ਚਾਰਲੀ ਚੈਪਲਿਨ ਸੰਸਾਰ ਸਿਨੇਮਾ ਦਾ ਮਹਾਂਨਾਇਕ ਹੈ। ਉਹ ਖੁਦ ਬੇਹਦ ਉਦਾਸ, ਦੁਖੀ ਅਤੇ ਵਖਰੇਵੇਂ ਭਰੀ ਜ਼ਿੰਦਗੀ ਜਿਉਂਦਾ ਰਿਹਾ, ਪਰ ਮੁਸੀਬਤਾਂ ਭਰੀ ਜ਼ਿੰਦਗੀ ਵਿਚ ਰਹਿ ਕੇ ਵੀ ਜਿਥੇ ਖ਼ੁਦ ਖ਼ੁਸ਼ ਰਹਿਣ ਦਾ ਸੁਪਨਾ ਦੇਖਦਾ ਰਿਹਾ, ਉਥੇ ਹੀ ਦੂਜਿਆਂ ਨੂੰ ਖ਼ੁਸ਼ੀਆਂ ਵੀ ਵੰਡਦਾ ਰਿਹਾ। ਸੁਨਹਿਰੀ ਪਰਦੇ ‘ਤੇ ਉਸ ਦਾ ਹਰ ਹਾਵ-ਭਾਵ, ਹਰ ਹਰਕਤ ਆਪਣੇ ਜ਼ਮਾਨੇ ਦੀ ਬਹੁ-ਚਰਚਿਤ ਸ਼ੈਅ ਬਣ ਗਈ। ਸੰਸਾਰ ਸਿਨੇਮਾ ‘ਤੇ ਉਸ ਤੋਂ ਬਾਅਦ ਕਿਸੇ ਦਾ ਅਜਿਹਾ ਪ੍ਰਭਾਵ ਘੱਟ ਹੀ ਪਿਆ ਹੈ। ਭਾਰਤੀ ਸਿਨੇਮਾ ਵਿਚ ਰਾਜ ਕਪੂਰ, ਚਾਰਲੀ ਚੈਪਲਿਨ ਤੋਂ ਬਹੁਤ ਮੁਤਾਸਿਰ ਸਨ। ਉਨ੍ਹਾਂ ਨੇ ‘ਸ਼੍ਰੀ 420’, ‘ਅਨਾੜੀ’, ‘ਜਿਸ ਦੇਸ਼ ਮੇਂ ਗੰਗਾ ਬਹਤੀ ਹੈ’ ਅਤੇ ‘ਮੇਰਾ ਨਾਮ ਜੋਕਰ’ ਵਰਗੀਆਂ ਫ਼ਿਲਮਾਂ ਵਿਚ ਚਾਰਲੀ ਨੂੰ ਭਾਰਤੀ ਸਿਨੇਮਾ ਦੇ ਸੁਨਹਿਰੀ ਪਰਦੇ ‘ਤੇ ਮੁੜ ਸੁਰਜੀਤ ਕੀਤਾ।
ਚਾਰਲੀ ਸੰਸਾਰ ਸਿਨੇਮਾ ਦੇ ਬਹੁਮੁਖੀ ਪ੍ਰਤਿਭਾ ਦੇ ਫ਼ਿਲਮਸਾਜ਼ ਸਨ। ਉਸ ਨੇ ਅਦਾਕਾਰੀ ਦੇ ਨਾਲ ਨਾਲ ਆਪਣੀਆਂ ਜ਼ਿਆਦਾਤਰ ਫ਼ਿਲਮਾਂ ਲਈ ਲਿਖਣ, ਨਿਰਮਾਣ, ਨਿਰਦੇਸ਼ਨ ਅਤੇ ਸੰਪਾਦਨ ਖ਼ੁਦ ਕੀਤਾ। 1921 ਤੋਂ 1967 ਤਕ ਦੇ ਆਪਣੇ ਲਗਪਗ ਪੰਜ ਦਹਾਕਿਆਂ ਦੇ ਫ਼ਿਲਮੀ ਸਫ਼ਰ ਵਿਚ ਉਸ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ‘ਦਿ ਕਿਡ’, ‘ਏ ਵਿਮੈਨ ਇਨ ਪੈਰਿਸ’, ‘ਦਿ ਗੋਲਡ ਰਸ਼’, ‘ਦਿ ਸਰਕਸ’, ‘ਸਿਟੀ ਲਾਈਟਸ’, ‘ਮਾਡਰਨ ਟਾਈਮਜ਼’, ‘ਦਿ ਗ੍ਰੇਟ ਡਿਕਟੇਟਰ’, ‘ਲਾਈਮ ਲਾਈਟ’, ‘ਏ ਕਿੰਗ ਇਨ ਨਿਊਯਾਰਕ’ ਤੇ ‘ਏ ਕਾਊਂਟੇਸ ਫਰੌਮ ਹਾਂਗਕਾਂਗ’ ਆਦਿ ਸ਼ਾਮਲ ਹਨ।
ਚਾਰਲੀ ਚੈਪਲਿਨ ਦਾ ਜਨਮ 16 ਅਪਰੈਲ 1889 ਨੂੰ ਇੰਗਲੈਂਡ ਵਿਚ ਹੋਇਆ। ਉਸ ਦਾ ਬਚਪਨ ਗ਼ਰੀਬੀ ਅਤੇ ਥੁੜ੍ਹਾਂ ਵਿਚ ਬੀਤਿਆ। 9 ਸਾਲ ਦੀ ਉਮਰ ਵਿਚ ਹੀ ਉਸ ਨੂੰ ਦੋ ਵਾਰ ਵਰਕ ਹਾਊਸ ਵਿਚ ਕੰਮ ਕਰਨ ਲਈ ਭੇਜਿਆ ਗਿਆ। ਉਸ ਦੀ ਮਾਤਾ ਸਟੇਜ ਪਰਫਾਰਮਰ ਸੀ। ਚਾਰਲੀ ਨੇ ਬਹੁਤ ਘੱਟ ਉਮਰ ਵਿਚ ਸਟੇਜ ‘ਤੇ ਬਤੌਰ ਕਾਮੇਡੀਅਨ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਹ ਗੀਤ ਵੀ ਗਾਉਂਦਾ ਸੀ, ਜਿਸ ਕਰਕੇ ਉਸ ਨੂੰ ਜਲਦੀ ਹੀ ਪ੍ਰਸਿਧੀ ਮਿਲਣ ਲੱਗੀ। 19 ਸਾਲ ਦੀ ਉਮਰ ਵਿਚ ਉਸ ਨੂੰ ਇੱਕ ਕੰਪਨੀ ਨੇ ਸਾਈਨ ਕਰ ਲਿਆ ਅਤੇ ਉਹ ਅਮਰੀਕਾ ਚਲਾ ਗਿਆ। ਅਮਰੀਕਾ ਵਿਚ ਰਹਿੰਦਿਆਂ ਉਹ ਜਲਦੀ ਫ਼ਿਲਮਾਂ ਨਾਲ ਜੁੜ ਗਿਆ। 1914 ਵਿਚ ‘ਕੀ ਸਟੋਨ ਸਟੂਡੀਓ’ ਦੀ ਫ਼ਿਲਮ ਵਿਚ ਉਹ ਪਹਿਲੀ ਵਾਰ ਦਰਸ਼ਕਾਂ ਸਾਹਮਣੇ ਆਇਆ ਜਿਸ ਤੋਂ ਬਾਅਦ ਉਹ ਲਗਾਤਾਰ ਨਵੀਆਂ ਬੁਲੰਦੀਆਂ ਸਰ ਕਰਦਾ ਰਿਹਾ। 1919 ਵਿਚ ਉਸ ਨੇ ‘ਯੂਨਾਈਟਿਡ ਆਰਟਿਸਟ’ ਨਾਮ ਨਾਲ ਡਿਸਟ੍ਰੀਬਿਊਸ਼ਨ ਕੰਪਨੀ ਬਣਾਈ ਜੋ ਉਸ ਦੀਆਂ ਫ਼ਿਲਮਾਂ ਲਈ ਨਿਰਮਾਣ ਤੋਂ ਲੈ ਕੇ ਵਪਾਰਕ ਕੰਮਾਂ ਤਕ ਸਭ ਕਰਦੀ ਸੀ।
ਚਾਰਲੀ ਚੈਪਲਿਨ ਦਾ ਦੌਰ ਮੂਕ (ਬਿਨਾਂ ਆਵਾਜ਼) ਵਾਲੀਆਂ ਫ਼ਿਲਮਾਂ ਵਾਲਾ ਸੀ। 1936 ਤਕ ਉਸ ਨੇ ਜਿਹੜੀਆਂ ਫ਼ਿਲਮਾਂ ਬਣਾਈਆਂ, ਸਭ ਮੂਕ ਸਨ। ਉਹ ਮਨੁੱਖਤਾਵਾਦੀ ਅਤੇ ਆਪਣੇ ਕੰਮ ਲਈ ਵਚਨਬੱਧ ਕਲਾਕਾਰ ਸੀ। ਉਸ ਦਾ ਮਕਸਦ ਕੇਵਲ ਪੈਸਾ ਕਮਾਉਣਾ ਨਹੀਂ ਸੀ, ਸਗੋਂ ਉਹ ਤਰੱਕੀ ਪਸੰਦ ਜੀਵਨ ਮੁੱਲਾਂ ਵਿਚ ਯਕੀਨ ਰੱਖਦਾ ਸੀ ਤੇ ਵਿਚਾਰਕ ਸੰਘਰਸ਼ ਦਾ ਮੁਜੱਸਮਾ ਵੀ ਸੀ। ਉਸ ਦੀਆਂ ਫ਼ਿਲਮਾਂ ਅੱਜ ਵੀ ਅਨਿਆਂ ਪੂਰਨ ਸਮਾਜਿਕ ਵਿਵਸਥਾ ‘ਤੇ ਡੂੰਘੀ ਸੱਟ ਮਾਰਦੀਆਂ ਹਨ।
1940 ਦਾ ਦੌਰ ਉਸ ਦੀ ਜ਼ਿੰਦਗੀ ਦਾ ਬਹੁਤ ਹਲਚਲ ਵਾਲਾ ਦੌਰ ਸੀ। ਉਸ ਦੀਆਂ ਫ਼ਿਲਮਾਂ ਦਾ ਵਿਸ਼ਾ ਵਸਤੂ ਤੇ ਉਨ੍ਹਾਂ ਦਾ ਵਿਚਾਰਕ ਝੁਕਾਅ ਦੇਖਦੇ ਹੋਏ ਉਸ ਨੂੰ ਕਮਿਊਨਿਸਟ ਆਖਿਆ ਜਾਣ ਲੱਗਾ। ਉਹ ਕਮਿਊਨਿਸਟ ਵਿਚਾਰਧਾਰਾ ਨੂੰ ਮੰਨਦਾ ਸੀ ਜਾਂ ਨਹੀਂ, ਇਹ ਤਾਂ ਕਦੇ ਸਾਬਤ ਨਹੀਂ ਹੋ ਸਕਿਆ, ਪਰ ਇਹ ਸੱਚ ਹੈ ਕਿ ਉਹ ਮਹਾਨ ਮਨੁੱਖਤਾਵਾਦੀ ਸੀ। ਨਾਜ਼ੀਵਾਦ ਦੀ ਖ਼ਿਲਾਫ਼ਤ ਕਰਦਿਆਂ ਉਸ ਨੇ 1940 ਵਿਚ ‘ਦਿ ਗ੍ਰੇਟ ਡਿਕਟੇਟਰ’ ਫ਼ਿਲਮ ਦਾ ਨਿਰਮਾਣ ਕੀਤਾ, ਜਿਸ ਵਿਚ ਉਸ ਨੇ ਹਿਟਲਰ ਦਾ ਬਹੁਤ ਮਜ਼ਾਕ ਉਡਾਇਆ। ਇਸ ਕਾਰਨ ਚਾਰਲੀ ਦਾ ਵਿਰੋਧ ਸਾਰੇ ਨਾਜ਼ੀਵਾਦੀ ਤੇ ਫਾਸ਼ੀਵਾਦੀਆਂ ਨੇ ਕੀਤਾ, ਪਰ ਬਾਕੀ ਸਾਰੀ ਦੁਨੀਆਂ ਨੇ ਬਹੁਤ ਪਿਆਰ ਦਿੱਤਾ। ਸੰਸਾਰ ਸਿਨੇਮਾ ਵਿਚ ਉਸ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਦੇਖਦਿਆਂ ਉਸ ਨੂੰ ਆਨਰੇਰੀ ਅਕਾਦਮੀ ਐਵਾਰਡ ਨਾਲ ਨਵਾਜਿਆ ਗਿਆ। ਚਾਰਲੀ ਨੇ ਆਪਣੀਆਂ ਫ਼ਿਲਮਾਂ ਤੋਂ ਬੇਸ਼ੁਮਾਰ ਕਮਾਈ ਕੀਤੀ, ਪਰ ਫਿਰ ਵੀ ਉਹ ਸਾਰਥਿਕ ਫ਼ਿਲਮਾਂ ਦੇ ਨਿਰਮਾਣ ਵਿਚ ਨਿਰਵਿਘਨ ਲੱਗਿਆ ਰਿਹਾ। ਲਗਪਗ 75 ਵਰ੍ਹਿਆਂ ਦੇ ਫ਼ਿਲਮੀ ਸਫ਼ਰ ਨੂੰ ਤੈਅ ਕਰਦਿਆਂ 1976 ਵਿਚ 88 ਸਾਲਾਂ ਦੀ ਉਮਰ ਵਿਚ ਉਸ ਦਾ ਦੇਹਾਂਤ ਹੋ ਗਿਆ। ਚਾਰਲੀ ਦੇ ਚਾਰ ਵਿਆਹ ਹੋਏ, ਪਰ ਚਾਰਾਂ ਵਿਚੋਂ ਇੱਕ ਵੀ ਵਿਆਹਿਕ ਜੀਵਨ ਖ਼ੁਸ਼ਹਾਲ ਨਾ ਰਿਹਾ।
ਚਾਰਲੀ ਬਾਹਰੀ ਦੁਨੀਆਂ ਤੋਂ ਬੇਫ਼ਿਕਰ ਹੋ ਕੇ ਨਿਰਵਿਘਨ ਆਪਣੇ ਫ਼ਿਲਮੀ ਕੰਮਾਂ ਵਿਚ ਲੱਗਿਆ ਰਿਹਾ ਤੇ ਸਾਰਥਿਕ ਫ਼ਿਲਮਾਂ ਦਾ ਨਿਰਮਾਣ ਕਰਦਾ ਰਿਹਾ। ਸੰਸਾਰ ਦੇ ਕਈ ਉਘੇ ਰਾਜ ਨੇਤਾ ਉਸ ਦੀ ਅਦਾਕਾਰੀ, ਕਲਾ ਅਤੇ ਵਿਚਾਰਾਂ ਤੋਂ ਪ੍ਰਭਾਵਿਤ ਰਹੇ। ਪੰਡਿਤ ਜਵਾਹਰ ਲਾਲ ਨਹਿਰੂ ਵੀ ਚਾਰਲੀ ਦੇ ਪ੍ਰਸ਼ੰਸਕ ਸਨ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਉਸ ਦੀਆਂ ਫ਼ਿਲਮਾਂ ਦੇਖਣਾ ਬਹੁਤ ਪਸੰਦ ਸੀ।
ਚਾਰਲੀ ਚੈਪਲਿਨ ਦੇ ਨਾਂ ਕਈ ਮਾਨ ਸਨਮਾਨ ਵੀ ਰਹੇ ਹਨ; ਜਿਵੇਂ 1962 ਵਿਚ ਆਕਸਫੋਰਡ ਯੂਨੀਵਰਸਿਟੀ ਨੇ ਡਾਕਟਰ ਆਫ ਲੈਟਰਸ ਡਿਗਰੀ ਨਾਲ ਸਨਮਾਨਤ ਕੀਤਾ; 1971 ਵਿਚ ਫਰਾਂਸ ਦੇ ਕਾਂਨ ਫ਼ਿਲਮ ਫੈਸਟੀਵਲ ਦੌਰਾਨ ‘ਦਿ ਲੀਜਨ ਆਫ ਆਨਰ’ ਸਨਮਾਨ ਨਾਲ ਸਨਮਾਨਤ ਕੀਤਾ ਗਿਆ; 1972 ਦੌਰਾਨ ਵੈਨਿਸ ਫ਼ਿਲਮ ਫੈਸਟੀਵਲ ਵਿਚ ਉਸ ਨੂੰ ਸਪੈਸ਼ਲ ਗੋਲਡਨ ਲਾਇਨ ਐਵਾਰਡ ਦਿੱਤਾ ਗਿਆ; 1972 ਵਿਚ ਹੀ ਜਦੋਂ ਉਹ ਕੁਝ ਕੁ ਦਿਨਾਂ ਲਈ ਅਮਰੀਕਾ ਵਾਪਸ ਆਇਆ ਤਾਂ ਲਿੰਕਨ ਸੈਂਟਰ ਫ਼ਿਲਮ ਸੁਸਾਇਟੀ ਨੇ ਉਸ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ। ਸਾਲ 1975 ਵਿਚ ਉਸ ਨੂੰ ਨਾਈਟ ਕਮਾਂਡਰ ਆਫ ਦਿ ਮੋਸਟ ਅਕਸੇਲੈਂਟ ਐਵਾਰਡ ਆਫ ਦਾ ਬ੍ਰਿਟਿਸ਼ ਅੰਪਾਇਰ ਨਾਲ ਵੀ ਸਨਮਾਨਤ ਕੀਤਾ ਗਿਆ। ਚਾਰਲੀ ਚੈਪਲਿਨ ਕੇਵਲ ਮਹਾਨ ਕਲਾਕਾਰ ਅਤੇ ਫ਼ਿਲਮ ਨਿਰਮਾਤਾ ਨਿਰਦੇਸ਼ਕ ਹੀ ਨਹੀਂ ਸੀ, ਸਗੋਂ ਮਹਾਨ ਵਿਚਾਰਕ ਅਤੇ ਚੰਗਾ ਚਿੰਤਕ ਵੀ ਸੀ। ਅਜਿਹੇ ਬਹੁਪ੍ਰਤਿਭਾ ਦੇ ਮਾਲਕ ਕਲਾਕਾਰ ਸਿਨੇਮਾ ਜਗਤ ਵਿਚ ਬਹੁਤ ਹੀ ਘੱਟ ਹੋਏ ਹਨ।
-ਵੀਣਾ ਭਾਟੀਆ