ਜਤਿੰਦਰ ਪਨੂੰ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਕੱਲ੍ਹ ਸ਼ੇਅਰ ਬੋਲਣ ਦਾ ਸ਼ੌਕੀਨ ਹੁੰਦਾ ਜਾ ਰਿਹਾ ਹੈ। ਬੀਤੀ ਛੇ ਮਾਰਚ ਦੇ ਦਿਨ ਪਾਰਲੀਮੈਂਟ ਵਿਚ ਰਾਸ਼ਟਰਪਤੀ ਦੇ ਭਾਸ਼ਣ ਲਈ ਧੰਨਵਾਦ ਦੇ ਮਤੇ ਉਤੇ ਬਹਿਸ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿਰੋਧੀ ਧਿਰ ਤੋਂ ਮੰਗਿਆ ਗਿਆ ਸਹਿਯੋਗ ਨਾ ਮਿਲਣ ਕਰ ਕੇ ਇੱਕ ਸ਼ੇਅਰ ਪੜ੍ਹਿਆ ਕਿ ‘ਹਮ ਕੋ ਹੈ ਉਨ ਸੇ ਵਫਾ ਕੀ ਉਮੀਦ, ਜੋ ਨਹੀਂ ਜਾਨਤੇ ਕਿ ਵਫਾ ਕਿਆ ਹੈ।’ ਜਵਾਬ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਵੀ ਇੱਕ ਸ਼ੇਅਰ ਪੜ੍ਹ ਦਿੱਤਾ ਕਿ ‘ਕੁਛ ਤੋ ਮਜਬੂਰੀਆਂ ਰਹੀ ਹੋਂਗੀ ਆਖਰ, ਯੂੰ ਹੀ ਤੋ ਨਹੀਂ ਕੋਈ ਬੇਵਫਾ ਹੋਤਾ।’ ਭਾਰਤ ਦੀ ਰਾਜਨੀਤੀ ਵਿਚ ਇਨ੍ਹਾਂ ਦੋਵਾਂ ਸ਼ੇਅਰਾਂ ਦਾ ਅਰਥ ਬਹੁਤ ਗੁੱਝਾ ਹੈ।
ਪਹਿਲੀ ਗੱਲ ਤਾਂ ਸਮਝ ਵਿਚ ਆਉਂਦੀ ਹੈ ਕਿ ਪ੍ਰਧਾਨ ਮੰਤਰੀ ਨੂੰ ਵਿਰੋਧੀ ਧਿਰ ਤੋਂ ਸਹਿਯੋਗ ਨਹੀਂ ਮਿਲਿਆ ਤੇ ਉਸ ਨੂੰ ਇਸ ਦਾ ਦੁੱਖ ਹੈ। ਇਹ ਦੁੱਖ ਕਿਹੜੀ ਸਰਕਾਰ ਦੇ ਮੁਖੀ ਨੂੰ ਨਹੀਂ ਹੁੰਦਾ? ਹੁਣੇ ਜਿਹੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਬਦਲੀ ਹੈ ਤੇ ਮੁੱਖ ਮੰਤਰੀ ਦੀ ਕੁਰਸੀ ਤੋਂ ਉਠ ਕੇ ਵਿਰੋਧੀ ਧਿਰ ਵਿਚ ਆਏ ਭਾਜਪਾ ਆਗੂ ਪ੍ਰੇਮ ਕੁਮਾਰ ਧੂਮਲ ਨੇ ਨਵੇਂ ਕਾਂਗਰਸੀ ਮੁੱਖ ਮੰਤਰੀ ਅੱਗੇ ਮੰਗ ਰੱਖ ਦਿੱਤੀ ਹੈ ਕਿ ਵਿਧਾਨ ਸਭਾ ਵਿਚ ਡਿਪਟੀ ਸਪੀਕਰ ਵਿਰੋਧੀ ਧਿਰ ਵਿਚੋਂ ਹੋਣਾ ਚਾਹੀਦਾ ਹੈ। ਕਾਂਗਰਸੀ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਅੱਗੋਂ ਇਹ ਕਹਿ ਦਿੱਤਾ ਹੈ ਕਿ ਪਿਛਲੀ ਵਾਰੀ ਅਸੀਂ ਵੀ ਇਹ ਮੰਗ ਕੀਤੀ ਸੀ, ਜੇ ਪ੍ਰੇਮ ਕੁਮਾਰ ਧੂਮਲ ਨੇ ਉਦੋਂ ਮੰਨੀ ਸੀ ਤਾਂ ਅਸੀਂ ਵੀ ਮੰਨ ਲੈਂਦੇ ਹਾਂ, ਪਰ ਧੂਮਲ ਨੇ ਤਾਂ ਸਾਡੇ ਵਿਰੋਧੀ ਧਿਰ ਦਾ ਆਗੂ ਹੋਣ ਦੀ ਪ੍ਰਵਾਨਗੀ ਵੀ ਰੋਕ ਲਈ ਸੀ। ਪੰਜਾਬ ਵਿਚ ਵੀ ਸਹਿਯੋਗ ਨਾ ਮਿਲਣ ਦੇ ਏਦਾਂ ਦੇ ਕਈ ਮਿਹਣੇ ਅਕਾਲੀਆਂ ਨੇ ਕਾਂਗਰਸੀਆਂ ਨੂੰ ਮਾਰੇ ਹੋਏ ਹਨ ਤੇ ਜਦੋਂ ਕਾਂਗਰਸ ਦਾ ਰਾਜ ਸੀ, ਉਸ ਦੇ ਆਗੂ ਵੀ ਏਦਾਂ ਦਾ ਮਿਹਣਾ ਅਕਾਲੀਆਂ ਨੂੰ ਮਾਰ ਦਿੰਦੇ ਰਹੇ ਸਨ। ਪ੍ਰਧਾਨ ਮੰਤਰੀ ਨੇ ਕੋਈ ਨਵੀਂ ਗੱਲ ਨਹੀਂ ਕੀਤੀ। ਵਿਰੋਧੀ ਧਿਰ ਵਲੋਂ ਜੇ ਸਹਿਯੋਗ ਨਹੀਂ ਮਿਲਿਆ ਤਾਂ ਇਹ ਵੀ ਕੋਈ ਨਵੀਂ ਗੱਲ ਨਹੀਂ ਕਹੀ ਜਾ ਸਕਦੀ।
ਜਿੱਥੋਂ ਤੱਕ ਬੇਵਫਾਈ ਦਾ ਸਬੰਧ ਹੈ, ਉਹ ਸਿਰਫ ਇੱਕ ਦੂਸਰੇ ਨਾਲ ਸਹਿਯੋਗ ਕਰਨ ਦੇ ਮਾਮਲੇ ਵਿਚ ਨਹੀਂ, ਹੋਰ ਵੀ ਕਈ ਗੱਲਾਂ ਵਿਚ ਲੱਭਦੀ ਹੈ। ਮਿਸਾਲ ਵਜੋਂ ਵਿਰੋਧੀ ਧਿਰ ਦੀ ਜਿਸ ਆਗੂ ਸੁਸ਼ਮਾ ਸਵਰਾਜ ਨੇ ਇਹ ਕਹਿ ਦਿੱਤਾ ਹੈ ਕਿ ‘ਕੁਛ ਤੋ ਮਜਬੂਰੀਆਂ ਰਹੀ ਹੋਂਗੀ ਆਖਰ, ਯੂੰ ਹੀ ਤੋ ਨਹੀਂ ਕੋਈ ਬੇਵਫਾ ਹੋਤਾ’, ਉਹ ਪਹਿਲਾਂ ਭਾਰਤੀ ਜਨਤਾ ਪਾਰਟੀ ਬਣਾਉਣ ਦੀ ਵੀ ਵਿਰੋਧੀ ਹੁੰਦੀ ਸੀ ਤੇ ਭਾਜਪਾ ਦੇ ਬਣਨ ਤੋਂ ਬਾਅਦ ਵੀ ਅੱਠ ਸਾਲ ਉਸ ਦੇ ਵਿਰੋਧ ਦੀ ਧਿਰ ਨਾਲ ਖੜੀ ਰਹੀ ਸੀ। ਉਸ ਦੀ ਮਜਬੂਰੀ ਇਹ ਸੀ ਕਿ ਹਰਿਆਣੇ ਵਿਚ ਉਸ ਦੇ ਪੈਰ ਨਹੀਂ ਸਨ ਲੱਗ ਰਹੇ ਤੇ ਜਦੋਂ ਉਹ ਭਾਜਪਾ ਨਾਲ ਜਾ ਖੜੀ ਹੋਈ ਤਾਂ ਇੱਕ ਵਾਰ ਤਿੰਨ ਮਹੀਨੇ ਲਈ ਦਿੱਲੀ ਦੀ ‘ਪਹਿਲੀ ਮਹਿਲਾ ਮੁੱਖ ਮੰਤਰੀ’ ਬਣ ਗਈ ਤੇ ਫਿਰ ਤਰੱਕੀ ਕਰਦੀ ਹੁਣ ਦੇਸ਼ ਦੀ ਵਿਰੋਧੀ ਧਿਰ ਦੀ ਮੁੱਖ ਆਗੂ ਬਣ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਵੀ ਦਾਅਵੇਦਾਰ ਬਣੀ ਹੋਈ ਹੈ। ਸੱਤਾ ਦੀ ਪੌੜੀ ਚੜ੍ਹਨ ਦੀ ਇਸ ਖਾਹਿਸ਼ ਨੂੰ ‘ਕੁਛ ਤੋ ਮਜਬੂਰੀਆਂ ਰਹੀ ਹੋਂਗੀ’ ਕਹਿ ਦੇਣ ਨਾਲ ਉਹ ਆਪਣੀ ਦਲ-ਬਦਲੀ ਤੇ ਫਿਰ ਕਰਨਾਟਕਾ ਦੇ ਖਾਣ-ਮਾਫੀਆ ਅਖਵਾਉਂਦੇ ਰੈਡੀ-ਬ੍ਰਦਰਜ਼ ਤੱਕ ਦੀ ਗਾਡ-ਮਦਰ ਦੀ ਭੂਮਿਕਾ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੀ ਸਮਝ ਲੈਣੀ ਚਾਹੀਦੀ ਹੈ।
ਦੂਸਰੇ ਪਾਸੇ ਡਾæ ਮਨਮੋਹਨ ਸਿੰਘ ਹੈ, ਉਹ ਵੀ ਕੋਈ ਪੱਕਾ ਕਾਂਗਰਸੀ ਨਹੀਂ ਸੀ ਹੁੰਦਾ। ਜਦੋਂ ਹਾਲੇ ਕਾਲਜ ਦੇ ਵਿਦਿਆਰਥੀਆਂ ਨੂੰ ਆਰਥਿਕਤਾ ਦੇ ਲੈਕਚਰ ਦਿੰਦਾ ਹੁਂੰਦਾ ਸੀ, ਉਦੋਂ ਉਹ ਭਾਰਤੀ ਪੂੰਜੀਵਾਦ ਦੇ ਮਾਡਲ ਅਤੇ ਸਾਮਰਾਜਵਾਦ ਦੇ ਵਿਰੋਧ ਵਿਚ ਸਮਾਜਵਾਦ ਦੀਆਂ ਗੱਲਾਂ ਕਰਦਾ ਰਿਹਾ ਸੀ। ਇੱਕ ਵਾਰ ਨਕਸਲੀ ਲਹਿਰ ਦੇ ਇੱਕ ਆਗੂ ਨੇ ਆਪਣੀ ਬੁੱਢੇ-ਵਾਰੇ ਦਿੱਤੀ ਇੰਟਰਵਿਊ ਵਿਚ ਇਹ ਭੇਦ ਖੋਲ੍ਹਿਆ ਸੀ ਕਿ ਫੜੇ ਜਾਣ ਵੇਲੇ ਪੁਲਿਸ ਵਾਲੇ ਉਸ ਤੋਂ ਜੋ ਕੁਝ ਮਨਮੋਹਨ ਸਿੰਘ ਬਾਰੇ ਪੁੱਛਦੇ ਸਨ, ਜੇ ਉਹ ਸਾਰਾ ਕੁਝ ਦੱਸ ਦਿੰਦਾ ਤਾਂ ਭਾਰਤ ਦੇ ਲੋਕ ਅੱਜ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਭੁਗਤਣ ਤੋਂ ਬਚ ਜਾਣੇ ਸਨ। ਉਸ ਸਮੇਂ ਦਾ ਸਮਾਜਵਾਦੀ ਲਹਿਰ ਦਾ ਏਡਾ ਹਮਦਰਦ ਮਨਮੋਹਨ ਸਿੰਘ ਅੱਜ ਜਾਰਜ ਬੁਸ਼ ਅਤੇ ਬਰਾਕ ਓਬਾਮਾ ਨਾਲ ਬਗਲਗੀਰ ਹੋ ਕੇ ਇਹ ਕਹਿੰਦਾ ਹੈ ਕਿ ਭਾਰਤ ਦੇ ਲੋਕ ਤੁਹਾਨੂੰ ਬੜਾ ਪਿਆਰ ਕਰਦੇ ਹਨ। ਇਸ ਪਿੱਛੇ ਡਾæ ਮਨਮੋਹਨ ਸਿੰਘ ਦੀਆਂ ਵੀ ਕੁਝ ਮਜਬੂਰੀਆਂ ਹੋ ਸਕਦੀਆਂ ਹਨ। ਹੋਰ ਕੁਝ ਨਹੀਂ ਤਾਂ ਇਹੋ ਮਜਬੂਰੀ ਹੋਵੇਗੀ ਕਿ ਭਾਵੇਂ ਸਰਕਾਰ ਕੋਈ ਪਿਛਲੀ ਸੀਟ ਉਤੇ ਬੈਠਾ ਚਲਾਈ ਜਾਂਦਾ ਹੋਵੇ ਤੇ ਬੇਗਾਨੇ ਕੀਤੇ ਨੂੰ ਆਪਣੇ ਸਿਰ ਲੈਣ ਨੂੰ ਉਸ ਨੂੰ ਅੱਗੇ ਲਾ ਰੱਖਿਆ ਹੋਵੇ, ਫਿਰ ਵੀ ਇਤਿਹਾਸ ਵਿਚ ਇਹੋ ਲਿਖਿਆ ਜਾਣਾ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਤੋਂ ਬਾਅਦ ਸਭ ਤੋਂ ਵੱਧ ਰਾਜ ਕਰਨ ਵਾਲੇ ਬੰਦੇ ਦਾ ਨਾਂ ਮਨਮੋਹਨ ਸਿੰਘ ਸੀ। ਇਹ ਵੀ ਛੋਟੀ ਖਾਹਿਸ਼ ਦੀ ਮਜਬੂਰੀ ਤਾਂ ਨਹੀਂ।
ਕੁਝ ਮਜਬੂਰੀਆਂ ਰਾਜ ਕਰਦੀ ਪਾਰਟੀ ਅਤੇ ਉਸ ਦੇ ਪ੍ਰਧਾਨ ਮੰਤਰੀ ਦੀਆਂ ਹੋਣਗੀਆਂ ਤੇ ਕੁਝ ਵਿਰੋਧੀ ਧਿਰ ਦੇ ਸੁਸ਼ਮਾ ਸਵਰਾਜ ਵਰਗੇ ਆਗੂਆਂ ਦੀਆਂ, ਪਰ ਇੱਕ ਮਜਬੂਰੀ ਸਭ ਤੋਂ ਵੱਡੀ ਇਸ ਦੇਸ਼ ਦੇ ਲੋਕਾਂ ਦੀ ਹੈ। ਪੰਜਾਬੀ ਦਾ ਮੁਹਾਵਰਾ ਹੈ ਕਿ ‘ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ।’ ਵੱਡੀਆਂ ਕੁਰਸੀਆਂ ਵੱਲ ਝਾਕਣ ਤੋਂ ਪੈਦਾ ਹੋ ਗਈਆਂ ਮਜਬੂਰੀਆਂ ਲੀਡਰਾਂ ਦੀਆਂ ਹਨ, ਉਨ੍ਹਾਂ ਲਈ ਲੜਾਈ ਵੱਡੇ ਲੀਡਰਾਂ ਦੀ ਹੈ, ਪਰ ਖਮਿਆਜ਼ਾ ਇਸ ਦਾ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਭੁਗਤਣਾ ਪੈਂਦਾ ਹੈ, ਜਿਹੜੇ ਦਸਾਂ ਨਹੁੰਆਂ ਦੀ ਕਿਰਤ ਕਰਦੇ ਹਨ, ਔਖੇ-ਸੌਖੇ ਦਿਨ ਗੁਜ਼ਾਰਦੇ ਹਨ ਤੇ ਜਾਣ ਤੋਂ ਪਹਿਲਾਂ ਇਨ੍ਹਾਂ ਲੀਡਰਾਂ ਨੂੰ ਵੋਟਾਂ ਪਾਉਣ ਜੋਗੇ ਵੋਟਰ ਹੋਰ ਪੈਦਾ ਕਰ ਕੇ ਜਾਂਦੇ ਹਨ।
ਮਜਬੂਰੀਆਂ ਵਿਚ ਫਸੇ ਹੋਏ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਦੇਸ਼ ਦੀ ਦੌਲਤ ਕਿਹੜੀ ਨਾਲੀ ਦੇ ਗੰਦੇ ਵਹਿਣ ਵਿਚ ਵਗੀ ਜਾ ਰਹੀ ਹੈ ਤੇ ਜੇ ਉਸ ਨੂੰ ਪਤਾ ਨਹੀਂ ਲੱਗਦਾ ਜਾਂ ਉਹ ਰੋਕ ਨਹੀਂ ਸਕਦਾ ਤਾਂ ਉਹ ਉਥੇ ਕਿਹੜੀ ਨੀਰੋ ਵਾਲੀ ਬੰਸਰੀ ਵਜਾਉਣ ਲਈ ਬੈਠਾ ਹੋਇਆ ਹੈ? ਅੱਜ ਦਾ ਪ੍ਰਧਾਨ ਮੰਤਰੀ ਜਦੋਂ ਨਰਸਿਮਹਾ ਰਾਓ ਦੇ ਨਾਲ ਖਜ਼ਾਨਾ ਮੰਤਰੀ ਸੀ, ਉਸ ਦੀ ਆਰਥਿਕ ਮੁਹਾਰਤ ਅਤੇ ਬੈਂਕਿੰਗ ਪ੍ਰਣਾਲੀ ਦੀ ਪ੍ਰਬੰਧਕੀ ਯੋਗਤਾ ਦੇ ਬਾਵਜੂਦ ਭਾਰਤ ਦੀ ਸਟਾਕ ਐਕਸਚੇਂਜ ਦਾ ਸਭ ਤੋਂ ਵੱਡਾ ਘੋਟਾਲਾ ਉਦੋਂ ਹੋਇਆ ਸੀ। ਜਦੋਂ ਉਸ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲ ਗਿਆ ਤਾਂ ਘੋਟਾਲਿਆਂ ਦੀ ਲੜੀ ਬੱਝ ਗਈ। ਟੈਲੀਕਾਮ ਦਾ ਘੋਟਾਲਾ ਵੀ ਇਸ ਪ੍ਰਧਾਨ ਮੰਤਰੀ ਦੇ ਹੁੰਦਿਆਂ ਹੋਇਆ ਤੇ ਕਾਮਨਵੈੱਲਥ ਖੇਡਾਂ ਵਾਲਾ ਘਾਲਾ-ਮਾਲਾ ਵੀ ਇਸੇ ਦੀ ਸਰਕਾਰ ਹੁੰਦਾ ਵੇਖਦੀ ਰਹੀ। ਕੋਲੇ ਦੀਆਂ ਖਾਣਾਂ ਦੀ ਬਾਂਦਰ-ਵੰਡ ਦਾ ਰੌਲਾ ਭਾਵੇਂ ਪਹਿਲਾਂ ਤੋਂ ਪੈਂਦਾ ਆਇਆ ਸੀ, ਪਰ ਖਿਲਾਰਾ ਬਹੁਤਾ ਮਨਮੋਹਨ ਸਿੰਘ ਦੀ ਸਰਕਾਰ ਦੇ ਹੁੰਦਿਆਂ ਇਸ ਲਈ ਪਿਆ ਕਿ ਅੰਨ੍ਹੇ ਵਾਂਗ ਸ਼ੀਰਣੀਆਂ ਵੰਡਣ ਵਿਚ ਕਾਂਗਰਸ ਪਾਰਟੀ ਦੇ ਆਗੂ ਸ਼ਰਮ ਦਾ ਛਿੱਕਾ ਲਾਹ ਕੇ ਜੁੱਟ ਗਏ ਸਨ। ਜਿਹੜੇ ਅੰਬਾਨੀਆਂ ਨੂੰ ਇੰਦਰਾ ਗਾਂਧੀ ਨੇ ਚੁੱਕਿਆ ਸੀ, ਉਹ ਸਮਾਂ ਪਾ ਕੇ ਕਾਂਗਰਸ ਪਾਰਟੀ ਦੇ ਵਿਰੋਧ ਦੀ ਧਿਰ ਨਾਲ ਜਾ ਜੁੜੇ ਸਨ ਤੇ ਜਿਹੜੇ ਵਿਜੇ ਦਰੜਾ ਵਰਗਿਆਂ ਨੂੰ ਮਨਮੋਹਨ ਸਿੰਘ ਨੇ ਆਣ ਕੇ ਮੌਕਾ ਬਖਸ਼ਿਆ, ਉਹ ਹੁਣ ਨਰਿੰਦਰ ਮੋਦੀ ਦੇ ਗੁਣ ਗਾਉਂਦੇ ਫਿਰਦੇ ਹਨ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਉਸ ਦੇ ਸਾਥੀ ਕਾਂਗਰਸੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਲੋਕਾਂ ਦੇ ਹਿੱਤਾਂ ਨਾਲ ਇਹ ਬੇਵਫਾਈ ਕਦੋਂ ਕੁ ਤੱਕ ਜਾਰੀ ਰੱਖਣੀ ਹੈ?
ਹੁਣੇ-ਹੁਣੇ ਦੋ ਵੱਡੇ ਘਪਲੇ ਹੋਰ ਹੋ ਗਏ ਹਨ। ਇੱਕ ਤਾਂ ਆਗਸਤਾ ਵੈਸਟਲੈਂਡ ਹੈਲੀਕਾਪਟਰ ਦੀ ਖਰੀਦ ਵਿਚ ਹੋ ਗਿਆ ਹੈ। ਇਸ ਵਿਚ ਭਾਰਤੀ ਜਨਤਾ ਪਾਰਟੀ ਦੇ ਅਟਲ ਬਿਹਾਰੀ ਵਾਜਪਾਈ ਵਾਲੀ ਸਰਕਾਰ ਵੀ ਬਰਾਬਰ ਗੁਨਾਹ ਵਿਚ ਸ਼ਾਮਲ ਲੱਗਦੀ ਹੈ। ਦੂਸਰਾ ਮਾਮਲਾ ਸਿਰਫ ਮਨਮੋਹਨ ਸਿੰਘ ਦੀ ਸਰਕਾਰ ਦੇ ਨਾਂ ਲੱਗਦਾ ਹੈ। ਪਿਛਲੀ ਵਾਰੀ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਸ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਗਰੀਬੀ ਦੇ ਮਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦੇਣ ਦੀ ਸਕੀਮ ਚਲਾਈ ਗਈ ਸੀ। ਕੁੱਲ ਬਵੰਜਾ ਹਜ਼ਾਰ ਕਰੋੜ ਰੁਪਏ ਦੀ ਇਹ ਕਰਜ਼ਾ ਮੁਆਫੀ ਸਕੀਮ ਸੀ। ਦੇਸ਼ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ, ਜਿਸ ਨੂੰ ‘ਕੈਗ’ ਕਿਹਾ ਜਾਂਦਾ ਹੈ, ਨੇ ਇਸ ਦੀ ਪੁਣ-ਛਾਣ ਕਰਨ ਵੇਲੇ ਇਹ ਸੱਚ ਉਘਾੜ ਕੇ ਪੇਸ਼ ਕਰ ਦਿੱਤਾ ਕਿ ਜਿਨ੍ਹਾਂ ਕਿਸਾਨਾਂ ਲਈ ਇਹ ਸਕੀਮ ਬਣਾਈ ਗਈ ਸੀ, ਉਨ੍ਹਾਂ ਤੱਕ ਪਹੁੰਚੀ ਹੀ ਨਹੀਂ ਤੇ ਪੈਸਾ ਉਨ੍ਹਾਂ ਨੂੰ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਇਹ ਦਿੱਤਾ ਜਾਣਾ ਬਣਦਾ ਹੀ ਨਹੀਂ ਸੀ। ਭਾਰਤ ਦੇ ਕਿਸਾਨਾਂ ਦੀਆਂ ਕਈ ਤਹਿਆਂ ਵਿਚ ਇੱਕ ਉਸ ਕਿਸਮ ਦੇ ‘ਕਿਸਾਨ’ ਵੀ ਹਨ, ਜਿਹੜੇ ਖੇਤੀ ਨਹੀਂ ਕਰਦੇ, ਖੇਤੀ ਦੇ ਨਾਂ ਉਤੇ ਥੋੜ੍ਹੀ-ਬਹੁਤ ਜ਼ਮੀਨ ਲੈ ਕੇ ਖੇਤੀ ਕਰਨ ਦਾ ਵਿਖਾਵਾ ਕਰਦੇ ਹਨ ਤੇ ਭ੍ਰਿਸ਼ਟਾਚਾਰ ਨਾਲ ਕਮਾਈਆਂ ਰਕਮਾਂ ਨੂੰ ਖੇਤਾਂ ਦੀ ਕਮਾਈ ਆਖ ਕੇ ਕਾਲੀ ਤੋਂ ਚਿੱਟੀ ਕਰ ਲੈਂਦੇ ਹਨ। ਜਦੋਂ ਕੋਈ ਸਬਸਿਡੀ ਆਵੇ, ਉਹ ਵੀ ਸਭ ਤੋਂ ਪਹਿਲਾਂ ਇਨ੍ਹਾਂ ਦੇ ਖਾਤੇ ਵਿਚ ਪੈ ਜਾਂਦੀ ਹੈ। ਇਸ ਕਰਜ਼ਾ ਮੁਆਫੀ ਸਕੀਮ ਵੇਲੇ ਵੀ ਇਹੋ ਕੁਝ ਹੋਇਆ ਸੁਣੀਂਦਾ ਹੈ।
ਜਦੋਂ ਇਸ ਬਾਰੇ ਕੈਗ ਦੀ ਰਿਪੋਰਟ ਸਾਹਮਣੇ ਆਈ ਤਾਂ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਇਸ ਨੂੰ ਰੱਦ ਕਰ ਕੇ ਇਹ ਕਹਿ ਦਿੱਤਾ ਕਿ ਕਿਸਾਨਾਂ ਨੇ ਪਿਛਲੀ ਵਾਰੀ ਵੋਟਾਂ ਪਾ ਕੇ ਸਾਡੀ ਸਰਕਾਰ ਬਣਾਈ ਸੀ, ਇਸ ਤੋਂ ਸਾਫ ਹੈ ਕਿ ਪੈਸਾ ਉਨ੍ਹਾਂ ਤੱਕ ਪਹੁੰਚ ਗਿਆ ਹੋਵੇਗਾ। ਇਸ ਦਲੀਲ ਨੂੰ ਕਿਸੇ ਨੇ ਉਂਜ ਵੀ ਨਹੀਂ ਸੀ ਮੰਨਣਾ, ਪਰ ਹੁਣ ਰਿਜ਼ਰਵ ਬੈਂਕ ਨੇ ਹੀ ਬੀਬੀ ਅੰਬਿਕਾ ਦੀ ਗੱਲ ਉਤੇ ਕਾਟਾ ਮਾਰ ਦਿੱਤਾ ਹੈ। ਜਿਹੜੇ ਬੈਂਕਾਂ ਦੇ ਰਾਹੀਂ ਕਿਸਾਨਾਂ ਨੂੰ ਪੈਸਾ ਭੇਜਿਆ ਗਿਆ ਤੇ ਗਲਤ ਹੱਥਾਂ ਵਿਚ ਜਾਂਦਾ ਰਿਹਾ ਸੀ, ਰਿਜ਼ਰਵ ਬੈਂਕ ਨੇ ਉਨ੍ਹਾਂ ਬੈਂਕਾਂ ਦੀ ਬਾਂਹ ਨੂੰ ਮਰੋੜਾ ਚਾੜ੍ਹ ਦਿੱਤਾ ਹੈ ਕਿ ਕੈਗ ਦੀ ਰਿਪੋਰਟ ਆਉਣ ਦੇ ਬਾਅਦ ਉਹ ਸਾਰਾ ਪੈਸਾ ਵਾਪਸ ਕਰਵਾਓ ਜਾਂ ਸਿੱਟੇ ਭੁਗਤਣ ਲਈ ਤਿਆਰ ਹੋ ਜਾਓ। ਇਸ ਦੇ ਨਤੀਜੇ ਵਜੋਂ ਹੁਣ ਬੈਂਕਾਂ ਵਾਲੇ ਹੀ ਡੁੱਲ੍ਹੇ ਹੋਏ ਬੇਰਾਂ ਨੂੰ ਚੁਣਨ ਵਾਲੇ ਪਾਸੇ ਤੁਰਨ ਨੂੰ ਮਜਬੂਰ ਹੋ ਗਏ ਹਨ, ਤੇ ਕੇਂਦਰ ਦੀ ਮੰਤਰੀ ਬੀਬੀ ਆਖਦੀ ਹੈ ਕਿ ਕਿਸਾਨਾਂ ਨੂੰ ਪੈਸੇ ਪਹੁੰਚ ਗਏ ਤੇ ਉਨ੍ਹਾਂ ਨੇ ਸਾਨੂੰ ਵੋਟਾਂ ਪਾ ਦਿੱਤੀਆਂ ਸਨ।
ਸਾਨੂੰ ਬੀਬੀ ਅੰਬਿਕਾ ਸੋਨੀ ਦੇ ਬਿਆਨ ਉਤੇ ਹੈਰਾਨੀ ਬਹੁਤੀ ਨਹੀਂ, ਸਗੋਂ ਇਸ ਤੋਂ ਅਗਲੀ ਕਹਾਣੀ ਉਤੇ ਹੈ। ਪਾਰਲੀਮੈਂਟ ਵਿਚ ਇਸ ਬਾਰੇ ਰੌਲਾ ਪਿਆ ਤਾਂ ਮਸਾਂ ਦੋ ਸਾਈਕਲਾਂ ਦੀ ਸੜਕ ਉਤੇ ਜਾਂਦਿਆਂ ਟੱਕਰ ਹੋਈ ਤੋਂ ਜਿੰਨਾ ਕੁ ਦੋ ਜਣੇ ਲੜ ਪੈਂਦੇ ਹਨ, ਉਸ ਤੋਂ ਵੱਧ ਨਹੀਂ ਪੈ ਸਕਿਆ। ਪ੍ਰਧਾਨ ਮੰਤਰੀ ਨੇ ਆਣ ਕੇ ਕਹਿ ਦਿੱਤਾ ਕਿ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਵਿਰੋਧੀ ਧਿਰ ਚੁੱਪ ਕੀਤੀ ਰਹੀ। ਉਸ ਨੇ ਦੇਸ਼ ਦੇ ਲੋਕਾਂ, ਖਾਸ ਕਰ ਕੇ ਕਿਸਾਨਾਂ, ਦੇ ਹੱਕ ਦਾ ਇਹ ਮੁੱਦਾ ਕਿਉਂ ਨਹੀਂ ਉਠਾਇਆ ਤੇ ਉਨ੍ਹਾਂ ਨਾਲ ਵਫਾ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਬੇਵਫਾਈ ਕਿਉਂ ਕੀਤੀ? ਇਸ ਦੇ ਸਬੰਧ ਵਿਚ ਫਿਰ ਉਹੋ ਸੁਸ਼ਮਾ ਸਵਰਾਜ ਵਾਲਾ ਸ਼ੇਅਰ ਕੰਮ ਸਾਰ ਦੇਵੇਗਾ ਕਿ ‘ਕੁਛ ਤੋ ਮਜਬੂਰੀਆਂ ਰਹੀ ਹੋਂਗੀ ਆਖਰ, ਯੂੰ ਹੀ ਤੋ ਨਹੀਂ ਕੋਈ ਬੇਵਫਾ ਹੋਤਾ।’ ਇਹ ਮਜਬੂਰੀਆਂ ਉਹ ਨਾ ਵੀ ਦੱਸਣ ਤਾਂ ਲੋਕਾਂ ਨੂੰ ਪਤਾ ਲੱਗ ਜਾਣੀਆਂ ਚਾਹੀਦੀਆ ਹਨ ਕਿ ਜੇ ਵਿਰੋਧੀ ਧਿਰ ਇਸ ਦੇਸ਼ ਦੇ ਲੋਕਾਂ ਨਾਲ ਵਫਾ ਪਾਲਣੀ ਸ਼ੁਰੂ ਕਰ ਦੇਵੇ ਤਾਂ ਉਸ ਦੀ ਆਪਣੀ ਬੁੱਕਲ ਦੇ ਚੋਰ ਵੀ ਨੰਗੇ ਹੋ ਜਾਂਦੇ ਹਨ।
ਟੈਲੀਕਾਮ ਦਾ ਘੋਟਾਲਾ ਹੋਵੇ ਜਾਂ ਕੋਲੇ ਦੀਆਂ ਖਾਣਾਂ ਦਾ, ਹੈਲੀਕਾਪਟਰ ਦੀ ਖਰੀਦ ਵਿਚ ਰਿਸ਼ਵਤ ਦਾ ਕਿੱਸਾ ਹੋਵੇ ਜਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਆਈ ਰਕਮ ਵਿਚ ਘਾਲੇ-ਮਾਲੇ ਦਾ, ਜਦੋਂ ਹਰ ਗੱਲ ਵਿਚ ਦੋਵੇਂ ਪੱਖਾਂ ਦੀਆਂ ਕੇਂਦਰੀ ਤੇ ਰਾਜਾਂ ਦੀਆਂ ਸਰਕਾਰਾਂ ਸ਼ਾਮਲ ਨਿਕਲ ਰਹੀਆਂ ਹਨ ਤਾਂ ਉਹ ਲੋਕਾਂ ਨਾਲ ਵਫਾ ਕਿਵੇਂ ਕਰ ਸਕਦੇ ਹਨ? ਇੱਕ ਦੂਸਰੇ ਨਾਲ ਬੇਵਫਾਈ ਦੇ ਮਿਹਣੇ ਐਵੇਂ ਵਿਆਹ ਵਿਚ ਨਾਨਕੀਆਂ-ਦਾਦਕੀਆਂ ਦੇ ਹਾਸੇ-ਠੱਠੇ ਵਾਂਗ ਸਿੱਠਣੀਆਂ ਹਨ, ਅਸਲ ਬੇਵਫਾਈ ਤਾਂ ਇਸ ਲੋਕ-ਰਾਜ ਵਿਚ ਲੋਕਾਂ ਨਾਲ ਕੀਤੀ ਜਾ ਰਹੀ ਹੈ।
Leave a Reply