ਸ਼ਰਾਬ-ਕਬਾਬ-ਸ਼ਬਾਬ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਚੇਲੇ ਬਾਲਕਿਆਂ ਦੇ ਵਿਚਕਾਰ ਬੈਠੇ ਸੰਤ ਜੀ ਨਸ਼ਿਆਂ ਵਿਰੁਧ ਪ੍ਰਵਚਨ ਕਰ ਰਹੇ ਸਨ। ਧਰਮ ਪੋਥੀਆਂ ਦੀਆਂ ਲਿਖਤਾਂ ਦੇ ਹਵਾਲੇ ਦਿੰਦਿਆਂ ਦੱਸ ਰਹੇ ਸਨ ਕਿ ਵੈਸੇ ਤਾਂ ਸਾਰੇ ਬੁਰੇ ਕੰਮਾਂ ਦਾ ਵੀ ਇਕ ਤਰ੍ਹਾਂ ਦਾ ਨਸ਼ਾ ਹੀ ਹੁੰਦਾ ਹੈ, ਜਿਸ ਦੇ ਸਿਰ ਨੂੰ ਚੜ੍ਹ ਜਾਵੇ, ਉਸ ਦੀ ਅਕਲ ‘ਤੇ ਪਰਦੇ ਹੀ ਪਾ ਦਿੰਦਾ ਹੈ ਪਰ ਸ਼ਰਾਬ ਦਾ ਨਸ਼ਾ ਸਭ ਬੁਰਾਈਆਂ ਦੀ ਜੜ੍ਹ ਹੈ। ਸ਼ਰ+ਆਬ, ਭਾਵ ਸ਼ਰਾਰਤ ਦਾ ਪਾਣੀ ਜਿਸ ਦੇ ਅੰਦਰ ਚਲੇ ਜਾਂਦਾ ਹੈ, ਇਹ ਹੋਰ ਭੈੜੀਆਂ ਵਾਦੀਆਂ ਨੂੰ ‘ਵਾਜਾਂ ਮਾਰਨ ਲੱਗ ਪੈਂਦਾ ਹੈ।

ਤਾਜ਼ੀ ਤਾਜ਼ੀ ਸ਼ਰਾਬ ਛੱਡ ਕੇ ਆਇਆ ਇਕ ਨਵਾਂ ਚੇਲਾ ਸੰਤਾਂ ਨੂੰ ਕਹਿਣ ਲੱਗਾ, “ਬਾਬਾ ਜੀ, ਕੋਈ ਦ੍ਰਿਸ਼ਟਾਂਤ ਦੇ ਕੇ ਸਮਝਾਉ, ਐਵੇਂ ਨਹੀਂ ਇਹ ਗੱਲ ਮੰਨਣ ‘ਚ ਆਉਂਦੀ; ਕਿਉਂਕਿ ਜ਼ਰੂਰੀ ਨਹੀਂ ਕਿ ਚੋਰੀਆਂ, ਡਾਕੇ ਤੇ ਹੋਰ ਬਦਮਾਸ਼ੀਆਂ ਸ਼ਰਾਬ ਪੀ ਕੇ ਹੀ ਕੀਤੀਆਂ ਜਾਣ। ਬਥੇਰੇ ਚੋਰ ਲੁਟੇਰੇ ਬਿਨਾ ਸ਼ਰਾਬ ਪੀਤਿਆਂ ਇਹ ਧੰਦੇ ਕਰਦੇ ਹੋਣਗੇ।”
ਦਿਲਚਸਪ ਮਿਸਾਲਾਂ ਰਾਹੀਂ ਆਪਣੀ ਗੱਲ ਸਿੱਧ ਕਰਨ ‘ਚ ਮਾਹਿਰ ਸੰਤ ਜੀ ਨੇ ਸਾਖੀ ਛੋਹ ਲਈ- ਭਗਤੋ ਕੋਈ ਭਲਾ ਪੁਰਸ਼ ਕਿਸੇ ਅਜਨਬੀ ਇਲਾਕੇ ਵਿਚ ਚਲਾ ਗਿਆ। ਓਪਰਾ ਬੇਗਾਨਾ ਦੇਖ ਕੇ ਲੋਕਾਂ ਨੇ ਉਸ ਨੂੰ ਵਿਸ਼ਾਲ ਕਿਲਾਨੁਮਾ ਚਾਰ-ਦੀਵਾਰੀ ਵਿਚ ਬੰਦ ਕਰ ਦਿੱਤਾ। ਕੰਧਾਂ ਇੰਨੀਆਂ ਉਚੀਆਂ ਸਨ ਕਿ ਉਹ ਟੱਪ ਕੇ ਬਾਹਰ ਨਹੀਂ ਸੀ ਭੱਜ ਸਕਦਾ। ਸੋ, ਆਜ਼ਾਦ ਹੋਣ ਲਈ ਉਹ ਚਾਰ-ਦੀਵਾਰੀ ਦੇ ਅੰਦਰ ਕੰਧ ਦੇ ਨਾਲ ਨਾਲ ਚੱਕਰ ਮਾਰਨ ਲੱਗਾ ਕਿ ਕਿਸੇ ਦਰਵਾਜੇ ਥਾਣੀਂ ਬਾਹਰ ਨਿਕਲ ਸਕੇ। ਘੁੰਮਦਾ-ਘੁੰਮਦਾ ਉਹ ਇਕ ਦਰਵਾਜੇ ‘ਤੇ ਪਹੁੰਚਿਆ। ਉਥੇ ਦੋਹੀਂ ਪਾਸੀਂ ਸੋਨੇ ਤੇ ਚਾਂਦੀ ਦੀਆਂ ਮੋਹਰਾਂ ਨਾਲ ਭਰੀਆਂ ਬੋਰੀਆਂ ਖੁਲ੍ਹੀਆਂ ਪਈਆਂ ਸਨ। ਉਤੇ ਲਿਖਿਆ ਹੋਇਆ ਸੀ, ਇਸ ਚਾਰ-ਦੀਵਾਰੀ ਦਾ ਕੈਦੀ ਜੇ ਬਾਹਰ ਜਾਣਾ ਚਾਹੇ ਤਾਂ ਬੋਰੀਆਂ ਵਿਚੋਂ ਮੋਹਰਾਂ ਚੋਰੀ ਕਰ ਕੇ ਜਾ ਸਕਦਾ ਹੈ।
ਚੋਰੀ ਦਾ ਨਾਂ ਸੁਣ ਕੇ ਵਿਚਾਰਾ ਨੇਕ ਆਦਮੀ ਠਠੰਬਰ ਗਿਆ। ਉਹ ਕਦੇ ਚੋਰੀ-ਚੱਕਾਰੀ ਦੇ ਨੇੜੇ ਨਹੀਂ ਸੀ ਗਿਆ। ਸੋ ਉਹ ਇਹ ਦਰਵਾਜਾ ਛੱਡ ਕੇ ਕਿਸੇ ਹੋਰ ਦਰਵਾਜੇ ਦੀ ਭਾਲ ਵਿਚ ਅੱਗੇ ਚਲ ਪਿਆ। ਅੱਗੇ ਇਕ ਦਰਵਾਜਾ ਹੋਰ ਆ ਗਿਆ। ਬੰਦ ਦਰਵਾਜੇ ਦੇ ਇਕ ਪਾਸੇ ਬੱਕਰਾ ਬੰਨਿਆ ਹੋਇਆ ਸੀ ਤੇ ਦੂਜੇ ਪਾਸੇ ਮੇਜ਼ ਉਤੇ ਨੰਗੀ ਤਲਵਾਰ ਪਈ ਸੀ। ਇਥੇ ਲਿਖਿਆ ਹੋਇਆ ਸੀ, ਬਾਹਰ ਜਾਣ ਦਾ ਕੋਈ ਇੱਛਕ, ਬੱਕਰਾ ਝਟਕਾ ਕੇ ਜਾ ਸਕਦਾ ਹੈ। ਉਸ ਸਾਧੂ ਬਿਰਤੀ ਬੰਦੇ ਨੇ ਤਾਂ ਕਦੇ ਕੁੱਤੇ ਨੂੰ ਡੰਡਾ ਨਹੀਂ ਸੀ ਮਾਰਿਆ, ਬੱਕਰਾ ਕਿਹੜੇ ਜਿਗਰੇ ਨਾਲ ਵੱਢ ਦਿੰਦਾ? ਨਿਰਾਸ਼ ਹੋ ਕੇ ਉਹ ਤੀਜੇ ਪਾਸੇ ਦੀ ਕੰਧ ਦੇ ਨਾਲ-ਨਾਲ ਕੋਈ ਹੋਰ ਦਰਵਾਜਾ ਲੱਭਣ ਲੱਗਾ।
ਤੀਸਰੇ ਦਰਵਾਜੇ ਵਾਲਾ ਕੌਤਕ ਦੇਖ ਕੇ ਉਹਦੇ ਹੋਸ਼ ਹੀ ਉਡ ਗਏ। ਉਥੇ ਅਰਧ-ਨਗਨ ਜਿਹੀ ਨੌਜਵਾਨ ਲੜਕੀ ਕਾਮੁਕ ਇਸ਼ਾਰੇ ਕਰ ਰਹੀ ਸੀ। ਉਥੇ ਬੜੀ ਅਜੀਬ ਜਿਹੀ ਸ਼ਰਤ ਲਿਖੀ ਹੋਈ ਸੀ ਕਿ ਬਾਹਰ ਜਾਣ ਦਾ ਚਾਹਵਾਨ ਇਸ ਵੇਸਵਾ ਦੀ ਮੰਗ ਪੂਰੀ ਕਰ ਕੇ ਆਜ਼ਾਦ ਹੋ ਸਕਦਾ ਹੈ। ‘ਤੌਬਾ-ਤੌਬਾ’ ਕਰਦਾ ਧਰਮੀ ਬੰਦਾ ਉਥੋਂ ਝੱਟ ਅੱਗੇ ਖਿਸਕ ਗਿਆ।
ਵਿਆਕੁਲ ਹੋਇਆ ਜਦ ਅੱਗੇ ਚੌਥੇ ਦਰਵਾਜੇ ‘ਤੇ ਪਹੁੰਚਿਆ, ਉਥੇ ਵੱਡੇ ਦੇਗੇ ਵਿਚੋਂ ਭਾਫਾਂ ਉਡ ਰਹੀਆਂ ਸਨ ਤੇ ਤੁੜਕੇ-ਮਸਾਲੇ ਦੀਆਂ ਮਨ-ਲੁਭਾਉਣੀਆਂ ਲਪਟਾਂ ਉਠ ਰਹੀਆਂ ਸਨ ਜਿਨ੍ਹਾਂ ਨੂੰ ਸੁੰਘਦਿਆਂ ਹੀ ਉਹਦੇ ਥੱਕੇ ਹਾਰੇ ਦੀ ਭੁੱਖ ਹੋਰ ਚਮਕ ਪਈ। ਦੇਗੇ ਦੇ ਕੋਲ ਹੀ ਪਏ ਕੌਲੇ ਚਮਚੇ ਦੇਖ ਕੇ ਉਹ ਕਾਹਲਾ ਪੈਣ ਲੱਗਾ ਕਿ ਚਲੋ, ਪਹਿਲਾਂ ਪੇਟ ਪੂਜਾ ਤਾਂ ਕਰ ਲਵਾਂ ਪਰ ਜਦ ਉਹ ਉਥੇ ਲਿਖੀ ਹਦਾਇਤ ਪੜ੍ਹਨ ਲੱਗਾ ਤਾਂ ਭੁੱਖ ਹੀ ਉਡ ਗਈ। ਲਿਖਿਆ ਹੋਇਆ ਸੀ, ਗਰਮਾ-ਗਰਮ ਮੀਟ ਦਾ ਕੌਲਾ ਛਕੋ ਤੇ ਇਥੋਂ ਨਿਜਾਤ ਪਾਉ। ਲਸਣ-ਗੰਢੇ ਤੋਂ ਵੀ ਪ੍ਰਹੇਜ਼ ਕਰਨ ਵਾਲਾ ਇਹ ਸ਼ਾਕਾਹਾਰੀ ਸੱਜਣ ਨੱਕ ਮੂੰਹ ਵੱਟ ਕੇ ਅੱਗੇ ਤੁਰ ਪਿਆ।
ਕੈਦ ਤੋਂ ਛੁੱਟਣ ਦੀ ਚਾਹਤ ਵਿਚ ਹੁਣ ਉਹ ਜਿਸ ਦਰਵਾਜੇ ‘ਤੇ ਪਹੁੰਚਿਆ, ਉਥੇ ਲਿਖਿਆ ਸੀ, ਆਖਰੀ ਦਰਵਾਜਾ। ਬੜੀ ਉਤਸੁਕਤਾ ਨਾਲ ਉਸ ਨੇ ਦਰਵਾਜੇ ਲਾਗੇ ਪਏ ਸਮਾਨ ਵੱਲ ਨਜ਼ਰ ਮਾਰੀ। ਲੁਭਾਵਣਾ ਜਿਹਾ ਕੱਚ ਦਾ ਮਰਤਬਾਨ ਪਿਆ ਸੀ, ਵਿਚ ਉਹਦੇ ਸੁਨਹਿਰੀ ਭਾਅ ਮਾਰਦਾ ਪਾਣੀ। ਲਾਗੇ ਹੀ ਪਏ ਸਨ ਦੋ ਪਿਆਲੇ ਤੇ ਉਪਰ ਇਬਾਰਤ ਵਿਚ ਲਿਖਿਆ ਸੀ, ਮਰਤਬਾਨ ‘ਚੋਂ ਪਿਆਲਾ ਸ਼ਰਾਬ ਦਾ ਪੀਉ ਤੇ ਛੁੱਟੀ ਪਾਉ ਇਥੋਂ।
ਮੱਥੇ ‘ਤੇ ਹੱਥ ਮਾਰ ਕੇ ਉਸ ਨੇ ਇਸ ਆਖਰੀ ਦਰਵਾਜੇ ‘ਤੇ ਪਏ ਸਮਾਨ ਦੀ ਪਿਛਲੇ ਦਰਵਾਜਿਆਂ ਨਾਲ ਮਨ ਹੀ ਮਨ ਤੁਲਨਾ ਕੀਤੀ। ‘ਹੈ ਤਾਂ ਪੀਣੀ ਮਾੜੀ, ਪਰ ਪਿਛਲੇ ਗੁਨਾਹਾਂ ਨਾਲੋਂ ਇਹ ਕੋਈ ਵੱਡਾ ਨਹੀਂ, ਸਗੋਂ ਮਾਮੂਲੀ ਹੈ… ਇਕ ਗਲਾਸ ਪੀ ਲੈਂਦਾ ਹਾਂ… ਇਥੋਂ ਤਾਂ ਛੁਟਕਾਰਾ ਹੋਊ।’ ਇਹ ਸੋਚਦਿਆਂ ਉਸ ਨੇ ਮਰਤਬਾਨ ਵਿਚੋਂ ਪਿਆਲਾ ਭਰ ਕੇ ਔਖੇ ਸੌਖੇ ਅੰਦਰ ਸੁੱਟ ਲਿਆ। ਕਦੇ ਪੀਤੀ ਨਾ ਹੋਣ ਕਰਕੇ ਉਸ ਨੂੰ ਪੀਂਦਿਆਂ ਸਾਰ ‘ਸਰੂਰ’ ਆਉਣ ਲੱਗਾ। ਪਲਾਂ ਵਿਚ ਹੀ ਉਹਦੇ ਪੈਰ ਚੁੱਕ ਹੋਣ ਲੱਗੇ। ਪਤਾ ਹੀ ਨਾ ਲੱਗਾ, ਕਦੋਂ ਉਸ ਨੇ ਇਕ ਹੋਰ ਪਿਆਲਾ ਭਰ ਕੇ ਪੀ ਲਿਆ।
ਭਲੇ ਲੋਕ ਦੇ ਅੰਦਰ ਗਈ ਸ਼ਰਾਬ ਤੇ ਉਸ ਨੂੰ ਪਿਛਲੇ ਦਰਵਾਜੇ ਵਾਲੇ ‘ਕਬਾਬ’ ਦੀਆਂ ਲਪਟਾਂ ਵੀ ਚੇਤੇ ਆ ਗਈਆਂ। ਲੜਖੜਾਉਂਦੇ ਜਾਂਦੇ ਨੇ ਪਿਛਲੇ ਦਰਵਾਜੇ ‘ਤੇ ਜਾ ਕੇ ਮੀਟ ਦੀ ਬਾਟੀ ਖਾ ਲਈ। ਸ਼ਰਾਬ ਤੇ ਕਬਾਬ ਦੋਵੇਂ ਇਕੱਠੇ ਹੋਏ ਤਾਂ ‘ਸ਼ਬਾਬ’ ਦੀ ਤਲਬ ਵੀ ਜਾਗ ਪਈ। ਮੁੱਕਦੀ ਗੱਲ: ਸ਼ਰਾਬ, ਕਬਾਬ ਤੇ ਸ਼ਬਾਬ ਭੋਗਣ ਬਾਅਦ, ਉਸ ਦੇ ਮਸਤਕ ਵਿਚ ਵਿਕਾਰ ਉਡਾਰੀਆਂ ਮਾਰਨ ਲੱਗੇ। ਆਪਣੇ ਕਿਸੇ ‘ਦੁਸ਼ਮਣ’ ਨੂੰ ਮਾਰ ਮੁਕਾਉਣ ਦੀ ਸੋਚਦਿਆਂ ਬੱਕਰਾ ਵੱਢ ਕੇ ‘ਦਿਲ ਮਜ਼ਬੂਤ’ ਬਣਾਉਣ ਲਈ, ਉਸ ਨੇ ਲਗਦੇ ਹੱਥ ਉਹਦਾ ਵੀ ਫਸਤਾ ਵੱਢ ਦਿੱਤਾ। ਫਿਰ ਉਸ ਨੂੰ ਸੋਨੇ ਚਾਂਦੀ ਦੀਆਂ ਮੋਹਰਾਂ ਦਾ ਲਾਲਚ ਜਾਗ ਪਿਆ। ਜੇਬਾਂ ਵਿਚ ਜਿੰਨੀਆਂ ਕੁ ਤੁੰਨ੍ਹ ਹੋਈਆਂ, ਉਹ ਪਾ ਕੇ ਬਾਹਰ ਆ ਗਿਆ।
ਸੰਤਾਂ ਨੇ ਅਜੇ ਇਹ ਕਥਾ ਮੁਕਾਈ ਹੀ ਸੀ ਕਿ ਨਵੇਂ ਚੇਲੇ ਦੇ ਮਨ ਵਿਚ ਪਤਾ ਨਹੀਂ ਕੀ ਆਇਆ। ਉਠ ਕੇ ਕਹਿੰਦਾ ਕਿ ਬਾਬਾ ਜੀ ਮੈਂ ਗੁੜ ਖਾ ਲਿਆ ਕਰਾਂ? ‘ਹਾਂ’ ਵਿਚ ਜਵਾਬ ਮਿਲਣ ‘ਤੇ ਬੋਲਿਆ: ਅਖੇ ਜੀ, ਮੈਂ ਰੋਜ਼ ਸੁਬ੍ਹਾ ਸਵੇਰੇ ਕਿੱਕਰ ਦੀ ਦਾਤਣ ਕਰਦਾ ਹਾਂ। ਇਹ ਕੋਈ ਮਾੜੀ ਤਾਂ ਨਹੀਂ? ਜਵਾਬ ਮਿਲਿਆ ਕਿ ਕਿੱਕਰ ਦੀ ਦਾਤਣ ਵਿਚ ਕੀ ਮਾੜਾ ਹੋਇਆ? ਚੇਲਾ ਚਹਿਕਦਿਆਂ ਸੰਤਾਂ ਨੂੰ ਕਹਿੰਦਾ ਕਿ ਗੁੜ ਅਤੇ ਕਿੱਕਰ ਦੇ ਸੱਕ ਨਾਲ ਹੀ ਤਾਂ ਸ਼ਰਾਬ ਬਣਦੀ ਐ। ਇਹ ਦੋਵੇਂ ਵਰਤੇ ਜਾ ਸਕਦੇ ਆ ਤਾਂ ਫਿਰ ਸ਼ਰਾਬ ਮਾੜੀ ਕਿਵੇਂ ਹੋ ਗਈ?
“ਕਾਕਾ ਹੈ ਤਾਂ ਤੇਰੀ ਇਹ ਢੁੱਚਰ ਹੀ, ਪਰ ਇਹਦਾ ਉਤਰ ਸੁਣ ਲੈ।” ਸੰਤਾਂ ਨੇ ਇਹ ਕਹਿ ਕੇ ਥੋੜ੍ਹੀ ਮਿੱਟੀ ਪੁੱਟ ਕੇ ਹੱਥ ‘ਚ ਲਈ। ਥੋੜ੍ਹੀ ਦੂਰ ਖੜ੍ਹੇ ਚੇਲੇ ਨੂੰ ਕਿਹਾ ਕਿ ਜੇ ਮੈਂ ਇਹ ਤੇਰੇ ਮਾਰਾਂ, ਤੈਨੂੰ ਸੱਟ ਲੱਗੂ? ਕਹਿੰਦਾ, ਨਹੀਂ ਜੀ। ਉਸ ਮਿੱੱਟੀ ਵਿਚ ਥੋੜ੍ਹਾ ਪਾਣੀ ਪਾ ਕੇ ਪੇੜਾ ਜਿਹਾ ਬਣਾਉਂਦਿਆਂ ਸੰਤ ਕਹਿੰਦੇ, ਜੇ ਹੁਣ ਮਾਰਾਂ ਫੇਰ? ਚੇਲਾ ਕਹਿੰਦਾ ਜੀ, ਹੋਣਾ-ਹਵਾਣਾ ਤਾਂ ਕੁਝ ਨਹੀਂ, ਬਸ ਮੇਰੇ ਕੱਪੜੇ ਹੀ ਖਰਾਬ ਹੋਣਗੇ। ਮੁਸਕਰਾਉਂਦਿਆਂ ਸੰਤ ਬੋਲੇ, ਜੇ ਇਸੇ ਮਿੱਟੀ ਦਾ ਪੇੜਾ ਅੱਗ ‘ਚ ਪਕਾ ਕੇ ਲਾਲ ਸੁਰਖ ਹੋਇਆ ਵਗਾਹ ਕੇ ਤੇਰੀ ਪੁੜਪੁੜੀ ਵਿਚ ਮਾਰਾਂ, ਫੇਰ…?