ਪੰਜਾਬ: ਖਾਲੀ ਘੋੜੀ ਹਿਣਕਦੀ…

ਪੰਜਾਬ ਵਿਚ ਇਕ ਅਰਸੇ ਤੋਂ ਬੁਰਛਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਪੁਲਿਸ ਮੁਲਾਜ਼ਮ, ਸਿਆਸਤਦਾਨਾਂ ਦੇ ਲਠੈਤ ਅਤੇ ਨਸ਼ਿਆਂ ਤੇ ਅਪਰਾਧ ਨਾਲ ਜੁੜੇ ਲੋਕ ਸ਼ਰ੍ਹੇਆਮ ਅੰਜਾਮ ਦੇ ਰਹੇ ਹਨ। ਸਿਤਮਜ਼ਰੀਫੀ ਇਹ ਹੈ ਕਿ ਇਨ੍ਹਾਂ ਬੁਰਛਿਆਂ ਖਿਲਾਫ ਕਿਸੇ ਪੱਧਰ ਉਤੇ ਕਿਸੇ ਵੀ ਪਾਸਿਓਂ ਕੋਈ ਮਿਸਾਲੀ ਕਾਰਵਾਈ ਨਹੀਂ ਕੀਤੀ ਜਾ ਰਹੀ। ਬੱਸ, ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਮੌਕੇ ‘ਤੇ ਕੋਈ ਮਾੜੀ-ਮੋਟੀ ਕਰ ਦਿੱਤੀ ਜਾਂਦੀ ਹੈ। ਮਗਰੋਂ ਉਹੀ ਲੋਕ ਇਕ ਵਾਰ ਫਿਰ ਵਾਰਦਾਤ ਕਰਨ ਲਈ ਤਿਆਰ ਹੋ ਰਹੇ ਹੁੰਦੇ ਹਨ। ਅਣਖੀ ਪੰਜਾਬ ਦਾ ਸਾਰਾ ਲਾਣਾ ਆਏ ਦਿਨ ਨਜ਼ਰੀਂ ਪੈ ਰਹੇ ਇਹ ਦ੍ਰਿਸ਼ ਚੁੱਪ-ਚੁਪੀਤੇ ਦੇਖ ਰਿਹਾ ਹੈ। ਕਿਸੇ ਪਾਸਿਓਂ ਕੋਈ ਖਾਸ ਦਹਾੜ ਨਹੀਂ।æææਇਹ ਉਹੀ ਪੰਜਾਬੀ ਹਨ ਜਿਸ ਬਾਰੇ ਅਲਬੇਲੇ ਸ਼ਾਇਰ ਪ੍ਰੋæ ਪੂਰਨ ਸਿੰਘ ਨੇ ਕਦੀ ਕਿਹਾ ਸੀ ਕਿ ‘ਇਹ ਟੈਂਅ ਨਾ ਮੰਨਣ ਕਿਸੇ ਦੀæææ।’
____________________________
ਕਿੱਥੋਂ ਲੱਭ ਕੇ ਲਿਆਈਏ ਭਗਤ ਸਿੰਘ ਇਕ ਹੋਰ!
ਜਲੰਧਰ: ਪਿਛਲੀ ਸਦੀ ਵਿਚ ਅੱਸੀਵਿਆਂ ਦੌਰਾਨ ਜਦੋਂ ਪੰਜਾਬ ਵੱਡੀ ਪੱਧਰ ‘ਤੇ ਕਰਵਟਾਂ ਲੈ ਰਿਹਾ ਸੀ ਤਾਂ ਉਸ ਵੇਲੇ ਵੀ ਲੀਡਰਸ਼ਿਪ ਦੀ ਮਾਰ ਪਈ ਸੀ। ਉਦੋਂ ਰਵਾਇਤੀ ਅਕਾਲੀਆਂ ਦੀ ਦੱਬੂ ਸਿਆਸਤ ਦੇ ਬਰਾਬਰ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਰੰਗ ਬੰਨ੍ਹਣ ਦਾ ਯਤਨ ਤਾਂ ਕੀਤਾ ਅਤੇ ਲੋਕਾਂ ਦਾ ਹੁੰਗਾਰਾ ਵੀ ਖੂਬ ਰਿਹਾ, ਪਰ ਉਹ ਆਪ ਅਤੇ ਉਨ੍ਹਾਂ ਦੇ ਅਨਿੰਨ ਸ਼ਰਧਾਲੂ ਵੀ ਇਹ ਮੰਨਦੇ ਸਨ/ਹਨ ਕਿ ਸਿਆਸਤ ਉਨ੍ਹਾਂ ਦਾ ਖੇਤਰ ਨਹੀਂ ਸੀ, ਉਨ੍ਹਾਂ ਦਾ ਖੇਤਰ ਧਰਮ ਪ੍ਰਚਾਰ ਸੀ। ਇਸੇ ਕਰ ਕੇ ਜਦੋਂ ਤਪੇ ਹੋਏ ਪਿੜ ਵਿਚ ਸਿਆਸਤ ਦਾ ਡਗਾ ਲਾਉਣ ਦਾ ਵੇਲਾ ਆਇਆ ਤਾਂ ਗੱਲ ਤੋੜ ਤੱਕ ਨਾ ਜਾ ਸਕੀ।
ਸਿਆਸੀ ਮਾਹਿਰ ਮੰਨਦੇ ਹਨ ਅਤੇ ਇਤਿਹਾਸ ਵੀ ਇਹੀ ਗਵਾਹੀ ਦਿੰਦਾ ਹੈ ਕਿ ਬੌਧਿਕ ਬੁਲੰਦੀ ਅਤੇ ਨਿੱਗਰ ਸਰਗਰਮੀ ਦਾ ਸੁਮੇਲ ਹੀ ਸੰਕਟਾਂ ਨੂੰ ਟੱਕਰ ਦਿੰਦਾ ਹੈ। ਇਸ ਤਰ੍ਹਾਂ ਦੀ ਮੁਕੰਮਲ ਸ਼ਖਸੀਅਤ ਹੀ ਤੂਫਾਨਾਂ ਵਿਚ ਫਸੇ ਬੇੜੇ ਪਾਰ ਲਾਉਂਦੀ ਹੈ। ਇਸ ਦਾ ਕਾਰਨ ਸ਼ਾਇਦ ਇਹੀ ਹੋਵੇ ਕਿ ਤੇਜ਼ੀ ਨਾਲ ਲਗਾਤਾਰ ਬਣ-ਵਿਗਸ ਰਹੇ ਹਾਲਾਤ ਦੇ ਮੁਤਾਬਕ, ਨਵਾਂ ਪਿੜ ਬੰਨ੍ਹਣ ਲਈ ਬਹੁਤ ਵਾਰ ਮੌਕੇ ‘ਤੇ ਫੈਸਲੇ ਕਰਨੇ ਪੈਂਦੇ ਹਨ। ਅਜਿਹੇ ਫੈਸਲੇ ਬੌਧਿਕ ਬੁਲੰਦੀ ਤੋਂ ਬਗੈਰ ਸੰਭਵ ਨਹੀਂ। ਪੰਜਾਬ ਵਿਚ ਇਸ ਤਰ੍ਹਾਂ ਦਾ ਜਲਵਾ ਪਿਛਲੀ ਦੇ ਤੀਜੇ ਦਹਾਕੇ ਦੌਰਾਨ ਇਕ ਲਿਸ਼ਕੋਰ ਵਾਂਗ ਲੋਕਾਂ ਦੇ ਨਜ਼ਰੀਂ ਪਿਆ ਸੀ ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਸਿਆਸਤ ਵਿਚ ਚੋਖਾ ਵੱਢ ਮਾਰਨ ਦਾ ਯਤਨ ਕੀਤਾ ਸੀ। ਇਸ ਦੀ ਗੂੰਜ ਉਸ ਵੇਲੇ ਕੌਮੀ ਸਿਆਸਤ ਵਿਚ ਛਾਏ ਮਹਾਤਮਾ ਗਾਂਧੀ ਨੂੰ ਵੀ ਸੁਣੀ ਸੀ। ਇਹ ਅਸਲ ਵਿਚ ਭਗਤ ਸਿੰਘ ਦੀ ਬੌਧਿਕ ਬੁਲੰਦੀ ਅਤੇ ਸਿਆਸੀ ਸਰਗਰਮੀ ਦਾ ਹੀ ਪ੍ਰਤਾਪ ਸੀ।
_________________________________
ਉਸਮਾ ਕਾਂਡ: ਲੜਕੀ ਨੂੰ ਕੁੱਟਣ ਵਾਲੇ ਪੁਲੀਸ ਮੁਲਾਜ਼ਮ ਗ੍ਰਿਫ਼ਤਾਰ
ਤਰਨ ਤਾਰਨ: ਪਿੰਡ ਉਸਮਾ ਦੀ ਦਲਿਤ ਲੜਕੀ ਹਰਬਿੰਦਰ ਕੌਰ ਨੂੰ ਕੁੱਟਣ ਦੇ ਦੋਸ਼ ਵਿਚ ਹਵਾਲਦਾਰ ਦਵਿੰਦਰ ਕੁਮਾਰ ਅਤੇ ਸਿਪਾਹੀ ਸਾਰਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਇਨ੍ਹਾਂ ਨੂੰ ਛੇ ਦਿਨਾਂ ਲਈ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ। ਇਨ੍ਹਾਂ ਦੋਹਾਂ ਨੂੰ ਐਸ਼ਪੀæ (ਟਰੈਫਿਕ) ਰਣਬੀਰ ਸਿੰਘ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਫੜਿਆ ਗਿਆ ਹੈ। ਮੁਲਜ਼ਮਾਂ ਨੂੰ ਵਿਭਾਗ ਵੱਲੋਂ ਪਹਿਲਾਂ ਹੀ ਮੁਅੱਤਲ ਕੀਤਾ ਹੋਇਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਮੈਜਿਸਟਰੇਟੀ ਜਾਂਚ ਵੀ ਕਰਵਾਈ ਜਾ ਰਹੀ ਹੈ ਅਤੇ ਏæਡੀæਜੀæਪੀæ (ਕਰਾਇਮ) ਵੀ ਵੱਖਰੇ ਤੌਰ ‘ਤੇ ਮਾਮਲੇ ਦੀ ਪੁਣ-ਛਾਣ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਤਰਨ ਤਾਰਨ ਦੇ ਇੱਕ ਮੈਰਿਜ ਪੈਲੇਸ ਦੇ ਬਾਹਰ 4 ਮਾਰਚ ਨੂੰ ਪੁਲੀਸ ਕਰਮਚਾਰੀਆਂ ਨੇ ਲੜਕੀ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ ਦੀ ਕੁੱਟਮਾਰ ਕੀਤੀ ਸੀ। ਇਸ ਲੜਕੀ ਨਾਲ ਕੁਝ ਟੈਕਸੀ ਡਰਾਈਵਰਾਂ ਨੇ ਛੇੜਖਾਨੀ ਕੀਤੀ ਸੀ। ਕੁੜੀ ਨੇ ਪਰਿਵਾਰ ਨੂੰ ਦੱਸਿਆ। ਇਸ ਤੋਂ ਦੋਹਾਂ ਪਾਸਿਆਂ ਤੋਂ ਤਕਰਾਰ ਵਧ ਗਿਆ। ਇੰਨੇ ਨੂੰ ਡਰਾਈਵਰ ਸਾਹਿਬ ਸਿੰਘ ਨੇ ਫੋਨ ਕਰ ਕੇ ਆਪਣੇ ਜਾਣਕਾਰ ਪੁਲਿਸ ਕਰਮਚਾਰੀਆਂ ਨੂੰ ਸੱਦ ਲਿਆ ਅਤੇ ਪੁਲਿਸ ਕਰਮਚਾਰੀਆਂ ਨੇ ਪੀੜਤ ਪਰਿਵਾਰ ਦੀ ਗੱਲ ਸੁਣਨ ਦੀ ਥਾਂ ਕੁੱਟਮਾਰ ਸ਼ੁਰੂ ਕਰ ਦਿੱਤੀ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਸ ਵਾਰਦਾਤ ਵਿਚ ਛੇ ਪੁਲੀਸ ਕਰਮਚਾਰੀ ਸ਼ਾਮਲ ਸਨ, ਇਸ ਲਈ ਸਾਰੇ ਛੇ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਹੋਵੇ ਅਤੇ ਉਨ੍ਹਾਂ ਨੂੰ ਨੌਕਰੀਆਂ ਤੋਂ ਬਰਖ਼ਾਸਤ ਕੀਤਾ ਜਾਵੇ।
__________________________________
ਜੱਜ ਵੀ ਤ੍ਰਾਹ-ਤ੍ਰਾਹ ਕਰ ਉੱਠੇ
ਨਵੀਂ ਦਿੱਲੀ: ਤਰਨ ਤਾਰਨ ਸ਼ਹਿਰ ਵਿਚ ਇਕ ਲੜਕੀ ਨੂੰ ਪੁਲੀਸ ਕਰਮੀਆਂ ਵੱਲੋਂ ਕੁੱਟਣ-ਮਾਰਨ ਦੀ ਘਟਨਾ ਦਾ ਸੁਪਰੀਮ ਕੋਰਟ ਨੇ ਆਪੇ ਕਾਰਵਾਈ ਕਰਦਿਆਂ ਗੰਭੀਰ ਨੋਟਿਸ ਲਿਆ ਹੈ। ਅਦਾਲਤ ਨੇ ਇਹ ਕਾਰਵਾਈ ਇਕ ਟੀæਵੀæ ਚੈਨਲ ‘ਤੇ ਪੁਲਿਸ ਮੁਲਾਜ਼ਮਾਂ ਵੱਲੋਂ ਲੜਕੀ ਨੂੰ ਕੁੱਟਣ ਦੀ ਵੀਡੀਓ ਦੇਖ ਕੇ ਕੀਤੀ ਹੈ।
ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਜਸਟਿਸ ਜੀæਐਸ਼ ਸਿੰਘਵੀ ਅਤੇ ਰੰਜਨਾ ਪ੍ਰਕਾਸ਼ ਦੇਸਾਈ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ ਪੁਲੀਸ ਦੀ ਵਹਿਸ਼ਤ ਦੇ ਦੋਸ਼ਾਂ ਬਾਰੇ ਜਵਾਬ ਦੇਣ ਲਈ ਕਿਹਾ। ਬੈਂਚ ਨੇ ਅਟਾਰਨੀ ਜਨਰਲ ਜੀæਈæ ਵਾਹਨਵਟੀ ਅਤੇ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਨੂੰ ਇਸ ਮੁੱਦੇ ਨਾਲ ਸਿੱਝਣ ਲਈ ਅਦਾਲਤ ਦੀ ਮੱਦਦ ਕਰਨ ਲਈ ਆਖਿਆ। ਇਸੇ ਦੌਰਾਨ ਗ੍ਰਹਿ ਮਾਮਲਿਆਂ ਬਾਰੇ ਰਾਜ ਮੰਤਰੀ ਆਰæਪੀæਐਨæ ਸਿੰਘ ਨੇ ਕਿਹਾ ਹੈ ਕਿ ਕੇਂਦਰ ਨੇ ਤਰਨ ਤਾਰਨ ਸ਼ਹਿਰ ਵਿਚ ਇਕ ਲੜਕੀ ਦੀ ਪੁਲੀਸ ਕਰਮੀਆਂ ਵੱਲੋਂ ਕੁੱਟਮਾਰ ਕਰਨ ਬਾਰੇ ਪੰਜਾਬ ਸਰਕਾਰ ਤੋਂ ਵੀ ਰਿਪੋਰਟ ਮੰਗੀ ਹੈ। ਰਾਜ ਸਭਾ ਵਿਚ ਸਿਫਰ ਕਾਲ ਦੌਰਾਨ ਕਾਂਗਰਸੀ ਮੈਂਬਰ ਪ੍ਰਭਾ ਠਾਕੁਰ ਨੇ ਮੰਗ ਕੀਤੀ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਵਿਚ ਲੜਕੀ ਨੂੰ ਕੁੱਟਣ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ। ਉਨ੍ਹਾਂ ਦੀ ਇਸ ਮੰਗ ਦਾ ਹੋਰ ਪਾਰਟੀਆਂ ਦੇ ਮੈਂਬਰਾਂ ਨੇ ਵੀ ਸਮਰਥਨ ਕੀਤਾ। ਸਦਨ ਦੀ ਕਾਰਵਾਈ ਚਲਾ ਰਹੇ ਡਿਪਟੀ ਚੇਅਰਮੈਨ ਪੀæਜੇæ ਕੁਰੀਅਨ ਨੇ ਵੀ ਕਿਹਾ ਕਿ ਇਸ ਮੰਗ ਉਪਰ ਸਾਰਾ ਸਦਨ ਸਹਿਮਤ ਹੈ ਕਿ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਸਰਕਾਰ ਵਿਚ ਭਾਈਵਾਲ ਭਾਜਪਾ ਦੇ ਮੈਂਬਰ ਬਲਬੀਰ ਪੁੰਜ ਨੇ ਆਪਣਾ ਭਾਈਵਾਲੀ ਫਰਜ਼ ਨਿਭਾਉਂਦਿਆਂ ਮਾਮਲੇ ਨੂੰ ਦਬਾਉਣ ਦਾ ਯਤਨ ਕੀਤਾ ਅਤੇ ਦੱਸਿਆ ਕਿ ਦੋਵੇਂ ਪੁਲੀਸ ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਹਨ। ਸ੍ਰੀਮਤੀ ਪ੍ਰਭਾ ਠਾਕੁਰ ਦਾ ਕਹਿਣਾ ਸੀ ਕਿ ਇੰਨੀ ਸਜ਼ਾ ਕਾਫੀ ਨਹੀਂ, ਮੁਲਜ਼ਮਾਂ ਨੂੰ ਬਰਖਾਸਤ ਕਰ ਕੇ ਕੇਸ ਚਲਾਇਆ ਜਾਵੇ।
____________________________________
ਕਿੱਥੇ ਨੇ ਕਾਮਰੇਡ?
ਬਠਿੰਡਾ: ਪੰਜਾਬ ਦੀ ਸਿਆਸਤ, ਸਮਾਜਕ ਖੇਤਰ ਅਤੇ ਜੁਝਾਰੂ ਅੰਦੋਲਨਾਂ ਵਿਚ ਕਮਿਊਨਿਸਟਾਂ ਦਾ ਚੰਗਾ ਦਖਲ ਰਿਹਾ ਹੈ ਅਤੇ ਇਹ ਵਧੀਕੀਆਂ ਖਿਲਾਫ ਅਕਸਰ ਉਠਦੇ ਰਹੇ ਹਨ। ਕਿਸੇ ਵੇਲੇ ਕਾਮਰੇਡ ਦਾ ਮਤਲਬ, ਕਹਿਰ ਨਾਲ ਮੱਥਾ ਲਾਉਣ ਦੇ ਬਰਾਬਰ ਹੁੰਦਾ ਸੀ। ਹੁਣ ਵੀ ਪੰਜਾਬ ਵਿਚ ਰਵਾਇਤੀ ਕਮਿਊਨਿਸਟ ਪਾਰਟੀਆਂ (ਸੀæਪੀæਆਈ ਤੇ ਸੀæਪੀææਐਮ) ਤੋਂ ਇਲਾਵਾ ਨਕਸਲਵਾਦੀਆਂ ਦੇ ਕਈ ਗਰੁੱਪ ਸਰਗਰਮ ਹਨ। ਇਹ ਆਪਣੇ ਵਿਤ ਮੁਤਾਬਕ ਅਜੇ ਵੀ ਸਰਗਰਮੀ ਕਰਦੇ ਹਨ ਪਰ ਅੱਜਕੱਲ੍ਹ ਸਿਆਸੀ ਬੁਰਛਾਗਰਦੀ ਖਿਲਾਫ ਜਿਹੜਾ ਪਿੜ ਬੱਝਣਾ ਚਾਹੀਦਾ ਸੀ, ਉਹ ਕਿਤੇ ਨਜ਼ਰੀਂ ਨਹੀਂ ਪੈ ਰਿਹਾ। ਇਹ ਸ਼ਾਇਦ ਤੀਲਾ-ਤੀਲਾ ਹੋਈ ਕਮਿਊਨਿਸਟ ਲਹਿਰ ਦੀ ਤਰਾਸਦੀ ਦੀ ਕੋਈ ਕਹਾਣੀ ਹੈ।
ਖਾੜਕੂ ਖਾਮੋਸ਼!
ਅੰਮ੍ਰਿਤਸਰ: ਪੰਜਾਬ ਦੇ ਕੁਝ ਖਾਸ ਹਿੱਸਿਆਂ ਵਿਚ ਕਿਸੇ ਵੇਲੇ ਸਰਕਾਰ, ਪ੍ਰਸ਼ਾਸਨ ਅਤੇ ਹਰ ਕਿਸੇ ਨੂੰ ਭਾਜੜ ਪਵਾਉਣ ਵਾਲੇ ਖਾੜਕੂ ਅੱਜਕੱਲ੍ਹ ਖਾਮੋਸ਼ ਹਨ। ਗੁਰੂ ਦਾ ਖਾਲਸਾ ਸਦਾ ਵਧੀਕੀਆਂ ਖਿਲਾਫ ਖੜ੍ਹਦਾ ਰਿਹਾ ਹੈ ਅਤੇ ਖਾੜਕੂ ਲੀਡਰਸ਼ਿਪ ਦੇ ਦਾਅਵੇ ਵੀ ਇਹੀ ਸਨ, ਪਰ ਇਕ ਦੌਰ ਦੀ ਸਮਾਪਤੀ ਤੋਂ ਬਾਅਦ ਖਾੜਕੂ, ਪੰਜਾਬ ਦੀ ਸਿਆਸਤ ਵਿਚ ਕਿਤੇ ਪੈਰ ਅੜਾਉਣ ਵਿਚ ਵੀ ਅਸਫਲ ਰਹੇ ਹਨ। ਚੋਣ ਸਿਆਸਤ ਵਿਚੋਂ ਤਾਂ ਖੈਰ ਨਿਕਲਣਾ ਹੀ ਕੀ ਸੀ! ਇਹ ਤਾਂ ਅੰਨ੍ਹੀ ਗਲੀ ਸੀ ਜਿਸ ਵਿਚ ਟੱਕਰਾਂ ਮਾਰ-ਮਾਰ ਬਹੁਤ ਸਾਰੇ ਧੁਨੰਤਰ ਹਫ ਕੇ ਬੈਠ ਗਏ, ਪਰ ਪੰਜਾਬ ਦੀ ਅਜ਼ਮਤ ਦੀ ਲੜਾਈ ਤਾਂ ਹਰ ਮੋਰਚੇ ‘ਤੇ ਲੜੀ ਜਾਣੀ ਸੀ। ਕਿਤੇ ਕੋਈ ਪੈੜ ਨਹੀਂ ਦਿਸ ਰਹੀ!
ਕਾਂਗਰਸੀਆਂ ਤੇ ਅਕਾਲੀਆਂ ਦਾ ਪੰਜਾਬ?
ਚੰਡੀਗੜ੍ਹ: ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚ ਸਿਆਸੀ ਗੋਲਬੰਦੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੁਆਲੇ ਹੋ  ਰਹੀ ਹੈ। ਕਾਂਗਰਸੀ ਅਤੇ ਅਕਾਲੀ ਆਗੂ ਇਕ-ਦੂਜੀ ਪਾਰਟੀ ਵਿਚ ਆ-ਜਾ ਵੀ ਰਹੇ ਹਨ। ਸ਼ ਬਲਵੰਤ ਸਿੰਘ ਰਾਮੂਵਾਲੀਆਂ ਜਦੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਚੇਲੇ ਬਣੇ ਸਨ ਤਾਂ ਉਨ੍ਹਾਂ ਪੰਜਾਬ ਵਿਚ ਤੀਜੇ ਫਰੰਟ ਦੀ ਗੱਲ ਤੋਰੀ ਸੀ ਅਤੇ ਖੁਦ ਆਪਣੀ ਵੱਖਰੀ ਜਥੇਬੰਦੀ, ਲੋਕ ਭਲਾਈ ਪਾਰਟੀ, ਵੀ ਬਣਾਈ ਸੀ, ਪਰ ਆਖਰਕਾਰ ਉਨ੍ਹਾਂ ਵੀ ਸ਼ ਪ੍ਰਕਾਸ਼ ਸਿੰਘ ਬਾਦਲ ਦੇ ਦਰ ਜਾ ਕੇ ਮੱਥਾ ਟੇਕ ਦਿੱਤਾ। ਸ਼ ਮਨਪ੍ਰੀਤ ਸਿੰਘ ਬਾਦਲ ਤੀਜੀ ਤਾਕਤ ਉਸਾਰਨ ਲਈ ਅਹੁਲੇ, ਪਰ ਉਹ ਵੀ ਬੇੜੀ ਬੰਨ੍ਹੇ ਨਹੀਂ ਲਾ ਸਕੇ ਅਤੇ ਅੱਜਕੱਲ੍ਹ ਆਪ ਘੁੰਮਣਘੇਰੀ ਵਿਚ ਫਸੇ ਹੋਏ ਹਨ। ਹੁਣ ਲੈ-ਦੇ ਕੇ ‘ਪੰਜਾਬ ਦੋਖੀ’ ਕਾਂਗਰਸ ਅਤੇ ‘ਲੋਕ ਦੋਖੀ’ ਅਕਾਲੀ ਦਲ ਨੇ ਪਿੜ ਮੱਲਿਆ ਹੋਇਆ ਹੈ।

Be the first to comment

Leave a Reply

Your email address will not be published.