ਨਸ਼ੇ ਅਤੇ ਪੰਜਾਬ ਸਰਕਾਰ ਦੀ ਖਾਨਾਪੂਰਤੀ

ਪੰਜਾਬ ਵਿਚ ਨਸ਼ਿਆਂ ਖਿਲਾਫ ਉਠੀ ਆਪ-ਮੁਹਾਰੀ ਮੁਹਿੰਮ ਦਾ ਅਸਰ ਦਿਸਿਆ ਹੈ। ਵੱਖ ਵੱਖ ਥਾਈਂ ਅਣਗਿਣਤ ਲੋਕਾਂ ਨੇ ਰੋਸ ਵਿਖਾਵੇ ਕੀਤੇ ਹਨ ਅਤੇ ਸਭ ਤੋਂ ਵੱਡੀ ਗੱਲ, ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਸ ਮਸਲੇ ਬਾਰੇ ਵਿਚਾਰ ਕਰਨ ਲਈ ਉਚੇਚੀ ਮੀਟਿੰਗ ਸੱਦਣੀ ਪੈ ਗਈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਘਿਰ ਗਏ ਅਤੇ ਪੁਲਿਸ ਮੁਖੀ ਸੁਰੇਸ਼ ਅਰੋੜਾ ਸਮੇਤ ਹੋਰ ਉਚ ਅਫਸਰਾਂ ਦੀ ਕਾਰਗੁਜ਼ਾਰੀ ਉਤੇ ਵੀ ਸਵਾਲੀਆ ਨਿਸ਼ਾਨ ਲਾਇਆ ਗਿਆ। ਇਉਂ ਪਹਿਲੇ ਹੀ ਝਟਕੇ ਤਹਿਤ ਮੋਗਾ ਦੇ ਐਸ਼ਐਸ਼ਪੀæ ਰਾਜਜੀਤ ਸਿੰਘ, ਜਿਸ ਦਾ ਨਾਂ ਇਨ੍ਹਾਂ ਮਾਮਲਿਆਂ ਵਿਚ ਵਾਹਵਾ ਵੱਜਦਾ ਰਿਹਾ ਹੈ, ਨੂੰ ਬਦਲ ਦਿੱਤਾ ਹੈ।

ਇਹੀ ਨਹੀਂ, ਕੁੜੀਆਂ ਨੂੰ ਨਸ਼ਿਆਂ ਦੀ ਆਦਤ ਲਾਉਣ ਦੇ ਦੋਸ਼ਾਂ ਵਿਚ ਘਿਰੇ ਡੀæਐਸ਼ਪੀæ ਦਲਜੀਤ ਸਿੰਘ ਢਿੱਲੋਂ ਨੂੰ ਬਰਤਰਫ਼ ਕਰ ਦਿੱਤਾ ਗਿਆ ਹੈ। ਉਸ ਨੂੰ 28 ਜੂਨ ਨੂੰ ਮੁਅੱਤਲ ਕੀਤਾ ਗਿਆ ਸੀ। ਸੂਹ ਹੈ ਕਿ ਦੋ ਦਰਜਨ ਤੋਂ ਵੱਧ ਦਾਗੀ ਪੁਲਿਸ ਅਧਿਕਾਰੀਆਂ ਵਿਰੁਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਇਕ ਮੰਤਰੀ ਵਲੋਂ ਦਿਖਾਈ ਤਸਵੀਰ ਤੋਂ ਬਾਅਦ ਮੁੱਖ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਸੂਬੇ ਵਿਚ ਨਸ਼ਿਆਂ ਦੇ ਕਹਿਰ ਕਾਰਨ ਸੂਬੇ ਦੀ ਜਵਾਨੀ ਗਰਕ ਹੋ ਰਹੀ ਹੈ ਅਤੇ ਇਸ ਬਾਰੇ ਤੁਰੰਤ ਕੁਝ ਕਰਨ ਦੀ ਜ਼ਰੂਰਤ ਹੈ। ਵਜ਼ਾਰਤ ਨੇ ਸੂਬੇ ਵਿਚ ਨਸ਼ੀਲੇ ਪਦਾਰਥਾਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਕਾਰਨ ਪੈਦਾ ਹੋਏ ਰੋਹ ਦੇ ਮੱਦੇਨਜ਼ਰ ਨਸ਼ੀਲੇ ਪਦਾਰਥਾਂ ਦੇ ਧੰਦੇ ਨੂੰ ਵੱਡਾ ਅਪਰਾਧ ਮੰਨਦਿਆਂ ਇਸ ਦੇ ਸੌਦਾਗਰਾਂ ਅਤੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਨਸ਼ੀਲੇ ਪਦਾਰਥਾਂ ਦੀ ਬੇਰੋਕ-ਟੋਕ ਸਮਗਲਿੰਗ ਨੂੰ ਹਰ ਰੋਜ਼ ਚੈਕ ਕਰਨ ਵਾਸਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਐਨæਐਸ਼ ਕਲਸੀ ਦੀ ਅਗਵਾਈ ਹੇਠ ਵਿਸ਼ੇਸ਼ ਕਾਰਜ ਗਰੁਪ ਕਾਇਮ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਜੋ ਨਸ਼ਿਆਂ ‘ਤੇ ਕਾਬੂ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸਮੀਖਿਆ ਅਤੇ ਨਿਗਰਾਨੀ ਕਰੇਗਾ। ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਸਬ-ਕਮੇਟੀ ਵੀ ਬਣਾਈ ਗਈ ਹੈ ਅਤੇ ਵਿਸ਼ੇਸ਼ ਕਾਰਜ ਗਰੁਪ ਕਮੇਟੀ ਨੂੰ ਸਿੱਧੇ ਤੌਰ ‘ਤੇ ਰਿਪੋਰਟ ਕਰੇਗਾ। ਇਹ ਕਮੇਟੀ ਹਫ਼ਤੇ ਵਿਚ ਇਕ ਵਾਰ ਮੀਟਿੰਗ ਕਰਕੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਪ੍ਰਗਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ ਕਰੇਗੀ। ਮੀਟਿੰਗ ਦਾ ਮਿਜ਼ਾਜ ਇੰਨਾ ਤਲਖ ਅਤੇ ਤਿੱਖਾ ਸੀ ਕਿ ਇਕ ਮੰਤਰੀ ਨੇ ਤਾਂ ਮੁੱਖ ਮੰਤਰੀ ਨੂੰ ਉਹ ਤਸਵੀਰ ਵੀ ਦਿਖਾ ਦਿੱਤੀ ਜਿਸ ਵਿਚ ਉਹ ਚੋਣਾਂ ਤੋਂ ਪਹਿਲਾਂ ਨਸ਼ਿਆਂ ਦੇ ਖ਼ਾਤਮੇ ਲਈ ਗੁਟਕਾ ਹੱਥ ਵਿਚ ਲੈ ਕੇ ਸਹੁੰ ਚੁੱਕ ਰਹੇ ਹਨ, ਇਸ ਫੋਟੋ ਵਿਚ ਉਨ੍ਹਾਂ ਦੇ ਮੂੰਹ ਉਤੇ ਕਾਲਖ ਮਲੀ ਹੋਈ ਸੀ। ਇਸ ਮੰਤਰੀ ਨੂੰ ਭਲਕ ਦੀ ਤਸਵੀਰ ਦਿਸ ਰਹੀ ਸੀ ਅਤੇ ਉਸ ਨੇ ਕਿਹਾ ਵੀ ਕਿ ਲੋਕਾਂ ਦਾ ਗੁੱਸਾ ਇਸ ਕਦਰ ਵਧ ਰਿਹਾ ਹੈ, ਭਲਕੇ ਮੰਤਰੀਆਂ-ਵਿਧਾਇਕਾਂ ਦੇ ਮੂੰਹਾਂ ‘ਤੇ ਵੀ ਕਾਲਖ ਮਲਣ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ।
ਇਹ ਅਸਲ ਵਿਚ ਲੋਕਾਂ ਵਲੋਂ ਨਸ਼ਿਆਂ ਖਿਲਾਫ ਹੇਠੋਂ ਉਠੀ ਮੁਹਿੰਮ ਦਾ ਹੀ ਅਸਰ ਹੈ। ਸੂਬੇ ਅੰਦਰ ਪਿਛਲੇ ਕੁਝ ਦਿਨਾਂ ਦੌਰਾਨ ਜਿਸ ਢੰਗ ਨਾਲ ਮੌਤਾਂ ਹੋਈਆਂ ਹਨ, ਉਸ ਨਾਲ ਲੋਕਾਂ ਦੇ ਸਬਰ ਦਾ ਪਿਆਲਾ ਆਖਰਕਾਰ ਭਰ ਗਿਆ। ਲੋਕ, ਆਗੂਆਂ ਦੇ ਨਾਂ ਲੈ-ਲੈ ਕੇ ਉਨ੍ਹਾਂ ਖਿਲਾਫ ਕਾਰਵਾਈ ਮੰਗ ਰਹੇ ਹਨ। ਸੂਹ ਹੈ ਕਿ ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਵੀ ਪੰਜਾਬ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਕਿਹਾ ਕਿ ਜੇ ਇਸ ਸ਼ਖਸ ਖਿਲਾਫ ਹੁਣ ਵੀ ਕੋਈ ਕਾਰਵਾਈ ਨਹੀਂ ਕਰਨੀ ਤਾਂ ਚੂੜੀਆਂ ਪਾ ਕੇ ਬੈਠ ਜਾਣਾ ਚਾਹੀਦਾ ਹੈ। ਇਸ ਮਾਮਲੇ ‘ਤੇ ਦੋਹਾਂ ਵਿਰੋਧੀ ਪਾਰਟੀਆਂ-ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਸ਼ਿਆਂ ਵਾਲੇ ਕੇਸ ਵਿਚ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਵਾਲੀ ਗੱਲ ਲੋਕ ਭੁੱਲੇ ਨਹੀਂ ਹਨ। ਉਧਰ, ਅਕਾਲੀ ਦਲ ਦੇ ਆਗੂ ਤਾਂ ਇਸ ਮਾਮਲੇ ਬਾਰੇ ਕੁਝ ਕਹਿਣ ਜੋਗੇ ਵੀ ਨਹੀਂ ਹਨ। ਉਂਜ ਆਪ-ਮੁਹਾਰੀ ਉਠੀ ਇਸ ਲਹਿਰ ਬਾਰੇ ਇਕ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬਿਨਾਂ ਕਿਸੇ ਅਗਵਾਈ ਤੋਂ ਅਜਿਹੀ ਮੁਹਿੰਮ ਆਖਰ ਕਿਥੇ ਤੱਕ ਮਾਰ ਕਰ ਸਕੇਗੀ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਇਸ ਮੁਹਿੰਮ ਨੂੰ ਸਹੀ ਦਿਸ਼ਾ ਨਾ ਦਿੱਤੀ ਗਈ ਤਾਂ ਇਹ ਆਖਕਰਕਾਰ ਕਿਸੇ ਧਿਰ ਦੇ ਸਿਆਸੀ ਫਾਇਦੇ ਦਾ ਸਬੱਬ ਬਣ ਜਾਵੇਗੀ। ਕੁਝ ਇਕ ਨੇ ਇਸ ਮੁਹਿੰਮ ਨੂੰ ਸਿਰਫ ‘ਫੇਸਬੁੱਕੀ’ ਮੁਹਿੰਮ ਆਖਿਆ ਹੈ। ਕੁਝ ਵੀ ਹੋਵੇ, ਇਸ ਮੁਹਿੰਮ ਨੇ ਦਿਖਾ ਦਿੱਤਾ ਹੈ ਕਿ ਜਦੋਂ ਆਗੂ ਅਗਵਾਈ ਕਰਨ ਦੇ ਸਮਰੱਥ ਨਹੀਂ ਰਹਿੰਦੇ ਤਾਂ ਲੋਕ ਖੁਦ ਅਗਵਾਈ ਲਈ ਨਿਕਲ ਤੁਰਦੇ ਹਨ। ਕੁਝ ਮਾਹਿਰਾਂ ਨੇ ਵਜ਼ਾਰਤੀ ਮੀਟਿੰਗ ਦੇ ਫੈਸਲਿਆਂ ਨੂੰ ਹੰਝੂ ਪੂੰਝਣ ਦੇ ਤੁਲ ਆਖਿਆ ਹੈ ਅਤੇ ਕਿਹਾ ਹੈ ਕਿ ਹੁਣ ਠੋਸ ਕਾਰਵਾਈ ਦੀ ਜ਼ਰੂਰਤ ਹੈ। ਧਿਆਨ ਦੇਣ ਵਾਲਾ ਨੁਕਤਾ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਆਪਣਾ ਕੇਸ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ ਬਕਾਇਆ ਪਿਆ ਹੈ ਅਤੇ ਇਹ ਮਹਿਕਮਾ ਸਿੱਧਾ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਕੋਲ ਹੈ ਜਿਸ ਨੇ ਪਿਛਲੇ ਸਮੇਂ ਦੌਰਾਨ ਇਕ ਅਕਾਲੀ ਆਗੂ ਨੂੰ ਬਚਾਉਣ ਲਈ ਹਰ ਹੀਲਾ ਕੀਤਾ ਸੀ। ਹੁਣ ਦੇਖਣਾ ਇਹ ਹੈ ਕਿ ਖੁਦ ਕੁੜਿੱਕੀ ਵਿਚ ਫਸੇ ਕੈਪਟਨ ਅਮਰਿੰਦਰ ਸਿੰਘ ਕਿੰਨੀ ਕੁ ਤਕੜੀ ਕਾਰਵਾਈ ਕਰਦੇ ਹਨ ਜਾਂ ਫਿਰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਬਹੁਤ ਵੱਡਾ ਫੈਸਲਾ ਕਰਦਿਆਂ ਉਨ੍ਹਾਂ ਦੀ ਥਾਂ ਪੰਜਾਬ ਸਰਕਾਰ ਦੀ ਵਾਗਡੋਰ ਕਿਸੇ ਹੋਰ ਲੀਡਰ ਦੇ ਹੱਥ ਦੇਣ ਦਾ ਜੇਰਾ ਦਿਖਾਉਂਦੀ ਹੈ। ਲੋਕਾਂ ਦਾ ਤਿੱਖਾ ਰੋਹ ਦਰਸਾ ਰਿਹਾ ਹੈ ਕਿ ਹੁਣ ਕੁਝ ਕੀਤੇ ਬਗੈਰ ਸਰਨਾ ਨਹੀਂ ਅਤੇ ਨਵਾਂ ਅਧਿਆਏ ਲਿਖੇ ਜਾਣ ਦਾ ਵਕਤ ਹੁਣ ਆ ਗਿਆ ਹੈ।