ਨਸ਼ਾ ਤਸਕਰਾਂ ਨਾਲ ਨਿੱਪਟਣ ਦੀ ਸਮੱਸਿਆ

ਗੁਲਜ਼ਾਰ ਸਿੰਘ ਸੰਧੂ
ਆਪਣੇ ਪਰਿਵਾਰ ਦੇ ਆਪਣੇ ਤੋਂ ਛੋਟੇ ਦੋ ਮੈਂਬਰਾਂ ਦੀ ਮ੍ਰਿਤੂ ਦਾ ਕਾਰਨ ਸ਼ਰਾਬਨੋਸ਼ੀ ਹੋਣ ਕਾਰਨ, ਮੈਂ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਵਿਚ ਹੋ ਰਹੇ ਵਾਧੇ ਦੀਆਂ ਖਬਰਾਂ ਦੀ ਪੈਰਵੀ ਬੜੇ ਧਿਆਨ ਨਾਲ ਕਰਦਾ ਹਾਂ। ਕਰਜ਼ਈ ਹੋ ਕੇ ਮਰਨ ਵਾਲੀ ਕਿਸਾਨੀ ਵਿਚ ਵੀ ਨਸ਼ਿਆਂ ਦਾ ਹੱਥ ਹੈ। ਵਰਤਮਾਨ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਲਈ ਐਸ਼ ਟੀ. ਐਫ਼ ਸਥਾਪਤ ਕੀਤੀ ਤਾਂ ਬੜਾ ਖੁਸ਼ ਹੋਇਆ ਸਾਂ ਕਿ ਪੇਂਡੂ ਪੰਜਾਬ ਠੀਕ ਰਸਤੇ ਪੈ ਜਾਵੇਗਾ। ਪੁਛ ਪ੍ਰਤੀਤ ਤੋਂ ਪਤਾ ਲੱਗਾ ਕਿ ਨਸ਼ੇ ਦੇ ਸੌਦਾਗਰਾਂ ਦੀਆਂ ਜੜ੍ਹਾਂ ਏਨੀ ਦੂਰ ਤੱਕ ਫੈਲ ਚੁਕੀਆਂ ਸਨ ਕਿ ਐਸ਼ ਟੀ. ਐਫ਼ ਦੇ ਕਿਸੇ ਵੀ ਸੁਝਾਅ ਉਤੇ ਅਮਲ ਨਹੀਂ ਸੀ ਹੋ ਰਿਹਾ।

ਦੋ ਜੁਲਾਈ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਤੋਂ ਜਾਪਦਾ ਹੈ ਕਿ ਗੱਡੀ ਲੀਹੇ ਪੈਣ ਲੱਗੀ ਹੈ। ਇੱਕ ਡੀ. ਐਸ਼ ਪੀ. ਅਤੇ ਇੱਕ ਹੈਡ ਕਾਂਸਟੇਬਲ ਦੀ ਬਰਖਾਸਤਗੀ ਅਤੇ ਇੱਕ ਐਸ਼ ਐਸ਼ ਪੀ. ਦਾ ਤਬਾਦਲਾ ਵੀ ਏਸੇ ਹੀ ਲੋਅ ਵਿਚ ਵੇਖਿਆ ਜਾ ਰਿਹਾ ਹੈ। ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦਾ ਸੁਝਾਅ ਦੇਣਾ ਵੀ ਸਰਕਾਰ ਦੀ ਵਰਤਮਾਨ ਰੁਚੀ ਉਤੇ ਮੋਹਰ ਲਾਉਂਦਾ ਹੈ। ਪੁਲਿਸ ਅਧਿਕਾਰੀਆਂ ਨੂੰ ਪ੍ਰਭਾਵਤ ਕਰਨ ਲਈ ਪੈਸੇ ਦੀ ਖੇਡ ਦੀਆਂ ਗੱਲਾਂ ਵੀ ਅੱਗੇ ਆਈਆਂ ਹਨ ਤੇ ਵਾਸਨਾ ਤ੍ਰਿਪਤੀ ਦੀਆਂ ਵੀ।
ਮੈਂ 1989-1990 ਵਿਚ ਪੰਜਾਬ ਰੈਡ ਕਰਾਸ ਵਲੋਂ ਚਲਾਏ ਗਏ ਨਸ਼ਾ ਛੁਡਾਊ ਕੇਂਦਰਾਂ ਵਿਚ ਇਸ ਰੁਚੀ ਦਾ ਟਰੇਲਰ ਵੇਖ ਚੁਕਾ ਹਾਂ। ਪੰਜਾਬ ਪੁਲਿਸ ਵਿਚ ਵੱਡੀ ਪੱਧਰ ਉਤੇ ਤਬਾਦਲੇ ਤੇ ਐਸ਼ ਟੀ. ਐਫ਼ ਨੂੰ ਵਧੇਰੇ ਖੁੱਲ੍ਹਾਂ ਤੇ ਸ਼ਕਤੀ ਦਿੱਤੇ ਬਿਨਾ ਪੰਜਾਬ ਦੀ ਕਿਸਾਨੀ ਤੇ ਜਵਾਨੀ ਬਚਾਉਣ ਦਾ ਕੰਮ ਅਤਿਅੰਤ ਕਠਿਨ ਹੈ। ਮੰਤਰੀ ਮੰਡਲ ਦੇ ਫੈਸਲਿਆਂ ਦਾ ਅਸਰ ਕਦੋਂ ਤੇ ਕਿਹੋ ਜਿਹਾ ਹੁੰਦਾ ਹੈ, ਸਮੇਂ ਨੇ ਦੱਸਣਾ ਹੈ। ਹਾਲ ਦੀ ਘੜੀ ਅਜੋਕੀ ਸੋਚ ਦਾ ਸਵਾਗਤ ਹੋਣਾ ਚਾਹੀਦਾ ਹੈ।
ਹਿਮਾਚਲ ਪ੍ਰਦੇਸ਼ ਦਾ ਆਰਥਕ ਵਿਕਾਸ: ਮੇਰੀ ਉਮਰ ਦੇ ਗੈਰ ਹਿਮਾਚਲੀ ਆਜ਼ਾਦੀ ਪਿੱਛੋਂ ਹਿਮਾਚਲ ਪ੍ਰਦੇਸ਼ ਦੀ ਆਰਥਕ ਉਨਤੀ ਤੋਂ ਜਾਣੂ ਹਨ। ਮੈਂ 1951 ਦਾ ਹਿਮਾਚਲ ਵੀ ਵੇਖਿਆ ਹੈ, 1959 ਤੇ 1966 ਦਾ ਵੀ। ਅਜ ਕੱਲ ਤਾਂ ਹਰ ਦਿਨ ਦੇਖਦਾ ਹਾਂ। 1959 ਵਿਚ ਮਨਾਲੀ ਸੁੰਨੀ ਸੀ ਤੇ ਲਾਹੌਲ ਸਪਿਤੀ ਅਪਹੁੰਚ।
ਅੱਜ ਸ਼ਿਮਲਾ, ਡਲਹੌਜੀ ਤੇ ਕਸੌਲੀ ਦੀ ਮਾਲ ਰੋਡ ਉਤੇ ਮੋਢੇ ਨਾਲ ਮੋਢਾ ਖਹਿੰਦਾ ਹੈ। ਹਿਮਾਚਲ ਸਰਕਾਰ ਦੇ ਅੰਕੜਾ ਵਿਭਾਗ ਅਨੁਸਾਰ ਹਿਮਾਚਲ ਦੀ ਆਮਦਨ ਪਿਛਲੇ ਦੋ ਦਹਾਕਿਆਂ ਵਿਚ ਅੱਠ ਗੁਣਾ ਹੋ ਗਈ ਹੈ। ਪਰ ਵਿਕਾਸ ਦੀ ਪੱਧਰ ਇੱਕੋ ਜਿਹੀ ਨਹੀਂ। ਸਭ ਤੋਂ ਵਧ ਆਮਦਨ ਜ਼ਿਲਾ ਸੋਲਨ ਦੀ ਹੈ, ਜਿੱਥੇ ਉਦਯੋਗ ਵਿਕਾਸ ਛੜੱਪੇ ਮਾਰ ਕੇ ਹੋਇਆ ਹੈ। ਕਾਂਗੜਾ, ਸ਼ਿਮਲਾ ਤੇ ਮੰਡੀ ਜ਼ਿਲ੍ਹੇ ਕ੍ਰਮਵਾਰ ਸੋਲਨ ਤੋਂ ਪਿੱਛੇ ਹਨ। ਕਿਨੌਰ ਤੇ ਲਾਹੌਲ ਸਪਿਤੀ ਹੋਰ ਵੀ ਥੱਲੇ।
ਮੈਨੂੰ ਪਿਛਲੇ ਸਮੇਂ ਵਿਚ ਧਰਮਪੁਰ ਸਬਾਟੂ ਮਾਰਗ ਦੇ ਨੇੜੇ ਤੇੜੇ ਦਾ ਆਰਥਕ ਵਿਕਾਸ ਵੇਖਣ ਦਾ ਮੌਕਾ ਮਿਲਿਆ ਹੈ। ਕਈ ਘਰਾਂ ਵਿਚ ਕਾਰਾਂ ਹਨ ਜਿਨ੍ਹਾਂ ਤੋਂ ਟੈਕਸੀਆਂ ਦਾ ਕੰਮ ਲਿਆ ਜਾਂਦਾ ਹੈ। ਰਾਜਸਥਾਨ ਦੇ ਭੁੱਜੇ ਹੋਏ ਛੋਲੇ ਵੇਚਣ ਵਾਲੇ ਕੋਲ ਮੋਟਰ ਸਾਈਕਲ ਹੈ। ਵੇਚਣ ਵਾਲੇ ਦੇ ਹੋਕੇ ਦੀ ਆਵਾਜ਼ ਮੋਟਰ ਸਾਈਕਲ ਦੀ ਫਿਟ ਫਿਟ ਨਾਲੋਂ ਉਚੀ ਹੁੰਦੀ ਹੈ।
ਅੰਕੜਾ ਵਿਭਾਗ ਵਾਲਿਆਂ ਦਾ ਦਾਅਵਾ ਠੀਕ ਜਾਪਦਾ ਹੈ ਕਿ ਹਿਮਾਚਲ ਦਾ ਆਰਥਕ ਵਿਕਾਸ ਦੇਸ਼ ਦੇ ਹੋਰ ਪਰਬਤੀ ਰਾਜਾਂ ਨੂੰ ਮਾਤ ਪਾਉਂਦਾ ਹੈ। ਇਸ ਦਾ ਸਵਾਗਤ ਕਰਦਿਆਂ ਹਿਮਾਚਲੀਆਂ ਨੂੰ ਕਹਿਣਾ ਚਾਹਾਂਗਾ, ‘ਵਧੋ-ਫੁਲੋ ਪਰ ਸੰਭਲ ਕੇ।’
ਖੇਡ ਖਿਡਾਰੀਆਂ ਦੀ ਵਿਦਿਅਕ ਯੋਗਤਾ: ਮੋਗੇ ਦੀ ਜੰਮੀ ਜਾਈ ਹਰਮਨਪ੍ਰੀਤ ਕੌਰ ਕੋਲੋਂ ਡੀ. ਐਸ਼ ਪੀ. ਦੀ ਨੌਕਰੀ ਖੁੱਸ ਜਾਣ ਦੀ ਸੰਭਾਵਨਾ ਪੜ੍ਹ ਕੇ ਬੜੀ ਹੈਰਾਨੀ ਹੋਈ। ਉਹ ਕ੍ਰਿਕਟ ਦੀ ਖਿਡਾਰੀ ਹੈ ਤੇ ਅਰਜੁਨ ਐਵਾਰਡੀ। ਚਾਰ ਮਹੀਨੇ ਤੋਂ ਡੀ. ਐਸ਼ ਪੀ. ਵਜੋਂ ਤਾਇਨਾਤ ਹਰਮਨਪ੍ਰੀਤ ਦੀ ਬੀ. ਏ. ਡਿਗਰੀ ਦਾ ਰੇੜ੍ਹਕਾ ਉਭਾਰਿਆ ਜਾ ਰਿਹਾ ਹੈ। ਸਰਕਾਰ ਵਲੋਂ ਸਿਰਕੱਢ ਖਿਡਾਰੀਆਂ ਤੋਂ ਉਚੀ ਵਿੱਦਿਆ ਦੀ ਮੰਗ ਕਰਨਾ ਉਕਾ ਹੀ ਯੋਗ ਨਹੀਂ, ਖਾਸ ਕਰਕੇ ਉਨ੍ਹਾਂ ਨੌਕਰੀਆਂ ਲਈ ਜਿੱਥੇ ਕਾਗਜੀ ਵਿਦਿਆ ਨਾਲੋਂ ਹੋਰ ਤਰ੍ਹਾਂ ਦੀ ਯੋਗਤਾ ਦੀ ਆਸ ਰੱਖੀ ਜਾਂਦੀ ਹੈ। ਯੋਗਤਾ ਚਾਰ ਮਹੀਨੇ ਵਿਚ ਨਹੀਂ ਦਿਖਾਈ ਦਿੰਦੀ, ਸਮਾਂ ਮੰਗਦੀ ਹੈ। ਜੇ ਯੂਨੀਵਰਸਿਟੀਆਂ ਐਮ. ਏ., ਪੀਐਚ. ਡੀ. ਬਾਹਰੇ ਬੁਧੀਜੀਵੀਆਂ, ਇਥੋਂ ਤੱਕ ਕਿ ਮੈਟ੍ਰਿਕ ਪਾਸ ਨੂੰ ਵੀ ਪ੍ਰੋਫੈਸਰ ਲਾ ਸਕਦੀਆਂ ਹਨ ਤਾਂ ਪੁਲਿਸ ਦੀ ਨੌਕਰੀ ਲਈ ਖੇਡਾਂ ਦੀ ਉਤਮਤਾ ਹੀ ਕਾਫੀ ਹੋਣੀ ਚਾਹੀਦੀ ਹੈ।
ਅੰਤਿਕਾ: ਮੋਹਨ ਸਿੰਘ
ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ।
ਕੁਝ ਅਜਬ ਇਲਮ ਦੀਆਂ ਜ਼ਿਦਾਂ ਨੇ
ਮੈਨੂੰ ਮਾਰਿਆ ਕਿਉਂ, ਕੀ, ਕਿੱਦਾਂ ਨੇ।