ਸਭ ਦੇਸ਼ ਬੇਗਾਨਾ

ਸਰਘੀ ਦੀ ਕਹਾਣੀ ‘ਸਭ ਦੇਸ਼ ਬੇਗਾਨਾ’ ਵਿਚ ਪਰਦੇਸੀ ਪੁੱਤ ਦੇ ਮਾਪਿਆਂ ਦੇ ਦਿਲ ਦੇ ਦਰਦ ਦਾ ਬਿਆਨ ਹੈ। ਇਸ ਵਿਚ ਰਿਸ਼ਤਿਆਂ ਵਿਚ ਪੈ ਰਹੇ ਪਾੜੇ ਦੀ ਪੀੜ ਵੀ ਪਰੋਈ ਹੋਈ ਹੈ। ਜਾਪਦਾ ਇਹ ਵੀ ਹੈ ਕਿ ਮਾਪੇ ਵੀ ਆਪਣੇ ਖੋਲ ਵਿਚੋਂ ਨਿਕਲਣ ਲਈ ਤਿਆਰ ਨਹੀਂ ਹੁੰਦੇ। ਮਾਪਿਆਂ ਦੀ ਇਕੱਲਤਾ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਪੁੱਤ ਅੱਗੇ ਕੁਝ ਵੀ ਨਹੀਂ। ਦਰਅਸਲ, ਉਹ ਰਿਸ਼ਤਿਆਂ ਦੇ ਇਸ ਸੇਕ ਤੋਂ ਵਾਂਝਾ ਰਹਿ ਗਿਆ ਹੋਇਆ ਹੈ।

-ਸੰਪਾਦਕ

ਸਰਘੀ
ਅੱਜ ਬਖਤਾਵਰ ਸਿੰਘ ਬਾਜਵਾ ਬਹੁਤ ਉਦਾਸ ਸੀ। ਬਖਤਾਵਰ ਸਿੰਘ ਬਾਜਵਾ ਜਿਸ ਨੇ ਹਮੇਸ਼ਾ ਆਪਣੇ ਹੱਥਾਂ ਨਾਲ ਦੇਣਾ ਹੀ ਸਿੱਖਿਆ ਸੀ, ਲੈਣਾ ਕੁਝ ਨਹੀਂæææ। ਜਿਸ ਮੋਹ ਵੰਡਦਿਆਂ ਕਦੇ ਕੋਈ ਆਪਣਾ ਬੇਗਾਨਾ ਨਹੀਂ ਸੀ ਵੇਖਿਆ, ਤੇ ਅੱਜ ਉਸ ਨੂੰ ਸਭ ਕੁਝ ਹੀ ਬੇਗਾਨਾ ਲੱਗ ਰਿਹਾ ਸੀ। ਆਪਣਾ ਹੀ ਘਰ ਸੀ, ਆਪਣਾ ਹੀ ਪਿੰਡ, ਆਪਣਾ ਹੀ ਦੇਸ਼ ਸੀ। ਫੇਰ ਵੀ ਲੱਗਦਾ, ਜਿਵੇਂ ਕੁਝ ਵੀ ਆਪਣਾ ਨਾ ਹੋਵੇ। ਦਿਲ ਤਕੜਾ ਕਰਕੇ ਉਸ ਆਪਣੇ ਮੋਬਾਈਲ ਦੀ ਫੋਨ ਬੁੱਕ ਖੋਲ੍ਹੀ, ਨਾਂਵਾਂ ਦੀ ਲਿਸਟ ਬੜੀ ਲੰਮੀ-ਚੌੜੀ ਸੀ। ਕਾਫਲੇ ਹੀ ਕਾਫਲੇ ਸਨ, ਭੀੜਾਂ ਹੀ ਭੀੜਾਂ ਸਨ, ਪਰ ਉਹ ਤਾਂ ਫਿਰ ਵੀ ਇਕੱਲਾ ਸੀæææ। ਧੁਰ ਅੰਦਰ ਪਸਰੀ ਖਿੱਚ ਜਿਹੀ ‘ਚ ਉਸ ਸਾਰੇ ਨੰਬਰਾਂ ਨੂੰ ਡਿਲੀਟ ਕਰਨਾ ਚਾਹਿਆ ਪਰ ਇਕ ਨੰਬਰ ਸਕਰੀਨ ‘ਤੇ ਆਉਂਦਿਆਂ ਹੀ ਉਸ ਨੂੰ ਤਸੱਲੀ ਜਿਹੀ ਹੋਈ। ਇਹ ਉਹਦੇ ਯਾਰ ਪਰਮ ਦਾ ਨੰਬਰ ਸੀ। ਪਰਮ ਨੂੰ ਫੋਨ ਕਰਨ ਲਈ ਉਹ ਜੱਕੋਤੱਕੀ ਵਿਚ ਹੀ ਸੀ ਕਿ ਪਰਮ ਦਾ ਫੋਨ ਆ ਗਿਆ। ਇਹ ਪਹਿਲੀ ਵਾਰ ਨਹੀਂ ਸੀ, ਅੱਗੇ ਵੀ ਕਈ ਵਾਰ ਇੰਜ ਹੀ ਹੋਇਆ ਸੀ। ਬਖਤਾਵਰ ਜਦੋਂ ਵੀ ਕਦੇ ਉਦਾਸ ਹੁੰਦਾ, ਪਰਮ ਸਾਲਮ ਸਬੂਤਾ ਉਹਦੇ ਸਾਹਵੇਂ ਆ ਖਲੋਂਦਾ।
“ਹਾਂ ਪਰਮ।” ਬਖਤਾਵਰ ਨੇ ਕਾਲ ਰਿਸੀਵ ਕਰਦਿਆਂ ਕਿਹਾ।
“ਯਾਰ! ਮੈਂ ਤੈਨੂੰ ਮਿਲਣ ਆਇਆਂ, ਤੂੰ ਕਿੱਥੇ?”
“ਪਰਮ! ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕਿੱਥੇ ਆਂ।” ਏਨਾ ਕਹਿ ਕੇ ਬਖਤਾਵਰ ਨੇ ਫੋਨ ਕੱਟ ਦਿੱਤਾ, ਤੇ ਕੁਝ ਪਲਾਂ ਵਿਚ ਹੀ ਪਰਮ ਬਖਤਾਵਰ ਕੋਲ ਪਹੁੰਚ ਗਿਆ। ਬਖਤਾਵਰ ਦੀਆਂ ਸਵਾਲ ਕਰਦੀਆਂ ਅੱਖਾਂ ਨੂੰ ਤੱਕ ਪਰਮ ਨੇ ਜਵਾਬ ਦਿੱਤਾ, “ਬਖਤਾਵਰ! ਮੈਨੂੰ ਪਤਾ ਤੂੰ ਆਪਣੀ ਇਕੱਲ ਤੋੜਨ ਹਮੇਸ਼ਾ ਆਪਣੀ ਜਮੀਨ ਵਿਚ ਆਉਂਦਾ ਹੈਂ।”
ਮਨ ‘ਚ ਥੋੜ੍ਹੀ ਜਿਹੀ ਤਸੱਲੀ ਮਹਿਸੂਸ ਕਰਦਿਆਂ ਬਖਤਾਵਰ ਬੋਲਿਆ, “ਹਾਂ ਯਾਰ, ਪੁਰਖਿਆਂ ਦੀ ਇਹ ਜਮੀਨ ਇਕੱਲ ਤੋਂ ਮੁਕਤ ਕਰ ਦਿੰਦੀ ਹੈ, ਧਰਤ ‘ਚੋਂ ਪੁੰਗਰਦੇ ਬੀਅ ਤੇ ਫਿਰ ਹੌਲੀ-ਹੌਲੀ ਜਦ ਫਸਲ ਆਪਣੇ ਪੂਰੇ ਜੋਬਨ ‘ਤੇ ਆਉਂਦੀ ਹੈ ਤਾਂ ਕਿੰਨਾ ਸਕੂਨ ਮਿਲਦਾæææ।”
“ਬਖਤਾਵਰ, ਜਿੰਨਾ ਮਨੁੱਖ ਕੁਦਰਤ ਦੇ ਨੇੜੇ ਹੋਵੇਗਾ, ਓਨਾ ਹੀ ਸੁਖੀ ਹੋਵੇਗਾ।” ਪਰਮ ਦੇ ਜਵਾਬ ਨੇ ਬਖਤਾਵਰ ਦੀ ਦੁਖਦੀ ਰਗ ਨੱਪ ਦਿੱਤੀ।
ਬਖਤਾਵਰ ਦੇ ਮੱਥੇ ਦੀ ਨਾੜ ਉਭਰੀ ਤੇ ਥੋੜ੍ਹਾ ਤਲਖ ਹੁੰਦਿਆਂ ਕਹਿਣ ਲੱਗਾ, “ਪਰ ਯਾਰ, ਆਹ ਔਲਾਦ ਬਾਹਰ ਜਾ ਕੇ ਮਸ਼ੀਨਾਂ ਵੱਸ ਪੈ, ਮਸ਼ੀਨ ਹੋ ਗਈ।” ਬਖਤਾਵਰ ਦੇ ਕੌੜੇ ਬੋਲ ਤਸਦੀਕ ਕਰ ਗਏ ਕਿ ਉਹਦੀ ਸਾਰੀ ਖਿਝ ਆਪਣੇ ਬਾਹਰੋਂ ਆਏ ਨੂੰਹ-ਪੁੱਤ ਲਈ ਰਾਖਵੀਂ ਸੀ।
“ਪਰਮ! ਮੈਂ ਉਸ ਸਮੇਂ ਕੱਖੋਂ ਹੌਲਾ ਹੋ ਗਿਆ ਜਦ ਮੇਰਾ ਵੱਡਾ ਪੁੱਤ ਰੱਬ ਨੇ ਖੋਹ ਲਿਆ ਸੀ, ਬੰਦਾ ਰੱਬ ਦੇ ਭਾਣੇ ਨੂੰ ਜਰ ਲੈਂਦਾ, ਪਰ ਜੋ ਘਾਟਾ ਮੈਨੂੰ ਜੀਂਦਾ ਪੁੱਤ ਪਾ ਰਿਹਾ, ਉਹ ਨਹੀਂ ਜਰ ਹੁੰਦਾ।”
“ਐਵੇਂ ਛੋਟੀਆਂ-ਛੋਟੀਆਂ ਗੱਲਾਂ ਦਿਲ ‘ਤੇ ਨਹੀਂ ਲਾਈਦੀਆਂ।” ਪਰਮ ਨੇ ਸਿਆਣਾ ਜਿਹਾ ਬਣਦਿਆਂ ਕਿਹਾ। ਆਪਣੀ ਗੱਲ ਮੁਕਾਉਣ ਪਿਛੋਂ ਪਰਮ ਉਸ ਦਿਨ ਵੱਲ ਪਰਤ ਗਿਆ ਸੀ, ਜਦ ਉਹਦੇ ਛੋਟੇ ਪੁੱਤ ਨੇ ਆਪਣੇ ਹਾਣ ਦੇ ਅੰਬਰ ਦੀ ਪਰਵਾਜ਼ ਭਰ ਲਈ ਸੀ, “ਸਾਨੂੰ ਕੀਹਦੇ ਆਸਰੇ ਛੱਡ ਕੇ ਚੱਲਿਆਂ ਪੁੱਤਰਾ” ਮਾਂ ਸਵਾਲ ਕਰਨਾ ਚਾਹੁੰਦੀ ਸੀ, ਪਰ ਉਸ ਨੂੰ ਪਤਾ ਸੀ, ਇਹੋ ਜਿਹੇ ਸਵਾਲ ਜਾਣ ਵਾਲੇ ਲਈ ਕੋਈ ਮਾਅਨੇ ਨਹੀਂ ਰੱਖਦੇ।
ਏਅਰਪੋਰਟ ‘ਤੇ ਬਖਤਾਵਰ ਸਿੰਘ ਬਾਜਵਾ ਨੇ ਅਣਮੰਨੇ ਮਨ ਨਾਲ ਪੁੱਤ ਦੀ ਪਿੱਠ ਥਾਪੜੀ ਸੀ ਤੇ ਘਰ ਆ ਕੇ ਆਪਣੇ ਮਰੇ ਪੁੱਤ ਦੀ ਫੋਟੋ ਸਾਹਮਣੇ ਕਈ ਸਵਾਲ-ਜਵਾਬ ਕੀਤੇ ਸਨ ਤੇ ਭੁੱਬ ਮਾਰਦਿਆਂ ਉਸ ਕਿਹਾ ਸੀ, “ਭਲਾ ਮੋਏ ਤੇ ਵਿਛੜੇ ਕੌਣ ਮੇਲੇæææ।” ਤੇ ਉਸ ਪਿਛੋਂ ਪਰਮ ਦੇ ਗਲ ਲੱਗ ਰੋ ਪਿਆ ਸੀ।
ਬਖਤਾਵਰ ਦੀ ਆਵਾਜ਼ ਨਾਲ ਪਰਮ ਉਹਦੀ ਗੱਲ ਵੱਲ ਬਹੁੜਿਆ, “ਵੇਖ ਬਖਤਾਵਰ! ਇਹ ਜ਼ਿੰਦਗੀ ਹੈ, ਇਹਦੇ ਵਿਚ ਉਹੀ ਕੁਝ ਤਾਂ ਨਹੀਂ ਹੁੰਦਾ, ਜੋ ਆਪਾਂ ਸੋਚੀਏ।”
“ਹਾਂ, ਇਹ ਤਾਂ ਮੈਂ ਵੀ ਸਮਝਦਾਂ, ਫੇਰ ਵੀ ਔਲਾਦ ਦੀ ਬੇਰੁਖੀ ਝੱਲ ਨਹੀਂ ਹੁੰਦੀ।”
“ਬਖਤੌਰੇ! ਰਿਸ਼ਤੇ ਖੂਹ ਦੀ ਨਹੀਂ, ਮਨ ਦੀ ਆਵਾਜ਼ ਹੁੰਦੇ ਹਨ, ਜਦ ਰਿਸ਼ਤਿਆਂ ਕੋਲ ਅਸੀਂ ਸ਼ੰਕਿਆਂ ਦੀ ਚੁੱਪ ਲਈ ਜਾਂਦੇ ਹਾਂ ਤਾਂ ਬਹੁਤ ਕੁਝ ਗਲਤ-ਮਲਤ ਹੋ ਜਾਂਦਾ।”
“ਹਾਂ ਪਰਮ, ਸ਼ਾਇਦ ਤੂੰ ਠੀਕ ਕਹਿ ਰਿਹਾ ਹੋਵੇਂ।” ਮਨ ‘ਚ ਕਈ ਸ਼ੰਕੇ ਲਈ ਬਖਤਾਵਰ ਨੇ ਹੁੰਗਾਰਾ ਦਿੱਤਾ। ਇਸ ਪਿਛੋਂ ਪਰਮ ਆਪਣੇ ਘਰ ਵੱਲ ਨੂੰ ਹੋ ਤੁਰਿਆ, ਬਖਤਾਵਰ ਆਪਣੇ ਘਰ ਦੇ ਪੈਂਡੇ ਪੈ ਕੇ, ਕੁਝ ਸੋਚ ਰਿਹਾ ਸੀ, “ਹੋ ਸਕਦਾ ਮੈਂ ਹੀ ਗਲਤ ਹੋਵਾਂ। ਹਮੇਸ਼ਾ ਆਪਣੀ ਹੀ ਨਜ਼ਰ ਤੋਂ ਸਭ ਕਾਸੇ ਨੂੰ ਵੇਖਣਾ, ਇਹ ਵੀ ਤਾਂ ਠੀਕ ਨਹੀਂ।” ਅਜਿਹੇ ਵੇਲੇ ਉਹਨੂੰ ਆਪਣੇ ਪੁੱਤ ਨਾਲ ਪਿਆਰ ਆ ਜਾਂਦਾ ਪਰ ਜਦੋਂ ‘ਮਿਗਲਾਨੀ ਵਿਲਾ’ ਵਾਲੀ ਨੇਮ ਪਲੇਟ ਉਹਦੀਆਂ ਅੱਖਾਂ ਅੱਗੇ ਆਉਂਦੀ ਤਾਂ ਉਸ ਨੂੰ ਆਪਣਾ ਪੁੱਤ ਸਾਰੀ ਬਰਾਦਰੀ ਦਾ ਗੁਨਾਹਗਾਰ ਲੱਗਣ ਲੱਗ ਪੈਂਦਾ।
ਮਨ ‘ਚ ਕਈ ਸਵਾਲ-ਜਵਾਬ ਕਰਦਿਆਂ ਉਹ ਆਪਣੇ ਘਰ ਪਹੁੰਚ ਗਿਆ। ਉਹ ਆਪਣੇ ਮਨ ‘ਚ ਪਏ ਸ਼ੰਕਿਆਂ ਨੂੰ ਹੂੰਝ ਦੇਣਾ ਚਾਹੁੰਦਾ ਸੀ ਪਰ ਘਰ ਵੜਦਿਆਂ ਹੀ ਨੂੰਹ ਦੇ ਕੱਪੜਿਆਂ ਨੇ ਉਹਨੂੰ ਸ਼ਰਮਸਾਰ ਕਰ ਦਿੱਤਾ। ਫਿਰ ਵੀ ਵਿਹੜੇ ਵਿਚ ਖੇਡਦੇ ਪੋਤੇ ਵੱਲ ਵੇਖ ਉਹਨੂੰ ਤਸੱਲੀ ਜਿਹੀ ਹੋਈ।
ਆਪਣੇ ਘਰ ਦੇ ਧੁਰ ਕੋਠੇ ਜਾ ਉਸ ਨੇ ਪਿੰਡ ਵੱਲ ਵੇਖਿਆ, ਬੜੀ ਤਰੱਕੀ ਹੋ ਗਈ ਸੀ, ਵੱਡੇ ਵੱਡੇ ਘਰ ਪੈ ਗਏ ਸਨ, ਕਦੇ ਵੇਲਾ ਸੀ, ਘਰ ਛੋਟੇ ਸੀ, ਤੇ ਰਹਿਣ ਵਾਲੇ ਜ਼ਿਆਦਾ, ਪਰ ਹੁਣ ਘਰਾਂ ਦੇ ਜੰਗਲ ਉਗ ਖਲੋਤੇ ਸਨ। ਇਨ੍ਹਾਂ ਘਰਾਂ ‘ਚ ਰਹਿਣ ਵਾਲੇ ਡਾਲਰਾਂ-ਪੌਂਡਾਂ ਦੇ ਵੱਸ ਪੈ ਗਏ ਸਨ, ਤੇ ਪਿੱਛੇ ਰਹਿ ਗਏ ਹਰ ਮਾਂ-ਪਿਉ ਦੀ ਕਹਾਣੀ ਬਖਤਾਵਰ ਸਿੰਘ ਬਾਜਵਾ ਵਰਗੀ ਸੀ। ਉਸ ਮਨ ਹੀ ਮਨ ਸੋਚਿਆ, ਇਹ ਕਿਹੋ ਜਿਹੀ ਤਰੱਕੀ ਸੀ, ਜੀਹਨੇ ਦਿੱਤਾ ਤਾਂ ਬਹੁਤ ਕੁਝ ਸੀ ਪਰ ਫੇਰ ਵੀ ਇੰਜ ਲਗਦਾ ਸੀ ਜਿਵੇਂ ਕੁਝ ਵੀ ਕੋਲ ਨਾ ਹੋਵੇ, ਅਸਮਾਨੀਂ ਉਡਦੇ ਹਵਾਈ ਜਹਾਜ ਦੀ ਆਵਾਜ਼ ਨਾਲ ਉਹਦੇ ਖਿਆਲਾਂ ਦੀ ਤੰਦ ਟੁੱਟੀ ਤੇ ਉਹ ਹੇਠਾਂ ਉਤਰ ਆਇਆ।
ਥੱਲੇ ਆਉਂਦਿਆਂ ਹੀ ਉਸ ਨੂੰ ਆਪਣੇ ਨੂੰਹ-ਪੁੱਤ ਅੰਗਰੇਜ਼ੀ ਅੰਦਾਜ਼ ਵਿਚ ਗੁੱਥਮ-ਗੁੱਥਾ ਹੋਏ ਨਜ਼ਰ ਆਏ। ਉਹ ਖੰਘੂਰਾ ਮਾਰਨਾ ਚਾਹੁੰਦਾ ਸੀ ਪਰ ਅਗਲੇ ਹੀ ਪਲ ਉਸ ਸੋਚਿਆ ਜਦ ਸਾਲਮ ਸਬੂਤਾ ਬਖਤਾਵਰ ਸਿੰਘ ਬਾਜਵਾ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦਾ ਤਾਂ ਫਿਰ ਇਸ ਖੰਘੂਰੇ ਦੇ ਕੀ ਅਰਥ? ਉਹ ਸਿੱਧਾ ਆਪਣੇ ਕਮਰੇ ਵਿਚ ਚਲਾ ਗਿਆ। ਬਾਹਰ ਵੱਜ ਰਿਹਾ ਵਲੈਤੀ ਮਿਊਜ਼ਿਕ ਉਹਦਾ ਮੂੰਹ ਚਿੜਾਉਣ ਲੱਗਾ। ਥੋੜ੍ਹਾ ਤਲਖ ਹੋ ਉਸ ਆਪਣੀ ਤ੍ਰੀਮਤ ਨੂੰ ਕਿਹਾ, “ਆਪਣੇ ਪੁੱਤ ਨੂੰ ਕਹਿ, ਇਹ ਕੰਜਰਖਾਨਾ ਮੇਰੇ ਘਰ ਨਾ ਲਾਇਆ ਕਰੇ।”
ਅੱਗੋਂ ਉਸ ਕੋਈ ਜਵਾਬ ਨਾ ਦਿੱਤਾ। ਬਖਤਾਵਰ ਸਿੰਘ ਬਾਜਵਾ ਦੀ ਬੀਵੀ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਸੀ, ਉਸ ਨੂੰ ਕਿਸੇ ‘ਤੇ ਵੀ ਕੋਈ ਗਿਲਾ-ਸ਼ਿਕਵਾ ਨਹੀਂ ਸੀ। ਉਹਨੇ ਨੂੰਹ-ਪੁੱਤ ਦੀ ਬੇਰੁਖੀ ਵੀ ਸਿਰ-ਮੱਥੇ ਕਰ ਲਈ ਸੀ ਤੇ ਆਪਣੇ ਖਾਵੰਦ ਦੇ ਨਿਹੋਰੇ ਵੀ ਜਰ ਲਏ ਸਨ। ਪੋਤੇ ਦੀ ਕਿਲਕਾਰੀ ‘ਚ ਉਹ ਹੱਸ ਛੱਡਦੀ ਤੇ ਨੂੰਹ ਦੀਆਂ ਨਸੀਹਤਾਂ ਮੁਤਾਬਕ ਪੋਤੇ ਦੇ ਨਿੱਕੇ-ਨਿੱਕੇ ਕੰਮ ਕਰਦੀ ਰਹਿੰਦੀ।

ਇਕ ਚੁੱਪ ਸੀ ਜੋ ਇਸ ਘਰ ‘ਚ ਰਹਿਣ ਵਾਲਿਆਂ ਦੇ ਦਿਲਾਂ ਵਿਚ ਪਸਰ ਗਈ ਸੀ। ਹਰ ਰਿਸ਼ਤਾ ਬਾਹਰੋਂ ਸਹਿਜ ਤੇ ਅੰਦਰੋਂ ਵਿੱਥ ‘ਤੇ ਖਲੋਤਾ ਸੀ ਤੇ ਇਕ ਦਿਨ ਇਸ ਚੁੱਪ ਨੂੰ ਬਖਤਾਵਰ ਸਿੰਘ ਬਾਜਵਾ ਨੇ ਆਵਾਜ਼ ਦੇ ਦਿੱਤੀ ਸੀ, ਜਿਸ ਨੇ ਉਸ ਦੇ ਰਹਿੰਦੇ-ਖੂੰਹਦੇ ਭਰਮ ਵੀ ਤੋੜ ਦਿੱਤੇ।
ਡਾਢੇ ਦੁੱਖ ਨਾਲ ਉਸ ਆਪਣੇ ਪੁੱਤ ਨੂੰ ਕਿਹਾ, “ਅੰਮ੍ਰਿਤ, ਤੂੰ ਆਪਣਾ ਰਾਹ ਖੁਦ ਚੁਣਿਆ, ਠੀਕ ਹੈ, ਪਰ ਮੈਨੂੰ ਲੱਗਦਾ ਇਸ ਰਾਹ ਨੇ ਜਿਵੇਂ ਰਾਹੀ ਨੂੰ ਹੀ ਨਿਗਲ ਲਿਆ ਹੋਵੇ।”
“ਡੌਂਟ ਬੀ ਸੋ ਇਮੋਸ਼ਨਲ ਡੈਡ।” ਥੋੜ੍ਹੀ ਟਿੱਚਰ ਜਿਹੀ ‘ਚ ਬੋਲਿਆ, “ਜੇ ਰਾਹ ਨੇ ਰਾਹੀ ਨਿਗਲ ਲਿਆ ਹੁੰਦਾ ਤਾਂ ਮੈਂ ਤੁਹਾਡੇ ਸਾਹਮਣੇ ਨਾ ਹੁੰਦਾ।”
“ਤੂੰ ਮੇਰੀ ਗੱਲ ਨਹੀਂ ਸਮਝਿਆ।” ਰੋਣ ਹਾਕੇ ਬਾਜਵੇ ਨੇ ਕਿਹਾ।
“ਦੇਖੋ! ਮੈਂ ਇਹ ਫਲਸਫਾ ਸਮਝਣਾ ਵੀ ਨਹੀਂ ਚਾਹੁੰਦਾ, ਇਟ’ਜ਼ ਮਾਈ ਲਾਈਫ ਐਂਡ ਆਈ ਹੈਂਡਲ ਮਾਈ ਲਾਈਫ ਵਿਦ ਮਾਈ ਓਨ ਸਟਾਈਲ।”
ਉਹਦੀ ਗੱਲ ਬੋਚਦਿਆਂ ਬਖਤਾਵਰ ਨੇ ਕਿਹਾ, “ਗੱਲ ਸੁਣ, ਪੰਝੀ ਸਾਲ ਤੈਨੂੰ ਪਾਲਿਆ, ਪੜ੍ਹਾਇਆ, ਲਿਖਾਇਆ, ਅੱਜ ਤੇਰੇ ਕੋਲ ਚਾਰ ਪੈਸੇ ਕੀ ਆ ਗਏ, ਹਰ ਗੱਲ ‘ਤੇ ਮੋਢੇ ਚੜ੍ਹਾ ਕੇ ਦੱਸਣ ਬਹਿ ਜਾਨਾਂ, ਇਟ’ਜ਼ ਮਾਈ ਲਾਈਫ।”
“ਯੈਸ ਮਿਸਟਰ ਸਿੰਘ, ਇਟ’ਜ਼ ਮਾਈ ਲਾਈਫ, ਤੇ ਮੈਂ ਇਹ ਮੰਨਦਾਂ ਕਿ ਜ਼ਿੰਦਗੀ ਜੀਣ ਲਈ ਸੁਰੱਖਿਆ ਚਾਹੀਦੀ ਹੈ ਤੇ ਪੈਸਾ ਸਾਨੂੰ ਸੁਰੱਖਿਆ ਦਿੰਦਾ ਹੈ।”
“ਪਰ ਪੁੱਤਰਾ, ਜ਼ਿੰਦਗੀ ਜਮ੍ਹਾਂ ਜ਼ਰਬ ਦੇ ਫਾਰਮੂਲੇ ਨਾਲ ਨਹੀਂ ਸਮਝੀ ਜਾ ਸਕਦੀ, ਇਹਦੇ ‘ਚ ਬਹੁਤ ਬੇਤਰਤੀਬੀ ਹੈ, ਬੰਦਾ ਜ਼ਿੰਦਗੀ ਕੋਲੋਂ ਜਿੰਨੀ ਸੁਰੱਖਿਆ ਚਾਹੁੰਦਾ ਹੈ, ਇਹ ਓਨੀ ਹੀ ਡਰਾਉਣੀ ਲੱਗਦੀ ਹੈ।”
“ਸਿੰਘ ਸਾਹਿਬ! ਇਹ ਤੁਹਾਡਾ ਫਲਸਫਾ ਹੋ ਸਕਦਾ, ਮੇਰਾ ਨਹੀਂ, ਜੇ ਮੈਂ ਇਹੋ ਜਿਹੇ ਫਲਸਫੇ ਨਾਲ ਜੁੜਿਆ ਰਹਿੰਦਾ ਤਾਂ ਤਰੱਕੀ ਨਾ ਕਰ ਪਾਉਂਦਾ, ਇਹ ਮੇਰੀ ਹੁਸ਼ਿਆਰੀ ਹੈ ਕਿ ਦੋ ਸਾਲਾਂ ‘ਚ ਵਧੀਆ ਘਰ ਤੇ ਸਟੋਰ ਦਾ ਮਾਲਕ ਹਾਂ।”
“ਏਥੇ ਤੂੰ ਗਲਤ ਹੈਂ, ਤੂੰ ਆਪਣੀ ਚਲਾਕੀ ਨੂੰ ਆਪਣੀ ਹੁਸ਼ਿਆਰੀ ਸਮਝ ਰਿਹਾਂ ਹੈ ਤੇ ਨਾਲੇ ਦੱਸ ਉਹ ਘਰ, ਤੇਰਾ ਕਿਵੇਂ ਹੋਇਆ ਜਿਸ ਘਰ ਦੀ ਨੇਮ ਪਲੇਟ ‘ਤੇ ‘ਬਾਜਵਾ ਵਿਲਾ’ ਨਹੀਂ ‘ਮਿਗਲਾਨੀ ਵਿਲਾ’ ਲਿਖਿਆ ਹੋਇਆ?”
ਅੰਮ੍ਰਿਤ ਨੂੰ ਲੱਗਾ ਜਿਵੇਂ ਦਿਨ ਦਿਹਾੜੇ ਉਹਦੇ ਪਿਉ ਨੇ ਉਹਦੀ ਚੋਰੀ ਫੜ ਲਈ ਹੋਵੇ, ਫੇਰ ਵੀ ਥੋੜ੍ਹਾ ਜਿਹਾ ਛਿੱਥਾ ਪੈ ਕੇ ਕਹਿਣ ਲੱਗਾ, “ਪੂਰੇ ਚਾਰ ਲੱਖ ਪੌਂਡ ਦਿੱਤੇ ਮੇਰੇ ਸਹੁਰਿਆਂ, ਤੇ ਜੇ ‘ਮਿਗਲਾਨੀ ਵਿਲਾ’ ਲਿਖ ਦਿੱਤਾ ਤਾਂ ਕੀ ਆਖਰ ਆ ਗਈ?”
“ਉਇ ਤਾਂ ਫਿਰ ਇੰਜ ਕਹਿ ਨਾ ਚਾਰ ਲੱਖ ਪੌਂਡ ਦਾ ਪਟਾ ਪਾਇਆ, ਤੇਰੇ ਗਲ ਸਹੁਰਿਆਂ, ਤੇ ਤੂੰ ਉਨ੍ਹਾਂ ਦਾ ਪਾਲਤੂ ਜਵਾਈ ਬਣ ਗਿਆਂ।” ਥੋੜ੍ਹਾ ਤਲਖ ਹੁੰਦਿਆਂ ਬਖਤਾਵਰ ਨੇ ਕਿਹਾ।
“ਤੁਸੀਂ ਜੋ ਸਮਝਣਾ ਸਮਝੋ, ਆਈæ ਐਮæ ਹੈਪੀ ਵਿਦ ਮਾਈ ਫੈਮਿਲੀ।” ਪੁੱਤ ਨੇ ਵਲੈਤੋਂ ਸਿੱਖੇ ਅੰਗਰੇਜ਼ੀ ਦੇ ਸ਼ਬਦ ਪਿਉ ਸਾਹਮਣੇ ਗਲੱਛ ਦਿੱਤੇ।
“ਮੈਨੂੰ ਦੱਸ ਪੁੱਤਰ, ਤੇਰੀ ਫੈਮਿਲੀ ‘ਚ ਅਸੀਂ ਹੈਗੇ ਆਂ ਜਾਂ ਨਹੀਂ।” ਥੋੜ੍ਹੀ ਸ਼ੰਕਾ ਜਿਹੀ ‘ਚ ਬਖਤਾਵਰ ਬੋਲਿਆ।
ਪੁੱਤ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਪਰ ਉਹਦੀਆਂ ਝੁਕੀਆਂ ਅੱਖਾਂ ਸਭ ਕੁਝ ਕਹਿ ਗਈਆਂ।
“ਨਿਰਮੋਹੀ ਧਰਤ ਦੇ ਵੱਸ ਪੈ, ਤੂੰ ਨਿਰਮੋਹਾ ਹੋ ਗਿਆਂ ਪੁੱਤਰਾ।” ਪਿਉ ਨੇ ਵਲੈਤੀ ਪੁੱਤ ਨੂੰ ਨਿਹੋਰਾ ਮਾਰਿਆ।
“ਤੇ ਤੁਹਾਡੀ ਇਹ ਧਰਤੀ ਬੜੀ ਮੋਹਵੰਤੀ ਹੈ, ਇਥੇ ਲੋਕ ਗਰਜਾਂ ਕਰਕੇ ਇਕ ਦੂਸਰੇ ਦਾ ਆਸਰਾ ਬਣਦੇ ਹਨ ਤੇ ਤੁਸੀਂ ਇਸ ਨੂੰ ਮੋਹ ਸਮਝਣ ਲੱਗ ਪੈਂਦੇ ਹੋ।” ਵਲੈਤੀ ਕਲਚਰ ਪੁੱਤ ਦੇ ਸਿਰ ਚੜ੍ਹ ਬੋਲਿਆ।
“ਪਰ ਅੰਮ੍ਰਿਤ ‘ਕੱਲਾ ਤਾਂ ਕੋਈ ਵੀ ਵੱਡਾ ਨਹੀਂ ਹੁੰਦਾ, ਬੰਦੇ ਨੂੰ ਕੋਈ ਤਾਂ ਅਜਿਹਾ ਮੋਢਾ ਚਾਹੀਦਾ ਜਿਹਦੇ ‘ਤੇ ਸਿਰ ਰੱਖ ਉਹ ਰੋ ਸਕੇ, ਹੱਸ ਸਕੇ।”
“ਮਿਸਟਰ ਸਿੰਘ, ਜੀਹਦੇ ਕੋਲ ਪੈਸਾ ਹੋਵੇ, ਉਹਨੂੰ ਝੂਠੇ ਮੋਢਿਆਂ ਦੀ ਲੋੜ ਨਹੀਂ ਹੁੰਦੀ।” ਲੈਪਟਾਪ ‘ਤੇ ਸੈਲਰੀ ਸਟੇਟਮੈਂਟ ਚੈਕ ਕਰਦਿਆਂ ਪੁੱਤ ਬੋਲਿਆ।
“ਫਿਰ ਤਾਂ ਪੁੱਤਰਾ ਤੈਨੂੰ ਸਾਡੀ ਵੀ ਲੋੜ ਨਹੀਂ ਹੋਣੀ, ਕਦੇ ਮਾਂ-ਬਾਪ ਬਾਰੇ ਸੋਚਿਆ, ਉਹ ‘ਕੱਲੇ ਏਡੇ ਵੱਡੇ ਘਰ ‘ਚ ਕਿਵੇਂ ਦਿਨ ਕਟੀ ਕਰਦੇ ਆ।” ਨਿਆਸਰਾ ਜਿਹਾ ਬਣ ਉਸ ਨੇ ਸਵਾਲ ਕੀਤਾ।
“ਤੁਸੀਂ ਅਜੇ ਚੰਗੇ ਭਲੇ ਹੋ, ਜਦ ਲੋੜ ਹੋਈ, ਤੁਹਾਨੂੰ ਏਥੇ ਸਰਵੈਂਟ ਅਰੇਂਜ ਕਰਕੇ ਦੇਣਾ, ਵਧੇਰੇ ਇਕਨਾਮਕ ਹੈ।”
ਇਕਨਾਮਿਕਸ ਪੜ੍ਹਿਆ ਪੁੱਤ, ਹਰ ਰਿਸ਼ਤੇ ਵਿਚੋਂ ਆਪਣੇ ਮਤਲਬ ਦੀ ਇਕਾਨਮੀ ਲੱਭਣ ਲੱਗ ਪਿਆ ਸੀ।
ਬਖਤਾਵਰ ਸਿੰਘ ਬਾਜਵਾ ਦੇ ਅੰਦਰੋਂ ਕੜੱਕ ਕਰਕੇ ਕੁਝ ਟੁੱਟਿਆ, ਫਿਰ ਵੀ ਉਹ ਹਿਸਾਬੀ-ਕਿਤਾਬੀ ਹੋਏ ਪੁੱਤ ਦੀ ਹੱਦ ਵੇਖਣਾ ਚਾਹੁੰਦਾ ਸੀ, ਢੀਠ ਜਿਹਾ ਬਣ ਉਸ ਕਿਹਾ, “ਨਾ ਮੈਨੂੰ ਦੱਸ, ਤੇਰਾ ‘ਮਿਗਲਾਨੀ ਵਿਲਾ’ ਸਾਨੂੰ ਬੁੱਢੇ-ਬੁੱਢੀ ਨੂੰ ਇਕ ਕਮਰਾ ਨਹੀਂ ਦੇ ਸਕਦਾ?”
“ਇਟ’ਜ਼ ਇਮਪੌਸੀਬਲ, ਤੁਹਾਡੀ ਵਲੈਤਣ ਨੂੰਹ ਨੂੰ ਇਹ ਗੱਲ ਪਸੰਦ ਨਹੀਂ ਕਿ ਕੋਈ ਤੀਜਾ ਬੰਦਾ ਉਨ੍ਹਾਂ ਦੀ ਫੈਮਿਲੀ ਲਾਈਫ ‘ਚ ਦਖਲਅੰਦਾਜ਼ੀ ਕਰੇ।” ਗੱਲ ਕਹਿਣ ਤੋਂ ਬਾਅਦ ਅੰਮ੍ਰਿਤ ਚੁੱਪ ਹੋ ਗਿਆ ਸੀ।
ਤੇ ਸ਼ਾਇਦ ਬਖਤਾਵਰ ਲਈ ਕਹਿਣ-ਸੁਣਨ ਨੂੰ ਹੁਣ ਕੁਝ ਨਹੀਂ ਰਹਿ ਗਿਆ ਸੀ। ਪੁੱਤ ਦੀਆਂ ਕਹੀਆਂ ਸੁਣੀਆਂ ਨੇ ਉਹਨੂੰ ਹਰ ਭਰਮ ਤੋਂ ਮੁਕਤ ਕਰ ਦਿੱਤਾ ਸੀ। ਉਹ ਸਿੱਧਾ ਆਪਣੇ ਕਮਰੇ ਵਿਚ ਗਿਆ, ਆਪਣੀ ਤ੍ਰੀਮਤ ਲਾਗੇ ਬੈਠ ਉਹ ਆਪਣਾ ਮਨ ਹੌਲਾ ਕਰਨਾ ਚਾਹੁੰਦਾ ਸੀ। ਡੂੰਘਾ ਸਾਹ ਲੈ ਉਸ ਕਿਹਾ, “ਭਾਗਵਾਨੇ! ਮੇਰੀ ਬੇਬੇ ਇਕ ਗੀਤ ਗਾਉਂਦੀ ਹੁੰਦੀ ਸੀ, ਅੱਜ ਤੂੰ ਮੈਨੂੰ ਉਹ ਗੀਤ ਗਾ ਕੇ ਸੁਣਾ। ਉਸ ਦੀ ਬੀਵੀ ਨੂੰ ਪਤਾ ਸੀ ਹੁਣ ਇਹ ਗੀਤ ਬੇਮਾਅਨੇ ਸੀ, ਫੇਰ ਵੀ ਮਨ ਦੀ ਤਸੱਲੀ ਲਈ ਉਸ ਗੀਤ ਛੋਹ ਲਿਆ ਸੀ।
“ਵੇ ਵਧਾਇਆ ਸੱਜਣਾ,
ਵੇ ਸੁਹਾਇਆ ਸੱਜਣਾ
ਇਹ ਘਰ ਕਿੰਨੀ ਗੁਣੀ ਬਣਦੇ,
ਜੰਮਣ ਪੁੱਤ ਸਪੁੱਤਰੇ
ਆਵਣ ਨੂਹਾਂ ਸੁਲੱਖਣੀਆਂ,
ਇਹ ਘæææਰ ਏæææਨੀ ਗੁæææਣੀ ਬæææਣæææਦੇ।”
ਆਖਰੀ ਸਤਰ ਬੋਲਦਿਆਂ ਉਹਦਾ ਗੱਚ ਭਰ ਆਇਆ ਸੀ। ਰੋਣਹਾਕੀ ਕਹਿਣ ਲੱਗੀ, “ਇਸ ਗੀਤ ਨੂੰ ਤਾਂ ਕਦੀ ਦੀ ਕਾਂਗਿਆਰੀ ਪੈ ਗਈ ਸਰਦਾਰਾ। ਤੂੰ ਜੀਅ ਛੋਟਾ ਨਾ ਕਰ, ਆਪਾਂ ਕੋਲ ਪੋਤਾ ਹੈਗਾ, ਬਾਜਵਾ ਖਾਨਦਾਨ ਦਾ ਅਗਲਾ ਵਾਰਸ।” ਪਰ ਇਹ ਧਰਵਾਸਾ ਵੀ ਥੋੜਾ ਚਿਰ ਸੀ, ਪਲੰਘ ‘ਤੇ ਪਿਆ ਪਾਸਪੋਰਟ ਇਕ ਦਿਨ ਇਹ ਚੁਗਲੀ ਕਰ ਗਿਆ ਕਿ ਪੋਤਰੇ ਦੇ ਨਾਂ ਪਿੱਛੇ ‘ਬਾਜਵਾ’ ਨਹੀਂ ‘ਮਿਗਲਾਨੀ’ ਲਗਦਾ ਸੀ।
ਫਿਰ ਉਹ ਗੁੰਮ-ਸੁੰਮ ਰਹਿਣ ਲੱਗਾ, ਜਿਵੇਂ ਉਹਦਾ ਆਪਣੇ ਭੋਇੰ ਭਾਂਡੇ ਤੋਂ ਵੀ ਨਾਂ ਖਤਮ ਹੋਣ ਲੱਗਾ ਹੋਵੇ। ਬੇਵਸੀ ਦੇ ਇਸ ਆਲਮ ਵਿਚ ਉਹ ਪਰਮ ਕੋਲ ਜਾਣਾ ਚਾਹੁੰਦਾ ਸੀ। ਫਿਰ ਸੋਚਦਾ ਉਹਨੂੰ ਜਾ ਕੇ ਕੀ ਦੱਸਾਂ? ਆਪਣੇ ਚਿੱਤ ਨੂੰ ਰਾਜ਼ੀ ਕਰਨ ਲਈ ਉਹ ‘ਵਿਹੜੇ’ ਚਲਾ ਜਾਂਦਾ। ਜਦ ਕੋਈ ਵਿਹੜੇ ਵਾਲਿਆਂ ਦੀ ਨੂੰਹ-ਧੀ ਉਸ ਦੇ ਪੈਰੀਂ ਹੱਥ ਲਾਉਂਦੀ ਤਾਂ ਉਹ ਗਦਗਦ ਹੋ ਉੱਠਦਾ, ਤੇ ਇਕ ਦਿਨ ਉਹ ਸੁਰਖਰੂ ਹੋਣ ਲਈ ‘ਕੇਹਰੂ ਸਾਂਸੀ’ ਕੋਲ ਬੰਸਾਵਲੀ ਸੁਣਨ ਬਹਿ ਗਿਆ ਸੀ।
ਅਰਮਾਨ ਬਾਜਵਾ ਪੁੱਤਰ ਅੰਮ੍ਰਿਤ ਸਿੰਘ ਬਾਜਵਾ ਸਿੰਘਾਣੀਆਂ, ਅੰਮ੍ਰਿਤ ਬਾਜਵਾ ਪੁੱਤਰ ਬਖਤਾਵਰ ਸਿੰਘ ਬਾਜਵਾ ਸਿੰਘਾਣੀਆਂ, ਬਖਤਾਵਰ ਬਾਜਵਾ ਪੁੱਤਰ ਗੁਰਦਿੱਤ ਸਿੰਘ ਬਾਜਵਾ ਸਿੰਘਾਣੀਆਂ।
ਆਪਣੇ ਪੁੱਤ ਤੇ ਪੋਤਰੇ ਦੇ ਨਾਂ ਪਿੱਛੇ ਬਾਜਵਾ ਲੱਗਾ ਵੇਖ ਉਹਨੂੰ ਤਸੱਲੀ ਹੁੰਦੀ ਤੇ ਫਿਰ ਕੇਹਰੂ ਕੋਲ ਜਾਣਾ ਉਹਦਾ ਨਿਤਨੇਮ ਬਣ ਗਿਆ। ਵਾਰ-ਵਾਰ ਬੰਸਾਵਲੀ ਸੁਣ ਉਹਨੂੰ ਸੁਆਦ ਆਉਂਦਾ। ਲਗਦਾ ਪਿੰਡ ਦੇ ਵਹੀਖਾਤੇ ‘ਚ ਉਹਦਾ ਅਜੇ ਵੀ ਅੱਗਾ-ਪਿੱਛਾ ਕਾਇਮ ਸੀ। ਅਜਿਹੇ ਵੇਲੇ ਉਹ ਮੁੱਛ ਨੂੰ ਮਰੋੜਾ ਦੇ ਕੇ ਕਹਿੰਦਾ, “ਨਹੀਂ ਪਰਵਾਹ ਕਿਸੇ ਦੀ।” ਪਰ ਕੁਝ ਦਿਨਾਂ ਬਾਅਦ ਹੀ ਉਹ ਇਸ ਸਭ ਕਾਸੇ ਤੋਂ ਉਕਤਾ ਗਿਆ ਜਦ ਉਸ ਦੀਆਂ ਅੱਖਾਂ ਸਾਹਮਣੇ ‘ਮਿਗਲਾਨੀ ਵਿਲਾ’ ਵਾਲੀ ਨੇਮ ਪਲੇਟ ਤੇ ਪੋਤੇ ਦਾ ਪਾਸਪੋਰਟ ਘੁੰਮਣ ਲਗਦਾ ਤਾਂ ਉਹ ਬੌਂਦਲ ਜਾਂਦਾ। ਅਜਿਹੇ ਵੇਲੇ ਉਸ ਦੀ ਉਦਾਸੀ ਝੱਲੀ ਨਾ ਜਾਂਦੀ। ਫਿਰ ਉਹਨੂੰ ਕੇਹਰੂ ਦੀ ਰਲਦ-ਗਲਦ ਹੋਈ ‘ਬੰਸਾਵਲੀ’ ‘ਵਲੈਤੀ ਪਾਸਪੋਰਟ’ ਦੇ ਮੁਕਾਬਲੇ ਹੀਣੀ ਜਾਪਦੀ।
ਉਹ ਕਈ ਦਿਨ ਆਪਣੇ ਆਪ ਨਾਲ ਘੁਲਦਾ ਰਿਹਾ। ਆਪਣੇ ਆਪ ਨਾਲ ਆਢਾ-ਸਾਢਾ ਲੈਂਦਿਆਂ। ਉਹ ਆਪੇ ਤੋਂ ਹੀ ਹਾਰ ਗਿਆ ਸੀ। ਤੇ ਫਿਰ ਇਕ ਦਿਨ ਆਪਣੇ ਮਨ ਦੀ ਟੁੱਟ-ਭੱਜ ਸਮੇਤ ਪਰਮ ਕੋਲ ਜਾ ਪਹੁੰਚਿਆ। ਘਰ ਦੇ ਬਰਾਂਡੇ ‘ਚ ਬੈਠੇ ਪਰਮ ਨੇ ਸਰਸਰੀ ਪੁੱਛਿਆ, “ਕੀ ਹਾਲ ਆ ਮਿੱਤਰਾ।”
“ਬਸ ਦਿਲ ਹੀ ਉਦਾਸ ਆ।” ਹਿਰਖੇ ਮਨ ਨਾਲ ਬਖਤਾਵਰ ਨੇ ਜਵਾਬ ਦਿੱਤਾ।
ਪਰਮ ਨੇ ਆਪਣੇ ਯਾਰ ਦੇ ਚਿਹਰੇ ‘ਤੇ ਪਏ ਉਦਾਸੀ ਦੇ ਨਕਸ਼ ਪਛਾਣ ਲਏ। “ਦਿਲ ਉਦਾਸ ਹੈ ਤਾਂ ਖੁਸ਼ ਕਰ ਦੇਂਦੇ ਆਂ।” ਥੋੜ੍ਹਾ ਛੇੜਨ ਦੇ ਲਹਿਜੇ ‘ਚ ਪਰਮ ਬੋਲਿਆ। ਉਹ ਬਖਤਾਵਰ ਨੂੰ ਪਿਛਲੇ ਕਮਰੇ ਵਿਚ ਲੈ ਗਿਆ। ਪੈਗ ਬਣਾਉਂਦਿਆਂ ਪਰਮ ਨੇ ਕਿਹਾ, “ਖੱਬੀ ਖਾਨ ਜੱਟ ਬਖਤਾਵਰ ਸਿੰਘ ਬਾਜਵਾ ਤਾਂ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ, ਹੁਣ ਕੀ ਹੋ ਗਿਆ!”
ਪਰਮ ਕੋਲੋਂ ਪੈਗ ਫੜਦਿਆਂ ਥੋੜ੍ਹਾ ਸਹਿਜ ਹੁੰਦਾ ਬਖਤਾਵਰ ਬੋਲਿਆ, “ਘਰਾਂ ਦੀ ਬਰਕਤ ਤਾਂ ਘਰਾਂ ਦੇ ਵਾਰਸਾਂ ਨਾਲ ਹੁੰਦੀ ਆ ਪਰ ਇਨ੍ਹਾਂ ਦੇ ਆਉਣ ਨਾਲ ਘਰ ਦੀ ਹਵਾ ਏਨੀ ਕੁਰੱਖਤ ਹੋ ਜਾਂਦੀ ਆ ਕਿ ਸਾਹ ਲੈਣਾ ਮੁਸ਼ਕਲ ਹੋ ਜਾਂਦਾ।”
ਥੋੜੀ ਉਤਸੁਕਤਾ ਜਿਹੀ ‘ਚ ਪਰਮ ਨੇ ਬਖਤਾਵਰ ਨੂੰ ਪੁੱਛਿਆ, “ਫੇਰ ਕੋਈ ਗੱਲ ਹੋਈ ਆ ਅੰਮ੍ਰਿਤ ਨਾਲ?”
“ਬਸ ਯਾਰ! ਸਮਝ ਲਾ ਜਿਹੜੇ ਥੋੜ੍ਹੇ ਬਹੁਤ ਭਰਮ ਲੈ ਕੇ ਜੀਅ ਰਿਹਾ ਸੀ, ਉਹ ਵੀ ਮੁੱਕ ਗਏ, ਸਭ ਖਤਮ ਹੋ ਗਿਆ।”
ਬਖਤਾਵਰ ਦਾ ਹੱਥ ਪਲੋਸਦਿਆਂ ਪਰਮ ਕਹਿਣ ਲੱਗਾ, “ਹਰ ਭਰਮ ਤੋਂ ਮੁਕਤ ਹੋਇਆ ਬੰਦਾ ਸੁਰਖਰੂ ਹੋ ਜਾਂਦਾ।”
“ਨਹੀਂ ਪਰਮ, ਰਿਸ਼ਤਿਆਂ ਦੇ ਨਾਲ ਨਿਭਣ ਲਈ ਥੋੜ੍ਹੇ ਬਹੁਤ ਭਰਮ ਬਣੇ ਰਹਿਣੇ ਚਾਹੀਦੇ ਆ।”
“ਵੇਖ, ਐਵੇਂ ਉਦਾਸ ਨਾ ਹੋਇਆ ਕਰ, ਜੋ ਹੈ ਉਸੇ ਵਿਚੋਂ ਖੁਸ਼ੀ ਲੱਭ।”
“ਓ ਨਹੀਂ ਭਾਊ, ਇਹ ਚੰਦਰਾ ਦਿਲ ਨਹੀਂ ਮੰਨਦਾ, ਅਜੇ ਵੀ ਦਿਲ ਕਰਦਾ, ਜਦੋਂ ਘਰ ਜਾਵਾਂ ਨੂੰਹ ਸਿਰ ‘ਤੇ ਲੀੜਾ ਲਵੇ, ਪੋਤਾ ਲੱਤਾਂ ਨੂੰ ਚੰਬੜੇ, ਪੁੱਤ ਹੰਮੇ ਦਾਅਵੇ ਨਾਲ ਕੁਝ ਮੈਨੂੰ ਪੁੱਛੇ ਤੇ ਕੁਝ ਆਪਣੀ ਦੱਸੇ।” ਆਪਣੀ ਗੱਲ ਮੁਕਾਉਣ ਤੋਂ ਬਾਅਦ ਬਖਤਾਵਰ ਨੇ ਮੇਜ਼ ‘ਤੇ ਪਏ ਪੈਗ ਨੂੰ ਇਕੋ ਡੀਕ ਨਾਲ ਆਪਣੇ ਅੰਦਰ ਉਲੱਦ ਲਿਆ।
ਪਰਮ ਚੁੱਪ ਰਿਹਾ ਤੇ ਮਨ ਹੀ ਮਨ ਸੋਚ ਰਿਹਾ ਸੀ, ਬੰਦੇ ਨੂੰ ਸਾਹ ਲੈਣ ਲਈ ਆਕਸੀਜਨ ਦੀ ਹੀ ਨਹੀਂ ਹੋਰ ਵੀ ਬਹੁਤ ਕਾਸੇ ਦੀ ਲੋੜ ਹੁੰਦੀ ਆ।
“ਪਰਮ! ਬੰਦਾ ਆਪਣੀ ਜ਼ਿੰਦਗੀ ਰਾਹੀਂ ਆਪਣੇ ਪੁਰਖੇ ਵੀ ਜਿਉਂਦਾ ਹੈ ਪਰ ਮੇਰੇ ਪੁੱਤ ਨੇ ਮੈਨੂੰ ਜਿਉਂਦਿਆਂ ਜੀਅ ਮਰਿਆਂ ਬਰਾਬਰ ਕਰਤਾ।”
“ਓ ਯਾਰ! ਕੁਝ ਦੱਸ ਵੀ ਸਹੀ, ਸਿਆਣੇ ਕਹਿੰਦੇ ਆ, ਪੁੱਤ ਕਪੁੱਤ ਹੋ ਜਾਂਦੇ ਆ, ਪਰ ਮਾਪੇ ਕੁਮਾਪੇ ਨਹੀਂ ਹੁੰਦੇ।”
“ਪਰਮ! ਪੁੱਤ ਕਪੁੱਤ ਹੋਈ ਵੀ ਸਹਿ ਲਈਦੈ, ਪਰ ਪੁੱਤ ਜਾਤੋਂ ਕੁਜਾਤ ਹੋ ਜੇ, ਇਹ ਝੱਲ ਨਹੀਂ ਹੁੰਦਾæææ।”
“ਇਹ ਤੂੰ ਕੀ ਕਹਿ ਰਿਹਾਂ ਬਖਤੌਰੇ।”
“ਵੇਖ ਯਾਰ! ਪੁੱਤ ਨੇ ਜਦ ਜਾਤੋਂ ਬਾਹਰਾ ਵਿਆਹ ਕਰਵਾਇਆ ਸੀ ਤਾਂ ਸੋਚਿਆ ਸੀ, ਕੋਈ ਨਾ, ਜੱਟ ਦੇ ਘਰ ਜਿਹੜੀ ਆਊ, ਉਹਨੇ ਜੱਟੀ ਬਣ ਜਾਣਾ, ਪਰ ਐਹ ਤਾਂ ਕਹਾਣੀ ਹੋਰ ਦੀ ਹੋਰ ਹੋ ਗਈ, ਬੰਦਾ ਬੁੱਢੀ ਬਣ ਗਿਆ।” ਮਨ ਦੀ ਭੜਾਸ ਕੱਢਦਿਆਂ ਬਖਤਾਵਰ ਬੋਲਿਆ।
ਥੋੜੀ ਜਿਹੀ ਖਿਝ ‘ਚ ਪਰਮ ਨੇ ਕਿਹਾ, “ਕੋਈ ਗੱਲ ਤਾਂ ਦੱਸ, ਐਵੇਂ ਜਨਾਨੀਆਂ ਵਾਂਗੂੰ ਨਿੱਕੀ-ਨਿੱਕੀ ਗੱਲ ‘ਤੇ ਰੋਣ ਬਹਿ ਜਾਂਦਾ।”
“ਓਇ ਮੇਰੇ ਯਾਰ ਕੀ ਦੱਸਾਂ ਤੇ ਕੀ ਨਾ ਦੱਸਾਂ?”
“ਜੋ ਤੇਰੇ ਦਿਲ ‘ਚ ਹੈ, ਸਭ ਦੱਸ।” ਪਰਮ ਨੇ ਜਵਾਬ ਦਿੱਤਾ।
“ਪਰਮ! ਤੂੰ ਕੁਝ ਨਹੀਂ ਜਾਣਦਾ, ਤੂੰ ਕੁਝ ਨਹੀਂ ਸਮਝਦਾ।” ਮੇਜ਼ ‘ਤੇ ਪਈ ਬੋਤਲ ਥੱਲੇ ਰੱਖਦਿਆਂ ਬਖਤਾਵਰ ਨੇ ਕਿਹਾ।
“ਚੱਲ ਨਹੀਂ ਕੁਝ ਦੱਸਣਾ, ਨਾ ਦੱਸ।” ਥੋੜ੍ਹੀ ਬੇਰੁਖੀ ‘ਚ ਪਰਮ ਬੋਲਿਆ।
“ਓ ਮੇਰੇ ਯਾਰਾ! ਐਵੇਂ ਮੇਰੇ ਨਾਲ ਤੱਤਾ ਠੰਢਾ ਨਾ ਹੋ। ਤੇਰੇ ਬਾਝੋਂ ਮੇਰਾ ਏਥੇ ਕੌਣ ਆ?” ਉਦਾਸੀ ‘ਚ ਗੋਤੇ ਲਾਉਂਦਿਆਂ ਬਖਤਾਵਰ ਨੇ ਕਿਹਾ।
ਪਰਮ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਪਰ ਉਹ ਧੁਰ ਤਕ ਤਿੜ ਕੇ ਯਾਰ ਨੂੰ ਸੰਭਾਲ ਲੈਣਾ ਚਾਹੁੰਦਾ ਸੀ। ਬਖਤਾਵਰ ਦੇ ਮਨ ‘ਚ ਨੱਪੀ ਪੀੜ ਨੂੰ ਜੀਰ ਲੈਣਾ ਚਾਹੁੰਦਾ ਸੀ ਤੇ ਇਸ ਲਈ ਉਹ ਬੜੇ ਠਰ੍ਹੰਮੇ ਨਾਲ ਬਖਤਾਵਰ ਦੇ ਲਾਗੇ ਹੋ ਕੇ ਬੈਠ ਗਿਆ।
ਬਖਤਾਵਰ ਆਪਣਾ ਸਿਰ ਪਰਮ ਦੇ ਮੋਢਿਆਂ ‘ਤੇ ਰੱਖਦਿਆਂ ਬੋਲਿਆ, “ਚੰਗਾ ਸੁਣ, ਮੇਰੇ ਪੋਤੇ ਦੇ ਨਾਂ ਪਿੱਛੇ ‘ਬਾਜਵਾ’ ਨਹੀਂ ਮਿਗਲਾਨੀ ਲਗਦਾ ਹੈ।”
ਬਖਤਾਵਰ ਦੀ ਗੱਲ ਸੁਣ ਪਰਮ ਹੱਕਾ ਬੱਕਾ ਰਹਿ ਗਿਆ। ਹੁਣ ਉਹਦੇ ਕੋਲ ਸ਼ਬਦ ਨਹੀਂ ਸਨ ਜੋ ਬਖਤਾਵਰ ਨੂੰ ਧਰਵਾਸਾ ਦੇ ਸਕਣ।
ਫੇਰ ਵੀ ਬਖਤਾਵਰ ਨੂੰ ਤਸੱਲੀ ਦੇਣ ਲਈ ਕਹਿਣ ਲੱਗਾ, “ਚੱਲ ਕੋਈ ਨਾ ਬਖਤੌਰੇ, ਸਭ ਮਿੱਟੀ ਹੋ ਜਾਣਾ।”
“ਪਰ ਪਰਮ! ਮਿੱਟੀ ਵੀ ਆਪਣੀ ਜਾਤ ਤੋਂ ਮੁਨਕਰ ਨਹੀਂ ਹੁੰਦੀ।”
ਪਰਮ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਆਖਰੀ ਹਾੜਾ ਚੁੱਕਦਿਆਂ ਬਖਤਾਵਰ ਆਪਾ ਖੋ ਬੈਠਾ ਸੀ, “ਓ ਲੋਕੋ, ਮੈਂ ਬਖਤਾਵਰ ਸਿੰਘ ਬਾਜਵਾ, ਮੇਰਾ ਕੋਈ ਨਹੀਂ, ਅਖੇ ‘ਪੁੱਤੀ ਗੰਢੁ ਪਵੇ ਸੰਸਾਰ’, ਪਰ ਇਹ ਕੇਹੀ ਗੰਢ ਸੀ, ਜੀਹਨੇ ਸਾਲਮ ਸਬੂਤੇ ਬਖਤਾਵਰ ਸਿੰਘ ਬਾਜਵਾ ਨੂੰ ਗੰਢ ਬਣਾ ਕੇ ਰੱਖ ਦਿੱਤਾ ਸੀ।”
“ਚੱਲ ਯਾਰ ਸਬਰ ਕਰ, ਸਭ ਠੀਕ ਹੋ ਜਾਣਾ।” ਪਰਮ ਨੇ ਝੂਠਾ ਜਿਹਾ ਧਰਵਾਸਾ ਦੇਂਦਿਆਂ ਕਿਹਾ।
“ਨਹੀਂ ਪਰਮ! ਅੱਜ ਮੈਂ ਜਈ ਦੀ ਤਈ ਕਰ ਦੇਣੀ, ਉਸ ਵਲੈਤੀ ਪੁੱਤ ਨਾਲ ਜਿਉਂਦਿਆਂ ਜੀਅ ਤੋੜ ਵਿਛੋੜਿਆਂ ਕਰਕੇ ਦਿਖਾਊਂ।”
ਸਿਰ ਤੋਂ ਪੈਰਾਂ ਤੀਕ ਗੁੱਸੇ ‘ਚ ਗੜੁੱਚ ਉਹ ਆਪਣੇ ਘਰ ਪਹੁੰਚ ਗਿਆ। ਬਾਹਰ ਬੈਠੀ ਉਸ ਦੀ ਤੀਵੀਂ ਉਹਨੂੰ ਗੁੱਸੇ ‘ਚ ਵੇਖ ਕੇ ਡਰ ਗਈ। ਉਹਨੂੰ ਪਤਾ ਸੀ, ਉਹ ਜੋ ਪਿਉ-ਪੁੱਤ ਵਿਚਾਲੇ ਪੁਲ ਬਣ ਕੇ ਖਲੋਤੀ ਸੀ, ਅੱਜ ਉਹਦੇ ਹੱਥੋਂ ਕਹਾਣੀ ਖਿਸਕ ਜਾਣੀ ਸੀ, ਫੇਰ ਵੀ ਉਹ ਹੌਸਲੇ ਨਾਲ ਅੱਗੇ ਵਧੀ ਤੇ ਹੱਥ ਜੋੜ ਕੇ ਕਹਿਣ ਲੱਗੀ, “ਸਰਦਾਰਾ! ਆਂਦਰਾਂ ਨਾ ਕਲਪਾਈਂ ਮੇਰੀਆਂ, ਕੱਲ੍ਹ ਦੀ ਛੁੱਟੀ ਰਹਿ ਗਈ ਪਰਦੇਸੀ ਪੁੱਤ ਦੀ, ਇਹ ਜੱਗ ਜਿਉਂਦਿਆਂ ਦੇ ਮੇਲੇ, ਫੇਰ ਕੀ ਪਤਾ ਉਸ ਕਦ ਆਉਣਾ!”
ਬਖਤਾਵਰ ਨੂੰ ਅੱਜ ਆਪਣੀ ਔਰਤ ‘ਤੇ ਪਿਆਰ ਜਿਹਾ ਆਇਆ। ਹਮੇਸ਼ਾ ਡਰੂੰ-ਡਰੂੰ ਕਰਦੇ ਰਹਿਣ ਵਾਲੀ ਘਰੇਲੂ ਜਿਹੀ ਉਸ ਦੀ ਤੀਵੀਂ ਅੱਜ ਬਖਤਾਵਰ ਨੂੰ ਆਪਣੇ ਤੋਂ ਵਧੇਰੇ ਬਲਵਾਨ ਲੱਗੀ।
ਕੁਝ ਰੁਕ ਕੇ ਬਖਤਾਵਰ ਨੂੰ ਧਰਵਾਸਾ ਦਿੰਦਿਆਂ ਕਹਿਣ ਲੱਗੀ, “ਐਵੇਂ ਦਿਲ ਹੌਲਾ ਨਹੀਂ ਕਰੀਦਾ, ਰਹੀ ਗੱਲ ਨੂੰਹ-ਪੁੱਤ ਦੀ, ਉਨ੍ਹਾਂ ‘ਤੇ ਕਾਹਦੇ ਦਾਅਵੇ, ਜਿਹੜੇ ਹੋ ਈ ਪਰਦੇਸੀ ਗਏ।” ਤੇ ਇਸ ਤੋਂ ਬਾਅਦ ਪਤਾ ਨਹੀਂ ਉਸ ਕਿਹੜੀ ਤੱਕਣੀ ਨਾਲ ਬਖਤਾਵਰ ਸਿੰਘ ਬਾਜਵਾ ਵੱਲ ਵੇਖਿਆ ਕਿ ਦੋਵਾਂ ਦੀ ਖੜ੍ਹਿਆਂ ਖਲੋਤਿਆਂ ਭੁੱਬ ਨਿਕਲ ਗਈ ਸੀ। ਬਖਤਾਵਰ ਪਰਮ ਦਾ ਹੱਥ ਫੜ ਡਰਾਇੰਗ ਰੂਮ ‘ਚ ਚਲਾ ਗਿਆ।
ਯਾਰਾਂ ਦੋਸਤਾਂ ਦੀ ਢਾਣੀ ‘ਚ ਬੈਠਾ ਅੰਮ੍ਰਿਤ ਆਪਣੀ ਤਰੱਕੀ ਬਾਰੇ ਦੱਸ ਰਿਹਾ ਸੀ। ਉਨ੍ਹਾਂ ਤੋਂ ਵਿਹਲਾ ਹੋ ਅੰਮ੍ਰਿਤ ਆਪਣੇ ਪਿਉ ਲਾਗੇ ਬੈਠ ਗਿਆ। ਬੜੀ ਹਲੀਮੀ ਨਾਲ ਕਹਿਣ ਲੱਗਾ, “ਡੈਡ! ਰੀਲੈਕਸ ਹੋਵੋ।” ਬਖਤਾਵਰ ਨੂੰ ਲੱਗਾ ਜਿਵੇਂ ਉਹਦੀ ਤੀਵੀਂ ਨੇ ਲੀਰੋ ਲੀਰ ਹੋਏ ਰਿਸ਼ਤੇ ਦੀ ਤਰਪਾਈ ਕਰ ਦਿੱਤੀ ਹੋਵੇ।
“ਛੱਡ ਅੰਮ੍ਰਿਤ ਮੈਨੂੰ ਕੁਝ ਨਾ ਕਹਿ, ਹਾਂ, ਇਕ ਗੱਲ ਯਾਦ ਰੱਖੀਂ, ਤੂੰ ਜੁਗਾੜ ਜਿੰਨੇ ਮਰਜ਼ੀ ਫਿੱਟ ਕਰ, ਪਰ ਝੋਲੇ ‘ਚ ਨੰਬਰ ਸੱਠ ਹੀ ਰਹਿੰਦੇ ਆ।”
“ਡੈਡ! ਮੈਂ ਵੀ ਸਮਝਦਾਂ, ਜ਼ਿੰਦਗੀ ‘ਚ ਸੌ ਬਟਾ ਸੌ ਕਿਸੇ ਨੂੰ ਨਹੀਂ ਮਿਲਦੇ। ਫਿਰ ਵੀ ਮੈਂ ਬੇਗਾਨੀ ਧਰਤ ‘ਤੇ ਜਾ ਕੇ ਸਭ ਕੁਝ ਅਚੀਵ ਕੀਤਾ ਪਰ ਤੁਹਾਡੇ ‘ਭਾਰਤ ਮਹਾਨ’ ‘ਚ ਨਾ ਜਿੱਤ ਆਪਣੀ, ਨਾ ਹਾਰ ਆਪਣੀ।”
ਅੱਜ ਪਹਿਲੀ ਵਾਰ ਬਖਤਾਵਰ ਨੂੰ ਲੱਗਾ, ‘ਅੰਮ੍ਰਿਤ ਸੱਚ ਕਹਿ ਰਿਹਾ ਸੀ’ ਪਰ ਅਗਲੇ ਹੀ ਪਲ ‘ਮਿਗਲਾਨੀ ਵਿਲਾ’ ਵਾਲੀ ਨੇਮ ਪਲੇਟ ਤੇ ‘ਪੋਤੇ ਦਾ ਪਾਸਪੋਰਟ’ ਉਹਦਾ ਮੂੰਹ ਚਿੜਾਉਣ ਲੱਗੇ। ਉਹ ਕਹਿਣਾ ਚਾਹੁੰਦਾ ਸੀ: “ਘਰ ਤੇ ਸਟੋਰ ਦੀ ਮਾਲਕੀ ਹਾਸਲ ਕਰਨ ਲਈ ਉਸ ਬਹੁਤ ਵੱਡੀ ਰਕਮ ਤਾਰੀ ਸੀ” ਪਰ ਉਸ ਦੜ ਵੱਟ ਲਈ ਸੀ।
ਅੰਮ੍ਰਿਤ ਦੀ ਆਵਾਜ਼ ਨੇ ਉਹਨੂੰ ਹਲੂਣਿਆ, “ਡੈਡ! ਰੀਲੈਕਸ ਹੋਵੋ, ਇਹ ਜ਼ਿੰਦਗੀ ਹੈ, ਇਕ ਥਾਂ ਖਲੋਤੇ ਪਾਣੀ ਗੰਧਲਾ ਜਾਂਦੇ ਨੇ, ਇਹ ਵਗਦੇ ਪਾਣੀ ਵਾਂਗ ਨਿੱਤ ਨਵੀਂ ਹੋਣੀ ਚਾਹੀਦੀ ਹੈ।”
“ਪਰ ਪੁੱਤਰਾ! ਤਬਦੀਲੀ ਵੀ ਜੇ ਸ਼ਾਂਤ ਵਗਦੇ ਪਾਣੀਆਂ ਵਾਂਗ ਆਵੇ ਤਾਂ ਸਹਿ ਲਈਦੀ ਹੈ, ਪਰ ਜੇ ਤਬਦੀਲੀ ਸੁਨਾਮੀ ਦੀ ਛੱਲ ਵਰਗੀ ਹੋਵੇ ਤਾਂ ਬੜਾ ਕੁਝ ਤਹਿਸ-ਨਹਿਸ ਕਰਦੀ ਆ।” ਪੁੱਤ ਚੁੱਪ ਰਿਹਾ ਤੇ ਬਖਤਾਵਰ ਸਿੰਘ ਬਾਜਵਾ ਆਪਣੇ ਘਰ ਦੀ ਸੁਨਾਮੀ ਤੋਂ ਬਚਣ ਲਈ ਪਰਮ ਨਾਲ ਬਾਹਰ ਨੂੰ ਹੋ ਤੁਰਿਆ।
ਮਾਈਕਲ ਜੈਕਸਨ ਦੇ ਗਾਣੇ ਦੀ ਧੁਨ ਪੂਰੇ ਘਰ ‘ਤੇ ਕਾਬਜ਼ ਹੋ ਗਈ ਸੀ, ਦਿਲ ਤਕੜਾ ਕਰ ਉਸ ਆਪਣੇ ਘਰ ਨੂੰ ਵੇਖਿਆ। ਆਪਣਾ ਹੀ ਘਰ ਉਸ ਨੂੰ ਓਪਰਾ ਜਿਹਾ ਲੱਗਾ। ਇਕ ਪਲ ਉਸ ਨੂੰ ਲੱਗਾ ਉਹਦੇ ਪੁੱਤ ਨੇ ਬੇਗਾਨੇ ਦੇਸ਼ ਵਿਚ ਆਪਣੀ ਜੜ੍ਹ ਮਜ਼ਬੂਤ ਕਰ ਲਈ ਹੋਵੇ ਤੇ ਉਹ ਆਪਣੇ ਹੀ ਅੰਦਰ ਜੜ੍ਹਹੀਣ ਹੋ ਗਿਆ ਹੋਵੇ।
ਬਖਤਾਵਰ ਪਰਮ ਦਾ ਮੋਢਾ ਫੜ ਨਿਆਸਰਾ ਜਿਹਾ ਬਣ ਕਹਿਣ ਲੱਗਾ, “ਪਰਮ ਮੈਨੂੰ ਆਪਣੇ ਘਰ ਲੈ ਚੱਲ।” ਫਿਰ ਦੋਵੇਂ ਪਰਮ ਦੇ ਘਰ ਵੱਲ ਨੂੰ ਹੋ ਤੁਰੇ ਸਨ ਪਰ ਪਰਮ ਦੇ ਘਰ ਦੀਆਂ ਬਰੂਹਾਂ ਟੱਪਦੇ ਬਖਤਾਵਰ ਦੇ ਪੈਰ ਮੁੜ ਪਿਛਾਂਹ ਹੋ ਗਏ। ਪਰਮ ਵੱਲ ਤਰਲੇ ਜਿਹੇ ਨਾਲ ਵੇਖ ਬਖਤਾਵਰ ਬੋਲਿਆ, “ਤੇਰੇ ਘਰ ਜਾ ਕੇ ਵੀ ਕੀ ਕਰਨਾ!”
ਉਸ ਪਲ ਬਖਤਾਵਰ ਦੀਆਂ ਅੱਖਾਂ ਵਿਚ ਨਮੀ ਤੈਰ ਆਈ ਤੇ ਪਰਮ ਨੇ ਉਸ ਨਮੀ ਨੂੰ ਆਪਣੀਆਂ ਅੱਖਾਂ ਰਾਹੀਂ ਪੂੰਝ ਲਿਆ।
ਦੂਰ ਕਿਤਿਓਂ ਆਵਾਜ਼ ਆ ਰਹੀ ਸੀ, “ਮਨੁ ਪ੍ਰਦੇਸੀ ਜੇ ਥੀਏ ਸਭੁ ਦੇਸ ਪਰਾਇਆ” ਤੇ ਬਖਤਾਵਰ ਭਰੇ ਮਨ ਨਾਲ ਹੀ ਉਸ ਆਵਾਜ਼ ਵੱਲ ਨੂੰ ਹੋ ਤੁਰਿਆ।