ਜਮਹੂਰੀ ਕਾਰਕੁਨਾਂ ਉਤੇ ਦਮਨ, ਮੀਡੀਆ ਤੇ ਸਟੇਟ

ਬੂਟਾ ਸਿੰਘ
ਫੋਨ: 91-94634-74342
ਜੂਨ ਦੇ ਪਹਿਲੇ ਹਫਤੇ ਪੰਜ ਜਮਹੂਰੀ ਸ਼ਖਸੀਅਤਾਂ- ਦਲਿਤ ਚਿੰਤਕ ਸੁਧੀਰ ਧਾਵਲੇ, ਲੋਕਪੱਖੀ ਵਕੀਲ ਸੁਰਿੰਦਰ ਗਾਡਲਿੰਗ, ਪ੍ਰੋਫੈਸਰ ਸ਼ੋਮਾ ਸੇਨ, ਰੋਨਾ ਵਿਲਸਨ ਅਤੇ ਮਹੇਸ਼ ਰਾਓਤ ਨੂੰ ਨਰੇਂਦਰ ਮੋਦੀ ਦੀ ਹੱਤਿਆ ਦੇ ਸਾਜ਼ਿਸ਼ਘਾੜੇ ‘ਸ਼ਹਿਰੀ ਮਾਓਵਾਦੀ’ ਕਰਾਰ ਦੇ ਕੇ ਜੇਲ੍ਹ ਵਿਚ ਸੁੱਟ ਕੇ ਸ਼ਾਇਦ ਫਾਸ਼ੀਵਾਦੀ ਹੁਕਮਰਾਨਾਂ ਦੀ ਤਸੱਲੀ ਨਹੀਂ ਹੋਈ। ਇਕ ਪਿੱਛੋਂ ਇਕ ਲੋਕਪੱਖੀ ਕਾਰਕੁਨਾਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਮਹਾਰਾਸ਼ਟਰ ਪੁਲਿਸ ਦੀ ਇਕ ਟੀਮ ਵਲੋਂ ਪ੍ਰੈੱਸ ਕਲੱਬ ਦਿੱਲੀ ਵਿਚ ਜਾ ਕੇ ਇਹ ਪੁੱਛਗਿੱਛ ਕੀਤੀ ਗਈ ਕਿ

ਪ੍ਰੋਫੈਸਰ ਸਾਈਬਾਬਾ ਦੀ ਰਿਹਾਈ ਲਈ ਸਮਾਗਮ ਵਾਸਤੇ ਹਾਲ ਦੀ ਬੁਕਿੰਗ ਕਿਸ ਪੱਤਰਕਾਰ ਵਲੋਂ ਕਰਵਾਈ ਗਈ ਸੀ। ਦਰਅਸਲ, ਉਨ੍ਹਾਂ ਦੇ ਨਿਸ਼ਾਨੇ ਉਪਰ ਪੱਤਰਕਾਰ ਵਿਸ਼ਵ ਦੀਪਕ ਸੀ ਜਿਸ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅੰਦਰ ਵਿਦਿਆਰਥੀ ਅੰਦੋਲਨ ਬਾਰੇ ਜ਼ੀ ਨਿਊਜ਼ ਚੈਨਲ ਦੀ ਪੱਖਪਾਤੀ ਰਿਪੋਰਟਿੰਗ ਬਾਰੇ ਵੱਡਾ ਖ਼ੁਲਾਸਾ ਕਰਦਿਆਂ ਫਰਵਰੀ 2016 ਵਿਚ ਅਸਤੀਫਾ ਦੇ ਦਿੱਤਾ ਸੀ। ਫਿਰ ਉਸ ਵਲੋਂ ‘ਨੈਸ਼ਨਲ ਹੈਰਲਡ’ ਲਈ ਵਿਸ਼ੇਸ਼ ਰਿਪੋਰਟਿੰਗ ਕਰਦਿਆਂ ਸ਼ੱਕੀ ਹਾਲਾਤ ਵਿਚ ਮਰੇ ਜੱਜ ਲੋਇਆ ਦੇ ਮਾਮਲੇ ਦੀ ਡੂੰਘੀ ਛਾਣਬੀਣ ਕਰ ਕੇ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਲਿਆਂਦੇ ਗਏ। ਪੱਤਰਕਾਰ ਭਾਈਚਾਰੇ ਵਲੋਂ ਕੀਤੇ ਵਿਰੋਧ ਕਾਰਨ ਹਾਲ ਦੀ ਘੜੀ ਭਾਵੇਂ ਵਿਸ਼ਵ ਦੀਪਕ ਦੇ ਮਾਮਲੇ ਵਿਚ ਪੁਲਿਸ ਨੇ ਕੋਈ ਅਗਲਾ ਕਦਮ ਨਹੀਂ ਚੁੱਕਿਆ ਪਰ ਲੋਕ ਸਰੋਕਾਰਾਂ ਨਾਲ ਜੁੜੇ ਲੋਕਾਂ ਦੇ ਖਿਲਾਫ ਸਟੇਟ ਦਾ ਹਮਲਾ ਜਾਰੀ ਹੈ। ਹਾਲ ਹੀ ਵਿਚ ਇਸੇ ਸਾਜ਼ਿਸ਼ ਦੇ ਤਹਿਤ ਅਗਲਾ ਨਿਸ਼ਾਨਾ ਛੱਤੀਸਗੜ੍ਹ ਤੋਂ ਐਡਵੋਕੇਟ ਸੁਧਾ ਭਾਰਦਵਾਜ ਨੂੰ ਬਣਾਇਆ ਗਿਆ ਹੈ। ਇਹ ਨਿਸ਼ਾਨਾ ਸੇਧਣ ਵਾਲੇ ਰਿਪਬਲਿਕ ਟੀæਵੀæ ਦਾ ਮਾਲਕ, ਭਾਜਪਾ ਦਾ ਰਾਜ ਸਭਾ ਮੈਂਬਰ ਰਾਜੀਵ ਚੰਦਰ ਸ਼ੇਖਰ ਹੈ ਅਤੇ ਇਸ ਦਾ ਐਂਕਰ ਅਰਨਬ ਗੋਸਵਾਮੀ ਪੱਤਰਕਾਰੀ ਦੇ ਅਸੂਲਾਂ ਨੂੰ ਤਿਲਾਂਜਲੀ ਦੇ ਕੇ ਸੱਤਾਧਾਰੀ ਧਿਰ ਦੀ ਰਖੇਲ ਬਣ ਚੁੱਕੇ ਖ਼ਾਸ ਮੀਡੀਆ ਹਿੱਸੇ ਵਿਚ ਸਿਰਕੱਢ ਨਾਂ ਹੈ। ਅਰਨਬ ਦੀਆਂ ਜਾਅਲੀ ਰਿਪੋਰਟਾਂ ਦਾ ਝੂਠ ਪਹਿਲਾਂ ਵੀ ਕਈ ਵਾਰ ਨੰਗਾ ਹੋ ਚੁੱਕਾ ਹੈ। ਰਿਪਬਲਿਕ ਟੀæਵੀæ ਨੇ ਸੁਧਾ ਭਾਰਦਵਾਜ ਬਾਰੇ ਇਹ ਕਹਾਣੀ ਘੜੀ ਕਿ ਉਸ ਦਾ ਮਾਓਵਾਦੀ ਪਾਰਟੀ ਦੇ ਆਗੂਆਂ ਨਾਲ ਸੰਪਰਕ ਹੈ ਅਤੇ ਉਸ ਨੇ ਪ੍ਰਕਾਸ਼ ਨਾਂ ਦੇ ਕਥਿਤ ਮਾਓਵਾਦੀ ਆਗੂ ਨੂੰ ਚਿੱਠੀ ਲਿਖ ਕੇ ਛੱਤੀਸਗੜ੍ਹ ਵਿਚ ਕਸ਼ਮੀਰ ਵਰਗੇ ਹਾਲਾਤ ਪੈਦਾ ਕਰਨ ਲਈ ਕਿਹਾ ਹੈ।
ਸੁਧਾ ਭਾਰਦਵਾਜ ਲੋਕਪੱਖੀ ਵਕੀਲ ਅਤੇ ਕਾਰਕੁਨ ਹੈ ਅਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੀ ਕੌਮੀ ਜਨਰਲ ਸਕੱਤਰ ਹੈ। ਉਸ ਨੇ ਨਿੱਜੀ ਸੁਖ-ਅਰਾਮ ਨੂੰ ਲੱਤ ਮਾਰ ਕੇ ਆਪਣੀ ਜ਼ਿੰਦਗੀ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਦੇ ਲੇਖੇ ਲਾਈ ਹੈ। ਉਸ ਨੇ 1978 ਵਿਚ ਆਈæਆਈæਟੀæ ਕਾਨਪੁਰ ਤੋਂ ਟਾਪ ਪੁਜੀਸ਼ਨ ਹਾਸਲ ਕੀਤੀ ਸੀ। ਉਹ ਜਨਮ ਤੋਂ ਅਮਰੀਕਨ ਨਾਗਰਿਕ ਸੀ ਅਤੇ ਉਸ ਨੇ ਮੁਢਲੀ ਪੜ੍ਹਾਈ ਇੰਗਲੈਂਡ ਵਿਚ ਕੀਤੀ। ਜਿਸ ਅਮਰੀਕਨ ਨਾਗਰਿਕਤਾ ਨੂੰ ਹਾਸਲ ਕਰਨ ਲਈ ਲੋਕ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ, ਉਸ ਨਾਗਰਿਕਤਾ ਨੂੰ ਲੱਤ ਮਾਰ ਕੇ ਉਹ ਛੱਤੀਸਗੜ੍ਹ ਦੀ ਮਜ਼ਦੂਰ ਬਸਤੀ ਵਿਚ ਰਹਿ ਕੇ ਗ਼ਰੀਬਾਂ ਅਤੇ ਦੱਬੇ-ਕੁਚਲਿਆਂ ਲਈ ਕੰਮ ਕਰ ਰਹੀ ਹੈ। ਉਸ ਦੀ ਮਾਂ ਕ੍ਰਿਸ਼ਨਾ ਭਾਰਦਵਾਜ ਜੇæਐਨæਯੂæ ਵਿਚ ਇਕਨਾਮਿਕਸ ਵਿਭਾਗ ਦੀ ਡੀਨ ਅਤੇ ਨਾਲ ਹੀ ਕਲਾਸੀਕਲ ਗਾਇਕਾ ਸੀ। ਅੱਜ ਵੀ ਉਸ ਦੀ ਮਾਂ ਦੀ ਯਾਦ ਵਿਚ ਹਰ ਸਾਲ ਜੇæਐਨæਯੂæ ਵਿਚ ਕ੍ਰਿਸ਼ਨਾ ਯਾਦਗਾਰੀ ਲੈਕਚਰ ਕਰਵਾਇਆ ਜਾਂਦਾ ਹੈ।
ਆਈæਆਈæਟੀæ ਦੀ ਟਾਪਰ ਸੁਧਾ ਨੇ ਨਿੱਜੀ ਕਰੀਅਰ ਨਹੀਂ ਚੁਣਿਆ। ਖੱਬੇਪੱਖੀ ਸੋਚ ਕਾਰਨ ਉਹ 80ਵਿਆਂ ਦੇ ਦਹਾਕੇ ਵਿਚ ਛੱਤੀਸਗੜ੍ਹ ਦੇ ਮਜ਼ਦੂਰ ਆਗੂ ਸ਼ੰਕਰ ਗੁਹਾ ਨਿਓਗੀ ਦੇ ਸੰਪਰਕ ਵਿਚ ਆਈ ਅਤੇ ਉਸ ਨੇ ਛੱਤੀਸਗੜ੍ਹ ਦੀਆਂ ਮਜ਼ਦੂਰ ਬਸਤੀਆਂ ਨੂੰ ਆਪਣੀ ਕਰਮਭੂਮੀ ਬਣਾ ਲਿਆ। ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਉਹ ਛੱਤੀਸਗੜ੍ਹ ਵਿਚ ਮਜ਼ਦੂਰਾਂ, ਕਿਸਾਨਾਂ ਅਤੇ ਗ਼ਰੀਬਾਂ ਲਈ ਸੜਕਾਂ ਅਤੇ ਅਦਾਲਤਾਂ ਵਿਚ ਲੜ ਰਹੀ ਹੈ। ਲੋਕ ਹਿਤਾਂ ਲਈ ਲੜੇ ਜਾ ਰਹੇ ਜਮਹੂਰੀ ਸੰਘਰਸ਼ਾਂ ਅਤੇ ਅਦਾਲਤੀ ਲੜਾਈ ਨੂੰ ਬੰਦ ਕਰਾਉਣਾ ਮੁਲਕ ਦੇ ਹੁਕਮਰਾਨਾਂ ਦਾ ਤਰਜੀਹੀ ਏਜੰਡਾ ਹੈ।
ਉਸ ਦੇ ਖਿਲਾਫ ਰਿਪਬਲਿਕ ਟੀæਵੀæ ਵਲੋਂ ਵਿੱਢੀ ਜ਼ਹਿਰੀਲੀ ਪ੍ਰਚਾਰ ਮੁਹਿੰਮ ਦਾ ਪੂਰੇ ਮੁਲਕ ਵਿਚ ਤਿੱਖਾ ਵਿਰੋਧ ਹੋਇਆ ਹੈ। ਉਸ ਦੀ ਘਾਲਣਾ ਅਤੇ ਮਕਬੂਲੀਅਤ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਭਿਲਾਈ ਦੇ ਸਫਾਈ ਕਰਮਚਾਰੀ ਉਸ ਦੀ ਹਮਾਇਤ ਵਿਚ ਡਟ ਕੇ ਸੜਕਾਂ ਉਪਰ ਆਏ ਹਨ ਜਿਨ੍ਹਾਂ ਨੂੰ ਭਿਲਾਈ ਸਟੀਲ ਪਲਾਂਟ ਦੇ 666 ਰਿਹਾਇਸ਼ੀ ਕੁਆਰਟਰਾਂ ਵਿਚੋਂ ਕੱਢਣ ਲਈ ਚਲਾਏ ਜਾ ਰਹੇ ਬੁਲਡੋਜ਼ਰ ਰੋਕਣ ਲਈ ਐਡਵੋਕੇਟ ਭਾਰਦਵਾਜ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾ ਕੇ ਸਟੇਅ ਲਿਆ ਅਤੇ ਗ਼ਰੀਬ ਲੋਕਾਂ ਦਾ ਉਜਾੜਾ ਰੁਕਵਾ ਦਿੱਤਾ। ਇਹੀ ਵਜ੍ਹਾ ਹੈ ਕਿ ਹੁਕਮਰਾਨ ਉਸ ਉਪਰ ਮਾਓਵਾਦੀ ਹੋਣ ਦਾ ਠੱਪਾ ਲਾ ਕੇ ਉਸ ਨੂੰ ਦਬਾਉਣਾ ਚਾਹੁੰਦੇ ਹਨ।
_______________________________
ਬੁੱਧੀਜੀਵੀਆਂ ਵੱਲੋਂ ਆਵਾਜ਼ ਬੁਲੰਦ
(ਸੁਧਾ ਭਾਰਦਵਾਜ ਖਿਲਾਫ ਰਿਪਬਲਿਕ ਟੀæਵੀæ ਦੇ ਐਂਕਰ ਅਰਨਬ ਗੋਸਵਾਮੀ ਦੇ ਕੂੜ-ਪ੍ਰਚਾਰ ਖਿਲਾਫ ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ, ਸਮਾਜਿਕ ਕਾਰਕੁਨਾਂ ਅਤੇ ਪੱਤਰਕਾਰਾਂ ਦਾ ਬਿਆਨ)
ਅਸੀਂ ਹੇਠ ਲਿਖਤ ਹਸਤਾਖ਼ਰੀ ਉਨ੍ਹਾਂ ਤਮਾਮ ਲੋਕਾਂ ਖਿਲਾਫ ਕੂੜ ਪ੍ਰਚਾਰ ਦਾ ਧਰਮ-ਯੁੱਧ ਚਲਾ ਰਹੇ ਰਿਪਬਲਿਕ ਟੀæਵੀæ ਚੈਨਲ ਦੀ ਹਾਲੀਆ ਕਰਤੂਤ ਖਿਲਾਫ ਆਪਣਾ ਵਿਰੋਧ ਦਰਜ ਕਰਾਉਣਾ ਚਾਹੁੰਦੇ ਹਾਂ ਜੋ ਜਮਹੂਰੀਅਤ, ਮਨੁੱਖੀ ਅਧਿਕਾਰਾਂ, ਸੰਵਿਧਾਨਕ ਪ੍ਰਭੂਸੱਤਾ ਅਤੇ ਕਾਨੂੰਨ ਦੇ ਰਾਜ ਦੇ ਹੱਕ ਵਿਚ ਸਟੈਂਡ ਲੈ ਰਹੇ ਹਨ।
ਰਿਪਬਲਿਕ ਟੀæਵੀæ ਵਲੋਂ ਤਾਜ਼ਾ ਨਿਸ਼ਾਨਾ ਐਡਵੋਕੇਟ ਸੁਧਾ ਭਾਰਦਵਾਜ ਨੂੰ ਬਣਾਇਆ ਗਿਆ ਹੈ ਜੋ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੀ ਕੌਮੀ ਸਕੱਤਰ, ਇੰਡੀਅਨ ਐਸੋਸੀਏਸ਼ਨ ਫਾਰ ਪੀਪਲਜ਼ ਲਾਇਰਜ਼ ਦੀ ਮੀਤ ਪ੍ਰਧਾਨ ਅਤੇ ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਵਿਜ਼ਟਿੰਗ ਪ੍ਰੋਫੈਸਰ ਹੈ। ਉਹ ਟਰੇਡ ਯੂਨੀਅਨ ਕਾਰਕੁਨ, ਮਨੁੱਖੀ ਹੱਕਾਂ ਦੀ ਰੱਖਿਅਕ, ਵਾਤਾਵਰਨ ਪੱਖੀ ਕਾਨੂੰਨਦਾਨ ਅਤੇ ਰਾਜ ਦੀਆਂ ਤਮਾਮ ਸੰਸਥਾਵਾਂ ਦੀ ਸਨਮਾਨਿਤ ਸਲਾਹਕਾਰ ਦੇ ਤੌਰ ‘ਤੇ ਤਿੰਨ ਦਹਾਕਿਆਂ ਦੇ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਹ ਸਟੇਟ ਦੀਆਂ ਕਾਨੂੰਨੀ ਸਹਾਇਤਾ ਇਕਾਈਆਂ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਸਮੇਤ ਬਹੁਤ ਸਾਰੀਆਂ ਰਾਜਕੀ ਸੰਸਥਾਵਾਂ ਵਿਚ ਵੀ ਕੰਮ ਕਰ ਚੁੱਕੀ ਹੈ।
ਰਿਪਬਲਿਕ ਟੀæਵੀæਅਨੁਸਾਰ ਇਹ ਸਮਰਪਿਤ ਅਤੇ ਪ੍ਰਤੀਬਧ ਕਾਨੂੰਨਦਾਨ ‘ਸ਼ਹਿਰੀ ਮਾਓਵਾਦੀ’ ਹੈ ਜੋ ਦੇਸ਼ ਭਰ ਦੇ ਵੱਖਵਾਦੀ ਗਰੁੱਪਾਂ ਅਤੇ ਹਥਿਆਰਬੰਦ ਛਾਪਾਮਾਰਾਂ ਨਾਲ ਮਿਲ ਕੇ ‘ਭਾਰਤ ਨੂੰ ਟੁਕੜੇ-ਟੁਕੜੇ ਕਰਨ ਦੀ ਸਾਜ਼ਿਸ਼’ ਵਿਚ ਲੱਗੀ ਹੋਈ ਹੈ। ਐਡਵੋਕੇਟ ਭਾਰਦਵਾਜ ਖਿਲਾਫ ਮਨਘੜਤ ਇਲਜ਼ਾਮਾਂ ਅਤੇ ਉਕਸਾਊ ਦੋਸ਼ਾਂ ਦੀ ਲੰਮੀ ਸੂਚੀ ਦਾ ਆਧਾਰ ਇਕ ਚਿੱਠੀ ਹੈ ਜਿਸ ਬਾਰੇ ਰਿਪਬਲਿਕ ਟੀæਵੀæ ਕਹਿ ਰਿਹਾ ਹੈ ਕਿ ਇਹ ਉਸ ਦੀ ਲਿਖੀ ਹੋਈ ਹੈ ਅਤੇ ਇਹ ਚੈਨਲ ਦੇ ਕੋਲ ਹੈ।
ਇਸ ਚਿੱਠੀ ਦੀ ਪ੍ਰਮਾਣਿਕਤਾ ਅਤੇ ਸਰੋਤ ਦੇ ਬਾਰੇ ਸਾਨੂੰ ਰਿਪਬਲਿਕ ਟੀæਵੀæ ਕੁਝ ਨਹੀਂ ਦੱਸ ਰਿਹਾ। ਇਸ ਚਿੱਠੀ ਦੀ ਭਾਸ਼ਾ ਕੱਚੀ ਅਤੇ ਅਨਾੜੀ ਹੈ, ਜਿਸ ਵਿਚ ਕਥਿਤ ਲੇਖਕ ਖ਼ੁਦ ਦੀ ਪਛਾਣ ‘ਕਾਮਰੇਡ ਐਡਵੋਕੇਟ ਸੁਧਾ ਭਾਰਦਵਾਜ’ ਵਜੋਂ ਦੇ ਰਿਹਾ ਹੈ ਅਤੇ ਐਸੇ ਤਮਾਮ ਜਾਣੇ-ਅਣਜਾਣੇ ਲੋਕਾਂ ਦੇ ਨਾਵਾਂ ਦਾ ਜ਼ਿਕਰ ਕਰ ਰਿਹਾ ਹੈ ਜਿਨ੍ਹਾਂ ਨੂੰ ਬਾਕਾਇਦਾ ‘ਕਾਮਰੇਡ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਰਿਪਬਲਿਕ ਟੀæਵੀæਮੁਤਾਬਿਕ ਇਸ ਦੀ ਕਥਿਤ ਸਮੱਗਰੀ ਕਸ਼ਮੀਰੀ ਵੱਖਵਾਦੀਆਂ, ‘ਸ਼ਹਿਰੀ ਨਕਸਲੀਆਂ’ ਅਤੇ ਜੇæਐਨæਯੂæ ਅਤੇ ਟੀæਆਈæਐਸ਼ਐਸ਼ (ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼) ਦੇ ਵਿਦਿਆਰਥੀਆਂ ਸਮੇਤ ਉਨ੍ਹਾਂ ਤਮਾਮ ਲੋਕਾਂ ਦਰਮਿਆਨ ‘ਸਨਸਨੀਖੇਜ਼’ ਰਿਸ਼ਤਾ ਕਾਇਮ ਕਰਦੀ ਹੈ ਜੋ ਸਟੇਟ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਜਨਤਕ ਤੌਰ ‘ਤੇ ਸਟੈਂਡ ਲੈ ਰਹੇ ਹਨ। ਚੈਨਲ ਮੁਤਾਬਿਕ ਇਹ ਐਸੇ ‘ਅਕੱਟ ਅਤੇ ਕਿੰਤੂ ਰਹਿਤ ਤੱਥ’ ਹਨ ਜਿਨ੍ਹਾਂ ਉਪਰ ਸਵਾਲ ਨਹੀਂ ਉਠਾਇਆ ਜਾ ਸਕਦਾ।
ਇਹ ਕਥਿਤ ਚਿੱਠੀਆਂ ਐਸੇ ‘ਦਸਤਾਵੇਜ਼ੀ ਸਬੂਤਾਂ’ ਦੇ ਸ਼ੱਕੀ ਪੁਰਾਲੇਖ ਸੰਗ੍ਰਹਿ ਦਾ ਹਿੱਸਾ ਹਨ ਜਿਨ੍ਹਾਂ ਨੂੰ ਜਾਂਚ ਏਜੰਸੀਆਂ ਬਾਕਾਇਦਗੀ ਨਾਲ ਪ੍ਰੈੱਸ ਨੂੰ ਇਸ ਜੋਸ਼ ਨਾਲ ਪਹੁੰਚਾਉਂਦੀਆਂ ਰਹਿੰਦੀਆਂ ਹਨ ਕਿ ਤਮਾਮ ਤਰ੍ਹਾਂ ਦੇ ‘ਜੁਰਮਾਂ’ ਨੂੰ ਕਾਰਕੁਨਾਂ, ਲੋਕ ਸੰਘਰਸ਼ਾਂ ਦੇ ਆਗੂਆਂ, ਸਿਆਸੀ ਵਿਰੋਧੀਆਂ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਿਆਂ, ਸਰਕਾਰੀ ਨੀਤੀ ਦੇ ਆਲੋਚਕਾਂ ਅਤੇ ਉਨ੍ਹਾਂ ਹੋਰ ਨਾਗਰਿਕਾਂ ਸਿਰ ਮੜ੍ਹਿਆ ਜਾ ਸਕੇ ਜੋ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਅਸਹਿਮਤੀ ਅਤੇ ਸਿਆਸੀ ਸਰਗਰਮੀਆਂ ਦੇ ਆਪਣੇ ਵਿਧਾਨਕ ਹੱਕਾਂ ਦਾ ਇਸਤੇਮਾਲ ਕਰ ਰਹੇ ਹਨ।
ਰਿਪਬਲਿਕ ਟੀæਵੀæ ਵਲੋਂ ਸੱਤਾਧਾਰੀ ਧਿਰ ਦੇ ਜਾਣੇ-ਪਛਾਣੇ ਆਲੋਚਕਾਂ ਖਿਲਾਫ ਐਸੇ ਮਨਘੜਤ ਇਲਜ਼ਾਮਾਂ ਅਤੇ ਕਾਲਪਨਿਕ ਦੋਸ਼ ਥੱਪਣ ਦੀ ਜਨੂੰਨੀ ਮੁਹਿੰਮ ਸਪਸ਼ਟ ਤੌਰ ‘ਤੇ ਉਨ੍ਹਾਂ ਦਰਸ਼ਕਾਂ ਦੇ ਮਨਾਂ ਅੰਦਰ ਤੱਥ ਅਤੇ ਇਲਜ਼ਾਮ, ਇਲਜ਼ਾਮ ਤੇ ਸਬੂਤ, ਸਬੱਬ ਅਤੇ ਕਾਰਨ-ਕਾਰਜ ਵਿਚਲੀਆਂ ਵੰਡ-ਲਕੀਰਾਂ ਨੂੰ ਧੁੰਦਲਾ ਕਰਨ ਵੱਲ ਸੇਧਤ ਹੈ ਜਿਨ੍ਹਾਂ ਦੀ ਪਹੁੰਚ ਸੂਚਨਾ ਦੇ ਵੱਖ-ਵੱਖ ਸਰੋਤਾਂ ਤਕ ਨਹੀਂ ਹੈ।
‘ਸ਼ਹਿਰੀ ਨਕਸਲੀ’ ਅਤੇ ‘ਟੁਕੜੇ-ਟੁਕੜੇ ਗੈਂਗ’ ਵਰਗੇ ਝੂਠ ਘੜਨਾ ਅਤੇ ਇਨ੍ਹਾਂ ਨੂੰ ਵਰਤਣਾ ਬਹੁਤ ਖ਼ਤਰਨਾਕ ਰੁਝਾਨ ਹੈ ਜੋ ਵਾਰ-ਵਾਰ ਦੁਹਰਾਏ ਜਾਣ ‘ਤੇ ਸੱਚੇ ਜਾਪਣ ਲੱਗਦੇ ਹਨ ਜਦਕਿ ਕਾਨੂੰਨੀ, ਸਿਆਸੀ ਅਤੇ ਤੱਥਾਂ ਦੇ ਪੱਧਰ ‘ਤੇ ਇਨ੍ਹਾਂ ਦੀ ਤਸਦੀਕ ਨਹੀਂ ਹੁੰਦੀ। ਲੋਕ ਰਾਇ ਨੂੰ ਪ੍ਰਭਾਵਿਤ ਕਰਨ ਲਈ ਇਸ ਹੇਰ-ਫੇਰ ਦੇ ਘਾਤਕ ਨਤੀਜੇ ਸਾਨੂੰ ਅੱਜ ਮੁਸਲਮਾਨਾਂ, ਦਲਿਤਾਂ ਅਤੇ ਉਨ੍ਹਾਂ ਉਪਰ ਹਜੂਮਾਂ ਦੇ ਜਾਨਲੇਵਾ ਹਮਲੇ ਦੇ ਰੂਪ ਵਿਚ ਦੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਨੂੰ ਵੱਟਸਐਪ ਸੰਦੇਸ਼ਾਂ ਅਤੇ ਵੀਡੀਓ ਦੇ ਆਧਾਰ ‘ਤੇ ਮੁਜਰਿਮ ਟਿਕ ਲਿਆ ਗਿਆ ਹੈ।
ਐਡਵੋਕੇਟ ਭਾਰਦਵਾਜ ਉਪਰ ਇਹ ਹਮਲਾ ਸਾਰੀਆਂ ਸੰਸਥਾਵਾਂ ਅਤੇ ਰਾਜ-ਪ੍ਰਸ਼ਾਸਨ ਦੇ ਅਦਾਰਿਆਂ ਉਪਰ ਮੁਕੰਮਲ ਕੰਟਰੋਲ ਕਾਇਮ ਕਰਨ ਦੇ ਯਤਨਾਂ ਦੇ ਰੂਪ ਵਿਚ ਇਕ ਵੱਡਾ ਜਾਲ ਵਿਛਾਏ ਜਾਣ ਦਾ ਸੰਕੇਤ ਵੀ ਹੈ। ਅਸੀਂ ਤਮਾਮ ਜ਼ਿੰਮੇਦਾਰ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮੋਦੀ ਸਰਕਾਰ ਅਤੇ ਮੀਡੀਆ ਵਿਚਲੇ ਉਨ੍ਹਾਂ ਦੇ ਗੋਦੀ ਪ੍ਰਚਾਰਕਾਂ ਦੇ ਇਸ ਤਾਜ਼ਾ ਹਮਲੇ ਦਾ ਪਰਦਾਫਾਸ਼ ਕਰਦੇ ਹੋਏ ਇਸ ਦੀ ਨਿਖੇਧੀ ਕਰਨ ਜਿਸ ਵਲੋਂ ਲੋਕਤੰਤਰੀ ਸੰਸਥਾਵਾਂ ਨੂੰ ਬਾਈਪਾਸ ਕੀਤਾ ਜਾ ਰਿਹਾ ਹੈ, ਕਾਨੂੰਨ ਤੇ ਵਿਵਸਥਾ ਦੇ ਜੜ੍ਹੀਂ ਤੇਲ ਦਿੱਤਾ ਜਾ ਰਿਹਾ ਹੈ, ਅਸਹਿਮਤ ਆਵਾਜ਼ਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਕੁਚਲਿਆ ਜਾ ਰਿਹਾ ਹੈ ਜੋ ਇਸ ਨਿਰੰਕੁਸ਼ ਰਾਜ ਉਪਰ ਸਵਾਲ ਉਠਾਉਂਦੇ ਹਨ ਜਾਂ ਇਸ ਨੂੰ ਚੁਣੌਤੀ ਦਿੰਦੇ ਹਨ। (ਅਨੁਵਾਦ: ਬੂਟਾ ਸਿੰਘ)
___________________________
ਐਡਵੋਕੇਟ ਸੁਧਾ ਭਾਰਦਵਾਜ ਦਾ ਬਿਆਨ
ਮੈਨੂੰ ਪਤਾ ਲੱਗਿਆ ਹੈ ਕਿ ਰਿਪਬਲਿਕ ਟੀæਵੀæ ਨੇ 4 ਜੁਲਾਈ 2018 ਨੂੰ ਆਪਣੇ ਐਂਕਰ ਅਤੇ ਐਮæਡੀæ ਅਰਨਬ ਗੋਸਵਾਮੀ ਰਾਹੀਂ ‘ਸੁਪਰ ਐਕਸਕਲੂਸਿਵ ਬਰੇਕਿੰਗ ਨਿਊਜ਼’ ਦੇ ਨਾਂ ਹੇਠ ਪ੍ਰੋਗਰਾਮ ਪ੍ਰਸਾਰਿਤ ਕੀਤਾ ਹੈ। ਵਾਰ-ਵਾਰ ਪ੍ਰਸਾਰਿਤ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿਚ ਮੇਰੇ ਖਿਲਾਫ ਲਗਾਏ ਜਾਣ ਵਾਲੇ ਬੇਤੁਕੇ, ਅਪਮਾਨਜਨਕ, ਝੂਠੇ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਇਲਜ਼ਾਮਾਂ ਦੀ ਸੂਚੀ ਬਹੁਤ ਲੰਬੀ ਹੈ। ਗੋਸਵਾਮੀ ਦਾਅਵਾ ਕਰਦਾ ਹੈ ਕਿ ਮੈਂ (ਪ੍ਰੋਗਰਾਮ ਵਿਚ ਮੈਨੂੰ ਕਾਮਰੇਡ ਐਡਵੋਕੇਟ ਸੁਧਾ ਭਾਰਦਵਾਜ ਕਿਹਾ ਗਿਆ ਹੈ) ਮਾਓਵਾਦੀ ਕਾਰਕੁਨ (ਕਾਮਰੇਡ ਪ੍ਰਕਾਸ਼ ਨਾਂ ਦਾ ਕੋਈ ਸ਼ਖਸ) ਨੂੰ ਚਿੱਠੀ ਲਿਖੀ ਹੈ ਜਿਸ ਵਿਚ ‘ਕਸ਼ਮੀਰ ਵਰਗੇ ਹਾਲਾਤ’ ਬਣਾ ਦੇਣ ਦੀ ਗੱਲ ਕੀਤੀ ਗਈ ਹੈ। ਮੇਰੇ ਉਪਰ ਮਾਓਵਾਦੀਆਂ ਤੋਂ ਪੈਸੇ ਲੈਣ ਦਾ ਦੋਸ਼ ਵੀ ਲਾਇਆ ਗਿਆ ਹੈ। ਮੈਨੂੰ ਇਸ ਗੱਲ ਦੀ ਤਸਦੀਕ ਕਰਦੇ ਹੋਏ ਵੀ ਦਰਸਾਇਆ ਗਿਆ ਹੈ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕਈ ਸਿਰਕੱਢ ਵਕੀਲ ਜਿਨ੍ਹਾਂ ‘ਚੋਂ ਕਈ ਮੇਰੇ ਜਾਣਕਾਰ ਹਨ ਤੇ ਕਈ ਨਹੀਂ ਵੀ ਹਨ, ਮਾਓਵਾਦੀਆਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਸਬੰਧ ਰੱਖਦੇ ਹਨ।
ਮੈਂ ਪੂਰੀ ਦ੍ਰਿੜਤਾ ਅਤੇ ਸਪਸ਼ਟਤਾ ਨਾਲ ਇਨਕਾਰ ਕਰਦੀ ਹਾਂ ਕਿ ਮੈਂ ਕਦੇ ਵੀ ਅਜਿਹੀ ਕੋਈ ਚਿੱਠੀ (ਜੇ ਸੱਚਮੁੱਚ ਅਜਿਹਾ ਕੋਈ ਪੱਤਰ ਕਿਤੇ ਮੌਜੂਦ ਹੈ) ਨਹੀਂ ਲਿਖੀ ਜਿਸ ਦਾ ਹਵਾਲਾ ਗੋਸਵਾਮੀ ਦੇ ਰਿਹਾ ਹੈ। ਮੈਂ, ਰਿਪਬਲਿਕ ਟੀæਵੀæਵੱਲੋਂ ਮੇਰੇ ਉਪਰ ਇਲਜ਼ਾਮ ਲਾਉਣ, ਮੈਨੂੰ ਬਦਨਾਮ ਕਰਨ, ਮੇਰਾ ਪੇਸ਼ੇਵਾਰਾਨਾ ਨੁਕਸਾਨ ਕਰਨ ਅਤੇ ਮੈਨੂੰ ਨਿੱਜੀ ਤੌਰ ‘ਤੇ ਠੇਸ ਪਹੁੰਚਾਉਣ ਦਾ ਪੂਰੇ ਜ਼ੋਰ ਨਾਲ ਖੰਡਨ ਕਰਦੀ ਹਾਂ। ਆਪਣੇ ਪ੍ਰੋਗਰਾਮ ਵਿਚ ਰਿਪਬਲਿਕ ਟੀæਵੀæ ਨੇ ਐਸੀ ਕਿਸੇ ਚਿੱਠੀ ਦਾ ਸਰੋਤ ਨਹੀਂ ਦੱਸਿਆ। ਮੈਂ ਬਹੁਤ ਹੈਰਾਨ ਹਾਂ ਕਿ ਐਸੀ ਚਿੱਠੀ ਜੋ ਇੰਨੇ ਗੰਭੀਰ ਜੁਰਮ ਦਾ ਸਬੂਤ ਬਣ ਸਕਦੀ ਹੈ, ਸਭ ਤੋਂ ਪਹਿਲਾਂ ਅਰਨਬ ਗੋਸਵਾਮੀ ਦੇ ਟੀæਵੀæ ਸਟੂਡੀਓ ਵਿਚ ਕਿਵੇਂ ਪਹੁੰਚ ਜਾਂਦੀ ਹੈ। ਮੈਂ ਪਿਛਲੇ 30 ਸਾਲਾਂ ਤੋਂ ਮਜ਼ਦੂਰ ਨੇਤਾ ਮਰਹੂਮ ਸ਼ੰਕਰ ਗੁਹਾ ਨਿਓਗੀ ਦੁਆਰਾ ਬਣਾਈ ਜਥੇਬੰਦੀ ‘ਛੱਤੀਸਗੜ੍ਹ ਮੁਕਤੀ ਮੋਰਚਾ’ ਵਿਚ ਕੰਮ ਕਰਦੀ ਹੋਈ ਦਿੱਲੀ-ਰਾਜਹਾਰਾ ਅਤੇ ਭਿਲਾਈ ਦੇ ਕਿਰਤੀ ਕਾਮਿਆਂ ਦੀਆਂ ਝੁੱਗੀਆਂ-ਝੋਂਪੜੀਆਂ ਵਿਚ ਵਿਚਰਦੀ ਰਹੀ ਹਾਂ ਅਤੇ ਸੈਂਕੜੇ ਮਜ਼ਦੂਰ ਇਸ ਤੱਥ ਦੀ ਗਵਾਹੀ ਦੇ ਸਕਦੇ ਹਨ। ਟਰੇਡ ਯੂਨੀਅਨ ਕਾਰਕੁਨ ਦੇ ਆਪਣੇ ਕੰਮ ਵਜੋਂ ਹੀ ਮੈਂ ਸੰਨ 2000 ਵਿਚ ਵਕੀਲ ਬਣੀ ਅਤੇ ਉਦੋਂ ਤੋਂ ਲੈ ਕੇ ਮੈਂ ਕਿਰਤੀ-ਕਾਮਿਆਂ, ਕਿਸਾਨਾਂ, ਆਦਿਵਾਸੀਆਂ ਅਤੇ ਗ਼ਰੀਬ ਲੋਕਾਂ ਦੇ ਕਿਰਤ-ਕਾਨੂੰਨਾਂ, ਜ਼ਮੀਨਾਂ ਖੋਹੇ ਜਾਣ, ਜੰਗਲ ਸਬੰਧੀ ਹੱਕਾਂ ਅਤੇ ਵਾਤਾਵਰਨ ਨਾਲ ਜੁੜੇ ਹੱਕਾਂ ਦੇ ਖੇਤਰ ਨਾਲ ਸਬੰਧਤ ਸੈਂਕੜੇ ਹੀ ਕੇਸ ਲੜ ਚੁੱਕੀ ਹਾਂ। ਸੰਨ 2007 ਤੋਂ ਮੈਂ ਬਿਲਾਸਪੁਰ ਵਿਖੇ ਛੱਤੀਸਗੜ੍ਹ ਹਾਈ ਕੋਰਟ ਵਿਚ ਵਕਾਲਤ ਕਰ ਰਹੀ ਹਾਂ ਅਤੇ ਹਾਈ ਕੋਰਟ ਨੇ ਮੈਨੂੰ ਛੱਤੀਸਗੜ੍ਹ ਸਟੇਸ ਲੀਗਲ ਸਰਵਿਸਜ਼ ਅਥਾਰਟੀ ਦਾ ਮੈਂਬਰ ਨਾਮਜ਼ਦ ਕੀਤਾ ਹੋਇਆ ਹੈ। ਪਿਛਲੇ ਸਾਲ ਤੋਂ ਮੈਂ ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਵਿਖੇ ਵਿਜ਼ਟਿੰਗ ਪ੍ਰੋਫੈਸਰ ਦੀ ਹੈਸੀਅਤ ਵਿਚ ਕਾਨੂੰਨ ਦੀ ਸਿੱਖਿਆ ਦੇ ਰਹੀ ਹਾਂ, ਜਿਥੇ ਮੈਂ ਆਦਿਵਾਸੀਆਂ ਦੇ ਹੱਕਾਂ ਤੇ ਜ਼ਮੀਨਾਂ ਐਕਵਾਇਰ ਕੀਤੇ ਜਾਣ ਸਬੰਧੀ ਸੈਨੀਮਾਰ-ਕੋਰਸ ਪੜ੍ਹਾਇਆ ਅਤੇ ਕਾਨੂੰਨ ਤੇ ਗ਼ਰੀਬੀ ਬਾਰੇ ਆਮ ਕੋਰਸ ਲਈ ਅੰਸ਼ਕ ਤੌਰ ‘ਤੇ ਯੋਗਦਾਨ ਦਿੱਤਾ। ਦਿੱਲੀ ਜੁਡੀਸ਼ੀਅਲ ਅਕੈਡਮੀ ਦੇ ਪ੍ਰੋਗਰਾਮ ਦੇ ਇਕ ਹਿੱਸੇ ਵਜੋਂ ਮੈਂ ਸ੍ਰੀਲੰਕਾ ਦੀਆਂ ਲੇਬਰ ਕੋਰਟਾਂ ਦੇ ਮੁੱਖ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਮੇਰਾ ਲੋਕਪੱਖੀ ਕਿਰਦਾਰ ਅਤੇ ਮਨੁੱਖੀ ਹੱਕਾਂ ਬਾਰੇ ਕੀਤਾ ਕੰਮ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੇਰਾ ਇਹ ਕਿਰਦਾਰ ਅਤੇ ਕੰਮ, ਉਨ੍ਹਾਂ ਵਿਚਾਰਾਂ ਦੇ ਪੂਰੀ ਤਰ੍ਹਾਂ ਵਿਰੋਧ ਵਿਚ ਹੈ, ਜਿਨ੍ਹਾਂ ਵਿਚਾਰਾਂ ਦਾ ਪ੍ਰਚਾਰ ਰਿਪਬਲਿਕ ਟੀæਵੀæ ਅਤੇ ਅਰਨਬ ਗੋਸਵਾਮੀ ਪੂਰੇ ਜ਼ੋਰ-ਸ਼ੋਰ ਨਾਲ ਲਗਾਤਾਰ ਕਰਦੇ ਰਹਿੰਦੇ ਹਨ।
ਮੈਨੂੰ ਜਾਪਦਾ ਹੈ ਕਿ ਮੇਰੇ ਖਿਲਾਫ ਵਿੱਢੇ ਇਸ ਹਾਲੀਆ ਖੁਣਸੀ, ਪ੍ਰੇਰਿਤ ਅਤੇ ਬੇਬੁਨਿਆਦ ਹਮਲੇ ਦਾ ਕਾਰਨ ਇਹ ਹੈ ਕਿ ਮੈਂ, ਐਡਵੋਕੇਟ ਸੁਰਿੰਦਰ ਗਾਡਲਿੰਗ ਦੀ 6 ਜੂਨ ਨੂੰ ਹੋਈ ਗ੍ਰਿਫਤਾਰੀ ਦੇ ਖਿਲਾਫ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ। ਇਸ ਪ੍ਰੈੱਸ ਕਾਨਫਰੰਸ ਰਾਹੀਂ ਵਕੀਲਾਂ ਦੀ ਜੱਥੇਬੰਦੀ ‘ਦਿ ਇੰਡੀਅਨ ਐਸੋਸੀਏਸ਼ਨ ਆਫ ਪੀਪਲ’ਜ਼ ਲਾਇਰਜ਼’ (ਆਈæਏæਪੀæਐਲ਼) ਨੇ ਹੋਰ ਵਕੀਲਾਂ ਦੀ ਗ੍ਰਿਫਤਾਰੀ ਦਾ ਮਾਮਲਾ ਵੀ ਉਠਾਇਆ ਜਿਵੇਂ ਭੀਮ ਆਰਮੀ ਦੇ ਐਡਵੋਕੇਟ ਚੰਦਰ ਸ਼ੇਖਰ ਅਤੇ ਸਟਰਲਾਈਟ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕੀਤੇ ਐਡਵੋਕੇਟ ਵਾਚੀਨਾਥਨ ਦਾ ਮਾਮਲਾ। ਇਹ ਗੱਲ ਤਾਂ ਬਿਲਕੁਲ ਸਾਫ ਹੈ ਕਿ ਇਨ੍ਹਾਂ ਵਕੀਲਾਂ ਨੂੰ ਨਿਸ਼ਾਨਾ ਬਣਾ ਕੇ ਸਟੇਟ ਉਨ੍ਹਾਂ ਲੋਕਾਂ ਦੀ ਆਵਾਜ਼ ਖ਼ਾਮੋਸ਼ ਕਰਨਾ ਚਾਹੁੰਦਾ ਹੈ ਜੋ ਲੋਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਕਰਦੇ ਹਨ। ਸਟੇਟ ਦੀ ਕਾਰਜਨੀਤੀ ਇਹ ਹੈ ਕਿ ਬੇਰੁਖੀ ਵਾਲਾ ਮਾਹੌਲ ਸਿਰਜਿਆ ਜਾਵੇ ਅਤੇ ਲੋਕਾਂ ਨੂੰ ਬਰਾਬਰੀ ਦੇ ਆਧਾਰ ‘ਤੇ ਅਦਾਲਤੀ ਨਿਆਂ ਪ੍ਰਣਾਲੀ ਤੱਕ ਪਹੁੰਚ ਕਰਨ ਤੋਂ ਵਾਂਝਿਆਂ ਕੀਤਾ ਜਾਵੇ। ਇਕ ਗੱਲ ਇਹ ਵੀ ਹੈ ਕਿ ਹੁਣੇ ਜਿਹੇ ਆਈæਏæਪੀæਐਲ’ ਨੇ ਕਸ਼ਮੀਰ ਦੇ ਵਕੀਲਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਤੱਥ-ਖੋਜ ਕਮੇਟੀ ਬਣਾਈ ਸੀ। ਮਨੁੱਖੀ ਅਧਿਕਾਰਾਂ ਦੀ ਵਕੀਲ ਹੋਣ ਨਾਤੇ ਮੈਂ ਛੱਤੀਸਗੜ੍ਹ ਹਾਈ ਕੋਰਟ ਵਿਚ ਆਦਿਵਾਸੀਆਂ ਦੀ ਗ਼ੈਰ-ਕਾਨੂੰਨੀ ਨਜ਼ਰਬੰਦੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਲੜਦੀ ਰਹੀ ਹਾਂ ਅਤੇ ਬਹੁਤ ਸਾਰੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਦੇ ਹੱਕ ਵਿਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕਰਦੀ ਰਹੀ ਹਾਂ। ਹਾਲ ਹੀ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਛੱਤੀਸਗੜ੍ਹ ਸੂਬੇ ਦੇ ਸੁਕਮਾ ਜ਼ਿਲ੍ਹੇ ਦੇ ਪਿੰਡ ਕੋਂਡਾਸਾਵਲੀ ਦੇ ਇਕ ਮਾਮਲੇ ਦੀ ਜਾਂਚ ਸਬੰਧੀ ਮੇਰੇ ਤੱਕ ਪਹੁੰਚ ਕੀਤੀ ਸੀ। ਇਨ੍ਹਾਂ ਸਾਰੇ ਮਾਮਲਿਆਂ ਵਿਚ ਮੈਂ ਉਸੇ ਪੇਸ਼ੇਵਾਰਾਨਾ ਪਹੁੰਚ, ਦਿਆਨਤਦਾਰੀ ਅਤੇ ਦਲੇਰੀ ਨਾਲ ਕੰਮ ਕੀਤਾ ਜਿਸ ਤਰ੍ਹਾਂ ਦੀ ਉਮੀਦ ਮਨੁੱਖੀ ਹੱਕਾਂ ਦੇ ਵਕੀਲ ਤੋਂ ਕੀਤੀ ਜਾਂਦੀ ਹੈ। ਸ਼ਾਇਦ ਇਹੀ ਮੇਰਾ ‘ਜੁਰਮ’ ਹੈ ਜਿਸ ਕਾਰਨ ਅਰਨਬ ਗੋਸਵਾਮੀ ਦਾ ‘ਸੁਪਰ ਐਕਸਕਲੂਸਿਵ’ ਧਿਆਨ ਮੇਰੇ ਉਪਰ ਕੇਂਦਰਤ ਹੋ ਗਿਆ।
ਮੇਰੇ ਖਿਲਾਫ ਲਾਏ ਇਲਜ਼ਾਮਾਂ ਦੇ ਸਬੰਧ ਵਿਚ, ਮੈਂ ਆਪਣੇ ਵਕੀਲ ਨੂੰ ਅਰਨਬ ਗੋਸਵਾਮੀ ਅਤੇ ਰਿਪਬਲਿਕ ਟੀæਵੀæ ਨੂੰ ਕਾਨੂੰਨੀ ਨੋਟਿਸ ਭੇਜਣ ਲਈ ਲਈ ਕਹਿ ਦਿੱਤਾ ਹੈ।
-ਐਡਵੋਕੇਟ ਸੁਧਾ ਭਾਰਦਵਾਜ