ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪੇਸ਼ ਕਰਨ ਵਾਲੇ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ।
ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਪਤਾ ਲਗਦਾ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਤੇ ਵਾਕ ਬਣਤਰ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਹੋ ਸਕਣ। -ਸੰਪਾਦਕ
ਵਕਤ ਬੜੀ ਚੀਜ਼ ਹੈ ਤੇ ਬੜੀ ਜਲਦੀ ਦੌੜਿਆ ਜਾ ਰਿਹਾ ਹੈ। ਇਸ ਦੀ ਚਾਲ ਨੂੰ ਕੋਈ ਨਹੀਂ ਰੋਕ ਸਕਦਾ। ਸੰਸਾਰ ਦੀਆਂ ਸਭ ਕੌਮਾਂ ਸਮੇਂ ਦੇ ਨਾਲ ਨਾਲ ਹੀ ਚਲ ਰਹੀਆਂ ਹਨ। ਕੋਈ ਉਸ ਦੇ ਗੇੜ ਤੋਂ ਬਚ ਨਹੀਂ ਸਕਦਾ। ਸਭ ਵਸ ਰਹੇ ਦੇਸ਼ ਸਮੇਂ ਦੀ ਦੌੜ ਨੂੰ ਜਾ ਰਹੇ ਹਨ। ਜੋ ਕੌਮਾਂ ਜਾਂ ਦੇਸ਼ ਸਮੇਂ ਦੇ ਨਾਲ ਚੱਲ ਕੇ ਮਿਲ ਸਕਦੇ ਹਨ, ਉਹ ਵਧ ਸਕਦੇ ਹਨ। ਸਮੇਂ ਦੇ ਰੱਥ ਵਿਚ ਬੈਠੇ-ਬੈਠੇ ਉਹ ਹਰ ਦਿਨ ਤਰੱਕੀ ਦੇ ਮੈਦਾਨ ਵਿਚ ਅਗਾਂਹ ਹੰਭਲਾ ਮਾਰਦੇ ਹਨ। ਉਨ੍ਹਾਂ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ, ਪਰ ਉਹ ਵੀ ਦੇਸ਼ ਹਨ, ਜੋ ਸਮੇਂ ਦੇ ਉਲਟ ਚਲਦੇ ਹਨ ਤੇ ਉਸ ਦੀ ਚਾਲ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦਾ ਮਤਲਬ ਕਵੀ ਇਉਂ ਦੱਸਦਾ ਹੈ:
“ਦੁਨੀਆਂ ਵਿਚ ਹੱਥ ਪੈਰ ਹਿਲਾਣਾ ਨਹੀਂ ਅੱਛਾ
ਮਰ ਜਾਣਾ, ਪਰ ਉਠ ਕੇ ਕਿਤੇ ਜਾਣਾ ਨਹੀਂ ਅੱਛਾ।”
ਜੋ ਦੇਸ਼ ਸਮੇਂ ਦੀ ਅਦਲੀ ਬਦਲੀ ਨੂੰ ਰੋਕਣਾ ਜਾਂ ਉਸ ਵਿਚ ਬੰਨ੍ਹ ਪਾਉਣਾ ਹੀ ਮੁਖ ਧਰਮ ਜਾਣਦੇ ਹਨ, ਉਨ੍ਹਾਂ ਦਾ ਰੱਬ ਹੀ ਵਾਲੀ ਹੈ। ਇਹ ਕੌਮਾਂ ਸਮੇਂ ਦੇ ਰਗੜ ਤੇ ਚੋਟ ਨਾਲ ਚਕਨਾਚੂਰ ਹੋ ਜਾਣ ਤਾਂ ਇਹ ਕਿਸ ਦਾ ਕਸੂਰ ਹੈ? ਜੋ ਗੱਡੀ ਦੇ ਜੋੜਿਆ ਘੋੜਾ ਗੱਡੀ ਦੇ ਨਾਲ ਨਹੀਂ ਚਲਦਾ, ਉਹ ਜ਼ਰੂਰ ਟਕਰ ਖਾ ਕੇ ਡਿਗੇਗਾ। ਜੇ ਡਿਗਦੇ ਸਾਰ ਪ੍ਰਾਣ ਨਾ ਨਿਕਲਣਗੇ ਤਾਂ ਲੇਟੇਗਾ ਜ਼ਰੂਰ ਹੀ। ਉਹ ਹੀ ਰਾਜ ਜਾਂ ਕੌਮਾਂ ਜੀਉਂਦੀਆਂ ਰਹਿ ਸਕਦੀਆਂ ਹਨ ਜੋ ਸਦਾ ਆਪਣੇ ਨਿਸ਼ਾਨੇ ਤੇ ਮਿਸ਼ਨ ਲਈ ਪੱਕੀਆਂ ਹੁੰਦੀਆਂ ਹਨ ਤੇ ਸਮੇਂ ਦੇ ਅਨੁਸਾਰ ਬਦਲ ਸਕਦੀਆਂ ਹਨ। ਬਦਲਣ ਵਿਚ ਜੇ ਦੁੱਖ ਮਾਲੂਮ ਭੀ ਹੋਵੇ ਤਾਂ ਅੰਤ ਵਿਚ ਉਹ ਸੁੱਖ ਦੇਣ ਵਾਲਾ ਹੁੰਦਾ ਹੈ। ਜੋ ਆਦਮੀ ਹਰ ਰੋਜ਼ ਖੁਰਾਕ ਖਾਂਦਾ ਤੇ ਕਸਰਤ ਕਰਦਾ ਰਹੇ, ਉਹ ਇਕ ਦਿਨ ਜ਼ਰੂਰ ਹੀ ਬਹੁਤ ਤਕੜਾ ਹੋ ਜਾਏਗਾ, ਪਰ ਜੇ ਉਮਰ ਦੇ ਵਧਣ ਤੇ ਇਹ ਆਦਮੀ ਸਰੀਰ ਦੀ ਪੂਰੀ ਰਖਿਆ ਨਾ ਕਰੇ ਤੇ ਖੁਰਾਕ ਵੱਲ ਧਿਆਨ ਨਾ ਦੇਵੇ ਤਾਂ ਕਦੀ ਵੀ ਬਲਵਾਨ ਨਹੀਂ ਰਹੇਗਾ। ਇਹ ਹੀ ਹਾਲ ਦੇਸ਼ਾਂ ਦਾ ਹੈ ਜੋ ਦੇਸ਼ ਉਮਰ ਦੇ ਵਧਣ ਨਾਲ ਆਪਣੀ ਚਾਲ ਢਾਲ ਨਹੀਂ ਬਦਲਦੇ, ਉਹ ਉਨ੍ਹਾਂ ਆਦਮੀਆਂ ਵਾਂਗ ਹਨ ਜੋ ਬੁਢਾਪੇ ਵਿਚ ਗੋਡਿਆਂ ਭਾਰ ਤੁਰਦੇ ਤੇ ਤੋਤਲੀ ਬੋਲੀ ਬੋਲਦੇ ਹਨ। ਆਪਣੀ ਅਕਲ ਨੂੰ ਇਕ ਬਕਸ ਜਾਂ ਚਾਰ ਦੀਵਾਰੀ ਵਿਚ ਬੰਦ ਰੱਖਣਾ ਵੀ ਮੂਰਖ ਕੌਮਾਂ ਦੀ ਨਿਸ਼ਾਨੀ ਹੈ। ਸੰਸਾਰ ਵਿਚ ਤਰੱਕੀ ਕਰਨਾ ਵੀ ਪਹਾੜ ‘ਤੇ ਚੜ੍ਹਨ ਦੇ ਮਾਫਕ ਹੈ। ਉਚੇ ਪਹਾੜ ‘ਤੇ ਚੜ੍ਹਦਾ ਜੇ ਕੋਈ ਮਨੁੱਖ ਕਹੇ ਮੈਂ ਸਿੱਧਾ ਹੀ ਬਗੈਰ ਨਿਵਣ ਤੇ ਬਦਲੇ ਤੋਂ ਚੋਟੀ ‘ਤੇ ਚੜ੍ਹ ਜਾਵਾਂਗਾ, ਉਹ ਬਹੁਤ ਟਪਲਾ ਖਾਂਦਾ ਹੈ। ਪਹਾੜ ਦੇ ਸਿਖਰ ਜਾਣ ਲਈ ਰੁਕ ਕੇ ਲੱਤਾਂ ਨੂੰ ਭੀ ਝੁਕਾ ਕੇ ਚਲਣਾ ਪੈਂਦਾ ਹੈ। ਜਿਥੇ ਨਿਵਾਈ ਹੋਵੇ, ਉਥੇ ਸਰੀਰ ਦਾ ਭਾਰ ਪਿਛੇ ਸੁੱਟ ਕੇ ਲੱਤਾ ਸਿੱਧੀਆਂ ਕਰਕੇ ਉਤਰਨਾ ਪੈਂਦਾ ਹੈ।
ਪਹਾੜ ‘ਤੇ ਚੜ੍ਹਨ ਲਈ ਮਨੁੱਖ ਨੂੰ ਜ਼ਰੂਰੀ ਹੀ ਬਦਲਣਾ ਪੈਂਦਾ ਹੈ। ਇਸ ਤਰ੍ਹਾਂ ਹੀ ਸੰਸਾਰ ਦੀ ਘੋੜ ਦੌੜ ਵਿਚ ਤਰੱਕੀ ਚਾਹੁਣ ਵਾਲੀਆਂ ਕੌਮਾਂ ਤੇ ਦੇਸ਼ਾਂ ਦਾ ਹਾਲ ਹੈ। ਉਹ ਹੀ ਦੇਸ਼ ਜਿਤਦੇ ਹਨ ਜੋ ਆਪਣੀ ਪੁਰਾਣੀ ਵਡਿਆਈ ਨੂੰ ਹੀ ਹਰ ਮਿੰਟ ਨਹੀਂ ਗਾਉਂਦੇ ਰਹਿੰਦੇ, ਪਰ ਕੁਝ ਹੁਣ ਵੀ ਕਰਦੇ ਹਨ।
ਜੋ ਗੱਲ ਪੁਰਾਣੀ ਹੋਵੇ, ਉਸ ਨੂੰ ਚੰਗਾ ਤੇ ਜੋ ਨਵੀਂ ਹੋਵੇ, ਉਸ ਨੂੰ ਬੁਰਾ ਕਹਿਣਾ, ਇਹ ਦੇਸ਼ ਤੇ ਕੌਮ ਦੀ ਤਰੱਕੀ ਵਿਚ ਆਪਣੇ ਪੈਰੀਂ ਕੁਹਾੜਾ ਮਾਰਨ ਵਰਗਾ ਹੈ। ਕੋਈ ਚੀਜ਼ ਨਵੀਂ ਜਾਂ ਪੁਰਾਣੀ ਹੋਣ ਕਰਕੇ ਹੀ ਨਹੀਂ ਠੀਕ ਹੋ ਸਕਦੀ। ਜੋ ਬਾਤ ਸੱਚੀ ਤੇ ਆਦਮੀ ਦੀ ਅਕਲ ਅਨੁਸਾਰ ਮੰਨਣ ਯੋਗ ਹੋਵੇ, ਉਹ ਸੱਚੀ ਹੈ। ਪਹਾੜ ਪੁਰ ਚੜ੍ਹਨ ਵਾਲਿਆਂ ਵਾਂਗ ਹਰ ਦੇਸ਼ ਵਾਸੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਪਰ ਦੀ ਵਲ ਨੂੰ ਪੈਰ ਰਖਿਆਂ ਤੋਂ ਹੀ ਸਿਖਰ ਚੜ੍ਹੀਦਾ ਹੈ ਤੇ ਜੇ ਠਹਿਰ ਕੇ ਖੜ੍ਹੋ ਗਏ ਤਾਂ ਜ਼ਰੂਰ ਡਿਗਾਂਗੇ। ਤੁਸੀਂ ਅੱਜ ਯੂਰਪ ਦੀਆਂ ਕੌਮਾਂ ਵੱਲ ਨਜ਼ਰ ਮਾਰੋ, ਦਿਨ ਪਰ ਦਿਨ ਨਵੀਆਂ ਕਾਢਾਂ ਕੱਢ, ਇਲਮ ਤੇ ਵਡਿਆਈ ਵਿਚ ਇਕ ਦੂਜੇ ਨਾਲੋਂ ਅੱਗੇ ਲੰਘ ਰਹੀਆਂ ਹਨ। ਫਿਰ ਯੂਰਪ ਵਿਚ ਹੀ ਤੁਰਕੀ ਦੇਸ਼ ਵੱਲ ਝਾਤੀ ਮਾਰੋ। ਯੂਰਪੀਅਨ ਕਹਿੰਦੇ ਹਨ ਕਿ ਤੁਰਕੀ ਯੂਰਪ ਦੇ ਪ੍ਰਚਾਰ ਵਿਚ ਬੀਮਾਰ ਅੱਗ ਹੈ। ਜਿਸ ਤੇਜ਼ੀ ਨਾਲ ਯੂਰਪ ਦੀਆਂ ਹੋਰ ਕੌਮਾਂ ਵਾਧੇ ਲਈ ਦੌੜ ਰਹੀਆਂ ਸਨ, ਤੁਰਕੀ ਉਸ ਚਾਲ ਵਿਚ ਪੂਰਾ ਨਹੀਂ ਤੁਰਦਾ ਸੀ। ਉਹ ਆਪਣੀਆਂ ਪੁਰਾਣੀਆਂ ਚਾਲਾਂ ਦੇ ਬਦਲਣੇ ਤੋਂ ਕਿਚਰਾਂਦ ਖਾਂਦਾ ਸੀ। ਸਮੇਂ ਦੇ ਰੱਥ ਦਾ ਜ਼ਰਾ ਅੜਿੱਕਾ ਲੱਗਾ, ਇਕ ਪਾਸੇ ਇਟਲੀ ਨੇ ਬਲਗੇਰੀਆ ਤੇ ਗਰੀਕਾਂ ਸਾਰਖਿਆਂ ਨੇ ਜੋ ਉਸ ਦੇ ਮਾਤਾਹਤ ਹੋ ਕੇ ਰਹਿੰਦੇ ਸਨ, ਉਠ ਕੇ ਉਸ ਗਾਫਲ ਨੂੰ ਪਰੇ ਡੇਗ ਦਿੱਤਾ।
ਸਿਰਫ ਸੱਠ ਬਰਸ ਹੋਏ, ਤਦ ਜੇ ਜਾਪਾਨ ਹੋਸ਼ ਨਾ ਸੰਭਾਲਦਾ ਤੇ ਆਪਣੇ ਤਰੀਕੇ ਦੇ ਠੁਮਕ-ਠੁਮਕ ਕਰਦੀਆਂ ਚਾਲਾਂ ਨਾ ਬਦਲਦਾ ਤਾਂ ਜ਼ਰੂਰ ਸੰਸਾਰ ਉਤੇ ਉਸ ਦਾ ਨਾਮ ਨਿਸ਼ਾਨ ਮਿਟ ਗਿਆ ਹੁੰਦਾ। ਏਸ਼ੀਆ ਦਾ ਛੋਟਾ ਜਿਹਾ ਰਮਣੀਕ ਟੁਕੜਾ ਅਮਰੀਕਾ, ਜਰਮਨੀ ਜਾਂ ਇੰਗਲੈਂਡ ਦੇ ਪੰਜੇ ਦਾ ਸ਼ਿਕਾਰ ਬਣ ਜਾਂਦਾ, ਪਰ ਜਾਪਾਨ ਨੇ ਵੇਲੇ ਸਿਰ ਸੁਰਤ ਸੰਭਾਲੀ, ਗੁਲਾਮੀ ਨਾਲੋਂ ਘਰ ਵਿਚ ਭੁੱਖੇ ਰਹਿਣਾ ਮਨਜ਼ੂਰ ਕੀਤਾ ਤੇ ਪੁਰਾਣੀਆਂ ਚਾਲਾਂ ਬਦਲੀਆਂ।
ਪਿਆਰੇ ਪਾਠਕੋ! ਆਪਣੇ ਹਿੰਦੁਸਤਾਨ ਵੱਲ ਵੀ ਜ਼ਰਾ ਧਿਆਨ ਮਾਰੋ, ਜਿਹੜਾ ਅੱਜ ਕਲ੍ਹ, ਪਲੇਗ ਆਦਿ ਅਨੇਕ ਆਫਤਾਂ ਤੇ ਆਪਸ ਦੇ ਵੈਰ ਵਿਰੋਧ ਦਾ ਸ਼ਿਕਾਰ ਹੈ। ਸਾਡੇ ਦੇਸ਼ ਦੀ ਹਾਲਤ ਇਉਂ ਹੈ ਜਿਸ ਤਰ੍ਹਾਂ ਇਕ ਪੁਰਖ ਪਹਾੜ ਦੀ ਚੋਟੀ ‘ਤੇ ਚੜ੍ਹਨਾ ਤਾਂ ਚਾਹੁੰਦਾ ਹੈ, ਪਰ ਰਸਤੇ ਵਿਚ ਹੀ ਠਹਿਰ ਕੇ ਕਦੀ ਉਪਰ ਚੜ੍ਹਨ, ਕਦੇ ਹੇਠਾਂ ਉਤਰਨ ਦੀਆਂ ਸੋਚਾਂ ਕਰਦਾ ਹੈ, ਕਦੀ ਡਿੱਗਣ ਦਾ ਡਰ ਆ ਪੈਂਦਾ ਹੈ, ਕਦੀ ਸਿਖਰ ਨਾ ਪੁੱਜ ਸਕਣ ਦਾ ਖਿਆਲ ਆ ਕੇ ਨਿਰਾਸਤਾ ਹੋ ਜਾਂਦੀ ਹੈ। ਪਿਆਰਿਓ! ਆਪਣੀ ਜਨਮ ਭੂਮੀ ਨੂੰ ਇਸ ਦਸ਼ਾ ਵਿਚੋਂ ਚੁੱਕਣ ਲਈ ਅੱਜ ਤੋਂ ਹੀ ਦਾਈਏ ਧਾਰ ਲਓ ਕਿ ਅਸੀਂ ਆਪਣੇ ਦੇਸ਼ ਦੇ ਉਧਾਰ ਲਈ ਜੋ ਕੁਝ ਹੋ ਸਕਿਆ, ਪੂਰਾ ਜਤਨ ਕਰਾਂਗੇ।
ਦੁਨੀਆਂ ਵਾਧੇ ਦੇ ਮੈਦਾਨ ਵਿਚ ਹਵਾ ਨਾਲੋਂ ਵੀ ਤੇਜ਼ ਦੌੜ ਰਹੀ ਹੈ। ਖੜੋਣ ਤੇ ਢਿੱਲੇ ਰਹਿਣ ਦਾ ਮੌਕਾ ਨਹੀਂ ਹੈ। ਕੁਝ ਬੀਤੇ ਰਹੇ ਸਮੇਂ ਤੋਂ ਸਿੱਖਣ ਤੇ ਝਟਪਟ ਕਰਨੀ ਵਿਚ ਜੁਟ ਪੈਣ ਦਾ ਸਮਾਂ ਹੈ। ਖੜ੍ਹੋ ਜਾਣ ਵਾਲੇ ਲੁੱਟੇ ਜਾਣਗੇ ਤੇ ਲੁੱਟੇ ਜਾ ਰਹੇ ਹਨ। ਜਿਸ ਮੁਲਕੀ ਜੋਸ਼ ਤੇ ਕੌਮੀ ਪ੍ਰੇਮ ਵਿਚ ਹੋਰ ਕੌਮਾਂ ਮਸਤਾਨੀਆਂ ਹੋ ਕੇ ਵਧ ਰਹੀਆਂ ਹਨ, ਉਸੇ ਤਰੰਗ ਵਿਚ ਤੁਸੀਂ ਵੀ ਪਵੋ। ਅੱਜ ਕੇਵਲ ਤੁਸੀਂ ਹੀ ਦੁਨੀਆਂ ਵਿਚ ਸਖਣੇ ਰਹਿ ਗਏ ਹੋ। ਹਰ ਇਕ ਭਾਰਤ ਜਾਏ ਨੂੰ ਆਪਣਾ ਭਰਾ ਸਮਝੋ। ਜਾਤ ਪਾਤ ਦੀਆਂ ਵਿਚਾਰਾਂ ਦਾ ਕਜੀਆ ਮੁਕਾ ਦਿਓ। ਆਪਣੇ ਧਰਮ ਨੂੰ ਹਰ ਰੋਜ਼ ਵਰਤਣ ਵਿਚ ਲਿਆਵੋ। ਦਿਖਾਵਾ ਤੇ ਪਾਖੰਡ ਤਿਆਗ ਦਿਓ। ਆਪਣੇ ਪੈਰਾਂ ਪੁਰ ਖੜ੍ਹੇ ਹੋਵੋ। ਇਸ ਗੁਣ ਨੂੰ ਆਪਣੇ ਵਿਚ ਪਰਪੱਕ ਕਰੋ ਤੇ ਦੂਜਿਆਂ ਦੀ ਆਸ ਵਿਸਾਰ ਦਿਓ। ਬੁਰੀਆਂ ਰਸਮਾਂ ਇਕਦਮ ਛੱਡ ਦਿਓ। ਦੁਨੀਆਂ ਦੀਆਂ ਵਧ ਰਹੀਆਂ ਕੌਮਾਂ ਵਾਂਗ ਪਲਟ ਜਾਵੋ ਤੇ ਆਪਣੀ ਜਨਮ ਭੂਮੀ ਦੀ ਨਿਰਾਦਰੀ ਦੀਆਂ ਚੀਸਾਂ ਨੂੰ ਆਪਣੇ ਅੰਗ ਸੰਗ ਸਮਾ ਲਵੋ। ਪਿਆਰੇ ਹਿੰਦੀ ਵੀਰੋ! ਅੱਜ ਭਾਰਤ ਮਾਤਾ ਆਪਣੇ ਬੱਚਿਆਂ ਤੋਂ ਆਸ ਰਖਦੀ ਹੈ ਕਿ ਉਹ ਚੁਸਤੀ ਤੇ ਹੁਸ਼ਿਆਰੀ ਨਾਲ ਗਫਲਤ ਨੂੰ ਤਿਆਗ ਕੇ ਦੁਨੀਆਂ ਦੇ ਨਾਲ ਵਧ ਕੇ ਚਲਣ ਤੇ ਇਕ ਇਕ ਮਿੰਟ ਨੂੰ ਕੰਮ ਕਰਨ ਲਈ ਕੀਮਤ ਸਮਝਣ ਕਿਉਂਕਿ ਇਸ ਸਰਪਟ ਦੌੜ ਰਹੇ ਤਰੱਕੀ ਦੇ ਸਮੇਂ ਵਿਚ ਜੋ ਖੜੋਤੇ ਹਨ, ਉਹ ਡਿੱਗੇ ਹਨ ਤੇ ਜੋ ਗਾਫਲ ਚੱਲਣਗੇ, ਸੋ ਗਰਕ ਜਾਣਗੇ।
ਜ਼ਰਾ ਅੱਗੇ ਵਲ ਦੇਖੋ
ਆਦਮੀ ਤੇ ਜਾਨਵਰ ਵਿਚ ਇਤਨਾ ਹੀ ਫਰਕ ਹੈ ਕਿ ਆਦਮੀ ਅਕਲ ਨਾਲ ਆਪਣਾ ਅੱਗਾ ਦੇਖ ਕੇ ਤੁਰਦਾ ਹੈ ਤੇ ਪਸ਼ੂ ਚੜ੍ਹਦੇ ਲਹਿੰਦੇ ਦੀ ਕੋਈ ਹਾਣ ਲਾਭ ਨਹੀਂ ਕਰ ਸਕਦਾ। ਜੋ ਆਦਮੀ ਆਪਣੇ ਆਉਣ ਵਾਲੇ ਸਮੇਂ ਦਾ ਅੱਜ ਹੀ ਫਿਕਰ ਨਹੀਂ ਕਰਦਾ, ਉਹ ਪਸ਼ੂਆਂ ਦੇ ਬਰਾਬਰ ਹੀ ਹੈ। ਦੁਨੀਆਂ ਵਿਚ ਉਹ ਹੀ ਕੌਮਾਂ ਵਧ ਰਹੀਆਂ ਹਨ ਜੋ ਆਪਣੇ ਅੱਗੇ ਦਾ ਪਹਿਲਾਂ ਬੰਦੋਬਸਤ ਤੇ ਫਿਕਰ ਰੱਖਦੀਆਂ ਹਨ। ਅੱਜ ਇਸੇ ਕਰਕੇ ਤਰੱਕੀ ਦਾ ਸਮਾਂ ਹੈ ਜਦਕਿ ਇਕ ਇਕ ਦਿਨ ਪਹਿਲਾਂ ਕਪਤਾਨ ਤੂਫਾਨ ਦਾ ਪਤਾ ਲਾ ਕੇ ਜਹਾਜ਼ ਨੂੰ ਉਸ ਦੇ ਚਲਿਆਂ ਤੋਂ ਬਚਾ ਲੈਂਦੇ ਹਨ ਤੇ ਜੋ ਪਿਛਲੇ ਸਮਿਆਂ ਵਿਚ ਬੇਖਬਰੇ ਹੀ ਡੁੱਬ ਜਾਂਦੇ ਸਨ। ਅਸੀਂ ਵੀ ਆਪਣੀ ਅਕਲ ਨਾਲ ਅੰਦਾਜ਼ਾ ਲਾਉਣਾ ਹੈ ਕਿ ਸਾਡਾ ਹਿੰਦੁਸਤਾਨੀਆਂ ਦਾ ਇਸ ਮੁਲਕ ਵਿਚ ਕੀ ਅੱਗਾ ਹੈ। ਜੇ ਕਦੇ ਹਨੇਰੀ ਆਵੇ ਤਾਂ ਪਹਿਲਾਂ ਉਹ ਹੀ ਰੁੱਖ ਪੁੱਟੇ ਜਾਂਦੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਉਪਰ ਹੀ ਹੋਵਣ ਤੇ ਉਨ੍ਹਾਂ ਨੂੰ ਹਵਾ ਦਾ ਡਰ ਘੱਟ ਲੱਗਦਾ ਹੈ ਜਿਨ੍ਹਾਂ ਦੀਆਂ ਜੜ੍ਹਾਂ ਪੱਕੀ ਤਰ੍ਹਾਂ ਚੌਂਹੀ ਪਾਸੀਂ ਪਸਰ ਚੁੱਕੀਆਂ ਹੋਣ।
ਹੁਣ ਹੀ ਦੇਖ ਲਵੋ ਕਿ ਸਾਡੇ ਬਹੁਤ ਸਾਰੇ ਭਰਾਵਾਂ ਨੇ ਰੀਅਲ ਇਸਟੇਟ ਦੇ ਜੂਏ ਦੇ ਆਉਣ ਵਾਲੇ ਗੁਣ ਔਗੁਣ ਨਾ ਵਿਚਾਰੇ ਤੇ ਅਨਭੋਲਪੁਣੇ ਵਿਚ ਆਪਣੇ ਅੱਗੇ ਨੂੰ ਨਾ ਜਾਂਚ ਕੇ ਆਪਣੀਆਂ ਪੂੰਜੀਆਂ ਤੋਂ ਕਈ-ਕਈ ਗੁਣਾਂ ਵੱਧ ਕੇ ਲਾਟਾਂ ਦੇ ਸੌਦੇ ਕਰ ਲਏ। ਰੀਅਲ ਇਸਟੇਟ ਦੇ ਜੂਏ ਦੀ ਮੰਡੀ ਜ਼ਰਾ ਮੱਧਮ ਪੈ ਗਈ ਤੇ ਇਸ ਦਾ ਸਭ ਨਾਲੋਂ ਬੁਰਾ ਅਸਰ ਸਾਡੇ ਭਰਾਵਾਂ ‘ਤੇ ਪਿਆ ਹੈ, ਜਿਨ੍ਹਾਂ ਨੇ ਇਸ ਆਉਣ ਵਾਲੇ ਮੰਦੇ ਸਮੇਂ ਦੀ ਸੋਚ ਨਹੀਂ ਕੀਤੀ ਸੀ ਤੇ ਕੋਈ ਜਥੇਬੰਦੀ ਇਸ ਦੇ ਬਚਾਓ ਲਈ ਹੈ ਹੀ ਨਹੀਂ ਸੀ। ਅੱਜ ਦੀ ਹਾਲਤ ਭਾਵੇਂ ਕੁਝ ਕੌਮਾਂ ਲਈ ਭੈੜੀ ਹੈ, ਪਰ ਸਾਡੇ ਲਈ ਹੱਦ ਦਰਜੇ ਦੀ ਭੈੜੀ ਹੈ ਜਿਨ੍ਹਾਂ ਦੀਆਂ ਸਾਰੀਆਂ ਕਮਾਈਆਂ ਜ਼ਮੀਨ ‘ਤੇ ਲੱਗੀਆਂ ਹੋਈਆਂ ਹਨ ਤੇ ਕੋਈ ਸੂਰਤ ਛੁੱਟਣ ਦੀ ਨਹੀਂ ਹੈ। ਨਿੱਤ ਨਵੇਂ ਸੂਰਜ ਕਿਸੇ ਨਾ ਕਿਸੇ ਭਰਾ ਦੀ ਜ਼ਮੀਨ ਦੇ ਜ਼ਬਤ ਹੋਣ ਦੀ ਅਵਾਈ ਉਡੀ ਹੁੰਦੀ ਹੈ ਤੇ ਬੜੇ-ਬੜੇ ਵਪਾਰੀ ਮਦਾਉਣ ਵਾਲੇ ਦਿਨ ਚੜ੍ਹਦੇ ਨੂੰ ਹੀ ਦੀਵੇ ਬਾਲ ਬੈਠੇ ਹਨ।
ਉਧਰੋਂ ਗਵਰਨਮੈਂਟ ਨੇ ਜ਼ੋਰ ਚਾੜ੍ਹਿਆ ਹੋਇਆ ਹੈ। ਗਵਰਨਮੈਂਟ ਦੇ ਪਾਸ ਹੋ ਰਹੇ ਕਾਨੂੰਨ ਤੇ ਅਖਬਾਰਾਂ ਦੇ ਰੌਲੇ ਦੱਸ ਰਹੇ ਹਨ ਕਿ ਸਾਡੇ ਮੁਖਾਲਫਾਂ ਵੱਲੋਂ ਹਰ ਜਤਨ ਕੀਤਾ ਜਾ ਰਿਹਾ ਹੈ ਕਿ ਕਿਤੇ ਇਸ ਦੇਸ਼ ਵਿਚ ਸਾਡੇ ਪੈਰ ਨਾ ਲੱਗ ਜਾਣ, ਕਿਤੇ ਇਥੇ ਸਾਡੀ ਬਸਤੀ ਪੱਕੀ ਤਰ੍ਹਾਂ ਨਾ ਕਾਇਮ ਹੋ ਜਾਵੇ। ਸਾਡਾ ਮਰਦਊ ਤੇ ਆਦਮੀਪੁਣਾ ਤਾਂ ਹੀ ਹੈ ਜੇ ਅਸੀਂ ਹਰ ਗੱਲ ਵਿਚਾਰ ਕੇ ਆਪਣੇ ਅੱਗੇ ਨੂੰ ਗਹੁ ਨਾਲ ਸੋਚੀਏ ਤੇ ਫੇਰ ਆਪਣੇ ਪੱਕੇ ਅਤੇ ਲਾਉਣ ਦੇ ਬੰਦੋਬਸਤ ਪੂਰੇ ਕਰੀ ਜਾਈਏ। ਕੋਈ ਕੌਮ ਜ਼ਮੀਨਾਂ ‘ਤੇ ਟਿਕ ਜਾਣ ਤੋਂ ਬਿਨਾ ਦੇਸ਼ ਵਿਚ ਨਹੀਂ ਅਟਕ ਸਕਦੀ। ਚੀਨੇ ਇਸੇ ਕਰਕੇ ਵਾਧੇ ਵਿਚ ਹਨ ਕਿ ਉਹ ਕੰਮ ਵੱਲੋਂ ਬੇਫਿਕਰ ਹਨ ਤੇ ਜ਼ਮੀਨਾਂ ਦੀ ਮਿਹਨਤ ਨਾਲ ਕਮਾਈਆਂ ਕਰ ਰਹੇ ਹਨ। ਕੋਈ ਕਾਨੂੰਨ ਤੇ ਢੁਚਰ ਉਨ੍ਹਾਂ ਨੂੰ ਜ਼ਮੀਨਾਂ ‘ਤੇ ਕੰਮ ਕਰਦਿਆਂ ਨੂੰ ਉਖੇੜਾ ਨਹੀਂ ਲਾ ਸਕਦੀ। 1915 ਵਿਚ ਪਨਾਮਾ ਦੀ ਨਹਿਰ ਖੁੱਲ੍ਹ ਜਾਣੀ ਹੈ। ਇਸ ਨਹਿਰ ਦਾ ਮਤਲਬ ਇਹੀ ਹੈ ਕਿ ਯੂਰਪ ਤੋਂ ਹਜ਼ਾਰਾਂ ਹੀ ਗੋਰੇ ਇਟਾਲੀਅਨ ਮਜ਼ਦੂਰਾਂ ਦੇ ਜਹਾਜ਼ ਭਰ ਕੇ ਇਸ ਉਤਰ ਵੱਲ ਦੇ ਸਮੁੰਦਰ ਦੇ ਨਾਲ ਨਾਲ ਪਸਰ ਜਾਣ ਤੇ ਰੋਜ਼ ਪੜ੍ਹਨ ਵਿਚ ਆਉਂਦਾ ਹੈ ਕਿ ਲੱਖਾਂ ਹੀ ਇਟਾਲੀਅਨ ਤਿਆਰੀਆਂ ਕਰ ਰਹੇ ਹਨ। ਇਹ ਹਿਸਾਬ ਜ਼ਰੂਰੀ ਹੈ ਕਿ ਅਸੀਂ ਆਪਣੇ ਅੱਗੇ ਪੁਰ ਬੜੀ ਦੀਰਘ ਨਜ਼ਰ ਮਾਰੀਏ। ਅਨੁਮਾਨ ਕੀਤਾ ਜਾਂਦਾ ਹੈ ਕਿ 1915 ਵਿਚ ਮਜ਼ਦੂਰੀ ਬੇਹੱਦ ਘਟ ਜਾਵੇਗੀ ਕਿਉਂਕਿ ਅਣਗਿਣਤ ਮਜ਼ਦੂਰ ਗੋਰੇ ਆ ਜਾਣਗੇ। ਉਸ ਹਨੇਰੀ ਦਾ ਅਸਰ ਉਨ੍ਹਾਂ ‘ਤੇ ਹੀ ਹੋਵੇਗਾ ਜਿਨ੍ਹਾਂ ਦਾ ਗੁਜ਼ਾਰਾ ਮਜ਼ਦੂਰੀ ‘ਤੇ ਹੀ ਹੈ, ਜਿਨ੍ਹਾਂ ਦੀ ਜਥੇਬੰਦੀ ਕਮਜ਼ੋਰ ਹੈ, ਜਿਨ੍ਹਾਂ ਦੀ ਜੜ੍ਹ ਉਪਰ ਹੀ ਹੈ; ਪਰ ਉਨ੍ਹਾਂ ਨੂੰ ਇਸ ਮੁਲਕ ਵਿਚ ਕਰੜੇ ਤੋਂ ਕਰੜਾ ਸਮਾਂ ਵੀ ਨਹੀਂ ਪੋਹ ਸਕਦਾ ਜਿਹੜੇ ਇਥੇ ਆਪਣੀ ਬਸਤੀ ਬਣਾ ਕੇ ਟਿਕ ਜਾਣ, ਜ਼ਮੀਨਾਂ ਦੀ ਪੈਦਾਵਾਰ ਕਰਨ, ਇਸ ਤੋਂ ਬਗੈਰ ਕੋਈ ਸਾਧਨ ਸਾਡੇ ਬਚਾਓ ਦਾ ਪ੍ਰਤੀਤ ਨਹੀਂ ਹੁੰਦਾ ਤੇ ਹੈ ਵੀ ਸਾਡੇ ਲਈ ਬੜੀ ਬੇਸ਼ਰਮੀ, ਜੇ ਅਸੀਂ ਆਪਣੀ ਬਸਤੀ ਬਣਾ ਕੇ ਇਥੇ ਨਾ ਟਿਕ ਜਾਈਏ। ਸੋ ਹੁਣ ਦੀ ਪੈਸੇ ਦੀ ਤੰਗੀ ਤੇ ਆਉਣ ਵਾਲੇ ਵਕਤ ਦਾ ਅੰਦਾਜ਼ਾ ਲਾ ਕੇ ਸਾਡੀ ਤਰੱਕੀ ਸਾਡਾ ਬਚਾਉ ਤੇ ਵਾਧਾ ਕੇਵਲ ਇਸ ਗੱਲ ਵਿਚ ਹੀ ਹੈ ਕਿ ਇਕ ਜਗ੍ਹਾ ਜ਼ਮੀਨ ਲੈ ਕੇ ਅਸੀਂ ਆਪਣੀ ਬਸਤੀ ਕਾਇਮ ਕਰੀਏ। ਸਾਡੇ ਆਪਣੇ ਪੈਦਾਵਾਰ ਦੇ ਕੰਮ ਚਲਣ, ਜਿਸ ਨੂੰ ਚੰਗੇ ਤੇ ਮੰਦੇ ਸਮੇਂ ਦਾ ਕੋਈ ਅਸਰ ਨਹੀਂ ਹੋ ਸਕਦਾ। ਕੇਵਲ ਸਾਡੇ ਬਸਤੀ ਦੇ ਕਾਇਮ ਹੋਣ ਨਾਲ ਹੀ ਸਾਡੇ ਨਵੇਂ ਭਰਾ ਇਥੇ ਜ਼ਰੂਰ ਆ ਸਕਦੇ ਹਨ। ਇਸ ਤਰ੍ਹਾਂ ਸਿਰਕੀ ਬਾਸਾਂ ਵਾਂਗ ਅੱਡ ਅੱਡ ਬਸਤੀ ਤੋਂ ਬਿਨਾ ਅਸੀਂ ਆਪਣੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਾਂ।
ਇਸ ਵਕਤ ਕੰਮ ਦੀ ਕੁਝ ਕਮੀ ਪ੍ਰਤੀਤ ਹੋ ਰਹੀ ਹੈ। ਅਸੀਂ ਆਪਣੇ ਸਭ ਆਗੂਆਂ ਤੇ ਸਭ ਭਰਾਵਾਂ ਦੀ ਸੇਵਾ ਵਿਚ ਬੜੇ ਜ਼ੋਰ ਨਾਲ ਬੇਨਤੀ ਕਰਦੇ ਹਾਂ ਕਿ ਉਹ ਜ਼ਮੀਨਾਂ ‘ਤੇ ਟਿਕਣ ਦੇ ਮਤੇ ਪਕਾ ਕੇ ਆਪਣੀ ਬਸਤੀ ਸ਼ੁਰੂ ਕਰ ਦੇਣ। ਅਸੀਂ ਬ੍ਰਿਟਿਸ਼ ਕੋਲੰਬੀਆ ਨਾਲ ਵਿਆਹੇ ਨਹੀਂ ਹੋਏ। ਜੇ ਦੂਜੇ ਸੂਬਿਆਂ ਵਿਚ ਵਧੀਆ ਜ਼ਮੀਨਾਂ ਲੱਭ ਕੇ ਟਿਕ ਸਕੀਏ ਤਾਂ ਉਧਰ ਵੀ ਇਕ ਦੋ ਜਥੇ ਛਿੜ ਜਾਣ। ਅਸੀਂ ਇਸ ਜਥੇਬੰਦੀ ਦਾ ਉਦਮ ਕਰ ਰਹੇ ਹਾਂ। ਜੇ ਇਸ ਵਕਤ ਅਸੀਂ ਆਪਣੀ ਕੰਮਕਾਰ ਦੀ ਹਾਲਤ ਨੂੰ ਪੱਕੇ ਪੈਰਾਂ ‘ਤੇ ਨਾ ਕੀਤਾ ਤਾਂ ਸਾਡੀ ਬੇੜੀ ਸੱਚਮੁੱਚ ਤੂਫਾਨ ਦੇ ਵਿਚਕਾਰ ਹੈ।
ਉਟਾਵੇ ਦਾ ਫੈਸਲਾ
ਇਕ ਦੋ ਵਾਰ ਇਹ ਕੈਨੇਡਾ ਦਾ ਹਿੰਦੁਸਤਾਨੀਆਂ ਲਈ ਬਣਾਇਆ ਗਿਆ ਅਜੀਬ ਕਾਨੂੰਨ ਕਚਹਿਰੀਆਂ ਤਕ ਵੀ ਪੁੱਜਾ ਤੇ ਲਾਇਕ ਜੱਜਾਂ ਨੇ ਇਸ ਦੇ ਰੱਦ ਹੋਣ ਦਾ ਫਤਵਾ ਵੀ ਦੇ ਦਿੱਤਾ, ਪਰ ਹਿੰਦੁਸਤਾਨੀਆਂ ਪੁਰ ਇਸ ਦਾ ਰਗੜਾ ਲਗਾਤਾਰ ਜਾਰੀ ਰਿਹਾ ਤੇ ਕਿਸੇ ਨਾ ਕਿਸੇ ਭਾਰਤ ਵਾਸੀ ਨੂੰ ਕਚਹਿਰੀਆਂ ਤੇ ਇਮੀਗਰੇਸ਼ਨ ਦਫਤਰਾਂ ਵਿਚ ਘੁੰਮ ਘੁਮਾਈ ਪਈ ਹੀ ਰਹੀ। ਸੰਸਾਰ ਦੇ ਪਾਠਕ 5 ਨਵੰਬਰ ਦੇ ਅਖਬਾਰ ਵਿਚ ਵਿਕਟੋਰੀਏ ਵਿਚ ਬੰਦ ਹੋਏ 39 ਹਿੰਦੁਸਤਾਨੀਆਂ ਦੀ ਤਸਵੀਰ ਦੇਖ ਤੇ ਹਾਲ ਪੜ੍ਹ ਚੁੱਕੇ ਹਨ। ਇਨ੍ਹਾਂ ਭਰਾਵਾਂ ਨੂੰ ਇਕ ਮਕਾਨ ਵਿਚ 17 ਅਕਤੂਬਰ ਨੂੰ ਬੰਦ ਕੀਤਾ ਗਿਆ ਸੀ। ਇਨ੍ਹਾਂ ਦੀ ਅਪੀਲ ਮਨਿਸਟਰ ਆਫ ਇੰਟੀਰੀਅਰ ਉਟਾਵੇ ਨੂੰ ਘੱਲੀ ਗਈ। ਇਨ੍ਹਾਂ ਬੇਦੋਸ਼ੇ ਕੈਦੀਆਂ ਨੂੰ ਇਨਸਾਫ ਲਈ ਉਡੀਕਦਿਆਂ ਨੂੰ ਕਈ ਦਿਨ ਲੰਘ ਗਏ। ਫਿਕਰਾਂ ਨੇ ਸਰੀਰ ਸੁੱਕਾ ਦਿੱਤੇ ਤੇ ਅੰਤ ਉਟਾਵੇ ਤੋਂ ਫੈਸਲਾ ਆਇਆ ਕਿ ਇਨ੍ਹਾਂ 39 ਹਿੰਦੁਸਤਾਨੀਆਂ ਨੂੰ ਹਾਂਗਕਾਂਗ ਨੂੰ ਵਾਪਸ ਮੋੜਿਆ ਜਾਵੇ।
ਅਦਾਲਤ ਵਿਚ ਮੁਕੱਦਮਾ
ਆਖਰੀ ਪਰਤਾਵੇ ਲਈ ਇਨ੍ਹਾਂ ਭਰਾਵਾਂ ਨੂੰ ਅਦਾਲਤ ਵਿਚ ਪੁਚਾਇਆ ਗਿਆ ਤੇ 24 ਨਵੰਬਰ ਨੂੰ ਢਾਈ ਵਜੇ ਇਕ ਮਹੀਨੇ ਤੋਂ ਉਪਰ ਬੰਦ ਰਹੇ ਹਿੰਦੁਸਤਾਨੀ ਕੈਦੀਆਂ ਨੂੰ ਇਮੀਗਰੇਸ਼ਨ ਵਾਲੇ ਕਈ ਪੁਲਿਸ ਅਫਸਰਾਂ ਦੇ ਪਹਿਰੇ ਵਿਚ ਵਿਕਟੋਰੀਏ ਦੀ ਕਚਹਿਰੀ ਵਿਚ ਲਿਆਏ। ਅੱਗੇ ਡੇਢ ਸੌ ਦੇ ਕਰੀਬ ਹਿੰਦੁਸਤਾਨੀ ਭਰਾ ਕੋਰਟ ਦੇ ਆਲੇ ਦੁਆਲੇ ਹਾਜ਼ਰ ਸਨ। ਅਨੇਕਾਂ ਹੀ ਗੋਰੇ ਇਸ ਕਾਨੂੰਨੀ ਬਹਿਸ ਦੇ ਨਤੀਜੇ ਨੂੰ ਬੜੀ ਗਹੁ ਨਾਲ ਉਡੀਕ ਰਹੇ ਸਨ ਕਿਉਂਕਿ ਇਸ ਮੁਕੱਦਮੇ ਨੇ ਕੈਨੇਡਾ ਦੇ ਕਾਨੂੰਨ ਦੀ ਅਸਲੀਅਤ ਨੂੰ ਦੁਨੀਆਂ ਦੇ ਸਾਹਮਣੇ ਖੋਲ੍ਹ ਕੇ ਰੱਖਣਾ ਸੀ। ਢਾਈ ਵਜੇ ਆਪਣੇ ਵਕੀਲ ਬਰਡ ਤੇ ਇਮੀਗਰੇਸ਼ਨ ਦੇ ਵਕੀਲ ਮਿਸਟਰ ਟੇਲਰ ਨੇ ਚੀਫ ਜੱਜ ਹੰਟਰ ਦੇ ਸਾਹਮਣੇ ਕਾਨੂੰਨੀ ਨੁਕਤਿਆਂ ਪਰ ਬਹਿਸ ਸ਼ੁਰੂ ਕੀਤੀ। ਰਾਤ ਤਕ ਬਹਿਸ ਹੁੰਦੀ ਰਹੀ ਤੇ ਅੰਤ ਲਾਇਕ ਚੀਫ ਜੱਜ ਹੰਟਰ ਨੇ ਆਪਣਾ ਫੈਸਲਾ ਦਿੱਤਾ।
ਚੀਫ ਜੱਜ ਦਾ ਫੈਸਲਾ
ਆਰਡਰ ਇਨ ਕੌਂਸਲ 926 (ਜਿਸ ਵਿਚ ਦੋ ਸੌ ਡਾਲਰ ਉਤਰਨ ਵਾਲੇ ਹਿੰਦੀ ਦੇ ਪਾਸ ਹੋਣ ਦੀ ਸ਼ਰਤ ਹੈ) ਰੱਦੀ ਹੈ। ਇਸ ਦੇ ਸਬੂਤ ਲਈ ਵਿਦਵਾਨ ਚੀਫ ਜੱਜ ਨੇ ਕਈ ਕਾਨੂੰਨੀ ਨੁਕਤਿਆਂ ਪਰ ਦਲੀਲਾਂ ਦਿੱਤੀਆਂ ਤੇ ਅੱਗੇ ਦਸਿਆ ਕਿ ਆਰਡਰ ਇਨ ਕੌਂਸਲ 926 ਜੋ ਸੈਕਸ਼ਨ 38 ਦੇ ਅਨੁਸਾਰ ਬਣਾਇਆ ਗਿਆ ਹੈ, ਵਿਚ ਲਫਜ਼ ਲੈਚਰੇਲਾਈਜ਼ਡ ਦਾ ਨਾ ਹੋਣਾ ਜਦ ਕਿ ਸੈਕਸ਼ਨ 38 ਵਿਚ ਇਹ ਲਫਜ਼ ਹੈ, ਇਸ ਆਰਡਰ ਇਨ ਕੌਂਸਲ ਨੂੰ ਰੱਦੀ ਬਣਾਉਂਦਾ ਹੈ ਕਿਉਂਕਿ ਲਫਜ਼ ਸਿਟੀਜ਼ਨ ਦੇ ਅਰਥ ਨਾਲੋਂ ਕਿਤੇ ਖੁਲ੍ਹੇ ਹਨ। ਚੀਫ ਜੱਜ ਨੇ ਕਈ ਦਲੀਲਾਂ ਦੇ ਕੇ ਦੱਸਿਆ ਕਿ ਇਸ ਤਰ੍ਹਾਂ ਆਰਡਰ ਇਨ ਕੌਂਸਲ ਦੇ ਠੀਕ ਨਾ ਹੋਣ ਨਾਲ ਕੋਰਟ ਨੂੰ ਦਖਲ ਦੇਣ ਦਾ ਅਖਤਿਆਰ ਹੈ। ਇਸ ਲਈ ਅਦਾਲਤ ਇਨ੍ਹਾਂ 35 ਹਿੰਦੁਸਤਾਨੀਆਂ ਨੂੰ ਛੱਡ ਦੇਣ ਦਾ ਹੁਕਮ ਦਿੰਦੀ ਹੈ।
ਚੀਫ ਜੱਜ ਜੀ ਦੇ ਦੁੱਧ ਪਾਣੀ ਨੂੰ ਨਖੇੜਵੇਂ ਫੈਸਲੇ ਨੂੰ ਸੁਣਦੇ ਸਾਰ ਸਾਡੇ 35 ਭਰਾ ਜਿਨ੍ਹਾਂ ਨੂੰ ਅਗਲੇ ਦਿਨ ਇਮੀਗਰੇਸ਼ਨ ਵਾਲਿਆਂ ਨੇ ਦੇਸ਼ ਨਿਕਾਲਾ ਦੇਣਾ ਸੀ, ਛੱਡੇ ਗਏ। ਸਭ ਖੁਸ਼ੀ-ਖੁਸ਼ੀ ਘਰਾਂ ਨੂੰ ਆਏ। ਸਾਰਿਆਂ ਨਾਲੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ ਹਿੰਦੀਆਂ ਪਰ ਵਰਤ ਹੋ ਰਿਹਾ ਅਵੈੜਾ ਕਾਨੂੰਨ ਕੈਨੇਡਾ ਦੀ ਕਚਹਿਰੀ ਵਿਚ ਰੱਦੀ ਸਾਬਤ ਹੋਇਆ।