਂ ਵਿਚੋਂ ਬਹੁਤ ਹੀ ਜ਼ਰੂਰੀ ਇਹ ਹਨ ਕਿ ਲਾਇਸੈਂਸ ਲਏ ਤੋਂ ਬਿਨਾਂ ਵਿਕਟੋਰੀਆ ਸ਼ਹਿਰ ਵਿਚ ਕੋਈ ਆਦਮੀ ਦੁੱਧ ਨਾ ਵੇਚ ਸਕੇ। ਲਾਇਸੈਂਸ ਵਿਚ ਖੋਲ੍ਹ ਕੇ ਦੱਸਣਾ ਪਵੇਗਾ ਕਿ ਡੇਅਰੀ ਦੀ ਜਗ੍ਹਾ ਕਿਥੇ ਹੈ, ਮਕਾਨ ਕਿਹੋ ਜਿਹੀ ਜਗ੍ਹਾ ਹੈ, ਗਾਈਆਂ ਕਿਤਨੀਆਂ ਹਨ ਤੇ ਹੋਰ ਕਈ ਜ਼ਰੂਰੀ ਗੱਲਾਂ ਹੋਣਗੀਆਂ। ਅੱਗੇ ਨੂੰ ਗੋਰੇ ਹਿੰਦੂਆਂ ਤੋਂ ਦੁੱਧ ਲੈ ਕੇ ਸ਼ਹਿਰ ਵਿਚ ਨਹੀਂ ਵੇਚ ਸਕਣਗੇ ਕਿਉਂਕਿ ਇਸ ਕਾਇਦੇ ਦੇ ਮੂਜ਼ਬ ਹਰ ਇਕ ਦੁੱਧ ਵੇਚਣ ਵਾਲੇ ਨੂੰ ਆਪਣੀਆਂ ਬੋਤਲਾਂ, ਕੇਨਾਂ ਜਾਂ ਹੋਰ ਬਰਤਨਾਂ ‘ਤੇ ਆਪਣੀ ਡੇਅਰੀ ਦਾ ਨਾਂ ਲਿਖਣਾ ਪਵੇਗਾ। ਜੋ ਵੀ ਲਾਇਸੈਂਸ ਵਾਲਾ ਆਦਮੀ ਦੁੱਧ ਵੇਚੇਗਾ, ਉਹ ਸਾਰਾ ਉਸ ਦੀ ਆਪਣੀ ਡੇਅਰੀ ਦਾ ਹੋਵੇਗਾ ਤੇ ਇਸ ਕਾਇਦੇ ‘ਤੇ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਹੋਵੇਗਾ। ਇਸ ਕਾਇਦੇ ਦੇ ਬਣਾਉਣ ਦੀ ਕਿਉਂ ਲੋੜ ਪਈ? ਇਸ ਦੀ ਬਾਬਤ ਇਹ ਵੀ ਕਿਹਾ ਗਿਆ ਹੈ ਕਿ ਕਈ ਗੋਰੇ ਹਿੰਦੂਆਂ ਤੋਂ ਦੁੱਧ ਲੈ ਕੇ ਆਪਣਾ ਕਹਿ ਕੇ ਵੇਚਦੇ ਸਨ। ਇਸ ਲਈ ਹੁਣ ਉਹ ਅੱਗੇ ਤੋਂ ਹਿੰਦੂਆਂ ਤੋਂ ਲੈ ਕੇ ਨਾ ਵੇਚ ਸਕਣ।
ਪਤਾ ਨਹੀਂ, ਹਿੰਦੂਆਂ ਤੋਂ ਦੁੱਧ ਲੈਣ ਵਾਲੇ ਗੋਰਿਆਂ ਨੂੰ ਰੋਕਣ ਦੀ ਕਿਉਂ ਲੋੜ ਪਈ ਹੈ। ਉਮੀਦ ਹੈ, ਸਾਡੇ ਗਾਈਆਂ ਵਾਲੇ ਹਿੰਦੁਸਤਾਨੀ ਭਰਾ ਇਨ੍ਹਾਂ ਲਫਜ਼ਾਂ ਨੂੰ ਅੱਖਾਂ ਖੋਲ੍ਹ ਕੇ ਪੜ੍ਹਨਗੇ। ਯਾਦ ਰੱਖੋ! ਤੁਸੀਂ ਜਦ ਤਕ ਪੂਰੀ ਜਥੇਬੰਦੀ ਨਹੀਂ ਕਰਦੇ, ਪ੍ਰਦੇਸਾਂ ਵਿਚ ਨਿੱਕੇ ਤੋਂ ਨਿੱਕਾ ਕੰਮ ਵੀ ਨਹੀਂ ਕਰ ਸਕੋਗੇ। ਇਸੇ ਤਰ੍ਹਾਂ ਰੁਲ ਖੁਲ ਕੇ ਮਰੋਗੇ। ਆਪ ਦੇ ਸੇਵਕ ‘ਸੰਸਾਰ’ ਨੇ ਆਪ ਨੂੰ ਹਰ ਕਿਸਮ ਦੇ ਖਤਰਿਆਂ ਤੋਂ ਖਬਰਦਾਰ ਕਰਨ ਲਈ ਫੇਰ ਕਮਰ ਕੱਸਾ ਕੀਤਾ ਹੈ, ਜੁੜ ਜਾਉ ਤੇ ਹਰ ਕੰਮ ਵਿਚ ਜਥੇਬੰਦੀ ਕਰਕੇ ਕਮੇਟੀਆਂ ਬਣਾ ਕੇ ਕਾਇਦੇ ਨਾਲ, ਜੁਗਤ ਨਾਲ ਚਲੋ। ਉਮੀਦ ਹੈ, ਸਭ ਗਾਈਆਂ ਵਾਲੇ ਭਰਾ ਸਾਡੀ ਇਸ ਬੇਨਤੀ ਨੂੰ ਪੜ੍ਹ ਕੇ ਝਟਪਟ ਇਕੱਠ ਕਰਨਗੇ ਅਤੇ ਆਪਣੇ ਵਪਾਰ ਦੇ ਵਾਧੇ ਤੇ ਬਚਾਉ ਦੀਆਂ ਜੁਗਤਾਂ ਸੋਚਣਗੇ।
‘ਸੰਸਾਰ’ ਦੇ ਦਫਤਰ ਵਿਚ ਆਪ ਸਲਾਹ ਕਰਕੇ ਇਕੱਠੇ ਹੋ ਸਕਦੇ ਹੋ। ਅਸੀਂ ਤੁਹਾਨੂੰ ਕਈ ਕਿਸਮ ਦੀਆਂ ਸਲਾਹਾਂ ਦੇ ਸਕਦੇ ਤੇ ਕੁੱਲ ਹਾਲ ਸਮਝਾ ਸਕਦੇ ਹਾਂ ਤੇ ਤੁਸੀਂ ਸਭ ਭਾਈ ਆਪਣੀ ਕਮੇਟੀ ਬਣਾ ਕੇ ਹਰ ਗੱਲ ਦਾ ਬਚਾਉ ਕਰ ਸਕਦੇ ਹੋ। ਜੋ ਘੌਲ ਕਰੋਗੇ ਤਾਂ ਤੁਹਾਡੇ ਬਣੇ ਬਣਾਏ ਵਪਾਰ ਥੋੜ੍ਹੇ ਦਿਨਾਂ ਵਿਚ ਹੀ ਟੁੱਟ ਜਾਣਗੇ ਕਿਉਂਕਿ ਦੁੱਧ ਵਾਲੇ ਗੋਰਿਆਂ ਦੀ ਇਕ ਕਮੇਟੀ ਤੇ ਇਕ ਸਲਾਹ ਹੈ। ਇਸ ਦੇਸ਼ ਵਿਚ ਇਕ ਯੁੱਗ ਤੇ ਇਕ ਜਥੇ ਪਰੋ ਹੋਏ ਤੋਂ ਬਿਨਾਂ ਕੋਈ ਕੰਮ ਵੀ ਸਿਰੇ ਨਹੀਂ ਚੜ੍ਹ ਸਕਦਾ ਕਿਉਂਕਿ ਇਥੇ ਹਰ ਕੰਮ ਦੇ ਯੂਨੀਅਨ ਹਨ। ਇਸ ਲਈ ਇਸ ਵਕਤ ਤੁਹਾਨੂੰ ਭੀ ਆਪਣੇ ਬਿਜਨਸ ਦੇ ਬਚਾਉ ਲਈ ਝਟ ਲਾਇਕ ਜਥੇ ਵਿਚ ਪਰੋ ਹੋ ਕੇ ਚਲਣਾ ਜ਼ਰੂਰੀ ਹੈ।
ਸਾਡੀ ਇੱਜ਼ਤ ਨੂੰ ਵੱਟਾ
ਹਿੰਦੁਸਤਾਨੀਆਂ ਦੀ ਦੁਰਦਸ਼ਾ ਦੀ ਤਾਂ ਕਿਸ ਨੂੰ ਆਸ ਨਹੀਂ ਹੋ ਸਕਦੀ। ਜੋ ਆਪਣੀ ਕੌਮੀ ਤਾਕਤ ਬਣਾਉਣ ਵਲੋਂ ਡਾਢੇ ਗਾਫਲ ਹਨ। ਕਿਤੇ ਤਾੜੀਂਦੇ ਹਨ। ਕਿਤੇ ਪੀੜੀਂਦੇ ਹਨ, ਪਰ ਕੋਈ ਇਨ੍ਹਾਂ ਦੀ ਪੁੱਛਗਿਛ ਕਰਨ ਵਾਲਾ ਨਹੀਂ ਹੈ ਕਿਉਂਕਿ ਇਹ ਆਪ ਆਪਣੀ ਪੁੱਛਗਿਛ ਕਰਨ ਲਈ ਤਿਆਰ ਨਹੀਂ ਹਨ। ਹਿੰਦੁਸਤਾਨੀ ਕਿਸੇ ਦੇਸ਼ ਜਾਂ ਕੌਮ ਦਾ ਕੁਝ ਵਿਗਾੜਨ ਵਾਲੇ ਨਹੀਂ ਹਨ, ਸਗੋਂ ਜਿਥੇ ਗਏ ਹਨ, ਇਨ੍ਹਾਂ ਨੇ ਦੁਨੀਆਂ ਦਾ ਕੁਝ ਨਾ ਕੁਝ ਸੁਆਰਿਆ ਹੀ ਹੈ, ਪਰ ਅੰਗਰੇਜ਼ੀ ਮੁਲਕਾਂ ਵਿਚ ਇਨ੍ਹਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ, ਜਿਸ ਤਰ੍ਹਾਂ ਇਨ੍ਹਾਂ ਨੂੰ ਅੰਗਰੇਜ਼ੀ ਹੱਦ ਵਿਚ ਹੀਣੇ ਤੋਂ ਹੀਣੇ ਗੁਲਾਮ ਬਣਾਇਆ ਗਿਆ ਹੈ ਤੇ ਹਰ ਇਕ ਗੱਲ ਵਿਚ ਇਨ੍ਹਾਂ ਨੂੰ ਗੋਰੇ ਤੇ ਕਾਲੇ ਦਾ ਫਰਕ ਪਾ ਕੇ ਰੋਲਿਆ ਜਾ ਰਿਹਾ ਹੈ, ਡੰਗਰਾਂ ਨਾਲ ਭੀ ਕਾਨੂੰਨੀ ਇਨਸਾਫ ਠੀਕ ਚਲਦਾ ਹੈ, ਪਰ ਇਨ੍ਹਾਂ ਨੂੰ ਹਰ ਇਕ ਗੱਲ ਵੱਲੋਂ ਜਵਾਬ ਮਿਲਿਆ ਹੈ। ਇਸ ਵਰਤਾਓ ਨੇ ਹਿੰਦੀ ਕੌਮ ਦੀ ਪਵਿੱਤਰ ਇੱਜ਼ਤ ਨੂੰ ਦੁਨੀਆਂ ਦੀਆਂ ਅੱਖਾਂ ਦੇ ਸਾਹਮਣੇ ਗਿਰਾ ਦਿੱਤਾ ਹੈ। ਹਿੰਦੁਸਤਾਨੀਆਂ ਦੇ ਬੇਸ਼ੁਮਾਰ ਗੁਣਾਂ ਨੂੰ ਹੋਰ ਕੌਮਾਂ ਸਿਰਫ ਇਸ ਟਪਲੇ ‘ਤੇ ਹੀ ਭੁੱਲ ਰਹੀਆਂ ਹਨ ਕਿ ਜਦ ਅੰਗਰੇਜ਼ੀ ਹੱਦ ਵਿਚ ਇਹ ਪਸ਼ੂਆਂ ਦੇ ਬਰਾਬਰ ਸਮਝੇ ਜਾ ਰਹੇ ਹਨ ਤਾਂ ਉਸ ਤੋਂ ਬਾਹਰ ਇਨ੍ਹਾਂ ਲਈ ਚੰਗਾ ਵਰਤਾਉ ਮੁਸ਼ਕਿਲ ਹੈ। ਇਸੇ ਭਰਮ ਨੇ ਤੇ ਇਨ੍ਹਾਂ ‘ਤੇ ਹੋ ਰਹੇ ਜ਼ੁਲਮਾਂ ਨੇ ਜਿਨ੍ਹਾਂ ਨੂੰ ਸਹਾਰਦਿਆਂ ਇਨ੍ਹਾਂ ਨੂੰ ਦੇਰ ਹੋ ਗਈ ਹੈ, ਯੂਨਾਈਟਿਡ ਸਟੇਟਸ ਅਮਰੀਕਾ ਵਰਗੇ ਦੇਸ਼ ਦੇ ਆਜ਼ਾਦ ਗੋਰਿਆਂ ਨੇ ਭੀ ਇਨ੍ਹਾਂ ਨੂੰ ਆਪਣੇ ਦੇਸ਼ ਵਿਚੋਂ ਕੱਢ ਦੇਣ ਲਈ ਮਤੇ ਪਕਾ ਲਏ ਹਨ। ਰੰਗ ਦੀ ਸੜਾਂਦ ਤੇ ਵਾਧੂ ਜ਼ਿਦਬਾਜ਼ੀ ਜਿਸ ਦੀ ਆਸ ਅਮਰੀਕਾ ਵੱਲੋਂ ਅਣਹੋਣੀ ਜਾਪਦੀ ਸੀ, ਸਾਡੇ ਲਈ ਉਹ ਭੀ ਪ੍ਰਤੱਖ ਉਗਮ ਪਈ ਹੈ। ਅਮਰੀਕਾ ਦੀ ਕਾਂਗਰਸ ਵਿਚ ਬਿਲ ਪੇਸ਼ ਹੈ ਤੇ ਅੱਜ ਕਲ੍ਹ ਪਾਸ ਹੋਣ ਵਾਲਾ ਹੈ ਜੋ ਕਿ ਸਾਡਾ ਯੂਨਾਈਟਿਡ ਸਟੇਟਸ ਵਿਚੋਂ ਖੁਰਾ ਖੋਜ ਮਿਟਾ ਦੇਵੇਗਾ, ਜਿਸ ਦੇ ਅਸਰ ਨਾਲ ਅਸੀਂ ਅਮਰੀਕਾ ਵਿਚੋਂ ਕੱਢੇ ਜਾਵਾਂਗੇ। ਇਸ ਕਰਕੇ ਨਹੀਂ ਕਿ ਸਾਡੇ ਵਿਚ ਕੋਈ ਔਗੁਣ ਹੈ, ਇਸ ਕਰਕੇ ਭੀ ਨਹੀਂ ਕਿ ਸਾਡੀ ਨਸਲ ਅਮਰੀਕਾ ਵਾਲਿਆਂ ਨਾਲੋਂ ਵੱਖਰੀ ਹੈ, ਇਸ ਕਰਕੇ ਭੀ ਨਹੀਂ ਕਿ ਸਾਡੇ ਵਿਚ ਇਲਮ ਦਾ ਤੋੜਾ ਹੈ, ਇਸ ਕਰਕੇ ਭੀ ਨਹੀਂ ਕਿ ਸਾਨੂੰ ਧਰਮ ਦੀ ਸੂਝ ਨਹੀਂ, ਇਹ ਭੀ ਨਹੀਂ ਕਿ ਸਾਡੇ ਮਿਹਨਤੀਪੁਣੇ ‘ਤੇ ਕੋਈ ਸ਼ੱਕ ਹੈ, ਇਹ ਭੀ ਨਹੀਂ ਕਿ ਸਾਡੇ ਸਰੀਰਾਂ ਵਿਚ ਕੋਈ ਕਮਜ਼ੋਰੀ ਹੈ, ਇਨ੍ਹਾਂ ਤਾਂ ਸਾਰੀਆਂ ਗੱਲਾਂ ਵਿਚ ਅਸੀਂ ਪੂਰੇ ਨੌ ਬਰ ਨੌ ਹਾਂ। ਸਿਰਫ ਪੂਰੇ ਹੀ ਨਹੀਂ ਸਗੋਂ ਕਈ ਕੌਮਾਂ ਨਾਲੋਂ ਵਧ ਕੇ ਹਾਂ, ਪਰ ਸਾਨੂੰ ਅਮਰੀਕਾ ਇਸ ਕਰਕੇ ਆਪਣੇ ਆਜ਼ਾਦ ਬੂਹੇ ਤੋਂ ਧੱਕਾ ਦਿੰਦਾ ਹੈ ਕਿ ਉਸ ਦੇ ਦਿਲ ਵਿਚ ਭੀ ਕੁਝ ਰੰਗ ਦੀ ਨਫਰਤ ਦੀ ਜ਼ਹਿਰ ਫੁਟ ਪਈ ਹੈ। ਉਸ ਨੂੰ ਭੀ ਵਾਧੂ ਭਰਮ ਪੈ ਗਏ ਹਨ। ਉਹ ਇਸ ਕਰਕੇ ਸਾਨੂੰ ਆਪਣੇ ਦੇਸ਼ ਵਿਚੋਂ ਕੱਢ ਦੇਣ ਲਈ ਤਿਆਰ ਹੋ ਗਿਆ ਹੈ ਕਿ ਹਿੰਦੁਸਤਾਨੀ ਨਖਸਮੇ ਹਨ। ਸਾਡੀ ਕੋਈ ਤਾਕਤ ਨਹੀਂ। ਅਸੀਂ ਪ੍ਰਾਧੀਨ ਹਾਂ।
ਸਾਡੀ ਅੰਗਰੇਜ਼ੀ ਦੇਸ਼ਾਂ ਵਿਚ ਗੋਰੇ ਬਹੁਤ ਦੁਰਦਸ਼ਾ ਕਰਦੇ ਹਨ। ਯੂਨਾਈਟਿਡ ਸਟੇਟਸ ਵਿਚ ਸਾਡੇ ਉਲਟ ਕਿਸ ਤਰ੍ਹਾਂ ਨਫਰਤ ਪੈਦਾ ਕੀਤੀ ਗਈ ਹੈ। ਬਗੈਰ ਕਿਸੇ ਵਕੀਲ ਦੇ, ਬਗੈਰ ਕਿਸੇ ਪੁੱਛ ਦੇ, ਬਗੈਰ ਕਿਸੇ ਦਲੀਲ ਦੇ ਉਹ ਕੌਮ ਅਮਰੀਕਾ ਵਿਚੋਂ ਕੱਢੀ ਜਾਣ ਲੱਗੀ ਹੈ, ਜਿਸ ਦੇ ਵੱਡੇ-ਵੱਡੇ ਵਿਦਵਾਨਾਂ ਦਾ ਹਿੱਤ ਪਿਆਰ ਦੁਨੀਆਂ ਵਿਚ ਉੱਘਾ ਹੋ ਚੁੱਕਾ ਸੀ। ਇਹ ਨਫਰਤ ਤੇ ਵਿਰੋਧ ਦੀ ਹਵਾ ਜੋ ਪਿਛਲੇ ਛੇ ਮਹੀਨਿਆਂ ਤੋਂ ਯੂਨਾਈਟਿਡ ਸਟੇਟਸ ਵਿਚ ਵਗੀ ਹੈ, ਇਸ ਦਾ ਇਹ ਸਿੱਟਾ ਨਿਕਲਣ ਦੇ ਨੇੜੇ ਹੈ ਕਿ ਹਿੰਦੁਸਤਾਨੀਆਂ ਦਾ ਜਿਨ੍ਹਾਂ ਨੂੰ ਆਜ਼ਾਦ ਅਮਰੀਕਾ ਵਾਲਿਆਂ ਤੋਂ ਆਪਣੀ ਕੌਮੀ ਉਸਾਰੀ ਵਿਚ ਮਦਦ ਤੇ ਪ੍ਰੇਮ ਦੀ ਡਾਢੀ ਆਸ ਸੀ, ਸਦਾ ਦੇ ਲਈ ਸਬੰਧ ਟੁੱਟਦਾ ਹੈ ਤੇ ਇਸ ਗੱਲ ਦਾ ਦੁਨੀਆਂ ਦੇ ਸਾਹਮਣੇ ਸਬੂਤ ਆਉਂਦਾ ਹੈ ਕਿ ਉਹ ਅੱਗੇ ਤੋਂ ਜੋ ਹਿੰਦੀਆਂ ਨੂੰ ਕੁਝ ਨਹੀਂ ਸਿੱਖਣ ਦਿੰਦੀ, ਜੋ ਹਿੰਦੀਆਂ ਨੂੰ ਉਠਣ ਨਹੀਂ ਦਿੰਦੀ, ਜਿਸ ਨਾਲ ਹਿੰਦੀ ਸੜ ਰਹੇ ਹਨ। ਜੇ ਮੌਕਾ ਮਿਲੇ ਤਾਂ ਅਮਰੀਕਾ ਆਪਣੇ ਸੁਭਾ ਅਨੁਸਾਰ ਉਸ ਤੇ ਠੰਢੇ ਪਾਣੀ ਦਾ ਕਟੋਰਾ ਪਾਉਣ ਦੀ ਥਾਂ ਉਸ ਵਲੋਂ ਅੱਖ ਮੀਟਣ ਨੂੰ ਤਿਆਰ ਹੈ।
ਅਫਰੀਕਾ ਵਿਚ ਕਹਿਰ
ਅਫਰੀਕਾ ਦੇ ਭਰਾਵਾਂ ਦੇ ਦੁਖੜੇ ਤੇ ਉਨ੍ਹਾਂ ‘ਤੇ ਬੀਤੇ ਰਹੇ ਜ਼ੁਲਮ ਸੁਣ ਕੇ ਕੁਲ ਦੁਨੀਆਂ ਤ੍ਰਾਹਮਾਨ-ਤ੍ਰਾਹਮਾਨ ਕਹਿ ਉਠੀ ਹੈ। ਅਫਰੀਕਾ ਅੰਗਰੇਜ਼ੀ ਬਸਤੀ ਹੈ, ਉਥੇ ਦੀ ਸਰਕਾਰ ਹੱਤਿਆ ਦੀ ਤਲਵਾਰ ਫੜੀ ਖੜ੍ਹੀ ਹੈ। ਹਿੰਦੁਸਤਾਨੀ ਮਰਦ, ਇਸਤਰੀਆਂ ਤੇ ਬੱਚੇ ਦੁੱਖਾਂ ਵਿਚ ਕੋਹੇ ਜਾਂਦੇ ਹਨ। ਇੰਗਲੈਂਡ ਦੀ ਸਰਕਾਰ ਇਸ ਨੂੰ ਦੇਖ ਕੇ ਅੱਖਾਂ ਮੀਟਦੀ ਹੈ ਤੇ ਹਿੰਦੁਸਤਾਨ ਦੀ ਪ੍ਰਜਾ ਪਾਲਕ ਸਦਾਉਣ ਵਾਲੀ ਗਵਰਨਮੈਂਟ ਆਪਣੇ ਆਪ ਨੂੰ ਕਮਜ਼ੋਰ ਦੱਸ ਰਹੀ ਹੈ। ਇਸ ਹਾਲਤ ਵਿਚ ਹਿੰਦੁਸਤਾਨੀਆਂ ਦਾ ਬਚਣਾ ਕਠਿਨ ਜਾਪਦਾ ਹੈ। ਜ਼ਾਲਮ, ਜ਼ੁਲਮ ਤੋਂ ਹਟਣ ਲਈ ਤਿਆਰ ਨਹੀਂ। ਅੰਗਰੇਜ਼ੀ ਗਵਰਨਮੈਂਟ ਉਸ ਨੂੰ ਜ਼ੋਰ ਨਾਲ ਹਟਾਉਣਾ ਚਾਹੁੰਦੀ ਨਹੀਂ ਤੇ ਜੋ ਦੁਖੀ ਹਨ, ਉਨ੍ਹਾਂ ਦੀ ਕੌਮ ਗੁਲਾਮ ਹੈ। ਜਦ ਉਨ੍ਹਾਂ ਵਿਚ ਕੋਈ ਤਾਕਤ ਨਹੀਂ ਤਾਂ ਉਨ੍ਹਾਂ ਦੀ ਸਦਾਉਣ ਵਾਲੀ ਗਵਰਨਮੈਂਟ ਭੀ ਜੋ ਕੁਝ ਮਰਜ਼ੀ ਹੈ, ਕਹਿ ਸਕਦੀ ਹੈ। ਕੁਝ ਦਿਨਾਂ ਤੋਂ ਅਫਰੀਕਾ ਤੋਂ ਤਾਰ ਖਬਰਾਂ ਆਉਣੀਆਂ ਬੰਦ ਹਨ, ਪਰ ਅਖਬਾਰਾਂ ਵਿਚ ਜੋ ਪਤਾ ਆਇਆ ਹੈ, ਉਹ ਇਹ ਹੈ ਕਿ ਸਟਰਾਇਕ ਹੜਤਾਲ ਕਰਨ ਵਾਲੇ ਹਜ਼ਾਰਾਂ ਹਿੰਦੀਆਂ ਨੂੰ ਕੋਲੇ ਦੀਆਂ ਖਾਣਾਂ ਵਿਚ ਬੰਦ ਕੀਤਾ ਗਿਆ ਹੈ ਤੇ ਉਹ ਖਾਣਾਂ ਉਨ੍ਹਾਂ ਦੇ ਜੇਲ੍ਹਖਾਨੇ ਹਨ। ਖਾਣਾਂ ਦੇ ਮਾਲਕਾਂ ਨੂੰ ਕਾਨੂੰਨੀ ਅਖਤਿਆਰ ਦਿੱਤੇ ਗਏ ਹਨ ਤੇ ਹਿੰਦੀਆਂ ਨੂੰ ਉਨ੍ਹੀਂ ਹੀ ਜਗ੍ਹੀਂ ਕੰਮ ‘ਤੇ ਲਾਇਆ ਗਿਆ ਹੈ। ਨਾਂਹ ਕਰਨ ‘ਤੇ ਭਾਰਤ ਵਰਸ਼ ਦੇ ਦੁਲਾਰਿਆਂ ਨੂੰ ਹਾਂ ਲਿਖਦਿਆਂ ਜਿਗਰ ਪਾਟਦਾ ਹੈ। ਕੋਰੜੇ ਮਾਰ-ਮਾਰ ਕੇ ਸੁਜਾਇਆ ਗਿਆ ਹੈ। ਇਕ ਖਬਰ ਹੈ ਕਿ ਕੋਰੜਿਆਂ ਦੀ ਮਾਰ ਨਾਲ ਇਕ ਸਰੀਰ ਸ਼ਹੀਦ ਭੀ ਹੋ ਗਿਆ ਹੈ। ਰੇਲ ‘ਤੇ ਕੰਮ ਕਰਨ ਵਾਲਿਆਂ ਹਿੰਦੀਆਂ ਦੇ ਮਗਰ ਹਬਸ਼ੀਆਂ ਤੇ ਗੋਰਿਆ ਦੀ ਖਾਸ ਪੁਲਿਸ ਪਾਈ ਗਈ ਹੈ ਤੇ ਉਨ੍ਹਾਂ ਨੂੰ ਇਸ ਪੁਲਿਸ ਨੇ ਬਾਰਕਾਂ ਵਿਚੋਂ ਕੱਢ ਕੇ ਠੁੱਡੇ ਲਾਏ ਤੇ ਜ਼ਮੀਨ ਤੇ ਘੜੀਸਿਆ ਹੈ। ਦੋ ਸੌ ਨੂੰ ਕੈਦ ਵਿਚ ਸੁਟਿਆ ਗਿਆ ਹੈ। ਸ੍ਰੀਮਾਨ ਗਾਂਧੀ, ਮਿਸਟਰ ਪੋਲਕ, ਮਿਸਟਰ ਕਲੇਨਬਚ ਆਗੂ ਤੇ ਹੋਰ ਪ੍ਰਸਿਧ ਦਰਦੀ ਜੇਲ੍ਹ ਵਿਚ ਹਨ। ਮਰਦ, ਇਸਤਰੀਆਂ ਜੇਲ੍ਹਾਂ ਵਿਚ ਹਨ। ਹਜ਼ਾਰਾਂ ਬੁੱਢੇ ਰੁਲ ਰਹੇ ਹਨ ਤੇ ਅਣਗਿਣਤ ਟੱਬਰ ਜਿਨ੍ਹਾਂ ‘ਤੇ ਭੁੱਖ ਪਿਆਸ ਦੇ ਦੁੱਖ ਤੋਂ ਬਿਨਾਂ ਹੋਰ ਅਨੇਕ ਆਫਤਾਂ ਆਣ ਟੁੱਟੀਆਂ ਹਨ। ਧਰਮ ਨਾਲ ਰਲੇ ਹੋਏ ਕੁਰਬੁਲਾਹਟ ਵਿਚ ਦੁਨੀਆਂ ਨੂੰ ਆਪਣੀ ਦਸ਼ਾ ਦੱਸ ਰਹੇ ਹਨ।
ਟਿਕਟ ਤੋਂ ਨਾਂਹ
ਕਿਸੇ ਆਦਮੀ ਦੀਆਂ ਅੱਖਾਂ ਕੱਢੀਆਂ ਜਾਣ, ਲੱਤਾਂ ਜਕੜੀਆਂ ਜਾਣ, ਬਾਹਾਂ ਨਰੜੀਆਂ ਜਾਣ ਤੇ ਫੇਰ ਮਗਰੋਂ ਕਰਾਰਾ ਜਿਹਾ ਠੁੱਡ ਲਾ ਕੇ ਹੱਥ ਜੋੜ ਕੇ ਅਧੀਨਗੀ ਨਾਲ ਕਿਹਾ ਜਾਵੇ ਕਿ ਭਾਈ ਸਾਹਿਬ, ਆਪ ਖੂਬ ਚੰਗੀ ਤਰ੍ਹਾਂ ਤੁਰੋ- ਇਹ ਹਾਲਤ ਕੈਨੇਡਾ ਦੇ ਹਿੰਦੁਸਤਾਨੀਆਂ ਦੀ ਹੋ ਰਹੀ ਹੈ। ਜਹਾਜ਼ੀ ਕੰਪਨੀਆਂ ਟਿਕਟ ਨਾ ਵੇਚਣ, ਜੇ ਭੱਜ ਟੁੱਟ ਕੇ ਇਹ ਨਖਸਮੇ ਇਥੇ ਆ ਭੀ ਪੁੱਜਣ ਤਾਂ ਪਿਛਾਂਹਾਂ ਨੂੰ ਧੱਕੇ ਜਾਣ। ਜੇ ਕੁਝ ਆਪਣੇ ਦੁੱਖਾਂ ਦੀ ਹਾਲ ਦੁਹਾਈ ਕਰਨ ਤਾਂ ਜ਼ਬਰਦਸਤੀ ਇਥੋਂ ਕੱਢੇ ਜਾਣ। ਸਿੰਘਣੀਆਂ, ਬੱਚੇ ਇਨ੍ਹਾਂ ਦੇ ਨਾ ਆ ਸਕਣ। ਇਥੇ ਨਾਮੁਰਾਦ ਬਿਮਾਰੀਆਂ ਨਾਲ ਸੜ ਜਾਣ। ਇਨ੍ਹਾਂ ਦੇ ਬੁਰੇ ਹਾਲ ਤੇ ਬਾਂਕੇ ਦਿਹਾੜੇ। ਅਜੇ ਭੀ ਕੈਨੇਡਾ ਅੰਗਰੇਜ਼ੀ ਰਾਜ ਦਾ ਚਮਕਦਾ ਹੀਰਾ ਤੇ ਕੈਨੇਡਾ ਦੀ ਸਰਕਾਰ ਸ਼ੀਂਹ ਬੱਕਰੀ ਨੂੰ ਇਕ ਘਾਟ ਪਾਣੀ ਪਿਲਾਉਂਦੀ ਹੈ। ਜਦ ਕੈਨੇਡਾ ਦੇ ਹਿੰਦੀਆਂ ਨੇ ਆਪਣੀ ਸੁਰਤ ਵਿਚ ਸ਼ੀਂਹ ਬੱਕਰੀ ਨੂੰ ਪਾੜਦਾ ਹੀ ਡਿੱਠਾ ਤੇ ਸੁਣਿਆ ਹੋਵੇ ਤਾਂ ਉਹਨੂੰ ਤਾਂ ਇਹ ਯਕੀਨ ਆਉਣਾ ਔਖਾ ਹੀ ਹੈ। ‘ਸੰਸਾਰ’ ਦੇ ਪਾਠਕਾਂ ਨੂੰ ਪਤਾ ਹੀ ਹੈ ਕਿ ਇਸ ਗੱਲ ਨੂੰ ਪਰਤਾਉਣ ਲਈ ਕਿ ਕੰਪਨੀਆਂ ਕਿਸ ਦਲੀਲ ‘ਤੇ ਹਿੰਦੁਸਤਾਨੀਆਂ ਨੂੰ ਕਲਕੱਤੇ ਤੋਂ ਵਿਕਟੋਰੀਏ ਦਾ ਟਿਕਟ ਨਹੀਂ ਦਿੰਦੀਆਂ। ਨਿਪਨ ਯੂਸ਼ਨ ਕੈਸ਼ਾ ਕੰਪਨੀ ‘ਤੇ ਮੁਕੱਦਮਾ ਕੀਤਾ ਗਿਆ ਸੀ। ਇਹ ਗੱਲ ਹਿੰਦੁਸਤਾਨੀ ਭਰਾ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹਨ ਕਿ ਜਾਪਾਨੀ ਕੰਪਨੀ ਨਿਪਨ ਯੂਸ਼ਨ ਕੈਸ਼ਾ ਦੇ ਜਹਾਜ਼ਾਂ ਵਿਚ ਕਲਕੱਤੇ ਤੋਂ ਹਾਂਗਕਾਂਗ ਤਕ ਸਦਾ ਹੀ ਮੁਸਾਫਰ ਆਉਂਦੇ ਹਨ ਤੇ ਅੱਗੇ ਇਸ ਕੰਪਨੀ ਨੇ ਕਲਕੱਤੇ ਤੋਂ ਸਿੱਧੇ ਵਿਕਟੋਰੀਏ ਦੇ ਟਿਕਟ ਦਿੱਤੇ ਸਨ ਜਿਨ੍ਹਾਂ ‘ਤੇ ਆਏ ਹੋਏ ਭਾਈ ਬਗੈਰ ਕਿਸੇ ਰੋਕ ਦੇ ਉਤਰ ਗਏ ਸਨ, ਪਰ ਜਦ ਫੇਰ ਇਸ ਕੰਪਨੀ ਤੋਂ ਟਿਕਟ ਮੰਗੇ ਗਏ ਤਾਂ ਇਸ ਦੇ ਏਜੰਟਾਂ ਨੇ ਸਾਫ ਜਵਾਬ ਦਿੱਤਾ ਕਿ ਅਸੀਂ ਤੁਹਾਨੂੰ ਟਿਕਟ ਨਹੀਂ ਵੇਚਦੇ। ਬਹੁਤ ਪੱਕੀ ਗਵਾਹੀ ਤੇ ਸਬੂਤ ‘ਤੇ ਭਾਈ ਬਿਸ਼ਨ ਸਿੰਘ ਵਲੋਂ ਕੰਪਨੀ ‘ਤੇ ਮੁਕੱਦਮਾ ਕੀਤਾ ਗਿਆ ਕਿ ਮੇਰੀ ਸਿੰਘਣੀ ਦੇ ਵਾਸਤੇ ਟਿਕਟ ਦੁਆਇਆ ਜਾਵੇ। ਭਾਈ ਹਰੀ ਸਿੰਘ, ਜਵਾਲਾ ਸਿੰਘ, ਪੂਰਨ ਸਿੰਘ ਤੇ ਨੌਰੰਗ ਸਿੰਘ, ਇਨ੍ਹਾਂ ਸਾਰਿਆਂ ਨੇ ਗਵਾਹੀਆਂ ਦਿੱਤੀਆਂ ਕਿ ਅਸੀਂ ਕਲਕੱਤੇ ਤੋਂ ਹਾਂਗਕਾਂਗ ਤਾਈਂ ਨਿਪਨ ਯੂਸ਼ਨ ਕੈਸ਼ਾ ਜਾਪਾਨੀ ਕੰਪਨੀ ਦੇ ਜਹਾਜ਼ ‘ਤੇ ਆਏ ਹਾਂ। ਹੋਰ ਵੀ ਅਨੇਕਾਂ ਗਵਾਹੀਆਂ ਹੋ ਸਕਦੀਆਂ ਹਨ ਕਿਉਂਕਿ ਕਲਕੱਤੇ ਤੋਂ ਹਾਂਗਕਾਂਗ ਤਾਈਂ ਜਾਪਾਨੀ ਜਹਾਜ਼ਾਂ ਵਿਚ ਬਹੁਤ ਮੁਸਾਫਰ ਆਉਂਦੇ ਜਾਂਦੇ ਹਨ, ਪਰ ਉਸ ਕੰਪਨੀ ਦੇ ਸੀਆਟਲ ਦੇ ਏਜੰਟ ਨੇ ਕਿਹਾ ਕਿ ਸਾਡੀ ਕੰਪਨੀ ਕਲਕੱਤੇ ਤੋਂ ਹਾਂਗਕਾਂਗ ਤਕ ਮੁਸਾਫਰ ਨਹੀਂ ਲਿਆਉਂਦੀ ਤੇ ਅੱਗੇ ਜੋ ਅਸੀਂ ਇਥੇ ਟਿਕਟ ਦਿੱਤੇ ਸਨ, ਉਹ ਭੁਲੇਖੇ ਵਿਚ ਦਿੱਤੇ ਗਏ ਸਨ।
ਹਿੰਦੁਸਤਾਨ ਤੋਂ ਅਜੇ ਦੋ ਤਿੰਨ ਮਹੀਨੇ ਦਾ ਆਇਆ ਹੋਇਆ ਆਦਮੀ ਗਵਾਹੀ ਦਿੰਦਾ ਹੈ ਕਿ ਮੈਂ ਕਲਕੱਤੇ ਤੋਂ ਹਾਂਗਕਾਂਗ ਤਾਈਂ ਇਸ ਕੰਪਨੀ ਦੇ ਜਹਾਜ਼ ਵਿਚ ਚੜ੍ਹ ਕੇ ਆਇਆ ਹਾਂ। ਹੁਣ ਹੋਰ ਮੁਸਾਫਰ ਆ ਰਹੇ ਹਨ, ਪਰ ਇਨ੍ਹਾਂ ਸਾਰੀਆਂ ਗਵਾਹੀਆਂ ਦੇ ਹੁੰਦੇ ਹੋਏ ਭੀ ਜੱਜ ਨੇ ਕਿਹਾ ਕਿ ਇਹ ਕੰਪਨੀ ਕਲਕੱਤੇ ਤੋਂ ਹਾਂਗਕਾਂਗ ਤਾਈਂ ਮੁਸਾਫਰ ਨਹੀਂ ਲਿਆਉਂਦੀ। ਇਸ ਲਈ ਇਹ ਮੁਕੱਦਮਾ ਖਾਰਜ ਕਰ ਦਿੱਤਾ। ਕਲਕੱਤੇ ਤੋਂ ਹਾਂਗਕਾਂਗ ਤਾਈਂ ਇਸ ਕੰਪਨੀ ਦੇ ਜਹਾਜ਼ਾਂ ਵਿਚ ਮੁਸਾਫਰ ਆਉਂਦੇ ਰਹੇ ਹਨ ਤੇ ਆ ਰਹੇ ਹਨ, ਸਬੂਤ ਤੇ ਗਵਾਹੀਆਂ ਪੂਰੀਆਂ ਹਨ, ਪਰ ਜੇ ਫੇਰ ਇਹ ਹੁਕਮ ਮਿਲੇ ਤਾਂ ਇਸ ਦਾ ਅਰਥ ਤੁਸੀਂ ਆਪ ਹੀ ਲੱਭ ਲਵੋ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਇਨਸਾਫ ਇਸੇ ਦਾ ਨਾਮ ਹੈ। ਗਰੀਬ ਤੇ ਕਮਜ਼ੋਰ ਪਰਜਾ ਦੀ ਰੱਖਿਆ ਕਰਨੀ ਇਸ ਨੂੰ ਕਹਿੰਦੇ ਹਨ। ਭਰਾਵੋ, ਹੁਣ ਤਾਂ ਕੁਝ ਵਿਚਾਰੋ।
ਵੋਟ ਲਈ ਟਾਕਰਾ
ਅਸੀਂ ਇਕ ਦੋ ਸੱਜਣਾਂ ਤੋਂ ਇਹ ਸੁਣ ਕੇ ਬਹੁਤ ਖੁਸ਼ ਹੋਏ ਹਾਂ ਕਿ ਕਈ ਭਾਈ ਇਸ ਗੱਲ ਦਾ ਨਤਾਰਾ ਕਰਾਉਣ ਲਈ ਕਾਨੂੰਨੀ ਲੜਾਈ ਲੜਨ ਲਈ ਤਿਆਰੀ ਕਰ ਰਹੇ ਹਨ ਕਿ ਕਿਸ ਕਰਕੇ ਬ੍ਰਿਟਿਸ਼ ਕੋਲੰਬੀਆ ਵਿਚ ਟੈਕਸ ਭਰਨ ਵਾਲੇ ਹਿੰਦੁਸਤਾਨੀਆਂ ਨੂੰ ਵੋਟ ਦਾ ਹੱਕ ਨਹੀਂ ਹੈ। ਤਵਾਰੀਖ ਦੱਸਦੀ ਹੈ ਕਿ ਕੋਈ ਵੀ ਮਾਲਕ ਕਦੀ ਵੀ ਕਿਸੇ ਕੌਮ ਦੇ ਦਬਾਏ ਹੋਏ ਹੱਕ ਔਖਿਆਈ ਤੋਂ ਬਿਨਾਂ ਨਹੀਂ ਛੱਡਦਾ। ਸਾਡਾ ਧਰਮ ਹੈ ਕਿ ਆਪਣੇ ‘ਤੇ ਹੋ ਰਹੀ ਧੱਕੇਬਾਜ਼ੀ ਨੂੰ ਆਪਣੀ ਪੂਰੀ ਵਾਹ ਲਾ ਕੇ ਦੁਨੀਆਂ ਵਿਚ ਉਜਾਗਰ ਕਰੀਏ। ਟੈਕਸ ਨਾ ਦੇ ਕੇ ਵੋਟ ਦਾ ਹੱਕ ਮੰਗਣਾ ਤੇ ਕਾਨੂੰਨੀ ਲੜਾਈ ਲੜਨੀ, ਇਸ ਤਰ੍ਹਾਂ ਇਸ ਦਾ ਨਤਾਰਾ ਸਾਨੂੰ ਪਹਿਲਾਂ ਕਰਾਉਣਾ ਚਾਹੀਦਾ ਹੈ। ਪਿਛਲੇ ਪਰਚੇ ਵਿਚ ਆਪ ਨੇ ਪੜ੍ਹਿਆ ਹੋਵੇਗਾ ਕਿ ਪ੍ਰਿੰਸਸ ਸੋਫੀਆ ਦਲੀਪ ਸਿੰਘ ਨੇ ਜਦ ਤਕ ਵੋਟ ਨਾ ਮਿਲੇ ਟੈਕਸ ਭਰਨ ਤੋਂ ਜਵਾਬ ਦੇ ਦਿੱਤਾ ਹੈ। ਇਸ ਦੀ ਤਰ੍ਹਾਂ ਨਿਊ ਯਾਰਕ ਦੀਆਂ ਗੋਰੀਆਂ ਝਗੜ ਰਹੀਆਂ ਹਨ। ਜੇ ਅਸੀਂ ਤੀਵੀਆਂ ਜਿਤਨਾ ਵੀ ਉਦਮ ਨਹੀਂ ਕਰ ਸਕਦੇ ਤਾਂ ਧਿਰਕਾਰ ਹੈ ਸਾਡੇ ਆਦਮੀਪੁਣੇ ‘ਤੇ।
ਹੋਰ ਜਗ੍ਹਾ ਦੇ ਸੱਜਣਾਂ ਨੂੰ ਵੀ ਇਸ ਗੱਲ ‘ਤੇ ਵਿਚਾਰ ਕਰਕੇ ਇਕ ਜੱਥਾ ਬਣਾਉਣਾ ਚਾਹੀਦਾ ਹੈ ਜਿਸ ਵਿਚ ਜ਼ਮੀਨਾਂ ਮਲਕੀਅਤ ਵਾਲੇ ਭਰਾ ਹੋਣ ਤੇ ਜੋ ਰਲ ਕੇ ਇਸ ਗੱਲ ਦਾ ਨਤਾਰਾ ਕਰਵਾ ਕੇ ਇਸ ਧੱਕੇਬਾਜ਼ੀ ਦਾ ਸਬੱਬ ਸਾਫ ਪਤਾ ਲੈ ਕੇ ਆਪਣੇ ਦੇਸ਼ਵਾਸੀਆਂ ਨੂੰ ਦੱਸਣ। ਕੁਲ ਮੁਲਕਾਂ ਦਾ ਕਾਨੂੰਨ ਹੈ ਕਿ ਜਿਸ ਨੂੰ ਵੋਟ ਦੇਣ ਦਾ ਹੱਕ ਨਾ ਹੋਵੇ, ਉਹ ਹਾਲਾ ਭੀ ਨਹੀਂ ਦੇ ਸਕਦਾ।