ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਅੰਮ੍ਰਿਤਸਰ ਵਾਂਗ ਸਜੇਗਾ Ḕਈਸਟ ਐਂਜ਼ਲਿਆ’

ਲੰਡਨ: ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਥੈਟਫੋਰਡ ਵਿਚ ਵਿਸ਼ੇਸ਼ ਸਮਾਗਮ 7 ਜੁਲਾਈ ਤੋਂ 21 ਜੁਲਾਈ ਤੱਕ ਕਰਵਾਏ ਜਾ ਰਹੇ ਹਨ। ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ ਵੱਲੋਂ ਨੌਰਫੋਕ ਕਾਊਂਟੀ ਕੌਂਸਲ ਦੇ ਸਹਿਯੋਗ ਨਾਲ ਉਦਘਾਟਨੀ ਸਮਾਰੋਹ ਮੌਕੇ ਯੂ.ਕੇ. ਦੀਆਂ ਜੰਮਪਲ Ḕਸਿੰਘ ਟਵਿੰਨਜ਼’ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਜੌੜੀਆਂ ਭੈਣਾਂ ਅੰਮ੍ਰਿਤ ਕੌਰ ਸਿੰਘ ਅਤੇ ਰਾਬਿੰਦਰਾ ਕੌਰ ਸਿੰਘ ਵੱਲੋਂ ਬਣਾਇਆ ਮਹਾਰਾਜਾ ਦਲੀਪ ਸਿੰਘ ਦਾ ਚਿੱਤਰ ਏਸ਼ੀਅੇਂਟ ਹਾਊਸ ਮਿਊਜ਼ੀਅਮ ਵਿਚ ਲੋਕ ਅਰਪਣ ਕੀਤਾ ਗਿਆ।

ਥੈਟਫੋਰਡ ਦੀ ਡਿਪਟੀ ਮੇਅਰ ਬਰੈਂਡਾ ਕਾਨਹਮ ਵੱਲੋਂ ਥੈਟਫੋਰਡ ਅਤੇ ਪੰਜਾਬ ਦੇ ਸਭਿਆਚਾਰਾਂ ਬਾਰੇ ਸਮਾਗਮ Ḕਪੰਜਾਬੀ ਫੈਸਟੀਵਲ’ ਦਾ ਉਦਘਾਟਨ ਕੀਤਾ ਗਿਆ। ਦੋ ਹਫਤੇ ਚੱਲਣ ਵਾਲਾ ਇਹ ਸਮਾਗਮ ਇਕ ਤਰ੍ਹਾਂ ਨਾਲ ਪੂਰੇ ਥੈਟਫੋਰਡ ਸ਼ਹਿਰ ਨੂੰ ਅੰਮ੍ਰਿਤਸਰ ਹੀ ਬਣਾ ਦੇਵੇਗਾ। ਇਹ ਸ਼ਹਿਰ ਪੰਜਾਬ ਵਾਂਗ ਹੀ ਖੇਤੀ ਕਿੱਤੇ ਨਾਲ ਸਬੰਧਤ ਲੋਕਾਂ ਦਾ ਹੈ। ਫੈਸਟੀਵਲ ਦੀ ਡਾਇਰੈਕਟਰ ਇੰਦੀ ਸੰਧੂ ਨੇ ਦੱਸਿਆ ਕਿ ਇਸ ਦੌਰਾਨ ਭੰਗੜਾ, ਮੌਰੀਅਸ ਡਾਂਸਰ, ਢੋਲ ਵਜਾਉਣ, ਸਿੱਖ ਮਾਰਸ਼ਲ ਆਰਟ ਗਤਕਾ, ਹਿਨਾ ਪੇਂਟਿੰਗ ਆਦਿ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬੀ ਖਾਣੇ ਦੇ ਸਟਾਲ ਵੀ ਲਗਾਏ ਜਾਣਗੇ। ਸਮਾਗਮਾਂ ਦੇ ਆਖਰੀ ਦਿਨ Ḕਅੰਮ੍ਰਿਤਸਰ ਤੋਂ ਥੈਟਫੋਰਡ’ ਨਾਂ ਦੀ ਫਿਲਮ ਵਿਖਾਈ ਜਾਵੇਗੀ, ਜਿਸ ਦੀ ਲੇਖਿਕਾ ਸੀਮਾ ਅਨੰਦ ਹੈ। ਥੈਟਫੋਰਡ ਮਹਾਰਾਜਾ ਦਲੀਪ ਸਿੰਘ ਦਾ ਨਿਵਾਸ ਸਥਾਨ ਸੀ। ਇਤਿਹਾਸਕਾਰ ਅਤੇ ਲੇਖਿਕਾ ਸੀਮਾ ਆਨੰਦ ਨੇ ਕਿਹਾ ਕਿ ਥੈਟਫੋਰਡ ਦਾ Ḕਏਲਵੇਡਨ ਮੈਨਰ’ ਕਈ ਸਾਲਾਂ ਤੱਕ ਪੰਜਾਬ ਦੇ ਆਖਰੀ ਮਹਾਰਾਜਾ ਦਾ ਨਿਵਾਸ ਸਥਾਨ ਸੀ। ਇਥੋਂ ਦੇ ਲੋਕ ਅਜੇ ਵੀ ਉਨ੍ਹਾਂ ਨੂੰ ਮਾਣ ਨਾਲ ਯਾਦ ਕਰਦੇ ਹਨ।
ਇਸ ਸ਼ਹਿਰ ਦੇ ਵਿਚਕਾਰ ਉਨ੍ਹਾਂ ਦਾ ਲਗਭਗ ਉਸੇ ਤਰ੍ਹਾਂ ਦਾ ਬੁੱਤ ਲਗਾਇਆ ਗਿਆ ਹੈ, ਜਿਸ ਤਰ੍ਹਾਂ ਦਾ ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਮਹਾਰਾਜਾ ਰਣਜੀਤ ਸਿੰਘ ਦਾ ਲਗਾਇਆ ਹੋਇਆ ਹੈ। ਇਸ ਦੇ ਇਲਾਵਾ ਇਥੋਂ ਦਾ ਭੂ-ਦ੍ਰਿਸ਼ (ਲੈਂਡਸਕੈਪ) ਵੀ ਅੰਮ੍ਰਿਤਸਰ ਨਾਲ ਮਿਲਦਾ ਜੁਲਦਾ ਹੈ। ਇਤਿਹਾਸਕਾਰ ਅਤੇ ਮਹਾਰਾਜਾ ਦਲੀਪ ਸਿੰਘ ‘ਤੇ ਇਕ ਪੁਸਤਕ ਲਿਖਣ ਵਾਲੇ ਪੀਟਰ ਬੈਂਸ ਨੇ ਕਿਹਾ ਕਿ ਥੇਟਫੋਰਡ ਨਾਲ ਮਹਾਰਾਜਾ ਦਲੀਪ ਸਿੰਘ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਇਥੇ ਉਨ੍ਹਾਂ ਦੇ ਬੱਚਿਆਂ ਦਾ ਜਨਮ ਹੋਇਆ ਅਤੇ ਇਥੇ ਹੀ ਉਹ ਵੱਡੀਆਂ ਪਾਰਟੀਆਂ ਕਰਦੇ ਸਨ। ਇਹ ਅਜਿਹਾ ਸਥਾਨ ਸੀ ਜੋ ਉਨ੍ਹਾਂ ਨੂੰ ਆਪਣੇ ਘਰ ਵਰਗਾ ਲੱਗਦਾ ਸੀ।