ਉਲੰਪੀਅਨ ਮੁੱਕੇਬਾਜ਼ ਵਿਜੇਂਦਰ ਵਿਵਾਦਾਂ ਵਿਚ ਘਿਰਿਆ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਜ਼ੀਰਕਪੁਰ ਤੋਂ ਬਰਾਮਦ ਹੋਈ ਇਕ ਅਰਬ 30 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ਵਿਚ ਓਲੰਪੀਅਨ ਮੁੱਕੇਬਾਜ਼ ਵਿਜੇਂਦਰ ਸਿੰਘ ਸਣੇ ਕਈ ਹੋਰ ਖਿਡਾਰੀਆਂ ਦੇ ਨਾਂ ਆਉਣ ਨਾਲ ਨਵੀਂ ਚਰਚਾ ਛਿੜ ਗਈ ਹੈ ਕਿ ਨਸ਼ਿਆਂ ਦੀ ਤਸਕਰੀ ਨੇ ਭਾਰਤੀ ਖੇਡ ਜਗਤ ਦੇ ਸਿਤਾਰਿਆਂ ਨੂੰ ਵੀ ਡੰਗ ਲਿਆ ਹੈ। ਹੁਣ ਤੱਕ ਭਾਰਤੀ ਖਿਡਾਰੀਆਂ ਵੱਲੋਂ ਤਾਕਤ ਵਧਾਉਣ ਵਾਲੀਆਂ ਦਵਾਈਆਂ ਲੈਣ ਦੇ ਮਾਮਲੇ ਹੀ ਸਾਹਮਣੇ ਆਉਂਦੇ ਰਹੇ ਪਰ ਤਸਕਰੀ ਨਾਲ ਤਾਰਾਂ ਜੁੜੇ ਹੋਣ ਦਾ ਇਹ ਪਹਿਲਾ ਮਾਮਲਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਬਹੁਤ ਸਾਰੀਆਂ ਧਿਰਾਂ ਬੇਸ਼ੱਕ ਮੁੱਕੇਬਾਜ਼ ਵਿਜੇਂਦਰ ਦੇ ਹੱਕ ਵਿਚ ਡਟ ਗਈਆਂ ਹਨ ਤੇ ਉਹ ਖੁਦ ਵੀ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦੇ ਰਿਹਾ ਹੈ ਪਰ ਪੰਜਾਬ ਪੁਲਿਸ ਵੱਲੋਂ ਉਲੰਪਿਕ ਵਿਚ ਤਮਗਾ ਜੇਤੂ ਮੁੱਕੇਬਾਜ਼ ਤੇ ਹਰਿਆਣਾ ਪੁਲਿਸ ਵਿਚ ਡੀæਐਸ਼ਪੀæ ਵਜੋਂ ਤਾਇਨਾਤ ਵਿਜੇਂਦਰ ਤੋਂ ਕੀਤੀ ਗਈ ਪੁੱਛਗਿੱਛ ਉਪਰੰਤ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਬਣ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਵਿਜੇਂਦਰ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਤੇ ਉਸ ਦਾ ਟਾਲ ਮਟੋਲ ਵਾਲਾ ਰਵੱਈਆ ਮਾਮਲੇ ਨੂੰ ਹੋਰ ਉਲਝਾ ਗਿਆ ਹੈ। ਵਿਜੇਂਦਰ ਦੀ ਪਤਨੀ ਅਰਚਨਾ ਦੀ ਕਾਰ ਪੁਲਿਸ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਐਨæਆਰæਆਈæ ਅਨੂਪ ਸਿੰਘ ਕਾਹਲੋਂ ਦੇ ਘਰ ਨੇੜਿਓਂ ਮਿਲੀ ਸੀ ਜਿਸ ਕਰ ਕੇ ਇਹ ਮਾਮਲਾ ਗੰਭੀਰ ਬਣ ਗਿਆ ਹੈ।
ਯਾਦ ਰਹੇ ਕਿ ਛੱਬੀ ਕਿਲੋ ਹੈਰੋਇਨ ਜ਼ੀਰਕਪੁਰ ਸ਼ਹਿਰ ਵਿਚੋਂ ਪਰਵਾਸੀ ਭਾਰਤੀ ਕਾਹਲੋਂ ਦੇ ਘਰੋਂ ਫੜੀ ਗਈ ਸੀ। ਵਿਜੇਂਦਰ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਫੜੇ ਗਏ ਐਨæਆਰæਆਈæ ਅਨੂਪ ਸਿੰਘ ਕਾਹਲੋਂ ਨਾਲ ਉਸ ਦੇ ਕੋਈ ਸਬੰਧ ਨਹੀਂ ਹਨ। ਹੈਰੋਇਨ ਦੀ ਇਸ ਖੇਪ ਦੀ ਕੌਮਾਂਤਰੀ ਮੰਡੀ ਵਿਚ ਕੀਮਤ 130 ਕਰੋੜ ਰੁਪਏ ਬਣਦੀ ਹੈ। ਪੁਲਿਸ ਨੇ ਕਾਹਲੋਂ ਤੋਂ ਇਲਾਵਾ ਉਸ ਦੇ ਡਰਾਈਵਰ ਕੁਲਵਿੰਦਰ ਸਿੰਘ ਉਰਫ ਰੌਕੀ (ਪਿੰਡ ਬਡਾਲਾ, ਨਵਾਂ ਸ਼ਹਿਰ) ਤੇ ਉਸ ਦੇ ਚਾਰ ਸਾਥੀ ਫੜੇ ਹਨ ਜਿਨ੍ਹਾਂ ਦੀ ਪਛਾਣ ਕੁਲਦੀਪ, ਸੰਦੀਪ, ਗੱਬਰ ਤੇ ਮਨੀ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛ-ਪੜਤਾਲ ਦੌਰਾਨ ਕਾਹਲੋਂ ਨੇ ਦੋਸ਼ ਲਾਏ ਸਨ ਕਿ ਵਿਜੇਂਦਰ ਸਿੰਘ ਤੇ ਰਾਮ ਸਿੰਘ ਉਸ ਦੇ ‘ਗਾਹਕ’ ਸਨ ਤੇ ਅਕਸਰ ਉਸ ਕੋਲ ਆਉਂਦੇ ਸਨ। ਰਾਮ ਸਿੰਘ ਪੰਜਾਬ ਪੁਲਿਸ ਵਿਚ ਇੰਸਪੈਕਟਰ ਹੈ ਤੇ ਕੱਲ੍ਹ ਤੱਕ ਐਨæਆਈæਐਸ਼ ਪਟਿਆਲਾ ਵਿਚ ਆ ਰਹੀਆਂ ਖੇਡਾਂ ਦੀ ਤਿਆਰੀ ਕਰ ਰਿਹਾ ਸੀ। ਹੁਣ ਉਸ ਨੂੰ ਉਥੋਂ ਕੱਢ ਦਿੱਤਾ ਗਿਆ ਹੈ।
ਪੁਲਿਸ ਅਨੁਸਾਰ ਕਾਹਲੋਂ ਨੇ ਪੁੱਛ-ਪੜਤਾਲ ਦੌਰਾਨ ਭਲਵਾਨ ਜਗਦੀਸ਼ ਭੋਲਾ ਦਾ ਨਾਂ ਲਿਆ ਜੋ ਇਸ ਗਰੋਹ ਦਾ ਮੁਖੀ ਹੈ। ਭੋਲਾ ਪੰਜਾਬ ਪੁਲੀਸ ਵਿਚੋਂ ਕੱਢਿਆ ਗਿਆ ਡੀæਐਸ਼ਪੀæ ਹੈ ਤੇ ਉਹ ਮੁਹਾਲੀ ਦੇ 10 ਫੇਜ਼ ਵਿਚ ਰਹਿੰਦਾ ਹੈ। ਉਸ ਦੇ ਘਰ ਛਾਪੇ ਵਿਚ ਪੁਲਿਸ ਨੇ 10 ਕਿਲੋ ਰਸਾਇਣਕ ਪਾਊਡਰ, 8æ70 ਲੱਖ ਰੁਪਏ ਦੀ ਨਕਦੀ ਤੇ ਕੁਝ ਪੈਕਿੰਗ ਸਮੱਗਰੀ ਬਰਾਮਦ ਕੀਤੀ ਹੈ। ਮਗਰੋਂ ਪੁਲਿਸ ਨੇ ਦੱਸਿਆ ਕਿ ਭੋਲੇ ਦੇ ਘਰੋਂ 10 ਕਰੋੜ ਰੁਪਏ ਦੇ ਮੁੱਲ ਦੀ ਦੋ ਕਿਲੋ ਹੈਰੋਇਨ ਵੀ ਮਿਲੀ ਹੈ।
ਉਧਰ, ਵਿਜੇਂਦਰ ਦੇ ਸਾਥੀ ਮੁੱਕੇਬਾਜ਼ ਅਤੇ ਮਿੱਤਰ ਰਾਮ ਸਿੰਘ ਦੇ ਬਿਆਨਾਂ ਮੁਤਾਬਕ ਦੋਵਾਂ ਨੇ ਪੰਜ-ਛੇ ਵਾਰੀ ਕੌਮਾਂਤਰੀ ਸਮਗਲਰ ਅਨੂਪ ਸਿੰਘ ਕਾਹਲੋਂ ਕੋਲੋਂ ਹੈਰੋਇਨ ਖ਼ਰੀਦੀ ਸੀ ਤੇ ਵਿਜੇਂਦਰ ਸਿੰਘ ਨੂੰ ਸਮਗਲਿੰਗ ਦਾ ਵੀ ਇਲਮ ਸੀ। ਪੁਲਿਸ ਸੂਤਰਾਂ ਅਨੁਸਾਰ ਰਾਮ ਸਿੰਘ ਨੇ ਤਫ਼ਤੀਸ਼ਕਾਰਾਂ ਨੂੰ ਦੱਸਿਆ ਕਿ ਉਹ ਕਾਹਲੋਂ ਨੂੰ ਕਾਫੀ ਸਮੇਂ ਤੋਂ ਜਾਣਦਾ ਸੀ ਪਰ ਉਸ ਦੀਆਂ ਅਪਰਾਧਕ ਕਾਰਵਾਈਆਂ ਬਾਰੇ ਉਸ ਨੂੰ ਬਹੁਤੀ ਜਾਣਕਾਰੀ ਨਹੀਂ ਸੀ। ਕਾਹਲੋਂ ਨੇ ਪਹਿਲੀ ਵਾਰ ਦਸੰਬਰ ਮਹੀਨੇ ਉਸ ਨੂੰ ਬਿਨਾਂ ਕੋਈ ਰਕਮ ਲਏ ਦੋ ਗ੍ਰਾਮ ਹੈਰੋਇਨ ਦਿੱਤੀ ਸੀ। ਉਸ ਤੋਂ ਬਾਅਦ ਉਸ ਨੇ ਤੇ ਵਿਜੇਂਦਰ ਨੇ ਚਾਰ-ਪੰਜ ਵਾਰ ਹੈਰੋਇਨ ਲਈ ਸੀ। ਇਹ ਕੁਝ ਉਨ੍ਹਾਂ ਨੇ ਤਜਰਬੇ ਦੇ ਤੌਰ ‘ਤੇ ਕੀਤਾ ਸੀ। ਇਹ ਡਰੱਗ ਲੈਣ ਤੋਂ ਬਾਅਦ ਦੋਵਾਂ ਨੇ ਮੁਕਾਬਲਿਆਂ ਵਿਚ ਹਿੱਸਾ ਲੈਣ ਤੋਂ ਗੁਰੇਜ਼ ਕੀਤਾ ਸੀ।
Leave a Reply