ਕੁਦਰਤਿ ਕਰਿ ਕੈ ਵਸਿਆ ਸੋਇ

ਡਾæ ਗੁਰਨਾਮ ਕੌਰ, ਕੈਨੇਡਾ
ਵਾਤਾਵਰਣ ਨੂੰ ਬਚਾਉਣਾ ਸਮੇਂ ਦੀ ਸ਼ਾਇਦ ਸਭ ਤੋਂ ਵੱਡੀ ਜ਼ਰੂਰਤ ਬਣ ਗਈ ਹੈ। ਕਾਰਨ ਇਹ ਹੈ ਕਿ ਮਨੁੱਖ ਦੀ ਕੁਦਰਤਿ ਨਾਲ ਲੋੜੋਂ ਵੱਧ ਛੇੜ-ਛਾੜ ਨੇ ਹਵਾ, ਪਾਣੀ, ਮਿੱਟੀ ਤੋਂ ਲੈ ਕੇ ਹਰ ਕੁਦਰਤੀ ਸੋਮੇ ਨੂੰ ਪਲੀਤ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਖੋਜਾਂ ਰਾਹੀਂ ਆਧੁਨਿਕ ਸਹੂਲਤਾਂ ਲਈ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਮਨੁੱਖੀ ਲਾਲਸਾ ਹੈ। ਵਾਤਾਵਰਣ ਇਥੋਂ ਤੱਕ ਗੰਧਲਾ ਹੋ ਗਿਆ ਹੈ ਕਿ ਸਾਹ ਲੈਣ ਲਈ ਸ਼ੁਧ ਹਵਾ ਅਤੇ ਪੀਣ ਲਈ ਸ਼ੁਧ ਪਾਣੀ ਵੀ ਮਿਲਣਾ ਮੁਹਾਲ ਹੋ ਗਿਆ ਹੈ। ਪਰਮਾਣੂ ਬਾਲਣ ਦੀ ਰਹਿੰਦ-ਖੂੰਹਦ, ਜ਼ਹਿਰੀਲੀਆਂ ਗੈਸਾਂ, ਕਾਰਖਾਨਿਆਂ ਦਾ ਗੰਧਲਾ ਪਾਣੀ, ਕੀੜੇ-ਮਾਰ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਲੋੜੋਂ ਵੱਧ ਵਰਤੋਂ ਨੇ ਸਮੁੰਦਰ, ਦਰਿਆਵਾਂ, ਨਦੀਆਂ, ਨਾਲਿਆਂ, ਧਰਤੀ ਹੇਠਲੇ ਪਾਣੀਆਂ, ਮਿੱਟੀ ਅਤੇ ਹਵਾ-ਸਭ ਨੂੰ ਦੂਸ਼ਿਤ ਕਰ ਦਿੱਤਾ ਹੈ। ਜੰਗਲਾਂ ਦੀ ਕਟਾਈ ਨੇ ਹਵਾ ਦੀ ਸ਼ੁਧਤਾ ਨੂੰ ਰੋਕ ਕੇ ਵਾਤਾਵਰਣ ਦਾ ਬਹੁਤ ਨੁਕਸਾਨ ਕੀਤਾ ਹੈ। ਇਸੇ ਲਈ ਅੱਜ ਦਾ ਚੇਤੰਨ ਸ਼ਹਿਰੀ ਵਾਤਾਵਰਣ ਲਈ ਸਭ ਤੋਂ ਵੱਧ ਚਿੰਤਤ ਹੈ। ਮਨੁੱਖੀ ਲਾਲਸਾ ਕਾਰਨ ਕੁਦਰਤੀ ਸੋਮਿਆਂ ਦੇ ਨਾਲ ਨਾਲ ਜੰਗਲੀ ਜਾਨਵਰਾਂ, ਪੰਛੀਆਂ, ਪੌਧਿਆਂ-ਸਭ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਜਾਨਵਰਾਂ ਅਤੇ ਪੰਛੀਆਂ ਦੀਆਂ ਬਹੁਤ ਸਾਰੀਆਂ ਨਸਲਾਂ ਅਲੋਪ ਹੋ ਰਹੀਆਂ ਹਨ। ਹਵਾ-ਪਾਣੀ ਦੂਸ਼ਿਤ ਹੋਣ ਨਾਲ ਡੈਂਗੂ, ਟਾਈਫਾਈਡ, ਕੈਂਸਰ ਵਰਗੇ ਭਿਆਨਕ ਰੋਗ ਮਨੁੱਖੀ ਜਿੰਦਾਂ ਦਾ ਖੌ ਬਣ ਰਹੇ ਹਨ। ਵੱਡਾ ਕਾਰਨ ਮਨੁੱਖ ਦਾ ਆਪਣੇ ਵਾਤਾਵਰਣ ਪ੍ਰਤੀ ਸੁਚੇਤ ਨਾ ਹੋਣਾ ਹੈ।
ਸਿੱਖ ਜਗਤ ਵੱਲੋਂ ਪਿਛਲੇ ਕੁੱਝ ਸਾਲਾਂ ਤੋਂ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕਰਨ ਅਤੇ ਵਾਤਾਵਰਣ ਦੀ ਸਹੀ ਦੇਖ-ਰੇਖ ਲਈ ਸਤਵੀਂ ਨਾਨਕ ਜੋਤਿ ਗੁਰੂ ਹਰ ਰਾਇ ਜੀ ਦਾ ਗੁਰਗੱਦੀ ਦਿਵਸ 14 ਮਾਰਚ ‘ਸਿੱਖ ਵਾਤਾਵਰਣ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਕਾਦਰ ਅਤੇ ਉਸ ਦੀ ਰਚਨਾ ਕੁਦਰਤਿ ਨਾਲ ਪਿਆਰ ਕਰਨ ਦਾ ਸੰਦੇਸ਼ ਦਿੰਦੀ ਹੈ। ਸਤਵੀਂ ਨਾਨਕ ਜੋਤਿ ਗੁਰੂ ਹਰ ਰਾਇ ਦਾ ਜਨਮ 16 ਜਨਵਰੀ ਸੰਨ 1630 ਨੂੰ ਗੁਰੂ ਹਰਗੋਬਿੰਦ ਰਾਇ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ਕੀਰਤਪੁਰ ਵਿਖੇ ਹੋਇਆ। ਬਹੁਤ ਛੋਟੀ ਉਮਰ ਤੋਂ ਹੀ ਉਨ੍ਹਾਂ ਨੂੰ ਜੀਵਾਂ ਅਤੇ ਕੁਦਰਤਿ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਇਸ ਪੋਤੇ ਨਾਲ ਬਹੁਤ ਸਨੇਹ ਸੀ। ਛੋਟੀ ਉਮਰੇ ਇੱਕ ਦਿਨ ਜਦੋਂ ਹਰ ਰਾਇ ਘਰ ਪਰਤ ਰਹੇ ਸਨ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਦਿਆਂ ਘੋੜੇ ਤੋਂ ਉਤਰ ਪਏ ਅਤੇ ਕਾਹਲ ਵਿਚ ਉਨ੍ਹਾਂ ਦਾ ਕਪੜਾ ਝਾੜੀ ਵਿਚ ਅਟਕ ਗਿਆ ਜਿਸ ਨਾਲ ਕੁੱਝ ਫੁੱਲ ਟੁੱਟ ਕੇ ਥੱਲੇ ਡਿਗ ਪਏ। ਕਹਿੰਦੇ ਹਨ ਕਿ ਇਸ ਨਾਲ ਹਰ ਰਾਇ ਦਾ ਮਨ ਏਨਾ ਦੁਖਿਆ ਕਿ ਉਹ ਰੋਣ ਲੱਗ ਪਏ। ਚੌਦਾਂ ਸਾਲ ਦੀ ਉਮਰ ਵਿਚ ਲੋੜੀਂਦੀ ਸਿੱਖਿਆ ਪ੍ਰਾਪਤੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਪੋਤੇ ਹਰ ਰਾਇ ਨੂੰ ਗੁਰਗੱਦੀ ਬਖਸ਼ਿਸ਼ ਕੀਤੀ। ਗੁਰੂ ਹਰ ਰਾਇ ਸ਼ਿਕਾਰ ਕਰਨ ਦੇ ਸ਼ੌਕੀਨ ਸਨ ਪਰ ਉਹ ਜਾਨਵਰਾਂ ਦਾ ਸ਼ਿਕਾਰ ਕਰਨ ਦੀ ਥਾਂ ਉਨ੍ਹਾਂ ਨੂੰ ਆਪਣੇ ਚਿੜੀਆ ਘਰ ਵਿਚ ਪਾਲਤੂ ਜਾਨਵਰਾਂ ਵਜੋਂ ਰੱਖਦੇ।
ਗੁਰੂ ਨਾਨਕ ਦੇਵ ਨੇ ‘ਜਪੁ’ ਬਾਣੀ ਵਿਚ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲ ਪੁਰਖ ਦੀ ਰਚੀ ਕੁਦਰਤਿ ਦੀ ਹਰ ‘ਹੋਂਦ’ ਦਾ ਆਪਣਾ ਆਪਣਾ ਮਨੋਰਥ ਹੈ। ਇਹ ਸਾਰੀ ਰਚਨਾ ਉਸ ਦੇ ਹੁਕਮ ਵਿਚ ਹੋਈ ਹੈ। ਉਸ ਕਰਤਾਪੁਰਖ ਨੇ ਅਨੇਕਾਂ ਰੰਗਾਂ, ਕਿਸਮਾਂ, ਜਿਨਸਾਂ ਦੀ ਰਚਨਾ ਰਚੀ ਹੈ। ਉਹ ਜੀਵਾਂ ਉਤੇ ਅਨੇਕਾਂ ਬਖਸ਼ਿਸ਼ਾਂ ਕਰ ਰਿਹਾ ਹੈ। ਇਸ ਬੇਅੰਤ ਰਚਨਾ ਦੀ ਪਾਲਣਾ ਵੀ ਉਹ ਆਪ ਹੀ ਕਰ ਰਿਹਾ ਹੈ ਕਿਉਂਕਿ ਉਹ ਆਪ ਸਦੀਵੀ ਰਹਿਣ ਵਾਲੀ ਇਕ ਹਸਤੀ ਹੈ ਅਤੇ ਜਿਸ ਦਾ ਜਸ ਹਮੇਸ਼ਾ ਟਿਕਿਆ ਰਹਿਣ ਵਾਲਾ ਹੈ। ਇਸ ਸੰਸਾਰ ਵਿਚ ਕੋਈ ਵੀ ਅਜਿਹਾ ਨਹੀਂ ਹੈ ਜੋ ਇਹ ਦੱਸ ਸਕੇ ਕਿ ਉਹ ਕਰਤਾਰ ਕਿਥੇ ਬੈਠ ਕੇ ਆਪਣੀ ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ। ਇਹ ਦੱਸ ਸਕਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇਸ ਸ੍ਰਿਸ਼ਟੀ ਦੀ ਹਰ ਹੋਂਦ ਦਾ ਇੱਕ ਮਨੋਰਥ ਹੈ। ਮਨੁੱਖ ਦੇ ਜੀਵਨ ਦਾ ਵੀ ਇੱਕ ਮਨੋਰਥ ਹੈ ਕਿ ਉਹ ਅਕਾਲ ਪੁਰਖ ਦੀ ਰਜ਼ਾ ਵਿਚ ਰਹੇ। ਇਹੀ ਰਸਤਾ ਹੈ ਉਸ ਅਕਾਲ ਪੁਰਖ ਨਾਲੋਂ ਪਈ ਵਿੱਥ ਨੂੰ ਮੇਟਣ ਦਾ। ਹਵਾ, ਪਾਣੀ ਆਦਿ ਕੁਦਰਤੀ ਤੱਤਾਂ ਤੋਂ ਲੈ ਕੇ ਉਚੇ ਜੀਵਨ ਵਾਲੇ ਮਹਾਂਪੁਰਖਾਂ ਤੱਕ ਸਾਰੀ ਰਚਨਾ ਆਪਣੀ ਹੋਂਦ ਦੇ ਇਸ ਮਨੋਰਥ ਨੂੰ ਪੂਰਾ ਕਰਨ ਵੱਲ ਜਤਨਸ਼ੀਲ ਹੈ।
ਗੁਰੂ ਨਾਨਕ ‘ਸਿਰੀ ਰਾਗੁ’ ਵਿਚ ਫਰਮਾਉਂਦੇ ਹਨ ਕਿ ਇਹ ਸਾਰੀ ਕੁਦਰਤਿ ਕਰਤਾਰ ਨੇ ਆਪਣੇ ਆਪ ਤੋਂ ਰਚੀ ਹੈ। ਪਰਮਾਤਮਾ ਨੇ ਆਪਣੇ ਆਪ ਤੋਂ ਹਵਾ (ਹਵਾ ਦਾ ਅਰਥ ਸੂਖਮ ਤੱਤ ਵੀ ਹੈ) ਪੈਦਾ ਕੀਤੀ ਅਤੇ ਹਵਾ ਤੋਂ ਜਲ ਅਰਥਾਤ ਪਾਣੀ ਪੈਦਾ ਹੋਇਆ ਅਤੇ ਪਾਣੀ ਤੋਂ ਇਸ ਸਾਰੇ ਸੰਸਾਰ ਦੀ ਰਚਨਾ ਹੋਈ। ਪਰਮਾਤਮਾ ਦੇ ਸਿਰਜੇ ਇਸ ਸੰਸਾਰ ਦੀ ਹਰ ਹੋਂਦ ਵਿਚ ਉਸ ਦੀ ਜੋਤਿ ਵਿਆਪਕ ਹੈ। ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਸ਼ਬਦ ਗਿਆਨ ਦਾ ਸੋਮਾ ਹੈ ਜਿਸ ਤੋਂ ਇਸ ਵਿਆਪਕਤਾ ਦੀ ਸੋਝੀ ਮਨੁੱਖ ਨੂੰ ਮਿਲਦੀ ਹੈ) ਇਸ ਸੰਸਾਰ ਵਿਚ ਵੀ ਅਤੇ ਅਗਲੇ ਜਹਾਨ ਵਿਚ ਵੀ ਸਤਿਕਾਰ ਮਿਲਦਾ ਹੈ। ਅਜਿਹਾ ਮਨੁੱਖ ਸਦਾ ਪਵਿੱਤਰ ਰਹਿੰਦਾ ਹੈ ਅਤੇ ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ,
ਸਾਚੇ ਤੇ ਪਵਨਾ ਭਇਆ
ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ
ਘਟਿ ਘਟਿ ਜੋਤਿ ਸਮੋਇ॥
ਨਿਰਮਲੁ ਮੈਲਾ ਨਾ ਥੀਐ
ਸਬਦਿ ਰਤੇ ਪਤਿ ਹੋਇ॥ (ਪੰਨਾ 19)
ਇਸੇ ਸਿਧਾਂਤ ਦੀ ਪ੍ਰੋੜਤਾ ਕਰਦਿਆਂ ਗੁਰੂ ਨਾਨਕ ਕਹਿੰਦੇ ਹਨ ਕਿ ਪਰਮਾਤਮਾ ਨੇ ਕੁਦਰਤਿ ਦੀ ਰਚਨਾ ਕੀਤੀ ਹੈ ਅਤੇ ਇਸ ਵਿਚ ਉਹ ਆਪ ਸਮਾਇਆ ਹੋਇਆ ਹੈ। ਉਸ ਪਰਮਾਤਮਾ ਦਾ ਅਸਲੀ ਸੇਵਕ ਉਹੀ ਬਣਦਾ ਹੈ ਜੋ ਇਸ ਗੱਲ ‘ਤੇ ਵਿਚਾਰ ਕਰਦਾ ਹੈ ਕਿ ਉਸ ਦੇ ਇਸ ਸੰਸਾਰ ‘ਤੇ ਆਉਣ ਦਾ ਮਨੋਰਥ ਕੀ ਹੈ? ਪਰਮਾਤਮਾ ਨੂੰ ਅਨੁਭਵ ਕਰਦਿਆਂ ਨਾ ਹੀ ਉਸ ਨੂੰ ਅਤੇ ਨਾ ਹੀ ਉਸ ਦੀ ਰਚੀ ਕੁਦਰਤਿ ਨੂੰ ਮਾਪਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਦੀ ਕੀਮਤ ਪਾਈ ਜਾ ਸਕਦੀ ਹੈ। ‘ਆਸਾ ਦੀ ਵਾਰ’ ਵਿਚ ਗੁਰੂ ਨਾਨਕ ਸਾਹਿਬ ਨੇ ਕਾਦਰ ਦੀ ਕੁਦਰਤਿ ਦਾ ਬਿਆਨ ਕਰਦਿਆਂ ਦੱਸਿਆ ਹੈ ਕਿ ਜੋ ਕੁੱਝ ਦਿਖਾਈ ਦੇ ਰਿਹਾ ਹੈ, ਜੋ ਕੁੱਝ ਸੁਣਿਆ ਜਾ ਰਿਹਾ ਹੈ, ਸਭ ਉਸ ਸਿਰਜਣਹਾਰ ਦੀ ਕੁਦਰਤਿ ਹੈ। ਇਹ ਨਿਰਮਲ ਭਉ ਜੋ ਸਾਰੇ ਸੁੱਖਾਂ ਦਾ ਮੂਲ ਹੈ, ਇਹ ਵੀ ਉਸ ਦੀ ਕੁਦਰਤਿ ਹੈ। ਪਾਤਾਲ, ਆਕਾਸ਼, ਇਹ ਸਾਰਾ ਦਿਸਦਾ ਸੰਸਾਰ ਸਭ ਉਸੇ ਦੀ ਕੁਦਰਤਿ ਹੈ, ਅਨੋਖੀ ਖੇਡ ਹੈ। ਵੇਦ, ਪੁਰਾਣ, ਕਤੇਬ ਆਦਿ ਸੰਸਾਰ ਦੀਆਂ ਧਾਰਮਿਕ ਪੁਸਤਕਾਂ, ਸਾਰੇ ਤਰ੍ਹਾਂ ਦੇ ਵਿਚਾਰ/ਫ਼ਲਸਫ਼ੇ, ਸੰਸਾਰਕ ਵਿਹਾਰ-ਖਾਣ-ਪਹਿਨਣ ਆਦਿ ਵਿਚ ਉਸ ਅਕਾਲ ਪੁਰਖ ਦੀ ਕੁਦਰਤਿ ਹੈ। ਸੰਸਾਰ ਵਿਚ ਮਨੁੱਖੀ ਨਸਲਾਂ, ਜਾਤਾਂ, ਜਿਣਸਾਂ, ਰੰਗਾਂ, ਜੀਵਾਂ, ਨੇਕੀ ਅਤੇ ਬਦੀ ਵਿਚ ਉਸੇ ਅਕਾਲ ਪੁਰਖ ਦੀ ਕੁਦਰਤਿ ਵਰਤ ਰਹੀ ਹੈ। ਨੇਕੀ, ਬਦੀ, ਸਤਿਕਾਰ ਅਤੇ ਅਭਿਮਾਨ ਆਦਿ ਮਨੁੱਖੀ ਵਰਤਾਰਾ-ਹਰ ਇੱਕ ਵਿਚ ਕਾਦਰ ਦੀ ਕੁਦਰਤਿ ਵਰਤ ਰਹੀ ਹੈ। ਹਵਾ, ਪਾਣੀ, ਧਰਤੀ ਦੀ ਖ਼ਾਕ ਆਦਿ ਇਹ ਸਾਰੇ ਤੱਤਾਂ ਦਾ ਵਰਤਾਰਾ ਉਸੇ ਦਾ ਹੀ ਖੇਡ-ਤਮਾਸ਼ਾ ਹੈ। ਉਹ ਆਪ ਹੀ ਇਸ ਕੁਦਰਤਿ ਦਾ ਮਾਲਕ ਹੈ ਅਤੇ ਆਪ ਹੀ ਇਸ ਦਾ ਰਚੈਤਾ। ਉਸ ਪਵਿੱਤਰ ਹਸਤੀ ਦੀ ਵਡਿਆਈ ਵੀ ਸੁੱਚੀ ਹੈ, ਜੋ ਕੁਦਰਤਿ ਦੀ ਰਚਨਾ ਕਰਕੇ ਇਸ ਦੀ ਸੰਭਾਲ ਕਰ ਰਿਹਾ ਹੈ ਅਤੇ ਇਸ ਵਿਚ ਹਰ ਥਾਂ ਮੌਜੂਦ ਹੈ,
ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰ॥
(ਪੰਨਾ 464)
ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਅਤੇ ਉਸ ਦੀ ਕੁਦਰਤਿ ਦੀ ਅਸਚਰਜਤਾ ਦਾ ਅਹਿਸਾਸ ਕਰਾਉਣ ਲਈ ਵਾਰ ਵਾਰ ਇਸ ਤੱਥ ਨੂੰ ਦ੍ਰਿੜ ਕਰਾਇਆ ਹੈ ਕਿ ਇਸ ਸੰਸਾਰ ਦੀ ਰਚਨਾ ਕਰਤਾਪੁਰਖ ਨੇ ਆਪ ਕੀਤੀ ਹੈ ਅਤੇ ਉਹ ਆਪਣੀ ਕੁਦਰਤਿ ਵਿਚ ਵੱਸ ਰਿਹਾ ਹੈ। ਜਦੋਂ ਮਨੁੱਖ ਉਸ ਪਰਮਾਤਮਾ ਦੀ ਵਿਆਪਕਤਾ ਦਾ ਅਨੁਭਵ ਉਸ ਦੀ ਕੁਦਰਤਿ ਵਿਚ ਕਰੇਗਾ, ਫਿਰ ਉਹ ਇਸ ਦੀ ਤਬਾਹੀ ਕਿਵੇਂ ਕਰ ਸਕਦਾ ਹੈ? ਉਸ ਦੀ ਸਾਜੀ ਕੁਦਰਤਿ ਦਾ ਸਤਿਕਾਰ ਨਾ ਕਰਨ ਦਾ ਅਰਥ ਹੈ, ਉਸ ਕਾਦਰ ਤੋਂ ਬੇਮੁੱਖਤਾ। ਗੁਰੂ ਨਾਨਕ ਕਾਦਰ ਦੇ ਕੁਦਰਤਿ ਵਿਚ ਵਿਆਪਕ ਹੋਣ ਦਾ ਅਨੁਭਵ ਕਰਾਉਂਦੇ ਹਨ ਕਿ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਸੰਸਾਰ ਦਾ ਰਚੈਤਾ ਅਤੇ ਪਾਲਣਹਾਰ ਹੈ। ਇਹ ਸੰਸਾਰ ਉਸ ਦਾ ਪਰਗਟ ਰੂਪ ਹੈ ਜਦ ਕਿ ਆਪ ਉਹ ਅਦ੍ਰਿਸ਼ਟ ਅਤੇ ਬੇਅੰਤ ਹੈ। ਧਰਤੀ ਅਤੇ ਆਕਾਸ਼ ਦੋ ਪੁੜਾਂ ਨੂੰ ਜੋੜ ਕੇ ਉਸ ਨੇ ਸੰਸਾਰ ਦੀ ਰਚਨਾ ਕੀਤੀ ਹੈ ਜਿਸ ਵਿਚ ਜੀਵਾਂ ਨੂੰ ਪੈਦਾ ਕਰਕੇ ਮਾਇਆ-ਮੋਹ ਵਿਚ ਲਾ ਦਿੱਤਾ ਹੈ। ਉਸ ਨੇ ਹੀ ਸੂਰਜ ਅਤੇ ਚੰਦਰਮਾ ਸੰਸਾਰ ਨੂੰ ਦਿਨ ਅਤੇ ਰਾਤ ਵੇਲੇ ਚਾਨਣ ਦੇਣ ਵਾਸਤੇ ਬਣਾਏ ਹਨ। ਜੀਵਾਂ ਦੀਆਂ ਖਾਣੀਆਂ ਅਤੇ ਬਾਣੀਆਂ ਪੈਦਾ ਕੀਤੀਆਂ ਹਨ। ਗੁਰੂ ਨਾਨਕ ਸਾਹਿਬ ਨੇ ਪਾਣੀ ਨੂੰ ਪਹਿਲਾ ਜੀਵ ਕਿਹਾ ਹੈ ਜਿਸ ਨਾਲ ਇਹ ਸਾਰਾ ਸੰਸਾਰ ਹਰਿਆ-ਭਰਿਆ ਹੁੰਦਾ ਹੈ, ਪਾਣੀ ਸਭ ਨੂੰ ਜੀਵਨ-ਦਾਨ ਬਖ਼ਸ਼ਦਾ ਹੈ। ਗੁਰੂ ਨਾਨਕ ਰਾਗ ਰਾਮਕਲੀ ਵਿਚ ਜੋਗੀ ਮਛਿੰਦ੍ਰ ਨਾਥ ਨਾਲ ਵਿਚਾਰ ਚਰਚਾ ਕਰਦਿਆਂ ਕਹਿੰਦੇ ਹਨ ਕਿ ਪਰਮਾਤਮਾ ਨੇ ਪਉਣ ਅਰਥਾਤ ਹਵਾ ਅਤੇ ਪਾਣੀ ਵਿਚ ਜੀਵਾਂ ਦੇ ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ। ਸੰਸਾਰ ਨੂੰ ਰੋਸ਼ਨੀ ਦੇਣ ਲਈ ਚੰਦ ਅਤੇ ਸੂਰਜ-ਦੋ ਦੀਵੇ ਬਣਾਏ ਹਨ, ਰਹਿਣ ਲਈ ਜੀਵਾਂ ਨੂੰ ਧਰਤੀ ਦਿੱਤੀ ਹੈ। ਜੀਵਾਂ ਨੇ ਪਰਮਾਤਮਾ ਨੂੰ ਭੁਲਾ ਕੇ ਉਸ ਦੇ ਉਪਕਾਰ ਭੁਲਾ ਦਿੱਤੇ ਹਨ,
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ
ਚੰਦੁ ਸੂਰਜੁ ਮੁਖਿ ਦੀਏ॥
ਮਰਣੁ ਜੀਵਣ ਕਉ ਧਰਤੀ ਦੀਨੀ
ਏਤੇ ਗੁਣ ਵਿਸਰੇ॥2॥
(ਪੰਨਾ 877)
ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਨੇ ਪਉਣ ਅਰਥਾਤ ਹਵਾ ਨੂੰ ਗੁਰੂ ਕਿਹਾ ਹੈ ਅਤੇ ਪਾਣੀ ਨੂੰ ਸਭ ਦਾ ਪਿਤਾ ਕਿਹਾ ਹੈ ਜੋ ਜੀਵਾਂ ਦੀ ਹੋਂਦ ਲਈ ਜ਼ਰੂਰੀ ਹੈ। ਧਰਤੀ ਨੂੰ ਸਭ ਦੀ ਵੱਡੀ ਮਾਂ ਦਾ ਦਰਜਾ ਦਿੱਤਾ ਹੈ। ਦਿਨ ਅਤੇ ਰਾਤ ਜੀਵਾਂ ਦੇ ਖਿਡਾਵਾ ਅਤੇ ਖਿਡਾਵੀ ਹਨ ਜੋ ਸੰਸਾਰ ਨੂੰ ਕਾਰੇ ਲਾਈ ਰੱਖਦੇ ਹਨ। ਧਰਮਰਾਜ ਬੜੇ ਧਿਆਨ ਨਾਲ ਇਥੇ ਕੀਤੇ ਚੰਗੇ-ਬੁਰੇ ਕੰਮਾਂ ਨੂੰ ਵਿਚਾਰ ਰਿਹਾ ਹੈ ਜਿਨ੍ਹਾਂ ਕਾਰਨ ਜੀਵ ਅਕਾਲਪੁਰਖ ਦੇ ਨੇੜੇ ਜਾਂ ਦੂਰ ਹੁੰਦਾ ਹੈ (ਅੰਤਮ ਫੈਸਲਾ ਮਨੁੱਖ ਦੇ ਇਥੇ ਕੀਤੇ ਕੰਮਾਂ ਅਨੁਸਾਰ ਹੁੰਦਾ ਹੈ)। ਜਿਨ੍ਹਾਂ ਮਨੁੱਖਾਂ ਨੇ ਉਸ ਦਾ ਨਾਮ ਸਿਮਰਿਆ ਹੈ, ਉਸ ਨੂੰ ਧਿਆਇਆ ਹੈ ਉਨ੍ਹਾਂ ਨੇ ਆਪਣੀ ਮਿਹਨਤ ਨੂੰ ਸਫ਼ਲ ਕਰ ਲਿਆ ਹੈ ਅਤੇ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖਰੂ ਹਨ। ਉਨ੍ਹਾਂ ਦੀ ਸੰਗਤਿ ਵਿਚ ਰਹਿ ਕੇ ਹੋਰ ਲੋਕਾਈ ਵੀ ਮੁਕਤ ਹੋ ਗਈ ਹੈ,
ਪਉਣ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ॥
ਦਿਨਸੁ ਰਾਤਿ ਦੁਇ ਦਾਈ ਦਾਇਆ
ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ
ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ
ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ
ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ
ਹੋਰ ਕੇਤੀ ਛੁਟੀ ਨਾਲਿ॥
(ਪੰਨਾ 146)
ਗੁਰੂ ਹਰ ਰਾਇ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਸੀ ਕਿ ਉਨ੍ਹਾਂ ਦੇ ਕਪੜਿਆਂ ਨਾਲ ਅਟਕ ਕੇ ਪੌਦੇ ਦੇ ਫੁੱਲ ਝੜ ਗਏ ਸਨ। ਭਗਤ ਕਬੀਰ ਇਸੇ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਕਹਿੰਦੇ ਹਨ ਕਿ ਮੂਰਤੀ ਅੱਗੇ ਭੇਟ ਕਰਨ ਲਈ ਮਾਲਣ ਪੱਤਰ ਤੋੜਦੀ ਹੈ ਪਰ ਉਹ ਇਹ ਨਹੀਂ ਜਾਣਦੀ ਕਿ ਹਰ ਪੱਤਰ ਵਿਚ ਜਾਨ ਹੈ। ਜਿਸ ਮੂਰਤੀ ਅੱਗੇ ਭੇਟ ਧਰਨ ਲਈ ਉਹ ਪੱਤਰ ਤੋੜਦੀ ਹੈ ਉਹ ਮੂਰਤੀ ਪੱਥਰ ਦੀ ਬਣੀ ਹੋਣ ਕਰਕੇ ਨਿਰਜਿੰਦ ਹੈ ਪਰ ਇਹ ਪੱਤਰ ਜਿੰਦ-ਜਾਨ ਵਾਲੇ ਹਨ। ਨਿਰਜਿੰਦ ਮੂਰਤੀ ਦੀ ਸੇਵਾ ਕਰਦਿਆਂ ਮਾਲਣ ਇਹ ਗੱਲ ਭੁੱਲ ਗਈ ਹੈ ਕਿ ਉਹ ਸਤਿਗੁਰੂ ਤਾਂ ਜਿਉਂਦਾ ਜਾਗਦਾ ਦੇਵਤਾ ਹੈ। ਭਗਤ ਕਬੀਰ ਮਾਲਣ ਨੂੰ ਸੰਬੋਧਨ ਕਰਦੇ ਹਨ ਕਿ ਹੇ ਮਾਲਣ ਇਹ ਪੱਤਰ ਬ੍ਰਹਮਾ ਦਾ ਰੂਪ ਹਨ, ਡਾਲੀਆਂ ਵਿਸ਼ਨੁੰ ਅਤੇ ਫੁੱਲ ਸ਼ਿਵ ਦਾ ਰੂਪ ਹਨ। ਫੁੱਲ-ਪੱਤਰ ਤੋੜ ਕੇ ਇਨ੍ਹਾਂ ਤਿੰਨਾਂ ਹੀ ਦੇਵਤਿਆਂ ਨੂੰ ਨਸ਼ਟ ਕਰ ਰਹੀ ਹੈਂ, ਫਿਰ ਪੂਜਾ ਕਿਸ ਦੀ ਕਰਨੀ ਹੈ? ਅਰਥਾਤ ਨਿਰਜਿੰਦ ਮੂਰਤੀ ਦੀ ਖਾਤਰ ਜਿਉਂਦੇ-ਜਾਗਦੇ ਪੌਦੇ ਨੂੰ ਕਿਉਂ ਤਬਾਹ ਕਰ ਰਹੀ ਹੈਂ? ਮੂਰਤੀ ਘੜਨ ਵਾਲੇ ਨੇ ਪੱਥਰ ਨੂੰ ਘੜ ਕੇ ਮੂਰਤੀ ਬਣਾਉਣ ਵੇਲੇ ਮੂਰਤੀ ਦੀ ਛਾਤੀ ‘ਤੇ ਪੈਰ ਧਰ ਕੇ ਮੂਰਤੀ ਤਿਆਰ ਕੀਤੀ ਹੈ। ਜੇ ਕਰ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ ਇਸ ਨੇ ਉਸ ਘੜਨ ਵਾਲੇ ਨੂੰ ਕਿਉਂ ਨਹੀਂ ਖਾਧਾ ਜਿਸ ਨੇ ਇਸ ਦਾ ਨਿਰਾਦਰ ਕੀਤਾ? ਜੋ ਕੁੱਝ ਸੀਧਾ-ਪੱਤਾ ਮੂਰਤੀ ਨੂੰ ਭੇਟ ਕੀਤਾ ਜਾਂਦਾ ਹੈ ਉਹ ਤਾਂ ਪੁਜਾਰੀ ਖਾ ਜਾਂਦਾ ਹੈ, ਮੂਰਤੀ ਨਿਰਜਿੰਦ ਹੋਣ ਕਰਕੇ ਉਸ ਨੂੰ ਭੋਗ ਨਹੀਂ ਲਗਦਾ। ਭਗਤ ਕਬੀਰ ਕਹਿੰਦੇ ਹਨ ਕਿ ਸੰਸਾਰ ਵੀ ਮਾਲਣ ਦੀ ਤਰ੍ਹਾਂ ਇਸ ਭੁਲੇਖੇ ਵਿਚ ਹੈ ਪਰ ਪਰਮਾਤਮਾ ਨੇ ਆਪਣੀ ਮਿਹਰ ਕਰਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ,
ਪਾਤੀ ਤੋਰੈ ਮਾਲਿਨੀ
ਪਾਤੀ ਪਾਤੀ ਜੀਉ॥
ਜਿਸੁ ਪਾਹਨ ਕਉ ਪਾਤੀ ਤੋਰੈ
ਸੋ ਪਾਹਨੁ ਨਿਰਜੀਉ॥1॥
(ਪੰਨਾ 479)
ਗੁਰੂ ਨਾਨਕ ਦੇਵ ਕਿਸੇ ਕਿਸਮ ਦੀ ਮੂਰਤੀ ਪੂਜਾ ਅਤੇ ਆਰਤੀ ਉਤਾਰਨ ਦੇ ਉਲਟ ਕੁਦਰਤਿ ਰਾਹੀਂ ਉਸ ਕਾਦਰ ਦੀ ਹੋ ਰਹੀ ਆਰਤੀ ਦਾ ਜ਼ਿਕਰ ਕਰਦੇ ਹਨ ਕਿ ਇਹ ਆਕਾਸ਼ ਥਾਲ ਦੀ ਤਰ੍ਹਾਂ ਹੈ ਜਿਸ ਵਿਚ ਸੂਰਜ ਅਤੇ ਚੰਦ ਦੀਵੇ ਬਲ ਰਹੇ ਹਨ, ਸਾਰਾ ਤਾਰਾ-ਮੰਡਲ ਇਸ ਥਾਲ ਵਿਚ ਰੱਖੇ ਮੋਤੀ ਹਨ। ਮਾਲਾਵਰ ਪਰਬਤ ਵਲੋਂ ਆਉਣ ਵਾਲੀ ਸੁਗੰਧਤ ਹਵਾ ਧੂਫ ਦਾ ਕੰਮ ਦੇ ਰਹੀ ਹੈ ਅਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਉਸ ਜੋਤਿ-ਰੂਪ ਪਰਮਾਤਮਾ ਦੀ ਆਰਤੀ ਲਈ ਫੁੱਲਾਂ ਦਾ ਕੰਮ ਦੇ ਰਹੀ ਹੈ। ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲੇ ਦੀ ਕਿੰਨੀ ਸੁੰਦਰ ਆਰਤੀ ਹੋ ਰਹੀ ਹੈ। ਸਾਰੇ ਜੀਵਾਂ ਵਿਚ ਰੁਮਕ ਰਹੀ ਜੀਵਨ ਰਉਂ ਮਾਨੋ ਉਸ ਪਰਮਾਤਮਾ ਦੀ ਆਰਤੀ ਲਈ ਨਗਾਰੇ ਵੱਜ ਰਹੇ ਹਨ। ਉਸ ਦੀ ਬ੍ਰਹਿਮੰਡ ਵਿਚ ਵਿਆਪਕਤਾ ਉਸ ਦਾ ਸਰਗੁਣ ਸਰੂਪ ਹੈ ਅਤੇ ਇਸ ਸੰਸਾਰ ਦੀ ਵਿਆਪਕਤਾ ਤੋਂ ਵੀ ਉਤੇ ਹੋਣ ਕਰਕੇ ਉਹ ਨਿਰਗੁਣ ਸਰੂਪ ਹੈ, ਇਸੇ ਦੀ ਵਿਆਖਿਆ ਕਰਦਿਆਂ ਗੁਰੂ ਨਾਨਕ ਫਰਮਾਉਂਦੇ ਹਨ ਕਿ ਉਸ ਸਰਬ-ਵਿਆਪਕ ਜੋਤਿ ਦੀ ਆਰਤੀ ਇਹ ਹੈ ਕਿ ਜੋ ਕੁੱਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ,
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥1॥
(ਪੰਨਾ 663)
ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਭੁਲਾ ਕੇ ਇਸ ਦੀ ਮੂਰਤੀ ਦੀ ਤਰ੍ਹਾਂ ਹੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹਰ ਗੁਰਦੁਆਰੇ ਦੇ ਆਸ-ਪਾਸ ਗੇਂਦੇ ਦੇ ਫੁੱਲਾਂ ਦੀਆਂ ਕਈ ਕਈ ਦੁਕਾਨਾਂ ਹੁੰਦੀਆਂ ਹਨ ਜਿਥੇ ਅਰਪਤ ਕਰਨ ਲਈ ਫੁੱਲ ਅਤੇ ਫੁੱਲਾਂ ਦੇ ਹਾਰ ਖਰੀਦੇ-ਵੇਚੇ ਜਾਂਦੇ ਹਨ, ਧੂਫ ਧੁਖਾਈ ਜਾਂਦੀ ਹੈ, ਗਰਮੀ ਵਿਚ ਏæਸੀæ ਲਾਇਆ ਜਾਂਦਾ ਹੈ ਅਤੇ ਸਰਦੀ ਵਿਚ ਕੰਬਲ ਵੀ ਪਹਿਨਾਇਆ ਜਾਂਦਾ ਹੈ। ਕਿੰਨੇ ਮਨਮਤੀਏ ਹੋ ਗਏ ਹਾਂ ਅਸੀਂ। ਕਾਦਰ ਅਤੇ ਉਸ ਦੀ ਕੁਦਰਤਿ ਨਾਲ ਪਿਆਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਾਡਾ ਕੁਦਰਤਿ ਪ੍ਰਤੀ ਨਜ਼ਰੀਆ ਹਾਂ-ਮੁਖੀ ਹੋਵੇਗਾ ਅਤੇ ਅਸੀਂ ਉਸ ਅੰਦਰ ਨਿਹਿਤ ਉਸ ਦੀ ਕੀਮਤ ਨੂੰ ਸਮਝਾਂਗੇ।

Be the first to comment

Leave a Reply

Your email address will not be published.