ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਫੁੱਲਾਂ ਦੀਆਂ ਸਿਫਤਾਂ ਬਿਆਨੀਆਂ ਸਨ, “ਫੁੱਲ ਦਾ ਧਰਮ ਹੈ ਖਿੜਨਾ। ਉਸ ਲਈ ਕੋਈ ਖਾਸ ਮਿੱਟੀ, ਸਥਾਨ ਜਾਂ ਮੌਸਮ ਨਹੀਂ।
ਉਹ ਤਾਂ ਹਰ ਥਾਂ, ਹਰ ਮੌਸਮੀ ਮਜ਼ਾਜ਼ ‘ਚ ਖਿੜਦਾ।” ਹਥਲੇ ਲੇਖ ਵਿਚ ਡਾæ ਭੰਡਾਲ ਨੇ ਗੁਰੂ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਹੈ, “ਗੁਰੂ, ਅਧਿਆਪਕ ਦਾ ਸੁਚੱਜਾ ਬੋਲ, ਬਜ਼ੁਰਗ ਦੀ ਨੇਕ ਸਲਾਹ, ਸਾਥੀ ਦਾ ਸਾਰਥਕ ਸੰਦੇਸ਼ ਜਾਂ ਮਾਪਿਆਂ ਦੀ ਮੱਤ, ਜੋ ਤੁਹਾਡੇ ਰਾਹਾਂ ਵਿਚ ਚਾਨਣ ਦਾ ਛਿੱਟਾ ਦੇ ਤੁਹਾਡਾ ਮਾਰਗ ਦਰਸ਼ਨ ਕਰਦੀ।” ਉਹ ਗੁਰੂ ਦੀ ਮਹਿਮਾ ਕਰਦਿਆਂ ਕਹਿੰਦੇ ਹਨ, “ਗੁਰੂ, ਸਰੀਰਕ ਮੁਥਾਜੀ ਤੋਂ ਦੂਰ, ਸੀਮਤ ਦਾਇਰਿਆਂ ਤੋਂ ਬਾਹਰ ਨਿਕਲਦੀ ਵਿਸ਼ਾਲਤਾ ਤੇ ਨਿੱਜ ਵਿਚਲੇ ਵਿਚਾਰ-ਮੰਥਨ ਦੀ ਸੰਕੀਰਨਤਾ ਨੂੰ ਨਿਰਲੇਪ ਕਰਨ ਅਤੇ ਸਰੀਰਕ ਸੁਖ-ਸਹੂਲਤਾਂ ਵਿਚਲੀਆਂ ਉਲਝਣਾਂ ਤੋਂ ਬੇਲਾਗਤਾ।” -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਗੁਰੂ, ਚੇਤਨਾ ਨੂੰ ਲੱਗੀ ਜਾਗ ਜੋ ਬਣਦੀ ਹਸਤ-ਰੇਖਾਵਾਂ ‘ਚ ਉਘੜਦਾ ਭਾਗ, ਪੌਣਾਂ ‘ਚ ਗੂੰਜਦਾ ਜੀਵਨ ਨਾਦ ਅਤੇ ਇਸ ਦੀ ਸੋਝੀ ‘ਚੋਂ ਪਨਪਦਾ ਸੂਹਾ-ਸੰਵਾਦ।
ਗੁਰੂ, ਸ਼ਬਦ-ਸੁਰ ਜਿਸ ਦੀ ਸੰਵੇਦਨਾ ‘ਚੋਂ ਹੁੰਦੀ ਜੀਵਨ ਦੇ ਦਿਸਹੱਦਿਆਂ ਦੀ ਨਿਸ਼ਾਨਦੇਹੀ ਅਤੇ ਕਰਦੀ ਹੈ ਜੋ ਜੀਵਨ ਨੂੰ ਪਰਿਭਾਸ਼ਤ।
ਗੁਰੂ, ਜਿਉਂਦਾ ਜਾਗਦਾ ਅਹਿਸਾਸ ਜਿਸ ਦੀ ਅਰਾਧਨਾ ਵਿਚੋਂ ਸੁਹਜ-ਸਾਰਥਕਤਾ ਨੂੰ ਨਵੀਆਂ ਸੰਭਾਵਨਾਵਾਂ ਤੇ ਬੁਲੰਦੀਆਂ ਦੀ ਟੋਹ ਮਿਲਦੀ।
ਗੁਰੂ, ਸੋਚ-ਸਮੁੰਦਰ ‘ਚ ਉਠਦੀ ਛੱਲ, ਜੋ ਦੱਸਦੀ ਜਿਉਣ ਦਾ ਵੱਲ ਕਿਉਂਕਿ ਹਰ ਵਾਰ ਨਵੀਆਂ ਤਰਜ਼ੀਹਾਂ ਤੇ ਤਦਬੀਰਾਂ ਨਾਲ ਸੁਝਾਉਂਦੀ ਨਵੀਨਤਮ ਹੱਲ।
ਗੁਰੂ, ਚੇਤਨਾ-ਚੰਗਿਆੜੀ, ਚੰਗਿਆਈ ਦੀ ਚੰਗੇਰ ਅਤੇ ਰਾਤ ਦੇ ਵਿਹੜੇ ਨੂੰ ਭਾਗ ਲਾਉਂਦੀ ਸਵੇਰ ਜਿਸ ਨੇ ਤੁਹਾਡੀ ਜੀਵਨ-ਸ਼ੈਲੀ ਦਾ ਹੂੰਝਣਾ ਹੁੰਦਾ ਹਨੇਰ।
ਗੁਰੂ, ਸਰੀਰਕ ਮੁਥਾਜੀ ਤੋਂ ਦੂਰ, ਸੀਮਤ ਦਾਇਰਿਆਂ ਤੋਂ ਬਾਹਰ ਨਿਕਲਦੀ ਵਿਸ਼ਾਲਤਾ ਤੇ ਨਿੱਜ ਵਿਚਲੇ ਵਿਚਾਰ-ਮੰਥਨ ਦੀ ਸੰਕੀਰਨਤਾ ਨੂੰ ਨਿਰਲੇਪ ਕਰਨ ਅਤੇ ਸਰੀਰਕ ਸੁਖ-ਸਹੂਲਤਾਂ ਵਿਚਲੀਆਂ ਉਲਝਣਾਂ ਤੋਂ ਬੇਲਾਗਤਾ।
ਗੁਰੂ, ਹਨੇਰਿਆਂ ਨਾਲ ਆਢਾ ਲਾਉਂਦੇ ਜੁਗਨੂ ਦਾ ਸਿਰੜ, ਝੱਖੜਾਂ ਵਿਚ ਜਗਣ ਦਾ ਆਹਰ ਕਰਦੀ ਮੋਮਬੱਤੀ ਦੀ ਸਾਧਨਾ, ਪੋਹ ‘ਚ ਨਿੱਘ ਮਾਣਦੇ ਬਿਜੜੇ ਦਾ ਆਲ੍ਹਣਾ, ਪਾਣੀ ‘ਤੇ ਤਰਦੀ ਚਿੜੀ ਲਈ ਲੱਕੜ ਦਾ ਟੋਟਾ ਜਾਂ ਕਿਸੇ ਬੋਟ ਲਈ ਮੂੰਹ ‘ਚ ਚੋਗ ਪਾਉਂਦੀ ਮਮਤਾ।
ਗੁਰੂ, ਚੀਥੜਿਆਂ ‘ਚ ਲਿਪਟੀ ਹਯਾ ਲਈ ਸਾਬਤ ਲਿਬਾਸ, ਭੁੱਖੇ ਪੇਟ ਲਈ ਦੋ ਡੰਗ ਦਾ ਰੱਜ ਅਤੇ ਹਰਫ ਲੋਅ ਤੋਂ ਕੋਰੀ ਫੱਟੀ ਲਈ ਪੂਰਨੇ ਅਤੇ ਸੁਪਨਹੀਣ ਦੀਦਿਆਂ ਵਿਚ ਸੁਪਨਿਆਂ ਦੀ ਸਤਰੰਗੀ ਪੀਂਘ।
ਗੁਰੂ, ਇਕ ਸੁੱਚਮ ਜੋ ਧਾਰਮਿਕ ਅਸਥਾਨਾਂ ਦੀ ਅਧੀਨਗੀ ਨਹੀਂ ਕਬੂਲਦਾ, ਵਹਿਮਾਂ-ਭਰਮਾਂ ਵਿਚ ਨਹੀਂ ਉਲਝਦਾ, ਮਰਿਆਦਾਵਾਂ ਅਤੇ ਪਖੰਡਾਂ ਨਾਲ ਓਤਪੋਤ ਨਹੀਂ ਅਤੇ ਨਾ ਹੀ ਕਿਸੇ ਓਹਲੇ ‘ਚ ਪਲਰਦਾ।
ਗੁਰੂ ਨੂੰ ਦੰਭੀ ਦਖਸ਼ਣਾ ਨਾਲ ਅਸੀਂ ਕੁਤਾਹੀਆਂ, ਕੁਰੀਤੀਆਂ, ਕੁਕਰਮ, ਕਮੀਨਗੀ ਅਤੇ ਕੰਮਚੋਰੀ ਨੂੰ ਅਰਪਿਤ ਹੁੰਦੇ। ਚੰਗਿਆਈ ਤੋਂ ਦੂਰ ਅਤੇ ਨਿੱਜ-ਕਾਮਨਾ ਵਿਚ ਖਚਿਤ ਹੋ ਬੈਠਦੇ। ਅਜਿਹੀ ਗੁਰ-ਦਖਸ਼ਣਾ ਨਾਲ ਨੇਕ-ਨੀਅਤ ਦਾ ਮਖੌਟਾ, ਮਨੁੱਖ ਨੂੰ ਲੀਰਾਂ ਕਰ ਕਿੱਕਰ ‘ਤੇ ਟੰਗੀ ਲੀਰ ਬਣਾ ਦਿੰਦਾ।
ਗੁਰੂ, ਸੰਪੂਰਨ ਸਮਰਪਣ ਜੋ ਤੁਹਾਡੀਆਂ ਪ੍ਰਾਪਤੀਆਂ ਦਾ ਸਿਖਰ ਸਿਰਜਦੀ ਅਤੇ ਤੁਹਾਡੇ ਨਾਂਵੇਂ ਨਵੇਂ ਸਿਰਲੇਖਾਂ ਨੂੰ ਸਾਕਾਰ ਕਰਦੀ।
ਗੁਰੂ, ਅਧਿਆਪਕ ਦਾ ਸੁਚੱਜਾ ਬੋਲ, ਬਜ਼ੁਰਗ ਦੀ ਨੇਕ ਸਲਾਹ, ਸਾਥੀ ਦਾ ਸਾਰਥਕ ਸੰਦੇਸ਼ ਜਾਂ ਮਾਪਿਆਂ ਦੀ ਮੱਤ, ਜੋ ਤੁਹਾਡੇ ਰਾਹਾਂ ਵਿਚ ਚਾਨਣ ਦਾ ਛਿੱਟਾ ਦੇ ਤੁਹਾਡਾ ਮਾਰਗ ਦਰਸ਼ਨ ਕਰਦੀ।
ਗੁਰੂ, ਉਜਾੜ ਵਿਚ ਜਗਦਾ ਚਿਰਾਗ ਜੋ ਤੁਹਾਡੇ ਰਾਹਾਂ ਨੂੰ ਰੌਸ਼ਨ ਕਰ, ਤੁਹਾਡੀ ਮੰਜ਼ਲ ਵੰਨੀਂ ਇਸ਼ਾਰਾ ਕਰਦਾ ਜਿਸ ਦੀ ਸੇਧ ਵਿਚ ਤੁਹਾਡੇ ਪੈਰਾਂ ਨੂੰ ਤੁਰਨ ਦਾ ਨਵਾਂ ਬਲ, ਬੰਦਗੀ ਅਤੇ ਬਖਸ਼ਿੰਦਗੀ ਪ੍ਰਾਪਤ ਹੁੰਦੀ।
ਗੁਰੂ, ਜੀਵਨ ਦੇ ਹਰ ਮੋੜ, ਹਰ ਪਲ ਤੇ ਹਰ ਕਰਮ ਵਿਚੋਂ ਝਲਕਦਾ ਬਸ਼ਰਤੇ ਤੁਹਾਡੇ ਵਿਚ ਗੁਰੂ ਦੀ ਸੁੱਚਮਤਾ ਤੇ ਸੂਖਮਤਾ ਨੂੰ ਸਮਝਣ ਅਤੇ ਸਮਰਪਿਤ ਹੋਣ ਦਾ ਹੁਨਰ ਹੋਵੇ।
ਗੁਰੂ, ਖੁਦ ਨਹੀਂ ਮਿਲਦਾ, ਤੁਹਾਨੂੰ ਤਲਾਸ਼ਣਾ ਪੈਂਦਾ ਚੌਗਿਰਦੇ ਵਿਚੋਂ, ਜੀਵਨ ਵਿਚਲੀਆਂ ਧਾਰਨਾਵਾਂ ਵਿਚੋਂ, ਸੰਵਾਦ-ਸੰਵੇਦਨਾ ‘ਚੋਂ ਅਤੇ ਸੰਚਾਰ ‘ਚੋਂ। ਤੁਸੀਂ ਕਿਹੜੀ ਸੋਚ, ਕਰਮ, ਕੀਰਤੀ ਜਾਂ ਕ੍ਰਿਸ਼ਮੇ ਵਿਚੋਂ ਗੁਰੂ ਨੂੰ ਦ੍ਰਿਸ਼ਮਾਨ ਕਰਦੇ, ਚੰਗੇਰੇ ਮਾਰਗ ‘ਤੇ ਤੁਰਨ ਦੀ ਤਮੰਨਾ ਪੈਦਾ ਕਰਦੇ ਹੋ, ਤੁਹਾਡੇ ਨਿੱਜ ‘ਤੇ ਨਿਰਭਰ।
ਗੁਰੂ ਪਰੰਪਰਾ ਵਿਚ ਪੈਦਾ ਹੋਣ ਵਾਲੀਆਂ ਸੰਭਾਵਤ ਕੁਰੀਤੀਆਂ, ਕਮੀਆਂ ਅਤੇ ਕਲੇਸ਼ਾਂ ਨੂੰ ਸਦੀਵ ਕਾਲ ਲਈ ਖਤਮ ਕਰਨ ਵਾਸਤੇ ਹੀ ਦਸਵੇਂ ਗੁਰੂ ਜੀ ਨੇ ਸ਼ਬਦ ਗੁਰੂ ਦਾ ਸੰਕਲਪ ਸਮੁੱਚੀ ਸਿੱਖ ਕੌਮ ਨੂੰ ਵਰਸੋਇਆ, ਜਿਸ ਨੇ ਭਵਿੱਖ ‘ਚ ਪੈਦਾ ਹੋਣ ਵਾਲੇ ਗੁਰੂਡੰਮ ਨੂੰ ਸਦਾ ਲਈ ਖਤਮ ਕਰ ਦਿਤਾ। ਡੇਰਿਆਂ, ਬਾਬਿਆਂ ਅਤੇ ਸੰਤਾਂ ਦੇ ਰੂਪ ਵਿਚ ਖੁਦ ਨੂੰ ਗੁਰੂ ਅਖਵਾਉਣ ਵਾਲੇ ਸ਼ਬਦ-ਗੁਰੂ ਵਿਚ ਸਮੋਈ ਉਸ ਸੋਚ ਤੋਂ ਵਿਰਵੇ ਜਿਸ ਦੀ ਸਭ ਤੋਂ ਵੱਧ ਲੋੜ। ਅਸੀਂ ਉਸ ਸੋਚ ਨੂੰ ਪੜ੍ਹਨ, ਸੋਚਣ, ਸਮਝਣ ਦੀ ਥਾਂ ਸੰਤੋਖਣ ਤੀਕ ਹੀ ਸੀਮਤ ਹੋ ਗਏ ਹਾਂ।
ਗੁਰੂ, ਸ਼ਬਦਾਂ ਵਿਚੋਂ ਉਦੈ ਹੁੰਦਾ, ਅਰਥਾਂ ਵਿਚੋਂ ਲਿਸ਼ਕੋਰਦਾ। ਇਸ ਦੀਆਂ ਚਾਨਣ ਕਾਤਰਾਂ ਵਕਤ-ਵਰਕੇ ਨੂੰ ਰੁਸ਼ਨਾਉਂਦੀਆਂ, ਸਮੇਂ ਦੀ ਬੀਹੀ ਵਿਚ ਜੀਵਨ-ਜਾਚ ਦਾ ਹੋਕਰਾ ਲਾਉਂਦੀਆਂ। ਪਰ ਕੰਨਾਂ ਦੇ ਬੂਹੇ ਬੰਦ ਕਰੀ ਬੈਠੇ ਲੋਕਾਂ ਨੂੰ ਕਿੰਜ ਸੁਣੇਗਾ ਸ਼ਬਦ-ਨਾਦ।
ਗੁਰੂ, ਮਾਰਗ-ਦਰਸ਼ਨ, ਜਿਸ ਪ੍ਰਤੀ ਸਮਰਪਣ ਵਿਚੋਂ ਹੀ ਅਸੀਂ ਔਗੁਣਾਂ ਨੂੰ ਨਕਾਰ, ਗੁਣਾਂ ਦੀ ਗੋਦ ਦਾ ਨਿੱਘ ਮਾਣ, ਜੀਵਨ-ਸੁਗੰਧੀਆਂ ਨੂੰ ਮਹਿਸੂਸਦੇ, ਲੱਜਤਾਂ ਮਾਣ ਸਕਦੇ ਹਾਂ।
ਗੁਰੂ ਨੂੰ ਧਾਰਨ ਲਈ ਆਪਣੇ ਟੀਚਿਆਂ ‘ਚ ਸਾਫਗੋਈ ਅਤੇ ਪਾਕੀਜ਼ਗੀ ਜਰੂਰੀ। ਕਹਿਣੀ ਤੇ ਕਥਨੀ ਵਿਚ ਪਾਕੀਜ਼ਗੀ। ਪ੍ਰੇਰਨਾ ਨੂੰ ਪਹਿਲ, ਕਰਮ ਤੇ ਧਰਮ ਵਿਚ ਇਕਸਾਰਤਾ ਤੇ ਇਕਸੁਰਤਾ ਅਤੇ ਸਵੈ ਤੋਂ ਪਰ ਵੰਨੀਂ ਜਾਣ ਦਾ ਨਿਸ਼ਚਾ।
ਗੁਰੂ, ਸੁਪਨਿਆਂ ਨੂੰ ਸੰਪੂਰਨ ਕਰਨ ਦੀ ਨਿਸ਼ਠਾ, ਮੰਜ਼ਿਲ ਪ੍ਰਾਪਤੀ ਦਾ ਅਹਿਦ ਅਤੇ ਸੁਪਨਿਆਂ ਨਾਲ ਸਦੀਵੀ ਜੁੜਨ ਤੇ ਇਸ ਦੀ ਪ੍ਰਾਪਤੀ ਤੀਕ ਹੀਲਿਆਂ ਨੂੰ ਜਾਰੀ ਰੱਖਣ ਦਾ ਹੱਠ।
ਗੁਰੂ, ਕੁਦਰਤੀ ਵਿਸ਼ਾਲਤਾ ਦਾ ਨਾਮ, ਜੀਵਾਂ ਵਿਚਲੀ ਵਿਭਿੰਨਤਾ ਦੀ ਵਿਸ਼ਾਲਤਾ, ਕੁਦਰਤੀ ਨਿਆਮਤਾਂ ਵਿਚਲੀ ਅਸੀਮਤਾ ਤੇ ਅਨੰਨਤਾ, ਬਰਕਤਾਂ ਵਿਚੋਂ ਉਗਮਦੀ ਜੀਵਨ-ਜੋਤ ਦਾ ਆਧਾਰ ਅਤੇ ਧੜਕਦੇ ਜੀਵਨ ਦਾ ਸਰਬ-ਦਿਸ਼ਾਵੀ ਪਸਾਰ।
ਗੁਰੂ, ਸੋਚ-ਸਰਦਲ ਜਿਸ ‘ਤੇ ਨਤਮਸਤਕ ਹੋਣ ਵਿਚੋਂ ਮਨੁੱਖੀ ਸਰੋਕਾਰਾਂ ਨੂੰ ਸੁੱਚੀ ਸੰਵੇਦਨਾ ਮਿਲਦੀ, ਜਿਸ ਨਾਲ ਵਿਹੜੇ ਵਿਚ ਨਵੀਆਂ ਤਦਬੀਰਾਂ ਤੇ ਤਰਕੀਬਾਂ ਦਾ ਆਗਮਨ ਹੁੰਦਾ, ਜਿਸ ਦੀ ਰੂਹ-ਰੰਗਤਾ ਵਿਚੋਂ ਨਵੀਆਂ ਖੋਜਾਂ ਅਤੇ ਨਵੀਨਤਮ ਸਾਧਨਾ ਜਨਮਦੀ ਅਤੇ ਇਸ ਦੀ ਸੰਗਤ ਸਮਾਜ ਨੂੰ ਨਵੀਆਂ ਸੁਖਨਤਾਵਾਂ ਨਾਲ ਜੋੜਦੀ।
ਗੁਰੂ, ਸੁਹਜ ਤੇ ਸਹਿਜ ਵਿਚਲਾ ਸੰਗੀਤ, ਅਹਿਸਾਸ ਤੇ ਅਹਿਸਾਨ ਵਿਚਲੀ ਅਰਪਨਾ, ਅਦਬ ਤੇ ਅਰਾਧਨਾ ਦਰਮਿਆਨ ਪਾਰਦਰਸ਼ੀ ਓਹਲਾ, ਕਲਮ ਤੇ ਕਰਮ ਵਿਚਲੀ ਸੂਖਮਤਾ ਅਤੇ ਕਿਰਦਾਰ ਤੇ ਅਚਾਰ ਦਰਮਿਆਨ ਸਮੋਇਆ ਵਿਹਾਰ।
ਗੁਰੂ, ਹਰੇਕ ਨੂੰ ਵੱਖ ਵੱਖ ਸਰੂਪ, ਸਰੋਤ, ਸਾਧਨ, ਸੰਗਤ ਅਤੇ ਸੰਵੇਦਨਾ ਰਾਹੀਂ ਪ੍ਰਾਪਤ ਹੁੰਦਾ। ਕਿਸ ਸ਼ਖਸ ਲਈ ਕਿਹੜੀ ਧਾਰਨਾ, ਬੰਦਿਆਈ, ਭਲਿਆਈ, ਚੰਗਿਆਈ, ਕਮਾਈ ਜਾਂ ਹਰਫੀ-ਇਬਾਦਤ ਨੇ ਗੁਰੂ ਬਣ, ਜੀਵਨ-ਜਾਚ ਨੂੰ ਨਵੀਆਂ ਪਗਡੰਡੀਆਂ ਅਤੇ ਪਹਿਲਾਂ ਨਾਲ ਸਰਸ਼ਾਰ ਕਰਨਾ, ਇਹ ਨਿੱਜ ਤੇ ਵਿਅਕਤੀ ਵਿਸ਼ੇਸ਼ ‘ਤੇ ਨਿਰਭਰ।
ਗੁਰੂ, ਇਕ ਸਾਰ ਨਹੀਂ ਹੁੰਦਾ। ਇਕ ਸੋਚ, ਕਿਸੇ ਲਈ ਚੰਗਿਆਈ ਤੇ ਕਿਸੇ ਲਈ ਬੁਰਾਈ ਹੋ ਸਕਦੀ। ਕਿਸੇ ਲਈ ਅੱਧਾ ਗਲਾਸ ਖਾਲੀ ਹੁੰਦਾ ਅਤੇ ਕਿਸੇ ਲਈ ਅੱਧਾ ਗਲਾਸ ਭਰਿਆ ਹੋਇਆ ਹੁੰਦਾ।
ਗੁਰੂ, ਸਥਾਨ, ਸਰੋਕਾਰ, ਸੰਭਾਵਨਾ, ਸਾਰਥਕਤਾ ਅਤੇ ਸੁਪਨਿਆਂ ਦੀ ਰੰਗਰੇਜ਼ਤਾ ‘ਤੇ ਨਿਰਭਰ। ਇਸੇ ਲਈ ਸਮੇਂ, ਸਥਾਨ ਅਤੇ ਉਮਰ ਦੇ ਵੱਖ-ਵੱਖ ਪੜਾਵਾਂ ‘ਤੇ ਨਿਰਧਾਰਤ ਗੁਰੂਆਂ ਦੀ ਪਰਿਭਾਸ਼ਾ ਅਤੇ ਪਰਿਪੇਖਤਾ ਬਦਲਦੀ ਰਹਿੰਦੀ।
ਗੁਰੂ, ਕਿਸ ਰੂਪ ਵਿਚ, ਕਿਸ ਮੋੜ ‘ਤੇ, ਕਿਸ ਸੰਵੇਦਨਾ ਜਾਂ ਚਿੰਨ, ਕਿਹੜੇ ਕਰਮ, ਕਿਹੜੀ ਕ੍ਰਿਆ ਜਾਂ ਕਿਹੜੇ ਦ੍ਰਿਸ਼ ਵਿਚੋਂ ਦ੍ਰਿਸ਼ਟਮਾਨ ਹੁੰਦਾ, ਇਹ ਸਮੇਂ ਦੀ ਕੁੱਖ ਵਿਚ ਅਭੇਦ ਹੁੰਦਾ।
ਗੁਰੂ ਮੰਨਣ ਅਤੇ ਇਸ ਦੇ ਅਭਾਵ ਵਿਚੋਂ ਖੁਦ ਨੂੰ ਵਿਸ਼ਾਲਣ ਦਾ ਨਾਮ। ਗੁਰ-ਸੋਚ ਨੂੰ ਸਮਰਪਣ ਹੋਣ ਨਾਲ ਮਾਨਸਿਕਤਾ ਅਤੇ ਸਰੀਰਕ ਸ਼ਕਤੀਆਂ ਟੀਚੇ ਵੰਨੀਂ ਕੇਂਦ੍ਰਿਤ ਹੁੰਦੀਆਂ।
ਗੁਰੂ, ਮੋਰਪੰਖੀ ਨਹੀਂ ਹੁੰਦਾ। ਗੁਰੂ ਚੱਪੂ ਹੁੰਦਾ ਜੋ ਜੀਵਨੀ ਸੰਘਰਸ਼ ਵਿਚ ਤੁਹਾਡੀਆਂ ਦੁਸ਼ਵਾਰੀਆਂ ਨਾਲ ਮੱਥਾ ਲਾਉਂਦਾ, ਜੋ ਤੰਗੀਆਂ, ਤੁਰਸ਼ੀਆਂ ਤੇ ਤੰਗਦਸਤੀਆਂ ਨੂੰ ਸਹਿਣ ਅਤੇ ਇਨ੍ਹਾਂ ਵਿਚੋਂ ਉਭਰਨ ਲਈ ਮਾਨਸਿਕ ਤੌਰ ‘ਤੇ ਤੰਦਰੁਸਤ ਕਰਦਾ। ਤੁਹਾਡੀ ਹੀਣ ਭਾਵਨਾ ਦਾ ਵਿਨਾਸ਼ ਕਰਦਾ ਅਤੇ ਤੁਹਾਡੀ ਮਾਨਸਿਕ ਉਡਾਣ ਲਈ ਉਚੇ ਅੰਬਰਾਂ ਦੀ ਸੀਮਾ ਨਿਰਧਾਰਤ ਕਰਦਾ।
ਗੁਰੂ, ਅਧਿਆਪਕ ਦੇ ਰੂਪ ਵਿਚ ਤੁਹਾਡਾ ਸੁਪਨ-ਬੀਜ, ਮਾਪਿਆਂ ਦੇ ਰੂਪ ਵਿਚ ਤੁਹਾਡੀ ਹੋਂਦ ਦਾ ਜਾਮਨ, ਸੰਗੀਆਂ ਦਾ ਸਾਥ, ਔਝੜ ਰਾਹਾਂ ਵਿਚ ਬਾਂਹ ਪਕੜਦੇ ਹਾਣੀ ਅਤੇ ਤੁਹਾਡੀ ਜ਼ਿੰਦਗੀ ‘ਤੇ ਉਕਰੀ ਸੁਪਨ-ਬਾਣੀ ਦੇ ਸੁੱਚੇ ਹਰਫ ਜਿਨ੍ਹਾਂ ਦੇ ਅਰਥਾਂ ਦੀ ਤਸ਼ਬੀਹ ਵਿਚੋਂ ਜੀਵਨ ਦੀ ਵਿਉਂਤਬੰਦੀ ਹੁੰਦੀ।
ਗੁਰੂ, ਸੂਰਜ ਧਾਰਾ ਜੋ ਖੁਦ ਬਲ ਕੇ ਨਿੱਘ ਦੀ ਕਾਤਰ ਵਰਤਾਉਂਦਾ ਅਤੇ ਚਾਨਣ ਦੀ ਸੱਦ ਲਾ ਹਨੇਰੀਆਂ ਜੂਹਾਂ ਨੂੰ ਚਾਨਣ ਨਾਲ ਭਿਉਂਦਾ। ਖੁਦ ਦਾ ਅੰਤਰੀਵ ਬਾਲ ਕੇ ਹੀ ਚਾਨਣ ਤੇ ਨਿੱਘ ਦਾ ਵਣਜ ਕੀਤਾ ਜਾ ਸਕਦਾ। ਬੱਤੀ ਸੜਦਿਆਂ ਸੜਦਿਆਂ ਚਾਨਣ ਦਿੰਦੀ।
ਗੁਰੂ ਤਾਂ ਬਿਜੜਾ ਵੀ ਹੋ ਸਕਦਾ ਜੋ ਤੀਲਾ ਤੀਲਾ ਜੋੜ ਕੇ ਅਜਿਹਾ ਘਰ ਬਣਾਉਂਦਾ ਕਿ ਦੇਖਣ ਵਾਲੇ ਦੀ ਰੂਹ ਨਸ਼ਿਆਉਂਦੀ ਅਤੇ ਉਸ ਦੀ ਕਿਰਤ-ਸਾਧਨਾ ਨੂੰ ਅਪਨਾਉਣ ਲਈ ਅਹੁਲਦੀ।
‘ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪੱਤ ਨਹੀਂ’ ਨੂੰ ਸੱਚੇ-ਸੁੱਚੇ ਸੰਦਰਭ ਵਿਚ ਵਿਚਾਰ ਕੇ ਸਮਾਜਕ ਅਤੇ ਵਿਅਕਤੀਤਵ ਪੱਧਰ ‘ਤੇ ਜੀਵਨ ਵਿਚ ਅਪਨਾਇਆ ਜਾਵੇ ਤਾਂ ਜੀਵਨ ‘ਤੇ ਸੰਧੂਰੀ ਰੁੱਤ ਦਸਤਕ ਦਿੰਦੀ।
‘ਗੁਰੂ ਹੋ ਜਾ ਸ਼ੁਰੂ’ ਦੀ ਵਿਸੰਗਤੀ ਜਦ ਹਵਾ ਵਿਚ ਗੂੰਜਦੀ ਤਾਂ ਗੁਰੂ ਦਾ ਰੁਤਬਾ ਮਸੋਸਿਆ ਜਾਂਦਾ ਅਤੇ ਨਾਲ ਹੀ ਅਜਿਹਾ ਵਿਅਕਤੀਤਵ ਵੀ ਧੁੰਦਲਾ ਜਾਂਦਾ।
ਗੁਰੂ, ਗੁਰੂਡਮ ਤੋਂ ਨਿਰਲੇਪ। ਗੁਰੂ-ਡੇਰਿਆਂ ਤੋਂ ਬੇਮੁੱਖ ਅਤੇ ਗੁਰਿਆਈ ਰੰਗਤ ਤੋਂ ਅਭਿੱਜ। ਗੁਰੂ ਖੁਦ ਵਿਚੋਂ ਖੁਦ ਦੀ ਜਾਮਾ ਤਲਾਸ਼ੀ। ਖੁਦ ਵਿਚੋਂ ਖੁਦ ਨੂੰ ਵਿਉਂਤ ਕੇ ਖੁਦ ਵਿਚੋਂ ਨਵੇਂ ਦਿਸਹੱਦਿਆਂ ਤੇ ਦਿਸ਼ਾਵਾਂ ਨੂੰ ਸਲਾਮ ਕਰਨਾ।
ਗੁਰੂ ਨੂੰ ਦੁਨਿਆਵੀ, ਆਤਮਕ ਜਾਂ ਰੂਹਾਨੀ ਸੰਦਰਭ ਤੋਂ ਉਪਰ ਉਠ ਕੇ, ਜੀਵਨ-ਸਾਧਨਾ ਦੀ ਵਿਉਂਤਕਾਰੀ ਕਰਨ ਅਤੇ ਇਸ ਦੇ ਦਿਸ਼ਾ-ਨਿਰਦੇਸ਼ਾਂ ਨੂੰ ਨਿਰਧਾਰਤ ਕਰਨ ਵਾਲਾ ਰਾਹ-ਦਸੇਰਾ ਸਮਝ ਕੇ ਹੀ ਜੀਵਨੀ ਸੰਗਤੀ ਅਤੇ ਵਿਸੰਗਤੀਆਂ ਨੂੰ ਇਕਸੁਰਤਾ ਨਾਲ ਸਮਝਿਆ ਜਾ ਸਕਦਾ।
ਗੁਰੂ, ਪਹਿਲ ਲਈ ਪੈਗਾਮ, ਸੋਚ-ਸਮਾਧਾਨ, ਨਵੀਆਂ ਸੰਭਾਵਨਾਵਾਂ ਨੂੰ ਸਿਰਜਣ ਦਾ ਸਮਾਨ ਅਤੇ ਇਨ੍ਹਾਂ ਰਾਹੀਂ ਨਵੀਨਤਮ ਧਰਾਤਲ ‘ਚੋਂ ਉਭਰਦਾ ਸਨਮਾਨ।
ਗੁਰੂ, ਤਾਰਿਆਂ ਦਾ ਕਾਫਲਾ, ਸੂਰਜ-ਨਗਰੀ, ਦੀਵਿਆਂ ਦੀ ਡਾਰ ਅਤੇ ਮੋਮਬੱਤੀਆਂ ਦੀ ਪਾਲ ਜਿਨ੍ਹਾਂ ਨੂੰ ਹੁੰਦੀ ਮਸਤਕਾਂ ਦੀ ਭਾਲ ਜੋ ਉਪਜਾਉਂਦੇ ਖੂਬਸੂਰਤ ਖਿਆਲ ਅਤੇ ਜਿਨ੍ਹਾਂ ਨਾਲ ਜਗਮਗਾਉਂਦਾ ਸਮਿਆਂ ਦੇ ਮੱਥੇ ਦਾ ਜਲਾਲ।
ਗੁਰੂ, ਇਕ ਯਾਤਰਾ ਜੋ ਬਾਹਰਮੁਖੀ ਤੋਂ ਸ਼ੁਰੂ ਹੋ ਤੁਹਾਡੇ ਅੰਦਰ ਨੂੰ ਜਾਂਦੀ। ਤੁਹਾਡੀ ਹਿੰਮਤ, ਦਲੇਰੀ, ਸਿਰੜ-ਸਾਧਨਾ ਤੇ ਸਮਰਪਣ ਨੂੰ ਜਗਾਉਂਦੀ ਅਤੇ ਤੁਹਾਡੀ ਝੋਲੀ ਵਿਚ ਸੰਦਲੀ ਸੁਪਨਿਆਂ ਦੀ ਸੰਪੂਰਨਤਾ ਦੀ ਦਾਤ ਪਾਉਂਦੀ।
ਗੁਰੂ, ਪੀੜਾਂ ਦਾ ਪੀਹੜਾ, ਦਰਦ ਦੀ ਤੰਦੀ, ਦੁੱਖ ਦਾ ਦਰਿਆ, ਨੰਗੇ ਪਿੰਡਿਆਂ ਦੀ ਵੇਦਨਾ, ਲੇਰਾਂ ਵਿਚ ਸਿੰਮਦੀ ਹਯਾ ਅਤੇ ਦੀਦਿਆਂ ਵਿਚੋਂ ਸੁਪਨਿਆਂ ਦੀ ਕਿਰਦੀ ਰਾਖ, ਜੋ ਕੂਕਨੂਸ ਬਣ ਕੇ ਜੀਵਨ ਖੇੜੇ ਦਾ ਸਬੱਬ ਬਣਦੀ।
ਗੁਰੂ, ਰੋਟੀ ਦਾ ਸਹਿੰਸਾ, ਸਿਰ ਦੀ ਛੱਤ ਦੀ ਲੋਚਾ, ਪਿਆਸ ਬਣਿਆ ਪਿਆਰ, ਦਰਾਂ ਤੋਂ ਦੁਰਕਾਰਿਆ ਦੀਦਾਰ ਅਤੇ ਖੁਦ ਵਿਚੋਂ ਸਿਮਟਦਾ ਵਿਸਥਾਰ।
ਗੁਰੂ, ਸੋਚ-ਸਬੱਬ ਜੋ ਸਮਾਂ, ਸਥਾਨ ਤੇ ਸੰਭਾਵਨਾਵਾਂ ‘ਤੇ ਨਿਰਭਰ। ਜੋਤ-ਚੰਗਿਆੜੀ ਦਾ ਮਸਤਕ ਜੂਹੇ ਧਰੇ ਜਾਣਾ ਅਤੇ ਨਵੀਆਂ ਪਿਰਤਾਂ ਪਾਉਣ ਦੀ ਰੀਤ ਨਾਲ ਵਰੇ ਜਾਣਾ।
ਗੁਰੂ, ਚਾਨਣ ਰੁੱਤ ਦੀ ਆਮਦ, ਉਜੜੇ ਬਾਗ ‘ਤੇ ਸਰਘੀ ਦਾ ਤਰੌਂਕਾ, ਸੂਰਜ ਦੀਆਂ ਕਿਰਨਾਂ ਦਾ ਬੂਟਿਆਂ ਨੂੰ ਕਲਾਵੇ ਵਿਚ ਲੈ ਕੇ ਸਮਝਾਉਣਾ ਕਿ ਉਨ੍ਹਾਂ ਲਈ ਬਹਾਰਾਂ ਦਾ ਨਿਉਂਦਾ ਹੁਣ ਦੂਰ ਨਾ ਰਹਿਣਾ।
ਗੁਰੂ, ਸਾਡੀ ਤਲੀ ‘ਤੇ ਉਕਰਿਆ ਜੀਵਨ-ਦਾਨ ਜੋ ਬਣਦਾ ਪਰਖ ਦੀ ਪਛਾਣ ਕਿ ਅਸੀਂ ਕਿਹੋ ਜਿਹੀ ਸਿਰਜਣੀ ਹੈ ਪਛਾਣ।
ਗੁਰੂ, ਚੁੱਪ ਦੀ ਅਰਾਧਨਾ, ਅਬੋਲ ਬੋਲਾਂ ਵਲੋਂ ਖੁਦ ਦੀ ਜਾਮਾ-ਤਲਾਸ਼ੀ, ਰਾਹਾਂ ਨਿਹਾਰਦੇ ਨੈਣਾਂ ਵਿਚ ਪਸਰਿਆਂ ਪੈੜਾਂ ਦਾ ਕਾਫਲਾ, ਚੇਤਿਆਂ ਵਿਚ ਵੱਸੀ ਬਜ਼ੁਰਗੀ-ਬਹਿਸ਼ਤ ਦੀ ਨਸੀਹਤ ਅਤੇ ਬਚਪਨੀ ਪਲਾਂ ਵਿਚਲੀ ਬਾਦਸ਼ਾਹਤ ਨੂੰ ਮੋੜ ਕੇ ਲਿਆਉਣ ਦੀ ਤਰਜ਼ੀਹ।
ਗੁਰੂ, ਸ਼ਾਤੀ-ਸਰੂਪ, ਪ੍ਰਕਿਰਤੀ ਦਾ ਪੈਗਾਮ, ਬੇਲੋੜੇ ਯੁੱਧਾਂ ਨੂੰ ਅਲਵਿਦਾ, ਅਜਾਈਂ ਜਾਂਦੀਆਂ ਜਾਨਾਂ ਲਈ ਖੈਰਾਤ ਅਤੇ ਜਾਗਦੀ ਰਾਤ ‘ਚੋਂ ਉਦੈ ਹੁੰਦੀ ਪ੍ਰਭਾਤ, ਜੋ ਲਾਉਂਦੀ ਸੰਵੇਦਨਾ ‘ਚ ਜਾਗ ਜਿਹੜੀ ਬਣਦੀ ਮਨੁੱਖੀ ਕਰਮਾਤ।
ਗੁਰੂ, ਸੋਚ-ਸਮਝ, ਸਿਆਣਪਾਂ, ਸੁਹਜਮਈ ਬਿਰਤੀਆਂ ਅਤੇ ਸੁਚੱਜੇ ਸਰੋਕਾਰਾਂ ਅਤੇ ਸੁਹੰਢਣੀ ਸਫਲਤਾ ਦੀ ਆਧਾਰਸ਼ਿਲਾ। ਬਾਰੀਕਬੀਨੀ ਨਾਲ ਕਿਸੇ ਨੂੰ ਗੁਰੂ ਦਾ ਰੁਤਬਾ ਦੇਣਾ, ਤੁਹਾਡੀਆਂ ਜੀਵਨ ਰਾਹਾਂ ਵਿਚ ਜੁਗਨੂੰਆਂ ਦੀ ਫਸਲ ਮੌਲੇਗੀ।