ਦਰਦ ਕਿਸਾਨੀ: ਪਿਛੋਕੜ ‘ਤੇ ਇਕ ਝਾਤ (ਭਾਗ 4)

ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੇਰੇ ਪਿੱਛੋਂ ਅਮਰੇ ਨੇ ਤੋਰੀਆ ਗਾਹ ਗੁਹਾ ਕੇ ਰਾਜਪੁਰੇ ਦੀ ਮੰਡੀ ਵਿਚ ਸੁੱਟ ਦਿਤਾ। ਮੈਂ ਕਣਕ ਦੀ ਬਿਜਾਈ ਵੇਲੇ ਆਇਆ ਤਾਂ ਉਸ ਨੇ ਦੱਸਿਆ ਕਿ ਬੈਂਕ ਵਾਲੇ ਫੇਰ ਮੇਰੀ ਗੈਰ-ਹਾਜ਼ਰੀ ਵਿਚ ਤਿੰਨ-ਚਾਰ ਚੱਕਰ ਮਾਰ ਗਏ ਸਨ ਤੇ ਮੇਰਾ ਚੰਡੀਗੜ੍ਹ ਦਾ ਪਤਾ ਪੁੱਛਦੇ ਸਨ। ਸੁਣ ਕੇ ਮੇਰੇ ਮਨ ਵਿਚ ਉਨ੍ਹਾਂ ਪ੍ਰਤੀ ਘ੍ਰਿਣਾ ਭਰ ਆਈ। ਮੈਂ ਆੜ੍ਹਤੀਏ ਨਾਲ ਹਿਸਾਬ-ਕਿਤਾਬ ਕਰ ਕੇ ਉਨ੍ਹਾਂ ਦੇ ਮੁੜ ਆਉਣ ਤੋਂ ਪਹਿਲਾਂ ਕਿਸ਼ਤ ਭਰ ਆਇਆ। ਕਣਕ ਬੀਜਣ ਵੇਲੇ ਅਮਰੇ ਨੇ ਮੈਨੂੰ ਫਸਲ ਦੇ ਖਰਚੇ ਦਾ ਅੰਦਾਜ਼ਾ ਲਵਾਇਆ। ਜੀਰੀ ਦੇ ਸਾਰੇ ਖਰਚੇ ਜੋੜ ਕੇ ਮੈਂ ਹਿਸਾਬ ਲਾਇਆ ਕਿ ਮਸਾਂ ਕਮਰੇ ਦਾ ਪਲਸਤਰ ਤੇ ਪੱਲਿਆਂ (ਬੂਹੇ-ਬਾਰੀਆਂ) ਜਿੰਨੇ ਕੁ ਪੈਸੇ ਹੀ ਬਚਣਗੇ।

ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਫਸਲ ਆਉਣ ‘ਤੇ ਇਕ ਇਕ ਤੋਹਫਾ ਦੇਣ ਦਾ ਵਾਅਦਾ ਕੀਤਾ ਸੀ, ਪਰ ਬੱਚਤ ਪੂਰੀ ਨਾ ਹੋਣ ਕਰ ਕੇ ਉਹ ਵੀ ਅੱਗੇ ਪਾ ਦਿੱਤਾ। ਇਸ ਗੱਲ ਨੇ ਮੈਨੂੰ ਇਹ ਸੋਚਣ ‘ਤੇ ਮਜਬੂਰ ਕਰ ਦਿੱਤਾ ਕਿ ਕਿਸਾਨ ਇੰਨੀ ਥੋੜੀ ਆਮਦਨ ‘ਤੇ ਗੁਜ਼ਾਰਾ ਕਿਵੇਂ ਕਰਦੇ ਹੋਣਗੇ? ਮੇਰੇ ਭਰਾ ਕਿਵੇਂ ਦਿਨ ਕਟੀ ਕਰਦੇ ਹੋਣਗੇ? ਹਰੀ ਕ੍ਰਾਂਤੀ ਤੋਂ ਬਾਅਦ ਕੋਈ ਹੋਰ ਵੱਡੀ ਖੇਤੀ ਕ੍ਰਾਂਤੀ ਤਾਂ ਆਉਣ ਵਾਲੀ ਨਹੀਂ। ਫਿਰ ਇਨ੍ਹਾਂ ਦਾ ਕੀ ਬਣੇਗਾ?
ਉਸੇ ਦਿਨ ਅਮਰੇ ਨੇ ਮੇਰੇ ਕੋਲੋਂ ਆਪਣੇ ਘਰੇਲੂ ਖਰਚੇ ਲਈ ਦੋ ਸੌ ਰੁਪਏ ਉਧਾਰ ਮੰਗੇ, ਜੋ ਉਸ ਨੇ ਮੈਨੂੰ ਮੋੜਨੇ ਨਹੀਂ ਸਨ ਸਗੋਂ ਖੇਤ ਨੌਕਰੀ ਦੇ ਦਸਤੂਰ ਅਨੁਸਾਰ ਅਗਲੇ ਸਾਲ ਦੀ ਪੁਗਾਰ ਵਿਚੋਂ ਕਟਵਾ ਦੇਣੇ ਸਨ। ਮੈਂ ਉਸ ਨੂੰ ਸੌ ਰੁਪਏ ਦੇ ਕੇ ਕਿਹਾ, “ਇੰਨਿਆਂ ਕੁ ਮਾਂ ਸਾਰ ਲੈ, ਖਰਚਾ ਬਹੁਤ ਹੋ ਗਿਆ।” ਉਹ ਮੰਨ ਤਾਂ ਗਿਆ ਪਰ ਕਹਿਣ ਲੱਗਾ, “ਖਰਚੇ ਤੋ ਇੱਤਰਾਂ ਈ ਚਲਦੇ ਰਹਾਂ ਬਾਹ ਬਹਾਈ ਕੇ ਕੰਮਾਂ ਮਾਂ। ਬੜਾ ਖਰਚਾ ਤੋ ਤੇਰਾ ਔਣ ਆਲਾ ਹਾਲੇ।”
ਮੈਂ ਹੈਰਾਨੀ ਨਾਲ ਪੁੱਛਿਆ, “ਬੜਾ ਖਰਚਾ, ਔਹ ਕਿਹੜਾ?”
ਕਹਿਣ ਲੱਗਾ, “ਟਰੈਕਟਰ ਠੀਕ ਕਰਾਈ ਗਾ। ਜਾਣੇ ਆਲਾ ਈ ਐ ਬਰਕਸਾਪ ਮਾਂ।”
ਮੈਂ ਉਸ ਦੀ ਗੱਲ ਨੂੰ ਟਪਾਰ ਸਮਝਦਿਆਂ ਪੁੱਛਿਆ, “ਟਰੈਕਟਰ ਤੋ ਹਾਲੇ ਹੁਣ ਕਢਾਇਆ, ਵਰਕਸ਼ਾਪ ਮਾਂ ਕਿਉਂ ਜਾਹੇਗਾ?”
ਉਹ ਬੋਲਿਆ, “ਜਾਹੇਗਾ ਨੀ ਲਾਣੇਦਾਰ ਹੋਰ ਕੇ ਕਰੇਗਾ? ਦੋ ਟੈਮ ਤੋ ਤੇਰਾ ਭਾਈ ਉਸ ਪਰ ਖੇਤ ਮਾਂ ਤੇ ਕੱਖ ਕੰਡਾ ਲੱਦ ਕੈ ਲਿਆਵਾ। ਦੋਏ ਟੈਮ ਟਰੈਕਟਰ ਕੱਛੋ-ਕੱਛ ਟੋਭੇ ਮਾਂ ਨੂੰ ਲੰਘਾ ਕੈ ਲੇ ਜਾਹਾ। ਟੈਰਾਂ ਤਕ ਸਾਰਾ ਪਾਣੀ ਮਾ ਡੁੱਬ ਕੇ ਅੰਜਣ ਤਕ ਗਿੱਲਾ ਹੋ ਜਾਹਾ। ਜਿੱਦਣ ਗਾ ਟਰੈਕਟਰ ਆਇਆ, ਉਸ ਨੈ ਰੇਹੜੇ ਨੂੰ ਹੱਥ ਨ੍ਹੀਂ ਲਾਇਆ। ਅਰ ਪਟਿਆਲੈ ਜਾਣਾ ਹੋਐ, ਕਿਸੇ ਰਿਸ਼ਤੇਦਾਰੀ ਮਾਂ ਮਿਲਣ-ਗਿਲਣ ਜਾਣਾ ਹੋਐ, ਕਿਸੇ ਮਕਾਣ-ਭੋਗ ਮਾਂ ਜਾਣਾ ਹੋਐ-ਸਾਰਾ ਟੱਬਰ ਇਸੇ ਪਰ ਬੈਠ ਕੇ ਜਾਹਾ। ਰੱਬ ਤੇਰਾ ਭਲਾ ਕਰੈ, ਕਦੇ ਕਦੇ ਕਰਾਏ ਪਰ ਲੋਕਾਂ ਗੀ ਬਾਹ ਕੈ ਬੀ ਆਵਾ। ਤੌਂ ਤੋ ਖੇਤ ਤੇ ਬਿਨਾ ਕਿਤੇ ਲਜਾਂਦਾ ਨੀ। ਆਪਾਂ ਨੈ ਤੋ ਤੋਰੀਆ ਵੀ ਗੰਡਿਆਂ ਗੇ ਬਲ੍ਹਦ ਮੰਗ ਕੇ ਗਾਹਿਆ। ਇਸ ਨੈ ਟਰੈਕਟਰ ਗੈਲ ਬਾਹਿਆ। ਮੈਂ ਕਹਿ ਬੀ ਹਟਿਆ ਬਈ ਮ੍ਹਾਰੇ ਪਰ ਬੀ ਫੇਰਦੇ ਦੋ ਗੇੜੇ, ਕਹੈ ਮੇਰੇ ਪਾ ਟੈਮ ਨ੍ਹੀਂ। ਤੌਂ ਬਾਤ ਛੱਡ, ਤੋਰੀਏ ਕੇ ਲਵੈ ਨੂੰ ਨ੍ਹੀਂ ਲੰਘਾਇਆ ਟਰੈਕਟਰ। ਤੇਲ ਮੁਗਲੈਲ ਤੋ ਅੱਧੋ-ਅੱਧ ਐ। ਕੋਈ ਚੀਜ਼ ਘਸੇਗੀ ਟੁਟੇਗੀ ਤਾਂ ਮਰੰਮਤ ਮਾਂ ਬੀ ਤੋ ਤੇਰਾ ਅੱਧ ਹੋਗਾ।”
ਉਹਦੀ ਗੱਲ ਸੁਣ ਕੇ ਮੇਰੀ ਨਬਜ਼ ਖੜ੍ਹਨ ਵਾਲੀ ਹੋ ਗਈ। ਮੇਰਾ ਮਨ ਕੀਤਾ ਆਪਣੇ ਭਰਾ ਨੂੰ ਉਸੇ ਵੇਲੇ ਸੱਦ ਕੇ ਝਾੜਾਂ। ਪਰ ਮੈਂ ਬਿਜਾਈ ਦਾ ਮੌਕਾ ਹੋਣ ਕਰੇ ਗੱਲ ਦਬਾ ਲਈ। ਬਿਜਾਈ ਖਤਮ ਹੋਣ ‘ਤੇ ਮੈਂ ਭਰਾ ਨੂੰ ਸੱਦ ਕੇ ਕਿਹਾ, ਟਰੈਕਟਰ ਤੋਂ ਕੇਵਲ ਵਾਹੀ ਤੇ ਫਸਲ ਦੀ ਢੋਆ-ਢੁਆਈ ਦਾ ਹੀ ਕੰਮ ਲਿਆ ਜਾਵੇ। ਉਸ ਨੇ ਉਲਟ ਕੇ ਕਿਹਾ, “ਖੇਤੀ ਕਾ ਏ ਲਿਹਾਂ ਹੋਰ ਕੇ ਕੰਮ ਲਿਹਾਂ ਮੈਂ ਇਸ ਤੇ? ਤੇਰਾ ਨੌਕਰ ਤੋ ਬਾਈ ਉਈਂਓਂ ਲੜਾਵਾ ਤੰਨੂੰ ਮੇਰੇ ਗੈਲ। ਇਸ ਗੀ ਬਾਤ ਗਾ ਬਸਬਾਸ ਨਾ ਕਰੇ ਕਰ।”
ਅਮਰੇ ਤੋਂ ਸ਼ੱਕ ਟਾਲਣ ਲਈ ਮੈਂ ਬੋਲਿਆ, “ਇਸ ਕਾ ਤੋ ਮੰਨੂੰ ਬੀ ਬਸਬਾਸ ਨੀਂ ਪਰ ਬਾਤ ਤੋ ਕਿਸੇ ਹੋਰ ਪੱਕੇ ਪਾਸੇ ‘ਤੇ ਆਈ ਐ।”
ਉਹ ਭੜਕ ਪਿਆ, “ਜਿਹੜਾ ਸਾਲਾ ਕਾਹਾ ਮੇਰੇ ਸਾਮ੍ਹਣੈ ਲਿਆ ਉਸ ਨੂੰ, ਲੀਰਾਂ ਨਾ ਕਰ ਦਿਆਂ। ਉਂਏਂ ਤਫਾਨ ਬੋਲਾ ਦੁਨੀਆਂ। ਕੰਨਾ ਗਾ ਕੱਚਾ ਨਾ ਬਣੇ ਕਰ ਮੂਹੋਂ ਦੂਹੀਂ ਕਰਾਏ ਕਰ ਬਾਈ।”
ਮੈਂ ਉਸ ਨੂੰ ਠੰਡਾ ਕਰਦਿਆਂ ਕਿਹਾ, “ਮੂਹੋਂ-ਦੂੰਹੀਂ ਕਰੁਆ ਗੈ ਮੈਂ ਝਗੜੇ ਨੀ ਕਰੌਣੇ। ਪਰ ਮੇਰੀ ਬਾਤ ਗਾ ਕਿਹਾ ਯਾਦ ਰਖੀਂ। ਨਹੀਂ ਤੋ ਮੈਂ ਇਸ ਗੀ ਟੁੱਟ-ਭੱਜ ਗਾ ਕੋਈ ਰਵਾਦਾਰ ਨੀ। ਤੇਰੇ ਸਿਰ ਪਵੇਗੀ ਸਾਰੀ।” ਉਹ ਬੁੜ ਬੁੜ ਕਰਦਾ ਚਲਾ ਗਿਆ।
ਇਸ ਵਾਕਿਆ ਪਿਛੋਂ ਉਸ ਨੇ ਟਰੈਕਟਰ ਦੀ ਨਾਜਾਇਜ਼ ਵਰਤੋਂ ਤਾਂ ਘਟਾ ਦਿੱਤੀ ਪਰ ਮੂੰਹ ਜਿਹਾ ਚੜ੍ਹਾ ਲਿਆ। ਉਸ ਨੂੰ ਹਾਲੇ ਵੀ ਸ਼ੱਕ ਸੀ ਕਿ ਮੇਰੀ ਜਾਣਕਾਰੀ ਦਾ ਮੁੱਖ ਸੋਮਾ ਅਮਰਾ ਹੀ ਸੀ। ਹੁਣ ਉਹ ਅੰਦਰੋ-ਅੰਦਰੀ ਉਸ ਨਾਲ ਖਾਰ ਜਿਹੀ ਖਾਣ ਲਗ ਪਿਆ। ਖੈਰ, ਖੇਤੀ ਦਾ ਕੰਮ ਔਖਾ ਸੌਖਾ ਚਲਦਾ ਗਿਆ। ਕਣਕ ਦੀ ਫਸਲ ਦੇ ਖਰਚੇ ਦਾ ਜਿਮੀਂਦਾਰ ‘ਤੇ ਇੰਨਾ ਭਾਰ ਨਹੀਂ ਹੁੰਦਾ, ਜਿੰਨਾ ਕੁਦਰਤ ਦੀ ਕਰੋਪੀ ਦਾ। ਜੇ ਮੀਂਹ ਗੜ੍ਹੇ ਤੇ ਹਨੇਰੀ ਦਾ ਪ੍ਰਕੋਪ ਹੋ ਜਾਵੇ ਤਾਂ ਭਾਰੀ ਨੁਕਸਾਨ ਹੋ ਜਾਂਦਾ ਹੈ, ਨਹੀਂ ਤਾਂ ਨਹੀਂ। ਇਸ ਵਾਰ ਬਿਨਾ ਕਿਸੇ ਕੁਦਰਤੀ ਆਫਤ ਦੇ ਫਸਲ ਪੱਕ ਗਈ। ਉਨ੍ਹੀਂ ਦਿਨੀਂ ਤੂੜੀ ਬਣਾਉਣ ਦੇ ਮਾਰੇ ਕਿਸਾਨ ਕੰਬਾਈਨ ਨਾਲ ਕਣਕ ਨਹੀਂ ਸਨ ਵਢਾਉਂਦੇ, ਦਿਹਾੜੀਦਾਰ ਲਾਵਿਆਂ ਤੋਂ ਵਢਾਉਂਦੇ ਸਨ। ਫਿਰ ਟਰੈਕਟਰ ਨਾਲ ਚਲਣ ਵਾਲੀ ਫੱਰਾਟਾ ਮਸ਼ੀਨ ਨਾਲ ਦਾਣੇ ਤੇ ਤੂੜੀ ਅਲੱਗ ਅਲੱਗ ਕੀਤੇ ਜਾਂਦੇ। ਅਸੀਂ ਟਰੈਕਟਰ ‘ਤੇ ਫੱਰਾਟੇ ਦੀ ਤਿੰਨ ਤਿੰਨ ਦਿਨ ਦੀ ਵਾਰੀ ਬੰਨ ਲਈ, ਇਕ-ਡੇਢ ਦਿਨ ਕਢਾਈ ਦੇ ਤੇ ਇਕ-ਡੇਢ ਦਿਨ ਮੰਡੀ ਵਿਚ ਸੁਟਵਾਈ ਦੇ। ਅਮਰੇ ਨੇ ਕਣਕ ਵਢਾ ਲਈ ਤੇ ਮੈਂ ਫੱਰਾਟੇ ਵੇਲੇ ਆ ਗਿਆ। ਸਾਡੇ ਫੱਰਾਟੇ ਦੇ ਨੇੜੇ ਤੇੜੇ ਕਈ ਹੋਰ ਫੱਰਾਟੇ ਵੀ ਚਲ ਰਹੇ ਸਨ। ਜਿਮੀਂਦਾਰ ਇਕ ਪਾਸੇ ਬੈਠਾ ਟਰੈਕਟਰ ਦੀ ਦੇਖ ਭਾਲ ਕਰ ਰਿਹਾ ਹੁੰਦਾ ਤੇ ਮਜ਼ਦੂਰ ਸਿਰ ‘ਤੇ ਸਾਫੀਆਂ ਬੰਨੀ ਤੂੜੀ ਦੀ ਗਰਦੋ ਗੁਬਾਰ ਵਿਚ ਕੰਮ ਕਰ ਰਹੇ ਹੁੰਦੇ। ਲੋਕਾਂ ਤੇ ਜੋਕਾਂ ਦੇ ਇਸ ਸੰਸਾਰ ਵਿਚ ਮੈਨੂੰ ਜੋਕ ਬਣ ਕੇ ਵਿਚਰਨਾ ਬੜਾ ਹੀ ਅਜੀਬ ਲੱਗਾ।
ਪਰ ਮੇਰੇ ਉਹ ਦਿਨ ਬੜੇ ਕਸ਼ਟ ਦੇ ਸਨ। ਬਿਨਾ ਭੋਜਨ ਪਾਣੀ ਮੈਂ ਸਾਰਾ ਦਿਨ ਗਰਮ ਖੇਤ ਵਿਚ ਬੈਠਾ ਰਹਿੰਦਾ। ਅਮਰੇ ਨੇ ਮੇਰੇ ਬੈਠਣ ਲਈ ਟਰਾਲੀ ਹੇਠ ਛਾਂ ਵਿਚ ਪੱਲੀ ਵਿਛਾ ਦਿੱਤੀ। ਅੱਛੀ ਗੱਲ ਸੀ ਕਿ ਮੈਂ ਆਪਣੇ ਥੈਲੇ ਵਿਚ ਕੁਝ ਪੁਸਤਕਾਂ ਜਰੂਰ ਲੈ ਕੇ ਜਾਂਦਾ ਸਾਂ। ਮੈਂ ਇਸ ਵਿਚੋਂ ਮਾਰਕਸ ਤੇ ਐਂਗਲਜ਼ ਦੀਆਂ ਚੋਣਵੀਆਂ ਲਿਖਤਾਂ ਦੀ ਪਹਿਲੀ ਜ਼ਿਲਦ ਕੱਢੀ ਤੇ ਪੜ੍ਹਨੀ ਸ਼ੁਰੂ ਕਰ ਦਿੱਤੀ। ਮਾਰਕਸਵਾਦ ਤਾਂ ਮੈਂ ਬੜੀ ਦੇਰ ਤੋਂ ਪੜ੍ਹਦਾ ਪੜ੍ਹਾਉਂਦਾ ਸਾਂ ਪਰ ਇਸ ਦੀ ਜੋ ਸਮਝ ਇਸ ਇਕਾਂਤ ਵਿਚ ਪਈ ਉਸ ਨੇ ਮੇਰਾ ਨਜ਼ਰੀਆ ਬਦਲ ਕੇ ਰੱਖ ਦਿਤਾ। ਮਿਸਾਲ ਵਜੋਂ 1944 ਦੇ ਲਿਖੇ ਮੈਨੀਫੈਸਟੋ ਵਿਚ ਪੂੰਜੀਵਾਦ ਦੀ ਜੋ ਦੱਬਵੀਂ ਜੀਭ ਨਾਲ ਪ੍ਰਸ਼ੰਸਾ ਕੀਤੀ ਮਿਲਦੀ ਹੈ, ਉਸ ਦਾ ਵਿਸਥਾਰ ਪੂਰਵਕ ਉਲੇਖ ਕਾਰਲ ਮਾਰਕਸ ਨੇ 1875 ਰਚਿਤ Ḕਕਰੀਟੀਕ ਆਫ ਗੋਥਾਂ ਪ੍ਰੋਗਰਾਮḔ ਵਿਚ ਕੀਤਾ। ਉਸ ਨੇ ਸਪਸ਼ਟ ਕੀਤਾ ਕਿ ਸਮਾਜਵਾਦ ਦੀ ਸਥਾਪਨਾ ਲਈ ਪੂੰਜੀਵਾਦ ਦੇ ਆਧਾਰ ਦਾ ਪੂਰੀ ਤਰ੍ਹਾਂ ਵਿਕਸਿਤ ਹੋਣਾ ਬਹੁਤ ਹੀ ਜਰੂਰੀ ਹੈ। ਇਸ ਦੀ ਅਣਹੋਂਦ ਵਿਚ ਹਰ ਸਮਾਜਵਾਦੀ ਉਪਰਾਲਾ ਵੈਦਿਕ ਕਾਲ ਦੇ Ḕਪ੍ਰਿਮੀਟਿਵ ਕੌਮਿਊਨḔ ਜਿਸ ਨੂੰ ਭਗਵੇਂ ਲੋਕ ਸਤਿਯੁਗ ਕਹਿੰਦੇ ਹਨ, ਵਾਂਗੂੰ ਹਰ ਹਾਲਤ ਵਿਚ ਫੇਲ੍ਹ ਹੋ ਜਾਵੇਗਾ। ਇਸ ਕਥਨ ਦੀ ਸੱਚਾਈ ਅਗਲੇ ਦਸਾਂ ਸਾਲਾਂ ਵਿਚ ਸੰਸਾਰ ਭਰ ਨੇ ਆਪਣੇ ਅੱਖੀਂ ਦੇਖ ਲਈ ਜਦੋਂ ਸੋਵੀਅਤ ਰੂਸ ਦਾ ਤਜ਼ਰਬਾ ਫੇਲ੍ਹ ਹੋ ਗਿਆ। Ḕਏਟੀਨਥ ਬਰੂਮੇਅਰ ਆਫ ਲੂਈ ਬੋਨਾਪਾਰਟḔ ਲੇਖ ਵਿਚ ਮਾਰਕਸ ਨੇ ਲਿਖਿਆ, “ਹੀਗਲ ਕਹਿੰਦਾ ਹੈ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਦੁਹਰਾਉਂਦਾ ਤਾਂ ਹੈ ਪਰ ਉਹ ਲਿਖਣਾ ਭੁੱਲ ਗਿਆ ਕਿ ਪਹਿਲੀ ਵਾਰ ਦੁਖਾਂਤਕ ਰੂਪ ਵਿਚ ਤੇ ਦੂਜੀ ਵਾਰ ਸਵਾਂਗ ਤੇ ਪ੍ਰੀਹਾਸ ਦੇ ਰੂਪ ਵਿਚ।”
ਇਸ ਵਰਤਾਰੇ ਦਾ ਤਾਂਡਵ ਨਾਚ ਵੀ ਪੰਜਾਬ ਵਿਚ ਕਈ ਸਾਲ ਸਭ ਦੇ ਸਾਹਮਣੇ ਜੋਰ ਸ਼ੋਰ ਨਾਲ ਚਲਦਾ ਰਿਹਾ। ਪਰ ਇਸ ਦੀ ਇਤਿਹਾਸਕ ਸੱਚਾਈ ਦਾ ਕਿਸੇ ਨੂੰ ਪਤਾ ਨਾ ਲੱਗਾ ਕਿਉਂਕਿ ਕਿਸੇ ਨੇ ਵੀ ਮਾਰਕਸ ਨੂੰ ਮੇਰੇ ਵਾਂਗ ਟਰਾਲੀ ਹੇਠ ਬੈਠ ਕੇ ਨਹੀਂ ਸੀ ਪੜ੍ਹਿਆ। ਮਾਰਕਸ ਨੇ ਇਹ ਵੀ ਲਿਖਿਆ ਕਿ ਇਤਿਹਾਸ ਇਕ ਬਹੁਤ ਵੱਡੇ ਰੱਥ ਵਾਂਗ ਹੈ। ਸਿਆਣੇ ਮਨੁੱਖ ਇਸ ਵਿਚ ਸਵਾਰ ਹੋ ਕੇ ਜਾਂਦੇ ਹਨ ਤੇ ਮੂਰਖਾਂ ਨੂੰ ਇਹ ਘੜੀਸ ਕੇ ਨਾਲ ਲੈ ਜਾਂਦਾ ਹੈ। ਇਸ ਬਹੁ-ਪੱਖੀ ਸਮਝ ਦੇ ਕਥਨ ਦੇ ਸੱਚ ਨੂੰ ਅਸੀਂ ਫਾਸ਼ੀਵਾਦ ਤੇ ਸੋਵੀਅਤ ਸਮਾਜਵਾਦ ਦੇ ਸੰਦਰਭ ਵਿਚ ਦੇਖ ਹੀ ਚੁਕੇ ਹਾਂ।
ਮਾਰਕਸ ਨੇ ਦਾਸ ਕੈਪੀਟਲ ਦੀ ਭੂਮਿਕਾ ਵਿਚ ਲਿਖਿਆ ਕਿ ਉਨਤ ਦੇਸ਼ ਪਛੜੇ ਦੇਸ਼ਾਂ ਦਾ ਦਰਪਣ ਹਨ ਪਰ ਇਨ੍ਹਾਂ ਦੀ ਹਾਲਤ ਪਛੇਤੀ ਫਸਲ ਵਾਂਗ ਹੋਵੇਗੀ ਜਿਸ ਦੇ ਦਾਣੇ ਮਾਜੂ ਹੁੰਦੇ ਹਨ। ਇਸ ਕਥਨ ਦੀ ਠੋਸਤਾ ਅਸੀਂ ਭਾਰਤ ਸਮੇਤ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਦੇਖ ਹੀ ਲਈ ਹੈ। ਉਨ੍ਹੀਂ ਦਿਨੀਂ ਕਰੀਬ ਸਭ ਮਾਰਕਸਵਾਦੀ ਸਮਝਦੇ ਸਨ ਕਿ ਮਨੁੱਖ ਸਭ ਕੁਝ ਕਰ ਸਕਦਾ ਹੈ। ਉਨ੍ਹਾਂ ਅਨੁਸਾਰ ਇਹ ਮਾਰਕਸਵਾਦੀ ਆਸ਼ਾਵਾਦ ਹੈ, ਜਿਸ ਤੋਂ ਉਹ ਇਕ ਇੰਚ ਇਧਰ-ਉਧਰ ਨਹੀਂ ਜਾਂਦੇ। ਜੇ ਕੋਈ ਉਨ੍ਹਾਂ ਦੀ ਇਹ ਦਲੀਲ ਕੱਟਦਾ ਤਾਂ ਉਹ ਲੋਹੇ ਲਾਖੇ ਹੋ ਕੇ ਉਸ ਨੂੰ ਪੈ ਜਾਂਦੇ ਸਨ।
ਫ੍ਰੈਡਰਿਕ ਐਂਗਲਜ਼ ਨੇ 1890 ਵਿਚ ਜੇæ ਬਲਾਖ ਨਾਮੀ ਮਿੱਤਰ ਨੂੰ ਲਿਖੇ ਇਕ ਪੱਤਰ ਵਿਚ ਸਪਸ਼ਟ ਕੀਤਾ ਹੈ ਕਿ ਮਨੁੱਖ ਇਤਿਹਾਸ ਸਿਰਜਦਾ ਤਾਂ ਹੈ ਪਰ ਇਸ ਵਿਚ ਉਸ ਦੀ ਮਰਜੀ ਨਹੀਂ ਚਲਦੀ ਭਾਵ ਉਸ ਦੇ ਹੱਥ ਵਸ ਕੁਝ ਨਹੀਂ ਹੈ। ਇਵੇਂ ਹੀ ਕਾਰਲ ਮਾਰਕਸ ਦੇ ਮਰਗ ਵੇਲੇ ਦਿੱਤਾ ਐਂਗਲਜ਼ ਦਾ ਡੇਢ ਸਫੇ ਦਾ ਭਾਸ਼ਣ ਪੜ੍ਹ ਕੇ ਲੱਗਾ ਕਿ ਜੇ ਸੰਸਾਰ ਵਿਚ ਕੁਝ ਹੋਰ ਨਾਂ ਵੀ ਪੜ੍ਹਿਆ ਜਾ ਸਕੇ ਤਾਂ ਇਸ ਜ਼ਿੰਦਗੀ ਲਈ ਇਹੀ ਕਾਫੀ ਹੈ। ਇਸ ਦੇ ਨਾਲ ਹੀ ਮਾਰਕਸ ਦਾ ਹੀਗਲ ਦੇ ਇਨਸਾਫ ਦੇ ਸੰਕਲਪ ਦੀ ਆਲੋਚਨਾ ਵਾਲਾ ਉਹ ਪੂਰਾ ਲੇਖ ਵੀ ਪੜ੍ਹਿਆ ਜਿਸ ਵਿਚ ਉਸ ਨੇ ਲਿਖਿਆ ਹੈ ਕਿ ਧਰਮ ਲੋਕਾਂ ਦੀ ਅਫੀਮ ਹੈ। ਪੜ੍ਹ ਕੇ ਮੈਨੂੰ ਯਕੀਨ ਹੋ ਗਿਆ ਕਿ ਅੱਜ ਤੀਕ ਕਿਸੇ ਸਿੱਖ ਬੁਧੀਜੀਵੀ ਨੇ ਇਹ ਆਪ ਨਹੀਂ ਪੜ੍ਹਿਆ ਹੋਣਾ ਸਗੋਂ ਸੁਣ ਸੁਣਾ ਕੇ ਹੀ ਮਾਰਕਸ ਵਿਰੋਧੀ ਧਾਰਨਾ ਬਣਾਈ ਹੋਣੀ ਹੈ। ਮੇਰੀ ਅਜਿਹੇ ਬੁੱਧੀਜੀਵੀਆਂ ਨੂੰ ਬੇਨਤੀ ਹੈ ਕਿ ਉਹ ਦੂਜਿਆਂ ਦੀਆਂ ਲਿਖਤਾਂ ਅਤੇ ਆਪਣੇ ਧਰਮ ਗ੍ਰੰਥਾਂ ਨੂੰ ਹੋਰਾਂ ਤੋਂ ਸੁਣਨ ਦੀ ਥਾਂ ਆਪ ਪੜ੍ਹ ਕੇ ਵਿਚਾਰਨ ਦੀ ਖੇਚਲ ਕਰਨ। ਗੁਰੂ ਨਾਨਕ ਦੇਵ ਨੇ ਵੀ ਜਪੁਜੀ ਸਾਹਿਬ ਵਿਚ ਸੁਣੀਆਂ ਸੁਣਾਈਆਂ ਗੱਲਾਂ ‘ਤੇ ਯਕੀਨ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਖੈਰ, ਇਨ੍ਹਾਂ ਕੁਝ ਦਿਨਾਂ ਦੀ ਤਪੱਸਿਆ ਦਾ ਅਸਰ ਹੋਇਆ ਕਿ ਮੇਰਾ ਅਖਾਉਤੀ ਮਾਰਕਸਵਾਦੀਆਂ ਤੇ ਅਜੋਕੇ ਸਿੱਖ ਬੁੱਧੀਜੀਵੀਆਂ ਤੋਂ ਯਕੀਨ ਉਠ ਗਿਆ, ਤੇ ਉਨ੍ਹਾਂ ਦਾ ਮੇਰੇ ਤੋਂ ਵੀ।
ਕਣਕ ਦਾ ਝਾੜ ਚੰਗਾ ਨਿਕਲਿਆ ਤੇ ਆੜ੍ਹਤੀ ਨੇ ਪੈਸੇ ਵੀ ਸਮੇਂ ਸਿਰ ਦੇ ਦਿੱਤੇ ਪਰ ਆਉਣ ਵਾਲੀ ਜੀਰੀ ਦੀ ਫਸਲ ਪਾਲਣ ‘ਤੇ ਬੜਾ ਖਰਚ ਆਉਣਾ ਸੀ। ਇਸ ਲਈ ਮੈਂ ਅਮਰੇ ਦੀ ਨੌਕਰੀ ਤੇ ਬਾਕੀ ਜਰੂਰੀ ਕੰਮਾਂ ਦੇ ਭੁਗਤਾਨ ਕਰ ਕੇ ਬਾਕੀ ਰਕਮ ਸੰਭਾਲ ਕੇ ਰੱਖ ਦਿੱਤੀ। ਸਾਰਾ ਕੰਮ ਮੁਕਾ ਕੇ ਮੈਂ ਅਮਰੇ ਨੂੰ ਸਮੇਂ ਸਿਰ ਜੀਰੀ ਦੀ ਪੌਧ ਬੀਜਣ ਲਈ ਆਖ ਚੰਡੀਗੜ੍ਹ ਚਲਾ ਗਿਆ। ਵਾਪਸ ਜਾ ਕੇ ਵੀ ਮੇਰਾ ਮਨ ਖੇਤੀ ਦੀਆਂ ਦੁਸ਼ਵਾਰ ਘੜ੍ਹਤਾਂ ਬੁਣਤਾਂ ਵਿਚ ਉਲਝਿਆ ਰਿਹਾ। ਮੇਰੇ ਪਿਤਾ ਜੀ ਤੇ ਇਕ ਭਰਾ ਤਾਂ ਸਾਂਝੀ ਵਾਹੀ ਦੇ ਝਾਂਸੇ ਨਾਲ ਮੈਨੂੰ ਟਰੈਕਟਰ ਦੇ ਪੰਗੇ ਵਿਚ ਫਸਾ ਕੇ ਇਕ ਪਾਸੇ ਹੋ ਗਏ ਸਨ। ਉਧਰ ਸਾਡੀ ਨਾਮ-ਮਾਤਰ ਬਿੜ੍ਹੀ (ਸਾਂਝ) ਮੇਰੇ ਦੂਜੇ ਭਰਾ ਤੋਂ ਜਰੀ ਨਹੀਂ ਸੀ ਜਾਂਦੀ। ਜਮੀਨ ਵੰਡ ਤੋਂ ਪਹਿਲਾਂ ਉਹ ਇੱਕਲਾ ਹੀ 36 ਕਿੱਲਿਆਂ ਦੀ ਖੇਤੀ ਦਾ ਲਾਣੇਦਾਰ (ਮੋਹਰੀ) ਹੁੰਦਾ ਸੀ ਪਰ ਹੁਣ ਉਸ ਦੇ ਹਿੱਸੇ ਇੱਕ ਤਿਹਾਈ ਦੀ ਕਾਸ਼ਤ ਰਹਿ ਜਾਣ ਨਾਲ ਉਸ ਨੂੰ ਆਪਣਾ ਹੱਥ ਤੰਗ ਜਾਪਦਾ। ਉਹ ਮੈਨੂੰ ਖੇਤੀ ‘ਚੋਂ ਕੱਢ ਕੇ ਰਾਜੀ ਸੀ ਤਾਂ ਜੋ ਮੇਰੀ ਕੁਝ ਪੈਲੀ ਉਹ ਪਹਿਲਾਂ ਠੇਕੇ ‘ਤੇ ਲੈ ਲਵੇ ਤੇ ਫਿਰ ਉਸ ‘ਤੇ ਕਬਜਾ ਜਮਾ ਕੇ ਸਭ ਕੁਝ ਆਪਣੇ ਗਜੀਂ ਮਿਣੇ। ਉਸ ਨੇ ਪਹਿਲਾਂ ਵੀ ਕਈਆਂ ਨਾਲ ਇੱਦਾਂ ਦੇ ਸਿੰਗ ਫਸਾ ਰੱਖੇ ਸਨ। ਮੇਰੇ ਪਿਤਾ ਦੇ ਬੀਮਾਰ ਹੋਣ ਪਿਛੋਂ ਉਹ ਕਾਰਜਕਾਰੀ ਨੰਬਰਦਾਰ ਬਣ ਗਿਆ ਸੀ ਤੇ ਇਸੇ ਨਾਤੇ ਪਟਵਾਰੀਆਂ ਨਾਲ ਮਿਲੀਭੁਗਤ ਰਾਹੀਂ ਕਈ ਬੇਨਾਮੀ ਆਬਾਦੀਆਂ ਆਪਣੇ ਨਾਂ ਕਰਵਾ ਚੁਕਾ ਸੀ। ਤਾਕਤ ਤੇ ਧੱਕੇ ਵਿਚ ਉਸ ਵੇਲੇ ਸਾਰੇ ਪਿੰਡ ਵਿਚ ਕੋਈ ਸਾਨੀ ਨਹੀਂ ਸੀ। ਪਿੰਡ ਵਾਲੇ ਉਸ ਨੂੰ ਵੱਡਾ ਤਿਗੜਮਬਾਜ ਸਮਝਦੇ ਤੇ ਉਸ ਤੋਂ ਦੂਰ ਹੀ ਰਹਿੰਦੇ। ਸਾਰੀ ਕਮਾਈ ਉਹ ਸ਼ਰਾਬ ‘ਤੇ ਹੀ ਰੋਹੜ ਦਿੰਦਾ ਤੇ ਆਖਰ ਮਰਿਆ ਵੀ ਵਧੇਰੇ ਸ਼ਰਾਬ ਪੀਣ ਕਾਰਨ ਹੀ। ਮੇਰੇ ਨਾਲ ਭਾਵੇ ਉਹ ਅੱਖ ਦੀ ਲਿਹਾਜ਼ ਰੱਖਦਾ ਸੀ ਪਰ ਜਦੋਂ ਦਾ ਉਸ ਨੇ ਅਮਰੇ ਨੂੰ ਚੌਕੀ ਵਿਚ ਫਸਾਇਆ, ਮੈਂ ਉਸ ਨੂੰ ਆਪਣਾ ਸਖੀ ਸਮਝਣਾ ਬੰਦ ਕਰ ਦਿੱਤਾ।
ਹੁਣ ਜਦੋਂ ਦਾ ਮੈਂ ਆਪਣੇ ਬਿੜ੍ਹੀਦਾਰ ਭਾਈ ਨੂੰ ਟਰੈਕਟਰ ਪਿੱਛੇ ਤਾੜਿਆ ਸੀ, ਉਦੋਂ ਦਾ ਇਹ ਨੰਬਰਦਾਰ ਭਰਾ ਹੋਰ ਤੀਬਰਤਾ ਨਾਲ ਇਹ ਝਾਕ ਕਰਨ ਲੱਗਾ ਕਿ ਕਦੋਂ ਸਾਡੀ ਸਾਂਝ ਟੁੱਟੇ ਤੇ ਕਦੋਂ ਮੈਂ ਖੇਤੀ ਛੱਡਾਂ ਤੇ ਕਦੋਂ ਉਸ ਦਾ ਮਨੋਰਥ ਪੂਰਾ ਹੋਵੇ। ਮੈਨੂੰ ਸ਼ੱਕ ਸੀ ਕਿ ਹੁਣ ਮੌਕਾ ਤਾੜ ਕੇ ਇਹ ਸਾਡੇ ਵਿਚ ਕੋਈ ਭੇੜ ਪਵਾਏਗਾ। ਮੇਰਾ ਸ਼ੱਕ ਉਦੋਂ ਪੱਕਾ ਹੋ ਗਿਆ ਜਦੋਂ ਇਕ ਦਿਨ ਅਮਰੇ ਨੇ ਆ ਕੇ ਦੱਸਿਆ, “ਲਾਣੇਦਾਰ ਬੜਾ ਲੋਹੜਾ ਹੋਇਆ, ਆਪਣੀ ਤੋ ਪੌਧ ਪਰ ਕੋਈ ਡੀਜਲ ਪਾ ਗਿਆ।”
ਮੈਨੂੰ ਨਹੀਂ ਸੀ ਪਤਾ ਕਿ ਇਹ ਕੀ ਬਲਾ ਹੁੰਦੀ ਹੈ। ਮੈਂ ਕਿਹਾ, “ਪਾ ਗਿਆ ਪਾ ਜਾਣਦੇ, ਤੈਂ ਕਿਉਂ ਮੂੰਹ ਲਟਕਾਇਆ?”
ਉਹ ਝੱਈ ਲੈ ਕੇ ਬੋਲਿਆ, “ਲੈ ਕਹਾ ਪਾ ਗਿਆ ਤੋ ਪਾ ਜਾਣਦੇ, ਪੌਧ ਤੋ ਮਰ ਜੇ ਗੀ ਸਾਰੀ ਹੁਣ। ਖੇਤ ਮਾਂ ਕੇ ਲਾਮੇਂਗੇ?”
ਮੇਰਾ ਸਿਰ ਘੁੰਮ ਗਿਆ। ਮੈਂ ਉਸ ਨੂੰ ਨਾਲ ਲੈ ਕੇ ਉਸੇ ਵੇਲੇ ਮੌਕਾ ਦੇਖਣ ਗਿਆ। ਪੌਧ ਦੇ ਚਾਰੇ ਪਾਸੇ ਘੁੰਮ ਕੇ ਦੇਖਿਆ, ਸਾਰੀ ਪੌਧ ‘ਤੇ ਡੱਬੇ ਨਾਲ ਇੰਜਣ ਦਾ ਕਾਲਾ ਤੇਲ ਛਿੜਕਿਆ ਹੋਇਆ ਸੀ। ਤੇਲ ਨਾਲ ਹਰੇ ਪੌਦਿਆਂ ਦੇ ਪੱਤੇ ਕਾਲੇ ਹੋਏ ਪਏ ਸਨ ਤੇ ਹੇਠ ਧਰਤੀ ‘ਤੇ ਵੀ ਕਾਲੇ ਰੰਗ ਦੇ ਨਿਸ਼ਾਨ ਸਨ। ਮੈਂ ਪੁੱਛਿਆ, “ਜੋਹ ਕਿਸ ਗੀ ਕਾਰਸਤਾਨੀ ਹੋ ਸਕਾ ਰੈ?”
ਅਮਰਾ ਬੋਲਿਆ, “ਤੇਰੇ ਭਾਈ ਗੀਓ ਹੋਰ ਕਿਸ ਗੀ।”
ਮੈਂ ਕਿਹਾ, “ਕਿਹੜੇ ਗੀ?”
ਉਸ ਨੇ ਅੱਖਾਂ ਤਿਰਛੀਆਂ ਕਰ ਕੇ ਉਤਰ ਦਿੱਤਾ, “ਛੋਟੇ ਗੀ।”
ਮੈਂ ਕਿਹਾ, “ਛੋਟੇ ਗੀ ਨੀ, ਦੂਏ ਗੀ ਲਗਾ। ਉਸੇ ਮੀਸਣੇ ਨੈ ਕਰਿਆ ਲਗਾ ਜੋਹ ਕਾਰਾ, ਬਈ ਨੌਂ ਦੂਏ ਗਾ ਲਗੇਗਾ।”
ਸਾਡੇ ਕੋਲ ਕੋਈ ਸਬੂਤ ਤਾਂ ਨਹੀਂ ਸੀ ਪਰ ਸ਼ੱਕ ਦੀ ਸੂਈ ਉਸੇ ਵਲ ਘੁੰਮਦੀ ਸੀ। ਕਈ ਲੋਕ ਅਫਸੋਸ ਕਰਨ ਆਏ ਪਰ ਮੇਰੇ ਭਾਈਆਂ ‘ਚੋਂ ਕੋਈ ਨਾ ਆਇਆ। ਦੂਜੇ ਤੀਜੇ ਦਿਨ ਕਈ ਦੈੜ੍ਹੀਆਂ (ਥਾਂਵਾਂ) ਵਿਚ ਪਨੀਰੀ ਪੀਲੀ ਪੈ ਗਈ। ਅਮਰੇ ਨੇ ਕਈ ਓਹੜ ਪੋਹੜ ਕਰ ਕੇ ਪੌਧ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਇਆ। ਹਫਤੇ ਭਰ ਵਿਚ ਪਨੀਰੀ ਕਾਲੀ ਹੋ ਕੇ ਮਰ ਗਈ। ਅਸੀਂ ਪੰਚਾਇਤ ਇੱਕਠੀ ਕਰ ਕੇ ਇਸ ਘੋਰ ਅਨਰਥ ਦੀ ਮੂੰਹ ਬੋਲਦੀ ਤਸਵੀਰ ਪੰਚਾਂ ਨੂੰ ਦਿਖਾਈ। ਪਰ ਦੱਬਵੇਂ ਸ਼ਬਦਾਂ ਵਿਚ ਸਾਡੇ ਨਾਲ ਹਮਦਰਦੀ ਕਰਨ ਤੋਂ ਛੁਟ ਕਿਸੇ ਨੇ ਕਥਿਤ ਦੋਸ਼ੀ ਨੂੰ ਤਲਬ ਕਰ ਕੇ ਪੁੱਛਣ ਦਾ ਹੌਸਲਾ ਨਾ ਕੀਤਾ। ਇਕ ਕਿਸਾਨ ਦੂਜੇ ਨਾਲ ਦੁਸ਼ਮਣੀ ਕਰੇ ਤੇ ਪੰਚਾਇਤ ਇਨਸਾਫ ਤੋਂ ਮੂੰਹ ਫੇਰੇ, ਇਹ ਮੇਰੇ ਲਈ ਬੜੇ ਦੁੱਖ ਦੀ ਗੱਲ ਸੀ। ਅਜਿਹੀ ਸਥਿਤੀ ਵਿਚ ਕੋਈ ਅੱਜ ਕੱਲ ਦਾ ਸਾਧਾਰਣ ਕਿਸਾਨ ਹੁੰਦਾ ਤਾਂ ਨੁਕਸਾਨ ਨਾ ਝਲਦਿਆਂ ਹਰਖ ਨਾਲ ਮਰ ਜਾਂਦਾ। ਪਰ ਉਦੋਂ ਕਿਸਾਨਾਂ ਵਿਚ ਅਜਿਹੀ ਪਿਰਤ ਨਹੀਂ ਸੀ ਪਈ। ਮੈਂ ਉਸ ਸਮੇਂ ਦੇ Ḕਕਿਸਾਨੀ-ਵਿਕਾਸḔ ਦੇ ਉਤਰਾ-ਚੜ੍ਹਾਅ ਤੋਂ ਕੁਝ ਕੁਝ ਜਾਣੂ ਸਾਂ ਤੇ ਸਮਝਦਾ ਸਾਂ ਕਿ ਇਸ ਦੇ ਵਿਕਾਸ ਵਿਚ ਪਏ ਇਹ ਪੱਥਰ ਆਖਰ ਇਸ ਨੂੰ ਅਧੋਗਤੀ ਵਲ ਲੈ ਹੀ ਜਾਣਗੇ। ਮੇਰੀ ਆਤਮਾ ਕਹਿੰਦੀ, ਹਾਲਾਤ ਦਾ ਨਿਡਰਤਾ ਨਾਲ ਸਾਹਮਣਾ ਕਰਾਂ। ਅੱਗੋਂ ਜੋ ਹੋਊ, ਦੇਖਿਆ ਜਾਊ। ਮੈਂ ਬਹੁਤਾ ਆਤਮਾ ਦੀ ਹੀ ਸੁਣਦਾ ਹਾਂ, ਸੋ ਡਟਿਆ ਰਿਹਾ।
ਉਸ ਦਿਨ ਮੈਂ ਬੜਾ ਪ੍ਰੇਸ਼ਾਨ ਰਿਹਾ। ਸਮੱਸਿਆ ਤਾਂ ਜੋ ਹੈ ਸੀ ਸੋ ਹੈ ਹੀ ਸੀ, ਪਰ ਮੈਨੂੰ ਇਹ ਖਿਆਲ ਬੜਾ ਪ੍ਰੇਸ਼ਾਨ ਕਰਨ ਲੱਗਾ ਕਿ ਕੀ ਇਹ ਪੇਂਡੂ ਲੋਕ ਮੇਰੇ ਨਾਲ ਹੀ ਅਜਿਹਾ ਕਰਦੇ ਹਨ ਜਾਂ ਹੁਣ ਇੱਥੇ ਨਿਜ਼ਾਮ ਬਦਲ ਗਿਆ ਹੈ ਤੇ ਸਭ ਨਾਲ ਹੀ ਇੱਦਾਂ ਹੋਣ ਲੱਗ ਪਿਆ ਹੈ। ਮੈਂ ਬਹੁਤਾ ਸੋਚਦਾ ਕਿ ਹੋਰ ਕਿਸਾਨ ਤਾਂ ਇਨ੍ਹਾਂ ਛੋਟੀਆਂ ਦਵੈਸ਼ਾਂ ਤੋਂ ਬਰੀ ਹੋਣਗੇ ਤੇ ਇਹ ਭਾਣਾ ਸਿਰਫ ਮੇਰੇ ਨਾਲ ਹੀ ਵਾਪਰ ਰਿਹਾ ਸੀ। ਬਚਪਨ ਤੋਂ ਲੈ ਕੇ ਹੁਣ ਤੀਕ ਮੈਂ ਕਦੇ ਕਿਸੇ ਕਿਸਾਨ ਨੂੰ ਦੂਜੇ ਦੀ ਫਸਲ ਉਜਾੜਦੇ ਨਹੀਂ ਸੀ ਦੇਖਿਆ। ਜੇ ਕਿਸੇ ਦੇ ਖੇਤ ਵਿਚ ਪਸੂ ਵੜ ਜਾਂਦਾ ਤਾਂ ਦੇਖਣ ਵਾਲਾ ਕਿਸਾਨ ਆਪਣਾ ਧਰਮ ਸਮਝਦਾ ਸੀ ਕਿ ਉਸ ਖੇਤ ਵਾਲੇ ਕਿਸਾਨ ਨੂੰ ਕਿਸੇ ਤਰ੍ਹਾਂ ਦੱਸ ਦੇਵੇ ਭਾਵੇਂ ਉਸ ਨਾਲ ਬੋਲ-ਚਾਲ ਨਾ ਵੀ ਹੋਵੇ।
ਅਗਲੀ ਸਵੇਰੇ ਜਦੋਂ ਮੈਂ ਪੌਧ ਵੱਲ ਗਿਆ, ਉਦੋਂ ਵੀ ਸੋਚਦਾ ਰਿਹਾ ਕਿ ਪੇਂਡੂ ਜੀਵਨ ਵਿਚ ਇਸ ਤਬਦੀਲੀ ਦਾ ਕਾਰਨ ਕੀ ਹੈ? ਮੈਨੂੰ ਲੱਗਾ, ਇਕੋ ਕਾਰਨ ਹੈ ਕਿ ਹੁਣ ਲੋਕ ਨੈਤਿਕਤਾ ਤੋਂ ਦੂਰ ਹੋ ਗਏ ਹਨ।
ਬਹੁਤ ਦੇਰ ਪਹਿਲਾਂ ਮੈਂ ਇਕ ਅੰਗਰੇਜ਼ੀ ਕਹਾਣੀ ਪੜ੍ਹੀ ਸੀ ਜਿਸ ਦਾ ਸਿਰਲੇਖ ਸੀ, Ḕਕੌਬਲਰ ਦੀ ਫਿਲਾਸਫਰḔ ਭਾਵ ਦਾਰਸ਼ਨਿਕ ਮੋਚੀ। ਲੇਖਕ ਦਾ ਨਾਂ ਤਾਂ ਮੈਨੂੰ ਭੁੱਲ ਗਿਆ ਪਰ ਕਹਾਣੀ ਯਾਦ ਹੈ। ਲੇਖਕ, ਜੋ ਪੇਸ਼ੇ ਤੋਂ ਫਿਲਾਸਫਰ ਹੁੰਦਾ ਹੈ, ਇਕ ਮੋਚੀ ਕੋਲ ਆਪਣੀ ਜੁੱਤੀ ਠੀਕ ਕਰਵਾਉਣ ਜਾਂਦਾ ਹੈ। ਮੋਚੀ ਜੁੱਤੀ ਗੰਢਦਾ ਗੰਢਦਾ ਉਸ ਨੂੰ ਗੱਲੀਂ ਲਾ ਲੈਂਦਾ ਹੈ ਤੇ ਗੱਲੀਂ ਬਾਤੀਂ ਸਾਬਤ ਕਰ ਦਿੰਦਾ ਹੈ ਕਿ ਉਹ ਉਸ ਤੋਂ ਵੀ ਵੱਡਾ ਫਿਲਾਸਫਰ ਹੈ। ਫਿਲਾਸਫਰ ਮੋਚੀ ਦਾ ਕਾਇਲ ਹੋ ਜਾਂਦਾ ਹੈ ਤੇ ਉਸ ਨਾਲ ਫਿਲਾਸਫੀ ਦੇ ਹੋਰ ਡੂੰਘੇ ਪ੍ਰਸ਼ਨ ਸਾਂਝੇ ਕਰਦਾ ਹੈ। ਮੋਚੀ ਸਾਰੇ ਸਵਾਲਾਂ ਦਾ ਉਤਰ ਆਪਣੀ ਸਾਦੀ ਭਾਸ਼ਾ ਵਿਚ ਸਹਿਜ ਸੁਭਾਅ ਦੇਈ ਜਾਂਦਾ ਹੈ। ਇਸ ਤਰ੍ਹਾਂ ਫਿਲਾਸਫਰ ਉਸ ਦਾ ਆਭਾਰੀ ਹੋ ਕੇ ਕਹਾਣੀ ਲਿਖ ਦਿੰਦਾ ਹੈ। ਇਸ ਕਹਾਣੀ ਦੇ ਸੰਦਰਭ ਵਿਚ ਅਮਰੇ ਦਾ ਖਿਆਲ ਆਉਂਦੇ ਹੀ ਮੈਂ ਸੋਚਿਆ ਸ਼ਾਇਦ ਇਹ Ḕਦੇਸ਼ੀ ਕੌਬਲਰḔ ਹੀ ਮੇਰੇ ਸਵਾਲਾਂ ਨੂੰ ਸੌਖਾ ਕਰ ਦੇਵੇ। ਸਬੱਬ ਨਾਲ ਇਸ ਦੇ ਪਿਓ-ਦਾਦੇ ਵੀ ਮੋਚੀ ਹੀ ਸਨ। ਉਸ ਦਾ ਪਿਓ ਤਾਂ ਸਾਡੇ ਅੰਬ ਹੇਠ ਬੈਠ ਕੇ ਹੀ ਜੁੱਤੀਆਂ ਗੰਢਦਾ ਸੀ ਤੇ ਦਸ ਕੁ ਸਾਲ ਪਹਿਲਾਂ ਮੈਂ ਉਥੇ ਹੀ ਉਸ ਤੋਂ ਜੁੱਤੀ ਗੰਢਣ ਦਾ ਹੁਨਰ ਸਿੱਖਿਆ ਸੀ। ਉਸ ਨੇ ਇਸ ਕੰਮ ਵਿਚ ਵਰਤੇ ਜਾਣ ਵਾਲਾ ਇਕ ਔਜਾਰ ਮੈਨੂੰ ਭੇਟ ਵੀ ਕੀਤਾ ਸੀ।
ਮੈਂ ਅਮਰੇ ਨੂੰ ਅਣਜਾਣ ਬਣਦਿਆਂ ਕਿਹਾ, “ਯਾਰ ਅਮਰੇ, ਮੰਨੂੰ ਇਨ੍ਹਾਂ ਗਰੌਂਆਂ ਆਲ੍ਹਿਆਂ ਗੀ ਮੂਰਖਤਾ ਗਾ ਕਾਰਨ ਇਨ੍ਹਾਂ ਗੀ ਅਨਪੜ੍ਹਤਾ ਲਗਾ।”
ਉਹ ਪੈਂਦੀ ਸੱਟੇ ਬੋਲਿਆ, “ਅਨਪੜ੍ਹ ਬਸੱਖ ਬੀ ਹੋਐਂ ਮੂਰਖ ਕੌਣ ਕਹਾ ਇਨ੍ਹਾਂ ਨੂੰ? ਬਾਤ ਹੋਰ ਐ ਲਾਣੇਦਾਰ। ਇਬ ਥੋਮੇਂ ਪੜ੍ਹੇ-ਲਿਖੇ ਤੋ ਹੈਂ ਪਰ ਗਰਾਓਂ ਮਾ ਨੀ ਨਾ ਰਹਿੰਦੇ। ਨੇਂਹ ਚੌਬੀ ਘੰਟੇ ਊਰੀ ਰਹਾਂ ਇਨ੍ਹਾਂ ਨੂੰ ਇਕ ਦੂਸਰੇ ਗੀ ਲੋੜ ਪੈਂਦੀ ਰਹਾ। ਇਕ ਦੂਸਰੇ ਤੇ ਨੇਂਹ ਆਪਸ ਮਾਂ ਸੰਦ ਸੰਦੇੜਾ ਬੀ ‘ਧ੍ਹਾਰ ਲੰਦੇ ਰਹਾਂ। ਜਿਹੜਾ ਇਨ੍ਹਾਂ ਗੀ ਗੈਲ ਲਗਾ, ਨੇਂਹ ਉਸਗੀ ਗੈਲ ਖੜ੍ਹਾਂ। ਖੜ੍ਹਨਾ ਪਵਾ, ਨਹੀਂ ‘ਕੱਲੇ ਦਕੱਲੇ ਨੂੰ ਤੋ ਕੌਂ ਕੁੱਤੇ ਖਾ ਜੈਂ। ਜਦ ਇਨ੍ਹਾਂ ਨੂੰ ਥਾਰੇ ਤਕ ਕੋਈ ਗੌਂਏਂ ਨੀ, ਨੇਂਹ ਥਾਰੇ ਪਾਸੈ ਡੱਕਾ ਕਿਉਂ ਗੇਰੇਂਗੇ? ਬਤਾ ਤੌਂਹ ਮੰਨੂੰ?”
ਮੈਂ ਹਾਲੇ ਮਨ ਵਿਚ ਉਸ ਦੇ ਉਤਰ ਦੀ ਘੋਖ ਕਰ ਹੀ ਰਿਹਾ ਸਾਂ ਕਿ ਉਹ ਫਿਰ ਬੋਲਿਆ, “ਚਲ ਕੋਈ ਨਾ ਲਾਣੇਦਾਰ ਤੌਂਹ ਦਿਲ ਪਰ ਨਾ ਲਾਮੈਂ। ਭਾਈ ਭਾਈ ਤੋ ਫੇਰ ਔਹੋ ਜੇਓ ਹੋ ਜਾਹਾਂ। ਜੋ ਕਰ ਗਿਆ ਉਸ ਗਾ ਪਾਪ ਪੁੰਨ ਉਸ ਗੈਲ।” ਫਿਰ ਮੁਸਕਰਾ ਕੇ ਕਹਿਣ ਲੱਗਾ, “ਤੌਂਹ ਫਿਕਰ ਨਾ ਕਰੈਂ ਜੀਰੀ ਤੋ ਆਪਾਂ ਲਾਵੇਂ ਗੇਈ। ਆਪਣੀ ਪੌਧ ਗੈਲ ਪੂਰਾ ਨੀ ਪਟੇਗਾ, ਮੰਗ ਲੇਂ ਗੇ ਕਿਸੇ ਤੇ। ਪਿੱਛੇ ਤੇ ਜਾ ਕੈ ਸਭ ਪਾ ਥੋੜੀ ਥੋੜੀ ਬਚ ਜਾਹਾ, ਸਭ ਨੂੰ ਬੌਹਣੀ ਪਵਾ। ਦੋ ਤਿੰਨਾਂ ਗੈਲ ਤੋ ਮੈਂ ਬਾਤ ਬੀ ਕਰ ਲੀ ਕੱਲ ਗੇ ਨੈ। ਸਭ ਕਹਾਂ ਥੋੜੀ ਜੀ ਤੋ ਚੈਹੈ ਪਹਿਲਾਂ ਏਂ ਲੇਜੀਂ। ਜਾਦੈਂ ਗੀ ਲੋੜ ਹੋਈ, ਜਦ ਹਮੇਂ ਲਾਲੇਂਗੇ ਫੇਰ ਲੇਜੀਂ।” ਮੈਨੂੰ ਸੱਚੀ ਮੁੱਚੀ ਅਮਰਾ ਉਸ ਅੰਗਰੇਜ਼ੀ ਕਹਾਣੀ ਦੇ ਪਾਤਰ ਜਿਹਾ ਫਿਲਾਸਫਰ ਲੱਗਾ ਜੋ ਆਪਣੇ ਢੰਗ ਨਾਲ ਮੈਨੂੰ ਹਿਸਟਾਰੀਕਲ ਮੈਟੀਰੀਅਲਿਜ਼ਮ ਤੇ Ḕਇਕਨਾਮਿਕ ਡਿਟਰਮੀਨਿਜ਼ਮḔ ਸਮਝਾ ਰਿਹਾ ਸੀ। ਉਹ ਸਿਆਣਾ ਵੀ ਸੀ ਤੇ ਰਸੂਖਦਾਰ ਵੀ।
(ਚਲਦਾ)