ਉੜਤਾ ਪੰਜਾਬ: ਲੋਕ ਰੋਹ ਨੇ ਕੈਪਟਨ ਦੀਆਂ ਅੱਖਾਂ ਖੋਲ੍ਹੀਆਂ

ਸੱਤਾ ਤੋਂ ਡੇਢ ਸਾਲ ਬਾਅਦ ਕੀਤੀ ਨਸ਼ਿਆਂ ਬਾਰੇ ਉਚੇਚੀ ਮੀਟਿੰਗ
ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਨਾਲ ਡੇਢ ਹਫਤੇ ਵਿਚ 16 ਤੋਂ ਵੱਧ ਨੌਜਵਾਨਾਂ ਦੀਆਂ ਮੌਤਾਂ ਪਿੱਛੋਂ ਕੈਪਟਨ ਸਰਕਾਰ ਦੀ ਅੱਖ ਆਖਰਕਾਰ ਖੁੱਲ੍ਹ ਗਈ ਹੈ। ਸੱਤਾ ਪ੍ਰਾਪਤੀ ਦੇ ਡੇਢ ਸਾਲ ਪਿੱਛੋਂ ਪਹਿਲੀ ਵਾਰ ਉਚ ਅਹੁਦੇ ਵਾਲੇ ਅਫਸਰ ਉਤੇ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਆਦਤ ਲਾਉਣ ਦੇ ਮਾਮਲੇ ਵਿਚ ਸ਼ਾਮਲ ਡੀæਐਸ਼ਪੀæ ਦਲਜੀਤ ਸਿੰਘ ਢਿੱਲੋਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਅਫਸਰ ਉਤੇ ਦੋ ਔਰਤਾਂ ਵੱਲੋਂ ਨਸ਼ੇ ਦੀ ਲਤ ਲਾਉਣ ਦੇ ਦੋਸ਼ ਲਾਏ ਸਨ। ਇਸ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੋਗਾ ਦੇ ਐਸ਼ਐਸ਼ਪੀæ ਰਾਜਜੀਤ ਦਾ ਤਬਾਦਲਾ ਕਰ ਦਿੱਤਾ ਹੈ।

ਪੰਜਾਬ ਵਜ਼ਾਰਤ ਨੇ ਨਸ਼ੇ ਦੇ ਸੌਦਾਗਰਾਂ ਅਤੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਹੈ। ਦੱਸ ਦਈਏ ਕਿ ਨਸ਼ਿਆਂ ਕਾਰਨ ਮੌਤਾਂ ਪਿੱਛੋਂ ਪੈਦਾ ਹੋਏ ਲੋਕ ਰੋਹ ਨੂੰ ਵੇਖਦੇ ਹੋਏ ਪੰਜਾਬ ਵਜ਼ਾਰਤ ਦੀ ਮੀਟਿੰਗ ਸੱਦੀ ਸੀ ਜਿਸ ਵਿਚ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਤਿੱਖੀ ਬਹਿਸ ਹੋਈ। ਕੁਝ ਮੰਤਰੀਆਂ ਨੇ ਨਸ਼ਿਆਂ ਦੇ ਕੇਸਾਂ ਨਾਲ ਜੁੜੇ ਪੁਲਿਸ ਅਧਿਕਾਰੀਆਂ ਵਿਰੁਧ ਫੌਰੀ ਕਾਰਵਾਈ ਉਤੇ ਜ਼ੋਰ ਦਿੱਤਾ। ਵਜ਼ਾਰਤ ਨੇ ਨਸ਼ੀਲੇ ਪਦਾਰਥਾਂ ਦੀ ਬੇਰੋਕ ਟੋਕ ਸਮਗਲਿੰਗ ਨੂੰ ਹਰ ਰੋਜ਼ ਚੈੱਕ ਕਰਨ ਵਾਸਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਐਨæਐਸ਼ ਕਲਸੀ ਦੀ ਅਗਵਾਈ ਹੇਠ ਵਿਸ਼ੇਸ਼ ਕਾਰਜ ਗਰੁਪ ਕਾਇਮ ਕਰਨ ਦਾ ਫੈਸਲਾ ਕੀਤਾ ਹੈ ਜੋ ਨਸ਼ਿਆਂ ‘ਤੇ ਕਾਬੂ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸਮੀਖਿਆ ਅਤੇ ਨਿਗਰਾਨੀ ਕਰੇਗਾ। ਮੀਟਿੰਗ ਵਿਚ ਪੁਲਿਸ ਅਫਸਰਾਂ ਤੋਂ ਇਲਾਵਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਿਸ਼ਾਨੇ ਉਤੇ ਰਹੇ।
ਯਾਦ ਰਹੇ ਕਿ ਪੰਜਾਬ ਸਰਕਾਰ, ਖਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਮੁੱਦੇ ਉਤੇ ਬੁਰੀ ਤਰ੍ਹਾਂ ਘਿਰੇ ਹੋਏ ਹਨ। ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਵੱਲੋਂ ਗੁਟਕਾ ਨੂੰ ਹੱਥ ਵਿਚ ਫੜ ਕੇ ਚਾਰ ਹਫਤਿਆਂ ਵਿਚ ਨਸ਼ਿਆਂ ਦਾ ਖਾਤਮਾ ਕਰਨ ਦੀ ਖਾਧੀ ਸਹੁੰ ਦੀ ਵੀਡੀਓ ਉਪਰ ਕਈ ਤਰ੍ਹਾਂ ਦੀਆਂ ਤਿੱਖੀਆਂ ਟਿੱਪਣੀਆਂ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀਆਂ ਪਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਝੂਠੀ ਸਹੁੰ ਖਾਣ ਬਦਲੇ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਵੀ ਚਰਚਾ ਹੈ। ਉਧਰ, ਸੋਸ਼ਲ ਮੀਡੀਆ ਰਾਹੀਂ ਕੁਝ ਲੋਕਾਂ ਵੱਲੋਂ ‘ਮਰੋ ਜਾਂ ਵਿਰੋਧ ਕਰੋ’ ਅਤੇ ‘ਚਿੱਟੇ ਵਿਰੁੱਧ ਕਾਲਾ ਹਫਤਾ’ ਮਨਾਉਣ ਦੇ ਦਿੱਤੇ ਸੱਦੇ ਉਪਰ ਲੋਕ ਲਹਿਰ ਖੜ੍ਹੀ ਹੋ ਰਹੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਨੇ ਨਸ਼ਿਆਂ ਨੂੰ ਠੱਲ੍ਹਣ ਤੋਂ ਅਸਮਰੱਥ ਰਹਿਣ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾ ਰਿਹਾ ਹੈ। ਸੰਸਦ ਮੈਂਬਰ ਭਗਵੰਤ ਮਾਨ, ਜੋ ਪਾਰਟੀ ਦੀਆਂ ਸਰਗਰਮੀਆਂ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਕੇ ਬੈਠ ਗਏ ਸਨ, ਵੀ ਸੰਘਰਸ਼ ਵਿਚ ਕੁੱਦ ਪਏ ਹਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਸਰਕਾਰ ਵਿਰੁਧ ਇਸ ਮੁੱਦੇ ਉਪਰ ਸੰਘਰਸ਼ ਵਿੱਢ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਮਸਲੇ ਉਤੇ ਚੁੱਪ ਧਾਰੀ ਬੈਠਾ ਹੈ। ਚਰਚਾ ਹੈ ਕਿ ਉਸ ਨੂੰ ਆਪਣੇ ਸੀਨੀਅਰ ਆਗੂਆਂ ਦੇ ਇਸ ਮਾਮਲੇ ਵਿਚ ਘਿਰਨ ਦਾ ਡਰ ਹੈ। ਪਿਛਲੇ ਦਿਨਾਂ ਤੋਂ ਨਸ਼ੇ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਿਆਂ ਦੇ ਰਾਹ ਪਾਈਆਂ ਕੁੜੀਆਂ ਵੱਲੋਂ ਨਿਸੰਗ ਹੋ ਕੇ ਕੈਪਟਨ ਸਰਕਾਰ ਵਿਰੁਧ ਮੈਦਾਨ ਵਿਚ ਆਉਣ ਕਾਰਨ ਸਰਕਾਰ ਕਸੂਤੀ ਸਥਿਤੀ ‘ਚ ਫਸ ਗਈ ਸੀ।
ਜ਼ਿਕਰਯੋਗ ਹੈ ਕਿ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੁਕਮਰਾਨ ਕਾਂਗਰਸ ਪਾਰਟੀ ਦੇ 40 ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਸਾਂਝਾ ਪੱਤਰ ਲਿਖ ਕੇ ਚੋਣਾਂ ਵਿਚ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਜੇਲ੍ਹਾਂ ਵਿਚ ਸੁੱਟਣ ਦੀ ਫਰਿਆਦ ਕੀਤੀ ਸੀ। ਮੁੱਖ ਮੰਤਰੀ ਨੇ ਸਾਰਿਆਂ ਨੂੰ ਇਹ ਕਹਿ ਕੇ ਠੰਢਾ ਕਰ ਦਿੱਤਾ ਸੀ ਕਿ ਠੋਸ ਸਬੂਤ ਮਿਲਣ ‘ਤੇ ਹੀ ਕਿਸੇ ਵਿਰੁਧ ਕਾਰਵਾਈ ਕੀਤੀ ਜਾ ਸਕਦੀ ਹੈ। ਹੁਣ ਸਰਕਾਰ ਵਿਰੁਧ ਲੋਕਾਂ ਦੇ ਵਧ ਰਹੇ ਰੋਹ ਨੂੰ ਦੇਖਦਿਆਂ ਕਾਂਗਰਸ ਨੇ ਸਖਤੀ ਵਾਲੇ ਫੈਸਲੇ ਕੀਤੇ ਹਨ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤਾਂ ਇਸ ਮੁੱਦੇ ਉਪਰ ਆਪਣੀ ਭੜਾਸ ਵੀ ਕੱਢ ਚੁੱਕੇ ਹਨ।
_______________________
ਅਫਰੀਕੀ ਨਸ਼ਾ ਲੈ ਰਿਹਾ ਹੈ ਜਾਨਾਂ
ਚੰਡੀਗੜ੍ਹ: ਹੁਣ ਤੱਕ ਇਹੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਨੌਜਵਾਨਾਂ ਦੀਆਂ ਮੌਤਾਂ ਵੱਧ ਨਸ਼ਾ ਲੈਣ ਨਾਲ ਹੋ ਰਹੀਆਂ ਹਨ ਪਰ ਇਕ ਦਿਲ ਕੰਬਾਊ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਨੌਜਵਾਨ ਜਿਸ ਦਵਾਈ ਦੀ ਵਰਤੋਂ ਨਸ਼ੇ ਵਜੋਂ ਕਰ ਰਹੇ ਹਨ, ਅਸਲ ਵਿਚ ਉਸ ਦੀ ਵਰਤੋਂ ਹਾਥੀ ਸਮੇਤ ਹੋਰ ਵੱਡੇ ਜਾਨਵਰਾਂ ਨੂੰ ਬੇਹੋਸ਼ ਕਰਨ ਲਈ ਕੀਤੀ ਜਾਂਦੀ ਹੈ।
ਨਸ਼ਿਆਂ ‘ਤੇ ਬਣੀ ਵਿਸ਼ੇਸ਼ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਹੈਰੋਇਨ ਤੇ ਸਮੈਕ ਵਰਗੇ ਨਸ਼ਿਆਂ ਵਿਚ ਨਵੀਂ ਕਿਸਮ ਦਾ ਘਾਤਕ ਨਸ਼ਾ ‘ਕੱਟ’ ਪੰਜਾਬੀ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਦਿੱਲੀ ਆਧਾਰਤ ਅਫਰੀਕੀ ਨਸ਼ਾ ਸੌਦਾਗਰ ਇਸ ਨੂੰ ਸਪਲਾਈ ਕਰਦੇ ਹਨ। ਇਕ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਨਸ਼ਾ ਕਦੇ ਵੀ ਸ਼ੁੱਧ ਨਹੀਂ ਮਿਲਦਾ, ਬਲਕਿ ਨਸ਼ਾ ਸਪਲਾਈ ਕਰਨ ਵਾਲੇ ਹਰ ਪੱਧਰ ‘ਤੇ ਇਸ ਦੀ ਮਾਤਰਾ ਵਧਾਉਣ ਲਈ ਇਸ ਵਿਚ ਕੁਝ ਮਿਲਾਵਟ ਕਰਦੇ ਹਨ। ਇਸ ਮਿਸ਼ਰਨ ਨੂੰ ਕੱਟ ਕਿਹਾ ਜਾਂਦਾ ਹੈ। ਨਸ਼ਾ ਸੌਦਾਗਰ ਪਹਿਲਾਂ ਨਸ਼ੇ ਵਿਚ ਦਰਦ ਦੂਰ ਕਰਨ ਵਾਲੀਆਂ ਦਵਾਈਆਂ (ਪੇਨ ਕਿੱਲਰ), ਬੇਕਿੰਗ ਸੋਡਾ, ਸਰੀਰ ‘ਤੇ ਛਿੜਕਣ ਵਾਲਾ ਪਾਊਡਰ, ਕੱਪੜੇ ਧੋਣ ਵਾਲਾ ਪਾਊਡਰ, ਕੈਫੀਨ ਜਾਂ ਸੁੱਕਾ ਦੁੱਧ ਮਿਲਾਉਂਦੇ ਸਨ। ਹੁਣ ਅਫਰੀਕੀ ਤਸਕਰ ਨਸ਼ੇ ਵਿਚ ਨਵੀਂ ਕਿਸਮ ਦਾ ਪਦਾਰਥ ਮਿਲਾਉਣ ਲੱਗ ਪਏ ਹਨ ਜੋ ਘਾਤਕ ਸਾਬਤ ਹੋ ਰਿਹਾ ਹੈ। ਮਨੋਵਿਗਿਆਨੀ ਡਾæ ਰਾਜੀਵ ਗੁਪਤਾ ਦਾ ਕਹਿਣਾ ਹੈ ਕਿ ਟੈਲਕਮ ਪਾਊਡਰ ਜਾਂ ਅਜਿਹੀ ਕਿਸੇ ਹੋਰ ਚੀਜ਼ ਦਾ ਸਿੱਧਾ ਸਰੀਰ ਦੀਆਂ ਨਾੜੀਆਂ ਵਿਚ ਜਾਣਾ ਵੀ ਘਾਤਕ ਹੋ ਸਕਦਾ ਹੈ, ਕਿਉਂਕਿ ਇਹ ਬੇਹੱਦ ਬਾਰੀਕ ਹੁੰਦੇ ਹਨ ਤੇ ਗੱਤਲਾ (ਕਲੌਟ) ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਨੱਕ ਰਾਹੀਂ ਨਸ਼ਾ ਖਿੱਚਣਾ ਘਾਤਕ ਨਹੀਂ ਹੁੰਦਾ ਜਦਕਿ ਟੀਕੇ ਨਾਲ ਸਿੱਧਾ ਸਰੀਰ ਵਿਚ ਨਸ਼ਾ ਲਾਉਣਾ ਜਾਨ ਲੇਵਾ ਹੋ ਸਕਦਾ ਹੈ। ਸ਼ੁਧ ਹੈਰੋਇਨ ਬਹੁਤ ਮਹਿੰਗੀ ਹੁੰਦੀ ਹੈ ਤੇ ਆਮ ਤੌਰ ‘ਤੇ ਮਿਲਦੀ ਨਹੀਂ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਤਕਰੀਬਨ 5 ਕਰੋੜ ਰੁਪਏ ਪ੍ਰਤੀ ਕਿਲੋ ਹੈ ਤੇ 10 ਗ੍ਰਾਮ ਹੈਰੋਇਨ ਵੀ ਪੰਜਾਹ ਹਜ਼ਾਰ ਰੁਪਏ ਬਣਦੀ ਹੈ।