ਧੂਫ ਦੀ ਬੱਤੀ: ਕੈਲਾਸ਼ ਪੁਰੀ

ਤਾਰਨ ਗੁਜਰਾਲ
ਫੋਨ: 91-98557-19660
ਕਈ ਸਾਲ ਪਹਿਲਾਂ ਆਈ ਸਾਂ ਇਸ ਠੰਢੇ ਠਾਰ ਮੁਲਕ ਇੰਗਲੈਂਡ ਵਿਚ। ਬਾਹਰ ਦੀ ਠੰਢ ਤਾਂ ਕਾਬੂ ਕੀਤੀ ਜਾ ਸਕਦੀ ਹੈ, ਕੋਟ, ਸਵੈਟਰਾਂ ਪਾ ਲਉ, ਹੀਟਰ ਲਾ ਲਉ। ਪਰ ਜੇ ਨਾਲ ਰਿਸ਼ਤਿਆਂ ਦੀ ਠੰਢ ਵੀ ਹੰਢਾਉਣੀ ਪੈ ਜਾਵੇ? ਬੜਾ ਝੱਖੜ ਚੜ੍ਹਿਆ ਹੋਇਆ ਸੀ, ਕਾਲੀ ਹਨੇਰੀ, ਅੱਖਾਂ ਦੇ ਛੱਪਰ ਧੂੜ ਨਾਲ ਅੱਟੇ ਹੋਏ। ਅੰਧ, ਗੁਬਾਰ!
ਮੇਰੀ ਬੱਚੀ ਰੇਨੂੰ ਬਿਸਤਰੇ ‘ਤੇ ਪਈ ਸੀ। ਹਿੰਦੁਸਤਾਨ ਦੇ ਡਾਕਟਰਾਂ ਨੇ ਸਿਰ ਫੇਰ ਦਿੱਤਾ ਸੀ। ਹਸਪਤਾਲ? ਇਸ ਮੁਲਕ ਵਿਚ ਸਚਮੁੱਚ ਜੀਵਨ ਦੇਣ ਵਾਲੇ ਨੇ। ਮੇਰੇ ਵੀਰ ਡਾ. ਅਮਰਜੀਤ ਨੇ ਪਹਿਲਾਂ ਹੀ ਸਾਰਾ ਕੁਝ ਤੈਅ ਕੀਤਾ ਹੋਇਆ ਸੀ।

ਦੂਜੇ ਦਿਨ ਹੀ ਦਾਖਲ ਕਰਾ ਦਿੱਤਾ। ਐਨੀ ਠੰਢ ਵਿਚ ਨਿੱਘੀਆਂ ਮੁਸਕਰਾਹਟਾਂ ਬਿਖੇਰਦੀਆਂ ਨਰਸਾਂ ਤੇ ਡਾਕਟਰਾਂ ਹੱਡੀਆਂ ਦੀ ਮੁੱਠ, ਨਿੰਮੋਝੂਣ, ਕੁਮਲਾਈ ਕਲੀ ਜਿਹੀ ਮੇਰੀ ਬੱਚੀ ਦੀਆਂ ਪੀਲੀਆਂ ਗੱਲ੍ਹਾਂ ਚੁੰਮਦੀਆਂ ਅਤੇ ਨਵੀਂ ਜ਼ਿੰਦਗੀ ਦਾ ਸੰਚਾਰ ਕਰਦੀਆਂ।
ਬੜੀ ਚਿੰਤਾ ਤੇ ਰਿਸ਼ਤੇਦਾਰਾਂ ਦੇ ਭਰੇ ਮੇਲੇ ਵਿਚਲੀ ਇਕੱਲ। “ਕੀ ਕਰੀਏ ਜੀ ਵਕਤ ਹੀ ਨਹੀਂ ਮਿਲਦਾ…ਐਨੀ ਦੂਰ ਬੇਜ਼ਿੰਗਨਟੋਕ ਤਾਂ ਜਾ ਬੈਠੇ ਹੋ ਤੁਸੀਂ। ਵੀਕਐਂਡ ਤਾਂ ਪਿਛਲੇ ਸਾਲ ਤੋਂ ਬੁੱਕ ਹੋਏ ਪਏ ਨੇ। ਬਾਕੀ ਪੂਰਾ ਹਫਤਾ ਕੰਮ ‘ਤੇ ਜਾਣਾ ਹੁੰਦੈ, ਸੋ, ਸੌਰੀ।”
ਕੁਝ ਘਰੇਲੂ ਉਲਝਣਾਂ ਤੇ ਬੱਚੀ ਦੀ ਬਿਮਾਰੀ…। ਰੂਹ ਜਿਵੇਂ ਬਰਫ ਦੀ ਸਿੱਲ੍ਹ ‘ਤੇ ਮੂਧੇ ਮੂੰਹ ਡਿੱਗੀ ਸਿਸਕ ਰਹੀ ਹੋਵੇ। ਫਿਰ ਇਕ ਦਿਨ ਅਚਨਚੇਤ ਕੁਝ ਵਾਪਰਿਆ।
“ਤੁਹਾਡਾ ਫੋਨ ਹੈ ਮੰਮੀ, ਲਿਵਰਪੂਲ ਤੋਂ ਕੈਲਾਸ਼ ਆਂਟੀ ਦਾ।”
“ਹੈਲੋ, ਦੀਦੀ!” ਮੇਰੇ ਅੰਦਰਲੀ ਬਰਫ ਪਿਘਲ ਰਹੀ ਹੈ। ਕੁਝ ਕੁ ਬੂੰਦਾਂ ਅੱਖਾਂ ਵਿਚ ਤੈਰ ਰਹੀਆਂ ਨੇ ਤੇ ਕੁਝ ਗਲੇ ਵਿਚ ਅਟਕ ਰਹੀਆਂ ਨੇ। “ਪਤਾ ਲੱਗਾ ਐ ਰੇਨੂੰ ਠੀਕ ਹੋ ਕੇ ਘਰ ਆ ਗਈ ਐ। ਹੁਣ ‘ਤੇ ਕੋਈ ਬਹਾਨਾ ਨਹੀਂ ਨਾ ਤੇਰੇ ਕੋਲ। ਛੇਤੀ ਆ ਜਾ ਮੇਰੇ ਕੋਲ ਲਿਵਰਪੂਲ। ਬਹੁਤ ਗੱਲਾਂ ਕਰਨੀਆਂ ਨੇ ਤੇਰੇ ਨਾਲ। ਤ੍ਰੈ-ਚਾਰ ਦਿਹਾੜਿਆਂ ਦਾ ਪ੍ਰੋਗਰਾਮ ਬਣਾ ਕੇ ਆਈਂ। ਕੋਈ ਮੁਸ਼ਕਿਲ ਨਹੀਂ, ਬ੍ਰਿਟਿਸ਼ ਟਰੇਨ ਸਿੱਧੀ ਆਂਦੀ ਐ। ਅਗੂੰ ਭਾਪਾ ਜੀ ਸਟੇਸ਼ਨ ‘ਤੇ ਲੈਣ ਪਹੁੰਚ ਜਾਸਣ। ਹਾਂ…ਹੈਲੋ! ਛੇਤੀ ਪ੍ਰੋਗਰਾਮ ਬਣਾ। ਅਸੀਂ ਦੋਵੇਂ ਉਡੀਕ ਰਹੇ ਆਂ।” ਕੈਲਾਸ਼ ਕਿੰਨਾ ਕੁਝ ਕਹਿ ਗਈ।
ਕੋਸੀ ਕੋਸੀ ਹਵਾ ਆ ਰਹੀ ਹੈ, ਲਿਵਰਪੂਲ ਵਾਲੇ ਪਾਸਿਉਂ। ਦੰਦੋੜਿਕਾ ਹਲਕੀ ਮੁਸਕਰਾਹਟ ਵਿਚ ਤਬਦੀਲ ਹੋ ਰਿਹੈ। ਕਿੰਨੀ ਕੁ ਅੰਗਰੇਜ਼ੀ ਬੋਲੀ ਹੋਣੀ ਐ ਸਾਰੀ ਉਮਰ ਵਿਚ, ਭਾਵੇਂ ਪੜ੍ਹਦੀ ਰਹੀ ਹਾਂ। ਪੰਜਾਬੀ ਤਾਂ ਭਾਵੇਂ ਕਿੰਨੀ ਵੀ ਸਵਾਰ ਕੇ ਬੋਲਣ, ਅੰਗਰੇਜ਼ੀ ਵਿਚ ਪੰਜਾਬੀ ਦੀ ਥੋੜ੍ਹੀ-ਬਹੁਤੀ ਚਾਸ਼ਣੀ ਰਲ ਹੀ ਜਾਂਦੀ ਹੈ। ਉਥੋਂ ਦੇ ਰਹਿਣ ਵਾਲਿਆਂ ਦੀ ਗੱਲ ਹੋਰ ਹੈ, ਉਨ੍ਹਾਂ ਦੀ ਤਾਂ ਹੁਣ ਮਾਂ-ਬੋਲੀ ਅੰਗਰੇਜ਼ੀ ਹੀ ਹੋ ਗਈ ਹੈ। ਗੋਰਿਆਂ ਦਾ ਬੋਲਣ ਢੰਗ ਸਾਡੇ ਵਰਗੇ ਨਵੇਂ-ਨਵੇਂ ਗਏ ਲੋਕਾਂ ਦੇ ਕਿੱਥੇ ਪੱਲੇ ਪੈਂਦਾ ਹੈ? ਕੰਬਖਤ! ਹਰ ਲਫਜ਼ ਠਾਹ-ਠਾਹ ਮਾਰਦੇ ਨੇ। ਮੈਂ ਇਸੇ ਕਾਰਨ ਮਾਰ ਖਾ ਗਈ।
ਸਟੇਸ਼ਨ ਆਉਂਦਿਆਂ ਪੁਲ ਦੇ ਹੇਠਾਂ ਇੱਕ ਵੱਡਾ ਸਾਰਾ ਪੋਸਟਰ ਲਿਵਰਪੂਲ ਦਾ ਲੱਗਾ ਵੇਖ ਕੇ ਮੈਂ ਉਥੇ ਹੀ ਉਤਰ ਗਈ। ਇਹ ਤਾਂ ਕੋਈ ਹੋਰ ਹੀ ਸ਼ਹਿਰ ਸੀ। ਦੌੜ ਕੇ ਗੱਡੀ ਫੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਸਾਰੇ ਸ਼ਟਰ ਇੱਕੋ ਵਾਰੀ ਬੰਦ ਹੋ ਚੁਕੇ ਸਨ। ਚਿੱਟਾ ਚੜ੍ਹਿਆ ਦਿਨ ਤੇ ਸਟੇਸ਼ਨ ‘ਤੇ ਨਾ ਬੰਦਾ, ਨਾ ਬੰਦੇ ਦੀ ਜ਼ਾਤ। ਕੋਈ ਰੇੜ੍ਹੀ, ਕੋਈ ਚਾਹ ਪਾਨ ਵਾਲਾ ਨਹੀਂ। ਹੁਣ? ਹੁਣ ਕੀ ਕਰਾਂ? ਤੁਰਨ ਤੋਂ ਪਹਿਲਾਂ ਲਿਵਰਪੂਲ ਫੋਨ ਕਰ ਦਿੱਤਾ ਸੀ ਕਿ ਫਲਾਣੀ ਗੱਡੀ ਤੋਂ ਰਿਸੀਵ ਕਰ ਲੈਣਾ। ਉਹ ਤਾਂ ਗੱਡੀ ਵੇਖ ਕੇ ਵਾਪਸ ਚਲੇ ਗਏ ਹੋਣਗੇ। ਮੈਨੂੰ ਨਾ ਰਾਹ ਪਤਾ ਨਾ ਪੈਂਡਾ। ਪਤਾ ਨਹੀਂ ਦੂਜੀ ਗੱਡੀ ਕਿੰਨੀ ਦੇਰ ਨੂੰ ਆਵੇਗੀ? ਮੇਰੀਆਂ ਤਰੇਲੀਆਂ ਛੁੱਟ ਰਹੀਆਂ ਸਨ। ਹੱਥ-ਪੈਰ ਠੰਢੇ ਹੋ ਰਹੇ ਸਨ ਕਿ ਦੂਜੇ ਪਲੈਟਫਾਰਮ ਤੋਂ ਸਟੇਸ਼ਨ ਮਾਸਟਰ ਆ ਕੇ ਕੋਲ ਖਲ੍ਹੋ ਗਿਆ, “ਐਨੀ ਹੈਲਪ?”
ਉਸ ਨੇ ਦੱਸਿਆ ਕਿ ਦਸ ਮਿੰਟ ਵਿਚ ਦੂਜੀ ਗੱਡੀ ਆਉਣ ਵਾਲੀ ਹੈ। ਪਰ ਵਕਤ ਦੇ ਐਨੇ ਪਾਬੰਦ ਮੁਲਕ ਵਿਚ ਵੀ ਸ਼ਾਇਦ ਮੇਰੇ ਕਰਕੇ ਗੱਡੀ ਪੰਦਰਾਂ ਮਿੰਟ ਲੇਟ ਹੋ ਗਈ। ਚੱਲ ਤਾਂ ਪਈ, ਪਰ ਸੋਤਰ ਸੁੱਕੇ ਹੋਏ। ਜੇ ਅੱਗੋਂ ਕੋਈ ਲੈਣ ਨਾ ਆਇਆ, ਜ਼ਰੂਰ ਵਾਪਸ ਚਲੇ ਗਏ ਹੋਣਗੇ, ਇਹ ਸਮਝ ਕੇ ਕਿ ਹੁਣ ਮੈਂ ਨਹੀਂ ਆਵਾਂਗੀ। ਟੈਕਸੀ ਕਰ ਲਵਾਂਗੀ…। ਘਰ ਦਾ ਪਤਾ ਤਾਂ ਹੈ ਮੇਰੇ ਕੋਲ਼..! ਟੈਲੀਫੋਨ ਨੰਬਰ ਵੀ ਘੁੱਟ ਕੇ ਹੱਥ ਵਿਚ ਫੜ੍ਹਿਆ ਹੋਇਐ।
ਇੱਕ ਬੁੱਢਾ ਜਿਹਾ ਅੰਗਰੇਜ਼ ਮੇਰੇ ਬੈਗ ਉਤਲੀ ਕਢਾਈ ਨੂੰ ਬੜੀ ਨੀਝ ਲਾ ਕੇ ਵੇਖ ਰਿਹਾ ਸੀ। ਮੇਰਾ ਧਿਆਨ ਆਪਣੇ ਵੱਲ ਵੇਖ ਕੇ ਮੁਸਕਰਾਇਆ। ਸ਼ੁਕਰ ਕੀਤਾ ਠੰਢੇ ਪੱਥਰ ਵਿਚ ਇੱਕ ਚੰਗਿਆੜੀ ਫੁੱਟੀ।
ਲਿਵਰਪੂਲ ਬਾਰੇ ਉਸ ਤੋਂ ਪੁੱਛਿਆ। “ਬਸ ਦੋ ਸਟੇਸ਼ਨ ਬਾਅਦ ਹੀ ਹੈ,” ਉਸ ਦੱਸਿਆ। “ਕਿੱਥੇ ਜਾਣਾ ਹੈ, ਕੀ ਪ੍ਰਾਬਲਮ ਹੈ?” ਕੋਈ ਪ੍ਰਾਬਲਮ ਨਹੀਂ। “ਸਟੇਸ਼ਨ ‘ਤੇ ਟੈਲੀਫੋਨ ਬੂਥ ਹੈ। ਫੋਨ ਕਰ ਦੇਣਾ ਘਰ। ਕੈਬ ਨਾ ਲੈਣੀ, ਬਹੁਤ ਮਹਿੰਗਾ ਕੰਮ ਹੈ। ਪਹਿਲਾਂ ਬਾਹਰ ਵੇਖ ਲੈਣਾ, ਕੋਈ ਲੈਣ ਵਾਲਾ ਖੜ੍ਹਾ ਹੀ ਨਾ ਹੋਵੇ।”
ਸਟੇਸ਼ਨ ਦੇ ਪਲੈਟਫਾਰਮ ‘ਤੇ ਹਿੰਦੁਸਤਾਨ ਵਾਂਗ ਕਿਸੇ ਨੂੰ ਲੈਣ ਲਈ ਕੋਈ ਖੜ੍ਹਾ ਨਹੀਂ ਹੋ ਸਕਦਾ। ਗੱਡੀ ਤੋਂ ਉਤਰਦਿਆਂ ਹੀ ਟੈਲੀਫੋਨ ਬੂਥ ਵੱਲ ਵਧੀ ਪਰ ਗੇਟ ਦੇ ਬਾਹਰ ਛੀਂਟਦਾਰ ਪੱਗ ਲਿਸ਼ਕਦੀ ਨਜ਼ਰ ਆਈ। ਅੱਖ ਝਪਕਣ ਜਿੰਨੇ ਸਮੇਂ ਵਿਚ ਭਾਪਾ ਜੀ ਦੀ ਜੱਫੀ ਵਿਚ ਘੁੱਟੀ ਗਈ। “ਸ਼ੁਕਰ ਐ ਪਹੁੰਚ ਗਈ ਏਂ। ਤੇਰੀ ਭੈਣ ਨੂੰ ਫੋਨ ਕੀਤਾ ਏ ਕਿ ਟਰੇਨ ‘ਚੋਂ ਨਹੀਂ ਉਤਰੀ ਤਾਰਨ। ਪਤੈ ਕੀ ਆਖਦੀ ਐ? ਉਸ ਨੂੰ ਲੈ ਕੇ ਈ ਘਰ ਆਉਣਾ ਨਹੀਂ ਤਾਂ ਤੁਸੀਂ ਵੀ ਸਟੇਸ਼ਨ ‘ਤੇ ਹੀ ਬੈਠੋ। ਗੱਡੀਆਂ ਦੀ ਹੜਤਾਲ ਦਾ ਵਿਸਾਹ ਨਹੀਂ। ਇਸ ਮੁਲਕ ਵਿਚ।”
“ਸ਼ੁਕਰ ਹੈ, ਹੁਣ ਮੈਂ ਵੀ ਘਰ ਜਾ ਸਕਨਾਂ।” ਤੇ ਉਹ ਮੇਰਾ ਮੋਢਾ ਥਾਪੜ ਕੇ ਹੱਸਦੇ ਰਹੇ। ਕੂਲੀ-ਕੂਲੀ ਫੁੱਲਾਂ ਦੀ ਕਿਆਰੀ ਵਿਚੋਂ ਟਹਿਲ ਕੇ ਆਉਂਦੀ ਹਵਾ ਵਰਗਾ ਹਾਸਾ। ਕੈਲਾਸ਼ ਦੀਦੀ ਧਾ ਕੇ ਮਿਲੀ। ਮੂੰਹ ਮੱਥਾ ਚੁੰਮਦੀ ਬਾਂਹ ਵਿਚ ਵਲੀ ਡਰਾਇੰਗ ਰੂਮ ਵਿਚ ਲਿਆ ਬਿਠਾਇਆ। ਗੋਭੀ ਦੇ ਗਰਮਾ-ਗਰਮ ਪਰੌਂਠੇ, ਆਚਾਰ, ਦਹੀਂ, ਮੱਖਣ। ਵਾਹ! ਇਹੋ ਜਿਹੇ ਤਾਂ ਪੂਰੀ ਜ਼ਿੰਦਗੀ ਨਹੀਂ ਖਾਧੇ। ਫਿਰ ਹੱਥ ਫੜ੍ਹੀ ਸਟੱਡੀ ਵਿਚ ਲੈ ਆਈ। ਵੱਡੇ ਸਾਰੇ ਹਾਲ ਦੀਆਂ ਦੀਵਾਰਾਂ ਕਿਤਾਬਾਂ ਨਾਲ ਚਿਣੀਆਂ ਸਜ ਰਹੀਆਂ ਸਨ। ਦੋ ਸਟੱਡੀ ਟੇਬਲ ਆਹਮੋ-ਸਾਹਮਣੇ ਪਏ ਸਨ। ਹੁਣ ਤੱਕ ਤਾਂ ਗੋਪਾਲ ਭਾਪਾ ਜੀ ਕੁੜਤਾ-ਪਜ਼ਾਮਾ ਪਾ ਕੇ ਆਪਣੀ ਲਿਖਣ ਮੇਜ਼ ‘ਤੇ ਸਜ ਵੀ ਗਏ ਸਨ।
ਇਸੇ ਕਮਰੇ ਵਿਚ ਇਹ ਦੋਵੇਂ ਜੀਅ ਯੋਗਾ ਦੀਆਂ ਕਲਾਸਾਂ ਵੀ ਲਾਉਂਦੇ ਸਨ। ਹਫਤੇ ਵਿਚ ਦੋ ਦਿਨ ਤੇ ਬਥੇਰੇ ਗੋਰੇ-ਗੋਰੀਆਂ ਆ ਕੇ ਸ਼ਫਾ ਹਾਸਲ ਕਰਦੇ ਸਨ। ਉਂਜ ਵੀ ‘ਐਗਨੀ ਆਟ’ ਸੀ ਕੈਲਾਸ਼ਪੁਰੀ। ਹਰ ਦੁਖੀ ਸਤਾਏ ਹੋਏ ਮਰਦ, ਤੀਵੀਆਂ ਦੀਆਂ ਉਲਝੀਆਂ ਤੰਦਾਂ ਸੁਲਝਾਉਂਦੀ ਜ਼ਿੰਦਗੀ ਦੇ ਕੋਮਲ ਤੋਂ ਕੋਮਲਤਰੀਨ ਅਹਿਸਾਸਾਂ ਨੂੰ ਦੁਲਾਰਨ ਦੀਆਂ ਜਾਚਾਂ ਸਮਝਾਉਂਦੀ। ਕਈ ਟੁੱਟਦੇ ਘਰ ਇਹ ਜੋੜਦੀ ਆ ਰਹੀ ਹੈ।
ਪੌੜੀਆਂ ਚੜ੍ਹ ਰਹੀਆਂ ਸਾਂ ਅਸੀਂ। ਆਪਣਾ ਘਰ ਘਰੌਂਦਾ ਚਾਈਂ-ਚਾਈਂ ਵਿਖਾ ਰਹੀ ਸੀ ਦੀਦੀ। ਸੌਣ ਕਮਰੇ ਸਭ ਉਤਲੀ ਮੰਜ਼ਿਲ ‘ਤੇ ਹੁੰਦੇ ਨੇ। ਤਿੰਨ ਮੰਜ਼ਿਲਾ ਮਹੱਲ ਸੀ, ਕੈਲਾਸ਼ ਦੀਦੀ ਦਾ ਤੇ ਹਰ ਮੰਜ਼ਿਲ ‘ਤੇ ਪੰਜ ਸੌਣ ਵਾਲੇ ਕਮਰੇ। ਇਕ ਬਾਬਾ ਜੀ ਦਾ ਕਮਰਾ। ਰੋਜ਼ ਆਪ ਪ੍ਰਕਾਸ਼ ਕਰਦੀ ਹੈ ਤੇ ਨੇਮ ਨਾਲ ਦਰਸ਼ਨ ਦੀਦਾਰੇ ਕਰਦੀ ਹੈ।
“ਐਨੇ ਸਾਰੇ ਬੈਡਰੂਮ? ਸਜੇ ਸਜਾਏ ਤਿਆਰ। ਕੀ ਕਰਦੇ ਹੋ? ਝੁੱਗੇ ‘ਚੋਂ ਦੋ ਤਾਂ ਤੁਸੀਂ ਜੀਅ ਹੋ?”
ਮੇਰੇ ਸਵਾਲ ਦਾ ਜਵਾਬ ਤਿਆਰ ਸੀ, “ਦੋ ਕਿਉਂ ਆਂ? ਮੇਰੀਆਂ ਬੇਟੀਆਂ, ਪੁੱਤਰ, ਨੂੰਹਾਂ, ਬੱਚੇ। ਕਦੀ ਵੀਕਐਂਡ ‘ਤੇ ਆ ਜਾਂਦੇ ਨੇ। ਇੰਡੀਆ ਤੋਂ ਦੋਸਤ-ਮਿੱਤਰ ਆਏ ਹੀ ਰਹਿੰਦੇ ਹਨ।…ਕੌਣ ਨਹੀਂ ਆਇਆ ਇੱਥੇ ਮੇਰੇ ਕੋਲ। ਜਿੰਨੇ ਵੀ ਲੇਖਕ ਇੰਡੀਆ ਤੋਂ ਆਉਂਦੇ ਰਹੇ ਨੇ, ਸਭ ਰਹਿ ਗਏ ਨੇ ਮੇਰੇ ਕੋਲ। ਵੱਡੇ ਤੋਂ ਵੱਡੇ ਦਾ ਨਾਂ ਲੈ। ਗੁਰਬਖਸ਼ ਸਿੰਘ ਪ੍ਰਤੀਲੜੀ, ਨਵਤੇਜ, ਭਾਪਾ ਪ੍ਰੀਤਮ ਸਿੰਘ, ਬਲਵੰਤ ਗਾਰਗੀ, ਅਜੀਤ ਕੌਰ।”
ਉਹ ਲੰਮੀ ਲਿਸਟ ਗਿਣਾਈ ਜਾ ਰਹੇ ਨੇ। ਪਰ ਕਦੀ ਕਿਸੇ ਨੇ ਜਾ ਕੇ ਚੱਜ ਦਾ ਜ਼ਿਕਰ ਨਹੀਂ ਕੀਤਾ, ਤੇ ਜੇ ਕੀਤਾ ਵੀ ਤਾਂ ਨੈਗੇਟਿਵ। ਡਾ. ਥਿੰਦ ਬਹੁਤ ਵਧੀਆ ਇਨਸਾਨ ਨੇ। (ਬਸ ਕਮਾਲ ਨੇ। ਮੈਂ ਤਾਂ ਬਹੁਤਾ ਚਿਰ ਰਹਿ ਨਹੀਂ ਸਕਦੀ ਇੰਡੀਆ। ਮੇਰਾ ਬਹੁਤਾ ਲਿਟਰੇਚਰ ਉਨ੍ਹਾਂ ਦੀ ਦੇਖ-ਰੇਖ ਵਿਚ ਹੀ ਛਪਿਆ ਹੈ। ਪਬਲਿਸ਼ਰਾਂ ਦਾ ਤਾਂ ਮੈਨੂੰ ਪਤਾ ਹੀ ਐ।”
ਕੈਲਾਸ਼ ਦੀਦੀ ਸ਼ਿਕਾਇਤ ਕਰਦਿਆਂ ਕਿਸੇ ਦਾ ਲਿਹਾਜ਼ ਥੋੜ੍ਹਾ ਕਰਦੇ ਨੇ। ਉਹ ਤਾਂ ਜੇ ਆਪਣੀ ਆਈ ‘ਤੇ ਆ ਜਾਣ ਤਾਂ ਸਟੇਜ ‘ਤੇ ਬੋਲਦਿਆਂ ਵੀ ਸ਼ੁੱਧ ਪੋਠੋਹਾਰੀ ਵਿਚ ਸਭ ਦੀ ਜਹੀ-ਤਹੀ ਫੇਰ ਦਿੰਦੇ ਨੇ। ਭਾਵੇਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਟੇਜ ਹੀ ਕਿਉਂ ਨਾ ਹੋਵੇ।
“ਮੈਂ ਘੱਟ ਲਿਖਿਐ ਕਿਸੇ ਕੋਲੂੰ। ਸੈਕਸ ‘ਤੇ ਹੀ ਕਿਤਨੇ ਗ੍ਰੰਥ ਲਿਖ ਚੁਕੀ ਆਂ। ਹੈ ਸੀ ਕਿਸੇ ਹੋਰ ਇੰਡੀਅਨ ਲੇਡੀ ਵਿਚੋਂ ਇੰਨੀ ਜੁਰੱਅਤ? ਜਿਸ ਜ਼ਮਾਨੇ ਤੋਂ ਮੈਂ ਇਸ ਵਿਸ਼ੇ ‘ਤੇ ਲਿਖਦੀ ਆ ਰਹੀ ਆਂ? ਤੁਸਾਂ ਸਾਰਿਆਂ ‘ਚੋਂ ਕਿਸੇ ਪੜ੍ਹਿਐ ਮੈਨੂੰ? ਕਿਸ ਕਦਰ ਪਾਈ ਐ ਮੇਰੀ? ਕਹਾਣੀਆਂ, ਨਾਵਲ, ਕਵਿਤਾਵਾਂ, ਸਫਰਨਾਮੇ, ਲੇਖ, ਪੇਪਰ, ਅੱਠਵੀਂ ਪੜ੍ਹੀ ਹੋਈ ਮੈਂ।…ਦੁਨੀਆਂ ਦਾ ਕਿਹੜਾ ਅਦਾਰਾ ਐ ਜਿਸ ਦੀ ਮੈਂ ਮੈਂਬਰ ਨਹੀਂ। ਕਿੰਨੀਆਂ ਨੀ ਤੈ ਚੇਅਰਪਰਸਨ ਆਂ। ਹਜ਼ਾਰਾਂ ਮੀਲ ਵਤਨ ਤੂੰ ਦੂਰ ਬੈਠੀ ਆਪਣੀ ਮਾਂ-ਬੋਲੀ ਨੀ ਝੋਲੀ ਲਗਾਤਾਰ ਅੱਖਰਾਂ ਨਾਲ ਭਰ ਰਹੀ ਹਾਂ। ਕੋਈ ਮਜਬੂਰੀ ਐ ਮੇਰੀ? ਗੋਰੇ ਸਿਰ ਅੱਖਾਂ ‘ਤੇ ਚੁੱਕੀ ਫਿਰਨੇ ਨੇ.. ਟੀ. ਵੀ. ਤੇ ਰੇਡੀਓ ਪ੍ਰੋਗਰਾਮ ਸਾਹ ਨਹੀਂ ਲੈਣ ਦਿੰਦੇ। ਕਿਤਾਬ ਛਪਨੀ ਪਿੱਛੋਂ ਐ ਵਿਕ ਪਹਿਲਾਂ ਜਾਨੀ ਐਂ…।” ਤੇ ਫਿਰ ਉਹ ਠੇਠ ਅੰਗਰੇਜ਼ੀ ਵਿਚ ਬੋਲੀ ਜਾਂਦੇ ਨੇ, ਜੋਸ਼ ਵਿਚ।
ਕਹਿੰਦੇ ਨੇ ਮੈਂ ਪੰਜਾਬੀ ਵਿਚ ਅੰਗਰੇਜ਼ੀ ਲਫਜ਼ ਜ਼ਿਆਦਾ ਵਰਤਦੀ ਆਂ। ਭਲਾਂ ਇਹ ਵੀ ਕੋਈ ਇਲਜ਼ਾਮ ਐ ਲਾਣ ਵਾਲਾ? ਸੱਠ ਸਾਲ ਹੋ ਗਏ ਨੇ ਇਸ ਮੁਲਕ ਵਿਚ ਰਹਿੰਦਿਆਂ। ਕੁਝ ਤਾਂ ਕਿਆਸ ਕਰੋ ਮੈਂ ਤਾਂ ਫਿਰ ਵੀ ਜਿੰਨੇ ਅੱਖਰ ਪੱਲੇ ਵਿਚ ਬੰਨ੍ਹ ਕੇ ਲਿਆਈ ਸਾਂ, ਉਹ ਤਾਂ ਉਸੇ ਤਰ੍ਹਾਂ ਲਿਸ਼ਕਾ-ਪੁਸ਼ਕਾ ਕੇ ਵਰਤ ਰਹੀ ਆਂ, ਅੱਗੋਂ ਆਪਣੇ ਕੋਲੋਂ ਬੇਸ਼ੁਮਾਰ ਘੜ ਕੇ ਵਰਤੇ ਨੇ। ਇਹ ਤਾਂ ਕੁਦਰਤੀ ਵਰਤਾਰਾ ਹੈ। ਇੰਨੀ ਕੁਝ ਚੇਂਜ ਤਾਂ ਆ ਈ ਜਾਂਦੀ ਹੈ ਨਾ!”

ਪਤਾ ਨਹੀਂ ਕਿਹੜੇ ਵੇਲੇ ਦੀਦੀ ਨੇ ਐਨਾ ਵਧੀਆ ਡਿਨਰ ਵੀ ਤਿਆਰ ਕਰ ਲਿਆ। ਜਿਸ ਵੇਲੇ ਮੈਂ ਤੇ ਭਾਪਾ ਜੀ ਸਟੱਡੀ ਵਿਚੋਂ ਉਨ੍ਹਾਂ ਦੀਆਂ ਲਿਖਤਾਂ ਤੇ ਕੰਮਾਂ ਬਾਰੇ ਗੱਲ ਕਰ ਰਹੇ ਸਾਂ, ਉਸ ਵੇਲੇ ਉਹ ਉਠ ਕੇ ਗਏ ਤਾਂ ਸਨ। ਪਰ ਇਹੋ ਜਿਹੀ ਸੁੱਘੜ-ਸੁਚੱਜੀ ਗ੍ਰਹਿਣੀ ਵੀ ਹੈ ਦੀਦੀ, ਕੈਲਾਸ਼ ਦੀਦੀ। ਅੱਜ ਦੀ ਰਾਤ ਸੌਣ ਲਈ ਥੋੜ੍ਹਾ ਹੈ। ਐਨੀ ਲੰਮੀ ਸਿੱਕ ਪਿੱਛੋਂ ਤਾਂ ਮਿਲੀਆਂ ਹਾਂ, ਅਸੀਂ ਦੋਵੇਂ ਪੋਠੋਹਾਰਨਾਂ। ਅੰਮ੍ਰਿਤਸਰ ਯੂਨੀਵਰਸਿਟੀ ਵਿਚ ਇਕ ਸੁਪਨਾ ਲਿਆ ਸੀ ਕਿ ਇਕ ਕਿਤਾਬ ਸਾਂਝੀ ਕੱਢਾਂਗੀਆਂ ਮੈਂ, ਕਾਨਾ ਸਿੰਘ ਤੇ ਕੈਲਾਸ਼ਪੁਰੀ। ਨਾਂ ਰੱਖਾਂਦਗੀਆਂ-ਤ੍ਰੈਪੋਠੋਹਾਰਨਾਂ।” ਉਹ ਸੁਪਨਾ ਮਰ ਗਿਆ। ਦੂਰ ਕਿਤੇ ਦਫਨ ਹੋ ਗਿਆ ਹਵਾ ਹੀ ਕੁਝ ਐਸੀ ਵਗੀ।

ਰਾਤੀਂ ਕੈਲਾਸ਼ ਦੀਦੀ ਚਿੱਠੀਆਂ ਦੇ ਬੰਡਲ ਤੇ ਫਾਈਲਾਂ ਦੇ ਢੇਰ ਹੇਠਾਂ ਕਾਲੀਨ ‘ਤੇ ਹੀ ਲਾ ਦਿੰਦੇ ਨੇ। ਪੜ੍ਹ ਜ਼ਰਾ ਜਿਹੋ ਜਿਹੀਆਂ ਚਿੱਠੀਆਂ ਮੈਨੂੰ ਆਉਂਦੀਆਂ ਨੇ। ਐਹ ਸਾਰੀਆਂ ਸ਼ੁਕਰਾਨੇ ਵਜੋਂ, ਜਿਨ੍ਹਾਂ ਦੀ ਸੈਕਸੁਅਲ ਜ਼ਿੰਦਗੀ ਖੁਸ਼ਹਾਲ ਤੇ ਭਰਪੂਰ ਹੋਈ, ਮੇਰੇ ਲੇਖ ਪੜ੍ਹ-ਪੜ੍ਹ ਕੇ, ਦੋਵੇਂ ਈ ਨੇ-ਔਰਤਾਂ ਵੀ ਤੇ ਮਰਦ ਵੀ। ਕਿੰਨਾ ਅਹਿਮ ਮਸਲਾ ਹੈ ਜ਼ਿੰਦਗੀ ਦਾ, ਤੇ ਅਸੀਂ ਇਸ ਬਾਰੇ ਗੱਲ ਕਰਨ ਤੋਂ ਤ੍ਰਹਿੰਦੇ ਹਾਂ-ਸ਼ਰਮ ਮਹਿਸੂਸ ਕਰਦੇ ਹਾਂ।

ਦੂਜੀ ਵਾਰੀ ਜਦ ਮੈਂ ਉਨ੍ਹਾਂ ਨੂੰ ਲੰਡਨ ‘ਹੈਵਨ ਗਰੀਨ ਕੋਰਟ’ ਉਨ੍ਹਾਂ ਦੇ ਫਲੈਟ ਵਿਚ ਮਿਲਣ ਗਈ ਤਾਂ ਸਭ ਕੁਝ ਬਦਲ ਚੁਕਾ ਸੀ। ਕਿਹੜਾ ਸਵਰਗ ਤੇ ਕਿਹੜੀ ਹਰਿਆਲੀ? ਵੇਖਣ ਨੂੰ ਆਪਣੇ ਨਾਂ ਵਰਗੀ ਹੀ ਥਾਂ ਸੀ, ਉਹ ਪਰ ਅਜਿਹੀ ਅੱਗ ਲੱਗੀ, ਜਿਸ ਸਭ ਕੁਝ ਝੁਲਸ ਕੇ ਰੱਖ ਦਿੱਤਾ। ਐਸੀ ਗੜ੍ਹੇਮਾਰ ਹੋਈ ਕਿ ਹਰਾ-ਭਰਾ ਦਰਖਤ ਰੁੰਡ-ਮੁੰਡ ਹੋ ਗਿਆ। ਬਾਹਰਲੇ ਦਰਵਾਜੇ ਦਾ ਨੰਬਰ ਡਾਇਲ ਕਰਦਿਆਂ ਦਰਵਾਜਾ ਖੁੱਲ੍ਹਿਆ, ਅੰਦਰ ਦੇ ਦਰਵਾਜੇ ਦਾ ਕੁੰਡਾ ਫੜ੍ਹੀ ਉਜੜੀ-ਪੁੱਜੜੀ ਦੀਦੀ ਅੱਖਾਂ ਵਿਚ ਅੱਥਰੂ ਭਰੀ ਧਾ ਕੇ ਮਿਲੀ ਤੇ ਰੋਕਦਿਆਂ ਰੋਕਦਿਆਂ ਵੀ ਉਸ ਦੀਆਂ ਚੀਕਾਂ ਨਿਕਲ ਗਈਆਂ, “ਵੇਖ, ਕਿੰਜ ਛੋੜ ਕੇ ਚਲੇ ਗਏ ਨੇ ਮੈਨੂੰ। ਹਿੱਕ ਵਾਰ ਨਹੀਂ ਜੇ ਸੋਚਿਆ ਕਿ ਕਿੰਜ ਸਾਹ ਲੈਸੀ ਮੇਰੇ ਬਿਨਾ। ਹਿੱਕ ਪਲ ਵਿਸਾਹ ਨਹੀਂ ਸਨ ਖਾਨੇ ਮੇਰਾ। ਪਹਿਲਾਂ ਮੈਨੂੰ ਅਸਮਾਨ ‘ਤੇ ਚਾੜ੍ਹਿਆ ਨੇ ਤੈ ਫਿਰ ਥੱਲੇ ਸੁੱਟ ਕੇ ਆਪ ਪਤਾ ਨਹੀਂ ਕਿਹੜੇ ਚੰਨਾਂ ਸੂਰਜਾਂ ਕੀ ਜਾ ਮਲਿਆ ਨੇ। ਐਡੇ ਦਾਈਏ ਬੰਨਣੇ ਸਨ। ਜਾਣ ਵੇਲੇ ਪਿੱਛੇ ਮੁੜ ਕੇ ਨਹੀਂ ਨੇ ਵੇਖਿਆ। ਚੁੱਪ-ਚਾਪ ਚਲੇ ਗਏ। ਕੁਝ ਬੋਲੇ ਈ ਨਈਂ। ਕੁਝ ਦੱਸਿਆ ਈ ਨਹੀਂ ਕਿ ਮੈਂ ਕੇਅ ਕਰਸਾਂ!’’
ਉਨ੍ਹਾਂ ਦੀਆਂ ਅੱਖਾਂ ‘ਚੋਂ ਸਾਵਣ ਵੱਸ ਰਿਹੈ। ਅੱਖਰ ਵੈਣਾਂ ਦਾ ਵੇਸ ਬਦਲ ਬਦਲ ਮੈਨੂੰ ਭਿਉਂ ਰਹੇ ਨੇ। ਮੈਂ ਉਨ੍ਹਾਂ ਨੂੰ ਆਪਣੇ ਨਾਲ ਘੁੱਟ ਕੇ ਅੱਥਰੂ ਪੂੰਝ ਰਹੀ ਹਾਂ। ਮੂੰਹ ਚੁੰਮ ਰਹੀ ਆਂ…ਹੱਥ ਚੁੰਮ ਰਹੀ ਹਾਂ। ਸਾਰੇ ਲਫਜ਼ ਪੱਥਰ ਹੋ ਗਏ ਨੇ। ਕੀ ਬੋਲਾਂ…?
ਬਹੁਤ ਖੁਬਸੂਰਤ ਫਲੈਟ ਹੈ। ਤਿੰਨ ਬੈਡਰੂਮ ਨੇ। ਸਟੱਡੀ ਹੈ, ਲੌਬੀ ਹੈ, ਛੋਟਾ ਜਿਹਾ ਡਰਾਇੰਗ ਰੂਮ ਹੈ, ਕਿਚਨ ਹੈ, ਨਿੱਕਾ ਜਿਹਾ ਸਾਫ ਸੁਥਰਾ। ਪਰ ਕਿੱਥੇ ਇਹ ਤੇ ਕਿੱਥੇ ਉਹ? ਸਾਰਾ ਸਾਮਾਨ ਉਘੜ-ਦੁੱਘੜਿਆ ਪਿਐ। ਕਿਤਾਬਾਂ ਦੇ ਬੰਡਲ ਮੇਜ਼ਾਂ ਤੇ ਕੁਰਸੀਆਂ ‘ਤੇ। ਹੇਠਾਂ ਕਾਲੀਨ ‘ਤੇ ਪਏ ਨੇ। ਬੈਡਰੂਮ ਵਿਚ ਵੀ ਇਹ ਹੀ ਹਾਲ ਹੈ। ਕੱਪੜੇ, ਕੰਬਲ, ਨਿੱਕ-ਸੁੱਕ ਤੇ ਕਿਤਾਬਾਂ। ਇਤਬਾਰ ਨਹੀਂ ਆ ਰਿਹਾ ਕਿ ਇਹ ਉਹੀ ਗ੍ਰਹਿਣੀ ਹੈ। ਕਿਹਾ ਗ੍ਰਹਿਣ ਲੱਗ ਗਿਐ ਇਸ ਨੂੰ? ਕੀ ਇਹ ਉਹੀ ਹੈ ਜਿਹੜੀ ਕੁਝ ਸਾਲ ਪਹਿਲਾਂ ਮੈਨੂੰ ਮਿਲੀ ਸੀ?
“ਚਾਰ-ਪੰਜ ਮਹੀਨੇ ਹੋ ਗਏ ਨੇ ਸ਼ਿਫਟ ਕੀਤਿਆਂ…ਮੇਰੇ ਬੱਚਿਆਂ ਵਾਸਤੇ ਮੁਸ਼ਕਿਲ ਹੋ ਗਈ ਸੀ। ਬਹੁਤ ਦੂਰ ਪੈ ਜਾਂਦੈ ਲਿਵਰਪੁਲ ਤੇ ਉਸ ਘਰ ਵਿਚ ਇਕੱਲਿਆਂ ਰਹਿਣਾ ਉਨ੍ਹਾਂ ਬਿਨਾ? ਘਰ ਪੱਟਣਾ ਸੌਖਾ ਤੇ ਨਹੀਂ ਸੀ, ਬੇਸ਼ੁਮਾਰ ਸਮਾਨ ਲੋਕਾਂ ਵਿਚ ਵੰਡ ਕੇ ਆਈ ਆਂ। ਕਿਤਨਾ ਤੇ ਦਾਨ ਦੁਕਾਨਾਂ ‘ਤੇ ਭੇਜਿਐ। ਇਕ ਤਰ੍ਹਾਂ ਦੇ ਕਈ ਕਈ ਵਲੇਵੇ ਤਾਂ ਸਨ ਮੇਰੇ ਕੋਲ। ਇਥੇ ਕਿਹੜਾ ਥਾਂ ਹੈ ਰੱਖਣ ਲਈ। ਤੇ ਮੈਂ ਹੁਣ ਕਰਨੇ ਵੀ ਕੇਅ ਨੇ? ਮੈਂ ਤਾਂ ਤਿੰਨ-ਤਿੰਨ ਦਿਨ ਰੋਟੀ ਨਹੀਂ ਬਣਾਉਂਦੀ, ਜਿਵੇਂ ਕਿਵੇਂ ਸਾਰ ਲੈਂਦੀ ਆਂ। ਕਿਸ ਜੋਗੀ ਬਣਾਵਾਂ। ਖਾਣ ਦੇ ਸ਼ੌਂਕੀ ਤਾਂ ਗਏ।” ਤੇ ਉਸ ਦੀਆਂ ਅੱਖਾਂ ਫਿਰ ਡੁੱਲੂੰ-ਡੁੱਲੂੰ ਕਰ ਰਹੀਆਂ ਹਨ।
ਸ਼ਾਮ ਤੱਕ ਉਨ੍ਹਾਂ ਦੀਆਂ ਦੋ-ਤਿੰਨ ਸਹੇਲੀਆਂ ਮੈਨੂੰ ਮਿਲਣ ਆ ਜਾਂਦੀਆਂ ਨੇ, ਜਿਨ੍ਹਾਂ ਨੂੰ ਉਨ੍ਹਾਂ ਮੇਰੇ ਆਉਣ ਬਾਰੇ ਇਤਲਾਹ ਦਿੱਤੀ ਹੋਈ ਹੈ। ਰਾਤੀਂ ਸੱਤ-ਅੱਠ ਅਦੀਬ ਜੁੜ ਜਾਂਦੇ ਨੇ। ਸਭ ਲਈ ਖਾਣਾ ਉਨ੍ਹਾਂ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਐ। ਚਾਹ, ਕੌਫੀ, ਡ੍ਰਿੰਕਸ ਨਾਲ ਕਵਿਤਾਵਾਂ ਦਾ ਦੌਰ ਚਲਦਾ ਹੈ। ਇਕ ਕਹਾਣੀ ਮੈਂ ਵੀ ਪੜ੍ਹਦੀ ਹਾਂ।
ਵੰਨ-ਸੁਵੰਨੇ ਖਾਣਿਆਂ ਨਾਲ ਰਸੋਈ ਦਾ ਨਿੱਕਾ ਜਿਹਾ ਖਾਣ-ਮੇਜ਼ ਸਜਿਆ ਪਿਐ। ਉਥੋਂ ਹੀ ਪਲੇਟਾਂ ਵਿਚ ਪਾ ਕੇ ਕੁਝ ਕੁਰਸੀਆਂ ‘ਤੇ ਬਹਿ ਗਏ ਨੇ ਤੇ ਕੁਝ ਖਲ੍ਹੋ ਕੇ ਖਾ ਰਹੇ ਨੇ। ਇਕ ਸਾਈਡ ਸਲੈਬ ‘ਤੇ ਫੋਟੋਸਟੈਟ ਤੇ ਟਾਈਪਿੰਗ ਮਸ਼ੀਨ ਪਈ ਸੀ। ਇਥੇ ਬਹਿ ਕੇ ਹੀ ਲਿਖਦੇ ਤੇ ਡਿਸਪੈਚ ਕਰਦੇ ਨੇ ਫਿਲਹਾਲ।
“ਹੁਣ ਤੂੰ ਰਹਿਣੈਂ ਮੇਰੇ ਕੋਲ। ਘੱਟੋ-ਘੱਟ ਇਕ ਹਫਤਾ ਮੈਂ ਤੈਨੂੰ ਜਾਣ ਨਹੀਂ ਦੇਣਾ। ਮੇਰੇ ਕੋਲ ਬਹਿ ਕੇ ਲਿਖ। ਵੇਖ, ਮੇਰੀਆਂ ਨਵੀਆਂ ਕਿਤਾਬਾਂ ਆ ਗਈਆਂ ਨੇ। ਇਨ੍ਹਾਂ ਬਾਰੇ ਲੇਖ। ਹਾਲੀ ਦੋ ਹੋਰ ਪਈਆਂ ਨੇ ਪ੍ਰੈਸ ਵਿਚ।”
ਜਦੋਂ ਵੀ ਭਾਰਤ ਆਉਂਦੇ ਨੇ, ਮੁਹਾਲੀ ਤਾਂ ਆਉਂਦੇ ਹੀ ਨੇ। ਜਿਹੋ ਜਿਹੀ ਕੈਲਾਸ਼ ਪੁਰੀ ਪੰਜਾਹ ਸਾਲ ਪਹਿਲਾਂ ਕਾਨਪੁਰ ਵੇਖੀ ਸੀ, ਉਹੋ ਜਿਹੀ ਗੋਰੀ ਚਿੱਟੀ। ਨੀਲੀਆਂ ਅੱਖਾਂ, ਸੂਤਵੇਂ ਨਕਸ਼, ਮਿੱਠ ਬੋਲੜੀ, ਨਿੱਘੀ ਤੇ ਸਿਆਣਪਾਂ ਭਰੀ ਅੱਜ ਵੀ ਉਨ੍ਹਾਂ ਦੇ ਮਹਿਬੂਬ ਪਤੀ ਉਵੇਂ ਦੇ ਉਵੇਂ ਉਨ੍ਹਾਂ ਵਿਚੋਂ ਜਿਉਂਦੇ ਦਿਸ ਰਹੇ ਨੇ।

7 ਜੂਨ 2017: ਕੱਲ੍ਹ ਦੁਪਹਿਰ ਫੋਨ ‘ਤੇ ਗੱਲ ਹੋਈ। ਮੇਰੇ ਵੱਲੋਂ ਹੀ ਘੌਲ ਹੋ ਗਈ ਤੇ ਕੁਝ ਉਹ ਵੀ ਹੁਣ ਬਹੁਤੇ ਬਜ਼ੁਰਗ ਹੋ ਗਏ ਨੇ, ਭਾਵੇਂ ਕਲਮ ਹਾਲੀ ਵੀ ਚਲ ਰਹੀ ਹੈ। ਪਹਿਲਾਂ ਦੋ-ਤਿੰਨ ਵਾਰੀ ਫੋਨ ‘ਤੇ ਸੰਪਰਕ ਨਹੀਂ ਸੀ ਹੋ ਸਕਿਆ। ਕੱਲ੍ਹ ਉਨ੍ਹਾਂ ਗਿਲਾ ਕੀਤਾ ਤਾਂ ਮੈਂ ਬੇਕਸੂਰ ਹੁੰਦਿਆਂ ਵੀ ਮੁਆਫੀ ਮੰਗੀ। ਏਨਾ ਤਾਂ ਪਿਆਰ ਕਰਦੇ ਨੇ। ਇਹੀ ਕਹਿੰਦੇ ਰਹੇ, “ਤੂੰ ਆ ਜਾ ਮੇਰੇ ਕੋਲ। ਤੈਨੂੰ ਕੋਈ ਔਖ ਨਹੀਂ ਹੋਣ ਲੱਗੀ। ਆਰਾਮ ਨਾਲ ਬਹਿ ਕੇ ਲਿਖੀਂ ਤੇ ਦੋਵੇਂ ਬਹੁਤ-ਬਹੁਤ ਗੱਲਾਂ ਕਰਸਾਂ।’’
ਤੇ ਮੈਂ ਉਸ ਖੰਭੇ ਦੇ ਕਿਆਸ ਕਰ ਰਹੀ ਹਾਂ, ਜਿਸ ਦੇ ਉਤਲੇ ਸਿਰੇ ‘ਤੇ ਹਾਲੀ ਵੀ ਭਰਪੂਰ ਰੋਸ਼ਨੀ ਜਗ ਰਹੀ ਏ, ਪਰ ਟੋਏ ‘ਚੋਂ ਹੇਠਲਾ ਹਿੱਸਾ ਹਿੱਲ ਰਿਹੈ। ਡਗਮਗਾ ਰਿਹੈ। ਹੁਣ ਆਵਾਜ਼ ਵੀ ਥਿੜਕ ਰਹੀ ਹੈ, ਪਰ ਮੈਨੂੰ ਪਤੈ ਬੇਕਦਰਾਂ ਨੂੰ ਹਾਲੀ ਵੀ ਉਹ ਇਕੋ ਪੋਠੇਹਾਰੀ ਲਲਕਾਰ ਨਾਲ ਠੰਢਾ ਕਰ ਸਕਦੇ ਨੇ। ਉਮਰ ਦੇ ਆਖਰੀ ਵਰ੍ਹਿਆਂ ਨੇ ਗਲਬਾ ਪਾਇਆ ਹੋਇਐ। ਉਨ੍ਹਾਂ ਦੀ ਸਿਹਤ ਲਈ ਅਰਦਾਸ ਕਰਦੀ ਹਾਂ।
13 ਜੂਨ ਨੂੰ ਫੋਨ ਆਇਆ ਕਿ ਕੈਲਾਸ਼ ਪੁਰੀ ਨਹੀਂ ਰਹੇ। ਵਕਤ ਸੀ ਜਾਣ ਦਾ। ਬੜੀ ਸੋਹਣੀ ਉਮਰ ਪੁਗਾ ਕੇ ਗਏ ਨੇ। ਪਰ ਮੈਨੂੰ ਹੌਲ ਕਿਉਂ ਪੈ ਰਹੇ ਸਨ। ਤੇਰਾਂ ਤਾਰੀਖ ਮੈਂ ਉਨ੍ਹਾਂ ਨੂੰ ਫੋਨ ਮਿਲਾ-ਮਿਲਾ ਕੇ ਹਫ ਗਈ ਤੇ ਅਖੀਰ ਮੈਸਿਜ ਭੇਜਿਆ ਕਿ ਪਲੀਜ਼ ਦੀਦੀ ਮੇਰੇ ਨਾਲ ਗੱਲ ਕਰੋ। ਘੱਟੋ-ਘੱਟ ਫੋਨ ‘ਤੇ ਆਪਣਾ ਹਾਲ ਤਾਂ ਦੱਸੋ। ਪਰ ਦੀਦੀ ਤਾਂ ਉਸ ਵੇਲੇ ਇਸ ਜਹਾਨ ‘ਤੇ ਨਹੀਂ ਸੀ। ਬਹੁਤ ਸਾਰਾ ਸਾਹਿਤ ਉਨ੍ਹਾਂ ਦਾ ਪੜ੍ਹਿਆ ਹੈ ਤੇ ਕੁਝ ਮੇਰੇ ਕੋਲ ਸਾਂਭਿਆ ਪਿਐ। ਕੁਝ ਬੇਈਮਾਨ ਚੁਰਾ ਕੇ ਵੀ ਲੈ ਗਏ, ਪਰ ਉਨ੍ਹਾਂ ਦਾ ਲਿਖਿਆ ਨਾਵਲ ‘ਕਾਲਾ ਮਣਕਾ’ ਕਲਾਸਿਕ ਹੈ। ਪਤਾ ਨਹੀਂ ਉਸ ਦਾ ਜ਼ਿਕਰ ਕਿਉਂ ਨਹੀਂ ਹੋਇਆ ਸਾਡੇ ਸਾਹਿਤ ਜਗਤ ‘ਚ।