ਬਾਦਲਾਂ ਦੇ ਨੇੜਲਿਆਂ ਨੂੰ ਘੇਰਾ ਪਾਉਣ ਲੱਗੀ ਕੈਪਟਨ ਸਰਕਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਬਾਦਲ ਪਰਿਵਾਰ ਦੇ ਅਤਿ ਕਰੀਬੀ ਮੰਨੇ ਜਾਂਦੇ ਲੰਬੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਵਿਰੁੱਧ ਭ੍ਰਿਸ਼ਟਾਚਾਰ ਅਤੇ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਕੈਪਟਨ ਸਰਕਾਰ ਦਾ ਇਹ Ḕਵਾਰ’ ਵੱਡਾ ਝਟਕਾ ਹੈ। ਵਿਜੀਲੈਂਸ ਵੱਲੋਂ ਇਹ ਮਾਮਲਾ ਮੋਹਾਲੀ ਪੁਲਿਸ ਥਾਣੇ ਵਿਚ ਵਿਜੀਲੈਂਸ ਦੀ ਪੜਤਾਲੀਆ ਰਿਪੋਰਟ ਦੇ ਅਧਾਰ ਉਤੇ ਦਰਜ ਕੀਤਾ ਗਿਆ ਹੈ। ਪੰਜਾਬ ਵਿਚ ਸੱਤਾ ਤਬਦੀਲੀ ਤੋਂ ਬਾਅਦ ਕੈਪਟਨ ਸਰਕਾਰ ਨੇ ਬਾਦਲਾਂ ਦੇ ਕਰੀਬੀ ਕਿਸੇ ਅਕਾਲੀ ਨੇਤਾ ਖਿਲਾਫ਼ ਭ੍ਰਿਸ਼ਟਾਚਾਰ ਦਾ ਪਹਿਲਾ ਕੇਸ ਦਰਜ ਕੀਤਾ ਹੈ।

ਵਿਜੀਲੈਂਸ ਦੀ ਪੜਤਾਲੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ ਅਕਾਲੀ ਸਰਕਾਰ ਦੇ ਸਮੇਂ ਆਪਣੇ ਰੁਤਬੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਕਰਮਚਾਰੀਆਂ ਤੇ ਅਫਸਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਰਾਹੀਂ ਭਾਰੀ ਰਕਮਾਂ ਹਾਸਲ ਕੀਤੀਆਂ ਹਨ। ਵਿਜੀਲੈਂਸ ਨੇ ਕੋਲਿਆਂਵਾਲੀ ਉਤੇ ਪੰਜਾਬ ਸਮੇਤ ਰਾਜਸਥਾਨ, ਉਤਰਾਖੰਡ ਆਦਿ ਸੂਬਿਆਂ ਵਿਚ ਵੀ ਜ਼ਮੀਨ ਅਤੇ ਹੋਟਲ ਆਦਿ ਖਰੀਦਣ ਦੇ ਦੋਸ਼ ਲਾਏ ਹਨ। ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸੀ ਨੇਤਾਵਾਂ ਦੇ ਦਬਾਅ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਲਿਆਂਵਾਲੀ ਖਿਲਾਫ਼ ਕੁਝ ਮਹੀਨੇ ਪਹਿਲਾਂ ਹੀ ਵਿਜੀਲੈਂਸ ਪੜਤਾਲ ਦੀ ਇਜਾਜ਼ਤ ਦੇ ਦਿੱਤੀ ਸੀ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਕੁਝ ਹੋਰਨਾਂ ਅਕਾਲੀ ਨੇਤਾਵਾਂ ਖਿਲਾਫ਼ ਵੀ ਵਿਜੀਲੈਂਸ ਪੜਤਾਲ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।
ਵਿਜੀਲੈਂਸ ਨੇ ਪਹਿਲੀ ਅਪਰੈਲ 2009 ਤੋਂ ਲੈ ਕੇ 31 ਮਾਰਚ 2014 ਤੱਕ ਦੇ ਸਮੇਂ ਨੂੰ ਪੜਤਾਲ ਦਾ ਆਧਾਰ ਬਣਾਇਆ ਹੈ। ਬਿਊਰੋ ਮੁਤਾਬਕ ਇਸ ਸਮੇਂ ਦੌਰਾਨ ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ 2 ਕਰੋੜ 39 ਲੱਖ 42 ਹਜ਼ਾਰ 854 ਰੁਪਏ ਦੀ ਆਮਦਨ ਹੋਈ ਸੀ। ਇਸ ਦੇ ਉਲਟ ਇਸ ਸਮੇਂ ਦੌਰਾਨ ਇਸ ਪਰਿਵਾਰ ਵੱਲੋਂ 4 ਕਰੋੜ 10 ਲੱਖ 63 ਹਜ਼ਾਰ 158 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਖਰੀਦੀ ਗਈ। ਵਿਜੀਲੈਂਸ ਮੁਤਾਬਕ ਆਮਦਨ ਤੇ ਖਰਚ ਵਿਚਲਾ ਪਾੜਾ 71æ5 ਫੀਸਦੀ ਜ਼ਿਆਦਾ ਬਣਦਾ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ ਜਨ ਸੇਵਕ ਹੁੰਦਿਆਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਗਲਤ ਤਰੀਕਿਆਂ ਰਾਹੀਂ ਕਮਾਏ। ਐਫ਼ਆਈæਆਰæ ਵਿਚ ਕੋਲਿਆਂਵਾਲੀ ਦੇ ਪਰਿਵਾਰ ਕੋਲ 4 ਲਗਜ਼ਰੀ ਗੱਡੀਆਂ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਪਿੰਡ ਕੋਲਿਆਂਵਾਲੀ ਵਿਚ 5 ਏਕੜ ਵਿਚ ਮਹਿਲਨੁਮਾ ਘਰ ਅਤੇ ਮੁੰਡੇ ਦੇ ਵਿਆਹ ਉਤੇ ਸ਼ਾਹੀ ਖਰਚ ਦਾ ਹਵਾਲਾ ਵੀ ਦਿੱਤਾ ਗਿਆ ਹੈ। ਬਿਊਰੋ ਵੱਲੋਂ ਕੋਲਿਆਂਵਾਲੀ ਦੇ ਅਧੀਨ ਸੇਵਾਵਾਂ ਚੋਣ ਬੋਰਡ ਦਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦਾ ਚੇਅਰਮੈਨ ਹੋਣ ਦੇ ਸਮੇਂ ਨੂੰ ਜਨ ਸੇਵਕ ਦੇ ਰੁਤਬੇ ਨਾਲ ਜੋੜਿਆ ਹੈ। ਬਾਦਲਾਂ ਦੇ ਰਾਜ ਵਿਚ ਦਿਆਲ ਸਿੰਘ ਕੋਲਿਆਂਵਾਲੀ ਦੀ ਤੂਤੀ ਬੋਲਦੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੰਬੀ ਪਿੰਡ ਵਿਚ ਦਿੱਤੇ ਧਰਨੇ ਦੌਰਾਨ ਕਾਂਗਰਸ ਸਰਕਾਰ ਦੇ ਹੋਂਦ ‘ਚ ਆਉਣ ਤੋਂ ਬਾਅਦ ਕੋਲਿਆਂਵਾਲੀ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਸੀ।