ਪੰਜਾਬ ਦੇ ਵਿਧਾਇਕਾਂ ਨੂੰ ਟਿੱਚ ਜਾਣਦੇ ਨੇ ਬਹੁਤੇ ਅਫਸਰ

ਬਠਿੰਡਾ: ਪੰਜਾਬ ਵਿਚ ਬਹੁਤੇ ਅਫ਼ਸਰ ਵਿਧਾਇਕਾਂ ਨੂੰ ਟਿੱਚ ਜਾਣਦੇ ਹਨ। ਇਸੇ ਲਈ ਇਨ੍ਹਾਂ ਅਫਸਰਾਂ ਖ਼ਿਲਾਫ਼ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਲਿਖਤੀ ਪਹੁੰਚ ਕਰਨੀ ਪਈ ਹੈ। ਇਨ੍ਹਾਂ ਵਿਚੋਂ ਬਹੁਤੇ ਅਫਸਰ ਤਾਂ ਵਿਧਾਇਕਾਂ ਨੂੰ ਬਣਦਾ ਮਾਣ-ਇੱਜ਼ਤ ਦੇਣ ਤੋਂ ਹੀ ਬਾਗ਼ੀ ਸਨ ਜਦੋਂਕਿ ਕਈ ਅਧਿਕਾਰੀ ਤੇ ਮੁਲਾਜ਼ਮ ਵਿਧਾਇਕਾਂ ਦਾ ਫੋਨ ਸੁਣਨ ਨੂੰ ਵੀ ਤਿਆਰ ਨਹੀਂ ਸਨ। ਸਪੀਕਰ ਕੋਲ ਪਿਛਲੇ ਪੰਜ ਵਰ੍ਹਿਆਂ ਦੌਰਾਨ 33 ਅਫਸਰਾਂ ਤੇ ਮੁਲਾਜ਼ਮਾਂ ਦੀ ਇਹ ਸ਼ਿਕਾਇਤ ਹੋਈ ਕਿ ਉਨ੍ਹਾਂ ਨੇ ਵਿਧਾਇਕਾਂ ਦੀ ਗੱਲ ਅਣਸੁਣੀ ਕਰ ਦਿੱਤੀ ਸੀ। ਸ਼ਿਕਾਇਤ ਮਗਰੋਂ ਬਹੁਤੇ ਅਫਸਰ ਝੁਕ ਗਏ ਤੇ ਉਨ੍ਹਾਂ ਨੇ ਵਿਧਾਇਕਾਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛਡਵਾ ਲਿਆ।
ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਦੇ ਵਜ਼ੀਰਾਂ ਤੇ ਵਿਧਾਇਕਾਂ ਨੇ 10 ਮਾਰਚ, 2008 ਤੋਂ ਹੁਣ ਤੱਕ 28 ਸ਼ਿਕਾਇਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਲਿਖਤੀ ਰੂਪ ਵਿਚ ਕੀਤੀਆਂ ਜਿਨ੍ਹਾਂ ਵਿਚ ਇਕ ਦਰਜਨ ਸ਼ਿਕਾਇਤਾਂ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਸਨ। ਦੋ ਸ਼ਿਕਾਇਤਾਂ ਹਾਲੇ ਸਪੀਕਰ ਕੋਲ ਵਿਚਾਰ ਅਧੀਨ ਪਈਆਂ ਹਨ ਜਦੋਂਕਿ ਬਾਕੀ ਦਾ ਨਿਬੇੜਾ ਹੋ ਗਿਆ ਹੈ।
ਸਪੀਕਰ ਨੇ ਤਿੰਨ ਸ਼ਿਕਾਇਤਾਂ ਪਟੀਸ਼ਨ ਕਮੇਟੀ ਨੂੰ ਸੌਂਪ ਦਿੱਤੀਆਂ ਤੇ ਦੋ ਸ਼ਿਕਾਇਤਾਂ ਦਾ ਮਾਮਲਾ ਮਰਿਯਾਦਾ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ। ਸੱਤ ਸ਼ਿਕਾਇਤਾਂ ਉਹ ਹਨ ਜਿਨ੍ਹਾਂ ਵਿਚ ਅਫਸਰਾਂ ਨੇ ਵਿਧਾਇਕਾਂ ਦੇ ਟੈਲੀਫੋਨ ਨਹੀਂ ਸੁਣੇ ਜਾਂ ਟੈਲੀਫੋਨ ‘ਤੇ ਦੁਰਵਿਹਾਰ ਕੀਤਾ। 18 ਸ਼ਿਕਾਇਤਾਂ ਦਾ ਨਿਬੇੜਾ ਆਪਸੀ ਰਾਜ਼ੀਨਾਮਾ ਹੋਣ ਮਗਰੋਂ ਹੋ ਗਿਆ। ਵਿਧਾਇਕਾਂ ਵੱਲੋਂ ਪੰਜ ਵਰ੍ਹਿਆਂ ਦੌਰਾਨ ਦੋ ਡਿਪਟੀ ਕਮਿਸ਼ਨਰਾਂ ਤੇ ਤਿੰਨ ਸੀਨੀਅਰ ਪੁਲਿਸ ਕਪਤਾਨਾਂ ਖ਼ਿਲਾਫ਼ ਸ਼ਿਕਾਇਤ ਸਪੀਕਰ ਕੋਲ ਕੀਤੀ ਗਈ।
ਪੰਜਾਬ ਵਿਧਾਨ ਸਭਾ ਦੇ ਤਤਕਾਲੀ ਡਿਪਟੀ ਸਪੀਕਰ ਸਤਪਾਲ ਗੋਸਾਈਂ ਨੇ 27 ਅਕਤੂਬਰ, 2008 ਨੂੰ ਤੇ ਵਿਧਾਇਕ ਸੋਹਣ ਸਿੰਘ ਠੰਡਲ ਨੇ 5 ਨਵੰਬਰ, 2008 ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਮੇਰ ਸਿੰਘ ਗੁਰਜਰ ਦੀ ਸ਼ਿਕਾਇਤ ਕੀਤੀ ਸੀ ਕਿ ਇਤਲਾਹ ਹੋਣ ਦੇ ਬਾਵਜੂਦ ਡਿਪਟੀ ਕਮਿਸ਼ਨਰ ਮੀਟਿੰਗ ਵਿਚ ਹਾਜ਼ਰ ਨਹੀਂ ਹੋਇਆ ਸੀ। ਮਗਰੋਂ ਇਸ ਮਾਮਲੇ ਵਿਚ ਸਮਝੌਤਾ ਹੋ ਗਿਆ ਸੀ। ਤਤਕਾਲੀ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ 10 ਮਾਰਚ, 2008 ਨੂੰ ਪਠਾਨਕੋਟ ਦੇ ਕਾਰਜਸਾਧਕ ਅਫਸਰ ਜਤਿੰਦਰ ਸਿੰਘ ਦੀ ਸ਼ਿਕਾਇਤ ਕੀਤੀ ਸੀ ਕਿ ਉਹ ਉਸ ਦੇ ਫੋਨ ਹੀ ਅਟੈਂਡ ਨਹੀਂ ਕਰਦਾ।
ਸ੍ਰੀ ਹਰਗੋਬਿੰਦਪੁਰ ਤੋਂ ਤਿੰਨ ਵਾਰ ਵਿਧਾਇਕ ਰਹੇ ਕੈਪਟਨ ਬਲਬੀਰ ਸਿੰਘ ਬਾਠ ਨੇ ਤਾਂ ਸਪੀਕਰ ਕੋਲ ਕਾਫ਼ੀ ਅਫਸਰਾਂ ਨੂੰ ਤਲਬ ਕਰਾਇਆ। ਉਨ੍ਹਾਂ ਨੇ ਅੱਧੀ ਦਰਜਨ ਸ਼ਿਕਾਇਤਾਂ ਸਪੀਕਰ ਕੋਲ ਕੀਤੀਆਂ। ਉਨ੍ਹਾਂ 5 ਜੂਨ, 2009 ਨੂੰ ਕਪੂਰਥਲਾ ਦੇ ਤਤਕਾਲੀ ਐਸਐਸਪੀ ਰਾਮ ਸਿੰਘ ਦੀ ਸ਼ਿਕਾਇਤ ਕੀਤੀ ਕਿ ਉਹ ਟੈਲੀਫੋਨ ‘ਤੇ ਹੋਈ ਗੱਲਬਾਤ ਨੂੰ ਅਣਸੁਣਿਆ ਕਰ ਦਿੰਦਾ ਹੈ। ਮਗਰੋਂ ਇਸ ਮਾਮਲੇ ਵਿਚ ਰਾਜ਼ੀਨਾਮਾ ਹੋ ਗਿਆ। ਕੈਪਟਨ ਬਾਠ ਨੇ ਗੁਰਦਾਸਪੁਰ ਦੇ ਐਸਐਸਪੀ ਦੀ ਵੀ 24 ਅਗਸਤ, 2009 ਨੂੰ ਸ਼ਿਕਾਇਤ ਕੀਤੀ। ਵਿਧਾਇਕ ਬਾਠ ਨੇ ਇਕ ਐਸਐਚਓ ਤੇ ਚੌਕੀ ਇੰਚਾਰਜ ਦੀ ਵੀ ਲਿਖਤੀ ਸ਼ਿਕਾਇਤ ਕੀਤੀ ਸੀ। ਇੰਜ ਹੀ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼ ਨੇ ਹੁਸ਼ਿਆਰਪੁਰ ਦੀ ਏਡੀਸੀ ਕਵਿਤਾ ਮੋਹਨ ਸਿੰਘ ਚੌਹਾਨ ਖ਼ਿਲਾਫ਼ 18 ਅਗਸਤ, 2009 ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਉਸ ਦਾ ਟੈਲੀਫੋਨ ਹੀ ਨਹੀਂ ਸੁਣਦੀ।
ਤਤਕਾਲੀ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਬਰਾੜ ਨੇ ਫਰੀਦਕੋਟ ਦੇ ਡੀਐਸਪੀ ਸੇਵਾ ਸਿੰਘ ਦੀ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਭੱਦੀ ਸ਼ਬਦਾਵਲੀ ਵਰਤੀ। ਮਗਰੋਂ ਦੋਵਾਂ ਵਿਚ ਸਮਝੌਤਾ ਹੋ ਗਿਆ ਸੀ। ਵਿਧਾਇਕ ਮਨਜੀਤ ਸਿੰਘ ਮੀਆਂਵਿੰਡ ਵੱਲੋਂ 10 ਜੂਨ, 2009 ਨੂੰ ਅੰਮ੍ਰਿਤਸਰ ਦੇ ਤਤਕਾਲੀ ਐਸਡੀਐਮ ਪਰਮਜੀਤ ਸਿੰਘ ਦੀ ਕੀਤੀ ਸ਼ਿਕਾਇਤ ਦਾ ਮਾਮਲਾ ਸਪੀਕਰ ਨੇ ਪਟੀਸ਼ਨ ਕਮੇਟੀ ਨੂੰ ਸੌਂਪ ਦਿੱਤਾ ਸੀ ਜਦੋਂਕਿ ਤਤਕਾਲੀ ਡਿਪਟੀ ਸਪੀਕਰ ਸਤਪਾਲ ਗੋਸਾਈਂ ਵੱਲੋਂ 22 ਨਵੰਬਰ, 2010 ਨੂੰ ਸਿਵਲ ਹਸਪਤਾਲ ਲੁਧਿਆਣਾ ਦੇ ਡਾਕਟਰ ਬਲਵਿੰਦਰ ਕੁਮਾਰ ਦੇ ਮਾਮਲੇ ਨੂੰ ਮਰਿਯਾਦਾ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ।
ਤਤਕਾਲੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਪੂਰਥਲਾ ਦੇ ਡੀਸੀ ਰਾਜ ਕਮਲ ਚੌਧਰੀ ਤੇ ਐਸ਼ਐਸ਼ਪੀ ਰਾਮ ਸਿੰਘ ਦੀ ਗਲਤ ਨੀਂਹ ਪੱਥਰ ਰੱਖਣ ਦੇ ਸਬੰਧ ਵਿਚ ਸ਼ਿਕਾਇਤ ਕੀਤੀ ਸੀ ਜਿਸ ਬਾਰੇ ਮਗਰੋਂ ਰਾਜ਼ੀਨਾਮਾ ਹੋ ਗਿਆ ਸੀ। ਮੌਜੂਦਾ ਵਿਧਾਨ ਸਭਾ ਦੇ ਕਾਰਜਕਾਲ ਦੇ ਪਹਿਲੇ ਸਾਲ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਨੇ ਗਿੱਦੜਬਾਹਾ ਦੇ ਹੌਲਦਾਰ ਹਰਭਗਵਾਨ ਸਿੰਘ ਦੀ 3 ਜੁਲਾਈ, 2012  ਨੂੰ ਸ਼ਿਕਾਇਤ ਕੀਤੀ ਕਿ ਹੌਲਦਾਰ ਨੇ ਉਸ ਨਾਲ ਦੁਰਵਿਹਾਰ ਕੀਤਾ ਹੈ। ਇਹ ਮਾਮਲਾ ਸਪੀਕਰ ਕੋਲ ਵਿਚਾਰ ਅਧੀਨ ਪਿਆ ਹੈ। ਇੰਜ ਹੀ ਵਿਧਾਇਕ ਮਨਜੀਤ ਸਿੰਘ ਨੇ ਸਕੂਲ ਸਿੱਖਿਆ ਵਿਭਾਗ ਦੇ ਵਧੀਕ ਸਕੱਤਰ ਨਰਿੰਦਰ ਸਿੰਘ ਬਾਠ ਦੀ 18 ਮਈ, 2012 ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਇਸ ਅਧਿਕਾਰੀ ਨੇ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ। ਇਸ ਦਾ ਨਿਬੇੜਾ ਹੋਣਾ ਅਜੇ ਬਾਕੀ ਹੈ।

Be the first to comment

Leave a Reply

Your email address will not be published.