ਭ੍ਰਿਸ਼ਟਾਚਾਰ ਦੇ ਕੇਸ ‘ਚ ਨਵਾਜ਼ ਸ਼ਰੀਫ ਨੂੰ ਦਸ ਸਾਲ ਕੈਦ

ਇਸਲਾਮਾਬਾਦ: ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ 10 ਸਾਲ ਦੀ ਸਖਤ ਕੈਦ ਅਤੇ 80 ਲੱਖ ਪੌਂਡ ਦੇ ਭਾਰੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਨਵਾਜ਼ ਸ਼ਰੀਫ ਦੀ ਗੈਰਹਾਜ਼ਰੀ ਵਿਚ ਜਸਟਿਸ ਮੁਹੰਮਦ ਬਸ਼ੀਰ ਨੇ ਬੰਦ ਕਮਰਾ ਸੁਣਵਾਈ ਦੌਰਾਨ ਸੁਣਾਈ। ਇਹ ਸ਼ਰੀਫ ਪਰਿਵਾਰ ਵਿਰੁੱਧ ਪਨਾਮਾ ਪੇਪਰ ਲੀਕ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਤਿੰਨ ਕੇਸਾਂ ਵਿਚੋਂ ਪਹਿਲਾ ਕੇਸ ਹੈ। ਇਸ ਕੇਸ ਵਿਚ ਸ਼ਰੀਫ ਦੀ ਧੀ ਮਰੀਅਮ ਸ਼ਰੀਫ (44) ਨੂੰ ਸੱਤ ਸਾਲ ਕੈਦ ਦੀ ਸਜ਼ਾ ਅਤੇ 20 ਲੱਖ ਪੌਂਡ ਜੁਰਮਾਨਾ, ਉਸ ਦੇ ਪਤੀ ਕੈਪਟਨ (ਸੇਵਾ ਮੁਕਤ) ਮੁਹੰਮਦ ਸਫ਼ਦਰ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਸ ਕੇਸ ਵਿਚ ਬਿਊਰੋ ਨੇ ਤਕਰੀਬਨ 21 ਗਵਾਹ ਪੇਸ਼ ਕੀਤੇ। ਸ਼ਰੀਫ ਪਰਿਵਾਰ ਫਲੈਟ ਖਰੀਦਣ ਲਈ ਆਏ ਪੈਸੇ ਦਾ ਸਰੋਤ ਨਹੀਂ ਦੱਸ ਸਕਿਆ। ਇਸ ਫੈਸਲੇ ਸਮੇਂ ਸ਼ਰੀਫ ਆਪਣੀ ਪਤਨੀ ਕੁਲਸੂਮ ਨਵਾਜ਼ ਕੋਲ ਲੰਡਨ ‘ਚ ਹਨ, ਜਿਸ ਨੂੰ ਗਲੇ ਦਾ ਕੈਂਸਰ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਅਦਾਲਤ ਨੇ ਅਵੈਨਫੀਲਡ ਭ੍ਰਿਸ਼ਟਾਚਾਰ ਕੇਸ ਵਿਚ ਫੈਸਲਾ ਸੁਣਾਉਣ ਤੋਂ ਪਹਿਲਾਂ ਚਾਰ ਵਾਰ ਅਦਾਲਤ ਦੀ ਕਾਰਵਾਈ ਮੁਲਤਵੀ ਕੀਤੀ ਸੀ। ਇਹ ਕੇਸ ਅਵੈਨਫੀਲਡ ਹਾਊਸ ਲੰਡਨ ਵਿਚ ਸਥਿਤ ਚਾਰ ਫਲੈਟਾਂ ਦੀ ਮਲਕੀਅਤ ਨਾਲ ਸਬੰਧਤ ਸੀ ਅਤੇ ਸ਼ਰੀਫ ਪਰਿਵਾਰ ਅੱਜ ਕੱਲ੍ਹ ਇਥੇ ਹੀ ਠਹਿਰਿਆ ਹੋਇਆ ਹੈ।
ਅਦਾਲਤ ਨੇ ਇਨ੍ਹਾਂ ਫਲੈਟਾਂ ਨੂੰ ਪਾਕਿਸਤਾਨ ਦੀ ਮਲਕੀਅਤ ਐਲਾਨਦਿਆਂ ਜ਼ਬਤ ਕਰਨ ਦੇ ਵੀ ਆਦੇਸ਼ ਦੇ ਦਿੱਤੇ ਹਨ। ਇਸ ਫੈਸਲੇ ਨਾਲ ਸੱਤਾਧਾਰੀ ਧਿਰ ਨੂੰ ਭਾਰੀ ਧੱਕਾ ਲੱਗਾ ਹੈ ਕਿਉਂਕਿ ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਸ ਫੈਸਲੇ ਦੇ ਨਾਲ ਮਰੀਅਮ ਅਤੇ ਸਫ਼ਦਰ ਚੋਣਾਂ ਲੜਨ ਦੇ ਵੀ ਅਯੋਗ ਹੋ ਗਏ ਹਨ।
______________________
ਮਰੀਅਮ ਦੀ ਇਕ ਗਲਤੀ ਕਾਰਨ ਗਈ ਸ਼ਰੀਫ ਦੀ ਕੁਰਸੀ
ਪਨਾਮਾ ਪੇਪਰ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਜੇ.ਆਈ.ਟੀ. ਨੇ 10 ਜੁਲਾਈ ਨੂੰ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੀ ਸੀ। ਇਸ ਦੌਰਾਨ ਇਕ ਗੱਲ ਸਾਹਮਣੇ ਆਈ ਕਿ ਨਵਾਜ਼ ਦੀ ਬੇਟੀ ਮਰੀਅਮ ਦੀ ਇਕ ਗਲਤੀ ਕਾਰਨ ਹੀ ਨਵਾਜ਼ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹੱਥ ਧੋਣਾ ਪਿਆ। ਅਸਲ ਵਿਚ ਜੇ.ਆਈ.ਟੀ. ਨੂੰ ਜਾਂਚ ਦੌਰਾਨ ਮਰੀਅਮ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਰੀਅਮ ਨੇ ਪਨਾਮਾ ਗੇਟ ਨਾਲ ਜੁੜੇ ਜੋ ਦਸਤਾਵੇਜ਼ ਭੇਜੇ ਸਨ, ਉਹ ਕੈਲੀਬਰੀ ਫੌਂਟ ‘ਚ ਟਾਈਪ ਸਨ ਅਤੇ ਸਾਲ 2006 ਦੇ ਸਨ, ਜਦਕਿ ਕੈਲੀਬਰੀ ਫੌਂਟ 31 ਜਨਵਰੀ 2007 ਤੋਂ ਪਹਿਲਾਂ ਵਪਾਰਕ ਪ੍ਰਯੋਗ ਲਈ ਉਪਲੱਬਧ ਨਹੀਂ ਸੀ। ਇਹੀ ਗਲਤੀ ਨਵਾਜ਼ ਲਈ ਉਮਰ ਭਰ ਲਈ ਮੁਸੀਬਤ ਬਣ ਗਈ।