ਪਿਆਰੇ ਅਮੋਲਕ ਸਿੰਘ ਜੀ, ਫਤਹਿ।
ਸੁਮੇਲ ਸਿੰਘ ਸਿੱਧੂ ਮੇਰੇ ਵਰਗੇ ਅਕਾਦਮਿਕ ਬੁੱਢਿਆਂ ਦੀ ਆਸ ਵਾਂਗ ਵਿਚਰਦਾ ਆ ਰਿਹਾ ਹੈ ਅਤੇ ਉਸ ਨੂੰ ਸੁਣਨਾ ਤੇ ਪੜ੍ਹਨਾ ਸ਼ਾਇਦ ਹੀ ਕਿਸੇ ਨੂੰ ਚੰਗਾ ਨਾ ਲੱਗਦਾ ਹੋਵੇ। ਇਹ ਲੇਖ ਪੜ੍ਹਦਿਆਂ ਵਰਤੇ ਹੋਏ ਮੁਹਾਵਰਿਆਂ ਤੋਂ ਮੇਰੇ ਸਾਹਮਣੇ ਸ਼ਿਵ ਤੋਂ ਸੁਮੇਲ ਤੱਕ ਦਾ ਪੈਂਡਾ ਇਉਂ ਲੰਘਿਆ ਅਤੇ ਸੁਮੇਲ ਦਾ ਲੇਖ ਵੀ ਮੈਂ ਕਵਿਤਾ ਵਾਂਗ ਹੀ ਪੜ੍ਹ ਗਿਆ। ਕਵਿਤਾ ਇਸ ਕਰਕੇ ਕਿ ਕਵਿਤਾ ਸੰਵਾਦ ਨੂੰ ਛੇੜਦੀ ਹੈ, ਵਲ੍ਹੇਟਦੀ ਨਹੀਂ।
‘ਪੱਜਲ ਸਿਆਣਪ’ ਅਤੇ ‘ਸਰਾਪੇ ਓਹੜ ਪੋਹੜ’ ਨਾਲ ਵਰਤਮਾਨ ਪੰਜਾਬ ਦਾ ਕੀ ਨਹੀਂ ਖੋਲ੍ਹਿਆ ਜਾ ਸਕਦਾ? ਹਵਾਲੇ ਵਿਚ ਬੇਸ਼ੱਕ ਵਰਤਮਾਨ “ਸੂਬੀ ਪੰਜਾਬਾ” ਹੈ ਅਤੇ ਭਾਰਤੀ ਸੰਵਿਧਾਨ ਦੇ ਅੰਤਰਗਤ ਜਿਹੋ ਜਿਹਾ ‘ਖਾਲਿਸਤਾਨ’ ਬਣ ਸਕਦਾ ਹੈ, ਉਹੋ ਜਿਹਾ ‘ਸੂਬੀ ਪੰਜਾਬਾ’ ਬਣ ਗਿਆ ਹੈ। ਇਹੀ ਸੁਮੇਲ ਦੇ ਸ਼ਬਦਾਂ ਵਿਚ ‘ਬੌਣੇ, ਬਦਰੰਗ ਅਤੇ ਬੰਜਰ ਪੰਜਾਬ’ ਵਾਂਗ ਪ੍ਰਗਟ ਹੋ ਕੇ ਜਿਹੋ ਜਿਹੀ ਹੋਣੀ ਦਾ ਸ਼ਿਕਾਰ ਹੋ ਗਿਆ ਹੈ, ਉਸ ਬਾਰੇ ਇਸ ਲੇਖ ਦੇ ਹਵਾਲੇ ਨਾਲ ਚਰਚਾ ਇਸ ਕਰਕੇ ਛਿੜਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਏਜੰਡਾ ਆਪ ਬਣਾਉਣ ਦੀ ਕੋਸ਼ਿਸ਼ ਕਰ ਸਕੀਏ। ਚਰਚਾ ਨੂੰ ਸੱਚੇ ਹੋਣ ਦੇ ਭਰਮ ਤੋਂ ਮੁਕਤ ਰੱਖਣਾ ਵੀ ਇਸ ਵੇਲੇ ਦੀ ਸਮੱਸਿਆ ਹੀ ਸਮਝਣਾ ਚਹੀਦਾ ਹੈ।
ਸੁਮੇਲ ਨੂੰ ਜਾਣਨ ਵਾਲਿਆਂ ਨੇ ਉਸ ਨੂੰ ਕਾਮਰੇਡ ਅਤੇ ਖਾਲਸੇ ਦੇ ਸੰਗਮ ਵਜੋਂ ਵੇਖਣ ਦੀਆਂ ਅਕਸਰ ਕੋਸ਼ਿਸ਼ਾਂ ਕੀਤੀਆਂ ਹੋਈਆਂ ਹਨ। ਅਜਿਹੀ ਸੰਗਮੀ ਪਰਤ ਦਾ ਪ੍ਰਤੀਨਿਧ ਨਾ ਸੁਮੇਲ ਪਹਿਲਾ ਹੈ ਤੇ ਨਾ ਆਖਰੀ ਹੈ। ਇਹ ਮੈਂ ਗਦਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਦੇ ਹਵਾਲੇ ਨਾਲ ਕਹਿ ਰਿਹਾ ਹਾਂ। ਪਰ ਸੁਮੇਲ ਤਾਂ ਦੋਹਾਂ ਵਿਚੋਂ ਕਿਸੇ ਦੇ ਵੀ ਕਦੇ ਕਾਬੂ ਨਹੀਂ ਆਇਆ ਕਿਉਂਕਿ ਉਹ ਮੈਨੂੰ ਬੰਧਨਮੁਕਤ ਸੰਤ ਵਾਂਗ ਵਿਚਰਨ ਵੱਲ ਛਾਲੀਂ ਵਧਦਾ ਨਜ਼ਰ ਆਉਂਦਾ ਰਿਹਾ ਹੈ।
ਮਸਲਾ ਇਸ ਵੇਲੇ ਪੰਜਾਬ ਦੀ ਸਿਰਜਣਾ ਨਾਲੋਂ ਵੱਧ ਪੰਜਾਬਾਂ ਦੀ ਸੰਭਾਲ ਦਾ ਹੈ ਕਿਉਂਕਿ ਪੰਜਾਬ ਦਾ ਸਿਆਸੀ ਅਪਹਰਣ ਹੋ ਗਿਆ ਹੈ ਅਤੇ ਪੰਜਾਬਾਂ ਨੂੰ ਸਿਆਸੀ ਅਪਹਰਣ ਤੋਂ ਬਚਾਏ ਜਾਣ ਦੀ ਲੋੜ ਹੈ। ਇਸ ਵਾਸਤੇ ਪ੍ਰਾਪਤ ਵਿਧੀਆਂ ਮੁਤਾਬਕ ਏਜੰਡਾ ਤੈਅ ਕਰਨ ਵਾਲੇ ਰਾਹ ਅਜੇ ਅਸੀਂ ਤੁਰਨਾ ਹੈ। ਸੁਮੇਲ ਦੇ ਕਿਸੇ ਵੀ ਸੁਝਾਅ ਨਾਲ ਸਹਿਮਤ ਹੋਏ ਬਿਨਾ ਵੀ ਕਿਸੇ ਸਾਂਝੀ-ਸਮਝ ‘ਤੇ ਪਹੁੰਚਣ ਦੇ ਯਤਨ ਹੋਣੇ ਚਾਹੀਦੇ ਹਨ। ਇਸ ਰਾਹੇ ਤੁਰਾਂਗੇ ਤਾਂ ਸਮਝ ਸਕਾਂਗੇ ਕਿ ਸਿੱਖ ਹੋਏ ਬਿਨਾ ਸਿੱਖ ਹੋ ਸਕਣ ਦੀ ਵਿਵਸਥਾ ਕੇਵਲ ਸਿੱਖ ਧਰਮ ਨਾਲ ਹੀ ਸਾਹਮਣੇ ਆਈ ਸੀ। ਇਸ ਪਾਸੇ ਉਸ ਤਰ੍ਹਾਂ ਦੇ ਖਿਲਰੇ-ਪੁਲਰੇ ਯਤਨ ਲੇਖਕਾਂ ਰਾਹੀਂ ਸ਼ੁਰੂ ਹੋ ਵੀ ਚੁਕੇ ਹਨ ਅਤੇ ਉਨ੍ਹਾਂ ਵਿਚੋਂ ਇਕ ਹਵਾਲਾ ਸਵਰਾਜਬੀਰ ਦਾ ਇਸ ਲੇਖ ਵਿਚ ਆ ਗਿਆ ਹੈ।
ਪੰਜਾਬੀ ਸੂਬੇ ਦੇ ਹਵਾਲੇ ਨਾਲ ਨਤੀਜਿਆਂ ‘ਤੇ ਨਹੀਂ, ਸਿਆਸਤ ਤੱਕ ਹੀ ਪਹੁੰਚਿਆ ਜਾ ਸਕਦਾ ਹੈ। ਸਿੱਖੀ ਦੇ ਸਿਆਸਤ ਵਲੋਂ ਅਪਹਰਣ ਨੇ ਅਜਿਹਾ ਪੰਥਕ ਸ਼ਿਕੰਜਾ ਪੈਦਾ ਕਰ ਲਿਆ ਹੈ, ਜਿਸ ਨਾਲ ਸਿੱਖੀ ਘੁਟਣ ਮਹਿਸੂਸ ਕਰ ਰਹੀ ਹੈ ਅਤੇ ਪੰਥਕਤਾ ਆਵਾਜਾਰੀ ਮਹਿਸੂਸ ਕਰ ਰਹੀ ਹੈ। ਇਹ ਸੋਚਣ ਦਾ ਮੌਕਾ ਆ ਗਿਆ ਹੈ ਕਿ ਸਿੱਖ ਦੇ ਤੌਰ ‘ਤੇ ਅਸੀਂ ਕਿਥੇ ਤੱਕ ਪਹੁੰਚਦੇ ਰਹੇ ਹਾਂ ਅਤੇ ਪੰਥ ਦੇ ਤੌਰ ‘ਤੇ ਅਸੀਂ ਕਿਥੋਂ ਤੱਕ ਪਹੁੰਚ ਸਕੇ ਹਾਂ? ਮੈਨੂੰ ਤਾਂ ਇਹੀ ਸਮਝ ਆਇਆ ਹੈ ਕਿ ਸਿੱਖ ਦੇ ਤੌਰ ‘ਤੇ ਅਸੀਂ ਬਾਣੀ ਨੂੰ ਅੰਗ-ਸੰਗ ਰੱਖ ਕੇ ਪਹੁੰਚਦੇ ਰਹੇ ਹਾਂ ਅਤੇ ਪੰਥ ਦੇ ਤੌਰ ‘ਤੇ ਅਸੀਂ ਇਤਿਹਾਸ ਦੇ ਆਸਰੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਸਿੱਖੀ ਵਿਚ ਪੰਥ ਸੁਤੇ ਸਿੱਧ ਹੀ ਸ਼ਾਮਲ ਰਿਹਾ ਹੈ, ਪਰ ਪੰਥ ਵਿਚ ਸਿੱਖੀ ਨੂੰ ਸ਼ਾਮਲ ਕਰਨ ਦੀ ਲੋੜ ਪੈ ਰਹੀ ਹੈ। ਇਹ ਇਸ ਲਈ ਕਹਿ ਰਿਹਾ ਹਾਂ ਕਿ ਸੁਮੇਲ ਨੇ ਲੇਖ ਦੇ ਆਖਰੀ ਵਾਕ ਵਿਚ ‘ਪੰਥ ਨੂੰ ਸਮਰਪਿਤ ਹੋਣ ਦਾ ਇਕਰਾਰ ਕਰੀਏ’ ਕਹਿ ਕੇ ਆਪਣੇ ਨੈਰੇਟਿਵ ਨੂੰ ਬੰਨ੍ਹ ਮਾਰਨ ਦੀ ਵਧੀਕੀ ਕਰ ਲਈ ਹੈ। ਪੰਥ, ਗੁਰੂ-ਕਿਰਤ ਹੈ ਅਤੇ ਰਹੇਗਾ, ਪਰ ਵਰਤਮਾਨ ਵਿਚ ਪੰਥ, ਪੰਥਕ ਕਿਰਤ ਹੋ ਜਾਣ ਦੇ ਰੋਹੜ ਵਿਚ ਧਰਮ ਨੂੰ ਸਿਆਸਤ ਵਾਸਤੇ ਵਰਤਣ ਦੀ ਸਿੱਖ ਸਿਆਸਤ ਹੁੰਦਾ ਜਾ ਰਿਹਾ ਹੈ। ਇਸ ਬਾਰੇ ਆਪ ਨਹੀਂ ਸੋਚਾਂਗੇ ਤਾਂ ਪੰਥਕ ਆਪਾਧਾਪੀ ਨੂੰ ਸਿੱਖੀ ਸਮਝਣ ਦਾ ਸ਼ਿਕਾਰ ਹੋ ਜਾਣ ਤੋਂ ਨਹੀਂ ਬਚ ਸਕਾਂਗੇ। ਮੇਰੀ ਇਹ ਟਿਪਣੀ ਜੇ ਸੁਮੇਲ ਦੇ ਲੇਖ ਤੋਂ ਬਾਹਰ ਵੀ ਲੱਗਦੀ ਹੋਵੇ ਤਾਂ ਵੀ ਇਸ ਨੂੰ ਸੁਮੇਲ ਦੀ ਨਿਰੰਤਰਤਾ ਵਿਚ ਹੀ ਵੇਖਿਆ ਜਾਣਾ ਚਾਹੀਦਾ ਹੈ।
-ਬਲਕਾਰ ਸਿੰਘ (ਪ੍ਰੋਫੈਸਰ)
ਫੋਨ: 91-93163-01328