ਭਾਰਤ ਦੀ ਵੱਕਾਰੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇæ ਐਨæ ਯੂæ) ਨਵੀਂ ਦਿੱਲੀ ਤੋਂ ਡਾਕਟਰੇਟ ਕਰਕੇ ਆਇਆ ਵਿਦਵਾਨ ਸੁਮੇਲ ਸਿੰਘ ਸਿੱਧੂ ਅੱਜ ਕੱਲ੍ਹ ਪੰਜਾਬ ਵਿਚ ਸਰਗਰਮ ਹੈ। ਆਪਣੇ ਵਿਚਾਰਵਾਨ ਸਾਥੀਆਂ ਨਾਲ ਸਿਰ ਜੋੜ ਕੇ ਬੈਠਣ ਵਾਲੇ ਇਸ ਵਿਦਵਾਨ ਨੇ ਪੰਜਾਬ ਦਾ ਫਸਿਆ ਗੱਡਾ ਕੱਢਣ ਦੀ ਨੀਅਤ ਨਾਲ ਇਸ ਲੇਖ ਵਿਚ ਕੁਝ ਵਿਚਾਰਾਂ ਨੂੰ ਤਰਤੀਬ ਦਿੱਤੀ ਹੈ ਅਤੇ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਉਤੇ ਭਰਵੀਂ ਨਿਗ੍ਹਾ ਮਾਰੀ ਹੈ। ਉਹ ਪੰਜਾਬ, ਜਿਸ ਵਿਚ ਸਮਾਜਕ, ਆਰਥਕ ਅਤੇ ਇਖਲਾਕੀ ਪੱਖੋਂ ਵੱਡਾ ਨਿਘਾਰ ਆਇਆ ਹੈ।
ਸਵਾਲ ਹੈ ਕਿ ਇਸ ਬੌਣੇ, ਬਦਰੰਗ ਅਤੇ ਬੰਜਰ ਹੋ ਚੁਕੇ ਪੰਜਾਬ ਵਿਚ ‘ਗੱਲ’ ਕਰਨ ਦੀ ਸਬੀਲ ਕਿਵੇਂ ਪ੍ਰਵਾਨ ਚੜ੍ਹੇਗੀ? ਉਨ੍ਹਾਂ ਦਾ ਰੁਦਨ ਹੈ, “ਲੁੱਟੀਂਦੀਆਂ ਜਿਣਸਾਂ, ਹਰਾਸੇ ਕਿਰਤੀਆਂ ਦੀਆਂ ਖੁਦਕੁਸ਼ੀਆਂ, ਇਲਮ ਤੋਂ ਬੇਗਾਨਗੀ, ਔਰਤ ਦਾ ਨਿਰਾਦਰ, ਕਮਜ਼ੋਰ ਦੀ ਬੇਅਦਬੀ, ਮਜ਼ਹਬੀ-ਸੰਪਰਦਾਈ ਅੱਗਾਂ ਅਤੇ ਹੋਰ ਅਲਾਮਤਾਂ ਸਦਕਾ ਇਹ ਮਸਤਾਨੀ ਧਰਤੀ ਭਵਿਖ ਤੋਂ ਅਵਾਜ਼ਾਰ ਹੈ।” ਉਨ੍ਹਾਂ ਦਾ ਸੱਦਾ ਹੈ, “ਅਸੀਂ ਦ੍ਰਿੜ੍ਹ ਸੰਕਲਪ ਕਰੀਏ ਕਿ ‘ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ’ ਦੇ ਸੰਕਲਪ ਜ਼ਰੀਏ ਗੁਆਚੇ ਪੰਜਾਬੀ ਅੰਬਰ ਫਿਰ ਰੰਗੇ ਜਾਣ। ਨਵੀਂ ਨਜ਼ਰ ਹਾਸਲ ਕਰ ਕੇ ਦੇਖਿਆਂ ਹੀ ਨਵੀਂ ਨੁਹਾਰ ਉਘੜੇਗੀ, ਲਿਸ਼ਕੇਗੀ ਵੀ।” ਚਿਣਗਾਂ ਛੱਡਦੀ ਅਤੇ ਹੋਰ ਵਿਚਾਰਾਂ ਨੂੰ ਉਤੇਜਿਤ ਕਰਦੀ ਇਹ ਰਚਨਾ ਪਾਠਕਾਂ ਦੀ ਨਜ਼ਰ ਹੈ। -ਸੰਪਾਦਕ
ਸੁਮੇਲ ਸਿੰਘ ਸਿੱਧੂ
ਫੋਨ: 91-94649-84010
ਸਾਡੇ ਦੌਰ ਦਾ ਸਿਰਮੌਰ ਪੰਜਾਬੀ ਸਿਰਜਕ ਸਵਰਾਜਬੀਰ ਗਵਾਹੀ ਦਿੰਦਾ ਹੈ ਕਿ ਸਾਡੇ ਕੋਲ ਗੱਲ, ਬੋਲ ਤੇ ਸ਼ਬਦ ਦਾ ਵਿਵੇਕ ਜੇ ਪੂਰੀ ਤਰ੍ਹਾਂ ਅਜੇ ਖੁਰਿਆ ਨਹੀਂ ਤਾਂ ਖੁਰ ਜ਼ਰੂਰ ਰਿਹਾ ਹੈ। ਡਿਗਰੀਧਾਰੀ ਵਿਦਵਾਨਾਂ ਦੇ ਅਧਿਐਨ ਦੀਆਂ ਕਿਰਮਖੁਰਦਾ ਪੰਡਾਂ ਦੀ ਗੱਲ ਤਾਂ ਛੱਡ ਹੀ ਦੇਈਏ, ਸੁਘੜ ਪੜ੍ਹਨਹਾਰੇ ਮਨੁੱਖ ਵੀ ਪੰਜਾਬ ਵਿਚ ਸਾਖਰਤਾ ਦੇ ਹੁੰਦਿਆਂ-ਸੁੰਦਿਆਂ ਆਪਣਾ ਵਜ਼ਨ ਨਹੀਂ ਦਰਸਾ ਰਹੇ। ਪੰਜਾਬ ਹਾਲ ਦੀ ਘੜੀ ਸਿਰਫ ਅੱਖਰ ਉਠਾਉਣ ਜੋਗਾ ਰਹਿ ਗਿਆ ਹੈ। ਗੁਆਚੇ ਲੌਂਗ ਵਾਂਗ ਪੜ੍ਹਨ-ਗੁੜ੍ਹਨ ਦਾ ਅਭਿਆਸ ਕਦੋਂ ਦਾ ਫਤਿਹ ਬੁਲਾ ਚੁਕਾ ਹੈ। ਆਖੀ ਗੱਲ ਜਾਂ ਲਿਖੇ ਸ਼ਬਦ ਦੀ ਵਿਵੇਕਵਾਨ ਪੜ੍ਹਤ ਨੇ ਹੀ ਅਗਲੇਰੇ ਪੜਾਅ ‘ਤੇ ਮੁਲਖੱਈਏ ਨੂੰ ਵਿਚਾਰ ਦੀ ਓਟ ਦੇਣੀ ਹੁੰਦੀ ਹੈ। ਇਸੇ ਵਿਚਾਰਕ ਸਿਦਕ ਵਾਲੇ ਪੜੁੱਲ ਨੇ ਹੀ ਅਗਾਂਹ ਹੋ ਕੇ ਆਪਣੀ ਸਰਗਰਮੀ ਤੇ ਆਪਣੇ ਅਭਿਆਸ ਸਦਕਾ ਤੁਰਦੇ ਸਮੇਂ ਦੇ ਚਲਣ ਵਿਚ ਵੱਢ ਮਾਰਨਾ ਹੁੰਦਾ ਹੈ ਜਾਂ ਕਿਸੇ ਨਵੀਂ ਸਮਾਜਕ ਸਿਰਜਣਾ ਦਾ ਮੁੱਢ ਬੰਨ੍ਹਣਾ ਹੁੰਦਾ ਹੈ। ਸਭਿਅਤਾਵਾਂ ਇਉਂ ਆਪਣੀਆਂ ਸਚਿਆਰੀਆਂ ਸਿਖਰਾਂ ਛੂੰਹਦੀਆਂ ਹਨ। ਜੇ ਖੁੰਝ ਜਾਈਏ ਤਾਂ ‘ਭੇਡਾਂ ਚਾਰਦੀਆਂ, ਬੇਕਦਰਿਆਂ ਦੀਆਂ ਨਾਰਾਂ’ ਵਾਲਾ ਹਾਲ ਹੋ ਰਹਿੰਦਾ ਹੈ।
ਪੰਜਾਬੀਆਂ ਨੇ ਪਿਛਲੇ ਸਮੇਂ ਵਿਚ ਇਹ ਦੋਵੇਂ ਭਾਣੇ ਵਾਪਰਦੇ ਦੇਖੇ ਹਨ। ‘ਬੇਇਤਬਾਰੇ ਲੀਡਰ’, ‘ਗੰਧਲੀ ਰਾਜਨੀਤੀ’, ‘ਠੱਗ ਟੋਲਾ’, ‘ਦਿੱਲੀ ਵਾਲੇ’ ਆਦਿ ਵਿਸ਼ੇਸ਼ਣ ਦੇ ਕੇ ਅੱਜ ਦੇ ਪੰਜਾਬੀਆਂ ਨੇ ਇਸ ਖਤਰਨਾਕ ਦੌਰ ਹੱਥੋਂ ਆਪਣੇ ਹਾਰ ਜਾਣ ਨੂੰ ਹੋਣੀ ਮੰਨ ਲਿਆ ਹੈ। ਜਦੋਂ ਫਿਰ ਕੋਈ ‘ਇਨਕਲਾਬ’, ‘ਸਾਡਾ ਖੁਆਬ ਨਵਾਂ ਪੰਜਾਬ’ ਜਾਂ ‘ਖਾਲਿਸਤਾਨ’ ਵਰਗੇ ਜੁਮਲਿਆਂ ਦੇ ਸਹਾਰੇ ਖੁਆਰ ਹੋਏ ਪੰਜਾਬੀਆਂ ਨੂੰ ਆਪਣੀ ਸ਼ਰਨ ਆਉਣ ਲਈ ਆਖਦਾ ਹੈ ਤਾਂ ਇਹ ਤਿਆਰ ਵੀ ਹੋ ਜਾਂਦੇ ਹਨ। ਮੁੜ ਤੋਂ ਖੁਆਰ ਹੋ ਬਹਿੰਦੇ ਹਨ; ਤਾਅਨੇ-ਮਿਹਣੇ ਦਿੰਦੇ ਹਨ, ਛਿੱਥੇ ਪੈ ਜਾਂਦੇ ਹਨ। ਅਜਿਹੇ ਇਤਿਹਾਸਕ ਮੋੜ ‘ਤੇ ਸਵਰਾਜਬੀਰ ਦਾ ਆਖਿਆ ਰੌਸ਼ਨ ਹੋ ਜਾਂਦਾ ਹੈ, ਜਦੋਂ ਉਹ ਆਪਣੇ ਨਾਟਕ ‘ਹੱਕ’ ਵਿਚ ‘ਗੱਲ’ ਸੁਣਾਉਣ ਦੀ ਅਟਕਲ ਜੋੜਦੇ ਨੇ:
ਬਾਗਾਂ ਵਿਚ ਵਗਦੀ ‘ਵਾ ਕੁੜੀਏ
ਤੂੰ ਗੱਲ ਨਵੀਂ ਸੁਣਾ ਕੁੜੀਏ!
ਗੱਲ ਜ੍ਹੀਦੇ ਵਿਚ ਗੱਲ ਹੋਵੇ
ਥੋੜ੍ਹਾ ਸੱਚ ਤੇ ਥੋੜ੍ਹਾ ਝੱਲ ਹੋਵੇ
ਥੋੜ੍ਹਾ ਭਲਕ ਤੇ ਥੋੜ੍ਹਾ ਕੱਲ੍ਹ ਹੋਵੇ।
ਅਜਿਹੇ ਮਾਹੌਲ ਵਿਚ ਨਵੀਂ ਗੱਲ ਕਹਿਣ ਦਾ ਜੇਰਾ ਕਰ ਸਕਣਾ ਜ਼ਿਕਰਯੋਗ ਬਣ ਜਾਂਦਾ ਹੈ। ਕੁਝ ਵਰ੍ਹਿਆਂ ਤੋਂ ਅਣਗੌਲੇ ਪਰ ਅਹਿਮ ਸਵਾਲਾਂ ਨੂੰ ਜ਼ੇਰੇ-ਬਹਿਸ ਲਿਆਉਂਦਿਆਂ ਅਤੇ ਜੁਝਾਰੂ ਪੰਜਾਬੀ ਵਿਚਾਰਕ ਪਰੰਪਰਾ ਤੋਂ ਊਰਜਾ ਲੈਂਦਿਆਂ ਸਾਡੇ ਸਮਕਾਲ ਦੇ ਬਹੁ-ਪਰਤੀ ਸਵਾਲ ਜਾਂ ਮਸਲੇ ਵਿਚਾਰਨ-ਨਿਤਾਰਨ ਦੀਆਂ ਸਿਲਸਿਲੇਵਾਰ ਬੈਠਕਾਂ ਦਾ ਸਿਲਸਿਲਾ ਜਾਰੀ ਹੈ। ਇਸ ਪ੍ਰਕ੍ਰਿਆ ਤੋਂ ਹਾਸਲ ਹੋਏ ਅਨੁਭਵ ਅਤੇ ਸਿੱਟਿਆਂ ਸਦਕਾ ਕੁਝ ਹਾਲੀਆ ਮਸਲਿਆਂ ‘ਤੇ ਨਜ਼ਰਸਾਨੀ ਕਰਨ ਦਾ ਢੋਅ ਢੁੱਕਿਆ ਹੈ।
‘ਕਹੁ ਹੁਣ ਹਾਲ ਹਕੀਕਤਿ ਹਾਸ਼ਮ’ – ਲੋਕਾਈ ਦੇ ‘ਸਾਂਝੇ ਪੰਜਾਬ’ ਦਾ ਬੱਝਣਾ ਅਤੇ ਖਿੱਲਰਨਾ: ਅਜੋਕੇ ਪੰਜਾਬ ਵਿਚ 1947 ਤੋਂ ਪਹਿਲਾਂ ਦੇ ਪੰਜਾਬ ਦੀਆਂ ਗੂੰਜਾਂ, ਰੰਗਲੀਆਂ ਯਾਦਾਂ, ਛੋਟੀਆਂ-ਵੱਡੀਆਂ ਪ੍ਰਾਪਤੀਆਂ, ਲਿੱਸੇ-ਪੱਕੇ ਵਿਚਾਰਾਂ, ਜੋੜ-ਅਣਜੋੜ ਦੀਆਂ ਲਹਿਰਾਂ, ਇਸ਼ਕੀਆ-ਜੰਗਜੂ ਕਥਾਵਾਂ, ਇਥੋਂ ਤਕ ਕਿ ਇਮਾਰਤਾਂ ਦਾ ਵੀ ਪੁਰਅਸਰ ਰਹਿਣਾ ਜਾਣਿਆ-ਪਛਾਣਿਆ ਤੱਥ ਹੈ। ‘ਸਾਂਝੇ’ ਪੰਜਾਬ ਵਿਚ ਮੁਸਲਮਾਨ ਭਾਈਚਾਰੇ ਦੀ ਬਹੁਗਿਣਤੀ ਸੀ। 16ਵੀਂ ਸਦੀ ਦੇ ਦੋ ਦਹਾਕਿਆਂ ਤਕ ਦਿੱਲੀ ਸਲਤਨਤ ਅਤੇ ਫਿਰ ਮੁਗਲਾਂ ਦਾ ਰਾਜਧਾਨੀ ਲਾਹੌਰ ਵਿਚ ਰਾਜ-ਭਾਗ ਤਾਂ ਰਿਹਾ, ਪਰ ਸਮਾਜਕ ਤੌਰ ‘ਤੇ ਸੂਫੀਆਂ ਦੀਆਂ ਦਰਗਾਹਾਂ, ਸਿੱਖ ਨਗਰਾਂ ਅਤੇ ਜੋਗੀਆਂ-ਵੈਸ਼ਨਵਾਂ ਦੇ ਡੇਰਿਆਂ ਦਾ ਭਰਪੂਰ ਅਸਰ ਸਾਰੀ ਪੰਜਾਬੀ ਲੋਕਾਈ ‘ਤੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਅਤੇ ਫਿਰ ਅੰਗਰੇਜ਼ੀ ਰਾਜ ਵਿਚ ਵੀ ਲਗਭਗ ਇਹੀ ਸਮਾਜਕ ਤੋਰ (ਕੁਝ ਤਬਦੀਲੀਆਂ ਦੇ ਬਾਵਜੂਦ) ਬਣੀ ਰਹੀ।
ਸ਼ਹਿਰਾਂ ਵਿਚ ਹਿੰਦੂ-ਮੁਸਲਮਾਨ-ਸਿੱਖ ਪਛਾਣ ਦਾ ਮਸਲਾ ਵੱਡਾ ਹੁੰਦਾ-ਹੁੰਦਾ 1940ਵਿਆਂ ਤਕ ਜ਼ਹਿਰ ਦੀ ਜੁਗਾਲੀ ਕਰਨ ਲੱਗ ਪਿਆ ਸੀ। 1947 ਦੀ ਵੰਡ ਦੇ ਜ਼ਿੰਮੇਵਾਰ ਸਿਆਲਾਂ ਦੇ ਪੈਂਚਾਂ ਅਤੇ ਖੇੜਿਆਂ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਬੇਲਿਆਂ, ਪਾਣੀਆਂ ਤੇ ਫਸਲਾਂ ਨੂੰ ਜ਼ਹਿਰ ਦੀ ਪਿਉਂਦ ਚਾੜ੍ਹ ਦਿੱਤੀ। ਪੰਜਾਬ ਦੇ ਸ਼ਹਿਰੀਆਂ ਦੀ ਆਪਸੀ ਜ਼ੋਰਾਵਰੀ ਬਣਾ ਕੇ ਰੱਖਣ ਦੀ ਕਲ੍ਹਾ-ਕਲੇਸ਼ ਨੇ ਪੰਜਾਬ ਦੇ ਪੇਂਡੂਆਂ ਦੀ ਕਮਾਈ ਹੋਈ ‘ਹੀਰਵੰਨੀ’ ਲਿਸ਼ਕ ਮਾਂਦ ਪਾ ਦਿੱਤੀ। ‘ਆਜ਼ਾਦੀ ਹੀਰ’ ਆਖਣ ਵਾਲੇ ਗਦਰੀਆਂ-ਕਿਰਤੀਆਂ ਦੀ ਸਾਂਝੀਵਾਲਤਾ ਤੇ ਪੰਜਾਬੀ ਹੋਂਦ ਵਾਲੀ ਦੇਸੀ ਸੂਝ ਨੂੰ ਦਰਕਿਨਾਰ ਕਰ ਦਿੱਤਾ ਗਿਆ। ਵੱਡਾ ਸੱਚ ਹੈ ਕਿ 1947 ਦੀ ਵੰਡ ਦੀ ਮਾਰੂ ਫਸਲ ਤੋਂ ਅਸੀਂ ਅੱਜ ਵੀ ਹਰ ਪੱਧਰ ‘ਤੇ ਹਾਰੇ ਹੋਏ ਹਾਂ। ਖੇੜਿਆਂ ਅਤੇ ਸਿਆਲਾਂ ਦੀਆਂ ਧਾੜਾਂ ਅਤੇ ਰਾਂਝੇ ਦੇ ਭਾਈ-ਭਾਬੀਆਂ, ਦੋਹਾਂ ਪੰਜਾਬਾਂ ਵਿਚ ਅੱਜ ਵੀ ਮੁਸਤੈਦ ਹਨ।
‘ਰਾਂਝਣ ਬੇਪਰਵਾਹੀ ਕਰਦਾ’ – ‘ਮਹਾਪੰਜਾਬ’ ਦੀ ਤਕਨੀਕਪ੍ਰਸਤ ਦੁਨੀਆਂ ਹੱਥੋਂ ਹੀਰ ਦੀ ਹੇਠੀ: ਗੱਲ ਅੱਗੇ ਤੋਰਦਿਆਂ ਦੂਜਾ ਪੜਾਅ ਸਾਂਝੇ ਪੰਜਾਬ ਨੂੰ ਪਿੱਠ ਦੇਣ ਮਗਰੋਂ ਬਣਾਏ ‘ਮਹਾਪੰਜਾਬ’ ਦਾ ਹੈ। 1947 ਤੋਂ 1966 ਤਕ ਦੇ ਨਹਿਰੂ ਦੌਰ ਦੇ ਲਗਭਗ ਵੀਹ ਵਰ੍ਹੇ ਇਹ ਖਿੱਤਾ ਪਹਿਲੀ ਵਾਰ ਹਿੰਦੂ ਬਹੁਗਿਣਤੀ ਵਾਲਾ ਸੀ। ਪ੍ਰਤਾਪ ਸਿੰਘ ਕੈਰੋਂ ਦਾ ਰਾਜ, ਚੰਡੀਗੜ੍ਹ ਰਾਹੀਂ ਨਵੀਂ ਦੁਨੀਆਂ ਸਾਕਾਰ ਕਰਨ ਦਾ ਸੁਫਨਾ ਅਤੇ ਖੇਤੀ ਦਾ ਝਾੜ ਵਧਾਉਣ ਵਾਲਾ ਹਰਾ ਇਨਕਲਾਬ ਇਸ ਦੌਰ ਦੀਆਂ ਅਹਿਮ ਨਿਸ਼ਾਨੀਆਂ ਹਨ। ਸਮਾਜਕ ਸੱਤਾ ਉਤੇ ਆਰੀਆ ਸਮਾਜ ਅਤੇ ਇਸ ਨਾਲ ਜੁੜੀਆਂ ਵਪਾਰਕ, ਸਿੱਖਿਆ, ਵਿੱਤੀ ਅਤੇ ਮੀਡੀਆ ਸੰਸਥਾਵਾਂ ਨੇ ਸ਼ਹਿਰੀ ਖੇਤਰਾਂ ਨੂੰ ਰਾਜ ਸੱਤਾ ਨਾਲ ਭਾਈਵਾਲ ਬਣਾਇਆ ਹੋਇਆ ਸੀ। ਦੂਜੇ ਪਾਸੇ ਪੰਜਾਬ ਦੇ ਪੇਂਡੂ ਅਤੇ ਸਿੱਖ ਹਲਕਿਆਂ ਵਿਚ ਬੋਲੀ ਦੇ ਆਧਾਰ ‘ਤੇ ਪੰਜਾਬੀ ਸੂਬਾ ਲੈਣ ਲਈ ਮੋਰਚੇ ਲੱਗੇ ਰਹੇ। ਸੱਤਾ ਤੋਂ ਪੇਂਡੂਆਂ (ਕਿਸਾਨ ਅਤੇ ਸਿੱਖ) ਦੀ ਦੂਰੀ ਅਤੇ ਸ਼ਹਿਰੀਆਂ (ਵਪਾਰੀ, ਪੇਸ਼ੇਵਰ ਤੇ ਹਿੰਦੂ) ਦੀ ਨਜ਼ਦੀਕੀ ਨੇ ਪਿੰਡ-ਸ਼ਹਿਰ ਅਤੇ ਪੰਜਾਬੀ-ਅੰਗਰੇਜ਼ੀ ਦੇ ਵਿਰੋਧੀ ਜੁੱਟਾਂ ਦੀ ਬਣਤਰ ਰਾਹੀਂ ਨਵੇਂ ਦੌਰ ਦੀਆਂ ਪੇਚੀਦਗੀਆਂ ਨੂੰ ਪੁਰਾਣੇ, ਸਥਾਪਿਤ ਸਮੀਕਰਨ Ḕਸਿੱਖ ਬਨਾਮ ਹਿੰਦੂḔ ਵਿਚ ਢਾਲ ਲਿਆ। ਗੌਰ ਨਾਲ ਦੇਖੀਏ ਤਾਂ 1947 ਦੀ ਵੰਡ ਦਾ ਤਰਕ ਨਵੇਂ ਰੰਗ-ਰੂਪ ਵਿਚ ਵਾਹਿਆ ਜਾ ਰਿਹਾ ਸੀ।
ਇਨ੍ਹਾਂ ਜਾਹਰਾ ਵਿਰੋਧਾਂ ਦੇ ਬਾਵਜੂਦ ਤਕਨੀਕੀ ਵਿਕਾਸ ਰਾਹੀਂ ਤਰੱਕੀ ਕਰਨ ਦੀ ਤਤਫੱਟ ਮਾਨਸਿਕਤਾ ਨੇ ਪੰਜਾਬੀਆਂ ਨੂੰ ਜਿਣਸੀ ਤੌਰ ‘ਤੇ ਖੁਸ਼ਹਾਲੀ ਦਿੱਤੀ ਅਤੇ ਭਵਿਖ ਬਾਬਤ ਭਰੋਸਾ ਵੀ ਬੰਨ੍ਹਾਇਆ। ਇਕ ਹੱਦ ਤਕ ਸਹੀ ਹੋਣ ਦੇ ਬਾਵਜੂਦ ‘ਰੁੱਤ ਨਵਿਆਂ ਦੀ ਆਈ ਆ’ ਦੇ ਸੰਮੋਹਨ ਵਿਚ ਫਾਥਾ, ਤਰੱਕੀਯਾਫਤਾ ਪੰਜਾਬੀ ਭਾਈਚਾਰਾ ਇਤਿਹਾਸ, ਪੰਜਾਬੀ ਵਿਚਾਰਕ ਪਰੰਪਰਾ ਅਤੇ ਪੇਂਡੂ ਕਿਰਤੀਆਂ ਦੇ ਕਮਾਏ ਜੀਵਨ-ਬੋਧ ਤੋਂ ਉਦਾਸੀਨ ਹੁੰਦਾ ਗਿਆ। ਇਸੇ ਉਦਾਸੀਨਤਾ ਦੇ ਅਮਲ ਵਿਚੋਂ ਵੇਖਿਆਂ ਪੰਜਾਬੀ ਬੋਲੀ, ਭਵਿਖ ਦੀ ਬੋਲੀ ਨਾ ਰਹੀ ਸਗੋਂ ਅਤੀਤ ਦੀ ਨਿਸ਼ਾਨੀ ਜਾਪਣ ਲੱਗੀ। ਸਿੱਟੇ ਵਜੋਂ ਪੰਜਾਬੀ ਤੋਂ ਟੁੱਟਣਾ ਭਵਿਖ ਲਈ ਤਿਆਰ ਹੋਣ ਦੀ ਸ਼ਰਤ ਬਣ ਗਿਆ। ਇਹ ਸਭ ਕੁਝ ਵਿਚਾਰਧਾਰਕ ਤੌਰ ‘ਤੇ ਵੱਡੀ ਪ੍ਰਵਾਨਗੀ ਅਖਤਿਆਰ ਕਰ ਚੁਕਾ ਸੀ। ਇਸੇ ਲਈ ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਪਸਾਰ ਦੇ ਬਾਵਜੂਦ ਇਸ ਪੰਜਾਬੀ ਬੋਲੀ-ਵਿਚਾਰਕ ਪਰੰਪਰਾ-ਜੀਵਨ ਬੋਧ ਦੇ ਸਾਂਝੇ ਜੁੱਟ ਦੀ ਥਾਂ ਅੰਗਰੇਜ਼ੀ-ਦਰਬਾਰੀ ਪਤਵੰਤਤਾ-ਭਵਿਖ ਦਾ ਜੁੱਟ ਤਾਕਤਵਰ ਹੁੰਦਾ ਚਲਾ ਗਿਆ। ਸਿਆਸੀ-ਵਿਚਾਰਧਾਰਕ ਪਿੜ ਵਿਚ ਧੜਕਦੇ-ਜਿਉਂਦੇ ਪੰਜਾਬੀ ਇਤਿਹਾਸ ਨਾਲ ਸਾਡਾ ਨਾਤਾ ਜੋੜ ਕੇ ਰੱਖਣ ਵਾਲੇ ‘ਆਜ਼ਾਦੀ ਹੀਰ’ ਕਹਿਣ ਵਾਲੇ ਗਦਰੀ ਬਾਬੇ ਆਪਣੀ ਅਉਧ ਹੰਢਾ ਕੇ ਰੁਖਸਤ ਹੁੰਦੇ ਰਹੇ।
ਸਟਾਲਿਨਪ੍ਰਸਤੀ ਦੇ ਆਸਰੇ ਸੋਵੀਅਤ ਯੂਨੀਅਨ ਦੀ ਤਕਨੀਕਪ੍ਰਸਤ ਤਰੱਕੀ ਦੇ ਫਾਰਮੂਲੇ ਨੂੰ ਅਪਨਾਉਂਦਿਆਂ ਕਮਿਊਨਿਸਟ ਪਾਰਟੀਆਂ ਨੇ ਬਹੁ-ਪਰਤੀ ਸਮਾਜਵਾਦੀ ਇਤਿਹਾਸਕ ਪਰੰਪਰਾ ਨੂੰ ਇਕਹਿਰਾ ਕਰ ਲਿਆ। ਰਾਜਸੀ ਵਿਰੋਧ, ਸੰਪਰਦਾਇਕ ਝੇੜੇ, ਅਕਾਦਮਿਕ ਝੜਪਾਂ ਦਾ ਦੌਰ ਜਾਰੀ ਰਿਹਾ, ਪਰ ਜੁਝਾਰੂ ਪੰਜਾਬੀ ਵਿਚਾਰਕ ਪਰੰਪਰਾ ਇਨ੍ਹਾਂ ਪਤਵੰਤੀਆਂ ਧਿਰਾਂ ਦੇ ਸਾਂਝੇ ਸਭਿਆਚਾਰਕ ਹਿਤਾਂ ਦੀ ਬਲੀ ਚੜ੍ਹ ਗਈ। ਇਸ ਤਰ੍ਹਾਂ ਪੰਜਾਬ ਦੀਆਂ ਸਿਖਰਲੀਆਂ ਵਿਚਾਰਧਾਰਕ ਧਿਰਾਂ ਦੀ ਵੱਡੀ ਸਹਿਮਤੀ ਬਣੀ ਜੋ ਅੱਜ ਤਕ ਵੀ ਮੋਟੇ ਤੌਰ ‘ਤੇ ਜਾਰੀ ਹੈ। ਲੇਖਕ ਸਭਾਵਾਂ, ਸਭਿਆਚਾਰਕ ਮੰਚ, ਸਤਿਕਾਰ ਕਮੇਟੀਆਂ ਸਹੀ ਕਰ ਲੈਣ ਕਿ ਜੇ ਇਸ ਅੰਗਰੇਜ਼ੀ-ਤਕਨੀਕਪ੍ਰਸਤੀ-ਤਰੱਕੀ ਵਾਲੇ ਭਵਿਖ ਨਾਲ ਬੱਝੇ ਹਿਤਾਂ ਦੀ ਪੀਡੀ ਤਾਣੀ ਦੇ ਬਰਾਬਰ ਪੰਜਾਬੀ-ਇਨਸਾਫ-ਸਾਂਝੀਵਾਲਤਾ ਆਧਾਰਤ ਭਵਿਖ ਦਾ ਮੋਰਚਾ ਨਾ ਲਾਇਆ ਤਾਂ ਸਾਡੇ ‘ਅਕਲ ਲਤੀਫ’ ਪਤਵੰਤਿਆਂ ਨੇ ਬਾਬੇ ਵਾਰਿਸ ਦਾ ਆਖਿਆ ਸੱਚ ਕਰ ਦਿਖਾਉਣਾ ਹੈ:
ਅਲੀ ਜੇਠ ਤੇ ਜਿਨ੍ਹਾਂ ਫੱਤੂ ਦੇਵਰ,
ਡੁੱਬ ਮੋਈਆਂ ਉਹ ਭਰਜਾਈਆਂ ਨੀ।
ਵਿਚਾਰਧਾਰਕ ਪੱਧਰ ‘ਤੇ ਇਸ਼ਕ ਦੇ ਇਕਰਾਰ ਤੋਂ ਤੁਰ ਕੇ ਸਮਾਜਕ ਬਗਾਵਤ ਵਾਲੀ ਸੇਧ ਨੂੰ ਜਾਂਦੀ ਪੰਜਾਬੀ ਨੈਤਿਕਤਾ ਤਕਨੀਕੀ ਦਾਅਵਿਆਂ ਸਾਹਮਣੇ ਨੀਵੀਂ ਕਰ ਦਿੱਤੀ ਗਈ। ਹੀਰ ਦੇ ‘ਕੱਦ ਸਰੂ ਬਹਿਸ਼ਤ ਗੁਲਜ਼ਾਰ ਵਿਚੋਂ’ ਨੂੰ ਲਾਂਭੇ ਕਰ ਕੇ ਪੰਜਾਬੀਆਂ ਨੇ ਸਫੈਦੇ ਦੇ ਕੱਦ ਨੂੰ ਅਪਨਾ ਲਿਆ। ਸਿੱਟੇ ਵਜੋਂ ਹੀਰ-ਸਾਹਿਬਾਂ-ਸੋਹਣੀ-ਸੱਸੀ ਆਦਿ ਨੂੰ 1960ਵਿਆਂ ਵਿਚ ਦੇਵ ਥਰੀਕਿਆਂ ਵਾਲੇ-ਕੁਲਦੀਪ ਮਾਣਕ ਤੋਂ ਲੈ ਕੇ 1990ਵਿਆਂ ਵਿਚ ਰਣਜੀਤ ਮਣੀ-ਬਚਨ ਬੇਦਿਲ ਜੁੱਟਾਂ ਲਈ ਛੱਡ ਦਿੱਤਾ ਗਿਆ। ਸੋਈ ਹਾਲ ਸਿੱਖੀ ਦੀਆਂ ਮਹਾਨ ਇਨਕਲਾਬੀ ਪ੍ਰਾਪਤੀਆਂ, ਰਵਾਇਤਾਂ ਅਤੇ ਚਿੰਤਨ-ਪਰੰਪਰਾ ਦਾ ਕੀਤਾ ਗਿਆ। ਕਾਜ਼ੀਆਂ-ਸਿਆਲਾਂ ਦੇ ਪੈਂਚਾਂ-ਖੇੜਿਆਂ ਦੇ ਵਕੀਲਾਂ ਵਾਂਗ ਨਵੇਂ ਦੌਰ ਦੇ ਅਕਾਦਮਿਕ-ਸਟਾਲਿਨਪ੍ਰਸਤ-ਤਕਨੀਕਪ੍ਰਸਤ ‘ਸਿਆਣਿਆਂ’ ਵੱਲੋਂ ਹੋਏ-ਬੀਤੇ ਦੀ ਗੱਲ ਆਖ ਕੇ ਸਿੱਖੀ ਨੂੰ ਸਾਧਾਂ-ਸੰਤਾਂ ਦੀ ਅੰਨ੍ਹੀ-ਬੋਲੀ ਸ਼ਰਧਾ ਦੇ ਕਿੱਲੀਂ ਬੰਨ੍ਹ ਦਿੱਤਾ ਗਿਆ।
ਬਿਲਕੁਲ ਰਾਂਝੇ ਦੇ ਭਾਈਆਂ ਵਾਂਗ ‘ਗੁੱਝੇ’ ਵੀ ਅਤੇ ‘ਰੰਗ ਬਰੰਗ’ ਦੇ ਵੀ ਮਿਹਣੇ ਮਾਰ ਕੇ, ਸਿੱਖ ਲਹਿਰ ਦੇ ਇਨਕਲਾਬੀ ਅਸਲੇ ਨੂੰ ਨਵੇਂ ਦੌਰ ਵਿਚ ਨਿਰਾਰਥਕ ਗਰਦਾਨ ਕੇ ਹੀਰ-ਬੋਧ, ਪੰਜਾਬੀ ਬੋਲੀ ਅਤੇ ਪਿੰਡ ਦੀ ਕਿਰਤੀ ਆਬ ਦੇ ਸਾਂਝੇ ਪੜੁੱਲ ਵਾਂਗ, ਇਉਂ ਹੋਇਆ ਜਿਵੇਂ ਸਹਿਤੀ ਦੀਆਂ ਸਹੇਲੀਆਂ ਨੇ ਕਾਲੇ ਬਾਗ ਵਿਚ ਆਸਣ ਲਾਈ ਬੈਠੇ ਰਾਂਝੇ ਜੋਗੀ ਦਾ ‘ਧੂੰਆਂ, ਸਵਾਹ ਖਿਲਾਰ ਕੇ ਭੰਨ ਹੁੱਕਾ, ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ।’ ਇੰਜ ਸਾਰੇ ਇਤਿਹਾਸ ਦੀ ਕਮਾਈ ਰੋੜ੍ਹ ਕੇ ਸੁਰਖਰੂ ਹੋਏ ਬੈਠੇ, ਭਵਿਖ ਲਈ ਰਾਂਝੇ ਦੀਆਂ ਭਾਬੀਆਂ ਵਾਂਗ ਕਮਰਕੱਸਾ ਕਰੀ ਬੈਠੇ, ਲੁੱਡਣ ਮਲਾਹ ਵਾਂਗ ਮਸਤੇ ਹੋਏ ਹਰੇ ਇਨਕਲਾਬੀ ਪੰਜਾਬੀਆਂ ਨੇ ਸਿੱਖੀ ਨੂੰ ਰਾਂਝੇ ਵਾਂਗ ਤਖਤ ਹਜ਼ਾਰਿਓਂ ਵਿਦਾ ਕਰ ਕੇ ਆਪਣੇ ਭਵਿਖ ਦੀਆਂ ਵਿਉਂਤਾਂ ਵਿਚੋਂ ਖਾਰਜ ਕਰ ਦਿੱਤਾ। ‘ਸਭੈ ਸਾਂਝੀਵਾਲ ਸਦਾਇਨਿ’, ‘ਸਗਲਿ ਸੰਗ ਹਮ ਕਉ ਬਨਿ ਆਈ’ ਜਾਂ ‘ਖਾਲਕ ਖਲਕ ਮਾਹਿ’ ਵਰਗੇ ਸੂਖਮ ਸਿਧਾਂਤਕ ਗੁਣਾਂ ਦੇ ਗਹੀਰੇ ਤੋਂ ਜਦੋਂ ‘ਅੰਗਰੇਜ਼ੀ-ਤਕਨੀਕਪ੍ਰਸਤੀ-ਤਰੱਕੀ’ ਵਾਲੇ ਭਵਿਖ ਦੇ ਡੰਗੇ ਪੰਜਾਬੀਆਂ ਨੇ ਮੂੰਹ ਭੁਆ ਲਿਆ ਤਾਂ ਰਹਿੰਦੀ ਕਸਰ ਦਮਦਮੀ ਟਕਸਾਲ ਦੇ ਜੱਟਕੇ ਮੁਹਾਵਰੇ ਦੇ ਧਨੀ, ਪਰ ਗੁੱਸੈਲ ਮੁਖੀ ਨੇ ਕੱਢ ਦਿੱਤੀ।
‘ਉਨ ਲੱਧਾ ਯਾਰ ਗੁਵਾਤਾ’ – ਸਿੱਖ-ਪੰਜਾਬ ਵਿਚ ਕਰੁਣਾ ਦਾ ਕਤਲ ਅਤੇ ਗੰਵਾਰਾਂ ਦਾ ਹਾਸਾ: ਇਨ੍ਹਾਂ ਦੋ ਮਰਹਲਿਆਂ ਤੋਂ ਬਾਅਦ ਤੀਜਾ ਪੜਾਅ 1966 ਤੋਂ ਬਾਅਦ ਦੇ ਪੰਜਾਬ ਦਾ ਹੈ। ਪੰਜਾਬ ਦੇ ਲੰਬੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਸਿੱਖ ਭਾਈਚਾਰਾ ਬਹੁਗਿਣਤੀ ਵਿਚ ਆ ਗਿਆ। ਪੰਜਾਬ ਵਿਚ ਨਕਸਲੀ ਲਹਿਰ ਦੀ ਬੌਧਿਕ-ਸਾਹਿਤਕ ਧਾਰ ਅਤੇ ਵਿਦਿਆਰਥੀ ਲਹਿਰ ਦੇ ਪਸਾਰ ਨੇ ਵੱਡੀ ਹੱਦ ਤਕ ਪੰਜਾਬ-ਸਰੋਕਾਰ ਨੂੰ ਮੁੜ ਤੋਂ ਸਿੰਜਿਆ। ਹਰੇ ਇਨਕਲਾਬ ਨਾਲ ਤਕੜੀ ਹੋ ਰਹੀ ਕਿਸਾਨੀ ਦਾ ਵਰਤਾਰਾ ਸ਼ਹਿਰੀ ਖੇਤਰਾਂ ਨੂੰ ਅਗਵਾਈ ਤੋਂ ਲਾਂਭੇ ਕਰ ਕੇ ਹੁਣ ਕਦੇ ਕਿਸਾਨ ਮੋਰਚਿਆਂ, ਕਦੇ ਅਕਾਲੀ ਮੋਰਚਿਆਂ ਤੇ ਫਿਰ ਖਾੜਕੂ ਲਹਿਰ ਦੇ ਜ਼ਰੀਏ ਆਪਣਾ ਮੂਲ ਪਛਾਣਨ ਲੱਗਾ। ਚੰਡੀਗੜ੍ਹ-ਅੰਗਰੇਜ਼ੀ-ਸੱਤਾ ਉਤੇ ਅਕਾਲ ਤਖਤ-ਸਿੱਖ ਭਾਈਚਾਰੇ ਦੇ ਹੱਕ-ਰਾਜਸੀ ਹਿੰਸਾ ਦੀ ਸਰਦਾਰੀ ਵੱਡੇ ਤ੍ਰਾਸਦਿਕ ਦੌਰ ਵਿਚੋਂ ਗੁਜ਼ਰ ਕੇ ਸਥਾਪਤ ਹੋ ਗਈ। ਸਭਿਆਚਾਰਕ-ਵਿਚਾਰਕ ਤੌਰ ‘ਤੇ ਸ਼ਿਕਸਤ ਖਾ ਕੇ ਪੰਜਾਬ ਦਾ ਪਿੰਡ ਹੁਣ ਹਿੰਸਾ-ਪ੍ਰਤਿਹਿੰਸਾ ਦੇ ਗੇੜ ਵਿਚੋਂ ਡਾਂਗਮਾਰ ਬੁਰਛਾਗਰਦੀ ਦੇ ਅਮਲ ਰਾਹੀਂ ਹਾਸਲ ਕੀਤੀ ਤਾਕਤ ਸਦਕਾ ‘ਆਪਣੇ’ ਸੂਬੇ ਵਿਚ ਸੁਰੱਖਿਅਤ ਮਹਿਸੂਸ ਕਰਨ ਲੱਗਾ। ਖਾੜਕੂ ਲਹਿਰ ਦਾ ਕਰੁਣਾ ਤੋਂ ਟੁੱਟਿਆ ਇਤਿਹਾਸਕ ਪੈਂਤੜਾ ਬਦਲਵੇਂ ਸੂਰਤ ਵਿਚ ਹਥਿਆਰਖੋਰ ਗੀਤਾਂ ਰਾਹੀਂ ਹੁੰਦਾ ਹੋਇਆ ਗੈਂਗਸਟਰਾਂ ਦੀ ਸਰਦਾਰੀ ਤਕ ਆਣ ਪਹੁੰਚਾ ਹੈ। ਔਰਤਾਂ ਇਸ ਅਮਲ ਹੱਥੋਂ ਬਹੁਤ ਖੁਆਰ ਹੋਈਆਂ ਹਨ, ਜਿਨ੍ਹਾਂ ਲਈ ਅੱਜ ਵੀ ਲਿੰਗਕ ਹਿੰਸਾ ਦੇ ਦੈਂਤ ਦੇ ਰੂਪ ਵਿਚ ਦਹਿਸ਼ਤ ਦਾ ਅਮਲ ਜਾਰੀ ਹੈ।
ਜਾਹਰ ਹੈ, 1978 ਦੇ ਕਤਲ ਕਾਂਡ ਤੋਂ ਰਵਾਂ-ਰਵੀਂ ਤੁਰਦਾ 1984 ਦੇ ਸਾਕੇ ਤਕ ਅਤੇ ਫਿਰ 1994 ਤਕ ਕਰੁਣਾ ਦੇ ਪਰਮਗੁਣ ਤੋਂ ਵਿਜੋਗੀ ਜਾ ਚੁਕੀ ਖਾੜਕੂ ਲਹਿਰ ਦੇ ਖਾਤਮੇ ਤਕ ਪੰਜਾਬ ਦੇ ਮੁਕੰਮਲ, ਸਰਬਪੱਖੀ ਅਤੇ ਸਰਬ-ਸਾਂਝੇ ਉਜਾੜੇ ਦਾ ਪ੍ਰਾਜੈਕਟ ਤੋੜ ਚੜ੍ਹ ਚੁਕਾ ਸੀ। ਪਾਸ਼ ਨੇ ਕੁਝ ਅਜਿਹੇ ਹੀ ਵਕਤਾਂ ਬਾਬਤ ਕਿਹਾ ਸੀ:
ਜਿਹਦੇ ਵਿਚ ਸਿਰਫ ਉਲੂ ਬੋਲਦੇ ਗਿੱਦੜ ਹਵਾਂਕਦੇ
ਚਿਮਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ ‘ਤੇ।
ਹੀਰ ਦੀ ਸਿਲਸਿਲੇਵਾਰ ਬੇਹੁਰਮਤੀ ਨਾਲ ਜੁੜਿਆ 1947 ਦੀ ਵੰਡ ਦਾ ਤਰਕ ਜਾਰੀ ਸੀ। ਨਹਿਰੂ ਦੌਰ ਦੀਆਂ ਸੰਸਥਾਵਾਂ ਦੇ ਪਤਨ ਦੇ ਨਾਲੋ-ਨਾਲ ਸਹਿਜ-ਵਿਵੇਕ-ਕਰੁਣਾ ਨੂੰ ਜ਼ਲੀਲ ਕਰ ਕੇ ਪੰਜਾਬ ਤਿੱਖੀ-ਤੱਤੀ ਵਾਰਤਾ ਦਾ, ਹਿੰਸਾ ਦੀ ਸਭਿਅਤਾ ਦਾ ਸਿਰਨਾਵਾਂ ਬਣਦਾ ਚਲਾ ਗਿਆ। ਇਤਿਹਾਸ ਦੇ ਤਰਕ ਤੋਂ ਹਾਰੇ ਹੋਇਆਂ ਦਾ ਨਿਥਾਂਵੇਂ ਹੋ ਰਹਿਣਾ ਵੱਟ ‘ਤੇ ਪਿਆ ਹੈ। ਇਸ ਗੇੜ ਦੀ ਚੱਕੀ ਦੇ ਪੁੜਾਂ ਨੇ ਬੜਾ ਬਾਰੀਕ ਪੀਠਿਆ ਹੈ। ਜਿਵੇਂ ਇਸ ਪੀਹਣ ਦੇ ਇਕ ਅਣਗੌਲੇ ਗੁਨਾਹ ਦੀ ਗੰਢ ਇਹ ਹੈ ਕਿ ਨਿਰਦੋਸ਼ ਪੰਜਾਬੀਆਂ ਨੂੰ ਜਾਨ ਬਚਾਉਣ ਖਾਤਰ ਦਾੜ੍ਹੀਆਂ ਰੱਖਣੀਆਂ ਪਈਆਂ, ਦਸਤਾਰਾਂ ਬੰਨ੍ਹਣੀਆਂ ਪਈਆਂ। ਇਉਂ ਜਬਰ-ਜ਼ੁਲਮ ਖਿਲਾਫ ਡਟਣ ਵਾਲੀ ਸਿੱਖ ਰਵਾਇਤ, ਇਸ ਦੇ ਸਨਮਾਨ ਦੀ ਰੱਖਿਆ ਖਾਤਰ ਅਸਾਲਟਾਂ ਧਾਰਨ ਕਰਨ ਵਾਲਿਆਂ ਹੱਥੋਂ ਸ਼ਰਮਿੰਦਾ ਕੀਤੀ ਗਈ।
ਅਜਿਹੇ ਹੋਰ ਸੂਖਮ ਵਰਤਾਰਿਆਂ ਨੂੰ ਅਣਡਿਠ ਕਰਨ ਦਾ ਅਮਲ ਜੇ ਇੰਜ ਹੀ ਬਾਘੀਆਂ ਪਾਉਂਦਾ ਰਿਹਾ; ਜੇ ਕਰੁਣਾ ਦੀ ਔੜ ਏਦਾਂ ਹੀ ਜਾਰੀ ਰਹੀ; ਪਾਣੀਆਂ ਦੇ ਡਿਗਦੇ ਪੱਧਰ ਵਾਂਗ ਜੇ ਸਾਡੀ ਸੰਵੇਦਨਾ ਦੇ ਪੱਤਰ ਮਰੁੰਡੇ ਗਏ; ਜੇ ਸਿਰਫ ‘ਦੂਜਿਆਂ’, ‘ਬਾਹਰਲਿਆਂ’, ‘ਹਾਕਮਾਂ’ ਨੂੰ ਦੋਸ਼ ਦੇ-ਦੇ ਕੇ ਆਪਣੇ ਗੁਨਾਹ ਦੀ ਸਾਰ ਨਾ ਲਈ ਗਈ ਤਾਂ ਹਿੰਸਾ ਦੇ ਸਭਿਆਚਾਰ ਦੀ ਜਕੜ ਨੇ ਪੰਜਾਬ ਨੂੰ ਸਦਾ ਲਈ ਦਾਗੀ ਕਰ ਦੇਣਾ ਹੈ। ਸਟਾਲਿਨ ਦੀਆਂ ਕਰਤੂਤਾਂ ਨੇ ਜਿਵੇਂ ਲੋਕ-ਇਨਕਲਾਬੀ ਮਾਰਕਸੀ ਲਹਿਰ ਨੂੰ ਲੰਬੇ ਸਮੇਂ ਤਕ ਸ਼ਰਮਿੰਦਾ ਕਰੀ ਰੱਖਿਆ ਹੈ। ਦੁਨੀਆਂ ਭਰ ਦੇ ਮਾਰਕਸੀ ਦਾਨਿਸ਼ਵਰਾਂ, ਅੰਦੋਲਨਕਾਰੀਆਂ ਅਤੇ ਸ਼ਖਸੀਅਤਾਂ ਨੇ ਮਾਰਕਸੀ ਸਿਧਾਂਤ ਦੀ ਸਟਾਲਨੀ ਟਕਸਾਲ ਦਾ ਨਿਡਰ ਤੇ ਨਿੱਗਰ ਸਿਧਾਂਤਕ, ਸੰਸਥਾਈ ਅਤੇ ਸਰਗਰਮੀਆਂ ਦੇ ਜ਼ਰੀਏ ਵਿਰੋਧ ਜਾਰੀ ਰੱਖਿਆ ਹੈ, ਤਾਂ ਕਿਤੇ ਜਾ ਕੇ ਕੁਝ ਨਵਾਂ ਸੋਚਣ, ਸਿਰਜਣ ਦੀ ਸਬੀਲ ਬਣਦੀ ਦਿਸਦੀ ਹੈ।
ਪੰਜਾਬ-ਸਰੋਕਾਰ ਅਤੇ ਸਿੱਖੀ ਦੀ ਹਸਤੀ ਲਈ ਲਾਜ਼ਮੀ ਹੈ ਕਿ ‘ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ’ ਦੇ ਖਾਲਸ ਪੰਜਾਬੀ ਨਜ਼ਰੀਏ ਤੋਂ ਟਕਸਾਲ ਅਤੇ ਹੋਰ ਅਜਿਹੀਆਂ ਕਰੁਣਾ ਤੋਂ ਵਿਛੁੰਨੀਆਂ ਸੰਪਰਦਾਵਾਂ, ਦਲਾਂ ਜਾਂ ਹਉਮੈਧਾਰੀ ‘ਪੈਗਾਮਦਾਰਾਂ’ ਦੇ ਇਤਿਹਾਸਕ ਰੋਲ ਦੀ ਨਿਰਭਉ ਪੜਚੋਲ ਨੂੰ ਹੱਥ ਪਾਇਆ ਜਾਵੇ। ਇਸ ਦੇ ‘ਸੋਧਾਵਾਦੀ’ ਹਿੰਸਕ ਪੈਂਤੜੇ ਦੀ ਪੈਰ ਗੱਡ ਕੇ ਸਿਧਾਂਤਕ ਆਲੋਚਨਾ ਦਾ ਦੌਰ ਬੱਝੇ ਅਤੇ ਸਿੱਖੀ ਦੇ ਗਦਰੀ ਸ਼ਹੀਦਾਂ ਵਾਲੇ ਕਰੁਣਾ-ਭਰਪੂਰ ਅਤੇ ਕ੍ਰਾਂਤੀਕਾਰੀ ਕਿਰਦਾਰ ਦੀ ਸਮਕਾਲ ਵਿਚ ਪੁਨਰ-ਵਿਆਖਿਆ ਲਈ ਨਿਤਰਿਆ ਜਾਵੇ। ਅਜਿਹੇ ਸਦਾਚਾਰੀ ਅਭਿਆਸ ਸਦਕਾ ਆਪਣੀ ਨਮੋਸ਼ੀ ਤੋਂ ਨਿਜਾਤ ਪਾਈਏ, ਹੀਰ ਦਾ ਦੀਦਾਰ ਹਾਸਲ ਕਰੀਏ ਅਤੇ ਬਾਬਾ ਨਾਨਕ ਦੇ ਸਾਢੇ ਪੰਜ ਸੌ ਸਾਲਾ ਜਨਮ-ਪੁਰਬ ਨੂੰ ਮਨਾਉਣ ਜੋਗੇ ਹੋਈਏ।
‘ਹੁਣ ਰੋਂਦੀ ਵਖਤ ਵਿਹਾਣੇ’ – ਭਵਿਖ ਦੇ ਬੇਲਿਆਂ ਤੋਂ ਬੇਦਖਲ ‘ਉੜਤਾ ਪੰਜਾਬ’: ਚੌਥਾ ਪੜਾਅ ਪੰਜਾਬ ਦੇ ਉਜਾੜੇ ਤੋਂ, ਖੰਡਰੀ ਸੱਖਣੇਪਣ ਤੋਂ ਅਤੇ ਗੁਜ਼ਾਰੇ ਜੋਗੇ ਰੁਜ਼ਗਾਰ ਨੂੰ ਹੀ ਭਵਿਖ ਸਮਝੀ ਜਾਣ ਵਾਲਿਆਂ ਦੇ ਇਥੋਂ ਉਡਾਰੀ ਮਾਰਨ ਨਾਲ ਸਬੰਧਿਤ ਹੈ। ਇਉਂ ਜਾਪਦਾ ਹੈ ਜਿਵੇਂ ਆਈਲੈੱਟਸ ਦੇ ਬੈਂਡ ਹਾਸਲ ਕਰਨ ਲਈ ਪੰਜਾਬ ਵਿਚ ਕੋਈ ‘ਭਵਿਖ ਬਣਾਓ’ ਅੰਦੋਲਨ ਚੱਲ ਰਿਹਾ ਹੋਵੇ, ਪਰ ਇਹ ਭਵਿਖ ਹੁਣ ਪੰਜਾਬ ਵਿਚ ਨਹੀਂ ਸਗੋਂ ਇਸ ਤੋਂ ਛੁਟਕਾਰੇ ਵਿਚ ਹੀ ਬਣਾਇਆ ਜਾ ਸਕਦਾ ਹੈ। ਇਸੇ ਲਈ ਗੋਰੀਆਂ ਧਰਤੀਆਂ ‘ਤੇ ਚਾਕਰੀ ਦੇ ਚਾਹਵਾਨਾਂ ਵਾਸਤੇ ਪੀæ ਆਰæ ਜਾਂ ਸਟੱਡੀ ਵੀਜ਼ਾ ਦੀਆਂ ਸ਼ਰਤਾਂ ਪੂਰੀਆਂ ਕਰਨਾ ਸਭ ਤੋਂ ਵੱਡਾ ਨਿਸ਼ਾਨਾ ਹੋ ਚੁਕਾ ਹੈ। ਇਸ ਮਹਾਨ ਪ੍ਰਾਪਤੀ ਤੋਂ ਖੁੰਝ ਜਾਣ ਵਾਲੇ ‘ਚਿੱਟੇ’ ਦੇ ਗਾਹਕ ਹਨ ਜਾਂ ਅੰਬਾਨੀ ਦੇ ਡਾਟਾ ਪੈਕ ਲੈ ਕੇ ਸੋਸ਼ਲ ਮੀਡੀਆ ‘ਤੇ ਸਰਗਰਮ ਹਨ।
ਪੰਜਾਬੀ ਬੋਲੀ ਦੇ ਨਾਂ ‘ਤੇ ਬਣੇ ਸੂਬੇ ਵਿਚ ਪੰਜਾਬੀ ਦੇ ਸਹੀ ਸ਼ਬਦ-ਜੋੜ ਲਿਖਣ ਵਾਲੇ ਵਿਰਲੇ-ਟਾਂਵੇਂ ਮਿਲਣਗੇ। ਜਿਹੜੇ ਪਿੱਛੇ ਰਹਿ ਗਏ ਹਨ, ਉਹ ਵੀ ਹੁਣ ਬੇਗਾਨਿਆਂ ਵਾਂਗੂ ਹੀ ਵਰਤਦੇ ਹਨ। ਬਾਬਾ ਨਾਨਕ ਨੇ ਅਜਿਹੇ ਉਖੜੇ ਨਫਰਾਂ ਬਾਬਤ ਆਖਿਆ ਹੈ:
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ॥
ਇਹ ਅਜਿਹੇ ਰਾਂਝੇ ਹਨ, ਜਿਨ੍ਹਾਂ ਨੂੰ ਕਿਸੇ ਹੀਰ ਦੀ ਤਲਾਸ਼ ਨਹੀਂ, ਕੋਈ ਦਰਿਆ ਇਨ੍ਹਾਂ ਲਈ ਨਹੀਂ ਸ਼ੂਕਦਾ, ਵੰਝਲੀ ‘ਚ ਸਾਹ ਭਰਨਾ ਵੀ ਨਹੀਂ ਆਉਂਦਾ। ਪੰਜਾਬ ਦੀ ਧਰਤੀ ਇਨ੍ਹਾਂ ਸਰਾਪੀਆਂ ਸੂਰਤਾਂ ਲਈ ਸਿਰਫ ਸੈਲਫੀ ਖਿੱਚਣ ਦੀ ਮਜਬੂਰੀ ਵਾਲੀ ਸੈਟਿੰਗ ਹੈ। ਇਹ ਰੋਡ ਸ਼ੋਅ ਵਿਚ ਮੋਟਰ ਸਾਈਕਲ ਭਜਾ ਸਕਦੇ ਹਨ, ਵਿਚ-ਵਿਚ ਖੂਨਦਾਨ, ਲੰਗਰ ਜਾਂ ਬੰਦ ਕਰਵਾ ਸਕਦੇ ਹਨ। ਕਿਸੇ ਵਗਦੇ ਪਾਣੀ ਦੀ ਆਵਾਜ਼; ਉਸ ਨਾਲ ਜੁੜੇ ਗੀਤ, ਕਥਾਵਾਂ; ਨਿਰਮਲ ਛੋਹ ਦੀ ਨਿਆਜ਼ ਇਨ੍ਹਾਂ ਲੁੱਡਣ ਮਲਾਹਾਂ ਦੇ ਉਜੜੇ ਯਾਰਾਂ ਲਈ ਭੈਂਸ ਬਰਾਬਰ ਹੀ ਹੈ। ਇਸੇ ਲਈ ਸਾਡੇ ਦਰਿਆ ਪਾਣੀਆਂ ਦੇ ਨਹੀਂ ਸਗੋਂ ਰੇਤਾ ਕੱਢਣ ਦੇ ਅੱਡੇ ਹਨ।
ਇਹ ਪੀੜ੍ਹੀ ਗੁੰਮ ਹੈ। ਇਸ ਲਈ ਸਰਕਾਰਾਂ, ਵਜ਼ੀਰ, ਰਸੂਖਵਾਨ ਪੰਜਾਬ ਨੂੰ ਆਪਣੀ ਬਾਂਦੀ ਬਣਾਈ ਬੈਠੇ ਹਨ। ਕਮਜ਼ੋਰ, ਗਰੀਬ ਦੀ ਧੀ ਵਾਂਗ ਪੰਜਾਬੀਆਂ ਦੇ ਸਾਂਝੇ ਖੱਤੇ ਪਲਾਟ, ਦਰਿਆ, ਪਹਾੜੀਆਂ, ਸ਼ਾਮਲਾਟਾਂ, ਡਾਕ ਬੰਗਲਿਆਂ ਦੀ ਖੁਰਾਕ ਇਨ੍ਹਾਂ ਡਾਢਿਆਂ ਲਈ ਤਿਆਰ ਰਹਿੰਦੀ ਹੈ। ਕਿਸਾਨ ਭਾਈਚਾਰਾ ਨਾੜ ਨੂੰ ਅੱਗਾਂ ਲਾ-ਲਾ ਪੰਜਾਬ ਦਾ ਨੁਕਸਾਨ ਕਰ ਰਿਹਾ ਹੈ। ਜਿਹੜੇ ਵਿਚਾਰੇ ਹੋਰ ਕਿਸੇ ਦਾ ਕੁਝ ਵਿਗਾੜਨ ਜੋਗੇ ਨਹੀਂ ਹਨ, ਉਹ ਪੰਜਾਬੀ ਬੋਲੀ ਦੇ ਆਹੂ ਲਾਹੀ ਤੁਰੇ ਆਉਂਦੇ ਹਨ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ 1984 ਦੇ ਸਾਕੇ ਦੀ ਬਰਸੀ ‘ਤੇ ਸਿੱਖਾਂ ਨੂੰ ਟੀæ ਵੀæ ਕੈਮਰਿਆਂ ਸਾਹਮਣੇ ਇਕ ਦੂਜੇ ਦੀ ਪੱਗ ਨਾ ਲਾਹੁਣ ਦੇ ਹਾੜ੍ਹੇ ਕੱਢੀ ਜਾਂਦੇ ਹਨ।
ਕਰੁਣਾ-ਵੇਗ-ਵਿਵੇਕ ਦਾ ਮੋਰਚਾ: ਅਜਿਹੇ ਸੜ੍ਹਿਆਂਦ ਮਾਰਦੇ ਸਮਿਆਂ ਵਿਚ ਹਿੱਸੇ ਬਣਦੀ ਕਸਰ ਕੱਢਣ ਲਈ ਕੁਝ ਡਾਢਿਆਂ ਦੇ ਸ਼ਰਾਬ ਦੇ ਕਾਰਖਾਨਿਆਂ ਵਿਚੋਂ ਨਿਕਲਿਆ ਜ਼ਹਿਰ ਜਦੋਂ ਗੁਰੂ ਅਮਰ ਦਾਸ ਜੀ ਦੀ ਗਾਗਰ ਦੇ ਪਾਣੀ ਦੇ ਸੋਮੇ ਬਿਆਸ ਦਰਿਆ ਦੇ ਪਾਣੀਆਂ ਦੀ ਬੇਅਦਬੀ ਕਰ ਰਿਹਾ ਸੀ ਤਾਂ ਨੀਲੇ ਬਾਣੇ ਵਾਲੇ ਭਾਈ ਦਇਆ ਸਿੰਘ ਨਿਹੰਗ ਨੇ ਨੰਗੇ ਪੈਰੀਂ ਉਸ ਪਾਣੀ ਵਿਚ ਠਿੱਲ੍ਹ ਕੇ ਇਹ ਸਾਕਾ ਆਪਣੇ ਫੋਨ ਦੇ ਕੈਮਰੇ ਰਾਹੀਂ ਬਿਆਨ ਕੀਤਾ। ਛੋਟੀਆਂ-ਵੱਡੀਆਂ ਮੱਛੀਆਂ ਦੇ ਮਰ ਜਾਣ ਅਤੇ ਪੂੰਗ ਦੀ ਤੜਫਣ ਦਾ ਜ਼ਿਕਰ ਇਸ ਕਦਰ ਵੇਦਨਾ ਅਤੇ ਵੈਰਾਗ ਨਾਲ ਦਇਆ ਸਿੰਘ ਨੇ ਕੀਤਾ ਕਿ ਆਪਣੇ ਨਾਮ ਦੇ ਅਰਥਾਂ ਨੂੰ ਸਾਰਥਕ ਕਰ ਦਿਖਾਇਆ। ਉਸ ਨੇ ਇਹ ਜ਼ਰੂਰੀ ਸਬਕ ਯਾਦ ਕਰਵਾਇਆ ਹੈ ਕਿ ਅੰਮ੍ਰਿਤਧਾਰੀ ਤਾਂ ਇਨਸਾਫ ਅਤੇ ਕਰੁਣਾ ਦਾ ਪੁੰਜ ਹੁੰਦਾ ਹੈ। ਸਿੱਖੀ ਨੂੰ ਅਸਾਲਟਧਾਰੀਆਂ ਦੇ ਸਹਿਮ ਤੋਂ ਸਹਿਵਨ ਹੀ ਆਜ਼ਾਦ ਕਰਵਾ ਗਿਆ ਹੈ ਦਇਆ ਸਿੰਘ। ਬਿਆਸ ਦਰਿਆ ਦੀ ਰਵਾਨੀ ਵਿਚ ਜ਼ਹਿਰ ਘੋਲਣ ਵਾਲਿਆਂ ਖਿਲਾਫ ਉਸ ਨੇ ਆਪਣੇ ਇਨਸਾਫਪਸੰਦ ਸਿਦਕ ਨਾਲ ਸਾਡੇ ਲਈ ਸਾਫ ਪਾਣੀਆਂ ਦੀ ਅਹਿਮੀਅਤ ਨੂੰ ਰੜਕਾ ਦਿੱਤਾ ਹੈ। ‘ਰਾਂਝੇ ਦੇ ਛੋਟੇ-ਵੱਡੇ ਭਰਾ’ ਦੇ ਦਰਜੇ ਨੂੰ ਪੁੱਜ ਚੁਕਾ ਦਇਆ ਸਿੰਘ ਇਕ ਹੋਰ ਪੰਜਾਬੀ ਦਰਿਆ ਝਨਾਂ ਦੀ ਯਾਦ ਦਿਵਾ ਗਿਆ ਹੈ ਜਿਥੇ ਹੀਰ ਤੇ ਉਸ ਦੀਆਂ ਸਹੇਲੀਆਂ ਰਾਂਝੇ ਨਾਲ ਅਠਖੇਲੀਆਂ ਕਰਦੀਆਂ ਹਨ:
ਹੀਰ ਤਰੇ ਚੌਤਰਫ ਰਾਂਝਣੇ ਦੇ,
ਮੋਰ ਮੱਛਲੀ ਬਣ ਬਣ ਆਂਵਦੀ ਹੈ।
ਆਪ ਬਣੇ ਮਛਲੀ ਨਾਲ ਚਾਵੜਾਂ ਦੇ,
ਮੀਂਏਂ ਰਾਂਝੇ ਨੂੰ ਕੁਰਲ ਬਣਾਂਵਦੀ ਹੈ।
ਵਾਰਿਸ ਸ਼ਾਹ ਇਥੇ ਦੋਹਾਂ ਪਹੁੰਚੇ ਹੋਏ ਆਸ਼ਕਾਂ ਨੂੰ ਝਨਾਂ ਦੇ ਪਾਣੀਆਂ ਦੇ ਜਸ਼ਨ ਵਿਚ, ਕੁਦਰਤ ਨਾਲ ਇਕ-ਮਿੱਕ ਹੋਏ ਦਰਸਾਉਂਦਾ ਹੈ। ਝਨਾਂ ਗੁਆ ਕੇ, ਬੇਲਾ ਹਾਰ ਕੇ, ਰਾਂਝੇ ਦੀ ਵੰਝਲੀ ਤੋੜ ਕੇ, ਹੀਰ ਦੀ ਬੇਹੁਰਮਤੀ ਕਰ ਕੇ ਹੁਣ ਅਸੀਂ ਜ਼ਹਿਰੀ ਦਰਿਆ ਵਹਾਏ ਹਨ, ਸ਼ੇਰ ਦਿਆਂ ਬੱਚਿਆਂ ਨੇ ਪਾਣੀ ਕਾਲੇ ਰੰਗ ਦਿਖਾਏ ਹਨ। ਸਾਡੀ ਧਰਤੀ ਦੇ ਸੁਹੱਪਣ ਦੀ ਬੇਅਦਬੀ ਕਰਨ ਵਾਲਿਆਂ ਦਾ ਕਾਫਲਾ ਵਾਹਵਾ ਲੰਮਾ ਰਿਹਾ ਹੈ ਅਤੇ ਡਾਢਿਆਂ ਦੇ ਇਸ ਸਰਮਾਏ ਦੀਆਂ ਤੰਦਾਂ ‘ਤੇ ਉਸਰੇ ਸਭਿਆਚਾਰ ਦੀ ਤਾਕਤ ਬੜੀ ਡਾਢੀ ਬਿਫਰੀ ਹੋਈ ਦੱਸੀਂਦੀ ਹੈ।
‘ਏਹੋ ਚਾਲ ਹਮੇਸ਼ ਇਸ਼ਕ ਦੀ’ – ਰੱਬੀ ਸ਼ੇਰਗਿੱਲ ਦੇ ਖਰੇ ਕੰਠ ਥੀਂ ਛੁੱਟਾ ਕਹਿਰਵਾਨ ਵੇਗ ਦਾ ਰਥ: ਇਸ ਬੌਣੇ, ਬਦਰੰਗ ਅਤੇ ਬੰਜਰ ਹੋ ਚੁਕੇ ਪੰਜਾਬ ਵਿਚ ‘ਗੱਲ’ ਕਰਨ ਦੀ ਸਬੀਲ ਕਿਵੇਂ ਪ੍ਰਵਾਨ ਚੜ੍ਹੇਗੀ? ਹੁਣ ਜਦੋਂ ਫਿਲਮਾਂ, ਮਿਊਜ਼ਿਕ ਵੀਡੀਓ ਜਾਂ ਇਸ਼ਤਿਹਾਰਾਂ ਵਿਚ ਸਜਾ-ਫਬਾ ਕੇ ਪੇਸ਼ ਕੀਤੀ ਜਾਂਦੀ ‘ਪੰਜਾਬੀ ਸਪਿਰਟ’ ਨਿਚੋੜੀ ਜਾ ਚੁਕੀ ਹੈ ਤਾਂ ਕਿਸੇ ਨੂੰ, ਕੀ ਆਖਿਆ ਜਾਣਾ ਬਾਕੀ ਰਹਿ ਗਿਆ ਹੈ? ਰੱਬੀ ਸ਼ੇਰਗਿੱਲ ਨੇ ਕਹਿਰ ਦੀ ਬਹੁੜੀ ਪਾ ਕੇ ਵੰਗਾਰਿਆ:
ਜੇ ਤੂੰ ਆਉਣੈ, ਆਵੀਂ ਆਵੀਂ ਹੜ੍ਹ ਬਣ ਕੇ।
ਜੇ ਬਚਾਉਣੈ, ਬਚਾਵੀਂ ਮੈਨੂੰ ਰੱਬ ਬਣ ਕੇ।
ਉਸ ਦੇ ਕੰਠ ਦੀ ਸ਼ਿੱਦਤ ਨੇ ਸਾਡੀ ਸਦਾ ਸਲਾਮਤ ਬੌਧਿਕ-ਨੈਤਿਕ ਅਲਗਰਜ਼ੀ ਨੂੰ ਨੰਗਾ ਕਰ ਦਿੱਤਾ। ਹੱਥਾਂ-ਪੈਰਾਂ ‘ਤੇ ਆਏ ਪੰਜਾਬ ਨੇ ਜਿਵੇਂ ਆਪਣੇ ਵਾਰਸਾਂ ਨੂੰ ਵੰਗਾਰਿਆ ਹੋਵੇ, “ਮੈਨੂੰ ਮੌਤ ਦਿਸ ਰਹੀ ਹੈ ਪਰ ਖਬਰਦਾਰ! ਜੇ ਕਿਸੇ ਨੇ ਆਪਣੇ ਵਿਤ-ਹਿਤ ਦੇ ਗੁਣਾ-ਘਟਾਓ ਮੁਤਾਬਕ ਪੱਜਲ ਸਿਆਣਪ ਦੇ ਪਾਸ ਕੀਤੇ ਮਤਿਆਂ ਵਾਂਗ, ਸਰਾਪੇ ਹੋਏ ਓਹੜ-ਪੋਹੜ ਕਰਨ ਬਾਰੇ ਸੋਚਿਆ ਵੀ। ਸਿਰਫ ‘ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ’ ਦੇ ਸਿਦਕਵਾਨ ਕਰੁਣਾਧਾਰੀ ਹੀ ਅੱਗੇ ਆਉਣ ਜਿਹੜੇ ਵਿਚਾਰ ਕੇ, ਇਸ਼ਕ ਧਾਰ ਕੇ, ਸ਼ਹਾਦਤ ਪ੍ਰਵਾਨ ਕਰ ਕੇ, ਖਾਲਸੇ ਸਜ ਕੇ ਇਸ ਵਰ੍ਹਦੀ ਅੱਗ ਵਿਚ ਆਪਣੇ ਸੁਜਾਨ ਤੇ ਸਿਦਕੀ ਹੜ੍ਹਿਆਏ ਵੇਗ ਨਾਲ ਔੜ ਮਾਰੀ ਧਰਤ ਨੂੰ ਸਿੰਜਣ ਅਤੇ ਪੁਰਾਣਾ ਜ਼ਹਿਰੀ ਝਾੜ ਵੀ ਹੂੰਝ ਕੇ ਲੈ ਜਾਣ। ਨਵੀਂ ਜ਼ਰਖੇਜ਼ ਮਿੱਟੀ ਦੀ ਪਰਤ ਚੜ੍ਹੇ, ਮਸਤਾਨੀਆਂ ਫਸਲਾਂ ਗਿਟਮਿਟ ਕਰਨ ਅਤੇ ਥੱਕਿਆ-ਹੰਭਿਆ ਰੱਬ ਵੀ ਪੰਜਾਬ ਵਿਚੋਂ ਆਪਣਾ ਆਸਰਾ ਲੱਭੇ।”
‘ਆਸ਼ਕ ਦੀਨ ਨ ਮਜ਼ਹਬ ਰਖੇਂਦੇ’ – ਸਵਰਾਜਬੀਰ ਦਾ ਪੰਜਾਬੀ ਵਿਵੇਕ ਦੀ ਸਿਰਜਣਾ ਦਾ ਮੁਹਾਜ਼: ਪੰਜਾਬੀ ਹੋਣ-ਕਹਾਉਣ ਨਾਲ ਜੁੜੇ ‘ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ’ ਦੇ ਇਕਰਾਰ ਨੂੰ ਪਿੱਠ ਦੇਈ ਬੈਠੇ ਅਕਲ ਲਤੀਫ, ਸੁਰੱਖਿਅਤ ਅਤੇ ਦਰਬਾਰੀ ਕਿਸਮ ਦੇ ਪੰਜਾਬੀ ਲਾਣੇਦਾਰਾਂ ਸਦਕਾ ਅਸੀਂ ਡੂੰਘੀ ਸ਼ਰਮਸਾਰੀ ਝੱਲਦੇ ਆਏ ਹਾਂ। ਇਸੇ ਇਖਲਾਕੀ ਹਾਰ ਦੀ ਡੂੰਘੀ ਸੱਟ ਦੀ ਚਸਕ ਅਤੇ ਸਾਡੀ ਖੁਦਪ੍ਰਸਤ ਜਾਅਲਸਾਜ਼ੀ ਨੂੰ ਸਵਰਾਜਬੀਰ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ ਹਵਾਲੇ ਨਾਲ ਆਪਣੀ ਕਵਿਤਾ ‘ਪੰਜਵਾਂ ਬੁੰਗਾ’ ਰਾਹੀਂ ਬਿਆਨ ਕੀਤਾ ਹੈ:
ਤੱਤੀ ਤਵੀ ‘ਤੇ ਬੈਠਾ ਇਹ ਪਲ
ਕੇਹਾ ਪਲ ਹੈæææ?
ਏਸੇ ਪਲ ਨੇ ਫਰੀਦ ਤੇ ਕਬੀਰ ਨੂੰ
ਸ਼ਬਦ ਦੀਆਂ ਬਾਹਾਂ ‘ਚ ਵਲ ਲਿਆ ਹੈ
ਇਸ ਪਲ ਨੇ ਮੀਰਾ ਤੇ ਜੈਦੇਵ ਨੂੰ ਪੜ੍ਹ ਲਿਆ ਹੈ
ਇਸ ਪਲ ਨੇ ਸਧਨੇ ਤੇ ਪੀਪੇ ਨੂੰ ਫੜ੍ਹ ਲਿਆ ਹੈ
ਇਸ ਪਲ ਦੇ ਹੋਠਾਂ ‘ਤੇ ਹੈ ਰਵਿਦਾਸ ਦਾ ਹਰਫ
ਉਹ ਜਾਣਦਾ ਹੈ ਉਹ ਹੈ ਕਿਸ ਦੀ ਤਰਫ
ਇਹ ਮੀਆਂ ਮੀਰ ਅਤੇ ਭੀਖਣ ਨੂੰ
ਗਲਵੱਕੜੀ ‘ਚ ਲੈਣ ਦੀ ਸਜ਼ਾ ਹੈ
ਇਹ ਸੱਤਾ ਦੀ ਅਦਾ ਹੈ
ਇਹ ਏਦਾਂ ਹੀ ਰਹੀ ਸਦਾ ਹੈ
ਇਸ ਪਲ ਨੇ ਨਾਮੇ ਤੇ ਧੰਨੇ ਨੂੰ
ਬੁੱਕਲ ‘ਚ ਸਮੇਟਿਆ ਹੈ
ਰਾਮਾਨੰਦ ਤੇ ਸੈਣ ਵਿਚਲੀ ਲੀਕ ਨੂੰ ਮੇਟਿਆ ਹੈ
ਸਭ ਨੂੰ ‘ਕੱਠਿਆਂ ਕਰ ਬਹਾਇਆ ਹੈ
ਜਲੌਅ ਲਗਾਇਆ ਹੈ
ਅਸਾਂ ਵੀ ਜਲੌਅ ਲਗਾਏ ਨੇ
ਆਪਣੇ ਵੱਖਰੇ ਕਰ ਬੈਠਾਏ ਨੇ
ਲੀਕਾਂ ਵਾਹੀਆਂ ਨੇ
ਵੰਡੀਆਂ ਪਾਈਆਂ ਨੇ
ਗੂੜ੍ਹੇ ਕੀਤੇ ਨੇ ਬੰਦੇ ਨੂੰ ਵੰਡਦੇ ਅੱਖਰ
ਏਸੇ ਲਈ ਹੁਣ ਵੀ ਤਪ ਰਹੀ ਹੈ ਤਵੀ
ਅਜੇ ਵੀ ਓਸ ‘ਤੇ ਬੈਠਾ ਹੈ ਓਹੀ ਰਵੀ।
ਸਵਰਾਜਬੀਰ ਨੇ ਇਥੇ ਪੰਜਾਬ ਦੀਆਂ ਬੁਲੰਦ ਇਨਸਾਨ ਪੱਖੀ ਰਵਾਇਤਾਂ ਨੂੰ ਸ਼ਰਮਸਾਰ ਕਰਨ ਵਾਲਿਆਂ ਨੂੰ ਬਾਹਰਲਾ, ਓਪਰਾ ਜਾਂ ‘ਸਰਕਾਰੀ ਏਜੰਸੀਆਂ’ ਆਦਿ ਦਾ ਨਾ ਆਖ ਕੇ ਸਗੋਂ ‘ਅਸੀਂ’ ਆਖਿਆ ਹੈ। ਇਸ ਤਰ੍ਹਾਂ ਗੁਨਾਹ ਦੀ ਸੂਈ ਨੂੰ ‘ਆਪਨੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ’ ਵੱਲ ਟਿਕਾ ਕੇ ਪੰਜਾਬੀਆਂ ਅਤੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ ਅਜੋਕੇ ਪਹਿਰੇਦਾਰਾਂ ਦੇ ਅੰਦਰਲੇ ਕੱਚ ਦੇ ਪਰਦੇ ਪਾੜ ਸੁੱਟੇ ਹਨ।
ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ ਦਾ ਇਕਰਾਰ: ਇਹੋ ਸਮਾਂ ਹੈ ਕਿ ਇਨ੍ਹਾਂ ਮਾਰਖੋਰੀਆਂ, ਉਜੱਡ ਧਿਰਾਂ ਨਾਲ ਮੱਥਾ ਲਾਉਣ ਦੇ ਸਾਰੇ ਖਤਰੇ ਸਿਰ-ਮੱਥੇ ਲੈ ਕੇ ਸਚਿਆਰੇ ਸੰਵਾਦ ਦੀ ਲੋਅ ਜਗਾਉਣ ਦਾ ਹੀਲਾ ਕਰੀਏ। ਸਾਰੀਆਂ ਦੁਸ਼ਵਾਰੀਆਂ, ਹਾਰਾਂ ਅਤੇ ਉਜਾੜੇ ਦੇ ਬਾਵਜੂਦ ਪੰਜਾਬੀ ਲੋਕਾਂ ਨੇ, ਕਿਰਤੀ-ਕਲਾਕਾਰਾਂ ਨੇ ਹੀ ਪੰਜਾਬ ਦੇ ਇਤਿਹਾਸ ਨੂੰ ਵਗਦਾ ਰੱਖਿਆ ਹੈ। ਸਿਆਲਾਂ ਦੀ ਜਾਈ ਹੀਰ ਦੇ ਬਾਗੀ ਬੋਲ, ਨਾਨਕ ਦੇ ਸ਼ਬਦ, ਮਰਦਾਨੇ ਦੀ ਸੁਰਵੰਤ ਰਬਾਬ ਅਤੇ ਤਖਤ ਹਜ਼ਾਰੇ ਦੇ ਧੀਦੋ ਰਾਂਝੇ ਦੀ ਵੰਝਲੀ ਦੇ ਸਾਜੇ ਹੋਏ ਇਨ੍ਹਾਂ ਸਾਦਾ-ਦਿਲ ਪੰਜਾਬੀਆਂ ਦੀਆਂ ਕਮਾਈਆਂ ਮਜੀਠੀ ਇਨਸਾਨ ਪੱਖੀ ਕਦਰਾਂ-ਕੀਮਤਾਂ ਨੇ, ਵਹਿੰਦੇ ਪਾਣੀਆਂ ਅਤੇ ਵਗਦੇ ਹਲਾਂ ਕਰ ਕੇ ਉਗਦੀਆਂ ਫਸਲਾਂ ਨੇ ਪੰਜਾਬੀਆਂ ਦੀ ਚੜ੍ਹਦੀ ਕਲਾ ਬਣਾਈ ਰੱਖੀ ਹੈ। ਜਿਉਣ ਦੇ ਚਾਅ ਨਾਲ ਭਰ-ਭਰ ਡੁੱਲ੍ਹਦਾ ਇਹ ਖਿੱਤਾ ‘ਸਿਰ ਦੀਜੈ ਕਾਣ ਨਾ ਕੀਜੈ’ ਦੇ ਮਹਾਂਵਾਕ ਦੇ ਵਰੋਸਾਏ ਇਸ਼ਕ ਦੇ ਸੰਕਲਪ ਤੋਂ ਵਿਗਸੇ-ਨਿੱਸਰੇ ਵਿਚਾਰ ਅਤੇ ਸਿਰਜਣਾ ਦਾ ਸਿਰਨਾਵਾਂ ਰਿਹਾ ਹੈ। ਸਾਂਝੀਵਾਲਤਾ ਨੂੰ ਮੀਰੀ ਸਮਾਜਕ ਆਦਰਸ਼ ਵਜੋਂ ਧਾਰਨ ਦੇ ਅਹਿਦ ਨੇ ਇਸ ਖਿੱਤੇ ਨੂੰ ਨਿਆਰੀ ਦਿੱਖ ਦਿੱਤੀ ਹੈ। ਨਾਲ ਹੀ ਆਪਣੇ ਆਪ ਤੋਂ ਅਵੇਸਲਾ, ਸਿਆਲਾਂ ਦੇ ਪੈਂਚਾਂ ਅਤੇ ਖੇੜਿਆਂ ਦੇ ਵਕੀਲਾਂ ਦਾ ਸ਼ਿਕਾਰ ਇਹ ਪੰਜਾਬ ਆਪਣੀ ਹੋਣੀ ਘੜਨ ਦੇ ਲਾਇਕ ਨਹੀਂ ਹੋ ਸਕਿਆ। ਲੁੱਟੀਂਦੀਆਂ ਜਿਣਸਾਂ, ਹਰਾਸੇ ਕਿਰਤੀਆਂ ਦੀਆਂ ਖੁਦਕੁਸ਼ੀਆਂ, ਇਲਮ ਤੋਂ ਬੇਗਾਨਗੀ, ਔਰਤ ਦਾ ਨਿਰਾਦਰ, ਕਮਜ਼ੋਰ ਦੀ ਬੇਅਦਬੀ, ਮਜ਼ਹਬੀ-ਸੰਪਰਦਾਈ ਅੱਗਾਂ ਅਤੇ ਹੋਰ ਅਲਾਮਤਾਂ ਸਦਕਾ ਇਹ ਮਸਤਾਨੀ ਧਰਤੀ ਭਵਿਖ ਤੋਂ ਅਵਾਜ਼ਾਰ ਹੈ।
ਅਸੀਂ ਦ੍ਰਿੜ੍ਹ ਸੰਕਲਪ ਕਰੀਏ ਕਿ ‘ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ’ ਦੇ ਸੰਕਲਪ ਜ਼ਰੀਏ ਗੁਆਚੇ ਪੰਜਾਬੀ ਅੰਬਰ ਫਿਰ ਰੰਗੇ ਜਾਣ। ਨਵੀਂ ਨਜ਼ਰ ਹਾਸਲ ਕਰ ਕੇ ਦੇਖਿਆਂ ਹੀ ਨਵੀਂ ਨੁਹਾਰ ਉਘੜੇਗੀ, ਲਿਸ਼ਕੇਗੀ ਵੀ।
‘ਇਕਨਾਂ ਕੋਲ ਹੁਸਨ ਚਤੁਰਾਈ’ – ਡਾਢਿਆਂ ਦੇ ਦਰਬਾਰੀ ਪਤਵੰਤਿਆਂ ਦਾ ਦਰਸ਼ਨੀ ਪੰਜਾਬ: ਅਗਲਾ ਮਸਲਾ ਨਵੀਂ ਗੱਲ ਕਹਿਣ ਦੇ ਮਾਧਿਅਮ ਦਾ ਵੀ ਹੈ। ਪੇਂਡੂ ਲੋਕ ਪੰਜਾਬੀ ਅਤੇ ਸ਼ਹਿਰੀ ਲੋਕ ਫਾਰਸੀ, ਉਰਦੂ, ਅੰਗਰੇਜ਼ੀ, ਹਿੰਦੀ ਬੋਲਦੇ ਰਹੇ ਹਨ। ਪੰਜਾਬ ਵਿਚ ਅੰਗਰੇਜ਼ੀ ਜ਼ੁਬਾਨ ਪਤਵੰਤਿਆਂ ਦੀ ਬਾਕੀ ਦੁਨੀਆਂ ਨਾਲ ਜੁੜਨ ਦੀ ਤਾਂਘ ਦਾ ਨਿਸ਼ਾਨ ਰਹੀ ਹੈ। ਸੱਚ ਇਹ ਵੀ ਹੈ ਕਿ ਇਹ ਜੋੜ ਜ਼ਿਆਦਾਤਰ ਨਕਲਚੀ ਹੋ ਨਿਬੜਿਆ ਹੈ ਜਾਂ ਇਸ ਨੇ ਕੁਲੀ ਵਾਂਗ ਡਾਢਿਆਂ ਦੀ ਵਗਾਰ ਕੀਤੀ ਹੈ। ਸਾਡੇ ਅਕਾਦਮਕ ਅਦਾਰਿਆਂ ਦਾ ਕੁਲੀਨ ਰਾਠਾਂ ਨਾਲ ਗੰਢ-ਚਿਤਰਾਵਾ ਬੜੀ ਤਕੜੀ ਲਾਹਨਤ ਬਣਿਆ ਰਿਹਾ ਹੈ।
ਪਰ ਅੰਗਰੇਜ਼ੀ ਦੇ ਸਮਾਜਕ-ਰਾਜਨੀਤਕ ਰੁਤਬੇ ਰਾਹੀਂ ਦਿਸਦਾ ਪੰਜਾਬ, ਬਾਕੀ ਦੇ ਪੰਜਾਬੀਆਂ ਲਈ ਕਿਸੇ ਅਜੂਬੇ ਤੋਂ ਘੱਟ ਨਹੀਂ ਸੀ। ਇਸ ਖਿੜਕੀ ਰਾਹੀਂ ਦਿਸਦਾ ਪੰਜਾਬ ਲਗਭਗ ਯਸ਼ ਚੋਪੜਾ ਦੀਆਂ ਫਿਲਮਾਂ ਦੇ ਪੰਜਾਬ ਵਰਗਾ ਹੈ। ਪੰਜਾਬੀ ਲੋਕ ਇਸ ਦ੍ਰਿਸ਼ ਵਿਚ ਦਾਰਾ ਸਿੰਘ, ਪ੍ਰੇਮ ਨਾਥ ਤੋਂ ਤੁਰ ਕੇ ਸੰਨੀ ਦਿਓਲ ਦੇ ‘ਢਾਈ ਕਿੱਲੋ ਕਾ ਹਾਥ’ ਦੇ ਗੇੜ ਦੇ ਹਨ। ਮੱਕੀ ਦੀ ਰੋਟੀ-ਸਰ੍ਹੋਂ ਦਾ ਸਾਗ, ਉਚੀ ਬੋਲਣਾ, ਨੱਚਣਾ, ਲੜਨ ਲਈ ਚਾਅ ਚੜ੍ਹਾਈ ਰੱਖਣਾ ਆਦਿ ਵਿਚ ਇਕ ਹੱਦ ਤੱਕ ਸੱਚਾਈ ਹੋਣ ਦੇ ਬਾਵਜੂਦ ਇਹ ਪੰਜਾਬੀ ਸਮਾਜ ਦੀ ਜਟਿਲਤਾ, ਇਸ ਦੇ ਇਤਿਹਾਸਕ ਕਿਰਦਾਰ ਉਤੇ ਸੰਕਲਪੀ ਜਗਤ ਦੀਆਂ ਰਮਜ਼ਾਂ ਦੀਆਂ ਪਰਤਾਂ ਤੱਕ ਨਹੀਂ ਪੁੱਜਦਾ। ਅਜਿਹੇ ਅੰਗਰੇਜ਼ੀ-ਮਾਰਕਾ ਬੋਧ ਦੀ ਥਾਂਵੇਂ ਲੋੜ ਅਜਿਹੀ ਲਿਖਤ ਦੀ ਹੈ ਜੋ ਅਹਿਸਾਸਮੰਦ, ਸੰਵੇਦਨਸ਼ੀਲ ਢੰਗ ਨਾਲ ਪੰਜਾਬ-ਸਰੋਕਾਰ ਦੀ ਇਕਹਿਰੀ ਪੇਸ਼ਕਾਰੀ ਤੋਂ ਹਟ ਕੇ, ਇਸ ਦੀ ਪੀੜ, ਸੰਭਾਵਨਾ ਅਤੇ ਹਸਤੀ ਦਾ ਖਾਕਾ ਖਿੱਚੇ। ਮੁੱਦਾ ਹੈ ਕਿ ਪੰਜਾਬ-ਸਰੋਕਾਰ ਦਾ ਅੰਗਰੇਜ਼ੀ ਬੋਧ ਕਿਹੋ ਜਿਹਾ ਹੋਵੇ?
‘ਨਾ ਉਹ ਸੁਘੜ ਨਾ ਮੂਰਖ ਹੋਇਆ’ – ‘ਮੰਤਕਹੀਣ ਦੁਹਰਾਅ ਦੇ ਗਧੀਗੇੜ’ ਦਾ ਸੰਕਟ: ਮਸਲਿਆਂ ਦੀਆਂ ਪਰਤਾਂ ‘ਤੇ ਚਰਚਾ ਜਾਰੀ ਰੱਖਦਿਆਂ ਜ਼ਰੂਰੀ ਮਸਲਾ ਮੇਰੀ ਜਾਚੇ ਇਹ ਹੈ ਕਿ ਅਜੋਕੇ ਪੰਜਾਬ ਵਿਚ ਹੇਠੋਂ ਉਠਦੀਆਂ ਸੂਖਮ ਪਹਿਲਕਦਮੀਆਂ ਦੀ ਵੱਡੀ ਗਿਣਤੀ ਹੈ, ਇਨ੍ਹਾਂ ਦਾ ਘੇਰਾ ਵੀ ਰੰਗ-ਬਿਰੰਗਾ ਹੈ ਅਤੇ ਛੋਟੀਆਂ-ਵੱਡੀਆਂ ਸਫਲਤਾਵਾਂ ਵੀ ਹਨ ਪਰ ਉਚੇਰੇ ਰਾਜਨੀਤਕ ਪੱਧਰ ‘ਤੇ ਹਾਵੀ ਦੋਵਾਂ ਰਵਾਇਤੀ ਰਾਜਸੀ ਦਲਾਂ ਦਾ ਚੱਕਰਵਿਊਹ ਟੁੱਟ ਹੀ ਨਹੀਂ ਰਿਹਾ ਸਗੋਂ ਲੱਗਦਾ ਇੰਜ ਹੈ ਜਿਵੇਂ ਇਹ ਹੋਰ ਪੀਢਾ ਤੇ ਮਜ਼ਬੂਤ ਹੋ ਗਿਆ ਹੋਵੇ। ਇਸ ਦਾ ਇਕ ਹੋਰ ਅਰਥ ਵੀ ਹੈ: ਖੁੰਢੀ ਧਾਰ ਵਾਲੀਆਂ ਸਮਾਜਕ-ਵਿਚਾਰਕ ਸਰਗਰਮੀਆਂ ਦਾ ਲਗਭਗ ਸਿਲੇਬਸੀ ਕਿਸਮ ਦਾ ਦੁਹਰਾਅ ਅਤੇ ਇਸ ਨੂੰ ਹਜ਼ਮ ਕਰੀ ਜਾਣ ਵਾਲੇ ਸਿਆਸੀ ਪ੍ਰਬੰਧ ਦਾ ਆਪਸੀ ਤੋੜ-ਵਿਛੋੜਾ।
ਇਹ ਮਖਸੂਸ ਹਾਲਾਤ ਨਵੀਂ ਵਿਚਾਰਕ ਸਿਰਜਣਾ ਅਤੇ ਲੋਕ ਪੱਖੀ ਸਰਗਰਮੀ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਸ਼ੁਰੂਆਤ ਲਈ ਸ਼ਾਇਦ ਇੰਨਾ ਵੀ ਬਹੁਤ ਹੋਵੇ ਕਿ ਜ਼ਰਾ ਸਹਿਜ ਵਾਲਾ ਬੋਲ; ਸੌਖੇ, ਸਸਤੇ ਤੇ ਬਾਜ਼ਾਰ ਨਾਲੋਂ ਤਿੱਖੇ-ਤੱਤੇ ਅੰਦਾਜ਼ ‘ਚ ਗੱਲ ਕਹਿਣ ਤੋਂ ਸੰਕੋਚ ਕਰਨ ਵਾਲਾ ਬੋਲ। ਅਜਿਹਾ ਲਹਿਜਾ ਜੋ ਠੋਸ, ਗੰਭੀਰ ਸਵਾਲ ਖੜ੍ਹੇ ਕਰੇ, ਪਰ ਬੋਲ ਵਿਚ ਕੁੜੱਤਣ ਜਾਂ ਸਤਹੀ ਵਿਰੋਧ ਦੇ ਰੁਮਾਂਸ ਤੋਂ ਵੀ ਦੂਰ ਰਹੇ। ਅਜਮੇਰ ਰੋਡੇ ਦੀ ਲਾਸਾਨੀ ਕਵਿਤਾ ‘ਸ਼ੁਭਚਿੰਤਨ’ ਇਸੇ ਪ੍ਰਸੰਗ ਵਿਚ ਮੇਰੇ ਅੰਦਰਵਾਰ ਗਿੜਦੀ ਰਹਿੰਦੀ ਹੈ:
ਮਾਨਸਰੋਵਰ ਝੋਰਾ ਕਰਦੀ
ਸਤਲੁਜ ਅੱਥਰਾ
ਮੇਰੀ ਇਕ ਨਾ ਮੰਨੇ
ਰੋਜ਼ ਦਿਹਾੜੀ ਓਹੀ ਲੱਛਣ
ਜਦ ਜੀਅ ਆਵੇ
ਹੱਦਾਂ ਬੰਨੇ ਭੰਨ੍ਹਦਾ
ਲੜਦਾ ਭਿੜਦਾ ਸ਼ੋਰ ਮਚਾਂਦਾ
ਸਾਗਰ ਵੱਲ ਨੂੰ ਤੁਰ ਜਾਂਦਾ ਹੈ
ਹੌਲ ਵਾਂਗਰਾਂ ਉਠਿਆ
ਸ਼ਕਤੀ ਦਾ ਇਕ ਗੋਲਾ
ਵਾਂਗ ਤ੍ਰੇਲੀ ਠਰ ਜਾਂਦਾ ਹੈ
ਨਾ ਕੋਈ ਨਵਾਂ ਵਹਿਣ ਹੀ ਬਦਲੇ
ਨਾ ਕੋਈ ਸਿਰਜੇ ਨੀਲੇ ਡੂੰਘੇ ਪਾਣੀਆਂ ਵਾਲੀ
ਝੀਲ ਸਦੀਵੀ
ਹੜ੍ਹ ਆਵੇ ਲਹਿ ਜਾਵੇ
ਇੰਜ ਸਭਿਤਾ ਕੋਈ
ਕਦੋਂ ਭਲਾ ਸਿਖਰਾਂ ਨੂੰ ਛੋਹੰਦੀ
ਕੌਣ ਗੁਰੂ ਇਸ ਨੂੰ ਸਮਝਾਵੇ।
ਅਨੇਕ ਪੰਜਾਬੀ ਸਿਰਜਣਹਾਰੇ ਚਿੰਤਕ ਮੇਰੀ ਨਜ਼ਰ ਵਿਚ ਹਨ, ਪਰ ਮੇਰੇ ਮੂਜਬ ਬਾਬਾ ਫਰੀਦ ਅਤੇ ਬਾਬਾ ਨਾਨਕ ਦੀ ਸ਼ੈਲੀ ਵਿਚ ਜਾਹਰ ਹੋਈ ਰਾਜਸੀ ਪੜਚੋਲ ਅਤੇ ਸਮਾਜਕ ਤਸਵੀਰਕਸ਼ੀ ਸਾਡੇ ਦੌਰ ਦੇ ਕਾਰਕੁਨਾਂ ਲਈ ਅੱਜ ਵੀ ਕਾਮਲ ਮਿਸਾਲ ਹੈ। ਲੋਕਾਈ ਨੂੰ ਚੇਤਨ ਕਰਦਿਆਂ, ਰਾਜ-ਸੱਤਾ ਨੂੰ ਸੱਚ ਦਾ ਸ਼ੀਸ਼ਾ ਦਿਖਾਉਣਾ; ਨਿਰਭਉ-ਨਿਰਵੈਰ ਆਲੋਚਨਾ ਦਾ ਮਿਆਰ ਅਤੇ ਸੁਰਵੰਤ, ਮਧੁਰ ਅੰਦਾਜ਼; ਕ੍ਰਾਂਤੀ ਦਾ ਨਗਾਰਾ ਅਤੇ ਕਰੁਣਾ ਦੀ ਵੰਝਲੀ; ਦਰਅਸਲ ਇਹੋ ਹੀ ਪੰਜਾਬ-ਸਰੋਕਾਰ ਦੀ ਬੁਨਿਆਦ ਹੈ। ਸੁਲਤਾਨ ਬਾਹੂ ਦੇ ਕਲਾਮ ਦੀ ਮਿਠਾਸ ਅਤੇ ਸਿਦਕ ਪੰਜਾਬ-ਸਰੋਕਾਰ ਦੇ ਗਾਡੀ ਰਾਹ ਨੂੰ ਦਰਸਾਉਂਦਾ ਹੈ: ‘ਓਸੇ ਰਾਹ ਥੀਂ ਜਾਈਏ ਬਾਹੂ, ਜਿਸ ਥੀਂ ਖਲਕਤ ਡਰਦੀ ਹੂ।’ ਇਸੇ ‘ਖੰਨਿਅਹੁ ਤਿਖੀ ਵਾਲਹੁ ਨਿਕੀ’ ਡਗਰ ‘ਤੇ ਠਿੱਲ੍ਹਿਆਂ ਹੀ ਗੁਰਮੁਖ ਪਛਾਣੇ ਜਾਣਗੇ। ਇਹੋ ਵੇਲਾ ਹੈ ਕਿ ਨਿਰਭਉ-ਨਿਰਵੈਰ ਸਮਾਜ ਦੀ ਸਿਰਜਣਾ ਹਿਤ ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ ਦੇ ਧਾਰਨੀ ਪੰਜਾਬੀ ਪੰਥ ਦੇ ਸੰਕਲਪ ਨੂੰ ਸਮਰਪਿਤ ਹੋਣ ਦਾ ਇਕਰਾਰ ਕਰੀਏ।