ਪਾਕਿਸਤਾਨ ਚੋਣਾਂ: ਦੁਚਿੱਤੀ ਵਿਚ ਫਾਥਾ ਮੁਲਕ

-ਜਤਿੰਦਰ ਪਨੂੰ
ਭਾਰਤ ਦਾ ਗਵਾਂਢੀ ਦੇਸ਼, ਭਾਰਤ ਦੀ ਆਜ਼ਾਦੀ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਵਿਚੋਂ ਹਿੱਸਾ ਕੱਟ ਕੇ ਖੜ੍ਹਾ ਕੀਤਾ ਗਿਆ ਪਾਕਿਸਤਾਨ ਇਸ ਵੇਲੇ ਆਪਣੀ ਹੋਣੀ ਦੇ ਭਵਿੱਖ ਲਈ ਇੱਕ ਦੋਰਾਹੇ ਉਤੇ ਖੜ੍ਹਾ ਹੈ। ਇਸ ਦੋਰਾਹੇ ਤੋਂ ਨਿਕਲਦੇ ਰਾਹਾਂ ਵਿਚੋਂ ਇੱਕ ਇਸ ਦੀ ਤਬਾਹੀ ਦੇ ਭਵਿੱਖ ਦਾ ਝਉਲਾ ਪੱਕਾ ਕਰਦਾ ਹੈ ਤੇ ਦੂਜਾ ਇਹ ਆਸ ਕਰਨ ਲਈ ਮੌਕਾ ਦੇ ਸਕਦਾ ਹੈ ਕਿ ਆਪਰੇਸ਼ਨ ਥੀਏਟਰ ਵਿਚੋਂ ਮੌਤ ਨੂੰ ਅੱਖ ਮਾਰ ਕੇ ਮੁੜ ਆਉਣ ਵਾਲੇ ਕੈਂਸਰ ਦੇ ਮਰੀਜ਼ ਵਾਂਗ ਇਹ ਰਾਹ ਰੋਕੀ ਖੜ੍ਹੀ ਤਬਾਹੀ ਨੂੰ ਝਕਾਨੀ ਦੇ ਸਕਦਾ ਹੈ। ਫੈਸਲਾ ਇਸ ਦੀਆਂ ਆਮ ਚੋਣਾਂ ਨੇ ਕਰਨਾ ਹੈ। ਚੋਣਾਂ ਨੂੰ ਬਹੁਤੇ ਦਿਨ ਨਹੀਂ ਰਹਿ ਗਏ, ਇਸ ਪੰਝੀ ਜੁਲਾਈ ਨੂੰ ਹੋ ਜਾਣੀਆਂ ਹਨ।

ਦੇਸ਼ ਦੀ ਕਮਾਨ ਸੰਭਾਲਣ ਲਈ ਲੜਨ ਵਾਲੀਆਂ ਮੁੱਖ ਧਿਰਾਂ ਭਾਵੇਂ ਤਿੰਨ ਗਿਣੀਆਂ ਜਾਂਦੀਆਂ ਹਨ, ਪਰ ਇਹ ਤਿੰਨ ਧਿਰਾਂ ਅੰਤਲੇ ਪੜਾਅ ਵਿਚ ਸਾਜ਼ਿਸ਼ੀ ਸ਼ਹਿ ਦੇ ਨਾਲ ਅਚਾਨਕ ਉਠੀ ਇੱਕ ਤੀਜੀ ਲਹਿਰ ਤੋਂ ਠਿੱਬੀ ਖਾ ਸਕਦੀਆਂ ਹਨ ਤੇ ਉਹ ਧਿਰ ਵੀ ਜਿੱਤ ਸਕਦੀ ਹੈ, ਜਿਸ ਦਾ ਰਾਹ ਰੋਕਣ ਲਈ ਤਿੰਨਾਂ ਮੁੱਖ ਧਿਰਾਂ ਨੇ ਅਦਾਲਤਾਂ ਵਿਚ ਵੀ ਚਾਰਾਜ਼ੋਈ ਕੀਤੀ ਤੇ ਚੋਣ ਕਮਿਸ਼ਨ ਕੋਲ ਵੀ। ਅਵਾੜੇ ਦੱਸਦੇ ਹਨ ਕਿ ਉਸ ਧਿਰ ਦੀ ਜਿੱਤ ਲਈ ਪਾਕਿਸਤਾਨ ਦੀਆਂ ਦੋ ਗੈਰ ਰਾਜਸੀ ਧਿਰਾਂ-ਫੌਜ ਤੇ ਖੁਫੀਆ ਏਜੰਸੀ ਜ਼ੋਰ ਲਾ ਰਹੀਆਂ ਹਨ।
ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ 342 ਸੀਟਾਂ ਵਿਚੋਂ 272 ਸੀਟਾਂ ਜਨਰਲ ਹਨ, 60 ਸੀਟਾਂ ਔਰਤਾਂ ਅਤੇ 10 ਸੀਟਾਂ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਵਾਸਤੇ ਰਾਖਵੀਂਆਂ ਹਨ। ਜਨਰਲ ਵਾਲੀਆਂ 272 ਸੀਟਾਂ ਨਾਲ ਹੀ ਅਸਲ ਵਿਚ ਦੇਸ਼ ਦੀ ਕਿਸਮਤ ਦਾ ਫੈਸਲਾ ਹੋਣਾ ਹੁੰਦਾ ਹੈ ਤੇ ਉਨ੍ਹਾਂ ਵਿਚੋਂ ਪਿਛਲੀ ਵਾਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ ਨੂੰ 116 ਦੀ ਵੱਡੀ ਬਹੁ ਗਿਣਤੀ ਮਿਲ ਗਈ ਸੀ। ਪੰਜਾਬ ਵਿਚ ਉਨ੍ਹਾਂ ਕੋਲ ਬੜਾ ਮਜ਼ਬੂਤ ਆਧਾਰ ਹੈ ਤੇ ਦੇਸ਼ ਦੀ ਕੌਮੀ ਅਸੈਂਬਲੀ ਦੀਆਂ 272 ਵਿਚੋਂ 141 ਸੀਟਾਂ ਜਦੋਂ ਸਿਰਫ ਪੰਜਾਬ ਵਿਚ ਹਨ, ਇਸ ਨਾਲ ਜਿੱਤਣ ਵਾਸਤੇ ਲੋੜੀਂਦੀਆਂ 136 ਸੀਟਾਂ ਦਾ ਜੁਗਾੜ ਕਰਨਾ ਵਾਹਵਾ ਸੌਖਾ ਹੋ ਜਾਂਦਾ ਹੈ। ਇਸ ਵਾਰੀ ਵੀ ਪੰਜਾਬ ਵਿਚ ਨਵਾਜ਼ ਪਾਰਟੀ ਦਾ ਕਿਲ੍ਹਾ ਕਾਇਮ ਸੁਣੀਂਦਾ ਹੈ ਤੇ ਦੂਜੇ ਰਾਜ ਵੀ ਉਨ੍ਹਾਂ ਲਈ ਓਨੀ ਵੱਡੀ ਕੌੜ ਵਾਲੇ ਨਹੀਂ ਜਾਪਦੇ, ਜਿੰਨੀ ਸ਼ਾਇਦ ਪਿਛਲੇ ਸਾਲ ਤੱਕ ਬਣੀ ਪਈ ਸੀ।
ਪਿਛਲੇ ਸਾਲ ਨਵਾਜ਼ ਸ਼ਰੀਫ ਤੇ ਉਸ ਦੀ ਪਾਰਟੀ ਨਹੀਂ, ਉਸ ਦੇ ਪਰਿਵਾਰ ਖਿਲਾਫ ਲੋਕਾਂ ਵਿਚ ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਵੱਡਾ ਵਿਰੋਧ ਸੀ। ਜਦੋਂ ਅਦਾਲਤੀ ਹੁਕਮ ਨਾਲ ਉਸ ਦੀ ਕੁਰਸੀ ਛੁਡਾਈ ਗਈ, ਉਹ ਕੌੜ ਘਟੀ ਨਹੀਂ ਸੀ, ਸਗੋਂ ਕਾਇਮ ਰਹਿਣ ਦੀ ਥਾਂ ਵਧਣ ਦੀ ਆਸ ਸੀ, ਪਰ ਬਾਅਦ ਵਿਚ ਜਿਵੇਂ ਅਦਾਲਤੀ ਫੈਸਲੇ ਆਏ ਤੇ ਵਿਰੋਧੀ ਧਿਰ ਦੇ ਬੜਬੋਲੇ ਆਗੂ ਇਮਰਾਨ ਖਾਨ ਨੇ ਛੜੱਪੇਬਾਜ਼ੀ ਕੀਤੀ, ਉਸ ਨਾਲ ਉਹ ਕੌੜ ਵਧਣ ਦੀ ਥਾਂ ਨਵਾਜ਼ ਸ਼ਰੀਫ ਪਰਿਵਾਰ ਲਈ ਹਮਦਰਦੀ ਦੇ ਹਾਲਾਤ ਬਣਨ ਲੱਗੇ ਸਨ।
ਉਪਰੋਥਲੀ ਆਏ ਕੁਝ ਚੋਣ ਸਰਵੇਖਣਾਂ ਤੋਂ ਨਵਾਜ਼ ਸ਼ਰੀਫ ਦੀ ਪਾਰਟੀ ਦੀ ਅਗੇਤ ਦੀਆਂ ਭਵਿੱਖਵਾਣੀਆਂ ਪਿੱਛੋਂ ਉਸ ਖਿਲਾਫ ਅਦਾਲਤੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਤੇ ਆਖਰ ਨੂੰ ਨਵਾਜ਼ ਸ਼ਰੀਫ ਤੇ ਉਸ ਦੀ ਧੀ ਨੂੰ ਦਸ-ਦਸ ਸਾਲ ਕੈਦ ਦੀ ਸਜ਼ਾ ਹੋ ਗਈ ਹੈ। ਇਸ ਨਾਲ ਪੰਜਾਬੀ ਭਾਈਚਾਰੇ ਅੰਦਰ ਵੀ ਤੇ ਦੂਜੇ ਰਾਜਾਂ ਵਿਚ ਵੀ ਇਹ ਪ੍ਰਭਾਵ ਪਿਆ ਹੈ ਕਿ ਬੰਦੇ ਨੂੰ ਨਿਸ਼ਾਨੇ ਉਤੇ ਰੱਖਿਆ ਪਿਆ ਹੈ। ਜਿਸ ਵੀ ਆਗੂ ਖਿਲਾਫ ਇਸ ਤਰ੍ਹਾਂ ਦੀਆਂ ਕੁਝ ਕਾਰਵਾਈਆਂ ਇੱਕ ਮੁਹਿੰਮ ਚਲਾਉਣ ਵਾਂਗ ਕਰ ਦਿੱਤੀਆਂ ਜਾਣ, ਹਵਾ ਦਾ ਰੁਖ ਏਸ਼ੀਆ ਦੇ ਦੇਸ਼ਾਂ ਵਿਚ ਉਸ ਆਗੂ ਦੇ ਪੱਖ ਵਿਚ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੋਇਆ ਕਰਦਾ।
ਜਿਹੜੀ ਗੱਲ ਉਸ ਦੇਸ਼ ਵਿਚ ਰਾਜਨੀਤੀ ਦੇ ਧੁਰੰਤਰ ਨੋਟ ਕਰਨ ਤੋਂ ਝਿਜਕ ਰਹੇ ਹਨ, ਉਹ ਇਹ ਹੈ ਕਿ ਚਲੰਤ ਚੋਣ ਵਿਚ ਇੱਕ ਧਿਰ ਹਾਫਿਜ਼ ਸਈਦ ਦੀ ਅਗਵਾਈ ਹੇਠ ਉਭਰੀ ਹੈ ਤੇ ਉਹ ਇਸ ਵੇਲੇ ਪੇਸ਼ ਹੋ ਰਹੇ ਚੋਣ ਸਰਵੇਖਣਾਂ ਵਿਚ ਭਾਵੇਂ ਨਹੀਂ ਦਿੱਸ ਰਹੀ, ਹੇਠਾਂ ਆਮ ਲੋਕਾਂ ਵਿਚ ਰੜਕਣ ਲੱਗ ਪਈ ਹੈ। ਹੋਰਨਾਂ ਪਾਰਟੀਆਂ ਦੇ ਆਗੂ ਇਸ ਵਹਿਮ ਵਿਚ ਹਨ ਕਿ ਉਨ੍ਹਾਂ ਦੀ ਜੜ੍ਹ ਏਨੀ ਪੱਕੀ ਹੈ ਕਿ ਕੋਈ ਹਿਲਾ ਸਕਣ ਵਾਲਾ ਨਹੀਂ ਅਤੇ ਜਿੱਤ ਨਾ ਸਕੇ ਤਾਂ ਫਿਰ ਵੀ ਵੱਕਾਰ ਬਚਾਉਣ ਜੋਗੀਆਂ ਸੀਟਾਂ ਆ ਜਾਣਗੀਆਂ, ਪਰ ਉਹ ਇਹ ਗੱਲ ਨੋਟ ਨਹੀਂ ਕਰਦੇ ਕਿ ਇਸ ਵਾਰ ਫੌਜ ਅਤੇ ਖੁਫੀਆ ਏਜੰਸੀ ਇੱਕ ਹੋਰ ਖੇਡ ਖੇਡ ਰਹੀਆਂ ਹਨ। ਪਾਕਿਸਤਾਨ ਦੀ ਰਾਜਨੀਤੀ ਅੰਦਰ ਹਰ ਹੋਰ ਦੇਸ਼ ਵਾਂਗ ਦਲ-ਬਦਲੀਆਂ ਹਮੇਸ਼ਾ ਤੋਂ ਹੁੰਦੀਆਂ ਰਹੀਆਂ ਹਨ, ਪਰ ਇਸ ਵਾਰੀ ਨਵੀਂ ਗੱਲ ਇਹ ਹੈ ਕਿ ਕੁਝ ਲੋਕਾਂ ਨੇ ਆਖਰੀ ਵਕਤ ਆਪਣੀ ਪਾਰਟੀ, ਖਾਸ ਕਰ ਕੇ ਨਵਾਜ਼ ਸ਼ਰੀਫ ਵਾਲੀ ਪਾਰਟੀ, ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਉਦੋਂ ਕੀਤਾ, ਜਦੋਂ ਉਸ ਸੀਟ ਉਤੇ ਨਵਾਂ ਉਮੀਦਵਾਰ ਖੜ੍ਹਾ ਕਰਨ ਦਾ ਸਮਾਂ ਨਹੀਂ ਸੀ ਬਚਿਆ। ਅਸਲ ਵਿਚ ਉਹ ਆਜ਼ਾਦ ਉਮੀਦਵਾਰ ਹੋ ਕੇ ਵੀ ਆਜ਼ਾਦ ਨਹੀਂ, ਇੱਕ ਚੁਸਤ ਰਾਜਨੀਤੀ ਦਾ ਹਿੱਸਾ ਬਣ ਰਹੇ ਹਨ। ਇਸ ਦਾ ਸਬੂਤ ਏਥੋਂ ਮਿਲਦਾ ਹੈ ਕਿ ਉਨ੍ਹਾਂ ਸਭ ਨੇ ਫੌਜੀ ਜੀਪ ਦਾ ਚੋਣ ਨਿਸ਼ਾਨ ਚੁਣਿਆ ਹੈ, ਤਾਂ ਕਿ ਲੋਕਾਂ ਨੂੰ ਦੱਸਣ ਦੀ ਸੌਖ ਰਹੇ ਕਿ ਉਹ ਸਿਰਫ ਉਮੀਦਵਾਰ ਹਨ, ਉਨ੍ਹਾਂ ਦੇ ਪਿੱਛੇ ਅਸਲੀ ਤਾਕਤ ਜੀਪਾਂ ਵਾਲੇ ਫੌਜੀ ਜਰਨੈਲਾਂ ਦੀ ਹੈ।
ਅਜਿਹੇ ਸੱਤ ਜਣੇ ਇਕੱਲੀ ਉਸ ਮੁਸਲਿਮ ਲੀਗ ਦੇ ਉਮੀਦਵਾਰ ਸਨ, ਜਿਸ ਦੀ ਅਗਵਾਈ ਨਵਾਜ਼ ਸ਼ਰੀਫ ਦੇ ਪਰਿਵਾਰ ਕੋਲ ਹੈ ਤੇ ਉਨ੍ਹਾਂ ਨੇ ਕਾਗਜ਼ ਭਰਨ ਦਾ ਸਮਾਂ ਲੰਘਣ ਤੋਂ ਬਾਅਦ ਇਹ ਐਲਾਨ ਕੀਤਾ ਹੈ ਕਿ ਮੁਸਲਿਮ ਲੀਗ ਦੇ ਨਿਸ਼ਾਨ ਦੀ ਥਾਂ ਉਹ ਜੀਪ ਨਿਸ਼ਾਨ ਉਤੇ ਚੋਣ ਲੜਨਗੇ। ਕੁੱਲ ਮਿਲਾ ਕੇ ਏਦਾਂ ਦੇ ਡੇਢ ਸੌ ਤੋਂ ਵੱਧ ਉਮੀਦਵਾਰ ਮੈਦਾਨ ਵਿਚ ਹਨ। 25 ਜੁਲਾਈ ਮਗਰੋਂ ਉਹ ਉਸ ਪਾਰਟੀ ਦੀ ਮਦਦ ਕਰਨਗੇ, ਜਿਸ ਬਾਰੇ ਫੌਜੀ ਜਰਨੈਲ ਇਸ਼ਾਰਾ ਕਰਨਗੇ।
ਸਵਾਲ ਪੁੱਛਿਆ ਜਾ ਰਿਹਾ ਹੈ ਕਿ ਫੌਜੀ ਜਰਨੈਲ ਕਿਸ ਦੀ ਮਦਦ ਕਰਨਗੇ? ਇਸ ਬਾਰੇ ਚਰਚੇ ਚੱਲਦੇ ਸੁਣੇ ਜਾ ਰਹੇ ਹਨ ਕਿ ਸੰਸਾਰ ਵਿਚ ਬਦਨਾਮ ਦਹਿਸ਼ਤਗਰਦ ਹਾਫਿਜ਼ ਸਈਦ ਦੀ ਪਾਰਟੀ ਭਾਵੇਂ ਰਜਿਸਟਰ ਨਹੀਂ ਕਰਨ ਦਿੱਤੀ ਗਈ, ਉਹ ਕਿਸੇ ਅਣਗੌਲੀ ਜਿਹੀ ਪਾਰਟੀ ਦੇ ਨਿਸ਼ਾਨ ਉਤੇ ਆਪਣੇ ਬੰਦਿਆਂ ਨੂੰ ਚੋਣ ਲੜਾ ਰਿਹਾ ਹੈ। ਕੁਝ ਉਸ ਦੇ ਬੰਦੇ ਜਿੱਤ ਸਕਦੇ ਹਨ ਤੇ ਕੁਝ ਜੀਪ ਦੇ ਨਿਸ਼ਾਨ ਉਤੇ ਲੜਨ ਵਾਲੇ ਵੱਖ-ਵੱਖ ਧਿਰਾਂ ਤੋਂ ਬਾਗੀ ਹੋਏ ਬੰਦੇ ਜਿੱਤ ਜਾਣ ਦੀ ਸੂਰਤ ਵਿਚ ਸਰਕਾਰ ਬਣਾਉਣ ਜਾਂ ਕਿਸੇ ਪਾਰਟੀ ਦੀ ਸਰਕਾਰ ਬਣਨ ‘ਤੇ ਪਾਸਕੂ ਆਪਣੇ ਹੱਥ ਰੱਖਣ ਲਈ ਖੁਫੀਆ ਏਜੰਸੀ ਅਤੇ ਫੌਜ ਦੇ ਜਰਨੈਲਾਂ ਦਾ ਸਾਰਾ ਤਾਣ ਲੱਗਾ ਪਿਆ ਹੈ। ਇਸ ਨਾਲ ਸਭ ਤੋਂ ਵੱਧ ਮਾਯੂਸੀ ਇਮਰਾਨ ਖਾਨ ਦੀ ਧਿਰ ਨੂੰ ਹੋ ਰਹੀ ਹੈ। ਉਹ ਹਾਲੇ ਤੱਕ ਇਹ ਸੋਚੀ ਬੈਠੇ ਸਨ ਕਿ ਫੌਜ ਤੇ ਖੁਫੀਆ ਏਜੰਸੀ ਸਾਡੇ ਪੱਖ ਵਿਚ ਹਨ। ਪਿਛਲੇ ਮਹੀਨੇ ਵਿਚ ਰਾਜਨੀਤੀ ਵਿਚ ਅਚਾਨਕ ਸਾਹਮਣੇ ਆਏ ਜੀਪ ਵਾਲੇ ਇਸ ਰੁਝਾਨ ਨਾਲ ਸਿਰਫ ਉਸ ਪਾਰਟੀ ਦੇ ਲਈ ਖਤਰਾ ਹੋਣ ਦੀ ਗੱਲ ਨਹੀਂ, ਸਗੋਂ ਇਹ ਹੈ ਕਿ ਜੇ ਅਚਾਨਕ ਕੱਟੜਪੰਥੀ ਧਿਰਾਂ ਦਾ ਆਗੂ ਸਮਝੇ ਜਾਂਦੇ ਹਾਫਿਜ਼ ਸਈਦ ਦੀ ਧਿਰ ਤਕੜੀ ਹੋ ਗਈ, ਉਸ ਦੀ ਕੋਈ ਅੱਗ ਉਗਲੱਛਣੀ ਲਹਿਰ ਸੱਚਮੁੱਚ ਉਭਰ ਪਈ ਤਾਂ ਬਾਕੀ ਸਾਰੇ ਪਿੱਟਦੇ ਫਿਰਨਗੇ।
ਪਾਕਿਸਤਾਨ ਦੀ ਫੌਜ ਇਸ ਗੱਲ ਲਈ ਬਦਨਾਮ ਹੈ ਕਿ ਉਹ ਬਾਹਰੀ ਲੜਾਈ ਵਿਚ ਹਮੇਸ਼ਾ ਕੁੱਟ ਖਾਂਦੀ ਤੇ ਆਪਣੇ ਦੇਸ਼ ਵਿਚ ਜਦੋਂ ਕਦੇ ਮੌਕਾ ਮਿਲੇ, ਲੋਕਾਂ ਨੂੰ ਕੁੱਟ ਸੁੱਟਦੀ ਹੈ। ਇਸ ਵਾਰ ਉਹ ਚੋਣ ਚੱਕਰ ਵਿਚ ਹਾਫਿਜ਼ ਸਈਦ ਨੂੰ ਅੱਗੇ ਕਰ ਕੇ ਜੋ ਖੇਡ ਖੇਡਣ ਲੱਗੀ ਹੋਈ ਹੈ, ਉਹ ਏਨੀ ਖਤਰਨਾਕ ਹੈ ਕਿ ਜੇ ਹਾਫਿਜ਼ ਸਈਦ ਤੇ ਜੀਪ ਦੇ ਨਿਸ਼ਾਨ ਉਤੇ ਚੋਣ ਲੜਨ ਵਾਲੇ ਲੋਕ ਹਾਰ ਗਏ ਤਾਂ ਇਹ ਉਨ੍ਹਾਂ ਦੀ ਨਹੀਂ, ਫੌਜੀ ਜਰਨੈਲਾਂ ਦੀ ਹਾਰ ਮੰਨੀ ਜਾਵੇਗੀ ਤੇ ਜੇ ਜਿੱਤ ਗਏ ਤਾਂ ਇਹ ਪਾਕਿਸਤਾਨ ਦੀ ਸਮੁੱਚੀ ਰਾਜਨੀਤੀ ਅਤੇ ਸਿਸਟਮ ਦੀ ਹਾਰ ਹੋਵੇਗੀ।
ਦੇਸ਼ ਦਾ ਨਸੀਬ ਦਾਅ ਉਤੇ ਲੱਗਾ ਪਿਆ ਹੈ। ਆਮ ਲੋਕ ਏਨੀ ਡੂੰਘੀ ਖੇਡ ਨੂੰ ਸਮਝਣ ਤੋਂ ਅਸਮਰਥ ਹੋਣਗੇ, ਪਰ ਸਿਆਸੀ ਧੁਰੰਤਰ ਇਸ ਨੂੰ ਸਮਝਦੇ ਹੋਏ ਵੀ ਨਾ ਸਮਝਣ ਦਾ ਵਿਖਾਵਾ ਕਰੀ ਜਾ ਰਹੇ ਹਨ। ਉਸ ਦੇਸ਼ ਲਈ ਇਹੋ ਗੱਲ ਸਭ ਤੋਂ ਵੱਧ ਖਤਰਨਾਕ ਹੈ। ਫੌਜ ਜਾਂ ਦੇਸ਼ ਵਿਚੋਂ ਕਿਸੇ ਇੱਕ ਦੀ ਜਿੱਤ ਦੇ ਚੱਕਰ ਵਿਚ ਤਬਾਹੀ ਜਾਂ ਵਾਪਸੀ ਦੀ ਦੋਚਿੱਤੀ ਵਾਲੇ ਦੋਰਾਹੇ ਉਤੇ ਆਣ ਖੜੋਤਾ ਹੈ ਪਾਕਿਸਤਾਨ।