ਪੀਣਯੋਗ ਨਹੀਂ ਰਿਹਾ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਦਾ ਪਾਣੀ

ਚੰਡੀਗੜ੍ਹ: ਪੰਜਾਬ ਦੇ ਹਰ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਦਾ ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਇਸ ਪਾਣੀ ਵਿਚ ਯੂਰੇਨੀਅਮ, ਆਰਸੈਨਿਕ, ਸਿੱਕਾ, ਐਲੂਮੀਨੀਅਮ, ਫਲੋਰਾਈਡ, ਸਿਲੇਨੀਅਮ ਤੇ ਨਿੱਕਲ ਵਰਗੇ ਖਤਰਨਾਕ ਤੱਤ ਸ਼ਾਮਲ ਹਨ। ਇਹ ਰਿਪੋਰਟ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੇ ਸੂਬੇ ਦੇ 1971 ਪਿੰਡਾਂ ਦੇ ਪਾਣੀ ਨੂੰ ਰੈਂਡਮਲੀ ਜਾਂਚਣ ਮਗਰੋਂ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਤੱਥ ਹੈਰਾਨ ਕਰਨ ਵਾਲੇ ਹਨ।

ਰਿਪੋਰਟ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 82 ਪਿੰਡਾਂ ਵਿਚ ਆਰਸੈਨਿਕ, ਸਿੱਕਾ, ਅਲੂਮੀਨੀਅਮ, ਫਲੋਰਾਈਡ ਪਾਇਆ ਗਿਆ ਹੈ। ਬਠਿੰਡਾ ਜ਼ਿਲ੍ਹੇ ਦੇ 11 ਪਿੰਡਾਂ ਵਿਚ ਯੂਰੇਨੀਅਮ ਮਾਤਰਾ ਵਧੇਰੇ ਹੈ। ਫ਼ਤਿਹਗੜ੍ਹ ਸਾਹਿਬ ਦੇ 51 ਪਿੰਡਾਂ ਵਿਚ ਯੂਰੇਨੀਅਮ, ਫਲੋਰਾਈਡ, ਸਿਲੇਨੀਅਮ ਅਤੇ ਨਿੱਕਲ ਵਰਗੇ ਤੱਤਾਂ ਦੀ ਭਰਮਾਰ ਹੈ। ਫਾਜ਼ਿਲਕਾ ਦੇ 22 ਪਿੰਡਾਂ ਵਿਚ ਯੂਰੇਨੀਅਮ, ਫਲੋਰਾਈਡ, ਅਲੂਮੀਨੀਅਮ, ਸਿਲੇਨੀਅਮ ਤੱਤ ਮੌਜੂਦ ਹਨ। ਫ਼ਿਰੋਜ਼ਪੁਰ ਦੇ 89 ਪਿੰਡਾਂ ਵਿਚ ਯੂਰੇਨੀਅਮ, ਸਿੱਕਾ, ਅਲੂਮੀਨੀਅਮ, ਸਿਲੇਨੀਅਮ ਤੱਤ ਸ਼ਾਮਲ ਹਨ। ਗੁਰਦਾਸਪੁਰ ਦੇ 206 ਪਿੰਡਾਂ ਦੀ ਰਿਪੋਰਟ ਵਿਚ ਬਹੁਤ ਸਾਰੇ ਪਿੰਡਾਂ ਵਿਚ ਸਿੱਕਾ ਪਾਇਆ ਗਿਆ ਜਦਕਿ ਇਥੇ ਅਲੂਮੀਨੀਅਮ, ਆਰਸੈਨਿਕ, ਕੈਡੀਮੀਅਮ, ਨਿੱਕਲ ਆਦਿ ਤੱਤ ਵੀ ਮਿਲੇ ਹਨ। ਹੁਸ਼ਿਆਰਪੁਰ ਦੇ 150 ਪਿੰਡਾਂ ਦੇ ਟੈੱਸਟ ਕੀਤੇ ਪਾਣੀ ਵਿਚ ਜ਼ਿਆਦਾਤਰ ਕਰੋਮੀਅਮ ਤੱਤ ਮੌਜੂਦ ਹੈ, ਜਦਕਿ ਇਥੇ ਕਿਸੇ ਕਿਸੇ ਪਿੰਡ ਵਿਚ ਸਿੱਕਾ, ਸਿਲੇਨੀਅਮ, ਨਿੱਕਲ, ਅਲੂਮੀਨੀਅਮ ਤੇ ਆਰਸੈਨਿਕ ਵੀ ਪਾਇਆ ਗਿਆ ਹੈ।
ਜਲੰਧਰ ਦੇ 165 ਪਿੰਡਾਂ ਵਿਚ ਜ਼ਿਆਦਾਤਰ ਸਿੱਕਾ ਤੇ ਸਿਲੇਨੀਅਮ ਪਾਇਆ ਗਿਆ ਹੈ, ਕਿਤੇ ਕਿਤੇ ਨਿੱਕਲ, ਅਲੂਮੀਨੀਅਮ ਦੀ ਮਾਤਰਾ ਵੀ ਸਾਹਮਣੇ ਆਈ ਹੈ। ਕਪੂਰਥਲਾ ਦੇ ਚੈੱਕ ਕੀਤੇ 67 ਪਿੰਡਾਂ ਵਿਚ ਸਿਲੇਨੀਅਮ, ਸਿੱਕਾ ਤੇ ਅਲੂਮੀਨੀਅਮ ਪਾਇਆ ਗਿਆ ਹੈ, ਸੁਲਤਾਨਪੁਰ ਲੋਧੀ ਬਲਾਕ ਵਿਚ ਕਿਤੇ ਕਿਤੇ ਯੂਰੇਨੀਅਮ ਵੀ ਮੌਜੂਦ ਹੈ। ਲੁਧਿਆਣਾ ਦੇ 95 ਪਿੰਡਾਂ ਦੇ ਪਾਣੀ ਵਿਚ ਜ਼ਿਆਦਾਤਰ ਸਿੱਕਾ ਪਾਇਆ ਗਿਆ ਹੈ ਪਰ ਕਿਤੇ ਕਿਤੇ ਅਲੂਮੀਨੀਅਮ, ਸਿਲੇਨੀਅਮ, ਮਰਕਰੀ ਆਦਿ ਤੱਤ ਵੀ ਮੌਜੂਦ ਹਨ। ਮੋਗਾ ਦੇ 26 ਪਿੰਡਾਂ ਵਿਚ ਅਲੂਮੀਨੀਅਮ, ਸਿੱਕਾ ਵੀ ਮਿਲਿਆ ਹੈ ਜਦਕਿ ਧਰਮਕੋਟ ਤੇ ਨਿਹਾਲ ਸਿੰਘ ਵਾਲਾ ਬਲਾਕ ਦੇ ਇਕ ਪਿੰਡ ਵਿਚ ਯੂਰੇਨੀਅਮ ਦੀ ਮਾਤਰਾ ਵੀ ਦਰਜ ਕੀਤੀ ਗਈ। ਪਠਾਨਕੋਟ ਦੇ 113 ਪਿੰਡਾਂ ਵਿਚ ਅਲੂਮੀਨੀਅਮ ਜ਼ਿਆਦਾਤਰ ਮੌਜੂਦ ਹੈ। ਪਟਿਆਲਾ ਦੇ ਚੈੱਕ ਕੀਤੇ 411 ਪਿੰਡਾਂ ਵਿਚ ਜ਼ਿਆਦਾਤਰ ਸਿੱਕਾ ਮੌਜੂਦ ਹੈ ਪਰ ਉਂਜ ਇਸ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚ ਸਾਰੇ ਤੱਤ ਹੀ ਮੌਜੂਦ ਹਨ। ਭੁੱਨਰਹੇੜੀ ਬਲਾਕ ਵਿਚ ਯੂਰੇਨੀਅਮ ਵੀ ਮਿਲਿਆ ਹੈ। ਰੋਪੜ ਦੇ 290 ਪਿੰਡਾਂ ਵਿਚ ਅਲੂਮੀਨੀਅਮ ਕਰੀਬ ਸਾਰੇ ਪਿੰਡਾਂ ਵਿਚ ਹੈ, ਉਂਜ ਸਿੱਕਾ ਵੀ ਪਾਇਆ ਗਿਆ ਹੈ ਪਰ ਇਸ ਜ਼ਿਲ੍ਹੇ ਵਿਚ ਯੂਰੇਨੀਅਮ ਦੀ ਮਾਤਰਾ ਨਹੀਂ ਮਿਲੀ।
ਸੰਗਰੂਰ ਜ਼ਿਲ੍ਹੇ ਵਿਚ ਚੈੱਕ ਕੀਤੇ 62 ਪਿੰਡਾਂ ਵਿਚ ਖਤਰਨਾਕ ਤੱਕ ਯੂਰੇਨੀਅਮ ਵੀ ਸਾਹਮਣੇ ਆਇਆ ਹੈ ਜਦਕਿ ਇਥੇ ਫਲੋਰਾਈਡ, ਸਿੱਕਾ ਤੇ ਸਿਲੇਨੀਅਮ ਵੀ ਮੌਜੂਦ ਹੈ। ਮੁਹਾਲੀ ਜ਼ਿਲ੍ਹੇ ਦੇ 46 ਪਿੰਡਾਂ ਵਿਚ ਜ਼ਿਆਦਾਤਰ ਐਲੂਮੀਨੀਅਮ ਪਰ ਸਿੱਕਾ ਤੇ ਫਲੋਰਾਈਡ ਵੀ ਮੌਜੂਦ ਹੈ। ਨਵਾਂਸ਼ਹਿਰ ਦੇ 32 ਪਿੰਡਾਂ ਵਿਚ ਮਰਕਰੀ, ਸਿਲੇਨੀਅਮ, ਅਲੂਮੀਨੀਅਮ ਤੇ ਸਿੱਕਾ ਮੌਜੂਦ ਹੈ। ਤਰਨਤਾਰਨ ਦੇ 48 ਪਿੰਡਾਂ ਵਿਚ ਆਰਸੈਨਿਕ, ਨਿੱਕਲ, ਸਿੱਕਾ, ਸਿਲੇਨੀਅਮ ਤੇ ਪੱਟੀ ਬਲਾਕ ਵਿਚ ਯੂਰੇਨੀਅਮ ਵੀ ਮਿਲਿਆ ਹੈ। ਦੱਸ ਦਈਏ ਕਿ ਇਕ ਅੰਦਾਜ਼ੇ ਅਨੁਸਾਰ ਇਕ ਕਿੱਲੋ ਚੌਲਾਂ ਲਈ 5337 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ। ਇਸ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਝੋਨੇ ਦੀ ਇਕ ਫਸਲ ਲਈ ਕਿੰਨਾ ਪਾਣੀ ਵਰਤ ਲਿਆ ਜਾਂਦਾ ਹੈ। ਕਿਉਂਕਿ ਟਿਊਬਵੈੱਲਾਂ ‘ਚੋਂ ਪਾਣੀ ਕਿਸੇ ਸਮੇਂ ਵੀ ਜਿੰਨਾ ਮਰਜ਼ੀ ਕੱਢਿਆ ਜਾ ਸਕਦਾ ਹੈ। ਇਸ ਕਰਕੇ ਵੀ ਨਹਿਰੀ ਪਾਣੀ ਦੀ ਵਰਤੋਂ ਕਾਫੀ ਹੱਦ ਤੱਕ ਘੱਟ ਹੋਣ ਲੱਗੀ ਸੀ।
ਚਾਹੇ ਪਿਛਲੇ ਲੰਮੇ ਸਮੇਂ ਤੋਂ ਪਾਣੀ ਦੇ ਲਗਾਤਾਰ ਘਟਣ ਸਬੰਧੀ ਚਿੰਤਾ ਤਾਂ ਜਤਾਈ ਜਾਂਦੀ ਰਹੀ ਹੈ ਪਰ ਇਸ ਲਈ ਕੋਈ ਚੰਗੀ ਜਾਂ ਪ੍ਰਭਾਵਸ਼ਾਲੀ ਰਣਨੀਤੀ ਨਹੀਂ ਬਣਾਈ ਜਾ ਸਕੀ ਤੇ ਨਾ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਿਆ। ਪਾਣੀ ਦੀ ਅਜਿਹੀ ਦੁਰਵਰਤੋਂ ਸਿਰਫ ਕਿਸਾਨਾਂ ਵੱਲੋਂ ਹੀ ਨਹੀਂ ਕੀਤੀ ਜਾਂਦੀ ਸਗੋਂ ਘਰੇਲੂ ਤੇ ਸਨਅਤਾਂ ਵਿਚ ਵੀ ਪਾਣੀ ਦੀ ਵਰਤੋਂ ਕਰਦਿਆਂ ਲਾਪਰਵਾਹੀ ਵਰਤੀ ਜਾਂਦੀ ਹੈ। ਇਸ ਦਾ ਮੁੱਖ ਕਾਰਨ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਦਾ ਨਾ ਹੋਣਾ ਹੈ। ਸਾਲ 1977 ਵਿਚ ਟਿਊਬਵੈੱਲਾਂ ਦੀ ਗਿਣਤੀ ਕਰੀਬ 2 ਲੱਖ ਸੀ ਜੋ ਹੁਣ ਵਧ ਕੇ 12æ80 ਲੱਖ ਤੋਂ ਵੀ ਉਪਰ ਹੋ ਗਈ ਹੈ। ਇਨ੍ਹਾਂ ਦੀ ਲਗਾਤਾਰ ਹੁੰਦੀ ਦੁਰਵਰਤੋਂ ਕਾਰਨ ਪਾਣੀ ਦਾ ਪੱਧਰ ਹੇਠਾਂ ਤੋਂ ਹੇਠਾਂ ਜਾ ਰਿਹਾ ਹੈ, ਜਿਸ ਲਈ ਡੂੰਘੇ ਬੋਰ ਕੀਤੇ ਜਾ ਰਹੇ ਹਨ ਪਰ ਹੁਣ ਹਾਲਾਤ ਇਹ ਹਨ ਕਿ ਡੂੰਘੇ ਬੋਰ ਵੀ ਪਾਣੀ ਕੱਢਣ ਤੋਂ ਅਸਮਰੱਥ ਹੁੰਦੇ ਜਾ ਰਹੇ ਹਨ।
____________________
ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਗੀ ਸਰਕਾਰ
ਚੰਡੀਗੜ੍ਹ: ਕੈਪਟਨ ਸਰਕਾਰ ਨੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਡਿੱਗ ਰਹੇ ਪੱਧਰ ਦੀ ਰੋਕਥਾਮ ਲਈ ਸੁਝਾਅ ਅਤੇ ਜ਼ਰੂਰੀ ਕਦਮ ਚੁੱਕਣ ਵਾਸਤੇ ਪੰਜ ਮੈਂਬਰੀ ਵਜ਼ਾਰਤੀ ਕਮੇਟੀ ਕਾਇਮ ਕੀਤੀ ਹੈ ਜਿਹੜੀ ਆਪਣੀ ਰਿਪੋਰਟ 45 ਦਿਨਾਂ ਵਿਚ ਦੇਵੇਗੀ।
ਡਿੱਗਦੇ ਪੱਧਰ ਅਤੇ ਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਵਜ਼ਾਰਤ ਨੇ ਜਲ ਸੋਮਿਆਂ ਬਾਰੇ ਵਿਭਾਗ ਵੱਲੋਂ ਤਿਆਰ ਕੀਤੀ ਪੇਸ਼ਕਾਰੀ ਦੇਖੀ ਜਿਸ ਵਿਚ ਦੱਸਿਆ ਗਿਆ ਕਿ ਸਾਲ 2025 ਤੱਕ ਸੂਬੇ ਦਾ 90 ਫੀਸਦੀ ਹਿੱਸਾ ਡਾਰਕ ਜ਼ੋਨ ਵਿਚ ਚਲਾ ਜਾਵੇਗਾ ਅਤੇ ਧਰਤੀ ਹੇਠਲਾ 60 ਫੀਸਦੀ ਪਾਣੀ ਪੀਣ ਯੋਗ ਨਹੀਂ ਰਹੇਗਾ। ਇਸ ਲਈ ਧਰਤੀ ਹੇਠਲੇ ਪਾਣੀ ਕੱਢਣ ਤੋਂ ਰੋਕਣ ਲਈ ਕਿਹੜੇ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ, ਕਿਵੇਂ ਫਸਲੀ ਚੱਕਰ ਬਦਲਿਆ ਜਾ ਸਕਦਾ ਹੈ।