ਪਾਕਿਸਤਾਨੀਆਂ ਦੀ ਮਹਿਮਾਨ ਨਿਵਾਜੀ ਤੋØਂ ਸਿੱਖ ਜਥਾ ਬਾਗੋ ਬਾਗ

ਅਟਾਰੀ: ਲਾਹੌਰ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 179ਵੀਂ ਬਰਸੀ ਉਨ੍ਹਾਂ ਦੀ ਸਮਾਧ ਨੇੜੇ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਮਗਰੋਂ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਵਤਨ ਪਰਤਿਆ। ਜਥੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਯਾਤਰਾ ਦੌਰਾਨ ਭਾਰਤੀ ਸਿੱਖ ਜਥੇ ਦਾ ਸਵਾਗਤ ਕੀਤਾ ਹੈ।

ਵਤਨ ਵਾਪਸੀ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ (ਧਰਮ ਪ੍ਰਚਾਰ ਕਮੇਟੀ) ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਲਾਹੌਰ ਵਿਚ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉਨ੍ਹਾਂ ਦੀ ਸਮਾਧ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਤ ਉਨ੍ਹਾਂ ਦੀ ਸਮਾਧ ਵਿਖੇ 27 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ ਅਤੇ 29 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮਗਰੋਂ ਬਰਸੀ ਨੂੰ ਸਮਰਪਤ ਮੁੱਖ ਸਮਾਗਮ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕਰਵਾਇਆ ਗਿਆ। ਸ੍ਰੀ ਜੌੜਾਸਿੰਘਾ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ, ਜੋ 2019 ਵਿਚ ਮਨਾਇਆ ਜਾ ਰਿਹਾ ਹੈ, ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨੀ ਸਿੱਖਾਂ ਨੂੰ ਵੱਖ-ਵੱਖ ਸਮੇਂ ਹੋਣ ਵਾਲੇ ਸਮਾਗਮਾਂ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਪਾਕਿਸਤਾਨ ਪੰਜਾਬੀ ਸਿੱਖ ਸੰਗਤ ਦੇ ਆਗੂ ਭਾਈ ਗੋਪਾਲ ਸਿੰਘ ਚਾਵਲਾ ਵੱਲੋਂ ਆਪਣੇ ਭਾਸ਼ਣ ਦੌਰਾਨ Ḕਖਾਲਿਸਤਾਨ ਜ਼ਿੰਦਾਬਾਦ’ ਅਤੇ Ḕਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਾਉਣ ਉਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ ਵਿਰੋਧ ਕੀਤਾ। ਸ੍ਰੀ ਜੌੜਾਸਿੰਘਾ ਨੇ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਭਾਰਤੀ ਹਾਈ ਕਮਿਸ਼ਨਰ ਦੇ ਆਉਣ ਦੀ ਜਾਣਕਾਰੀ ਮਿਲੀ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਭਾਰਤੀ ਸਿੱਖ ਜਥੇ ਦੇ ਆਗੂਆਂ ਨਾਲ ਨਾ ਮਿਲਣ ਦੇਣ ‘ਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਔਕਾਫ਼ ਬੋਰਡ ਦੇ ਅਧਿਕਾਰੀਆਂ ਕੋਲ ਰੋਸ ਪ੍ਰਗਟਾਵਾ ਕੀਤਾ ਗਿਆ। ਬਾਅਦ ਵਿਚ ਹਾਈ ਕਮਿਸ਼ਨ ਦੇ ਅਧਿਕਾਰੀ ਜਥੇ ਦੇ ਆਗੂਆਂ ਨੂੰ ਲਾਹੌਰ ਵਿਚ ਮਿਲੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਯਾਤਰਾ ਦੌਰਾਨ ਭਾਰਤੀ ਸਿੱਖ ਜਥੇ ਦਾ ਸਵਾਗਤ ਕੀਤਾ ਗਿਆ।
ਖਾਲੜਾ ਮਿਸ਼ਨ ਕਮੇਟੀ ਦੇ ਪਾਰਟੀ ਲੀਡਰ ਦਰਸ਼ਨ ਸਿੰਘ ਰੌਸ਼ਨਵਾਲਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ 2019 ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਪਾਕਿਸਤਾਨ ਕਮੇਟੀ ਅਤੇ ਔਕਾਫ਼ ਬੋਰਡ ਦੇ ਅਧਿਕਾਰੀਆਂ ਨਾਲ ਜਥੇ ਦੇ ਆਗੂਆਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਵੱਖ-ਵੱਖ ਮੁਲਕਾਂ ਵਿਚ ਵਸਦੇ ਸਵਾ ਲੱਖ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਭਾਰਤੀ ਸਿੱਖ ਜਥੇ ਨੇ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਰਾਵਲਪਿੰਡੀ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਸਥਾਨਕ ਗੁਰਦੁਆਰਿਆਂ ਸਮੇਤ), ਗੁਰਦੁਆਰਾ ਸੱਚਾ ਸੌਦਾ (ਫਾਰੂਕਾਬਾਦ), ਗੁਰਦੁਆਰਾ ਰੋੜੀ ਸਾਹਿਬ (ਐਮਨਾਬਾਦ), ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ, ਗੁਰਦੁਆਰਾ ਚੂਨਾ ਮੰਡੀ, ਗੁਰਦੁਆਰਾ ਭਾਈ ਤਾਰੂ ਸਿੰਘ (ਸ਼ਹੀਦੀ ਸਥਾਨ), ਗੁਰਦੁਆਰਾ ਸਿੰਘ ਸਿੰਘਣੀਆਂ, ਲਾਹੌਰ ਦੇ ਦਰਸ਼ਨ ਦੀਦਾਰ ਕੀਤੇ।
______________________
ਪ੍ਰਕਾਸ਼ ਪੁਰਬ ਇਕੱਠੇ ਮਨਾਉਣ ਬਾਰੇ ਨਾ ਮਿਲਿਆ ਹੁੰਗਾਰਾ
ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਖੁਲਾਸਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਪੀæਜੀæਪੀæਸੀæ ਦੇ ਸਹਿਯੋਗ ਨਾਲ ਮਨਾਉਣ ਦੀ ਇੱਛਾ ਹੈ, ਪਰ ਫਿਲਹਾਲ ਇਸ ਸਬੰਧੀ ਪਾਕਿਸਤਾਨੀ ਔਕਾਫ ਬੋਰਡ ਵਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ ਹੈ। ਇਸ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਪੱਧਰ ਦੀ ਇਕ ਸਿੱਖ ਜਥੇਬੰਦੀ ਬਣਾਉਣਾ ਵੀ ਪ੍ਰਸਤਾਵਿਤ ਯੋਜਨਾ ਹੈ। ਸ੍ਰੀ ਜੀਕੇ ਨੇ ਖ਼ੁਲਾਸਾ ਕੀਤਾ ਕਿ ਦਿੱਲੀ ਕਮੇਟੀ ਵੱਲੋਂ ਹਾਲ ਹੀ ਵਿਚ ਦਿੱਲੀ ਵਿਚ ਪਾਕਿਸਤਾਨੀ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਨੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਖੇ ਨਗਰ ਕੀਰਤਨ ਲੈ ਕੇ ਜਾਣ ਅਤੇ ਉਥੇ ਇਕੱਠਿਆਂ ਸਮਾਗਮ ਕਰਨ ਦੀ ਮੰਗ ਰੱਖੀ ਹੈ।
_________________________
ਪਾਕਿਸਤਾਨ ‘ਚ ਦਸਤਾਰਧਾਰੀ ਸਿੱਖ ਨੇ ਵਧਾਇਆ ਭਾਈਚਾਰੇ ਦਾ ਮਾਣ
ਅੰਮ੍ਰਿਤਸਰ: ਪਾਕਿਸਤਾਨ ਦੇ ਲਾਹੌਰ ‘ਚ ਉਰਦੂ ਚੈਨਲ ਵਿਚ ਇਕ ਦਸਤਾਰਧਾਰੀ ਸਿੱਖ ਨੌਜਵਾਨ ਨੇ ਪਹਿਲਾ ਨਿਊਜ਼ ਐਂਕਰ ਬਣਨ ਦਾ ਮਾਣ ਹਾਸਲ ਕੀਤਾ ਹੈ। ਖੈਬਰ ਪਖ਼ਤੂਨਖਵਾ ਸੂਬੇ ਦੇ ਸ਼ੰਗਲਾ ਜ਼ਿਲ੍ਹੇ ਦਾ 28 ਸਾਲਾ ਹਰਮੀਤ ਸਿੰਘ ਪਸ਼ਤੋ, ਪੰਜਾਬੀ, ਉਰਦੂ, ਹਿੰਦੀ ਤੇ ਅੰਗਰੇਜ਼ੀ ਦੀ ਮੁਹਾਰਤ ਰੱਖਦਾ ਹੈ। ਹਰਮੀਤ ਨੇ ਕਰਾਚੀ ਦੀ ਉਰਦੂ ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਐਮਏ ਕਰਨ ਤੋਂ ਬਾਅਦ ਕੁਝ ਸਾਲ ਇਸਲਾਮਾਬਾਦ ਦੇ ਇਕ ਚੈਨਲ ‘ਚ ਬਤੌਰ ਰਿਪੋਰਟਰ ਕੰਮ ਕੀਤਾ। ਇਸ ਤੋਂ ਬਾਅਦ ਉਸ ਦੀ ਲਿਖਣ ਕਲਾ, ਪ੍ਰਭਾਵੀ ਸ਼ਖਸੀਅਤ ਤੇ ਉਸ ਦੀ ਆਵਾਜ਼ ਉਸ ਨੂੰ ਐਂਕਰ ਦੀ ਨੌਕਰੀ ਦਿਵਾਉਣ ‘ਚ ਸਹਾਈ ਸਾਬਤ ਹੋਈ।
ਉਸ ਤੋਂ ਪਹਿਲਾਂ ਇਕ ਸਿੱਖ ਮੁਟਿਆਰ ਮਨਮੀਤ ਕੌਰ ਵੀ ਟੀਵੀ ਐਂਕਰ ਵਜੋਂ ਕੰਮ ਕਰ ਰਹੀ ਹੈ। ਇਕ ਸਿੱਖ ਪਾਕਿਸਤਾਨੀ ਥਲ ਸੈਨਾ ਵਿਚ ਕਮਿਸ਼ੰਡ ਅਫਸਰ ਹੈ ਜਦੋਂ ਕਿ ਇਕ ਹੋਰ ਪਾਕਿਸਤਾਨ ਰੇਂਜਰਜ਼ ਦੇ ਮੈਂਬਰ ਵਜੋਂ ਵਾਹਗਾ-ਅਟਾਰੀ ਸਰਹੱਦ ਉਤੇ ਡਿਊਟੀ ਦੇ ਚੁੱਕਾ ਹੈ। ਪਾਕਿਸਤਾਨ ਵਿਚ ਸਿੱਖ ਵਸੋਂ ਬਹੁਤ ਘੱਟ ਹੈ। 2011 ਦੀ ਮਰਦਮਸ਼ੁਮਾਰੀ ਵਿਚ ਇਹ ਗਿਣਤੀ 54 ਹਜ਼ਾਰ ਦਰਜ ਕੀਤੀ ਗਈ ਸੀ ਜਦੋਂ ਕਿ ਗੈਰ-ਸਰਕਾਰੀ ਹਲਕੇ ਇਹ ਗਿਣਤੀ ਦੋ ਲੱਖ ਦੇ ਕਰੀਬ ਹੋਣ ਦਾ ਦਾਅਵਾ ਕਰਦੇ ਹਨ। ਹਰਮੀਤ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ‘ਚ ਆਪਣੇ ਪਰਿਵਾਰ ਤੇ ਭਾਈਚਾਰੇ ਨੂੰ ਮਾਣ ਦਿਵਾਉਣਾ ਚਾਹੁੰਦਾ ਹੈ। ਹਰਮੀਤ ਨੇ ਦੱਸਿਆ ਕਿ ਉਹ ਮਲੇਸ਼ੀਆ ‘ਚ ਕਾਰੋਬਾਰ ਕਰ ਰਿਹਾ ਸੀ ਜਿਸ ਦੌਰਾਨ ਉਸ ਨੂੰ ਪਬਲਿਕ ਨਿਊਜ਼ ਸਰਵਿਸ ਤੋਂ ਨੌਕਰੀ ਲਈ ਫੋਨ ਆਇਆ।