ਆ ਭੈਣ ਫਾਤਮਾ!

ਕਹਾਣੀ ‘ਆ ਭੈਣ ਫਾਤਮਾ’ ਵਿਚ ਸੰਤਾਲੀ ਵਾਲੀ ਚੀਸ ਪਰੋਈ ਹੋਈ ਹੈ। ਕਹਾਣੀਕਾਰ ਬਲਦੇਵ ਸਿੰਘ ਨੇ ਇਸ ਚੀਸ ਨਾਲ ਇਉਂ ਸਾਂਝ ਪੁਆਈ ਹੈ ਕਿ ਅੱਖਾਂ ਨਮ ਹੋ ਉਠਦੀਆਂ ਹਨ। ਪਹਿਲੀ ਨਜ਼ਰੇ ਕਹਾਣੀ ਭਾਵੇਂ ਇਕਹਿਰੀ ਜਿਹੀ ਜਾਪਦੀ ਹੈ ਪਰ ਜਿਉਂ ਜਿਉਂ ਇਸ ਦੀਆਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ, ਪਾਠਕ ਮਨ ਵੈਰਾਗਮਈ ਹਾਲਾਤ ਨਾਲ ਜੂਝਣ ਲੱਗਦਾ ਹੈ। ਇਹ ਅਸਲ ਵਿਚ ਮਨੁੱਖੀ ਮਨ ਦੇ ਜਿਉਂਦੇ ਹੋਣ ਦੀ ਕੋਈ ਅਨੰਤ ਕਥਾ ਹੈ।

-ਸੰਪਾਦਕ

ਬਲਦੇਵ ਸਿੰਘ
ਦੀਵਾਲੀ ਨੇੜੇ ਹੋਣ ਕਰ ਕੇ ਹਰ ਵਰ੍ਹੇ ਵਾਂਗ ਘਰ ਵਿਚ ਵਾਧੂ ਜਮ੍ਹਾ ਹੋਇਆ ਸਾਮਾਨ ਮੈਂ ਕੱਢ ਕੇ ਵਿਹੜੇ ਵਿਚ ਰੱਖਣ ਲੱਗ ਪਿਆ ਹਾਂ। ਐਤਵਾਰ ਦੀ ਛੁੱਟੀ ਦਾ ਮੈਂ ਫਾਇਦਾ ਉਠਾਉਣਾ ਚਾਹੁੰਦਾ ਹਾਂ। ਬੱਚਿਆਂ ਨੂੰ ਵੀ ਨਾਲ ਲਾ ਲਿਆ ਹੈ। ਉਹ ਬੜੇ ਚਾਅ ਨਾਲ ਪੁਰਾਣੀਆਂ ਜੁੱਤੀਆਂ, ਖਾਲੀ ਬੋਤਲਾਂ, ਸਕੂਲ ਦੀਆਂ ਵਰਤੀਆਂ ਕਾਪੀਆਂ, ਕਿਤਾਬਾਂ, ਪਲਾਸਟਿਕ ਦੀ ਜਰਜਰ ਹੋਈ ਨਵਾਰ, ਬਿਜਲੀ ਦੀਆਂ ਖਰਾਬ ਹੋਈਆਂ ਟਿਊਬਾਂ, ਸਵਿੱਚ, ਟੁੱਟੇ ਖਿਡੌਣੇ, ਸਾਈਕਲ ਦੇ ਪੁਰਾਣੇ ਟਾਇਰ ਤੇ ਹੋਰ ਪਤਾ ਨਹੀਂ ਕੀ-ਕੀ ਘੜੀਸੀ ਲਈ ਬਾਹਰ ਆ ਰਹੇ ਸਨ। ਉਨ੍ਹਾਂ ਲਈ ਇਹ ਖੇਡ ਜਿਹਾ ਰੁਝੇਵਾਂ ਸੀ। ਮੈਂ ਹੈਰਾਨ ਹਾਂ, ਬੇਬੇ ਪਤਾ ਨਹੀਂ ਕੀ ਕੁਝ ਚੁੱਕ-ਚੁੱਕ ਅੰਦਰ ਸਟੋਰ ਵਿਚ ਸੁੱਟੀ ਜਾਂਦੀ ਰਹਿੰਦੀ ਹੈ। “…ਕਦੇ ਕੰਮ ਆ ਜਾਂਦੈ…।” ਹਰ ਇਕ ਨੂੰ ਇਹੀ ਕਹਿੰਦੀ ਹੈ।
ਅੱਜ ਬੇਬੇ ਸ਼ਾਇਦ ਗੁਆਂਢ ਵਿਚ ਕਿਸੇ ਦੇ ਘਰ ਗਈ ਹੋਈ ਹੈ। ਨਹੀਂ ਤਾਂ ਹੁਣ ਵੀ ਉਸ ਨੇ ਸਾਡੀ ਕਰਤੂਤ ‘ਤੇ ਖਿਝਣਾ ਸੀ ਤੇ ਵਿਚੋਂ ਚੀਜ਼ਾਂ ਚੁੱਕ-ਚੁੱਕ ਪੁੱਛਣਾ ਸੀ, “ਆਹ ਕਾਹਨੂੰ ਸੁੱਟੀ ਜਾਨੈਂ? ਤੇ ਆਹ ਜੁੱਤੀ ਤਾਂ ਅਜੇ ਚੰਗੀ ਐ। ਬੱਚਿਆਂ ਦੇ ਖਿਡੌਣੇ ਵੀ ਕਦੇ ਸੁੱਟੀਦੇ ਹੁੰਦੇ ਐ? ਇਹ ਤਾਂ ਕਰਮਾਂ ਵਾਲਿਆਂ ਦੇ ਘਰ ਹੁੰਦੇ ਐ…।”
ਵਿਹੜੇ ਵਿਚ ਕਬਾੜੀਆਂ ਦੀ ਦੁਕਾਨ ਵਾਂਗ ਉਗੜ-ਦੁਗੜ ਢੇਰ ਲੱਗ ਗਿਆ ਹੈ। ਘਰਵਾਲੀ ਨੇ ਰਸੋਈ ਵਿਚੋਂ ਸੁੱਕੀਆਂ ਰੋਟੀਆਂ ਦਾ ਢੋਲ ਲਿਆ ਕੇ ਪਲਟ ਦਿੱਤਾ ਹੈ। “ਇਹ ਵੀ ਕੱਢੋ ਬਾਹਰ”, ਆਖ ਕੇ ਉਹ ਉੱਲੀ ਲੱਗੀਆਂ ਰੋਟੀਆਂ ਵੱਲ ਦੇਖ ਨੱਕ ਚੜ੍ਹਾਉਂਦੀ ਹੈ। ਬੱਚੇ ਪੁਰਾਣਾ, ਕਿਤੋਂ-ਕਿਤੋਂ ਘੁਣ ਖਾਧਾ ਬੇਬੇ ਦਾ ਚਰਖਾ ਧੂਹੀ ਆਉਂਦੇ ਹਨ। ‘ਚੱਲੋ ਇਹ ਵੀ ਕੱਢੋ’, ਮੈਂ ਸੋਚਦਾ ਹਾਂ। ਪਿਛਲੇ ਵੀਹ-ਪੱਚੀ ਸਾਲਾਂ ਤੋਂ ਮੈਂ ਨਹੀਂ ਵੇਖਿਆ, ਬੇਬੇ ਨੇ ਕਦੇ ਇਸ ਚਰਖੇ ‘ਤੇ ਕੱਤਿਆ ਹੋਵੇ ਪਰ ਕਦੇ-ਕਦੇ ਝਾੜਦੀ-ਪੂੰਝਦੀ ਜ਼ਰੂਰ ਰਹਿੰਦੀ ਹੈ। ਕਈ ਵਾਰ ਉਹਦੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਵੀ ਕਰਦੀ ਹੈ ਜਿਵੇਂ ਉਹ ਹੱਡ-ਮਾਸ ਦਾ ਬਣਿਆ ਹੋਵੇ ਪਰ ਮੈਨੂੰ ਪਤਾ ਹੈ, ਉਸ ਦੀਆਂ ਸਾਰੀਆਂ ਚੂਲਾਂ ਹਿੱਲੀਆਂ ਪਈਆਂ ਹਨ।
ਹੁਣ ਮੈਂ ਚਾਹੁੰਦਾ ਹਾਂ, ਬੇਬੇ ਦੇ ਬਾਹਰੋਂ ਆਉਣ ਤੋਂ ਪਹਿਲਾਂ-ਪਹਿਲਾਂ ਫੇਰੀ ਵਾਲਾ ਆ ਜਾਵੇ ਪਰ ਉਹੀ ਗੱਲ ਹੋਈ ਜਿਸ ਦਾ ਮੈਨੂੰ ਡਰ ਸੀ।
ਪੱਕੇ ਫਰਸ਼ ‘ਤੇ ਬੇਬੇ ਦੀ ਸੋਟੀ ਖੜਕਦੀ ਵਿਹੜੇ ਵਿਚ ਆ ਗਈ ਹੈ ਤੇ ਉਹ ਹੈਰਾਨ ਹੋਈ ਖਿੱਲਰੇ ਢੇਰ ਵੱਲ ਵੇਖਦੀ ਹੈ, “ਵੇ ਆਹ ਕੀ ਕਰ ਬੈਠੈਂ ਪੁੱਤ?”
ਮੈਂ ਬੇਬੇ ਵੱਲ ਪਾੜ ਵਿਚੋਂ ਫੜੇ ਗਏ ਚੋਰ ਵਾਂਗ ਦੇਖਦਾ ਹਾਂ।
“ਤੇ ਆ ਕਾਹਨੂੰ ਬਾਹਰ ਕੱਢ ਲਿਆਇਐਂ?” ਮਾਂ ਦੇ ਚਿਹਰੇ ਉਤੇ ਪੀੜ ਉਭਰ ਆਈ। “ਇਹ ਸਿੱਟਣ ਆਲਾ ਭਲਾ?” ਉਹ ਚਰਖੇ ਨੂੰ ਮੋਹ ਨਾਲ ਵੇਖਦੀ ਹੈ। ਅੱਖਾਂ ਵਿਚ ਪਾਣੀ ਸਿੰਮ ਆਇਆ ਹੈ। ਮੈਂ ਮਹਿਸੂਸ ਕੀਤਾ ਕਿ ਬੇਬੇ ਦੁਖੀ ਹੋ ਗਈ ਹੈ।
ਪਰ ਮੈਂ ਸ਼ਰਮਿੰਦਗੀ ਮੰਨਣ ਦੀ ਥਾਂ ਖਿਝ ਕੇ ਪੁੱਛਦਾ ਹਾਂ, “ਬੇਬੇ ਕੀ ਕਰਨੈਂ ਇਹਤੋਂ? ਕੱਤਿਆ ਤਾਂ ਤੂੰ ਕਦੇ ਹੈ ਨ੍ਹੀਂ?”
“ਨਾ ਪੁੱਤ, ਫੇਰ ਕੀ ਹੋਇਆ ਜੇ ਕੱਤਿਆ ਨਹੀਂ ਤਾਂ ਇਹਨੂੰ ਘਰੋਂ ਬਾਹਰ ਥੋੜ੍ਹੀ ਸੁੱਟ ਦੇਣੈ। ਕੰਮ ਤਾਂ ਮੈਂ ਵੀ ਨ੍ਹੀਂ ਕਰਦੀ ਕੋਈ। ਦਸ ਸਾਲ ਹੋਗੇ ਕਦੇ ਰੋਟੀਆਂ ਨੀ ਪਕਾਈਆਂ, ਕਦੇ ਥਾਂ ਨਹੀਂ ਸੁੰਭਰਿਆ… ਮੈਨੂੰ ਤੁਸੀਂ ਘਰੋਂ ਕੱਢ’ਤਾ?”
ਬੇਬੇ ਦੀ ਦਲੀਲ ਸੁਣ ਕੇ ਮੈਂ ਚੁੱਪ ਕਰ ਗਿਆ।
“ਤੈਨੂੰ ਨੀ ਪਤਾ, ਇਹ ਅਮਾਨਤ ਐ ਮੇਰੇ ਕੋਲ ਫਾਤਮਾ ਦੀ। ਜਿਉਂਦੀ-ਜਿਉਂਦੀ ਤਾਂ ਨ੍ਹੀਂ ਮੈਂ ਇਹਨੂੰ ਆਪਣੇ ਕੋਲੋਂ ਪਾਸੇ ਕਰਦੀ। ਮਰੀ ਤੋਂ ਜੋ ਮਰਜ਼ੀ ਕਰਿਓ ਇਹਦੇ ਨਾਲ”, ਆਖ ਕੇ ਬੇਬੇ ਚਰਖੇ ਨੂੰ ਢੇਰ ਵਿਚੋਂ ਪਾਸੇ ਕਰ ਕੇ ਪੂੰਝਣ ਲਗਦੀ ਹੈ। ਨਾਲ ਹੌਲੀ-ਹੌਲੀ ਗੱਲਾਂ ਕਰਨ ਲੱਗ ਪਈ ਹੈ।
ਮੈਂ ਕਦੇ ਬੇਬੇ ਵੱਲ ਤੇ ਕਦੇ ਚਰਖੇ ਵੱਲ ਦੇਖਦਾ ਹਾਂ। ਚਰਮਖਾਂ ਸੁੱਕੀਆਂ ਪਈਆਂ ਹਨ। ਤੱਕਲਾ ਵਿੰਗਾ ਹੈ। ਮਾਲ੍ਹ ਹੈ ਹੀ ਨਹੀਂ। ਸਰੀਰ ਵੱਲੋਂ ਬੇਬੇ ਦਾ ਵੀ ਚਰਖੇ ਵਰਗਾ ਹੀ ਹਾਲ ਹੈ। ਗੋਡੇ ਦੁਖਦੇ ਹਨ। ਦੰਦ ਨਹੀਂ ਹਨ। ਨਿਗਾਹ ਬਹੁਤ ਘੱਟ ਹੈ।
“ਤੂੰ ਉਦੋਂ ਨਿੱਕਾ ਜਿਹਾ ਹੁੰਦਾ ਸੀ। ਤਿੰਨਾਂ-ਚਾਰਾਂ ਸਾਲਾਂ ਦਾ ਹੋਵੇਂਗਾ”, ਬੇਬੇ ਚਰਖੇ ਵਿਚੋਂ ਹੀ ਬੀਤੇ ਪੰਜਾਹ ਵਰ੍ਹੇ ਵੇਖਣ ਲੱਗ ਪਈ ਹੈ। ਇਕ ਹੱਥ ਹੱਥੀ ‘ਤੇ ਰੱਖ ਕੇ ਹੋਰ ਉਦਾਸ ਹੋ ਗਈ ਹੈ। “ਮੈਨੂੰ ਭੋਰਾ-ਭੋਰਾ ਯਾਦ ਹੈ। ਆਥਣੇ ਜਿਹੇ ਦਾ ਵੇਲਾ ਸੀ, ਜਦੋਂ ਫਾਤਮਾ ਰੋਂਦੀ ਆਈ ਆਪਣੇ ਘਰ। ਆਂਹਦੀ, ਕੁੜੇ ਸੁਣਿਐ, ਮੁਲਕ ‘ਜਾਦ ਹੋ ਗਿਆ, ਨਾਲੇ ਪਾਕਿਸਤਾਨ ਅੱਡ ਬਣ ਗਿਆ। ਸਾਨੂੰ ਤਾਂ ਉਧਰ ਜਾਣਾ ਪਊ। ਮੇਰਾ ਅੱਬਾ ਤੇ ਚਾਚਾ ਸਮਾਨ ਬੰਨ੍ਹੀ ਜਾਂਦੇ ਐ।”
ਸੁਣ ਕੇ ਮੇਰਾ ਤਾਂ ਜਣਾ ਸਾਹ ਰੁਕ ਗਿਆ। ਫਾਤਮਾ ਰੋਣੋਂ ਨਾ ਹਟੇ। ਮੇਰੇ ਗਲ ਨੂੰ ਚਿੰਬੜਗੀ। ਕੋਹੜੀ ਮੋਹ ਵੀ ਬਾਹਲਾ ਕਰਦੀ ਸੀ। ਨਾਲੇ ਰੋਈ ਜਾਵੇ, ਨਾਲੇ ਆਖੀ ਜਾਵੇ- ਭੈਣੇ… ਇਹ ਗਲੀਆਂ, ਇਹ ਪਿੰਡ, ਇਹ ਘਰ, ਇਹ ਜਮੀਨਾਂ, ਇਹ ਦੇਸ਼ ਕਿਵੇਂ ਛੱਡ ਕੇ ਜਾਵਾਂਗੇ ਅਸੀਂ? ਉਥੇ ਪਤਾ ਨਹੀਂ ਕਿਹੋ ਜਿਹੇ ਲੋਕ ਹੋਣਗੇ? ਮੈਂ ਤਾਂ ਕਦੇ ਆਪਣੇ ਨਾਨਕੇ ਵੀ ਨਹੀਂ ਕੱਟੇ ਦੋ ਦਿਨ। ਤੇਰੇ ਬਿਨਾ ਤਾਂ ਮੇਰਾ ਜੀਅ ਨਹੀਂ ਲੱਗਦਾ ਕਿਤੇ ਵੀ… ਹੁਣ ਕੀ ਕਰੂੰਗੀ?” ਬੇਬੇ ਦੀ ਆਗਿਆਈ ਆਵਾਜ਼ ਸੁਣ ਕੇ ਮੈਂ ਬੇਬੇ ਵੱਲ ਝਾਕਦਾ ਹਾਂ। ਬੇਬੇ ਦੂਰ ਕਿਤੇ ਦੇਖ ਰਹੀ ਹੈ।
“ਲੈ ਬੇਬੇ ਤੂੰ ਤਾਂ ਰੋਈ ਜਾਨੀ ਐਂ!” ਮੈਂ ਹੈਰਾਨ ਹੋ ਕੇ ਪੁੱਛਦਾ ਹਾਂ।
ਬੇਬੇ ਹਉਕਾ ਲੈ ਕੇ ਉਦਾਸ ਜਿਹਾ ਹੱਸਣ ਦਾ ਯਤਨ ਕਰਦੀ ਹੈ। “ਰੋਣਾ ਈ ਐਂ ਭਾਈ, ਹੋਰ ਮੇਰੇ ਕੋਲ ਹੈ ਕੀ? ਪੰਜਾਹ ਵਰ੍ਹੇ ਹੋਗੇ। ਜਾਣੀ ਕੱਲ੍ਹ ਦੀਆਂ ਗੱਲਾਂ ਨੇ। ਜਾਣ ਲੱਗੀ ਆਹ ਚਰਖਾ ਦੇ’ਗੀ ਸੀ ਮੈਨੂੰ। ਆਂਹਦੀ ਸੀ, ਪੁੱਤਾਂ ਨਾਲੋਂ ਵੱਧ ਪਿਆਰਾ ਹੈ। ਜੇ ਤੈਨੂੰ ਸੁਰਤ ਹੁੰਦੀ ਤਾਂ ਉਦੋਂ ਵੇਖਦਾ ਚਰਖੇ ਨੂੰ। ਇਹ ਤਾਂ ਜਾਣੀ ਗੱਲਾਂ ਕਰਦਾ ਹੁੰਦਾ ਸੀ। ਗੀਤ ਨੀ ਗਾਉਂਦੇ ਹੁੰਦੇ, ਗੁੱਝ ਚਰਖੇ ਦੀ ਬੋਲੇ।” ਬੇਬੇ ਫੇਰ ਹਉਕਾ ਲੈਂਦੀ ਹੈ। ਅੱਖਾਂ ਪੂੰਝਦੀ ਹੈ ਪਰ ਅੱਖਾਂ ਭਰ ਆਉਂਦੀਆਂ ਹਨ। “ਜਾਣ ਲੱਗੀ ਇਹਨੂੰ ਪਲੋਸੀ ਜਾਵੇ। ਕਹਿੰਦੀ ਸੀ, ਕੀ ਪਤਾ ਮੁਲਕ ਫੇਰ ਇਕ ਹੋ ਜਾਣ। ਉਦੋਂ ਮੈਂ ਆਪਣਾ ਚਰਖਾ ਲੈ ਜੂੰ। ਕੀ ਲੈਣਾ ਸੀ ਜੀ ‘ਜਾਦੀ ਤੋਂ? ਜੱਦੇ ਜਾਂਦੀਆਂ ਦੇ!”
ਬੇਬੇ ਹੌਲੀ-ਹੌਲੀ ਕੁਝ ਮੂੰਹ ਵਿਚ ਬੋਲ ਰਹੀ ਹੈ। ਪਤਾ ਨਹੀਂ ਚਰਖੇ ਨਾਲ ਜਾਂ ਫਾਤਮਾ ਨਾਲ ਗੱਲਾਂ ਕਰ ਰਹੀ ਹੈ। ਇਹੋ ਜਿਹੇ ਭਾਵੁਕ ਸਮੇਂ ਬੇਬੇ ਨੂੰ ਮੈਂ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਬੱਚਿਆਂ ਨੂੰ ਘੂਰ ਕੇ ਚੁੱਪ ਕਰਾ ਦਿੱਤਾ ਹੈ। ਉਹ ਅੰਦਰੋਂ ਤਾਂ ਉਤੇਜਿਤ ਹਨ, ਚੀਜ਼ਾਂ ਨੂੰ ਉਲਟ ਪਲਟ ਕੇ ਪਰਖ ਰਹੇ ਹਨ ਪਰ ਜਦੋਂ ਵੀ ਖੜਾਕ ਹੁੰਦਾ ਹੈ ਤਾਂ ਮੇਰੇ ਅਤੇ ਬੇਬੇ ਵੱਲ ਵੇਖਦਿਆਂ ਆਪਸ ਵਿਚ ਬੁਲ੍ਹਾਂ ‘ਤੇ ਉਂਗਲ ਰੱਖ ਕੇ ਚੁੱਪ ਰਹਿਣ ਲਈ ਆਖਦੇ ਹਨ।
ਫੇਰੀ ਵਾਲਾ ਆ ਗਿਆ ਹੈ। ਬੇਬੇ ਚਰਖੇ ਨੂੰ ਇਉਂ ਫੜ੍ਹੀ ਬੈਠੀ ਹੈ ਜਿਵੇਂ ਉਸ ਨੂੰ ਚਰਖਾ ਖੋਹੇ ਜਾਣ ਦਾ ਡਰ ਹੋਵੇ।
ਫੇਰੀ ਵਾਲੇ ਨੇ ਸਭ ਨਿੱਕੜ-ਸੁੱਕੜ ਹੂੰਝ ਲਿਆ ਹੈ। ਕਮਾਲ ਦੇ ਹਨ ਇਹ ਲੋਕ ਵੀ! ਜਿਨ੍ਹਾਂ ਵਸਤਾਂ ਨੂੰ ਅਸੀਂ ਬੇਕਾਰ ਸਮਝਦੇ ਹਾਂ, ਇਹ ਉਨ੍ਹਾਂ ਵਿਚੋਂ ਹੀ ਆਪਣਾ ਰੁਜ਼ਗਾਰ ਚਲਾਈ ਜਾਂਦੇ ਹਨ। ਹੁਣ ਫੇਰੀ ਵਾਲਾ ਇਕ ਪਾਸੇ ਖੜ੍ਹ ਕੇ ਹਿਸਾਬ ਲਾਉਣ ਲੱਗਾ। ਲੋਹਾ ਕਿੰਨਾ, ਬੋਤਲਾਂ ਕਿੰਨੀਆਂ, ਟੁੱਟਿਆ ਕੱਚ ਕਿੰਨਾ, ਪਲਾਸਟਿਕ ਕਿੰਨਾ ਤੇ ਰੱਦੀ ਦੇ ਕਾਗਜ਼…। ਸਭ ਦੇ ਅੱਡ ਅੱਡ ਭਾਅ ਹਨ।
ਬੇਬੇ ਅਜੇ ਵੀ ਚਰਖੇ ਨੂੰ ਝਾੜ ਪੂੰਝ ਰਹੀ ਹੈ। “ਉਦੋਂ ਤਾਂ ਪੁੱਤ ਏਨੀ ਵੱਢ-ਟੁੱਕ ਹੋਈ… ਹੇ ਮੇਰੇ ਮਾਲਕ! ਬੰਦੇ ਤਾਂ ਪਸੂਆਂ ਨਾਲੋਂ ਵੀ ਭੈੜੇ ਬਣ’ਗੇ। ਨਿਰੇ ਜੰਗਲੀ ਜਾਨਵਰ। ਮੁਸਲਮਾਨ ਅਜੇ ਘਰਾਂ ‘ਚ ਈ ਸੀਗੇ। ਆਪਣੇ ਤਾਂ ਉਨ੍ਹਾਂ ਦੀਆਂ ਚੀਜ਼ਾਂ ਲੁੱਟਣ ਪੈਗੇ। ਘਰਾਂ ਨੂੰ ਅੱਗਾਂ ਲਾਉਣ ਲੱਗ ਪੇ। ਉਨ੍ਹਾਂ ਦਾ ਮਾਲ-ਡੰਗਰ ਹਿੱਕ ਲਿਆਏ।”
“ਅੱਗੋਂ ਮੁਸਲਮਾਨ ਲੜੇ ਨਈ ਬੇਬੇ?” ਮੈਂ ਪੁੱਛਦਾ ਹਾਂ।
“ਕਾਹਦਾ ਲੜਨਾ ਸੀ ਪੁੱਤ? ਜਿਨ੍ਹਾਂ ‘ਤੇ ਮਾਣ ਸੀ, ਉਹੀ ਲੁੱਟਾਂ-ਖੋਹਾਂ ‘ਚ ਮੋਹਰੀ ਬਣੇ। ਮੁਸਲਮਾਨ ਤਾਂ ਭੇਡਾਂ ਬੱਕਰੀਆਂ ਵਾਂਗੂੰ ਸਿਰ ਸੁੱਟ ਕੇ ਬਹਿਗੇ। ਪਿੰਡ ਆਪਣੇ ਘਰ ਦੇ ਸਾਹਮਣੇ ਖੁੱਲ੍ਹੀ ਥਾਂ ਸੀ, ਉਥੇ ‘ਕੱਠੇ ਕੀਤੇ ਸੀ ਸਾਰੇ।”
“ਕਹਿੰਦੇ ਐ, ਉਧਰ ਮੁਸਲਮਾਨਾਂ ਨੇ ਵੀ ਬਹੁਤ ਮਾਰੇ ਆਪਣੇ ਲੋਕ।”
“ਮਾਰ’ਤੇ ਹੋਣਗੇ ਪੁੱਤ। ਜਿਵੇਂ ਆਪਣਿਆਂ ਨੇ ਇਨ੍ਹਾਂ ਨਾਲ ਕੀਤੀ, ਉਵੇਂ ਉਨ੍ਹਾਂ ਨੇ ਆਪਣਿਆਂ ਨਾਲ ਕਰ’ਤੀ ਹੋਊ। ਪਸੂ ਤਾਂ ਬੰਦੇ ਦੇ ਅੰਦਰ ਹੀ ਹੁੰਦੈ। ਸਿੰਗ ਈ ਨੀ ਦਿਸਦੇ।” ਬੇਬੇ ਦੇ ਚਿਹਰੇ ਤੋਂ ਇੰਜ ਜਾਪਦਾ ਹੈ ਜਿਵੇਂ ਉਹ ਸੰਤਾਲੀ ਦੀ ਵੰਡ ਵੇਲੇ ਘਰਾਂ ‘ਚ ਲੱਗੀਆਂ ਅੱਗਾਂ ਦੇਖ ਰਹੀ ਹੈ ਤੇ ਉਸ ਦੇ ਸਾਹਮਣੇ ਰੋਂਦੇ, ਕੁਰਲਾਂਦੇ ਲੋਕਾਂ ਦਾ ਹਜੂਮ ਫਿਰ ਰਿਹਾ ਹੈ।
ਫੇਰੀ ਵਾਲੇ ਨੇ ਹਿਸਾਬ ਬਣਾ ਕੇ ਪੈਸੇ ਦੇ ਦਿੱਤੇ ਹਨ। ਮੈਂ ਇਹੀ ਪੈਸੇ ਬੇਬੇ ਦੇ ਅੱਗੇ ਰੱਖ ਦਿੰਦਾ ਹਾਂ। ਬੇਬੇ ਭਰੀਆਂ ਉਦਾਸ ਅੱਖਾਂ ਨਾਲ ਮੇਰੇ ਵੱਲ ਤੱਕਦੀ ਹੈ।
“ਨਾ ਪੁੱਤ, ਮੈਂ ਕੀ ਕਰਨੇ ਪੈਸੇ? ਪਰ ਮੇਰਾ ਆਹ ਚਰਖਾ ਨਾ ਸੁੱਟੀਂ ਪੁੱਤਰਾ। ਫਾਤਮਾ ਪਤਾ ਨ੍ਹੀਂ ਵਿਚਾਰੀ ਕਿਥੇ ਹੋਊ ਹੁਣ। ਮੈਨੂੰ ਤਾਂ ਉਹ ਆਪਣੀ ਭੈਣ ਨਾਲੋਂ ਵੀ ਜਾਦੇ ਚੰਗੀ ਲੱਗਦੀ ਸੀ। ਉਹ ਤਾਂ ਸੋਚਦੀ ਹੋਊਗੀ ਨਾ, ਮੇਰਾ ਚਰਖਾ ਉਥੇ ਪਿਐ। ਦੇਸ਼ ਭਾਵੇਂ ਅੱਡੋ-ਅੱਡ ਹੋਗੇ ਪਰ ਸਾਡਾ ਮੋਹ-ਪਿਆਰ ਤਾਂ ਨ੍ਹੀਂ ਅੱਡ ਹੋਇਆ। ਕੱਲ੍ਹ ਸੁਪਨੇ ‘ਚ ਮੈਨੂੰ ਮਿਲੀ ਸੀ। ਇਹਨੂੰ ਤਾਂ ਨ੍ਹੀਂ ਰੋਕ ਸਕਦਾ ਕੋਈ?” ਅੱਧੀ ਰਾਤ ਮਿਲੀ ਇਸ ਆਜ਼ਾਦੀ ਬਾਰੇ ਪੜ੍ਹਿਆ ਤਾਂ ਮੈਂ ਵੀ ਬਹੁਤ ਕੁਝ ਹੈ ਪਰ ਬੇਬੇ ਵੱਖਰਾ ਹੀ ਦਰਦ ਹੰਢਾ ਰਹੀ ਹੈ।
“ਲਿਆ ਬੇਬੇ, ਅੰਦਰ ਰੱਖ ਆਵਾਂ ਇਹਨੂੰ। ਨਹੀਂ ਤਾਂ ਤੂੰ ਅੱਜ ਰੋਈ ਹੀ ਜਾਣੈ।” ਮੈਂ ਚਾਹੁੰਦਾ ਹਾਂ ਕਿ ਬੇਬੇ ਬੀਤੇ ਵਿਚੋਂ ਬਾਹਰ ਨਿਕਲੇ।
“ਪੁੱਤ ਜੇ ਤੈਨੂੰ ਭਰੇ-ਭਰਾਏ ਘਰ ਵਿਚੋਂ ਕੋਈ ਕੱਢ ਦੇਵੇ ਤੇ ਆਖੇ- ਜਾਹ ਜਿਥੇ ਜੀਅ ਕਰਦੈ, ਪਰ ਏਥੇ ਨਾ ਆਈਂ ਮੁੜ ਕੇ। ਅੱਜ ਦੇ ਜਵਾਨ ਤਾਂ ਕਹਿੰਦੇ ਹੋਣਗੇ, ਐਂ ਕਿਵੇਂ ਹੋਜੂ? ਮੈਂ ਇਹ ਵਾਪਰਦੀਆਂ ਦੇਖੀਆਂ।” ਬੇਬੇ ਹਉਕਾ ਲੈਂਦੀ ਹੈ। ਮੈਂ ਚਰਖਾ ਰੇੜ੍ਹ ਕੇ ਅੰਦਰ ਰੱਖ ਆਉਂਦਾ ਹਾਂ।
ਕੁਝ ਦਿਨਾਂ ਬਾਅਦ ਹੀ ਘਰ ਨੂੰ ਕਲੀ ਕਰਾਉਣ ਤੇ ਦਰਵਾਜਿਆਂ-ਖਿੜਕੀਆਂ ਨੂੰ ਰੰਗ ਕਰਾਉਣ ਦਾ ਵਿਚਾਰ ਬਣਾਇਆ ਹੈ। ਇਸ ਕੰਮ ਲਈ ਮੈਂ ਭੱਈਆ ਲੱਭ ਲਿਆਇਆ ਹਾਂ। ਸਾਰੇ ਕੰਮ ਦਿਖਾ ਕੇ ਉਸ ਨੂੰ ਠੇਕਾ ਹੀ ਦੇ ਦਿੱਤਾ ਹੈ। ਉੱਕੀ-ਪੁੱਕੀ ਮਜ਼ਦੂਰੀ ਤੇ ਸਮਾਨ ਆਪਣਾ। ਦਿਹਾੜੀ ‘ਤੇ ਕੰਮ ਹੋਵੇ ਤਾਂ ਉਹ ਬੜੀ ਸੁਸਤੀ ਵਰਤਦੇ ਹਨ। ਕੰਮ ਨਿਬੇੜਦੇ ਹੀ ਨਹੀਂ। ਚਾਹ ਪੀਣ ਲੱਗੇ ਹੀ ਘੰਟਾ ਲਾ ਦਿੰਦੇ ਹਨ। ਜੇ ਠੇਕਾ ਕੀਤਾ ਹੋਵੇ, ਤਾਂ ਭੂਤ ਬਣ ਜਾਂਦੇ ਹਨ। ਹਨੇਰਾ ਹੋਣ ਤਕ ਵੀ ਨਹੀਂ ਹਟਦੇ। ਕਹਿ ਕੇ ਕੰਮ ਬੰਦ ਕਰਵਾਉਣਾ ਪੈਂਦਾ ਹੈ। ਪਰ ਠੇਕੇ ਵਿਚ ਉਨ੍ਹਾਂ ‘ਤੇ ਨਿਗਾਹ ਰੱਖਣੀ ਪੈਂਦੀ ਹੈ, ਨਹੀਂ ਚਾਲੂ ਕੰਮ ਕਰ ਦਿੰਦੇ ਹਨ।
ਤਿੰਨ ਕੁ ਦਿਨਾਂ ਵਿਚ ਹੀ ਭੱਈਆਂ ਨੇ ਕਲੀ ਦਾ ਕੰਮ ਮੁਕਾ ਕੇ ਦਰਵਾਜੇ-ਖਿੜਕੀਆਂ ਰੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੈਂ ਕੰਮ ‘ਤੇ ਜਾਣ ਲੱਗਿਆਂ ਉਨ੍ਹਾਂ ਨੂੰ ਹਦਾਇਤਾਂ ਦੇ ਕੇ ਜਾਂਦਾ ਹਾਂ। “ਜਦੋਂ ਦੇ ਪਿੰਡੋਂ ਏਥੇ ਸ਼ਹਿਰ ‘ਚ ਆਏ ਆਂ, ਇਸ ਘਰ ਪਹਿਲੀ ਵਾਰ ਰੰਗ ਹੋਣ ਲੱਗਿਐ। ਜ਼ਰਾ ਪ੍ਰੇਮ ਨਾਲ ਤੇ ਮਿਹਨਤ ਨਾਲ ਕਰਨੈ। ਜੰਗਾਲ ਉਤੇ ਹੀ ਰੰਗ ਨ੍ਹੀਂ ਫੇਰ ਦੇਣਾ।” ਉਹ ‘ਹਾਂ ਜੀ, ਸਮਝ ਗਿਆ ਜੀ, ਠੀਕ ਹੈ ਜੀ’ ਕਹਿ ਕੇ ਮੇਰੀ ਤਸੱਲੀ ਕਰਵਾਈ ਰੱਖਦੇ ਹਨ ਪਰ ਮੇਰੀ ਘਰਵਾਲੀ ਦੇ ਕਹਿਣ ਅਨੁਸਾਰ, ਕਰਦੇ ਆਪਣੀ ਮਰਜ਼ੀ ਹਨ। ਹਰ ਘੰਟੇ ਬਾਅਦ ਕਹਿਣਗੇ, “ਬੀਬੀ ਜੀ, ਚਾਹ ਦੇ ਦਿਉ। ਮੈਂ ਤਾਂ ਕਦੇ ਇਹ ਰੋਟੀ ਖਾਂਦੇ ਨ੍ਹੀਂ ਵੇਖੇ ਛੁੱਟੀ ਵੇਲੇ।” ਉਹ ਹੈਰਾਨ ਹੋ ਕੇ ਦੱਸਦੀ ਹੈ।
ਇਕ ਦਿਨ ਬਾਹਰੋਂ ਆਇਆ ਤਾਂ ਦੇਖਿਆ, ਬੇਬੇ ਭੱਈਏ ਕੋਲੋਂ ਆਪਣੇ ਚਰਖੇ ਨੂੰ ਰੰਗ ਕਰਵਾ ਰਹੀ ਹੈ। ਕੋਲ ਹੀ ਬੈਠੀ ਹੈ। ਭੱਈਆ ਵੀ ਖੁਸ਼ ਹੈ। ਹੁਣ ਇਨ੍ਹਾਂ ਨੂੰ ਕੁਝ-ਕੁਝ ਚਲਾਕੀਆਂ ਆ ਗਈਆਂ ਹਨ। ਮੈਨੂੰ ਘਰ ਆਏ ਨੂੰ ਵੇਖ ਕੇ ਬੇਬੇ ਨੂੰ ਚੰਗਾ ਨਹੀਂ ਲੱਗਾ, ਇਹ ਉਸ ਦੇ ਚਿਹਰੇ ਤੋਂ ਪਤਾ ਲੱਗਦਾ ਹੈ। ਚਰਖੇ ਨੂੰ ਰੰਗ ਹੁੰਦਾ ਵੇਖ ਚਿਹਰੇ ‘ਤੇ ਆਈ ਰੌਣਕ ਗਾਇਬ ਹੋ ਗਈ ਹੈ। ਕੀ ਪਤਾ ਬੇਬੇ ਨੇ ਸੋਚਿਆ ਹੋਵੇ, ਮੈਂ ਨਾਰਾਜ਼ ਹੋਵਾਂਗਾ।
“ਵਾਧੂ ਰੰਗ ਪਿਆ ਸੀ। ਮੈਂ ਕਿਹਾ, ਖਰਾਬ ਹੋਜੂ, ਚੱਲ ਚਰਖੇ ‘ਤੇ ਹੀ ਫਿਰਵਾ ਲੈਨੀ ਆਂ।” ਬੇਬੇ ਆਪਣੇ ਵਲੋਂ ਸਫਾਈ ਦੇਣਾ ਚਾਹੁੰਦੀ ਹੈ ਸ਼ਾਇਦ।
“ਬੇਬੇ ਇਹ ਕਿਤੇ ਚਲਾਇਆ ਤਾਂ ਹੈ ਨ੍ਹੀਂ ਤੂੰ, ਨਾ ਹੀ ਇਹਨੇ ਚੱਲਣੈ।” ਮੈਂ ਗੁੱਸੇ ਹੁੰਦਾ ਹਾਂ।
“ਚੱਲੂਗਾ ਪੁੱਤ, ਚੱਲੂਗਾ।” ਮਾਂ ਦੇ ਚਿਹਰੇ ‘ਤੇ ਵਿਸ਼ਵਾਸ ਹੈ।
“ਐਵੇਂ ਇਨ੍ਹਾਂ ਦਾ ਟੈਮ ਖਰਾਬ ਕਰੀ ਜਾਨੀਂ ਐ।”
“ਕੁਸ਼ ਨੀ ਹੁੰਦਾ ਅੱਧੇ ਘੰਟੇ ਨਾਲ। ਦੇਖ ਕਿੰਨਾ ਸੋਹਣਾ ਬਣਦਾ ਜਾਂਦੈ। ਜਾਣੀ ਹੁਣੇ ਫਾਤਮਾ ਦੇ ਕੇ ਗਈ ਹੈ।” ਮਾਂ ਦੇ ਚਿਹਰੇ ‘ਤੇ ਰੌਣਕ ਪਰਤ ਆਈ ਹੈ।
ਭੱਈਆ ਸਾਰੇ ਰੰਗ ਚੁੱਕ ਲਿਆਉਂਦਾ ਹੈ। ਉਸ ਨੂੰ ਵੀ ਚਾਅ ਹੈ। ਬੇਬੇ ਉਸ ਨੂੰ ਦੱਸਦੀ ਹੈ, “ਮੇਰੀ ਸਹੇਲੀ ਦਾ ਹੈ। ਹੁਣ ਪਾਕਿਸਤਾਨ ਵਿਚ ਹੈ। ਪਤਾ ਨਹੀਂ ਹੈ ਕਿ ਵੀ ਨਹੀਂ।”
“ਫੇਰ ਤਾਂ ਮੈਂ ਪੈਸਾ ਨਹੀਂ ਲਊਂਗਾ। ਇਕ ਬਾਰ ਚਾਹ ਹੋਰ ਪਿਲਾ ਦਿਉ।” ਭੱਈਆ ਬੇਬੇ ਨੂੰ ਉਦਾਸ ਵੇਖ ਕੇ ਕਹਿੰਦਾ ਹੈ। ਕਦੇ ਮੈਨੂੰ ਲੱਗਦਾ ਹੈ ਕਿ ਭਈਏ ਅੰਦਰ ਇਨਸਾਨੀਅਤ ਹੈ, ਕਦੇ ਲੱਗਦਾ ਹੈ ਉਹ ਪੂਰਾ ਚਾਲੂ ਹੈ। ਇਸ ਤਰ੍ਹਾਂ ਹੀ ਭੋਲਾ ਤੇ ਬੁੱਧੂ ਜਿਹਾ ਬਣ ਕੇ ਉਹ ਆਪਣੇ ਖਾਣ-ਪੀਣ ਦਾ ਜੁਗਾੜ ਕਰੀ ਜਾਂਦਾ ਰਹਿੰਦਾ ਹੈ। ਮੇਰੀ ਘਰਵਾਲੀ ਵੀ ਕਹਿੰਦੀ ਹੈ, “ਬਾਹਲਾ ਸਾਊ ਐ ਬਿਚਾਰਾ। ਆਪਣਾ ਦੇਸ ਛੱਡ ਕੇ ਆਇਐ। ਇਹਦਾ ਕੌਣ ਹੈ ਏਥੇ।” ਪਰ ਮੈਨੂੰ ਪਤਾ ਹੈ, ਜਦੋਂ ਇਹ ਭੱਈਏ ਇਕੱਠੇ ਹੁੰਦੇ ਹਨ ਤਾਂ ਕਿਵੇਂ ਇਕ ਦੂਜੇ ਨੂੰ ਚਟਕਾਰੇ ਲਾ ਲਾ ਗੱਲਾਂ ਸੁਣਾਉਂਦੇ ਹਨ, ਕਿਵੇਂ ਕਿਸ ਕਿਸ ਨੂੰ ਬੇਵਕੂਫ ਬਣਾਇਆ।
ਭੱਈਏ ਨੇ ਆਪਣੀ ਪੂਰੀ ਕਾਰੀਗਿਰੀ ਦਿਖਾ ਕੇ ਚਰਖਾ ਚਮਕਾ ਦਿਤਾ ਹੈ। ਹੁਣ ਉਸ ਨੂੰ ਧੁੱਪੇ ਖੜ੍ਹਾ ਕਰ ਆਇਆ ਹੈ। ਬੇਬੇ ਦੂਰ ਖੜ੍ਹੀ ਹੋ ਕੇ ਤੱਕ ਰਹੀ ਹੈ। ਭਾਵੇਂ ਜਰਜਰਾ ਹੋ ਗਿਆ ਹੈ ਪਰ ਦੇਖਣ ਨੂੰ ਨਵਾਂ ਲੱਗਦਾ ਹੈ।
ਬੇਬੇ ਦੀਆਂ ਨੂੰਹਾਂ, ਚਰਖੇ ਤੇ ਬੇਬੇ ਵੱਲ ਵੇਖ ਕੇ ਨੱਕ-ਬੁੱਲ੍ਹ ਚੜ੍ਹਾ ਰਹੀਆਂ ਹਨ। ਆਪਸ ਵਿਚ ਗੁੱਝੇ ਇਸ਼ਾਰੇ ਵੀ ਕਰਦੀਆਂ ਹਨ ਪਰ ਬੇਬੇ ਸਭ ਕੁਝ ਸਮਝਦੀ ਹੈ। ਕਹਿੰਦੀ ਕੁਝ ਨਹੀਂ।
“ਬੇਬੇ ਹੁਣ ਸੂਤ ਕੱਤਿਆ ਕਰੂਗੀ।” ਛੋਟੀ ਨੂੰਹ ਬੇਬੇ ਨੂੰ ਸੁਣਾ ਕੇ ਵੱਡੀ ਨੂੰ ਆਖਦੀ ਹੈ।
“ਆਪਾਂ ਤਾਂ ਕੁੜੀ ਦੇ ਵਿਆਹ ਵੇਲੇ, ਬੇਬੇ ਨੂੰ ਈ ਖੇਸਾਂ ਦਰੀਆਂ ਦਾ ਠੇਕਾ ਦੇ ਦੇਣੈ।” ਇਸ ਗੱਲ ‘ਤੇ ਛੋਟੀ ਖਿੜ-ਖਿੜ ਹੱਸ ਪਈ ਹੈ।
“ਨੀ ਜਿਹੜੀਆਂ ਥੋਡੇ ਢਿੱਡ ‘ਚ ਐ ਨਾ, ਮੇਰੇ ਨਹੁੰਆਂ ‘ਚ ਐ। ਮੈਨੂੰ ਪਤੈ ਕਿਥੋਂ ਬੋਲਦੀਆਂ ਤੁਸੀਂ।” ਬੇਬੇ ਦੇ ਚਿਹਰੇ ‘ਤੇ ਗੁੱਸਾ ਤੇ ਰੋਸ ਹੈ।
“ਬੇਬੇ ਅਸੀਂ ਤਾਂ ਤੇਰੇ ਆਜ਼ਾਦੀ ਵਾਲੇ ਚਰਖੇ ਦੀ ਗੱਲ ਕਰਦੀਆਂ, ਲੜਦੀ ਕਾਹਤੋਂ ਐ?” ਛੋਟੀ ਨੂੰਹ ਸੁਲ੍ਹਾ ਦੇ ਰੌਂਅ ਵਿਚ ਪਰ ਘੁਣਤਰੀ ਹੈ।
“ਨੀ ਜਾਉ ਨੀ, ਜਾਉ… ਥੋਨੂੰ ਕੀ ਪਤੈ ਕੀ ਹੁੰਦੀ ਐ ‘ਜਾਦੀ? ਖਾ ਲਿਆ, ਹੱਗ ਲਿਆ, ਹਿੜ-ਹਿੜ ਕਰ ਲਿਆ।” ਬੇਬੇ ਹੋਰ ਖਿਝ ਗਈ ਹੈ। ਮੈਨੂੰ ਪਤਾ ਹੈ, ਜੇ ਉਸ ਦੀਆਂ ਨੂੰਹਾਂ ਅਗਿਉਂ ਚੁੱਪ ਨਾ ਕੀਤੀਆਂ ਤਾਂ ਬੇਬੇ ਨੂੰ ਗੁੱਸੇ ਦਾ ਦੌਰਾ ਵੀ ਪੈ ਸਕਦਾ ਹੈ। ਮੈਂ ਉਨ੍ਹਾਂ ਨੂੰ ਜਾ ਕੇ ਆਪਣਾ ਕੰਮ ਕਰਨ ਲਈ ਕਹਿੰਦਾ ਹਾਂ। ਉਹ ਚਲੀਆਂ ਤਾਂ ਗਈਆਂ ਪਰ ਛੋਟੀ ਜਾਂਦੀ-ਜਾਂਦੀ ਫੇਰ ਚਕੂੰਧਰ ਛੱਡ ਗਈ, “ਦੇਖਾਂਗੇ ਜਦੋਂ ਬੇਬੇ ਨੇ ਇਸ ਚਰਖੇ ‘ਤੇ ਕੱਤਿਆ।”
“ਰੰਗ ਸੁੱਕ ਲੈਣ ਦੇ, ਫੇਰ ਤੈਨੂੰ ਕੱਤ ਕੇ ਵੀ ਵਖਾਊਂ। ਜੰਮ ਮੁੱਕੇ ਨ੍ਹੀਂ, ਗੱਲਾਂ ਕਰਦੀਆਂ ਵੇਖ।” ਬੇਬੇ ਦੇ ਚਿਹਰੇ ‘ਤੇ ਵੰਗਾਰ ਝਲਕਦੀ ਹੈ।
ਰੰਗ-ਰੋਗਨ ਦਾ ਕੰਮ ਖਤਮ ਹੋ ਗਿਆ ਹੈ। ਸਾਰੇ ਘਰ ‘ਚ ਅਜੀਬ ਜਿਹੀ ਆ ਰਹੀ ਗੰਧ ਸੁਖਾਵੀਂ ਲੱਗਦੀ ਹੈ। ਸਾਫ ਸੁਥਰਾ ਘਰ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ।
ਬੇਬੇ ਦੇ ਚਰਖੇ ਦਾ ਰੰਗ ਹੁਣ ਸੁੱਕ ਗਿਆ ਹੈ।
ਪਰ ਇਹ ਕੀ? ਅੰਦਰ ਸਾਂਭ ਕੇ ਰੱਖਿਆ ਤੇ ਪੁਰਾਣੇ ਖੇਸ ਨਾਲ ਢੱਕ ਕੇ ਰੱਖਿਆ ਚਰਖਾ ਫੇਰ ਬਾਹਰ ਕੱਢ ਲਿਆਈ ਹੈ ਬੇਬੇ। ਮੇਰੇ ਵੱਲ ਵੇਖ ਕੇ ਕਹਿੰਦੀ ਹੈ, “ਇਹ ਕਿਤੇ ਟਿਕਣ ਦਿੰਦੀਆਂ ਨੇ ਮੈਨੂੰ?” ਉਸ ਦਾ ਇਸ਼ਾਰਾ ਨੂੰਹਾਂ ਵੱਲ ਹੈ। ਨੂੰਹਾਂ ਮੁਸਕੜੀਏ ਹੱਸਦੀਆਂ ਹਨ। ਬਾਹਰ ਕੋਈ ਜੋਗੀ ਆ ਗਿਆ ਹੈ ਮੰਗਣ। ਆਂਹਦੀਆਂ, “ਤੇਰੇ ਚਰਖੇ ਦੀ ਘੂਕ ਸੁਣ ਕੇ ਆਇਆ ਹੋਊ।”
“ਅੱਜ ਇਨ੍ਹਾਂ ਨੂੰ ਕੱਤ ਕੇ ਈ ਵਖਾਊਂ ਮੈਂ।”
ਨੂੰਹਾਂ ਫੇਰ ਹੱਸੀਆਂ ਹਨ।
“ਕਿਥੋਂ ਕੱਤ ਲੇਂਗੀ ਬੇਬੇ ਹੁਣ? ਤੇਰੇ ਵਰਗਾ ਹਾਲ ਹੀ ਚਰਖੇ ਦਾ ਹੋਇਆ ਪਿਐ।” ਨਿੱਕੀ ਨੂੰਹ ਸਦਾ ਉਸ ਨੂੰ ਛੇੜਦੀ ਰਹਿੰਦੀ ਹੈ।
“ਥੋਨੂੰ ਚੱਜ ਹੋਵੇ ਕੱਤਣ ਦਾ ਤਾਂ ਪਤਾ ਹੋਵੇ।” ਬੇਬੇ ਵੀ ਛੇਤੀ ਕੀਤੇ ਹਾਰ ਮੰਨਣ ਵਾਲੀ ਨਹੀਂ। ਉਸ ਦੇ ਚਿਹਰੇ ‘ਤੇ ਦ੍ਰਿੜਤਾ ਹੈ, ਉਮਰ ਦਾ ਤਜਰਬਾ ਤੇ ਚਰਖੇ ‘ਤੇ ਮਾਣ ਹੈ।
ਬੇਬੇ ਪੀੜ੍ਹੀ ਡਾਹ ਕੇ ਬੈਠ ਗਈ ਹੈ। ਚਰਮਖਾਂ ਨੂੰ ਤੇਲ ਦੇ ਰਹੀ ਹੈ। ਨਵੀਂ ਮਾਲ੍ਹ ਪਾਈ ਹੈ। ਗੁੱਝ ਨੂੰ ਤੇਲ ਦਿੱਤਾ ਹੈ ਤੇ ਫੇਰ ਗੇੜਾ ਦੇ ਕੇ ਤਕਲੇ ਦਾ ਵਿੰਗ ਪਰਖਦੀ ਹੈ। ਉਂਗਲਾਂ ਦੀ ਹਲਕੀ ਜਿਹੀ ਦਾਬ ਨਾਲ ਤੱਕਲਾ ਸਿੱਧਾ ਕਰਦੀ ਹੈ। ਫਿਰ ਪਤਾ ਨਹੀਂ ਕਦੋਂ ਦੀ ਅੰਦਰ ਸਾਂਭ ਕੇ ਰੱਖੀ ਰੂੰ ਚੁੱਕ ਲਿਆਈ ਹੈ। ਨੂੰਹਾਂ ਉਸ ਦੀਆਂ ਹਰਕਤਾਂ ਤਾੜ ਵੀ ਰਹੀਆਂ ਹਨ ਪਰ ਬੇਬੇ ਪੂਰੀ ਸੰਜੀਦਾ ਹੈ।
ਬੇਬੇ ਖਾਲੀ ਚਰਖੇ ਨੂੰ ਗੇੜਾ ਦੇ ਕੇ ਦੇਖਦੀ ਹੈ। ਸਭ ਕੁਝ ਠੀਕ-ਠਾਕ ਜਾਪਦਾ ਹੈ। ਫਿਰ ਬੇਬੇ ਥੋੜ੍ਹੀ ਜਿਹੀ ਰੂੰ ਲੈ ਕੇ ਪੂਣੀ ਵੱਟਦੀ ਹੈ। ਪੂਣੀ ਨੂੰ ਤਕਲੇ ਨਾਲ ਛੁਹਾਉਣ ਤੋਂ ਪਹਿਲਾਂ ਅੱਖਾਂ ਮੀਚ ਕੇ ਮਨ ਵਿਚ ਕੁਝ ਧਿਆਉਂਦੀ ਹੈ ਤੇ ਫਿਰ ਹੌਲੀ ਜਿਹੀ ਕਹਿੰਦੀ ਹੈ, “ਆ ਭੈਣ ਫਾਤਮਾ, ਕੱਤੀਏ ਆਪਾਂ।” ਚਰਖੇ ਨੂੰ ਗੇੜਾ ਦੇ ਕੇ ਬੇਬੇ ਤਕਲੇ ਦੇ ਸਿਰੇ ਨਾਲ ਪੂਣੀ ਛੂਹਾ ਕੇ ਜਦੋਂ ਖੱਬਾ ਹੱਥ ਲਹਿਰਾ ਕੇ ਉਪਰ ਵੱਲ ਚੁੱਕਦੀ ਹੈ ਤਾਂ ਲੰਮੀ ਬਾਰੀਕ ਤੰਦ ਸਭਨਾਂ ਨੂੰ ਦਿਸਦੀ ਹੈ।
ਨੂੰਹਾਂ ਦੇ ਮੂੰਹ ਟੱਡੇ ਗਏ ਹਨ। ਉਨ੍ਹਾਂ ਨੇ ਹੈਰਾਨੀ ਨਾਲ ਖੁੱਲ੍ਹੇ ਮੂੰਹਾਂ ‘ਤੇ ਹੱਥ ਰੱਖ ਲਏ ਹਨ।
ਬੇਬੇ ਕੱਤੀ ਵੀ ਜਾ ਰਹੀ ਹੈ ਤੇ ਰੋਈ ਵੀ ਜਾ ਰਹੀ ਹੈ।