ਜੀਵਨ ਦਾ ਜਸ਼ਨ, ਸੱਚ ਦਾ ਅਮਲ-ਜਸਵੰਤ ਸਿੰਘ ਕੰਵਲ

ਅਵਤਾਰ ਸਿੰੰਘ (ਪ੍ਰੋæ)
ਫੋਨ: 91-94175-18384
ਕਿੰਨੀ ਖੁਸ਼ਖਬਰੀ ਹੈ ਕਿ ਕੱਲ੍ਹ ਅਸੀਂ ਕਹਾਣੀ ਅਤੇ ਨਾਵਲ ਦੇ ਮਹੰਤ ਜਸਵੰਤ ਸਿੰਘ ਕੰਵਲ ਦਾ ਸੌਵਾਂ ਜਨਮ ਦਿਨ ਅਰਥਾਤ ਸ਼ਤਾਬਦੀ ਮਨਾਈ।
ਸ਼ਹਿਰੀ ਚਮਕ-ਦਮਕ ਅਤੇ ਸੁੱਖ ਸਹੂਲਤਾਂ ਤੋਂ ਨਿਰਲੇਪ ਤੇ ਦੂਰ, ਪਿੰਡ ਦੀ ਸਾਦ-ਮੁਰਾਦੀ ਜ਼ਿੰਦਗੀ ਬਤੀਤ ਕਰਦਿਆਂ ਕੋਈ ਆਪਣੇ ਜੀਵਨ ਦੇ ਸੌਵੇਂ ਵਰ੍ਹੇ ‘ਚ ਦਾਖਲ ਹੋ ਜਾਵੇ ਤਾਂ ਅੱਜ ਵੀ ਪਿੰਡ ਦੀ ਜੀਵਨ ਤੋਰ ਅਤੇ ਤਰਜ਼ ਨੂੰ ਨਮਸਕਾਰ ਕਰਨੀ ਬਣਦੀ ਹੈ।

ਸ਼ ਕੰਵਲ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਸਮਾਗਮ ਨਹੀਂ, ਬਲਕਿ ਸਮਾਗਮਾਂ ਦੀ ਝੜੀ ਲਾਈ ਗਈ; ਜਾਂ ਕਹਿ ਲਉ ਗੁਲਦਸਤਾ ਪੇਸ਼ ਕੀਤਾ ਗਿਆ।
ਢੁੱਡੀਕੇ ਨੂੰ ਨਤਮਸਤਕ ਹੋਣ ਲਈ ਨਾਮੀ-ਗ੍ਰਾਮੀ, ਆਮ-ਖਾਸ, ਕੱਦਾਵਰ ਤੇ ਅਸਰ ਰਸੂਖ ਵਾਲੇ, ਸੱਦੇ-ਅਣਸੱਦੇ, ਸਰਕਾਰੀ-ਗੈਰਸਰਕਾਰੀ ਤੇ ਕਈ ਨੀਮ ਸਰਕਾਰੀ ਲੇਖਕ-ਅਲੇਖਕ, ਆਲੋਚਕ, ਸਾਹਿਤਕਾਰ, ਵੰਨ-ਸੁਵੰਨੇ ਕਲਾਕਾਰ ਅਤੇ ਕਲਾ ਪ੍ਰੇਮੀ ਹੁਮ ਹੁਮਾ ਕੇ ਤੇ ਸਜ-ਧਜ ਕੇ ਪੁੱਜੇ।
ਖਸੂਸੀ ਅਤੇ ਅਨੂਠੀ ਪੂਰਨਮਾਸ਼ੀ ਵਿਚ ਮਖਸੂਸ ਮਹਿਮਾਨ ਬੁਲਾਏ ਗਏ, ਜਿਨ੍ਹਾਂ ਵਿਚ ਅਸਲੋਂ ਹੀ ਨਿਮਾਣਾ ਜਿਹਾ ਇੱਕ ਮੈਂ ਵੀ ਸਾਂ ਤੇ ਮੇਰੇ ਨਾਲ ਬੰਗੇ ਵਾਲੇ ਮੇਰੇ ਅਧਿਆਪਕ ਪ੍ਰੋæ ਹਰਪਾਲ ਸਿੰਘ ਵੀ ਸ਼ਾਮਲ ਹੋਏ।
ਚਹੇਤਿਆਂ ‘ਚ ਘਿਰਿਆ, ਖਿੜਿਆ ਕੰਵਲ, ਪਿੰਡ ਦੀ ਧੜਕਣ, ਜ਼ਿੰਦਗੀ ਦਾ ਸਵੱਛ ਅਤੇ ਅਡੋਲ ਚਿਹਨ। ਸਾਦਾ ਦਸਤਾਰ, ਸਫੈਦ ਦਾਹੜੀ, ਤਿੱਖਾ ਨੱਕ, ਕੁਝ ਪੁੱਛਦੀਆਂ, ਕੁਝ ਦੱਸਦੀਆਂ, ਕੁਝ ਲੱਭਦੀਆਂ ਤੇ ਮੁਹੱਬਤਾਂ ਲੁਟਾਉਂਦੀਆਂ ਨਿਰਮਲ ਅੱਖਾਂ! ਭਰਵੇਂ ਭਰਵੱਟੇ, ਦਗਦਾ ਮਸਤਕ, ਲਗਰ ਜਿਹਾ ਛਾਂਟਵਾਂ ਸਰੀਰ, ਸਾਧਿਆ ਜੁੱਸਾ, ਲੰਮਾ ਕੱਦ, ਸਾਬਤ-ਸਬੂਤੇ ਹੱਸਦੇ ਦੰਦ!
ਮਨ ਵਿਚ ਸਵਾਲ ਉਠਦਾ, ਕੋਈ ਏਨਾ ਸੋਹਣਾ ਵੀ ਹੁੰਦਾ ਹੈ! ਜੇ ਹੁਣ ਇਹ ਹਾਲ ਹੈ ਤਾਂ ਜਵਾਨੀ ‘ਚ ਕਿਹੋ ਜਿਹਾ ਹੋਊ! ਐਵੇਂ ਤੇ ਨਹੀਂ ਸੁਖਨਾ ਲੇਕ ਦਾ ਹੁਸੀਨ ਪਾਣੀ ਨਦੀ ਬਣ ਕੇ ਢੁੱਡੀਕੇ ਦੇ ਖੇਤਾਂ ‘ਚ ਜਾ ਉਤਰਿਆ ਹੋਵੇਗਾ!
ਸੰਗੀਤ ਦੀ ਛਹਿਬਰ ਦਰਮਿਆਨ ਇਸ ਤਰ੍ਹਾਂ ਫਿਰਦਾ, ਜਿਵੇਂ ਉਸ ਨੂੰ ਬਿਲਕੁਲ ਨਹੀਂ ਪਤਾ ਕਿ ਇਹ ਉਸ ਦਾ ਸੌਵਾਂ ਜਨਮ ਦਿਨ ਹੈ; ਲੰਮੀ ਉਮਰ ਦਾ ਰਾਜ ਸ਼ਾਇਦ ਉਸ ਦੀ ਇਹੀ ਬੇਪਰਵਾਹੀ ਹੋਵੇ।
ਸ਼ਤਾਬਦੀ ਜਸ਼ਨ ਵਿਚ ਅਮਰਜੀਤ ਗੁਰਦਾਸਪੁਰੀ ਨੇ ਆਪਣੇ ਅਸਲੋਂ ਹੀ ਨਿਵੇਕਲੇ ਮਝੈਲੀ ਅੰਦਾਜ਼ ਵਿਚ ਵਾਰਿਸ ਦੀ ਹੀਰ ਦਾ ਗਾਇਨ ਪੇਸ਼ ਕੀਤਾ; ਹੀਰ ਦੇ ਅਣਸੁਣੇ ਬੰਦ ਚੁਣ ਚੁਣ ਕੇ ਇਵੇਂ ਗੁੰਦੇ ਕਿ ਜੇ ਕਿਸੇ ਨੇ ਹੀਰ ਗਾਉਣੀ ਹੋਵੇ ਤਾਂ ਇਵੇਂ ਗਾਵੇ, ਨਹੀਂ ਤਾਂ ਨਾ ਗਾਵੇ।
ਕਵੀਸ਼ਰ ਹਰਦੇਵ ਸਿੰਘ ਲਾਲਬਾਈ ਨੇ ਮਲਵਈ ਸ਼ੈਲੀ ਵਿਚ ਕਵੀਸ਼ਰੀ ਦਾ ਅਜਿਹਾ ਰੰਗ ਬੰਨ੍ਹਿਆ ਤੇ ਕਵੀਸ਼ਰੀ ਦੇ ਤਲਿਸਮ ਬਾਬੂ ਰਜਬਅਲੀ ਦਾ ਕਾਵਿ ਜਾਦੂ ਸਾਡੇ ਸਾਹਮਣੇ ਲਿਆ ਸੁਰਜੀਤ ਕਰ ਦਿੱਤਾ।
ਪਵਨਦੀਪ ਖੰਨੇ ਵਾਲੇ ਨੇ ਗੀਤ ਦੇ ਸੁਖੈਨ ਗਾਇਨ ਦੀ ਥਾਂ ਨਜ਼ਮ ਗਾਇਨ ਨੂੰ ਤਰਜੀਹ ਦਿੱਤੀ। ਉਸ ਨੇ ਆਪਣੀ ਵਿਸ਼ੇਸ਼ ਪਟਿਆਲਵੀ ਲੈਅ ਵਿਚ ਸ਼ਿਵ ਕੁਮਾਰ, ਜਗਤਾਰ ਤੇ ਪਾਤਰ ਨੂੰ ਇਵੇਂ ਗਾਇਆ ਕਿ ਜੇ ਉਹ ਖੁਦ ਸੁਣਦੇ ਤਾਂ ਉਨ੍ਹਾਂ ਨੂੰ ਆਪਣਾ ਆਪ ਹੋਰ ਚੰਗਾ ਲੱਗਦਾ।
ਜਸ਼ਨ-ਏ-ਖਸੂਸੀ ਵਿਚ ਗੱਲਾਂ ਦੇ ਗੱਫੇ, ਯਾਦਾਂ ਦੀਆਂ ਪਟਾਰੀਆਂ, ਦੁਆਵਾਂ ਤੇ ਸ਼ੁੱਭ ਇਛਾਵਾਂ ਨੇ ਸੰਵੇਦਨਾਵਾਂ ਦਾ ਮੀਂਹ ਵਰਸਾ ਦਿੱਤਾ।
ਦੋਹਿਤਾ ਸ਼ਬਦਾਂ ਦਾ ਬੋਹਿਤਾ, ਗਿਆਨ ਦੀਆਂ ਪੰਡਾਂ ਤੇ ਕਈ ਪਰੰਪਰਾਵਾਂ ਦਾ ਸੁਮੇਲ, ਪੂਰਨਮਾਸ਼ੀ ਦਾ ਸਰਬਾਲ੍ਹਾ; ਲੰਮ-ਸਲੰਮਾ, ਜਲੌ ਵਿਚ, ਜਚਦਾ, ਖਿਝਦਾ ਤੇ ਹੱਸਦਾ, ਜਿਵੇਂ ਕੰਵਲ ਉਸ ਦਾ ਨਾਨਾ ਹੀ ਨਹੀਂ, ਬਲਕਿ ਮੁਰਸ਼ਦ ਤੋਂ ਵੱਧ, ਉਸ ਦਾ ਰੱਬ ਹੋਵੇ।
ਮੈਨੂੰ ਚੰਦ ਅਲਫਾਜ ਕਹਿਣ ਲਈ ਆਖਿਆ। ਮੈਂ ਜਕਦਾ ਜਕਦਾ ਉਠਿਆ ਤੇ ਸੰਗਦਾ ਸੰਗਦਾ ਮਾਈਕ ਵੱਲ ਗਿਆ। ਨਜ਼ਰ ਘੁਮਾਈ ਤਾਂ ਹੈਰਾਨ ਰਹਿ ਗਿਆ ਕਿ ਜਸਵੰਤ ਸਿੰਘ ਕੰਵਲ ਦੇ ਪੁਰਾਣੇ ਮਿੱਤਰ ਬੇਲੀਆਂ ਦੇ ਭਾਈ, ਜੁਆਈ, ਨੂੰਹਾਂ, ਧੀਆਂ, ਪੁੱਤ, ਪੋਤੇ, ਪੋਤੀਆਂ, ਦੋਹਤੇ, ਦੋਹਤੀਆਂ, ਹੱਸੂੰ ਹੱਸੂੰ ਕਰਦੇ ਕੰਵਲ ਦੀ ਗੋਦ ‘ਚ ਇਵੇਂ ਵਿਛਦੇ ਜਿਵੇਂ ਕੰਵਲ ਖਿੜਦੇ ਹੋਣ।
ਇੱਕ ਪਾਸੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ‘ਚੋਂ ਗਿਆਨੀ ਹੀਰਾ ਸਿੰਘ ਦਰਦ ਦਾ ਪਰਿਵਾਰ, ਦੂਜੇ ਪਾਸੇ ਪੰਜਾਬੀ ਕਹਾਣੀ ਦੇ ਸਿਰਤਾਜ ਪ੍ਰਿੰਸੀਪਲ ਸੁਜਾਨ ਸਿੰਘ ਦਾ ਪਰਿਵਾਰ। ਵਿਚ ਵਿਚਾਲੇ, ਬੱਬਰ ਅਕਾਲੀ ਮਿਲਖਾ ਸਿੰਘ ਨਿੱਜਰ ਸਜੇ ਤੇ ਫੱਬੇ ਦੇਖੇ।
ਮੈਂ ਦੰਗ ਰਹਿ ਗਿਆ ਕਿ ḔਦਲੀਲḔ ਵਾਲੇ ਤੀਖਣ, ਦਲੇਰ, ਪ੍ਰਬੁੱਧ ਅਤੇ ਸੁਬੁੱਧ ਪੱਤਰਕਾਰ ਐਸ਼ ਪੀæ ਸਿੰਘ ਵੀ ਬਾਜ਼ ਨਜ਼ਰ ਟਿਕਾਈ ਮੇਰੇ ਵੱਲ ਦੇਖ ਰਹੇ ਸਨ। ਇਨ੍ਹਾਂ ਮਹਾਨ ਹਸਤੀਆਂ ਸਾਹਮਣੇ, ਮੇਰੀ ਸੰਗ ਵਧ ਗਈ ਤੇ ਮੈਂ ਕੰਵਲ ਸਾਹਿਬ ਨੂੰ ਜਨਮ ਸ਼ਤਾਬਦੀ ਦੀ ਮੁਬਾਰਕ ਆਖੀ ਤੇ ਸਰਸਰੀ ਜਿਹੀ ਖਾਨਾ ਪੂਰਤੀ ਕਰਕੇ ਬੈਠ ਗਿਆ।
ਸ਼ਤਾਬਦੀ ਦਾ ਕੰਵਲ ਸਮਾਗਮ ਦੌਰਾਨ ਸਿਰਾਂ ‘ਤੇ ਹੱਥ ਰੱਖ Ḕਚੜ੍ਹਦੀ ਕਲਾḔ, Ḕਸਦਾ ਖੁਸ਼ ਰਹੋḔ ਤੇ Ḕਜੁੱਗ ਜੁੱਗ ਜੀਵੋḔ ਦਾ ਪ੍ਰਸ਼ਾਦ ਵੰਡਦਾ ਰਿਹਾ।
ਅਨਾੜੀ ਪ੍ਰਸ਼ੰਸਕ ਤੇ ਨੀਮ ਆਲੋਚਕ ਉਸ ਦੀ ਇਨਸਾਨੀ ਮੁਹੱਬਤ ਤੱਕ ਨਹੀਂ ਪੁੱਜਦੇ, ਕੋਈ ਉਸ ਨੂੰ ਕਿਸਾਨੀ ਪੁੜੀਆਂ ‘ਚ ਲਪੇਟਦਾ ਤੇ ਕੋਈ ਖਾਲਿਸਤਾਨੀ ਲਫਾਫਿਆਂ ‘ਚ ਬੰਦ ਕਰਨ ਦੀ ਕੋਸ਼ਿਸ਼ ਕਰਦਾ।
ਨਾ ḔਪੁੜੀਆਂḔ ਦਾ ਮੁਥਾਜ, ਨਾ ḔਲਫਾਫਿਆਂḔ ਦਾ ਕਾਇਲ ਕੰਵਲ ਕਿਸੇ ਵੀ ਕਾਣੇ ਅਤੇ ਬੌਣੇ ਹਿਤ ਦਾ ਲੰਬੜਦਾਰ ਨਹੀਂ; ਉਹ ਕੇਵਲ, ਇਨਸਾਨੀ ਅਤੇ ਮਾਨਵੀ ਸੱਚ ਦਾ ਅਲੰਬਰਦਾਰ ਹੈ। ਉਸ ਲਈ ਸਿਰਫ ਕਿਸਾਨ ਹੀ ਇਨਸਾਨ ਨਹੀਂ, ਬਲਕਿ ਕਿਸਾਨ ਵੀ ਇਨਸਾਨ ਹਨ।
ਦੁਖੀਆਂ ਦੇ ਦਰਦੀ, ਭੱਠੀ ਤੋਂ ਸਾਣ ਤੱਕ, ਮਾੜਿਆਂ ਦੀ ਤਾਕਤ, ਦਿਲਾਂ ਦੇ ਸੌਦਾਗਰ, ਮਾਸੂਮਾਂ ਦੇ ਰਹਿਬਰ, ਨਾਵਲ ਦੇ ਰਾਜੇ, ਇਨਸਾਨਾਂ ਦੇ ਹਮਦਮ, ਕਹਾਣੀ ਦੇ ਸ਼ਹਿਨਸ਼ਾਹ ਨੂੰ ਕਈ ਚਹੇਤੇ ਖੇਤੀਬਾੜੀ ਤੱਕ ਮਹਿਦੂਦ ਕਰਦੇ।
Ḕਉਹ ਕੀ ਜਾਣਨ ਅਦਰਕ ਦਾ ਸੁਆਦḔ, ਕੰਵਲ ਹੱਸਦਾ; ਵਾਰ ਵਾਰ ਉਠਦਾ ਤੇ ਉਸ ਕਮਰੇ ਵਿਚ ਜਾ ਬੈਠਦਾ, ਜਿੱਥੇ ਉਸ ਨੂੰ ਬੀਤੀ ਮੁਹੱਬਤ ਦਾ ਚੇਤਾ ਆਉਂਦਾ; ਉਹ ਦੂਰਦਰਸ਼ਨ ਦੀ ਖਿੜਕੀ ‘ਚੋਂ ਲੱਭਦਾ ਤੇ ਖਬਰਾਂ ਦੇਖਦਾ। ਉਸ ਦੇ ਮਨ ਵਿਚ ਕੋਈ ਸੂਖਮ ਜਿਹਾ ਸ਼ਿਕਨ ਉਠਦਾ, ਜਿਸ ਦਾ ਅਨੁਵਾਦ ਸ਼ਾਇਦ Ḕੰeਨਸe ਾ ਬeਨਿਗ ਮਸੁਨਦeਰਸਟੋਦḔ ਕੀਤਾ ਜਾ ਸਕਦਾ ਹੋਵੇ ਤੇ ਉਹ ਬੇਚੈਨ ਜਿਹਾ ਹੋ ਜਾਂਦਾ। ਇਹ ਸ਼ਿਕਨ ਉਸ ਦੇ ਮੱਥੇ ਤੋਂ ਹੇਠਾਂ ਉਤਰ ਉਸ ਦੀ ਅੱਖ ‘ਚ ਰੜਕਦਾ। ਉਹ ਪਸ਼ੇਮਾਨ ਹੁੰਦਾ, ਰੜਕ ਲੱਭਦਾ ਤੇ ਸਾਹਮਣੇ ਟੰਗੀ ਆਪਣੀ ਫੋਟੋ ਨਿਹਾਰਦਾ।
ਫਰੀਦਕੋਟ ਵਾਲੇ ਪ੍ਰੋæ ਕਰਮਜੀਤ ਸਿੰਘ ਦੇ ਪੁੱਤਰ ਨਿਰਲੇਪ ਸਿੰਘ ਦੀ ਖਿੱਚੀ ਫੋਟੋ Ḕਤੇ ਕਿਸੇ ਅਨਾੜੀ ਫਲੈਕਸ ਵਾਲੇ ਦੀ ḔਕਿਰਪਾḔ ਸਦਕਾ, ਨੱਕ ‘ਤੇ ਚੜ੍ਹੇ ਮੁੱਛ ਦੇ ਵਾਲ ਨੂੰ ਪਰੇ ਕਰਨ, ਉਹ ਆਪਣੀ ਫੋਟੋ ਤੱਕ ਗਿਆ। ਪਰ ਉਸ ਦੀ ਅੱਖ ਦੀ ਰੜਕ ਅਤੇ ਮੱਥੇ ਦਾ ਸ਼ਿਕਨ ਨੱਕ ‘ਤੇ ਚੜ੍ਹੇ ਮੁੱਛ ਦੇ ਵਾਲ ਦਾ ਨਹੀਂ ਸੀ, ਬਲਕਿ ਉਸ ਤੰਗ ਨਜ਼ਰ ਦਾ ਸੀ, ਜਿੱਥੋਂ ਉਸ ਦੇ ਪ੍ਰਸ਼ੰਸਕ ਉਸ ਨੂੰ ਦੇਖ ਰਹੇ ਸਨ।
ਮੱਠੀ ਮੱਠੀ ਕਿਣਮਿਣ, ਸਿੱਲ੍ਹਾ ਸਿੱਲ੍ਹਾ ਮੌਸਮ, ਠੰਢੀ ਠੰਢੀ ਹਵਾ, ਤਪਦੀ ਲੋਹ, ਪੱਕਦੇ ਫੁਲਕੇ, ਚੱਲਦੇ ਲੰਗਰ, ਜ਼ਿੰਦਗੀ ਦਾ ਮੇਲਾ, ਜੀਵਨ ਦਾ ਜਸ਼ਨ, ਸੱਚ ਦਾ ਅਮਲ-ਜਸਵੰਤ ਸਿੰਘ ਕੰਵਲ।
ਰਾਤ ਦਾ ਹਨੇਰਾ, ਦੂਰ ਦਾ ਰਾਹ। ਔਖੇ ਸੌਖੇ, ਜਿਵੇਂ ਕਿਵੇਂ ਹਿੱਚ ਹਾਇਕ ਕਰਦੇ ਇੱਕ-ਸਵਾ ਇੱਕ ਘਰ ਅੱਪੜੇ।