ਮਾਟੀ ਕੁਦਮ ਕਰੇਂਦੀ

ਬਲਜੀਤ ਬਾਸੀ
ਜਨਮ ਤੋਂ ਮਰਨ ਤੱਕ ਮਨੁੱਖ ਮਿੱਟੀ ਵਿਚ ਹੀ ਵਿਚਰਦਾ ਹੈ। ਮਨੁੱਖ ਮਿੱਟੀ ਨਾਲ ਮਿੱਟੀ ਹੁੰਦਾ ਹੈ ਤਾਂ ਮਿੱਟੀ ਤੋਂ ਹੀ ਸਾਰੀ ਬਨਸਪਤੀ ਪੈਦਾ ਹੁੰਦੀ ਹੈ। ਕਿੰਨੀਆਂ ਹੀ ਭਾਵੁਕ ਸਥਿਤੀਆਂ ਦੇ ਵਰਣਨ ਲਈ ਮਿੱਟੀ ਸ਼ਬਦ ਦੀ ਡਾਢੀ ਵਰਤੋਂ ਹੁੰਦੀ ਹੈ। ਦੇਸ਼ ਦੀ ਧਰਤੀ ਲਈ ‘ਵਤਨ ਦੀ ਮਿੱਟੀ’ ਜਿਹਾ ਵਾਕਾਂਸ਼ ਵਰਤਿਆ ਜਾਂਦਾ ਹੈ, ਚਿਰ ਬਾਅਦ ਦੇਸ਼ ਪਰਤਦਾ ਮਨੁੱਖ ਇਸ ਦੀ ਮਿੱਟੀ ਨੂੰ ਮੱਥੇ ਲਾਉਂਦਾ ਹੈ। ਇਹ ਗੱਲ ਸਿਰਫ ਬਾਈਬਲ ਵਿਚ ਹੀ ਨਹੀਂ ਕਹੀ ਗਈ ਕਿ ਮਿੱਟੀ ਤੋਂ ਹੀ ਮਨੁੱਖ ਪੈਦਾ ਹੋਇਆ ਅਤੇ ਮਿੱਟੀ ਵਿਚ ਹੀ ਇਸ ਨੇ ਮੁੜ ਮਿਲ ਜਾਣਾ ਹੈ ਸਗੋਂ ਹਰ ਸਭਿਆਚਾਰ ਵਿਚ ਅਜਿਹਾ ਵਿਸ਼ਵਾਸ ਹੈ।

ਮਨੁੱਖ ਦੀ ਨਾਸ਼ਮਾਨਤਾ ਦਰਸਾਉਣ ਲਈ ‘ਮਨੁੱਖ ਮਿੱਟੀ ਦਾ ਪੁਤਲਾ ਹੈ’ ਕਹਿਣਾ ਇਕ ਅਲੰਕਾਰ ਹੀ ਨਹੀਂ ਸਗੋਂ ਇਸ ਗੱਲ ਵਿਚ ਵਿਸ਼ਵਾਸ ਵੀ ਹੈ। ਮੌਤ ਪਿਛੋਂ ਮਨੁੱਖ ਮਿੱਟੀ ਵਿਚ ਹੀ ਤਾਂ ਮਿਲ ਜਾਂਦਾ ਹੈ। ਇਹ ਕਾਇਨਾਤ ਦੀ ਸੱਚਾਈ ਹੈ ਕਿ ਵੱਖ ਵੱਖ ਰੂਪ ਧਾਰਦੀਆਂ ਸ਼ੈਆਂ ਮੁੜ ਮੁੜ ਸਭ ਮਿੱਟੀ ਵਿਚ ਮਿੱਟੀ ਹੁੰਦੀਆਂ ਹਨ ਤੇ ਫਿਰ ਹੋਰ ਰੂਪ ਧਾਰਦੀਆਂ ਹਨ। ਇਥੋਂ ਤੱਕ ਕਿ ਮਿੱਟੀ ਸ਼ਬਦ ਕਿਸੇ ਮਨੁੱਖ ਦੀ ਖਾਸੀਅਤ, ਆਦਤ, ਸੁਭਾਅ ਦੇ ਅਰਥ ਵੀ ਦੇਣ ਲੱਗ ਪਿਆ ਹੈ।
ਸਟਾਲਿਨ ਨੇ ਕਿਹਾ ਸੀ ਕਿ ਅਸੀਂ ਕਮਿਉਨਿਸਟ ਹੋਰ ਹੀ ਮਿੱਟੀ ਦੇ ਬਣੇ ਹੋਏ ਹਾਂ। ‘ਮਿੱਟੀ ਪਲੀਤ ਹੋਣਾ’, ‘ਮਿੱਟੀ ਖਰਾਬ ਹੋਣਾ’, ‘ਮਰਨ ਮਿੱਟੀ ਚੜ੍ਹਨਾ’, ਮਿੱਟੀ ਬਾਲਣਾ’ ਆਦਿ ਮੁਹਾਵਰਿਆਂ ਵਿਚ ਮਿੱਟੀ ਸ਼ਬਦ ਦਾ ਰੁਖ ਇਸ ਅਰਥ ਵੱਲ ਹੀ ਹੈ। ਇਸ ਤੋਂ ਹੋਰ ਸ਼ਬਦ ਬਣੇ ਹਨ-ਅਮਿੱਟ ਅਤੇ ਮਟਿਆਲਾ। ‘ਮਿੱਟੀ ਦਾ ਮਾਧੋ’ ਵਿਚ ਮਾਧੋ ਸ਼ਬਦ ਮਾਧਵ ਦਾ ਵਿਗੜਿਆ ਰੂਪ ਹੈ ਜੋ ਕ੍ਰਿਸ਼ਨ ਦਾ ਨਾਂਮਾਤਰ ਹੈ। ਕਹਿੰਦੇ ਹਨ, ਇਕ ਵਿਆਹੇ ਜੋੜੇ ਨੇ ਕ੍ਰਿਸ਼ਨ ਤੋਂ ਪੁੱਤਰ ਦੀ ਦਾਤ ਮੰਗੀ ਤਾਂ ਉਸ ਨੇ ਮਿੱਟੀ ਦਾ ਬੱਚਾ ਬਣਾ ਕੇ ਦੇ ਦਿੱਤਾ। ਇਹ ਬੱਚਾ ਮਾਂ-ਬਾਪ ਜੋ ਕਹਿੰਦੇ, ਉਹੀ ਕਰਦਾ, ਆਪਣੇ ਕੋਲੋਂ ਕੁਝ ਨਹੀਂ। ਇਕ ਵਾਰੀ ਉਸ ਨੂੰ ਦੁਕਾਨ ਤੋਂ ਖੰਡ ਖਰੀਦਣ ਲਈ ਕਿਹਾ ਗਿਆ। ਉਸ ਨੇ ਖੰਡ ਤਾਂ ਖਰੀਦ ਲਈ ਪਰ ਘਰ ਨਹੀਂ ਲਿਆਇਆ ਕਿਉਂਕਿ ਖੰਡ ਘਰ ਲਿਆਉਣ ਲਈ ਨਹੀਂ ਸੀ ਕਿਹਾ ਗਿਆ!
‘ਮਿੱਟੀ ਦੇ ਮੁੱਲ’ ਅਤੇ ‘ਮਿੱਟੀ ਸੋਨਾ ਹੋ ਜਾਣਾ’ ਕੁਝ ਹੋਰ ਮੁਹਾਵਰੇ ਹਨ। ਮਿੱਟੀ ਦਾ ਸਾਰ ਦੱਸ ਕੇ ਬੁੱਲ੍ਹੇ ਸ਼ਾਹ ਦੀ ਇਕ ਪ੍ਰਸਿੱਧ ਕਾਫੀ ਨੇ ਮੇਰਾ ਕੰਮ ਸੁਖਾਲਾ ਕਰ ਦਿੱਤਾ ਹੈ। ਇਸ ਵਿਚ ਜ਼ਿੰਦਗੀ ਦੀਆਂ ਸਾਰੀਆਂ ਅਵਸਥਾਵਾਂ ਨੂੰ ਮਿੱਟੀ ਦੀ ਖੇਡ (ਕੁਦਮ=ਕੁੱਦਣ ਨਾਲ ਸਬੰਧਤ) ਕਿਹਾ ਗਿਆ ਹੈ:
ਮਾਟੀ ਕੁਦਮ ਕਰੇਂਦੀ ਯਾਰ
ਮਾਟੀ ਜੋੜਾ ਮਾਟੀ ਘੋੜਾ
ਮਾਟੀ ਦਾ ਅਸਵਾਰ।
ਮਾਟੀ ਮਾਟੀ ਨੂੰ ਦੌੜਾਏ
ਮਾਟੀ ਦਾ ਖੜਕਾਰ।
ਮਾਟੀ ਮਾਟੀ ਨੂੰ ਮਾਰਨ ਲਾਗੀ
ਮਾਟੀ ਦੇ ਹਥਿਆਰ।
ਜਿਸ ਮਾਟੀ ਪਰ ਬਹੁਤੀ ਮਾਟੀ
ਤਿਸ ਮਾਟੀ ਹੰਕਾਰ।
ਮਾਟੀ ਬਾਗ ਬਗੀਚਾ ਮਾਟੀ
ਮਾਟੀ ਦੀ ਗੁਲਜ਼ਾਰ।
ਮਾਟੀ ਮਾਟੀ ਨੂੰ ਵੇਖਣ ਆਈ
ਮਾਟੀ ਦੀ ਏ ਬਹਾਰ।
ਹੱਸ ਖੇਡ ਮੁੜ ਮਾਟੀ ਹੋਈ
ਮਾਟੀ ਪਾਉਂ ਪਸਾਰ।
ਬੁੱਲ੍ਹਾ ਸ਼ਾਹ ਬੁਝਾਰਤ ਬੁਝੇਂ
ਲਾਹ ਸਿਰੋਂ ਭੋਏਂ ਮਾਰ।
ਮਾਟੀ ਸ਼ਬਦ ਦੇ ਕਈ ਰੁਪਾਂਤਰ ਹਨ, ਜਿਨ੍ਹਾਂ ਵਿਚੋਂ ਸਭ ਤੋਂ ਕਾਵਿਕ ਉਪਰੋਕਤ ਮਾਟੀ ਹੀ ਹੈ।
ਸਭਿਆਚਾਰ ਦੇ ਮੁਢਲੇ ਪੜਾਅ ਵਿਚ ਮਨੁੱਖ ਲਈ ਮਿੱਟੀ ਦੀ ਮਹੱਤਤਾ ਬਹੁਤ ਸੀ। ਇਸ ਤੋਂ ਖੇਤੀ ਹੁੰਦੀ ਸੀ, ਇਸ ਤੋਂ ਘਰ ਬਣਦਾ ਸੀ ਤੇ ਇਸੇ ਤੋਂ ਭਾਂਡੇ ਟੀਂਡੇ ਬਣਦੇ ਸਨ। ਇਸ ਤਰ੍ਹਾਂ ਮਿੱਟੀ ਇੱਕ ਤਰ੍ਹਾਂ ਸਿਰਜਣਾ ਦੀ ਪ੍ਰਤੀਕ ਬਣ ਗਈ, ਇਥੋਂ ਤੱਕ ਕਿ ਮਨੁੱਖ ਨੂੰ ਵੀ ਮਿੱਟੀ ਦਾ ਪੁਤਲਾ ਕਲਪਿਆ ਗਿਆ। ਮਿੱਟੀ ਬਣਨ-ਬਿਨਸਣ ਦੇ ਉਸ ਚੱਕਰ ਦੀ ਪ੍ਰਤੀਕ ਹੈ ਜਿਸ ਵਿਚੋਂ ਸਾਰੀ ਕਾਇਨਾਤ ਗੁਜ਼ਰਦੀ ਹੈ। ਫਿਰ ਵੀ ਮਨੁੱਖ ਦੇ ਪੈਰਾਂ ਵਿਚ ਮਿੱਟੀ ਰੁਲਦੀ ਹੈ। ਮਿੱਟੀ ਨਿਰਮਾਣਤਾ ਦੀ ਪ੍ਰਤੀਕ ਵੀ ਬਣਦੀ ਹੈ, ‘ਫਰੀਦਾ ਖਾਕੁ ਨ ਨਿੰਦੀਐ, ਖਾਕੂ ਜੇਡੁ ਨ ਕੋਇ।’ ਭਗਤ ਕਬੀਰ ਨੇ ਇਹ ਸ਼ਬਦ ਵਰਤਿਆ ਹੈ, ‘ਮਾਟੀ ਕੇ ਕਰਿ ਦੇਵੀ ਦੇਵਾ’; ‘ਮਾਟੀ ਅੰਧੀ ਸੁਰਤ ਸਮਾਈ॥’ (ਗੁਰੂ ਅਰਜਨ ਦੇਵ) ਇਥੇ ਮਾਟੀ ਤੋਂ ਭਾਵ ਸਰੀਰ, ਦੇਹ ਹੈ। ਮਿੱਟੀ ਦਾ ਇਕ ਹੋਰ ਕਾਵਿਕ ਰੂਪ ਮਿਟੀਆ ਵੀ ਹੈ ਜਿਸ ਦੀ ਵਰਤੋਂ ਗੁਰੂ ਨਾਨਕ ਦੇਵ ਨੇ ਕੀਤੀ ਹੈ, ‘ਇਕਿ ਮਿਟੀਆ ਮਹਿ ਮਿਟੀਆ ਖਾਹਿ॥’ ਬਹੁਤ ਸਾਰੀ ਮਿੱਟੀ ਨੂੰ ਮਿੱਟ ਕਹਿ ਦਿੱਤਾ ਜਾਂਦਾ ਹੈ ਜਿਵੇਂ ‘ਕਿੰਨੀ ਮਿੱਟ ਚੜ੍ਹੀ ਹੋਈ ਹੈ।’ ਮਿੱਟੀ ਤੋਂ ਹੀ ਮਿਟਣਾ ਸ਼ਬਦ ਬਣਿਆ, ਕਿਸੇ ਝਗੜੇ ਵਾਲੀ ਗੱਲ ਨੂੰ ਨਾ ਛੇੜਨ ਜਾਂ ਢਕਣ ਦੇ ਅਰਥਾਂ ਵਿਚ ਅਸੀਂ ਕਹਿੰਦੇ ਹਾਂ, ‘ਮਿੱਟੀ ਪਾ।’
ਗੁਰੂ ਅਰਜਨ ਦੇਵ ਫੁਰਮਾਉਂਦੇ ਹਨ, ‘ਮਿਟੀ ਬਿਆਧਿ ਸਰਬ ਸੁਖ ਹੋਏ॥’ ਜਦ ਅਸੀਂ ਕਿਸੇ ਲਿਖੇ ਆਦਿ ਨੂੰ ਮੇਟਦੇ ਹਾਂ ਤਾਂ ਵਾਸਤਵ ਵਿਚ ਹੱਥ ਫੇਰਨ ਦੀ ਕ੍ਰਿਆ ਨਾਲ ਉਸ ਉਤੇ ਮਿੱਟੀ ਪਾ ਦਿੰਦੇ ਹਾਂ। ਉਂਜ ਵੀ ਮਿੱਟੀ ਕਰਨਾ ਦਾ ਭਾਵ ਕਾਸੇ ਦੀ ਦ੍ਰਿਸ਼ਟਮਾਨ ਹਸਤੀ ਨੂੰ ਖਤਮ ਕਰਨਾ ਹੈ। ਮਲੀਆਮੇਟ ਵਿਚ ਵੀ ਮਿੱਟੀ ਬੋਲਦੀ ਹੈ। ਇਹ ਮਟੀਆਮੇਟ ਦਾ ਵਿਗੜਿਆ ਰੂਪ ਹੈ, ਇਥੇ ਮਿਟ ਸ਼ਬਦ ਦੀ ਦੁਹਰਾਈ ਹੈ। ਜੇ ਮਟ ਜਾਂ ਮਟਕਾ ਮਿੱਟੀ ਤੋਂ ਬਣਦਾ ਹੈ ਤਾਂ ਇਹ ਸ਼ਬਦ ਵੀ ਮਿੱਟੀ ਤੋਂ ਹੀ ਬਣੇ ਹਨ ਤੇ ਲਾਖਣਿਕ ਅਰਥ ਵੀ ਮਨੁੱਖ ਦੀ ਦੇਹ ਬਣਦੇ ਹਨ। ਗੁਰਬਾਣੀ ਵਿਚ ਇਸ ਦਾ ਮਾਟ ਰੂਪ ਆਇਆ ਹੈ ਤੇ ਮਾਟਲੀ ਵੀ, ‘ਬਹੁਰਿ ਨ ਜੋਨੀ ਮਾਟ’; ‘ਅਤਿ ਜਜਰੀ ਤੇਰੀ ਰੇ! ਮਾਟਲੀ’।
ਇਸ ਸ਼ਬਦ ਦਾ ਸੰਸਕ੍ਰਿਤ ਰੂਪ ‘ਮ੍ਰਤਿਕਾ’ ਜਿਹਾ ਹੈ ਜਿਸ ਤੋਂ ਪ੍ਰਾਕ੍ਰਿਤ ਰੂਪ ਮੱਟੀ, ਮੱਟਿਆ, ਮੱਟਿਯਾ, ਮਿਟਿਆ ਆਦਿ ਬਣੇ ਹਨ। ਇਨ੍ਹਾਂ ਤੋਂ ਅੱਗੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਚ ਕਈ ਰੂਪ ਅਤੇ ਅਰਥਾਂ ਵਾਲੇ ਸ਼ਬਦ ਵਿਕਸਿਤ ਹੋਏ। ਇਨ੍ਹਾਂ ਦੇ ਕੁਝ ਅਰਥ ਗਿਣਾ ਦਿੰਦੇ ਹਾਂ: ਮਿੱਟੀ, ਧੂੜਾ, ਗਾਰਾ, ਇੱਟ, ਪੀਲੇ ਰੰਗ ਦੀ ਮਹੀਨ ਮਿੱਟੀ, ਚਿੱਟੀ ਮਿੱਟੀ ਅਰਥਾਤ ਚਾਕ, ਮਿੱਟੀ ਦੇ ਭਾਂਡੇ ਆਦਿ। ਸੰਸਕ੍ਰਿਤ ਕ੍ਰਿਆ ‘ਮ੍ਰਿਦ’ ਵਿਚ ਦੱਬਣ, ਦਲਣ, ਰਗੜਨ, ਪੀਸਣ, ਘਸਣ, ਮਲਣ ਆਦਿ ਦੇ ਭਾਵ ਹਨ। ਮ੍ਰਤਿਕਾ ਜਿਹੇ ਸ਼ਬਦ ਇਸੇ ਤੋਂ ਬਣਦੇ ਹਨ। ਸਪਸ਼ਟ ਹੈ, ਮਿੱਟੀ ਇਕ ਤਰ੍ਹਾਂ ਮਹੀਨ ਪੀਸੀ ਚੀਜ਼ ਹੈ।
ਧਰਤੀ ਦੀ ਉਤਲੀ ਪਰਤ ਵਾਤਾਵਰਣ ਅਤੇ ਹੋਰ ਕੁਦਰਤੀ ਵਰਤਾਰਿਆਂ ਕਾਰਨ ਭੁਰਭਰੀ ਹੋ ਗਈ ਹੈ। ਇਹੀ ਮਿੱਟੀ ਹੈ। ਮ੍ਰਿਦ ਤੋਂ ਮ੍ਰਿਦਤਾ, ਮ੍ਰਿਦਲਾ ਜਿਹੇ ਸ਼ਬਦ ਬਣਦੇ ਹਨ, ਜਿਨ੍ਹਾਂ ਵਿਚ ਕੋਮਲਤਾ, ਮੁਲਾਇਮੀ ਆਦਿ ਦੇ ਭਾਵ ਹਨ। ਮਿਧਣਾ, ਮਧੋਲਣਾ ਸ਼ਬਦ ਇਸੇ ਮ੍ਰਿਦ ਦੀ ਪੈਦਾਵਾਰ ਹਨ। ਪੰਜਾਬੀ ਦਾ ਇਕ ਹੋਰ ਸ਼ਬਦ ਮਾਂਡਣਾ ਵੀ ਏਥੇ ਥਾਂ ਸਿਰ ਹੈ। ‘ਮਹਾਨ ਕੋਸ਼’ ਅਨੁਸਾਰ ਇਸ ਦਾ ਅਰਥ ਹੈ, ਮੁਠੀ ਚਾਪੀ ਕਰਨਾ, ਆਟਾ ਗੁੰਨ੍ਹਣਾ। ਮਿੱਡਾ (ਜਿਵੇਂ ਨੱਕ) ਜਿਸ ਦਾ ਅਰਥ ਬੈਠਿਆ ਹੋਇਆ, ਮਿਧਿਆ ਹੋਇਆ ਹੈ, ਵੀ ਇਸੇ ਭਾਵ ਨਾਲ ਜੁੜਦਾ ਲਗਦਾ ਹੈ। ਧਿਆਨ ਦਿਓ, ਮੁਰਦਾ ਜਾਂ ਮ੍ਰਿਤਕ ਯਾਨਿ ਲਾਸ਼ ਵੀ ਇੱਕ ਤਰ੍ਹਾਂ ਮਿੱਟੀ ਹੀ ਹੈ। ਇਸ ਤਰ੍ਹਾਂ ਇਹ ਸ਼ਬਦ ਵੀ ਮ੍ਰਿਦ ਨਾਲ ਜਾ ਜੁੜਦੇ ਹਨ।
ਮੁਰਦਾ ਫਾਰਸੀ ਵਲੋਂ ਹੈ ਤੇ ਇਸੇ ਦਾ ਭਾਈ ਹੈ ਮਰਦ। ਫਿਰ ਅੱਗੇ ਮ੍ਰਿਤੂ ਖੜ੍ਹੀ ਹੈ। ਜ਼ਿੰਦਗੀ ਤੋਂ ਮੌਤ ਤੱਕ ਮਿੱਟੀ ਸਾਡਾ ਸਾਥ ਦਿੰਦੀ ਹੈ। ਮ੍ਰਿਤ ਦਾ ਪੰਜਾਬੀ ਰੂਪ ਮੋਇਆ ਵੀ ਹੈ। ਇਸੇ ਤੋਂ ਲਾਤੀਨੀ ਦੇ ਮੁਢ ਤੋਂ ਫਰਾਂਸੀਸੀ ਵਿਚ ਦੀ ਹੁੰਦਾ ਅੰਗਰੇਜ਼ੀ ਸ਼ਬਦ ੰੋਰਟਅਲ ਬਣਦਾ ਹੈ, ਜਿਸ ਦਾ ਅਰਥ ਮਰਨਹਾਰ ਹੈ। ਇਹ ਸ਼ਬਦ ਵਿਅਕਤੀ ਲਈ ਵੀ ਵਰਤਿਆ ਜਾਂਦਾ ਹੈ ਕਿਉਂਕਿ ਵਿਅਕਤੀ ਸਦੀਵੀ ਹਸਤੀ ਨਹੀਂ ਹੈ।
ਦਿਲਚਸਪ ਗੱਲ ਹੈ, ਮੌਤ ਸ਼ਬਦ ਅਰਬੀ ਭਾਸ਼ਾ ਵਲੋਂ ਆਇਆ ਹੈ ਹਾਲਾਂ ਕਿ ਇਸ ਦਾ ਮੁਢ ਹਿੰਦ-ਇਰਾਨੀ ਵਿਚ ਹੈ। ਸੰਸਕ੍ਰਿਤ ਵਿਚ ਮ੍ਰਿਤੂ ਸ਼ਬਦ ਹੈ। ਖਿਆਲ ਹੈ, ਇਹ ਸ਼ਬਦ ਕਿਸੇ ਤਰ੍ਹਾਂ ਅਰਬੀ ਵਿਚ ਗਿਆ ਤੇ ਇਸ ਦਾ ਰੂਪ ਮੌਤ ਹੋ ਗਿਆ। ਦਰਅਸਲ ਮਾਤ ਸ਼ਬਦ ਅਰਬੀ ਮੌਤ ਦਾ ਹੀ ਬਦਲਿਆ ਰੂਪ ਹੈ। ਮਾਤ ਦਾ ਅਰਥ ਹੈ, ਹਾਰ ਗਿਆ। ਸ਼ਤਰੰਜ ਦੀ ਖੇਡ ਵਿਚ ਸ਼ਾਹਮਾਤ ਅਜਿਹੀ ਚਾਲ ਹੁੰਦੀ ਹੈ, ਜਿਸ ਤੋਂ ਰਾਜੇ ਦੀ ਮੌਤ ਦਾ ਖਤਰਾ ਹੁੰਦਾ ਹੈ। ਅੰਗਰੇਜ਼ੀ ਵਿਚ ਇਹ ਛਹeਚਕਮਅਟe ਦੇ ਰੂਪ ਵਿਚ ਗਿਆ। ਮਾਤ ਤੋਂ ਹੀ ਮਾਤਮ ਬਣਿਆ ਜੋ ਮੌਤ ਦਾ ਵਿਰਲਾਪ ਜਾਂ ਸ਼ੋਕ ਹੈ। ਹੋਰ ਸਾਮੀ ਭਾਸ਼ਾਵਾਂ ਵਿਚ ਵੀ ਇਸ ਦੇ ਰੁਪਾਂਤਰ ਮਿਲਦੇ ਹਨ।
ਵਿਦਵਾਨਾਂ ਨੇ ਇਨ੍ਹਾਂ ਸ਼ਬਦਾਂ ਦਾ ਭਾਰੋਪੀ ਮੂਲ ੰeਰ ਕਲਪਿਆ ਹੈ, ਜਿਸ ਵਿਚ ਰਗੜਨ, ਮਲਣ, ਚੂਰਾ ਕਰਨ, ਨੁਕਸਾਨ ਪਹੁੰਚਾਉਣ ਦੇ ਭਾਵ ਹਨ। ਇਸੇ ਤੋਂ ਅੱਗੇ ਮਰਨ ਦੇ ਭਾਵ ਵਿਕਸਿਤ ਹੁੰਦੇ ਹਨ। ਅੰਗਰੇਜ਼ੀ ਦੇ ਕੁਝ ਹੋਰ ਸ਼ਬਦ ਗਿਣ ਲਈਏ: Aਮਬਰੋਸਅਿ (ਦੇਵਤਿਆਂ ਦਾ ਭੋਜਨ, ਟਾਕਰੇ ਵਿਚ ਦੇਖੋ ਅੰਮ੍ਰਿਤ। ਦੋਹਾਂ ਵਿਚ ਨਾ ਮਰਨ ਦਾ ਭਾਵ ਹੈ); ੀਮਮੋਰਟਅਲ (ਅਮਰ); ੰਅਰe (ਂਗਿਹਟਮਅਰe ਵਿਚ ਵੀ ਇਹ ਸ਼ਬਦ ਬੋਲਦਾ ਹੈ, ਹਊਆ); ੰੋਰਬਦਿ (ਬੀਮਾਰ ਜਿਹਾ, ਮਰਨ ਕਿਨਾਰੇ); ੰੋਰਬੁਨਦ (ਮਰਨਸ਼ੀਲ), ੰੋਰਸeਲ (ਤੋੜਨ ਦੇ ਭਾਵ ਤੋਂ, ਬੁਰਕੀ); ੁੰਰਦeਰ (ਮਾਰਨ, ਹੱਤਿਆ); ਫੋਸਟ-ਮੋਰਟeਮ; ੰੋਰਟੁਅਰੇ (ਮੁਰਦਘਾਟ); ੍ਰeਮੋਰਸe (ਕੱਟਣ ਤੋੜਨ ਦੇ ਭਾਵ ਤੋਂ, ਪਛਤਾਵੇ ਵਿਚ ਅਸੀਂ ਦੰਦ ਕਰੀਚਦੇ ਹਾਂ); ੰੋਰਟਗਅਗe (ਰਾਸ਼ੀ ਭੁਗਤਾਉਣ ਜਾਂ ਨਾ ਦੇ ਸਕਣ ਕਾਰਨ ਗਿਰਵੀ ਦਾ ਸਮਝੌਤਾ ਮਰ ਜਾਂਦਾ ਹੈ); Aਮਅਰਅਨਟਹ ( ਅਮਲਾਨ, ਇਕ ਪੌਦਾ, ਸ਼ਾਬਦਿਕ ਅਰਥ ਜੋ ਨਹੀਂ ਮੁਰਝਾਉਂਦਾ ਜਾਂ ਮਰਦਾ)।
ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ਇਸ ਸ਼ਬਦ ਦੇ ਰੂਪਾਂ ਦੀ ਸਾਮੀ ਭਾਸ਼ਾਵਾਂ ਵਿਚ ਥਾਹ ਪਾਈ ਹੈ। ਪ੍ਰਾਚੀਨਤਮ ਸਾਮੀ ਭਾਸ਼ਾ ਅੱਕਾਦੀ ਵਿਚ ਮਿਦ੍ਰ, ਮਿਦ੍ਰਿਤ ਜਿਹੇ ਸ਼ਬਦ ਹਨ, ਜਿਨ੍ਹਾਂ ਵਿਚ ਭੂਮੀ ਦਾ ਭਾਵ ਹੈ। ਮਿਦ੍ਰ ਦਾ ਅਰਥ ਜਮੀਨ, ਇਲਾਕਾ, ਖੇਤਰ ਅਤੇ ਮਿਦ੍ਰਿਤ ਦਾ ਅਰਥ ਬਗੀਚਾ ਹੈ। ਹਿਬਰੂ ਦੇ ਮੇਦੇਰ ਵਿਚ ਚਿੱਕੜ, ਧਰਤੀ ਦਾ ਭਾਵ ਹੈ ਅਤੇ ਸੀਰੀਅਕ ਦੇ ਮੇਦਾ ਵਿਚ ਮਿੱਟੀ, ਲਾਸ਼ ਜਿਹੇ ਅਰਥ ਹਨ। ਅਰਬੀ ਦੇ ਇੱਕ ਸ਼ਬਦ ਮਦਾਰ ਦਾ ਅਰਥ ਹੈ, ਧਰਤੀ। ਅਜਿਹੇ ਦਾਅਵੇ ਗੂੜ੍ਹੀ ਖੋਜ ਮੰਗਦੇ ਹਨ।