ਸਰਜੀਕਲ ਸਟ੍ਰਾਈਕ ਬਾਰੇ ਆਪਣੀ ਵਡਿਆਈ ਕਰਕੇ ਘਿਰੀ ਮੋਦੀ ਸਰਕਾਰ

ਨਵੀਂ ਦਿੱਲੀ: ਦੋ ਸਾਲ ਪਹਿਲਾਂ ਕੀਤੇ ਗਏ ਸਰਜੀਕਲ ਹਮਲੇ ਬਾਰੇ ਇਕ ਵੀਡੀਓ ਜਾਰੀ ਹੋਣ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ‘ਤੇ ਫੌਜੀ ਕਾਰਵਾਈ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਦੇਸ਼ ਦੇ ਬਹਾਦਰ ਫੌਜੀਆਂ ਦੀਆਂ ਕੁਰਬਾਨੀਆਂ ਦਾ ਸਿਆਸੀ ਮੁੱਲ ਵੱਟਣਾ ਬਹੁਤ ਹੀ ਮਾੜੀ ਗੱਲ ਹੈ।

ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਆਖਿਆ ਕਿ ਇਕ ਪਾਸੇ ਮੋਦੀ ਸਰਕਾਰ ਹਥਿਆਰਬੰਦ ਦਸਤਿਆਂ ਦੀਆਂ ਕੁਰਬਾਨੀਆਂ ਦਾ ਸਿਆਸੀ ਮੁੱਲ ਵੱਟਣ ਲਈ ਬੇਕਰਾਰ ਹੋਈ ਪਈ ਹੈ, ਦੂਜੇ ਪਾਸੇ ਇਹ ਪਾਕਿਸਤਾਨ ਨਾਲ ਸਿੱਝਣ ਲਈ ਹਾਲੇ ਤੱਕ ਕੋਈ ਦਿਸ਼ਾ ਤੈਅ ਨਹੀਂ ਕਰ ਸਕੀ। ਉਧਰ, ਭਾਜਪਾ ਨੇ ਕਾਂਗਰਸ ‘ਤੇ ਹਥਿਆਰਬੰਦ ਦਸਤਿਆਂ ਦੀ ਵਚਨਬੱਧਤਾ ਤੇ ਹੌਸਲੇ ਬਾਰੇ ਕਿੰਤੂ ਕਰਨ ਤੇ ਇਨ੍ਹਾਂ ਦਾ ਮਨੋਬਲ ਨੀਵਾਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਹੁਣ ਮੁੱਖ ਧਾਰਾ ਦੀ ਪਾਰਟੀ ਨਹੀਂ ਸਗੋਂ ਇਕ ਸੀਮਾਂਤ ਖਿਡਾਰੀ ਬਣ ਗਈ ਹੈ।
ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਾਂਗਰਸ ਦਾ ਇਹ ਦੋਸ਼ ਵੀ ਰੱਦ ਕਰ ਦਿੱਤਾ ਕਿ ਮੋਦੀ ਸਰਕਾਰ ਸਰਜੀਕਲ ਹਮਲਿਆਂ ਦਾ ਸਿਆਸੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਇਸ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੁੰਦੀ ਤਾਂ ਇਹ ਵੀਡੀਓਜ਼ ਉਤਰ ਪ੍ਰਦੇਸ਼, ਗੁਜਰਾਤ ਜਾਂ ਕਰਨਾਟਕ ਦੀਆਂ ਚੋਣਾਂ ਵੇਲੇ ਜਾਰੀ ਕਰਵਾ ਸਕਦੀ ਸੀ। ਉਨ੍ਹਾਂ ਕਿਹਾ ਕਿ ਸਰਜੀਕਲ ਹਮਲਿਆਂ ਨਾਲ ਜੁੜੇ ਫ਼ੌਜੀ ਅਫਸਰਾਂ ਨੇ ਵੀਡੀਓ ਨੂੰ ਸਹੀ ਕਰਾਰ ਦਿੱਤਾ ਹੈ।
______________________
ਫੌਜ ਦਾ ਸਿਆਸੀਕਰਨ ਨਾ ਕਰਨ ਮੋਦੀ: ਮਾਨ
ਲਹਿਰਾਗਾਗਾ: ਸੰਸਦ ਮੈਂਬਰ ਭਗਵੰਤ ਮਾਨ ਨੇ ਭਾਜਪਾ ਨੂੰ ਦੇਸ਼ ਦੀ ਫੌਜ ਦਾ ਰਾਜਸੀਕਰਨ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ 2014 ਮਗਰੋਂ ਭਾਜਪਾ ਨੇ ਸੱਤਾ ਲਈ ਹਰ ਸੰਸਥਾ ਦਾ ਰਾਜਸੀਕਰਨ ਕੀਤਾ ਹੈ ਤੇ ਸਿਰਫ ਭਾਰਤੀ ਫੌਜ ਹੀ ਰਾਜਨੀਤੀ ਤੋਂ ਨਿਰਲੇਪ ਸੀ। ਫੌਜ ਲਗਾਤਾਰ ਪਾਕਿਸਤਾਨ ਖਿਲਾਫ਼ ਸਰਜੀਕਲ ਸਟ੍ਰਾਈਕ ਕਰਕੇ ਆਪਣੇ ਦੇਸ਼ ਪ੍ਰਤੀ ਕੰਮ ਕਰਦੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਖਾਹਮਖਾਹ ਵੋਟਾਂ ਖਾਤਰ ਇਸ ਦਾ ਸਿਹਰਾ ਲੈਣਾ ਚਾਹੁੰਦੇ ਹਨ।
________________________
ਕੈਪਟਨ ਵੱਲੋਂ ਮੋਦੀ ਸਰਕਾਰ ਦੀ ਆਲੋਚਨਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਜੀਕਲ ਸਟ੍ਰਾਈਕ ਦੇ ਮਾਮਲੇ ‘ਤੇ ਭਾਰਤੀ ਫੌਜ ਦਾ ਵਾਰ-ਵਾਰ ਸਿਆਸੀਕਰਨ ਕਰਨ ਦੀਆਂ ਕੋਸ਼ਿਸ਼ਾਂ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਕੈਪਟਨ ਨੇ ਕਿਹਾ ਕਿ ਫੌਜ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਿਆਸਤ ਜਾਂ ਵੋਟਾਂ ਦੇ ਲਾਭ ਲਈ ਨਹੀਂ ਵਰਤਿਆ ਜਾਣਾ ਚਾਹੀਦਾ।