ਨਸ਼ਿਆਂ ਦਾ ਸ਼ਿਕਾਰ ਔਰਤਾਂ ਦੀ ਗਿਣਤੀ ਵਧਣ ਲੱਗੀ

ਬਠਿੰਡਾ: ਪੰਜਾਬ ਵਿਚ ਜਿਥੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਹਨ, ਉਥੇ ਔਰਤਾਂ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਨਸ਼ਾ ਛੁਡਾਊ ਕੇਂਦਰਾਂ ਵਿਚ ਹੁਣ ਔਰਤਾਂ ਦੀ ਗਿਣਤੀ ਵਧ ਰਹੀ ਹੈ। ਤਖਤ ਦਮਦਮਾ ਸਾਹਿਬ ਵਿਖੇ ਚੱਲਦੇ ਨਸ਼ਾ ਛੁਡਾਊ ਕੇਂਦਰ ਵਿਚ ਬਾਕੀ ਕੇਂਦਰਾਂ ਦੇ ਮੁਕਾਬਲੇ ਜ਼ਿਆਦਾ ਔਰਤਾਂ ਜਾਂ ਲੜਕੀਆਂ ਹੁਣ ਤੱਕ ਨਸ਼ਾ ਛੱਡਣ ਲਈ ਆਈਆਂ ਹਨ।

ਆਰæਟੀæਆਈæ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ 2012-13 ਤੋਂ 2017-18 ਤੱਕ ਨਸ਼ਾ ਛੁਡਾਊ ਕੇਂਦਰ ਦੀ ਓæਪੀæਡੀæ ਵਿਚ 6674 ਔਰਤਾਂ ਆਈਆਂ। ਇਨ੍ਹਾਂ ਛੇ ਵਰ੍ਹਿਆਂ ਵਿਚ ਨਸ਼ਾ ਛੱਡਣ ਲਈ 198 ਔਰਤਾਂ ਦਾਖਲ ਹੋਈਆਂ। ਤਲਵੰਡੀ ਸਾਬੋ ਦੇ ਇਸ ਕੇਂਦਰ ਵਿਚ 2012-13 ਵਿਚ 2761 ਅਤੇ 2014-15 ਵਿਚ 2274 ਔਰਤਾਂ ਓæਪੀæਡੀæ ਵਿਚ ਆਈਆਂ, ਜਦੋਂਕਿ ਇਨ੍ਹਾਂ ਦੋਵਾਂ ਵਰ੍ਹਿਆਂ ਵਿਚ 67 ਔਰਤਾਂ ਨਸ਼ਾ ਛੱਡਣ ਲਈ ਦਾਖਲ ਹੋਈਆਂ। ਸਰਕਾਰੀ ਤੱਥ ਹਨ ਕਿ ਬਠਿੰਡਾ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਲੰਘੇ ਢਾਈ ਵਰ੍ਹਿਆਂ ਵਿਚ 190 ਔਰਤਾਂ ਨਸ਼ਾ ਛੱਡਣ ਵਾਸਤੇ ਓæਪੀæਡੀæ ਵਿਚ ਪੁੱਜੀਆਂ, ਜਦੋਂਕਿ 37 ਔਰਤਾਂ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਹੋਈਆਂ। ਡਾæ ਅਰੁਣ ਬਾਂਸਲ ਨੇ ਦੱਸਿਆ ਕਿ ਪ੍ਰਤੀ ਮਹੀਨਾ ਅੱਠ ਕੁ ਔਰਤਾਂ ਨਸ਼ਾ ਛੱਡਣ ਵਾਸਤੇ ਪੁੱਜ ਰਹੀਆਂ ਹਨ।
ਸੂਤਰਾਂ ਅਨੁਸਾਰ ਬਠਿੰਡਾ ਦੇ ਇਕ ਪਿੰਡ ਦੀ 20 ਵਰ੍ਹਿਆਂ ਦੀ ਲੜਕੀ ਆਪਣੇ ਦੋਸਤ ਲੜਕੇ ਦੀ ਸੰਗਤ ਵਿਚ ਚਿੱਟਾ ਲੈਣ ਲੱਗ ਪਈ ਸੀ। ਮਾਪਿਆਂ ਨੇ ਲੜਕੀ ਨੂੰ ਬੇਦਖਲ ਕਰ ਦਿੱਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਲੜਕਾ ਫਰਾਰ ਹੋ ਗਿਆ ਤੇ ਪੁਲਿਸ ਨੇ ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ। ਇਕ ਪਤੀ-ਪਤਨੀ ਵੀ Ḕਚਿੱਟਾ’ ਛੱਡਣ ਲਈ ਹਸਪਤਾਲ ਆਏ ਹਨ। ਇਸੇ ਹਫਤੇ ਬਠਿੰਡਾ ਸ਼ਹਿਰ ਦੀਆਂ ਤਿੰਨ ਕੁੜੀਆਂ ਨੇ Ḕਚਿੱਟਾ’ ਛੱਡਣ ਲਈ ਹਸਪਤਾਲ ਤੱਕ ਪਹੁੰਚ ਕੀਤੀ ਹੈ। ਬਠਿੰਡਾ ਦੇ ਮੁਲਤਾਨੀਆ ਰੋਡ ਦੀ ਇਕ ਚੰਗੇ ਘਰ ਦੀ ਲੜਕੀ ਨੂੰ ਉਸ ਦੇ ਦੋਸਤ ਨੇ Ḕਚਿੱਟੇ’ ਦੀ ਲਤ ਲਾ ਦਿੱਤੀ। ਜਲੰਧਰ ਪੜ੍ਹ ਕੇ ਆਈ ਬਠਿੰਡਾ ਦੀ ਇਕ ਲੜਕੀ ਵੀ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਾ ਰਹੀ ਹੈ। ਫ਼ਾਜ਼ਿਲਕਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਸਾਲ 2017 ਵਿਚ ਤਿੰਨ ਔਰਤਾਂ ਨੇ ਭਰਤੀ ਹੋ ਕੇ ਅਤੇ ਤਿੰਨ ਔਰਤਾਂ ਨੇ ਰੈਗੂਲਰ ਦਵਾਈ ਲੈ ਕੇ ਨਸ਼ਾ ਛੱਡਿਆ।
ਫ਼ਾਜ਼ਿਲਕਾ ਦੇ ਨਵੇਂ ਸਰਕਾਰੀ ਕਲੀਨਿਕ ਉਤੇ ਦੋ ਔਰਤਾਂ ਨਸ਼ਾ ਛੱਡਣ ਦੀ ਦਵਾਈ ਲੈ ਰਹੀਆਂ ਹਨ। ਬਰਨਾਲਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਲੰਘੇ ਚਾਰ ਵਰ੍ਹਿਆਂ ਵਿਚ 61246 ਮਰੀਜ਼ ਨਸ਼ਾ ਛੱਡਣ ਲਈ ਪੁੱਜੇ ਹਨ। ਲੰਘੇ ਇਕ ਵਰ੍ਹੇ ਦੌਰਾਨ ਦੋ ਔਰਤਾਂ ਵੀ ਪੁੱਜੀਆਂ ਹਨ। ਡਾæ ਪ੍ਰਵੇਸ਼ ਨੇ ਦੱਸਿਆ ਕਿ ਸੌ ਮਰੀਜ਼ਾਂ ਪਿੱਛੇ ਇਕ ਔਰਤ ਨਸ਼ਾ ਛੱਡਣ ਵਾਸਤੇ ਆ ਰਹੀ ਹੈ। ਫ਼ਤਿਹਗੜ੍ਹ ਸਾਹਿਬ ਦੇ ਨਸ਼ਾ ਛੁਡਾਊ ਕੇਂਦਰ ਵਿਚ ਚਾਰ ਵਰ੍ਹਿਆਂ ਵਿਚ ਇਲਾਜ ਲਈ ਚਾਰ ਔਰਤਾਂ ਭਰਤੀ ਹੋਈਆਂ, ਜਦੋਂਕਿ ਚਾਰ ਨੇ ਓæਪੀæਡੀæ ਵਿਚ ਦਵਾਈ ਲਈ। ਡਾਕਟਰ ਦੱਸਦੇ ਹਨ ਕਿ ਆਰਕੈਸਟਰਾ ਵਾਲੀਆਂ ਲੜਕੀਆਂ ਸਭ ਤੋਂ ਵੱਧ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਡਾæ ਨਿਧੀ ਗੁਪਤਾ ਬਠਿੰਡਾ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿਚ ਔਰਤਾਂ ਪਛਾਣ ਜਨਤਕ ਹੋਣ ਡਰੋਂ ਹਸਪਤਾਲਾਂ ਵਿਚ ਪੁੱਜਦੀਆਂ ਹੀ ਨਹੀਂ ਹਨ। ਹੁਸ਼ਿਆਰਪੁਰ ਦੇ ਕੇਂਦਰ ਵਿਚ ਇਸ ਵੇਲੇ ਪੰਜ ਲੜਕੀਆਂ ਨਸ਼ਾ ਛੱਡਣ ਲਈ ਜੂਝ ਰਹੀਆਂ ਹਨ। ਇਕ ਗਰਭਵਤੀ ਮਹਿਲਾ ਦਾ ਵੀ ਇਲਾਜ ਚੱਲ ਰਿਹਾ ਸੀ। ਗੁਰਦਾਸਪੁਰ ਦੇ ਕੇਂਦਰ ਵਿਚ ਚਾਰ ਔਰਤਾਂ ਨਸ਼ਾ ਛੱਡਣ ਵਾਸਤੇ ਆਈਆਂ ਸਨ। ਨਵੇਂ ਓæਓæਏæਟੀ ਸੈਂਟਰ ਵਿਚ ਰੋਜ਼ਾਨਾ 200 ਮਰੀਜ਼ ਆ ਰਹੇ ਹਨ। ਇਥੇ ਦੋ ਔਰਤਾਂ ਸ਼ਰਾਬ ਛੱਡਣ ਵਾਸਤੇ ਪੁੱਜੀਆਂ ਸਨ।