ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁਧ ਦੀ ਲੋੜ

ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਸਿੱਖ ਬੁੱਧੀਜੀਵੀ ਸੁਮੇਲ ਸਿੰਘ ਸਿੱਧੂ ਨੇ ਆਪਣੇ ਲੇਖ ‘ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁਧ ਦੀ ਸੇਧ ਦਾ ਸਵਾਲ’ ਵਿਚ ਪੰਜਾਬ ਦੇ ਮੌਜੂਦਾ ਧਾਰਮਿਕ, ਸਿਆਸੀ, ਆਰਥਕ ਤੇ ਵਿਦਿਅਕ ਹਾਲਾਤ ਦੀ ਪੜਚੋਲ ਕੀਤੀ ਸੀ। ਉਸੇ ਲੇਖ ਵਿਚਲੀ ਗੱਲ ਨੂੰ ਅੱਗੇ ਤੋਰਦਿਆਂ ਸਿੱਖ ਵਿਚਾਰਵਾਨ ਗੁਰਬਚਨ ਸਿੰਘ ਜਲੰਧਰ ਨੇ ਆਪਣੇ ਪ੍ਰਤੀਕਰਮ ਵਿਚ ਇਨ੍ਹਾਂ ਹਾਲਾਤ ਦੀ ਪਰਖ-ਪੜਚੋਲ ਕੀਤੀ ਹੈ।

-ਸੰਪਾਦਕ

ਗੁਰਬਚਨ ਸਿੰਘ, ਜਲੰਧਰ
ਫੋਨ: 91-98156-98451

‘ਪੰਜਾਬ ਟਾਈਮਜ਼’ ਦੇ 7 ਜੁਲਾਈ ਦੇ ਅੰਕ ਵਿਚ ਛਪੇ ਆਪਣੇ ਲੇਖ ‘ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁਧ ਦੀ ਸੇਧ ਦਾ ਸਵਾਲ’ ਵਿਚ ਸੁਮੇਲ ਸਿੰਘ ਸਿੱਧੂ ਨੇ ਆਪਣੀ ਚਰਚਾ ਨੂੰ 1982 ਵਿਚ ਸ਼ੁਰੂ ਹੋਏ ਅਤੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਹੋਏ ਫੌਜੀ ਹਮਲੇ ਨਾਲ ਅਧਵਾਟੇ ਰੁਕ ਗਏ ‘ਧਰਮ ਯੁਧ’ ਮੋਰਚੇ ਨਾਲ ਜੋੜ ਦਿਤਾ ਹੈ। ਉਜੜ ਚੁਕੇ ਅਜੋਕੇ ਪੰਜਾਬ ਦੀ ਮੁੜ ਸਿਰਜਣਾ ਵਾਸਤੇ ਇਹ ਚਰਚਾ ਇਥੋਂ ਹੀ ਅਰੰਭ ਹੋਣੀ ਚਾਹੀਦੀ ਹੈ। ਭਾਵੇਂ ਪੰਜਾਬ ਦੇ ਉਜੜਨ ਦਾ ਸਿਲਸਿਲਾ 1850 ਦੀ ਸਾਮਰਾਜੀ ਗੁਲਾਮੀ ਤੋਂ ਜਾਰੀ ਹੈ ਪਰ ਇਸ ਉਜਾੜੇ ਵਿਚ ਹੈਰਾਨੀਜਨਕ ਤੇਜੀ ਜੂਨ 1984 ਤੋਂ ਬਾਅਦ ਆਈ ਹੈ। ਇਸ ਉਜਾੜੇ ਦਾ ਕਾਰਨ ਪੰਜਾਬ ਦੀ ਸਿਰਫ ਆਰਥਕ ਲੁਟ ਨਹੀਂ ਸਗੋਂ ਸਭਿਆਚਾਰਕ ਲੁਟ ਵੀ ਹੈ।
ਸੁਮੇਲ ਸਿੰਘ ਸਿੱਧੂ ਨੇ ਪੰਜਾਬ ਦੀ ਅਜੋਕੀ ਹਾਲਤ ਨੂੰ ਠੀਕ ਬਿਆਨ ਕੀਤਾ ਹੈ, “ਜਿਵੇਂ ਆਈਲਿਟਸ ਦੇ ਬੈਂਡ ਹਾਸਲ ਕਰਨ ਲਈ ਪੰਜਾਬ ‘ਚ ਕੋਈ ‘ਭਵਿੱਖ ਬਣਾਓ’ ਅੰਦੋਲਨ ਚਲ ਰਿਹਾ ਹੋਵੇ। ਪਰ ਇਹ ਭਵਿੱਖ ਹੁਣ ਪੰਜਾਬ ਵਿਚ ਨਹੀਂ ਸਗੋਂ ਇਸ ਤੋਂ ਛੁਟਕਾਰੇ ਵਿਚ ਹੀ ਬਣਾਇਆ ਜਾ ਸਕਦਾ ਹੈ।…ਗੋਰੀਆਂ ਧਰਤੀਆਂ ਉਤੇ ਚਾਕਰੀ ਦੇ ਚਾਹਵਾਨਾਂ ਵਾਸਤੇ ਪੀ. ਆਰ. ਜਾਂ ਸਟੱਡੀ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨਾ ਸਭ ਤੋਂ ਵੱਡਾ ਨਿਸ਼ਾਨਾ ਬਣ ਚੁਕਾ ਹੈ ਅਤੇ ਇਸ ਮਹਾਨ ਪ੍ਰਾਪਤੀ ਤੋਂ ਖੁੰਝ ਜਾਣ ਵਾਲੇ ‘ਚਿੱਟੇ’ ਦੇ ਗਾਹਕ ਹਨ ਜਾਂ ਅੰਬਾਨੀ ਦੇ ਡਾਟਾ ਪੈਕ ਲੈ ਕੇ ਸੋਸ਼ਲ ਮੀਡੀਆ ਉਤੇ ਸਰਗਰਮ ਹਨ। ਪੰਜਾਬੀ ਬੋਲੀ ਦੇ ਨਾਂ ਉਤੇ ਬਣੇ ਸੂਬੇ ਵਿਚ ਪੰਜਾਬੀ ਦੇ ਸਹੀ ਸ਼ਬਦ ਜੋੜ ਲਿਖਣ ਵਾਲੇ ਵਿਰਲੇ-ਟਾਵੇਂ ਮਿਲਣਗੇ। ਬੇਗਾਨਗੀ ਦੀ ਭਾਵਨਾ ਵਿਚ ਗ੍ਰਸੇ ਹੋਏ ਪਿਛੇ ਰਹਿ ਗਏ ਅਜਿਹੇ ਰਾਂਝੇ ਹਨ, ਜਿਨ੍ਹਾਂ ਨੂੰ ਕਿਸੇ ਹੀਰ ਦੀ ਤਲਾਸ਼ ਨਹੀਂ। ਕੋਈ ਦਰਿਆ ਇਨ੍ਹਾਂ ਲਈ ਨਹੀਂ ਸ਼ੂਕਦਾ। ਪੰਜਾਬ ਦੀ ਧਰਤੀ ਇਨ੍ਹਾਂ ਸਰਾਪੀਆਂ ਰੂਹਾਂ ਲਈ ਸਿਰਫ ਸੈਲਫੀ ਖਿਚਣ ਦੀ ਮਜਬੂਰੀ ਵਾਲੀ ਸੈਟਿੰਗ ਹੈ। ਇਹ ਰੋਡ ਸ਼ੋਅ ਵਿਚ ਮੋਟਰ ਸਾਈਕਲ ਭਜਾ ਸਕਦੇ ਹਨ। ਕਦੇ-ਕਦੇ ਖੂਨਦਾਨ ਦਾਨ ਕੈਂਪ ਲਾ ਸਕਦੇ ਹਨ। ਲੰਗਰ ਲਾ ਸਕਦੇ ਹਨ ਜਾਂ ਬੰਦ ਕਰਵਾ ਸਕਦੇ ਹਨ। ਪਰ ਕਿਸੇ ਵਗਦੇ ਪਾਣੀ ਦੀ ਆਵਾਜ਼ ਤੇ ਉਸ ਨਾਲ ਜੁੜੇ ਗੀਤ-ਕਥਾਵਾਂ ਦੀ ਨਿਰਮਲ ਛੋਹ ਦੀ ਨਿਆਜ ਇਨ੍ਹਾਂ ਲੁੱਡਣ ਮਲਾਹਾਂ ਦੇ ਉਜੜੇ ਯਾਰਾਂ ਲਈ ਭੈਂਸ ਬਰਾਬਰ ਹੈ।…ਸਾਡੇ ਦਰਿਆ ਪਾਣੀਆਂ ਦੇ ਨਹੀਂ ਸਗੋਂ ਰੇਤ ਕੱਢਣ ਦੇ ਅੱਡੇ ਹਨ।…ਪੀੜ੍ਹੀ ਗੁੰਮ ਹੈ।…ਸਰਕਾਰਾਂ, ਵਜੀਰ ਤੇ ਰਸੂਖਵਾਨ ਪੰਜਾਬ ਨੂੰ ਆਪਣੀ ਬਾਂਦੀ ਬਣਾਈ ਬੈਠੇ ਹਨ। ਕਿਸਾਨ ਭਾਈਚਾਰਾ ਨਾੜ ਨੂੰ ਅੱਗ ਲਾ ਕੇ ਪੰਜਾਬ ਦਾ ਨੁਕਸਾਨ ਕਰ ਰਿਹਾ ਹੈ। ਜਿਹੜੇ ਕੁਝ ਹੋਰ ਵਿਗਾੜਨ ਜੋਗੇ ਨਹੀਂ, ਉਹ ਪੰਜਾਬੀ ਬੋਲੀ ਦੇ ਆਹੂ ਲਾਹੀ ਤੁਰੇ ਆਉਂਦੇ ਹਨ।”
ਇਹ ਅਜੋਕੇ ਪੰਜਾਬ ਦੀ ਹਕੀਕੀ ਤਸਵੀਰ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੀ ਇਹ ਦੁਰਦਸ਼ਾ ਕਿਉਂ ਬਣੀ?
ਇਸ ਉਜਾੜੇ ਦਾ ਅਸਲੀ ਪਿਛੋਕੜ 1947 ਤੋਂ ਪਹਿਲਾ ਵਾਲਾ ਮਹਾਂ ਪੰਜਾਬ ਨਹੀਂ ਸਗੋਂ ਇਸ ਤੋਂ ਵੀ ਪਹਿਲਾ ਅੰਗਰੇਜ਼ ਸਾਮਰਾਜੀਆਂ ਵਲੋਂ 1850 ਵਿਚ ਪੰਜਾਬ ਉਤੇ ਕੀਤਾ ਗਿਆ ਕਬਜਾ ਹੈ। ਸਾਮਰਾਜੀ ਗੁਲਾਮੀ ਦੇ ਨਾਲ ਹੀ ਪੰਜਾਬ ਦੇ ਅਜੋਕੇ ਦੁਖਾਂਤ ਦਾ ਅਰੰਭ ਹੁੰਦਾ ਹੈ। ਪੰਜਾਬ ਦਾ ਭਾਈਚਾਰਕ ਮੌਲਿਕ ਵਿਕਾਸ ਰੁਕ ਜਾਂਦਾ ਹੈ, ਜਿਸ ਭਾਈਚਾਰਕ ਵਿਕਾਸ ਦੀ ਗੁਆਹੀ ਮੁਸਲਮਾਨ ਕਵੀ ਸ਼ਾਹ ਮੁਹੰਮਦ ਦੀਆਂ ਇਹ ਪੰਕਤੀਆਂ ਭਰਦੀਆਂ ਹਨ:
ਰਬ ਚਾਹੇ ਤਾਂ ਕਰੇਗਾ ਮਿਹਰਬਾਨੀ
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ।
ਵੱਡੀ ਸਾਂਝ ਹੈ ਹਿੰਦੂਆਂ-ਮੁਸਲਮਾਨਾਂ
ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ।
‘ਜੰਗਨਾਮੇ’ ਦਾ ਇਕ ਹੋਰ ਕਾਵਿ-ਬੰਦ ਹੈ:
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ-ਹਿੰਦੂ
ਸਿਰ ਦੋਹਾਂ ਦੇ ਉਤੇ ਆਫਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ
ਕਦੇ ਨਹੀਂ ਸੀ ਤੀਸਰੀ ਜਾਤ ਆਈ।
ਸਿੱਖ ਕਦੇ ਵੀ ਪੰਜਾਬ ਵਿਚ ਤੀਸਰੀ ਜਾਤ ਨਹੀਂ ਸਨ। ਸਿੱਖ ਪੰਜਾਬ ਦੇ ਸਿਧਾਂਤਕ ਅਗਵਾਨੂੰ ਅਤੇ ਰਖਵਾਲੇ ਸਨ। ਸ਼ਾਹ ਮੁਹਮੰਦ ਦੇ ਉਪਰੋਕਤ ਕਾਵਿ ਬੰਦ ਹੀ ਇਹ ਸਾਖੀ ਭਰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਧਰਮ ਦੇ ਆਧਾਰ ਉਤੇ ਕੋਈ ਵਿਤਕਰਾ ਨਹੀਂ ਸੀ।
ਬਾਬਾ ਬੰਦਾ ਸਿੰਘ ਬਹਾਦਰ ਵੇਲੇ ਤੋਂ ਹੀ ਇਹ ਪ੍ਰਬੰਧ ਚਲਿਆ ਆਉਂਦਾ ਸੀ ਕਿ ਪਿੰਡਾਂ ਦੀਆਂ ਖਾਲਸਈ ਪੰਚਾਇਤਾਂ ਖੁਦਮੁਖਤਿਆਰ ਸਨ ਅਤੇ ਬਾਹਰਲੇ ਧਾੜਵੀਆਂ ਤੋਂ ਰਾਖੀ ਖਾਲਸਾ ਫੌਜਾਂ ਕਰਦੀਆਂ ਸਨ। ਮਿਸਲਾਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤਕ ਇਹ ਪ੍ਰਬੰਧ ਚਲਦਾ ਆਇਆ, ਭਾਵੇਂ ਇਸ ਵਿਚ ਸ਼ਖਸੀ ਰਾਜ ਦੇ ਕੁਝ ਵਿਗਾੜ ਪੈਦਾ ਹੋ ਗਏ ਸਨ।
ਅੰਗਰੇਜ਼ ਸਾਮਰਾਜੀਆਂ ਨੇ ਪੰਜਾਬ ਉਤੇ ਕਬਜਾ ਕਰਕੇ ਸਭ ਤੋਂ ਪਹਿਲਾ ਕੰਮ ਸਿੱਖਾਂ, ਖਾਸ ਕਰਕੇ ਸਿੱਖ ਫੌਜੀਆਂ ਉਤੇ ਵਹਿਸ਼ੀ ਜਬਰ ਢਾਹੁਣ ਦਾ ਕੀਤਾ। ਸਿੱਖ ਫੌਜ ਵਿਚ ਰਹਿ ਚੁਕੇ ਬਾਬਾ ਰਾਮ ਸਿੰਘ ਦੀ ਅਗਵਾਈ ਵਿਚ ਉਠੀ ਕੂਕਿਆਂ ਦੀ ਬਗਾਵਤ ਨੂੰ ਜਿਸ ਵਹਿਸ਼ੀ ਢੰਗ ਨਾਲ ਕੁਚਲਿਆ ਗਿਆ, ਇਹ ਸਾਮਰਾਜੀ ਇਤਿਹਾਸ ਦਾ ਕਾਲਾ ਪੰਨਾ ਹੈ। ਸਿੱਖਾਂ ਨੂੰ ਕੁਚਲਣ ਤੋਂ ਬਾਅਦ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਵਿਚ ਆਪਸੀ ਦੁਫੇੜ ਪਾਉਣ ਦਾ ਕੰਮ ਵੀ ਅੰਗਰੇਜ਼ ਸਾਮਰਾਜੀਆਂ ਨੇ ਕੀਤਾ, ਜਿਸ ਦੀ ਪੁਸ਼ਟੀ ਮਹਾਤਮਾ ਗਾਂਧੀ ਦੀਆਂ ਲਿਖਤਾਂ ਕਰਦੀਆਂ ਹਨ। ਸਿਰਾਂ ਦੀ ਗਿਣਤੀ ਉਤੇ ਆਧਾਰਤ ਪੱਛਮੀ ਤਰਜ ਦੀ ਜਮਹੂਰੀਅਤ ਦੇ ਲਾਗੂ ਹੋਣ ਨਾਲ ਇਹ ਦੁਫੇੜ ਹੋਰ ਪੱਕੀ ਹੋ ਗਈ, ਜਿਸ ਦਾ ਸਿੱਟਾ 1947 ਦੀ ਹਿੰਦ-ਪਾਕਿ ਵੰਡ ਦੇ ਰੂਪ ਵਿਚ ਨਿਕਲਿਆ ਅਤੇ ਖਮਿਆਜਾ ਹੁਣ ਤਕ ਦੋਵੇਂ ਦੇਸ਼ਾਂ ਦੇ ਲੋਕ ਭੁਗਤਦੇ ਆ ਰਹੇ ਹਨ।
ਇਨ੍ਹਾਂ ਹੀ ਸਾਮਰਾਜੀ ਨੀਤੀਆਂ ਨੂੰ ਜਾਰੀ ਰੱਖਦਿਆਂ ਕੇਂਦਰ ਸਰਕਾਰ ਨੇ ਪੂਰਬੀ ਪੰਜਾਬ ਵਿਚ ਆਰੀਆ ਸਮਾਜੀ ਅਖਬਾਰਾਂ ਦੀ ਮਦਦ ਨਾਲ ਲਗਾਤਾਰ ਹਿੰਦੂ-ਸਿੱਖ ਦੁਫੇੜ ਨੂੰ ਵਧਾਇਆ ਅਤੇ ਐਨ ਮੁਢ ਤੋਂ ਹੀ ਅੰਗਰੇਜ਼ ਸਾਮਰਾਜੀਆਂ ਵਾਂਗ ਸਿੱਖਾਂ ਨੂੰ ਦਬੇਲ ਬਣਾ ਕੇ ਰੱਖਣ ਦੇ ਯਤਨ ਕੀਤੇ। ਜੇ ਕਿਸੇ ਨੂੰ ਇਸ ਧਾਰਨਾ ਬਾਰੇ ਕੋਈ ਸ਼ੰਕਾ ਹੈ ਤੇ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਇਸ ਮਸਲੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸਮਝਦਾ ਹੈ ਤਾਂ ਉਹ ਮਾਸਟਰ ਤਾਰਾ ਸਿੰਘ ਦੀ ਸਵੈਜੀਵਨੀ ਪੜ੍ਹ ਲਵੇ।
ਸਿੱਖਾਂ ਨੇ 1947 ਤੋਂ ਹੀ ਆਪਣੇ ਉਤੇ ਹੋ ਰਹੇ ਇਸ ਜਬਰ ਦਾ ਵਿਰੋਧ ਕੀਤਾ ਹੈ। ਸਿੱਖਾਂ ਨੇ ਡਾ. ਭੀਮ ਰਾਓ ਅੰਬੇਡਕਰ ਦੀ ਸਲਾਹ ਉਤੇ ਹੀ ਪੰਜਾਬੀ ਸੂਬੇ ਦਾ ਮੋਰਚਾ ਅਰੰਭ ਕੀਤਾ ਸੀ, ਕਿਉਂਕਿ ਉਨ੍ਹਾਂ ਨੇ ਸਿੱਖਾਂ ਨੂੰ ਦਸਿਆ ਸੀ ਕਿ ‘ਆਜ਼ਾਦ’ ਭਾਰਤ ਵਿਚ ਧਰਮ ਦੇ ਆਧਾਰ ਉਤੇ ਨਹੀਂ ਸਗੋਂ ਭਾਸ਼ਾਈ ਆਧਾਰ ਉਤੇ ਹੀ ਸੂਬਾ ਮੰਗਿਆ ਜਾ ਸਕਦਾ ਹੈ। ਇਸ ਕਾਨੂੰਨੀ ਮੰਗ ਦਾ ਜੋ ਹਸ਼ਰ ਹੋਇਆ, ਉਹ ਸਭ ਦੇ ਸਾਹਮਣੇ ਹੈ। ਧਰਮ ਯੁਧ ਮੋਰਚਾ ਇਸ ਮੰਗ ਦੀ ਨਿਰੰਤਰਤਾ ਹੀ ਸੀ। ਸੰਤ ਭਿੰਡਰਾਂਵਾਲੇ ਤਾਂ ਸੰਜੋਗਵਸ ਹੀ ਇਸ ਮੋਰਚੇ ਦਾ ਹਿੱਸਾ ਬਣ ਗਏ ਸਨ।
ਇਨ੍ਹਾਂ ਸਾਮਰਾਜੀ ਨੀਤੀਆਂ ਦੀ ਸਿਖਰ ਹੀ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਕੀਤਾ ਗਿਆ ਫੌਜੀ ਹਮਲਾ ਸੀ। ਇਹ ਹਮਲਾ ਉਥੇ ਖਤਮ ਨਹੀਂ ਹੋਇਆ ਬਲਕਿ ਅੱਡ-ਅੱਡ ਰੂਪਾਂ ਤੇ ਸ਼ਕਲਾਂ ਵਿਚ ਅਜੇ ਤਕ ਵੀ ਜਾਰੀ ਹੈ। ਇਸੇ ਹਮਲੇ ਦਾ ਸਿਟਾ ਹੈ, ਬੰਜਰ ਪੰਜਾਬ ਦਾ ਮੌਜੂਦਾ ਰੂਪ। ਇਸ ਦੇ ਜਿੰਮੇਵਾਰ ਪੰਜਾਬ ਦੇ ਲੋਕ ਜਾਂ ਕਿਸਾਨੀ ਨਹੀਂ ਸਗੋਂ ਕੇਂਦਰ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਹਨ, ਜਿਨ੍ਹਾਂ ਨੂੰ ਪੰਜਾਬ ਉਤੇ ਜਬਰੀ ਮੜ੍ਹਿਆ ਹੋਇਆ ਹੈ। ਹਰ ਹਰਬਾ ਵਰਤ ਕੇ ਪੰਜਾਬ ਵਿਚ ਸਿਰਫ ਕੇਂਦਰ ਸਰਕਾਰ ਨੂੰ ਪ੍ਰਵਾਨਿਤ ਸੂਬੇਦਾਰ ਹੀ ਨਿਯੁਕਤ ਕੀਤੇ ਜਾਂਦੇ ਹਨ। ਨਹੀਂ ਤੇ ਸੁਖਬੀਰ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਵਰਗੇ ਲੋਕ ਆਪਣੇ ਆਪ ਨੂੰ ਪੰਜਾਬ ਵਰਗੇ ਖੁਦਪ੍ਰਸਤ ਸੂਬੇ ਦਾ ਆਗੂ ਅਖਵਾਉਣ ਦੇ ਦਾਅਵੇਦਾਰ ਕਿਵੇਂ ਬਣ ਸਕਦੇ ਹਨ? ਕੇਂਦਰ ਸਰਕਾਰ ਦੀ ਸ਼ਹਿ ਅਤੇ ਦਹਿਸ਼ਤ-ਵਹਿਸ਼ਤ ਨਾਲ ਹੀ ‘ਸਰਕਾਰਾਂ, ਵਜੀਰ ਤੇ ਰਸੂਖਵਾਨ ਪੰਜਾਬ ਨੂੰ ਆਪਣੀ ਬਾਂਦੀ ਬਣਾਈ ਬੈਠੇ ਹਨ।’