ਵਿਦਵਾਨਾਂ ਦੀ ਦੁਨੀਆਂ ਵਿਚ ਅਰੁੰਧਤੀ ਰਾਏ (24 ਨਵੰਬਰ 1961) ਦਾ ਆਪਣਾ ਮੁਕਾਮ ਹੈ। ਆਪਣੇ ਪਲੇਠੇ ਨਾਵਲ ‘ਦਿ ਗੌਡ ਆਫ ਸਮਾਲ ਥਿੰਗਜ਼’ (1996) ਲਈ ਬੁੱਕਰ ਇਨਾਮ ਜਿੱਤਣ ਤੋਂ ਬਾਅਦ ਉਹ ਦੁਨੀਆਂ ਭਰ ਵਿਚ ਛਾ ਗਈ ਸੀ। ਹਾਲ ਹੀ ਵਿਚ ਉਸ ਦਾ ਦੂਜਾ ਨਾਵਲ ‘ਦਿ ਮਨਿਸਟਰੀ ਆਫ ਅੱਟਮੋਸਟ ਹੈਪੀਨੈੱਸ’ (2017) ਛਪਿਆ ਹੈ ਜਿਸ ਦੀ ਖੂਬ ਚਰਚਾ ਹੋਈ ਹੈ।
ਇਸ ਦੌਰਾਨ ਉਹ ਭਾਰਤ ਵਿਚ ਵੱਖ-ਵੱਖ ਚੱਲਦੀਆਂ ਲੋਕਪੱਖੀ ਲਹਿਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੀ ਰਹੀ ਹੈ। ਪਿਛੇ ਜਿਹੇ ਜਮਹੂਰੀ ਕਾਰਕੁਨਾਂ ਦੀ ਗ੍ਰਿਫਤਾਰੀ ਖਿਲਾਫ ਬਰਨਾਲਾ ਵਿੱਚ ਕਰਵਾਏ ਸਮਾਗਮ ਵਿਚ ਉਨ੍ਹਾਂ ਉਚੇਚੀ ਸ਼ਿਰਕਤ ਕੀਤੀ। ਪੱਤਰਕਾਰ ਦਲਜੀਤ ਅਮੀ ਨੇ ਇਸ ਸਮਾਗਮ ਦਾ ਖੁਲਾਸਾ ਆਪਣੀ ਇਸ ਲਿਖਤ ਵਿਚ ਕੀਤਾ ਹੈ। -ਸੰਪਾਦਕ
ਦਲਜੀਤ ਅਮੀ
ਫੋਨ: +91-97811-21873
“ਇਹ ਮੁਲਕ 1947 ਤੋਂ ਹਿੰਦੂ ਰਾਸ਼ਟਰ ਹੈ ਪਰ ਜੇ ਭਾਜਪਾ 2019 ਦੀਆਂ ਚੋਣਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਉਂਦੀ ਹੈ ਤਾਂ ਮੁਲਕ ਰਸਮੀ ਤੌਰ ਉਤੇ ਹਿੰਦੂਤਵੀ ਬਣ ਜਾਵੇਗਾ। ਕਸ਼ਮੀਰ ਵਿਚ ਫੌਜ ਪੁਲਿਸ ਬਣ ਗਈ ਹੈ ਅਤੇ ਬਸਤਰ ਵਿਚ ਪੁਲਿਸ ਫੌਜ ਬਣ ਗਈ ਹੈ।”
ਅਰੁੰਧਤੀ ਰਾਏ ਦੀ ਸਮੁੱਚੀ ਤਕਰੀਰ ਇਸ ਫਿਕਰੇ ਨੂੰ ਖੋਲ੍ਹਣ ਦੀ ਮਸ਼ਕ ਬਣ ਗਈ। ਅਰੁੰਧਤੀ ਰਾਏ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਮੁਲਕ ਗ਼ੈਰ-ਰਸਮੀ ਹਿੰਦੂਵਾਦੀ ਰਾਜ ਤੋਂ ਰਸਮੀ ਤੌਰ ਉਤੇ ਹਿੰਦੂਵਾਦੀ ਨਿਜ਼ਾਮ ਬਣਦਾ ਜਾ ਰਿਹਾ ਹੈ। ਉਹ ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੇ ਸੱਦੇ ਉਤੇ ਪਿਛਲੇ ਦਿਨਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਅਤੇ ਕਥਿਤ ਜਮਹੂਰੀ ਹਕੂਕ ਦੇ ਘਾਣ ਖ਼ਿਲਾਫ਼ ਕਨਵੈਨਸ਼ਨ ਵਿਚ ਮੁੱਖ ਬੁਲਾਰੇ ਵਜੋਂ ਬੋਲਣ ਬਰਨਾਲਾ ਪਹੁੰਚੇ ਸੀ। ਓਪਰੇਸ਼ਨ ਗਰੀਨ ਹੰਟ ਭਾਰਤ ਸਰਕਾਰ ਵੱਲੋਂ ਨਕਸਲੀਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦਾ ਨਾਂ ਹੈ। ਬਰਨਾਲਾ ਦੇ ਮਹਾਂਸ਼ਕਤੀ ਕਲਾ ਮੰਦਿਰ ਵਿਚ ਕਰਵਾਈ ਇਸ ਕਨਵੈਨਸ਼ਨ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਬੁਧੀਜੀਵੀ ਤਬਕੇ ਦੇ ਲੋਕ ਸ਼ਾਮਿਲ ਸਨ।
ਹਾਲ ਦੀਆਂ ਤਸਵੀਰਾਂ ਤੇ ਨਾਅਰਿਆਂ ਦਾ ਰਿਸ਼ਤਾ: ਕਨਵੈਨਸ਼ਨ ਹਾਲ ਦੀਆਂ ਕੰਧਾਂ ਉਤੇ ਰਾਮਾਇਣ ਦੇ ਦ੍ਰਿਸ਼ਾਂ ਵਾਲੇ ਵੱਡੇ ਚਿਤਰ ਲੱਗੇ ਹੋਏ ਸਨ। ਦਸ ਏਅਰਕੰਡੀਸ਼ਨਾਂ ਅਤੇ ਪੈਂਤੀ ਪੱਖਿਆਂ ਦੇ ਬਾਵਜੂਦ ਹੁੰਮਸ ਵਾਲੇ ਮਾਹੌਲ ਵਿਚ ਹਾਲ ਭਰਿਆ ਹੋਇਆ ਸੀ। ਰਮਾਇਣ ਦੇ ਦ੍ਰਿਸ਼ਾਂ ਦੇ ਹੇਠਾਂ ਦੁਧੀਆ ਕਾਗ਼ਜ਼ਾਂ ਉਤੇ ਨਾਅਰੇ ਲਿਖੇ ਸਨ ਜੋ ਕਸ਼ਮੀਰੀ ਪੱਤਰਕਾਰ ਸ਼ੁਜਾਤ ਬੁਖ਼ਾਰੀ, ਤਾਮਿਲਨਾਡੂ ਦੇ ਤੂਤੀਕੁਡੀ ਅਤੇ ਭੀਮਾ ਕੋਰੇਗਾਓਂ ਦੀ ਹਿੰਸਾ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜ ਕਾਰਕੁਨਾਂ ਨੂੰ ਕਿਸੇ ਅਦ੍ਰਿਸ਼ ਜਿਹੀ ਲੜੀ ਵਿਚ ਬੰਨ੍ਹਦੇ ਸਨ।
ਜਦੋਂ ਤੇਲਗੂ ਕਵੀ ਅਤੇ ਮਨੁੱਖੀ ਹਕੂਕ ਕਾਰਕੁਨ ਵਰਵਰਾ ਰਾਓ ਬੋਲ ਰਹੇ ਸਨ ਤਾਂ ਮੌਜੂਦਾ ਹਾਲਾਤ ਦੀ ‘ਰਾਮਾਇਣ; ਦੇ ਦ੍ਰਿਸ਼ ਕੰਧਾਂ ਉਤੇ ਲੱਗੇ ਚਿਤਰਾਂ ਦੀ ਨਵੀਂ ਵਿਆਖਿਆ ਕਰਦੇ ਜਾਪਦੇ ਸਨ। ਕਾਗ਼ਜ਼ਾਂ ਉਤੇ ਲਿਖੇ ਨਾਅਰਿਆਂ ਦੀਆਂ ਕੜੀਆਂ ਉਜਾਗਰ ਹੋ ਰਹੀਆਂ ਸਨ। ਹਨੂਮਾਨ ਦੇ ਮੋਢਿਆਂ ਉਤੇ ਬੈਠੇ ਰਾਮ ਅਤੇ ਲਕਸ਼ਮਣ ਜਾਂ ਸੰਜੀਵਨੀ ਬੂਟੀ ਲਿਆਉਣ ਦਾ ਦ੍ਰਿਸ਼ ਵਰਵਰਾ ਰਾਓ ਦੀ ਤਕਰੀਰ ਮੌਕੇ ਵੱਡੀਆਂ ਕੰਪਨੀਆਂ, ਕੁਦਰਤੀ ਸਾਧਨਾਂ ਨਾਲ ਜੁੜੀ ਆਦਿਵਾਸੀ ਤਬਕੇ ਦੀ ਜ਼ਿੰਦਗੀ ਅਤੇ ਵਿਕਾਸ ਦੀ ਨਵੀਂ ਮਨਸੂਬਾਬੰਦੀ ਵਿਚੋਂ ਉਪਜਦੇ ਸੁਆਲਾਂ ਰਾਹੀਂ ਨਵੀਂ ‘ਰਾਮਾਇਣ’ ਪੇਸ਼ ਕਰਦਾ ਸੀ।
‘ਸਰਕਾਰ ਭਾਜਪਾ ਦੀ ਨਹੀਂ, ਰਾਸ਼ਟਰੀ ਸਵੈਮਸੇਵਕ ਸੰਘ ਦੀ’: ਅਰੁੰਧਤੀ ਰਾਏ ਨੇ ਆਪਣੀ ਤਕਰੀਰ ਇਸ ਧਾਰਨਾ ਨਾਲ ਸ਼ੁਰੂ ਕੀਤੀ ਕਿ ਮੌਜੂਦਾ ਸਰਕਾਰ ਭਾਜਪਾ ਦੀ ਨਹੀਂ ਸਗੋਂ ਰਾਸ਼ਟਰੀ ਸਵੈਮਸੇਵਕ ਸੰਘ ਦੀ ਹੈ। ਉਨ੍ਹਾਂ ਨੇ ਹਿੰਦੂਤਵ ਦੀ ਵਿਆਖਿਆ ਕਰਦਿਆਂ ਦਾਅਵਾ ਕੀਤਾ ਕਿ ਇਹ ਉਚੀ ਜਾਤ ਦੇ ਹਿੰਦੂਆਂ ਨੂੰ ਪਹਿਲੇ ਦਰਜੇ ਦੇ ਅਤੇ ਬਾਕੀਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨਣ ਵਾਲੀ ਸੋਚ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮੌਜੂਦਾ ਦੌਰ ਨੂੰ ਸਮਝਣ ਲਈ ਇਤਿਹਾਸ ਨੂੰ ਠੀਕ ਤਰ੍ਹਾਂ ਸਮਝਣਾ ਹੋਵੇਗਾ, ਇਸ ਤੋਂ ਬਾਅਦ ਹੀ ਆਉਣ ਵਾਲੇ ਵਕਤ ਨੂੰ ਸਮਝਿਆ ਜਾ ਸਕੇਗਾ।
‘ਕਾਂਗਰਸ ਦੇ ਰਾਜ ਵਿਚ ਦੋ ਜਿੰਦਰੇ ਖੋਲ੍ਹੇ ਗਏ’: ਅਰੁੰਧਤੀ ਰਾਏ ਨੇ ਮੌਜੂਦਾ ਦੌਰ ਦੇ ਰੁਝਾਨ ਦੀ ਸ਼ੁਰੂਆਤ ਵਜੋਂ 1990ਵਿਆਂ ਦੀ ਨਿਸ਼ਾਨਦੇਹੀ ਕੀਤੀ, ਜਦੋਂ ਦੋ ਜਿੰਦੇ ਖੋਲ੍ਹੇ ਗਏ। ਇਕ ਅਰਥਚਾਰੇ ਦੇ ਬਾਜ਼ਾਰ ਲਈ ਜਿੰਦਰਾ ਖੋਲ੍ਹਿਆ ਗਿਆ ਅਤੇ ਦੂਜਾ ਬਾਬਰੀ ਮਸਜਿਦ ਦਾ ਜਿੰਦਰਾ ਤੋੜਿਆ ਗਿਆ। ਉਨ੍ਹਾਂ ਨੇ ਇਨ੍ਹਾਂ ਦੋਵਾਂ ਜਿੰਦਰਿਆਂ ਨੂੰ ਦੋ ਤਰ੍ਹਾਂ ਦੇ ਮੂਲਵਾਦ ਨਾਲ ਜੋੜ ਕੇ ਪੇਸ਼ ਕੀਤਾ। ਉਨ੍ਹਾਂ ਕਿਹਾ, “ਇੱਕ ਬਾਜ਼ਾਰ ਦਾ ਮੂਲਵਾਦ ਹੈ ਅਤੇ ਦੂਜਾ ਹਿੰਦੂਤਵ ਦਾ ਮੂਲਵਾਦ ਹੈ। ਇਹ ਦੋਵਾਂ ਕਿਸਮ ਦੇ ਮੂਲਵਾਦ ਨੇ ਆਪਣਾ ਹੀ ਦੋ ਤਰ੍ਹਾਂ ਦਾ ਮਸਨੂਈ (ਬਨਾਵਟੀ) ਅਤਿਵਾਦ ਘੜ ਲਿਆ। ਇਕ ਇਸਲਾਮੀ ਅਤਿਵਾਦ ਅਤੇ ਦੂਜਾ ਵਿਕਾਸ ਵਿਰੋਧੀ ਅਤਿਵਾਦ ਜਿਸ ਨੂੰ ਮਾਓਵਾਦੀ ਕਰਾਰ ਦਿੱਤਾ।” ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਨਵਾਂ ਨਿਜ਼ਾਮ ਬਣ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਫ਼ ਕੀਤਾ ਕਿ ਇਸ ਰੁਝਾਨ ਨਾਲ ਜਮਹੂਰੀਅਤ ਦੇ ਸਾਰੇ ਅਦਾਰਿਆਂ ਦਾ ਖ਼ਾਸਾ ਬਦਲ ਰਿਹਾ ਹੈ ਜਿਨ੍ਹਾਂ ਵਿਚ ਅਦਾਲਤ, ਫੌਜ ਅਤੇ ਮੀਡੀਆ, ਸਿਹਤ ਅਤੇ ਸਿੱਖਿਆ ਦੀ ਵਿਗੜਦੀ ਹਾਲਤ ਸ਼ਾਮਿਲ ਹੈ।
ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦਾ ਹਵਾਲਾ: ਅਰੁੰਧਤੀ ਰਾਏ ਨੇ ਆਪਣੀ ਦਲੀਲ ਦੀ ਵਿਆਖਿਆ ਲਈ ਸੰਯੁਕਤ ਰਾਸ਼ਟਰ ਦੀ ਕਸ਼ਮੀਰ ਵਿਚ ਮਨੁੱਖੀ ਹਕੂਕ ਦੇ ਘਾਣ ਬਾਬਤ ਛਾਪੀ ਰਪਟ ਦਾ ਜ਼ਿਕਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਇਸ ਰਪਟ ਨੂੰ ਰੱਦ ਕਰਨ ਲਈ ਦਲੀਲ ਦਿੰਦੀ ਹੈ ਕਿ ਕਮੇਟੀ ਨੇ ਕਸ਼ਮੀਰ ਦਾ ਦੌਰਾ ਨਹੀਂ ਕੀਤਾ ਪਰ ਆਪ ਹੀ ਸਰਕਾਰ ਨੇ ਇਸ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਪੁੱਛਿਆ, “ਜੇ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਪੜਤਾਲ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।”
ਕਾਰਕੁਨਾਂ ਦੀ ਗ੍ਰਿਫ਼ਤਾਰੀ ਦਾ ਕਿਸ ਵੱਲ ਇਸ਼ਾਰਾ?: ਛੇ ਜੂਨ ਨੂੰ ਰੋਨਾ ਵਿਲਸਨ, ਸੁਰਿੰਦਰ ਗਡਲਿੰਗ, ਸ਼ੋਮਾ ਸੇਨ, ਮਹੇਸ਼ ਰਾਉਤ ਅਤੇ ਸੁਧੀਰ ਧਾਵਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਖ਼ਿਲਾਫ਼ ਭੀਮਾ ਕੋਰੇਗਾਓਂ ਦੀ ਹਿੰਸਾ ਭੜਕਾਉਣ, ਮਾਓਵਾਦੀਆਂ ਦੀ ਹਮਾਇਤ ਕਰਨ ਅਤੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਅਰੁੰਧਤੀ ਰਾਏ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਪਿਛੇ ਸਰਗਰਮ ਰੁਝਾਨ ਬਾਰੇ ਕਿਹਾ ਕਿ ਇਨ੍ਹਾਂ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਸ਼ੁਰੂਆਤ ਮੰਨਿਆ ਜਾਵੇ ਤਾਂ ਇਸ ਰੁਝਾਨ ਦੇ ਹੋਰ ਤਿੱਖਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਦਲਿਤ, ਮੁਸਲਮਾਨ ਅਤੇ ਆਦਿਵਾਸੀ ਤਾਂ ਅਤਿਵਾਦੀ ਕਰਾਰ ਦਿੱਤੇ ਗਏ ਹਨ, ਸਾਡੇ ਵਰਗੇ ਸ਼ਹਿਰੀ ਮਾਓਵਾਦੀ ਬਣ ਗਏ ਹਨ ਤਾਂ ਬਚਿਆ ਕੌਣ ਹੈ?
ਅਰੁੰਧਤੀ ਰਾਏ ਆਪਣੇ ਨਵੇਂ ਨਾਵਲ ‘ਦਿ ਮਨਿਸਟਰੀ ਆਫ਼ ਅੱਟਮੋਸਟ ਹੈਪੀਨੈੱਸ’ ਦੇ ਸਿਲਸਿਲੇ ਵਿਚ ਪੂਰੀ ਦੁਨੀਆਂ ਦਾ ਚੱਕਰ ਲਗਾ ਕੇ ਆਏ ਹਨ। ਅਠਾਈ ਜੂਨ ਨੂੰ ਉਹ ਲੰਡਨ ਵਿਚ ‘ਸੀਬਾਲਡ ਲੈਕਚਰ 2018’ ਦੇ ਕੇ ਆਏ ਹਨ। ਇਹ ਨਾਵਲ 48 ਬੋਲੀਆਂ ਵਿਚ ਛਪ ਚੁੱਕਿਆ ਹੈ ਅਤੇ ਛੇ ਹੋਰ ਬੋਲੀਆਂ ਵਿਚ ਇਸ ਦਾ ਤਰਜਮਾ ਹੋ ਰਿਹਾ ਹੈ।
ਬਰਨਾਲਾ ਕਿਵੇਂ ਬਣਿਆ ਪੜਾਅ?: ਜਦੋਂ ਅਰੁੰਧਤੀ ਰਾਏ ਨੂੰ ਪੁੱਛਿਆ ਕਿ ਉਨ੍ਹਾਂ ਦੇ ਦੁਨੀਆਂ ਦੇ ਦੌਰੇ ਵਿਚ ਬਰਨਾਲਾ ਕਿਵੇਂ ਪੜਾਅ ਬਣ ਜਾਂਦਾ ਹੈ ਤਾਂ ਉਨ੍ਹਾਂ ਦਾ ਜੁਆਬ ਸੀ, “ਮੇਰੇ ਲੇਖ ਅਤੇ ਨਾਵਲ ਇਸ ਮੁੱਦੇ ਤੋਂ ਵੱਖਰੇ ਨਹੀਂ ਹਨ। ਸਾਡੇ ਮੁਲਕ ਅਤੇ ਸਮਾਜ ਵਿਚ ਇਕ ਪਾਸੇ ਵੱਡੇ-ਵੱਡੇ ਕਾਂਡ ਕਿਸੇ ਜਾਂਚ ਦਾ ਸਬੱਬ ਨਹੀਂ ਬਣਦੇ ਪਰ ਦੂਜੇ ਪਾਸੇ ਹਰ ਤਰ੍ਹਾਂ ਦੀ ਸਿਆਸੀ ਜਾਂ ਰੋਹ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।”
‘ਹਰੇ ਘਾਹ ਦਾ ਜੰਗਲ’: ਅਰੁੰਧਤੀ ਦੇ ਸਾਹਮਣੇ ਜੁੜੇ ਲੋਕਾਂ ਵਿਚ ਬਹੁਤ ਸਾਰੇ ਲੋਕਾਂ ਦੇ ਹਰੀਆਂ ਪੱਗਾਂ ਬੰਨ੍ਹੀਆਂ ਹੋਈਆਂ ਹਨ। ਕਈਆਂ ਕੋਲ ਹਰੇ ਝੰਡੇ ਹਨ। ਮਾਨਸਾ ਤੋਂ 82 ਸਾਲ ਦਾ ਬਲਦੇਵ ਸਿੰਘ, ਬਠਿੰਡਾ ਤੋਂ 70 ਸਾਲਾ ਸ਼ਿੰਗਾਰਾ ਸਿੰਘ, ਮੁਹਾਲੀ ਤੋਂ 72 ਸਾਲਾ ਯਸ਼ਪਾਲ, ਪਟਿਆਲਾ ਦਾ ਬਲਰਾਜ ਜੋਸ਼ੀ ਅਤੇ ਭਗਤਾ ਭਾਈ ਕਾ ਤੋਂ ਹਰਜਿੰਦਰ ਕੌਰ ਬਿੰਦੂ ਅਜਿਹਾ ਇਕੱਠ ਬਣਦੇ ਹਨ ਜੋ ਅਰੁੰਧਤੀ ਰਾਏ ਨੂੰ ਮਹਾਂਨਗਰਾਂ ਵਿਚ ਸੁਣਨ ਆਉਂਦੇ ਬੁੱਧੀਜੀਵੀ ਤਬਕੇ ਤੋਂ ਵੱਖਰਾ ਹੈ। ਵੱਖਰੀ-ਵੱਖਰੀ ਹਰੀ ਭਾਅ ਮਾਰਦੀਆਂ ਪੱਗਾਂ ਪਾਸ਼ ਦੀ ਕਵਿਤਾ ਵਿਚਲਾ ‘ਹਰੇ ਘਾਹ ਦਾ ਜੰਗਲ’ ਜਾਪਦੀਆਂ ਹਨ। ਸ਼ਾਇਦ ਅਰੁੰਧਤੀ ਰਾਏ ਦੇ ਸਫ਼ਰ ਵਿਚ ਬਰਨਾਲਾ ਵੀ ਇਸੇ ਲਈ ਪੜਾਅ ਬਣਿਆ ਹੈ, “ਮੈਨੂੰ ਬਰਨਾਲੇ ਉਤਾਰ ਦੇਣਾ ਜਿਥੇ ਹਰੇ ਘਾਹ ਦਾ ਜੰਗਲ ਹੈ।”