ਸ਼ੇਰੇ-ਪੰਜਾਬ ਦੀ ਪੋਤੀ

ਸਾਡਾ ਵਿਰਸਾ ਸਾਡਾ ਮਾਣ
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ।

‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ। ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਪਤਾ ਲਗਦਾ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਤੇ ਵਾਕ ਬਣਤਰ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰ ਹੋ ਸਕਣ। -ਸੰਪਾਦਕ

ਸਾਡੀ ਕੌਮ ਵਿਚ ਰਾਜ ਭਾਗ ਦੀ ਤਾਕਤ ਲਿਆਉਣ ਵਾਲੇ ਖਾਲਸਾ ਰਾਜ ਦੇ ਬਾਨੀ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਉਮਰ ਕੈਦ ਰਹੇ, ਮਰ ਮਿਟੇ, ਸਾਡੇ ਮਹਾਰਾਜਾ ਦਲੀਪ ਸਿੰਘ ਜੀ ਦੀ ਧੀ ਪ੍ਰਿੰਸਸ ਸੋਫੀਆ ਦਲੀਪ ਸਿੰਘ ਨੇ 30 ਦਸੰਬਰ ਨੂੰ ਲੰਡਨ ਵਿਚ ਟੈਕਸ ਜਾਂ ਹਾਲਾ ਭਰਨ ਤੋਂ ਨਾਂਹ ਕਰ ਦਿੱਤੀ ਹੈ। ਇਹ ਬੀਬੀ ਵੀ ਵੋਟ ਦਾ ਹੱਕ ਮੰਗਣ ਵਾਲੀਆਂ ਔਰਤਾਂ ਦੀ ਸਾਥਨ ਹੈ ਤੇ ਹਾਲਾ ਨਾ ਤਾਰਨ ਵਾਲੀਆਂ ਤੀਵੀਆਂ ਦੇ ਜੱਥੇ ਦੀ ਮੈਂਬਰ ਹੈ। ਕਚਹਿਰੀ ਵਿਚ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਨੇ ਗੱਜ ਕੇ ਕਿਹਾ ਕਿ ਜਦ ਸਰਕਾਰ ਮੈਨੂੰ ਸਿਟੀਜ਼ਨ ਮੰਨੇਗੀ (ਅਰਥਾਤ ਵੋਟ ਦੇਣ ਦਾ ਹੱਕ ਦੇਵੇ) ਤਾਂ ਮੈਂ ਉਨ੍ਹਾਂ ਖਰਚਾਂ ਦਾ ਹਿੱਸਾ ਭੀ ਦਿਆਂਗੀ ਜਿਸ ਨਾਲ ਰਾਜ ਦਾ ਕੰਮ ਚਲਦਾ ਹੈ, ਪਰ ਜੇ ਵੋਟ ਦੀ ਵਾਰੀ ਮੈਨੂੰ ਕੁਝ ਨਹੀਂ ਸਮਝਿਆ ਜਾਂਦਾ ਤਾਂ ਹਾਲਾ ਭਰਨ ਦੀ ਵਾਰੀ ਭੀ ਮੈਂ ਉਹ ਹੀ ਸ਼ੈ ਹਾਂ! ਭਾਵੇਂ ਮਹਾਰਾਜਾ ਦਲੀਪ ਸਿੰਘ ਨਿਆਣੀ ਉਮਰ ਤੋਂ ਹੀ ਇੰਗਲੈਂਡ ਵਿਚ ਰਹਿਣ ਕਰਕੇ ਤੇ ਮਾੜੇ ਭਾਗਾਂ ਨੂੰ ਗਲ ਪਈ ਕੁਸੰਗਤ ਕਰਕੇ ਈਸਾਈ ਹੋ ਗਿਆ ਸੀ, ਪਰ ਖਾਲਸਾ ਜੀ ਦਾ ਲਹੂ ਤਾਂ ਮਹਾਰਾਜਾ ਰਣਜੀਤ ਸਿੰਘ ਬਲੂਰ ਪੁੱਤਰ ਦੀ ਧੀ ਵਿਚ ਕਾਇਮ ਸੀ। ਭਾਵੇਂ ਜਾਇਦਾਦ ਜਬਰੀ ਜਾਏ, ਪਰ ਹੱਕ ਲੈਣ ਲਈ ਸਿਦਕ ਨਾਲ ਖਲੋਂਦੀ ਹੈ।
ਕਿਥੇ ਕੈਨੇਡਾ ਨਿਵਾਸੀ ਖਾਲਸਾ ਜੀ ਜਿਹੜੇ ਗਵਰਨਮੈਂਟ ਨੂੰ ਹਜ਼ਾਰਾਂ ਡਾਲੇ ਟੈਕਸ ਭਰਦੇ ਹਨ, ਪਰ ਇਹ ਪੁੱਛਣ ਲਈ ਕਿ ਉਹ ਕਿਥੇ ਖਰਚ ਹੁੰਦਾ ਹੈ, ਇਨ੍ਹਾਂ ‘ਤੇ ਕੁਝ ਨਹੀਂ ਸਰਦਾ। ਇਹੋ ਜਿਹੇ ਸੱਚੇ ਮਨਸੂਬੇ ਧਾਰਨੇ ਸਚਮੁੱਚ ਡਾਢੇ ਔਖੇ ਹਨ ਤੇ ਫੇਰ ਇੰਡੀਆ ਦੇ ਗੁਲਾਮਾਂ ਤੇ ਆਰਾਮ ਵਿਚ ਪਿਆਂ ਲਈ ਤਾਂ ਬੇਅੰਤ ਕਣ ਜਾਪਦੇ ਹਨ।
ਖਾਲਸਾ ਜੀ! ਹੁਣ ਤਾਂ ਤੁਹਾਡੀ ਪ੍ਰਦੇਸਣ ਪੁੱਤਰੀ ਸ਼ਰਮ ਦਿੰਦੀ ਹੈ। ਹੁਣ ਤਾਂ ਕੈਨੇਡਾ ਵਿਚ ਵੋਟ ਦਾ ਹੱਕ ਲੈਣ ਲਈ ਕੁਝ ਉਦਮ ਕਰੋ।

ਇਕ ਹੋਰ ਫੰਦਾ
ਕਿਸੇ ਨੂੰ ਧੋਖਾ ਦੇਣਾ ਜਾਂ ਇਕਰਾਰ ਕਰਕੇ ਮੁਕਰ ਜਾਣਾ, ਇਹ ਕਾਨੂੰਨੀ ਜੁਰਮ ਹਨ, ਪਰ ਜਦ ਕੋਈ ਗਵਰਨਮੈਂਟ ਖੁਦ ਇਸ ਤਰ੍ਹਾਂ ਕਰੇ ਤਾਂ ਇਹਨੂੰ ਜੁਰਮ ਨਹੀਂ ਕਹਿੰਦੇ ਸਗੋਂ ਰਾਜਨੀਤੀ ਕਹਿੰਦੇ ਹਨ। ਚਾਰ ਸਾਲ ਹਿੰਦੁਸਤਾਨੀਆਂ ਦੀਆਂ ਅੱਖਾਂ ਵਿਚ ਘਟਾ ਪਾ ਕੇ ਕੈਨੇਡਾ ਦੀ ਸਰਕਾਰ ਨੇ ਝੂਠੇ ਕਾਨੂੰਨ ਜੋ ਅੰਤ ਕਚਹਿਰੀ ਵਿਚ ਝੂਠਾ (ਸਾਬਤ) ਹੋਇਆ ਹੈ ਤੇ ਜਿਸ ਨੂੰ ਆਪ ਗਵਰਨਮੈਂਟ ਨੇ ਮੰਨ ਲਿਆ ਹੈ, ਨਾਲ ਚੰਗੀ ਤਰ੍ਹਾਂ ਰਗੜਿਆ। ਜਿਸ ਦਿਨ ਦਾ ਜੱਜ ਨੇ ਹਿੰਦੂਆਂ ‘ਤੇ ਵਰਤੇ ਜਾ ਰਹੇ ਇਮੀਗਰੇਸ਼ਨ ਦੇ ਕਾਨੂੰਨ ਨੂੰ ਨਕੰਮਾ ਦੱਸਿਆ, ਉਸੀ ਦਿਨ ਤੋਂ ਕੈਨੇਡਾ ਵਿਚ ਹਰ ਥਾਂ ‘ਤੇ ਰੌਲੇ ਪੈ ਰਹੇ ਸਨ। ਪਾਰਲੀਮੈਂਟ ਦੇ ਮੈਂਬਰਾਂ, ਅਖਬਾਰਾਂ ਵਾਲਿਆਂ ਤੇ ਹੋਰ ਗਵਰਨਮੈਂਟ ਦੇ ਆਗੂਆਂ ਲਈ ਤਾਂ ਇਕ ਬੜਾ ਉਪਮਾ ਖੱਟਣ ਦਾ ਮੌਕਾ ਸੀ। ਹਰ ਪਾਸੇ ਰੱਜ ਕੇ ਹਿੰਦੂਆਂ ਨੂੰ ਗਾਲੀਆਂ ਦਿੱਤੀਆਂ ਗਈਆਂ ਤੇ ਹਿੰਦੂਆਂ ਦੇ ਆ ਵੜਨ ਨਾਲ ਇਸ ਦੇਸ਼ ਦੇ ਰੁੜ੍ਹ ਜਾਣ ਦੇ ਅਲੰਕਾਰ ਬਣ ਕੇ ਦੱਸੇ ਗਏ। ਇਕ ਇਕ ਜਹਾਜ਼ ਵਿਚ ਚੀਨੇ ਅੱਠ ਅੱਠ ਸੌ ਆ ਰਹੇ ਹਨ। ਕਿਸੇ ਮੈਂਬਰ ਜਾਂ ਵਜ਼ੀਰ ਦੇ ਕੰਨ ‘ਤੇ ਜੂੰ ਤਕ ਨਹੀਂ ਖਿਸਕਦੀ, ਪਰ ਜੇ ਇਕ ਭੀ ਹਿੰਦੀ ਬ੍ਰਿਟਿਸ਼ ਕੋਲੰਬੀਆ ਦੀ ਹੱਦ ‘ਤੇ ਪੁੱਜਾ ਤਾਂ ਸਾਰਿਆਂ ਨੇ ਰੌਲਾ ਪਾਇਆ ਕਿ ਇੰਡੀਆ ਦੇ ਤੇਤੀ ਕਰੋੜ ਵਸਨੀਕ ਘਰ ਬਾਰ ਛੱਡ ਕੇ ਹਾਂਗਕਾਂਗ ਆ ਗਏ ਹਨ। ਝੂਠ ਤੂਫਾਨ ਤੋਲਣੇ ਆਪਣੇ ਆਦਮੀ ਲਈ ਸ਼ਰਮ ਹੈ, ਪਰ ਕੌਣ ਪੁੱਛਦਾ ਹੈ। ਇਥੋਂ ਤਾਂਈਂ ਕਿ ਇਸ ਮੌਕੇ ਵਿਕਟੋਰੀਏ ਵੱਲੋਂ ਪਾਰਲੀਮੈਂਟ ਦੇ ਮੈਂਬਰ ਮਿਸਟਰ ਬਰਨਰਡ ਸਾਹਿਬ ਨੇ ਭੀ ਜੋ ਸਦਾ ਮੌਨ ਰੂਪ ਰਹੇ ਹਨ, ਉਪਮਾ ਖੱਟਣ ਦਾ ਮੌਕਾ ਤਾੜਿਆ ਤੇ ਆਪ ਨੇ ਭੀ ਚੁਕੰਨਾ ਕੀਤਾ ਤੇ ਆਖਿਆ ਕਿ ਮੈਂ ਭੀ ਹਿੰਦੂਆਂ ਦੇ ਇਸ ਦੇਸ਼ ਵਿਚ ਵੜਨ ਦੇ ਸਖਤ ਵਿਰੁਧ ਹਾਂ। ਮਿਸਟਰ ਸਟੀਵਨਜ਼ ਤੇ ਕਈ ਹਮਜੋਲੀਆਂ ਨੂੰ ਤਾਂ ਹਿੰਦੂਆਂ ਨੂੰ ਗਾਲਾਂ ਦੇਣ ਦੇ ਮਾਅਰਕੇ ਵਿਚ ਚੰਗੀ ਵਡਿਆਈ ਮਿਲੀ। ਆਮ ਕਰਕੇ ਪਿਛਲੇ ਚਾਰ ਸਾਲ ਪਰ ਹੁਣ ਦੋ ਹਫਤੇ ਤਾਂ ਖਾਸਾ ਧੁਮਚੱੜ ਪਿਆ ਤੇ ਅੰਤ ਮੇਰੀ ਜਾਨ ਗਈ। ਆਪ ਦੀ ਅਦਾਲਤ ਦੇ ਆਖਣ ਅਨੁਸਾਰ ਹਿੰਦੂਆਂ ਨੂੰ ਇਕ ਨਵੇਂ ਆਰਡਰ, ਇਕ ਕੌਂਸਲ ਕਾਨੂੰਨ ਨਾਲ 31 ਮਾਰਚ 1914 ਤਕ ਬ੍ਰਿਟਿਸ਼ ਕੋਲੰਬੀਆ ਵਿਚ ਵੜਨ ਤੋਂ ਰੋਕਿਆ ਗਿਆ ਹੈ। ਪਹਿਲਾਂ ਕਾਨੂੰਨ ਝੂਠਾ ਸੀ। ਫੰਦਾ ਸੀ। ਹੁਣ ਉਸ ‘ਤੇ ਇਕ ਇਕ ਹੋਰ ਫੰਦਾ ਸਿੱਟਿਆ ਗਿਆ ਹੈ ਤੇ ਇਥੇ 15 ਦਸੰਬਰ ਤੋਂ ਜਾਰੀ ਹੋ ਗਿਆ ਹੈ।

ਟੱਬਰ ਮੰਗਵਾਉਣ ਦਾ ਮੁਕੱਦਮਾ
ਇਹ ਤਾਂ ਹੁਣ ਪ੍ਰਤੱਖ ਹੈ ਕਿ ਗਵਰਨਮੈਂਟ ਸਾਡੀ ਕੌਮ ਨੂੰ ਕਮਜ਼ੋਰ ਸਮਝ ਕੇ ਸਾਡੇ ਉਤੇ ਧੱਕੇਬਾਜ਼ੀ ਕਰਨ ‘ਤੇ ਤੁਲੀ ਬੈਠੀ ਹੈ। ਉਸ ਨੇ ਸਾਨੂੰ ਚਾਰ ਸਾਲ ਔਰਤਾਂ, ਬੱਚਿਆਂ ਤਕ ਨੂੰ ਨਾ ਮੰਗਵਾ ਸਕਣ ਵਾਲੇ ਝੂਠੇ ਤੇ ਅਵੈੜੇ ਕਾਨੂੰਨ ਨਾਲ ਦੁਖੀ ਕੀਤਾ ਤੇ ਸਾਡੀ ਪੁੱਜ ਕੇ ਨਿਰਾਦਰੀ ਕੀਤੀ। ਹੁਣ ਰੱਬ-ਰੱਬ ਕਰਕੇ ਉਹ ਪਾਪੀ ਕਾਨੂੰਨ ਰੱਦ ਹੋਇਆ ਤਾਂ ਹੁਣ ਸਾਡੇ ਲਈ ਇਕ ਹੋਰ ਅੜਿੱਕਾ ਖੜ੍ਹਾ ਕਰ ਦਿੱਤਾ ਹੈ ਜੋ ਸਰਾਸਰ ਬੋਦਾ ਹੈ, ਜਿਸ ਤਰ੍ਹਾਂ ਅਗਲਾ ਚਾਰ ਸਾਲ ਦਾ ਝੂਠ ਹੁਣ ਪ੍ਰਗਟ ਹੋਇਆ ਹੈ। ਇਹ ਹੁਣ ਦਾ ਅੜਿੱਕਾ ਭੀ ਉੱਡ ਜਾਵੇਗਾ ਤੇ ਅੰਤ ਗਵਰਨਮੈਂਟ ਨੂੰ ਸਾਫ ਲਫਜ਼ਾਂ ਵਿਚ ਦੱਸਣਾ ਪਵੇਗਾ ਕਿ ਹਿੰਦੁਸਤਾਨੀਆਂ ਤੇ ਇਸ ਕਰਕੇ ਖਾਸ ਧੱਕੇਸ਼ਾਹੀ ਕੀਤੀ ਜਾਂਦੀ ਹੈ। ਸਾਡਾ ਧਰਮ ਹੈ ਕਿ ਇਸ ਗੋਲਮੋਲ ਧੱਕੇਬਾਜ਼ੀ ਨੂੰ ਹਰ ਸੂਰਤ ਪ੍ਰਗਟ ਕਰੀਏ। ਨਵੇਂ ਆਰਡਰ ਪਾਸ ਹੁੰਦੇ ਸਾਰ ਯੂਨਾਈਟਿਡ ਇੰਡੀਆ ਐਸੋਸੀਏਸ਼ਨ ਵਿਕਟੋਰੀਆ ਦੇ ਮੈਂਬਰ ਇਕੱਠੇ ਹੋ ਕੇ ਜਹਾਜ਼ੀ ਕੰਪਨੀਆਂ ਤੋਂ ਆਪਣੀਆਂ ਔਰਤਾਂ ਤੇ ਬੱਚਿਆਂ ਲਈ ਟਿਕਟ ਖਰੀਦਣ ਗਏ, ਅੱਗੇ ਕੰਪਨੀਆਂ ਵਾਲਿਆਂ ਨੇ ਗਵਰਨਮੈਂਟ ਦੀਆਂ ਹਿੰਦੂਆਂ ਨੂੰ ਟਿਕਟ ਨਾ ਵੇਚਣ ਦੀਆਂ ਗੁਪਤ ਘੂਰੀਆਂ ਤੋਂ ਡਰ ਕੇ ਟਿਕਟ ਦੇਣ ਤੋਂ ਨਾਂਹ ਕੀਤੀ। ਸਭ ਭਰਾਵਾਂ ਨੇ ਇਕੱਠ ਕਰਕੇ ਕੰਪਨੀਆਂ ਤੇ ਵਿਕਟੋਰੀਏ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਕਰ ਦਿੱਤਾ ਹੈ ਕਿ ਅਸੀਂ ਆਪਣੀਆਂ ਸਿੰਘਣੀਆਂ ਤੇ ਬੱਚਿਆਂ ਨੂੰ ਇਥੇ ਲਿਆਉਣ ਲਈ ਟਿਕਟ ਮੰਗਦੇ ਹਾਂ ਤਾਂ ਇਹ ਕੰਪਨੀਆਂ ਨਾਂਹ ਕਰਦੀਆਂ ਹਨ। ਅਸੀਂ ਡਾਲਰ ਦਿੰਦੇ ਹਾਂ। ਇਨ੍ਹਾਂ ਕੰਪਨੀਆਂ ਨੂੰ ਕਾਨੂੰਨੀ ਤੌਰ ਪੁਰ ਟਿਕਟ ਦੇਣ ਲਈ ਮਜਬੂਰ ਕੀਤਾ ਜਾਵੇ। ਪਹਿਲੀ ਪੇਸ਼ੀ ਦਸੰਬਰ ਨੂੰ ਹੈ। ਐਸੋਸੀਏਸ਼ਨ ਦੇ ਮੈਂਬਰ ਸਭ ਭਰਾਵਾਂ ਦੀ ਸੇਵਾ ਵਿਚ ਬੇਨਤੀ ਕਰਦੇ ਹਨ ਕਿ ਉਹ ਸਾਡੇ ਨਾਲ ਰਲ ਕੇ ਇਸ ਮੁਕੱਦਮੇ ਨੂੰ ਜਿੱਤਣ ਵਿਚ ਮਦਦੀ ਬਣਨ।

ਸਾਡੀ ਗਫਲਤ ਦੇ ਭੈੜੇ ਸਿੱਟੇ
ਉਹ ਭੀ ਦਿਨ ਸਨ ਜਦ ਅਸੀਂ ਇਸ ਦੇਸ਼ ਵਿਚ ਕਈ ਹਜ਼ਾਰਾਂ ਦੀ ਗਿਣਤੀ ਵਿਚ ਸਾਂ। ਵੱਡੇ-ਵੱਡੇ ਪਹਾੜ ਕੰਮਾਂ ਨੂੰ ਕਰਨ ਲਈ ਐਵੇਂ ਸਾਡਾ ਪਾਸਾ ਫੇਰਨਾ ਹੀ ਪੂਰਾ ਕਰ ਜਾਂਦਾ ਸੀ। ਅਸੀਂ ਉਸ ਗਿਣਤੀ ਤੋਂ ਕਈ ਹਜ਼ਾਰਾਂ ਹੋ ਸਕਦੇ ਸਾਂ, ਪਰ ਹਾਏ ਅਸੀਂ ਗਾਫਲ ਸਾਂ। ਤਲਵਾਰ ਬੜੀ ਤੇਜ਼ ਹੈ ਤੇ ਆਦਮੀ ਦੇ ਸਿਰ ਨੂੰ ਇਕ ਫੋਰ ਵਿਚ ਕੱਟ ਕੇ ਰੱਖ ਦਿੰਦੀ ਹੈ, ਪਰ ਅਨਜਾਣਪੁਣਾ ਤੇ ਗਫਲਤ ਹਜ਼ਾਰਾਂ ਤੇ ਲੱਖਾਂ ਆਦਮੀਆਂ ਦੇ ਸਿਰਾਂ ਨੂੰ ਕੱਟਣ ਲੱਗਿਆਂ ਇਕ ਫੋਰ ਭੀ ਨਹੀਂ ਲਾਉਂਦੇ। ਕੀ ਤੁਸੀਂ ਦੇਖ ਨਹੀਂ ਰਹੇ ਕਿ ਤੀਹ ਕਰੋੜ ਬੰਦੇ ਜਿਨ੍ਹਾਂ ਦੀ ਤਾਕਤ ਬੇਅੰਤ ਹੈ, ਸਿਰਫ ਅਨਜਾਣ ਤੇ ਗਾਫਲ ਹੋਣ ਕਰਕੇ ਸਿਰ ਕੱਟਿਆਂ ਨਾਲੋਂ ਭੀ ਭੈੜੀ ਹਾਲਤ ਵਿਚ ਪਏ ਹਨ। ਹਾਂ, ਇਸ ਪਾਪਣ ਗਫਲਤ ਨੇ ਹੀ ਕੈਨੇਡਾ ਵਿਚ ਸਾਡੇ ਟੋਟੇ ਕੀਤੇ ਹਨ ਤੇ ਇਹ ਡੈਣ ਅੱਜ ਸਾਡੇ ਟੁਕੜੇ ਕਰ ਰਹੀ ਹੈ। ਚਾਰ ਸਾਲ ਇਕ ਝੂਠਾ ਕਾਨੂੰਨ ਸਾਡੇ ‘ਤੇ ਵਰਤ ਹੁੰਦਾ ਰਿਹਾ। ਕੀ ਅਜੇ ਭੀ ਤੁਹਾਨੂੰ ਸ਼ੱਕ ਹੈ ਕਿ ਚਾਰ ਸਾਲ ਤਾਂਈਂ ਸਾਡੀਆਂ ਅੱਖਾਂ ਵਿਚ ਘਟਾ ਨਹੀਂ ਪੈਂਦਾ ਰਿਹਾ ਤੇ ਉਹ ਹੀ ਕਾਨੂੰਨ ਜੋ ਸਰਾਸਰ ਗਲਤ ਸੀ, ਅਸਾਂ ਭੌਂਦੂਆਂ ‘ਤੇ ਚਲਦਾ ਨਹੀਂ ਰਿਹਾ ਜਿਸ ਨਾਲ ਇਕ ਭੀ ਹਿੰਦੀ ਦਾ ਕੈਨੇਡਾ ਵਿਚ ਆ ਕੇ ਸਾਡਾ ਪ੍ਰਦੇਸੀ ਭਰਾ ਬਣਨਾ ਕਠਿਨ ਹੋ ਗਿਆ। ਬੱਚੇ, ਇਸਤਰੀਆਂ ਤੱਕ ਨੂੰ ਜੋ ਸਾਡੇ ਲਹੂ ਦਾ ਲਹੂ ਤੇ ਸਾਡੇ ਸਰੀਰ ਸਨ, ਧੱਕੇ ਪਏ। ਹਾਂ, ਪਾਪਣ ਗਫਲਤ! ਇਹ ਸਭ ਕੁਝ ਸਾਡੇ ਤੋਂ ਤੂੰ ਹੀ ਕਰਾਇਆ। ਇਹ ਕਾਨੂੰਨ ਜੋ ਹੁਣ ਆ ਕੇ ਟੁੱਟਾ ਹੈ ਜਿਸ ਦਿਨ ਪਾਸ ਹੋਇਆ ਹੈ, ਉਸ ਦਿਨ ਭੀ ਟੁੱਟ ਸਕਦਾ ਸੀ, ਪਰ ਸੁਤਿਓ ਹੋਇਓ ਵੀਰੋ, ਆਪਣੀ ਗਫਲਤ ਮੰਨੋ।
ਅੱਜ ਸਾਡੀ ਗਿਣਤੀ ਪਹਿਲੇ ਜੋਬਨ ‘ਤੇ ਨਹੀਂ ਹੈ। ਜੋ ਕੰਮ ਅੱਗੇ ਅਸੀਂ ਚੁਟਕੀ ਵਜਾਇਆਂ ਕਰ ਸਕਦੇ ਸਾਂ, ਅੱਜ ਸਾਨੂੰ ਉਸ ਲਈ ਤੌੜੀਆਂ ਵਜਾਉਣ ਦੀ ਲੋੜ ਹੈ।
ਅਸੀਂ ਕਰਮਹੀਣ ਗਾਫਲ ਆਪ ਦੀਆਂ ਲੜਾਈਆਂ ਲੜ ਕੇ ਤੇ ਫਸਾਦਾਂ ‘ਤੇ ਹੀ ਲਲਕਾਰੇ ਮਾਰ ਕੇ ਮਰਦਊ ਦੱਸਦੇ ਰਹੇ, ਪਰ ਤਾਂ ਹੀ ਪਤਾ ਲੱਗਾ, ਜਦ ਵੈਰੀਆਂ ਦੀ ਦਾਤੀ ਸਾਡੇ ਹਿੰਦ ਦੇ ਜਾਇਆਂ ਦੇ ਸੀਨੇ ਚਾਕ ਕਰ ਚੁੱਕੀ ਸੀ ਤੇ ਸਾਡੇ ਕੌਮੀ ਹੱਕਾਂ ਦਾ ਦੀਵਾ ਬੁਝਣ ਦੇ ਨੇੜੇ ਆ ਪੁੱਜਾ ਸੀ। ਇਕ-ਇਕ ਗਫਲਤ ਗਿਣੀਏ ਤਾਂ ਦਫਤਰ ਬਣ ਜਾਂਦੇ ਹਨ, ਪਰ ਰੋਣਾ ਤਾਂ ਇਸ ਗੱਲ ਦਾ ਹੈ ਕਿ ਅਜੇ ਭੀ ਅਸੀਂ ਉਹੋ ਜਿਹੇ ਹੀ ਕੋਰੇ ਤੇ ਗਾਫਲ ਹਾਂ ਜਿਹੋ ਜਿਹੇ ਪਹਿਲਾਂ ਸੀ। ਉਟਾਵੇ ਵਿਚ ਤੇ ਲੰਡਨ ਵਿਚ ਸਾਡੇ ਲਈ ਹੋਰ ਕਾਨੂੰਨ ਬਣਾਉਣ ਲਈ ਜਿਸ ਦਾ ਨਮੂਨਾ ਹੁਣੇ ਹੀ ਪਾਸ ਹੋਏ ਆਰਡਰ ਇਨ ਕੌਂਸਲ ਨੂੰ ਦੇਖ ਲਵੋ, ਤਾਰਾਂ ਪੁਰ ਤਾਰਾਂ ਖੜਕ ਰਹੀਆਂ ਹਨ। ਸਾਡੇ ਬੰਦ ਕਰਨ ਵਾਲੇ ਤੇ ਰੋਕਣ ਵਾਲਿਆਂ ਨੂੰ ਪੱਟਣ ਦਾ ਵਿਹਲ ਨਹੀਂ ਤੇ ਵੀਹ-ਵੀਹ ਘੰਟੇ ਤਕ ਬੈਠੇ ਜੁਗਤਾਂ ਸੋਚ ਰਹੇ ਹਨ, ਪਰ ਸਾਡੇ ਗਾਫਲਾਂ ਦੇ ਦੁਆਲੇ ਉਸ ਹੀ ਹਾਲਤ ਵਿਚ ਹਨ ਜਿਸ ਨੇ ਸਾਡਾ ਅੱਗਾ ਨਾਸ ਕੀਤਾ ਹੈ।
ਪਿਆਰੇ ਵੀਰੋ! ਯਾਦ ਰੱਖੋ, ਹੁਣ ਸਮਾਂ ਬਹੁਤ ਨਹੀਂ। ਹੁਣ ਤਾਂ ਬੇੜੀ ਡੱਕੇ ਡੋਲੇ ਖਾ ਰਹੀ ਹੈ। ਜੇ ਅਜੇ ਭੀ ਕੁਝ ਨਹੀਂ ਕਰਨਾ ਤੇ ਝਗੜੇ ਝਾਂਜਿਆਂ ਤੇ ਰੌਲਿਆਂ ਵਿਚ ਹੀ ਦਿਨ ਟਪਾਉਣੇ ਹਨ ਤਾਂ ਅੱਜ ਨਾ ਕਲ੍ਹ, ਔਹ ਲਓ ਹੋ ਗਈ ਸਮਝੋ। ਅਜੇ ਭੀ ਗਫਲਤ ਦਾ ਕੁਝ ਅੰਤ ਹੈ, ਭਾਈ ਭਗਵਾਨ ਸਿੰਘ ਨੂੰ ਬੇਦਸਤੂਰਾ ਪਕੜਿਆ ਜਾਵੇ ਤਾਂ ਦਸ ਲੱਖ ਫੌਜ ਤੱਕਦੀ ਰਹੇ। ਉਸ ਦੀਆਂ ਕੜੀਆਂ ਵਿਚ ਲਹੂ ਚਲੇ ਤਾਂ ਭੀ ਖਾਲਸਾ ਬਹਾਦਰਾਂ ਦੀਆਂ ਆਸਾਂ ਵਕੀਲ ‘ਤੇ ਹੋਣ। ਉਸ ਨੂੰ ਜਹਾਜ਼ ਵਿਚ ਸੁਟਿਆ ਜਾਵੇ ਤਾਂ ਅਜੇ ਭੀ ਬਾਹਰ ਖੜ੍ਹੇ ਦਰਦੀ ਧੁਮਚੱੜ ਪਾਉਣ ਤੇ ਆਪਣੀ ਕਿਸਮਤ ਦੀ ਡੋਰੀ ਵਕੀਲ ਦੇ ਕਾਗਜ਼ ‘ਤੇ ਸੁੱਟ ਕੇ ਬੰਦੇ ਮਾਤਰਮ ਗਜਾਉਣ ਲਈ ਹਿੜ-ਹਿੜ ਕਰ ਰਹੇ ਹੋਣ।
ਓਏ ਗਾਫਲੋ! ਗੁਲਾਮਾਂ ਦੇ ਲਈ ਕਾਨੂੰਨ ਕਾਹਦਾ? ਅਜੇ ਪਤਾ ਨਹੀਂ ਲਗਾ ਕਿ ਸਾਡੇ ਲਈ ਕੀ ਕਾਨੂੰਨ ਬਣਦੇ ਹਨ। ਅਜੇ ਸਮਝ ਨਹੀਂ ਆਈ ਕਿ ਸਾਧੂ ਰੂਪ ਤੇ ਧਰਮੀ ਗਾਂਧੀ ਕਿਸੇ ਲਈ ਪੰਜ ਹਜ਼ਾਰ ਦੁਖਆਰਿਆਂ ਨੂੰ ਅਫਰੀਕਾ ਵਿਚ ਟਰਾਨਸਵਾਲ ਦੀ ਹੱਦ ‘ਤੇ ਲੈ ਗਿਆ ਸੀ।
ਪਿਆਰੇ ਭਰਾਵੋ! ਉਠੋ ਜਾਗੋ, ਗਫਲਤ ਨੂੰ ਹੁਣ ਛੱਡ ਦਿਓ, ਨਹੀਂ ਤਾਂ ਉਹ ਪਾਪਣ ਲੈ ਡੁੱਬੇਗੀ। 15 ਜਨਵਰੀ ਨੂੰ ਉਟਾਵੇ ਵਿਚ ਗਵਰਨਮੈਂਟ ਜੁੜਨੀ ਹੈ ਜਿਥੇ ਸਟੀਵਨ ਵਰਗੇ ਮੈਂਬਰਾਂ ਜਿਨ੍ਹਾਂ ਨੇ ਤੁਹਾਡੇ ਬੂਹੇ ‘ਤੇ ਤੁਹਾਨੂੰ ਵੱਡੇ-ਵੱਡੇ ਇਕੱਠ ਕਰਕੇ ਧੀਆਂ ਭੈਣਾਂ ਦੀਆਂ ਗਾਲਾਂ ਦਿੱਤੀਆਂ ਹਨ, ਨੇ ਆਪਣੀ ਭੈੜੀ ਸੁਰ ਕਈ ਕੰਨਾਂ ਵਿਚ ਪਾਉਣੀ ਹੈ ਤੇ ਸਾਡੇ ਲਈ ਉਸ ਦੇ ਅਸਰ ‘ਤੇ ਕਰੜਾ ਕਾਨੂੰਨ ਪਾਸ ਹੋਣਾ ਹੈ। ਜੇ ਮਗਰੋਂ ਹੱਥ ਨਹੀਂ ਮਲਣੇ, ਜੇ ਪਛਤਾਉਣ ਨਾਲੋਂ ਵੇਲੇ ਸਿਰ ਕੰਮ ਕਰਨ ਨੂੰ ਚੰਗਾ ਸਮਝਦੇ ਹੋ ਤਾਂ ਇਕ ਲਾਇਕ ਸੱਜਣ ਨੂੰ ਕਲ੍ਹ ਕੈਨੇਡਾ ਵਿਚ ਫਿਰ ਕੇ ਪਾਰਲੀਮੈਂਟ ਵਿਚ ਜਾ ਕੇ ਕੁਲ ਹਿੰਦੀਆਂ ਦੇ ਦਬ ਹੋਣ ਵਾਲੇ ਹੱਕਾਂ ਲਈ ਦੁਹਾਈ ਪਾਉਣ ਲਈ ਘਲ ਦਿਓ।
‘ਫਿਰ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ’। ਯੂਨਾਈਟਿਡ ਇੰਡੀਆ ਐਸੋਸੀਏਸ਼ਨ ਦੇ ਪਾਸ ਫੰਡ ਦੀ ਕਮੀ ਹੈ, ਜੇ ਆਪ ਪੈਸੇ ਦੀ ਮਦਦ ਬਖਸ਼ੋ ਤਾਂ ਅਸੀਂ ਇਸ ਜ਼ਰੂਰੀ ਵਕਤ ਨੂੰ ਸੰਭਾਲ ਕੇ ਜੋ ਕੁਝ ਹੋ ਸਕੇ, ਕਰ ਸਕਦੇ ਹਾਂ।

ਅੰਤ ਦਾ ਸਮਾਂ
ਚਿਰਾਂ ਤੋਂ ਹੱਡ ਗੋਡੇ ਰਗੜ ਰਹੇ ਰੋਗੀਆਂ ਲਈ ਪਾਪਣ ਮੌਤ ਆਪਣਾ ਆਖਰੀ ਸੁਨੇਹਾ ਲੈ ਕੇ ਆਉਣ ਵਾਲੀ ਹੈ। ਦੁਖੀਆਂ ਦੀਆਂ ਚੀਸਾਂ ਤੇ ਦੁਹਾਈਆਂ ਸੁਣਨ ਵਾਲੇ ਕੰਨ ਬੋਲੇ ਹੋ ਗਏ ਹਨ। ਹਾਏ ਕਹਿੰਦਿਆਂ ਜਿਗਰ ਪਾਟਦਾ ਹੈ ਤੇ ਲਿਖਦਿਆਂ ਕਲਮ ਟੁੱਟਦੀ ਹੈ। ਇਸ ਅਨਜਾਣਤਾ ਤੇ ਗਫਲਤ ਵਿਚ ਬੇਸਮਝੀ ਤੇ ਅਗਿਆਨ ਵਿਚ ਇੱਜ਼ਤ ਵਾਲੇ ਮਾਣ ਵਾਲੇ ਬਲ ਵਾਲੇ ਨਿਸ਼ਾਨੇ ਵਾਲੇ ਚਿਰੋਕੇ ਰੋਗੀ ਮਿੱਟੀ ਹੋ ਜਾਣਗੇ। ਉਨ੍ਹਾਂ ਦੇ ਸ਼ਾਨਦਾਰ ਅਸਥਾਨਾਂ ‘ਤੇ ਉੱਲੂ ਬੋਲਣਗੇ। ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਪਰਾਏ ਹੱਥ ਹੋਣਗੀਆਂ। ਉਨ੍ਹਾਂ ਦੇ ਲਾਡਲੇ ਪੁੱਤਰ ਬਾਪੂ ਕਹਿ ਕੇ ਵਿਲਕਣਗੇ। ਉਨ੍ਹਾਂ ਦੀਆਂ ਲੜ ਲਾਈਆਂ ਸੁਪਤਨੀਆਂ ਫੁਲਣਗੀਆਂ। ਉਨ੍ਹਾਂ ਰੋਗੀਆਂ ਦੀ ਕੌਮ ਉਨ੍ਹਾਂ ਨੂੰ ਫਿਟਕਾਰੇਗੀ, ਦੁਰ ਦੁਰ ਕਰੇਗੀ।
ਦੁਹਾਈ ਹੈ, ਅੰਤਲੀ ਦੁਹਾਈ ਹੈ, ਐ ਪੜ੍ਹਨ ਵਾਲਿਓ, ਸੁਣਨ ਵਾਲਿਓ, ਇਨ੍ਹਾਂ ਚਿਰੋਕੇ ਰੋਗੀਆਂ ਦੇ ਦਰਦੀਓ, ਥੋੜ੍ਹੀ ਸਤਿਆ ਵਾਲੇ ਰੋਗੀਓ! ਕੋਈ ਹਕੀਮ ਬੁਲਾ ਲਵੋ, ਕੋਈ ਮਲ੍ਹਮ ਲਾ ਲਵੋ, ਕੋਈ ਅਕਲ ਦੁੜਾ ਲਵੋ, ਸਮਾਂ ਥੋੜ੍ਹਾ ਹੈ ਤੇ ਅੰਤ ਨੇੜੇ ਹੈ, ਨਬਜ਼ ਮੱਧਮ ਹੈ। ਮੌਤ ਹਰ ਘੜੀ ਨੇੜੇ ਆ ਰਹੀ ਹੈ ਤੇ ਉਸ ਦੇ ਫਰਜ਼ ਤੇ ਆਪਣੇ ਮੋਰਚੇ ਪੈਰ-ਪੈਰ ‘ਤੇ ਪੱਕੇ ਕਰ ਰਹੇ ਹਨ। ਇਹ ਨਭਾਗੇ ਚਿਰਾਂ ਦੇ ਰੋਗੀ ਕੌਣ ਹਨ। ਇਹ ਕੈਨੇਡਾ ਨਿਵਾਸੀ ਹਿੰਦੁਸਤਾਨੀ ਹਨ, ਸਿੱਖ ਹਲ, ਭਾਰਤ ਵਰਸ਼ ਦੇ ਜਾਏ ਹਨ ਜੋ ਅੱਠ ਸਾਲ ਤੋਂ ਕੈਨੇਡਾ ਵਿਚ ਹੱਡ ਗੋਡੇ ਰਗੜ ਰਹੇ ਹਨ ਤੇ ਖੁਆਰ ਹੋ ਰਹੇ ਹਨ। ਅੱਠ ਸਾਲ ਤੋਂ ਰੋਗੀ ਹੈ, ਪਰ ਹੁਣ ਰੋਗ ਅੰਤ ‘ਤੇ ਪਹੁੰਚ ਗਿਆ ਹੈ ਤੇ ਪੱਕੀ ਤਰ੍ਹਾਂ ਇਨ੍ਹਾਂ ਦਾ ਨਾਮ ਨਿਸ਼ਾਨ ਮਿਟਣ ਵਿਚ ਗਿਣਤੀ ਦੇ ਹੀ ਦਿਨ ਰਹਿ ਗਏ ਹਨ। ਇਸ ਗੱਲ ਨੂੰ ਇਹ ਨਹੀਂ ਜਾਣਦੇ, ਪਰ ਇਨ੍ਹਾਂ ਦੇ ਵੈਰੀ ਚੰਗੀ ਤਰ੍ਹਾਂ ਜਾਣਦੇ ਹਨ। ਇਨ੍ਹਾਂ ਸੁੱਤੇ ਹੋਏ ਸ਼ੇਰਾਂ ਲਈ ਮਰਦਾਂ ਵਾਸਤੇ ਪਿੰਜਰੇ ਤਿਆਰ ਹੋ ਰਹੇ ਹਨ। ਜਿਨ੍ਹਾਂ ਦੀਆਂ ਬੰਦ ਹੋਈਆਂ ਕੁੰਡੀਆਂ ਖੁਲ੍ਹਣੀਆਂ ਕਠਿਨ ਹੋਣਗੀਆਂ। ਇਹ ਮੌਤ ਦੀ ਨਦੀ ‘ਤੇ ਬੈਠੇ ਕਲੋਲਾਂ ਕਰ ਰਹੇ ਹਨ, ਪਰ ਇਨ੍ਹਾਂ ਨੂੰ ਮਰੋੜਨ ਵਾਲੇ ਬਾਜ਼ ਭੀ ਨੇੜੇ ਹੀ ਖੇਲ ਰਹੇ ਹਨ।
ਪਿਆਰੇ ਕੈਨੇਡਾ ਨਿਵਾਸੀ ਵੀਰੋ! ਇਹ ਉਪਰ ਲਿਖੀਆਂ ਦੁੱਖ ਭਰੀਆਂ ਗੱਲਾਂ ਤੁਹਾਡੇ ਲਈ ਹਨ ਜੋ ਥੋੜ੍ਹੇ ਚਿਰ ਵਿਚ ਹੀ ਤੁਹਾਡੇ ‘ਤੇ ਬੀਤਣ ਵਾਲੀਆਂ ਹਨ। ਤੁਹਾਡੇ ਲਈ ਤਕੜੇ ਰੱਸੇ ਗਲਾਮੇ ਵੱਟੇ ਗਏ ਹਨ, ਪਰ ਤੁਸੀਂ ਅਜੇ ਮਸਤ ਹੋ ਤੇ ਲੰਮੀਆਂ ਪਸਾਰ ਕੇ ਗਫਲਤ ਦੀ ਨੀਂਦ ਸੌਂ ਰਹੇ ਹੋ।
ਅਸੀਂ ਤੁਹਾਡੇ ਲਈ ਅਨੇਕ ਵਾਰ ਦੁਹਾਈ ਦਿੱਤੀ ਹੈ ਕਿ ਖਬਰਦਾਰ ਹੋਵੇ। ਇਸ ਵਾਰੀ ਕੈਨੇਡਾ ਦੀ ਪਾਰਲੀਮੈਂਟ ਵਿਚ ਬਹੁਤ ਕਰੜਾ ਕਾਨੂੰਨ ਪਾਸ ਹੋਣ ਵਾਲਾ ਹੈ, ਪਰ ਤੁਸੀਂ ਆਪਣੀ ਆਈ ਵਿਚ ਆਇਆਂ ਨੇ ਇਕ ਨਾ ਮੰਨੀ ਤੇ ਸਗੋਂ ਇਕ ਜਾਨ ਹੋ ਕੇ ਆਉਣ ਵਾਲੇ ਭੇਜਲਾਂ ਦਾ ਟਾਕਰਾ ਕਰਨ ਦੀ ਥਾਂ ਘਰ ਵਿਚ ਹੀ ਜਗ੍ਹਾ ਯੁੱਧ ਮਚਾਉਣ ਲੱਗ ਪਏ, ਕਚਹਿਰੀਆਂ ਮੁਕੱਦਮਿਆਂ ਨਾਲ ਭਰ ਦਿੱਤੀਆਂ। ਤੁਹਾਡੇ ਵੈਰੀਆਂ ਨੂੰ ਮੌਕਾ ਮਿਲ ਗਿਆ। ਤੁਹਾਡੀ ਕਮਜ਼ੋਰੀ ਤੇ ਪਾਟੋਧਾੜ ਨੂੰ ਦੇਖ ਕੇ ਤੁਹਾਡੇ ‘ਤੇ ਜੀ ਆਈਆਂ ਸਖਤੀਆਂ ਹੋਈਆਂ, ਪਰ ਧਰਮ ਸ਼ਰਮ ਨੂੰ ਤਿਆਗ ਕੇ ਤੁਸੀਂ ਆਪਣੀ ਹਾਲਤ ਨੂੰ ਡਾਵਾਂ ਡੋਲ ਕੀਤਾ ਤੇ ਕਰ ਰਹੇ ਹੋ। ਹੁਣ ਯਾਦ ਰੱਖੋ, ਸਭ ਮੌਕੇ ਖੁੰਝ ਚੁੱਕੇ ਹਨ। ਥੋੜ੍ਹੇ ਦਿਨਾਂ ਵਿਚ ਹੀ ਤੁਹਾਡਾ ਸਦਾ ਲਈ ਨਬੇੜਾ ਹੋਣ ਵਾਲਾ ਹੈ। ਉਸ ਤੋਂ ਪਿੱਛੋਂ ਗੁਰਦੁਆਰਿਆਂ, ਜ਼ਮੀਨਾਂ ਤੇ ਅਖਬਾਰਾਂ ਨੂੰ ਸਿਰ ‘ਤੇ ਲਈ ਫਿਰੋ, ਕੋਈ ਨਹੀਂ ਪੁਛੇਗਾ ਤੇ ਤੁਹਾਡੀ ਹਾਲਤ ਦਿਨ ਪਰ ਦਿਨ ਕਮਜ਼ੋਰ ਹੋਵੇਗੀ। ਅੱਗੇ ਜਿਥੇ ਤੁਹਾਡਾ ਕੰਮ ਪਾਣੀ ਡੋਲ੍ਹਿਆਂ ਹੋ ਸਕਦਾ ਸੀ, ਹੁਣ ਲਹੂ ਡੋਲਿਆਂ ਭੀ ਪੂਰਾ ਹੋਣਾ ਔਖਾ ਹੋਵੇਗਾ। ਅਜੇ ਭੀ ਥੋੜ੍ਹਾ ਬਹੁਤ ਮੌਕਾ ਹੈ, ਸੰਭਲੋ, ਅਸੀਂ ਵੀਹ ਵਾਰ ਦੁਹਾਈ ਦਿੱਤੀ ਹੈ ਕਿ 15 ਜਨਵਰੀ ਨੂੰ ਉਟਾਵੇ ਵਿਚ ਪਾਰਲੀਮੈਂਟ ਖੁੱਲ੍ਹਣੀ ਹੈ, ਉਸ ਵਿਚ ਤੁਹਾਨੂੰ ਰੋਕਣ ਲਈ ਇਕ ਬਹੁਤ ਕਰੜਾ ਕਾਨੂੰਨ ਪਾਸ ਕਰਨ ਲਈ ਤੁਹਾਡੇ ਵੈਰੀ ਸਿਰੋ ਪਰੇ ਯਤਨ ਕਰ ਰਹੇ ਹਨ। ਤੁਸੀਂ ਭੀ ਆਪਣੀ ਹਾਲਤ ਦੀ ਹਾਲ ਦੁਹਾਈ ਪਾਉਣ ਲਈ ਕੁਝ ਉਦਮ ਕਰੋ, ਪਰ ਤੁਸੀਂ ਸਾਡੀ ਇਹ ਗੱਲ ਖੱਟੇ ਪਾ ਛੱਡੀ ਤੇ ਇਸ ਨੂੰ ਆਪਣੇ ਗਿਝੇ ਹੋਏ ਸੁਭਾ ਅਨੁਸਾਰ ਨਿੱਕੀ ਜਿਹੀ ਸਮਝਿਆ, ਪਰ ਹੁਣ ਕੰਨ ਖੋਲ੍ਹ ਕੇ ਸੁਣੋ, ਪਾਰਲੀਮੈਂਟ ਦੇ ਦਿਨ ਆ ਪੁੱਜੇ ਹਨ ਤੇ ਤੁਹਾਡਾ ਮਸ਼ਹੂਰ ਵੈਰੀ ਵੈਨਕੂਵਰ ਵੱਲੋਂ ਪਾਰਲੀਮੈਂਟ ਦਾ ਮੈਂਬਰ ਐਚ. ਐਚ. ਸਟੀਵਨਜ਼ ਉਟਾਵੇ ਨੂੰ ਤੁਰਨ ਲੱਗਾ ਲਲਕਾਰ ਕੇ ਕਹਿ ਗਿਆ ਹੈ ਕਿ ਇਸ ਵਾਰੀ ਪਾਰਲੀਮੈਂਟ ਵਿਚ ਹਿੰਦੂਆਂ ਨੂੰ ਇਸ ਦੇਸ਼ ਵਿਚ ਬਿਲਕੁਲ ਨਾ ਵੜਨ ਦੇਣ ਵਾਲਾ ਕਾਨੂੰਨ ਪਾਸ ਹੋਵੇਗਾ। ਪਾਰਲੀਮੈਂਟ ਸ਼ੁਰੂ ਹੋ ਗਈ ਹੈ ਤੇ ਉਹ ਦਿਨ ਦੂਰ ਨਹੀਂ, ਜਦ ਤੁਸੀਂ ਸੁਣ ਲਵੋਗੇ, ਦੇਖ ਕੇ, ਵਰਤ ਕੇ ਪਰਤਾ ਲਵੋਗੇ ਕਿ ਤੁਹਾਡਾ ਕੀ ਹਾਲ ਹੁੰਦਾ ਹੈ।
ਸਟੀਵਨ ਕੀ-ਕੀ ਜੁਗਤਾਂ ਵਰਤੇਗਾ, ਕਿਸ ਤਰ੍ਹਾਂ ਤੁਹਾਨੂੰ ਬਦਨਾਮ ਕਰੇਗਾ, ਕਿਸ ਤਰ੍ਹਾਂ ਹੋਰ ਪਾਰਲੀਮੈਂਟ ਦੇ ਮੈਂਬਰਾਂ ਨੂੰ ਪ੍ਰੇਰੇਗਾ, ਕਿਸ ਤਰ੍ਹਾਂ ਤੁਹਾਡੇ ਇਸ ਦੇਸ਼ ਵਿਚੋਂ ਨਿਕਲ ਜਾਣ ਤੇ ਮੁੱਕ ਜਾਣ ਵਾਲਾ ਕਾਨੂੰਨ ਬਣਾਉਣ ਲਈ ਦੁਹਾਈ ਦੇਵੇਗਾ? ਇਸ ਦਾ ਅੰਦਾਜ਼ਾ ਇਨ੍ਹਾਂ ਗੱਲਾਂ ਤੋਂ ਹੀ ਲਾ ਲਵੋ ਜੋ ਤੁਰਨ ਤੋਂ ਪਹਿਲਾਂ ਉਸ ਨੇ ਇਸ ਮੁਲਕ ਦੇ ਗੋਰਿਆਂ ਨੂੰ ਦੱਸੀਆਂ ਹਨ। ਉਸ ਨੇ ਕਿਹਾ ਕਿ ਮੈਂ ਕਦਾਚਿਤ ਭੀ ਹਿੰਦੂਆਂ ਨੂੰ ਕੈਨੇਡਾ ਵਿਚੋਂ ਕੱਢ ਦੇਣ ਦਾ ਵਤੀਰਾ ਨਹੀਂ ਬਦਲਾਂਗਾ। ਐਤਕੀਂ ਦੀ ਪਾਰਲੀਮੈਂਟ ਵਿਚ ਜੋ ਸਾਰਿਆਂ ਨਾਲੋਂ ਜ਼ਰੂਰੀ ਗੱਲ ਹੋਵੇਗੀ, ਉਹ ਹਿੰਦੂਆਂ ਨੂੰ ਉਹੀ ਬੰਦ ਕਰਨ, ਤੇ ਜੋ ਹੁਣ ਇਥੇ ਹਨ, ਇਨ੍ਹਾਂ ਦੇ ਬੰਦੋਬਸਤ ਲਈ ਇਕ ਕਰੜਾ ਕਾਨੂੰਨ ਪਾਸ ਹੋਵੇਗਾ ਜਿਸ ਨੂੰ ਗਵਰਨਮੈਂਟ ਪੂਰੀ ਤਰ੍ਹਾਂ ਸੋਚ ਰਹੀ ਹੈ ਤੇ ਜ਼ਰੂਰ ਪਾਸ ਹੋ ਜਾਵੇਗਾ। ਸਟੀਵਨ ਨੇ ਇਹ ਭੀ ਕਿਹਾ ਹੈ ਕਿ ਮੈਂ ਦੋਹਾਂ ਦੇ ਬਾਗੀ ਲੈਕਚਰ ਇਕੱਠੇ ਕੀਤੇ ਹਨ। ਉਨ੍ਹਾਂ ਨੇ ਇਸ ਮੁਲਕ ਵਿਚ ਤੇ ਹਿੰਦੁਸਤਾਨ ਵਿਚ ਦਿੱਤੇ ਹਨ। ਇਹੋ ਜਿਹੇ ਤੂਫਾਨ ਘੜ ਕੇ ਸਟੀਵਨ ਲੋਕਾਂ ਨੂੰ ਤੁਹਾਡੇ ਦੁਸ਼ਮਣ ਕਰੇਗਾ।