ਫੁੱਲ-ਫਕੀਰੀ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਬੱਚਿਆਂ ਦੇ ਭੋਲੇਪਨ, ਉਨ੍ਹਾਂ ਦੀ ਪਾਕੀਜ਼ ਸੰਗਤ ਅਤੇ ਮਾਪਿਆਂ ਲਈ ਉਨ੍ਹਾਂ ਦੇ ਜਿੰਦ ਜਾਨ ਹੋਣ ਦੀ ਵਾਰਤਾ ਛੇੜੀ ਸੀ, “ਬੱਚਾ ਬਹਿ ਬਾਬੇ ਦੀ ਬੁੱਕਲ, ਬਰਕਤਾਂ ਪਾਵੇ ਝੋਲੀ।

ਹਰਫਾਂ ਦੇ ਕਿੰਜ ਮੇਚ ਉਹ ਆਵੇ, ਤੋਤਲੀ ਬੋਲਣ ਬੋਲੀ। ਬੱਚੇ ਹੁੰਦੇ ਬੰਦਗੀ ਵਰਗੇ ਤੇ ਚਾਅ ਦਾ ਸੰਦੜਾ ਰਾਗ।” ਹਥਲੇ ਲੇਖ ਵਿਚ ਡਾæ ਭੰਡਾਲ ਨੇ ਫੁੱਲਾਂ ਦੀ ਸਿਫਤਾਂ ਬਿਆਨਦਿਆਂ ਕਿਹਾ ਹੈ, “ਫੁੱਲ ਦਾ ਧਰਮ ਹੈ ਖਿੜਨਾ। ਉਹ ਲਈ ਕੋਈ ਖਾਸ ਮਿੱਟੀ, ਸਥਾਨ ਜਾਂ ਮੌਸਮ ਨਹੀਂ। ਉਹ ਤਾਂ ਹਰ ਥਾਂ, ਹਰ ਮੌਸਮੀ ਮਜ਼ਾਜ਼ ‘ਚ ਖਿੜਦਾ।æææਫੁੱਲ ਕੋਲ ਰੰਗ, ਮਹਿਕ, ਕੋਮਲਤਾ, ਨਜ਼ਾਕਤ ਅਤੇ ਨਿਰਮਾਣਤਾ ਹੈ। ਪਰ ਰੂਹ-ਵਿਹੂਣਾ। ਅਜਿਹਾ ਨੇਕ-ਕਰਮੀ ਕਿ ਫੁੱਲਾਂ ਨੂੰ ਮਸਲਣ ਵਾਲੇ ਹੱਥਾਂ ਨੂੰ ਵੀ ਖੁਸ਼ਬੂ ਨਾਲ ਲਬਰੇਜ਼ ਕਰਦਾ।” ਬੱਚਿਆਂ ਨੂੰ ਫੁੱਲਾਂ ਦੀ ਤਸ਼ਬੀਹ ਦਿੰਦਿਆਂ ਉਹ ਕਹਿੰਦੇ ਹਨ ਕਿ ਫੁੱਲ ਵਿਹੜੇ ਨੂੰ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਭਰ ਦਿੰਦੇ ਹਨ। ਉਨ੍ਹਾਂ ਦੀ ਤਾਂਘ ਹੈ, “ਫੁੱਲ ਦੀ ਉਮਰੇ ਮਰੇ ਨਾ ਕੋਈ, ਬਣੇ ਨਾ ਟੁੱਟਿਆ ਤਾਰਾ। ਨਹੀਂ ਤਾਂ ਫੁੱਲਾਂ ਦੇ ਉਚੜੇ ਵਿਹੜੇ, ਵਹਿੰਦੀ ਖਾਰੀ-ਧਾਰਾ। ਫੁੱਲ, ਸਦਾ ਫੁੱਲ ਹੀ ਰਹਿਸਣ, ਬਣਨ ਹਿਲੋਰਾ ਟਾਹਣੀ। ਸੋਚਾਂ ਵਿਚੋਂ ਕਿੰਜ ਮਿਟੇਗੀ, ਇਹ ਬਹਿਸ਼ਤ ਮਾਣੀ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਫੁੱਲ, ਸੁਗੰਧ-ਸੰਧਾਰਾ ਜੋ ਰੁਮਕਦੀ ਪੌਣ ਦੀ ਤਲੀ ‘ਤੇ ਧਰ, ਫਿਜ਼ਾ ਨੂੰ ਤਰੰਗਤ ਤੇ ਸੁਗੰਧਤ ਕਰਦਾ।
ਫੁੱਲ, ਕੋਮਲਤਾ ਦਾ ਮੁਜੱਸਮਾ, ਕੁਰੱਖਤਾ ਨੂੰ ਮੁਲਾਇਮੀ ਦੀ ਦਾਤ, ਕੋਮਲ ਭਾਵਾਂ ਦਾ ਨਿਉਂਦਾ, ਤਲਖ ਸਮਿਆਂ ਲਈ ਤਾਮੀਜ਼ਗੀ।
ਫੁੱਲ, ਸੁਹਜ-ਸੰਦੇਸ਼, ਸੂਹਾ-ਸੁੱਚਮ, ਪਾਕੀਜ਼æਗੀ-ਪਾਹੁਲ, ਨਿਰਲੇਪਤਾ-ਨੂਰ, ਸਦਗੁਣਤਾ-ਸੂਝ ਅਤੇ ਭਾਵ-ਭਿੰਨਤਾ।
ਫੁੱਲ, ਬੀਆਬਾਨ ‘ਚ ਰੌਣਕ, ਚਮਨ ਨੂੰ ਲੰਮੀ ਉਮਰ, ਬਿਰਖ ਨੂੰ ਸੁੰਦਰਤਾ, ਟਾਹਣੀ ਨੂੰ ਲਚਕ ਅਤੇ ਤਾਲੀ ਨੂੰ ਨਿਰਮਾਣਤਾ ਦਾ ਹਿਲੋਰਾ।
ਫੁੱਲ ਦੁਆਲੇ ਕੰਡਿਆਂ ਦੀ ਵਾੜ, ਫੁੱਲ ਦਾ ਕੋਝੀ ਸੋਚ ਤੋਂ ਬਚਾਅ, ਫੁੱਲ ਦੀ ਹੋਂਦ ‘ਤੇ ਪ੍ਰਸ਼ਨ-ਚਿੰਨ੍ਹ ਖੁਣਦੇ ਹੱਥਾਂ ਲਈ ਨਿੱਕੀ ਜਿਹੀ ਚੋਭ ਅਤੇ ਬੇ-ਸਮਝਿਆਂ ਦੇ ਰਾਹਾਂ ‘ਚ ਸੂਲਾਂ ਦਾ ਜੰਗਲ।
ਫੁੱਲ, ਤਿੱਤਲੀਆਂ ਸੰਗ ਰੰਗਾਂ ਦੀ ਹੋਲੀ, ਭੌਰਿਆਂ ਸੰਗ ਸੰਗੀਤਕ ਸੰਵਾਦ ਤੇ ਭਰਮਣ, ਪੌਣਾਂ ‘ਚ ਸੰਦਲੀ ਰੁਮਕਣੀ ਅਤੇ ਫਿਜ਼ਾ ਦੇ ਨਾਮ ਸੰਧੂਰੀ ਰੰਗਤ।
ਫੁੱਲ ਇਕ ਆਕਰਸ਼ਣ, ਜੋ ਮਨੁੱਖ ਨੂੰ ਫੁੱਲ ਬਣਨ ਲਈ ਪ੍ਰੇਰਨਾ ਅਤੇ ਫੁੱਲਾਂ ਵਰਗੀ ਕਰਮ-ਯੋਗਤਾ ਲਈ ਸੇਧ-ਸਰੋਤ।
ਫੁੱਲ, ਸਰਬ-ਧਰਮੀ, ਸਰਬ-ਸੇਵਕ ਅਤੇ ਆਪਾ-ਦਾਨੀ। ਹਰ ਵਿਹੜੇ ‘ਚ ਰੰਗਾਂ ਦਾ ਛਾਬਾ। ਹਰ ਸਾਹ ਵਿਚ ਮਹਿਕ-ਲਬਰੇਜ਼ਤਾ। ਹਰ ਨੈਣਾਂ ‘ਚ ਸੰਦਲੀ ਸੁਪਨਿਆਂ ਦੀ ਸਤਰੰਗੀ।
ਫੁੱਲ ਦਾ ਸਾਥ, ਉਦਾਸ-ਪਲਾਂ ਤੋਂ ਨਿਜ਼ਾਤ, ਮਾਯੂਸੀ ਤੋਂ ਰਾਹਤ, ਪੀੜਾ ਹਰਨ ਦਾ ਸਬੱਬ, ਢਹਿ ਢੇਰੀ ਹੌਂਸਲਿਆਂ ਨੂੰ ਬੁਲੰਦੀ, ਗੁੰਮ ਗਏ ਰਾਹਾਂ ਨੂੰ ਫਿਰ ਤੋਂ ਤਲਾਸ਼ਣ ਅਤੇ ਪੈਰਾਂ ਲਈ ਤੁਰਨ ਦਾ ਉਦਮ।
ਫੁੱਲਾਂ ਦੇ ਬੇਲੇ ‘ਚ ਫੁੱਲ-ਬਿਰਖਾਂ ਦੀਆਂ ਡਾਰਾਂ, ਮੌਲਦੀਆਂ ਮਸਤ ਬਹਾਰਾਂ, ਹਵਾਵਾਂ ‘ਚ ਹਾਸਿਆਂ ਦੀ ਗੁਟਕਣੀ, ਚੌਗਿਰਦੇ ‘ਚ ਫੁੱਲਾਂ ਦੀਆਂ ਗੋਸ਼ਟੀਆਂ, ਵੰਡੀਆਂ ਜਾ ਰਹੀਆਂ ਫੁੱਲ-ਸੁਗਾਤਾਂ ਅਤੇ ਫੁੱਲ-ਵਿਹੜੇ ‘ਚ ਰਾਂਗਲੇ ਦਿਨਾਂ ਨੂੰ ਖੁਸ਼ਆਮਦੀਦ ਕਹਿੰਦੀਆਂ ਸੰਜੀਲੀਆਂ ਤੇ ਸੰਦਲੀ ਪ੍ਰਭਾਤਾਂ।
ਫੁੱਲ ਦੀ ਗੱਲਬਾਤ ‘ਚ ਹਲੀਮੀ, ਹਮਸਫਰੀ, ਹਾਸੇ, ਹਰਦਿਲ-ਅਜ਼ੀਜ਼ੀ ਅਤੇ ਹਮਰੁਬਤਾ ਦਾ ਰਹੱਸ। ਇਕ ਦੂਜੇ ਦੀਆਂ ਖੈਰਾਂ ਮੰਗਦੇ, ਦੁਆਵਾਂ ਦਿੰਦੇ ਅਤੇ ਅਸੀਸ-ਗਲਵੱਕੜੀ ਨਾਲ, ਸਾਥੀ ਦੀ ਸਾਹ-ਨਿਰੰਤਰਤਾ ‘ਚੋਂ ਖੁਦ ਦੀ ਸਦੀਵਤਾ ਦਾ ਕਿਆਸ।
ਫੁੱਲ ਕਿਤਾਬਾਂ ‘ਚ ਵੀ ਉਗਦੇ ਜਿਨ੍ਹਾਂ ਦੀ ਇਬਾਰਤ ਤੇ ਇਬਾਦਤ ਵਿਚੋਂ ਖੇੜਿਆਂ ਦਾ ਹਾਣ ਤੇ ਰੂਹ-ਰੰਗਰੇਜ਼ਤਾ ਦੀ ਸਰਸ਼ਾਰਤਾ। ਹਰਫਾਂ ਵਿਚ ਖਿੜਦੇ ਅਰਥਾਂ ਦੇ ਫੁੱਲ, ਜ਼ਿੰਦਗੀ ਦੀ ਖੂਬਸੂਰਤੀ ਵਿਚ ਚੌਖਾ ਵਾਧਾ। ਇਹ ਫੁੱਲ ਕਦੇ ਨਹੀਂ ਮੁਰਝਾਉਂਦੇ ਤੇ ਸਦੀਵ ਤਾਜ਼ਗੀ ਦਾ ਧਰਮ ਨਿਭਾਉਂਦੇ।
ਫੁੱਲ, ਕੈਕਟਸੀ ਰੂਪ ‘ਚ ਰੱਕੜ ਦਾ ਤਾਜ, ਵੀਰਾਨ ਤੇ ਪਿਆਸੀ ਧਰਾਤਲ ਨੂੰ ਫੁੱਲਾਂ ਦਾ ਸੁਹਜ, ਦੁਸ਼ਵਾਰੀਆਂ ‘ਚ ਫੁੱਲ ਬਣ ਕੇ ਖਿੜਨ ਦਾ ਹੀਆ, ਮਾਰੂਥਲ ਵਰਗੀ ਸੋਚ ‘ਚ ਫੁੱਲਾਂ ਦੀ ਖੇਤੀ।
ਫੁੱਲ ਉਨ੍ਹਾਂ ਬੋਲਾਂ ‘ਚ ਉਗਦੇ ਜੋ ਸਹਿਜ, ਸੁਖਨ, ਸਕੂਨ, ਸੁੰਦਰਤਾ, ਸੰਜੀਦਗੀ, ਸਾਦਗੀ ਤੇ ਸਫਲਤਾ ਦਾ ਮੰਤਰ, ਮਨ-ਬੀਹੀ ਦੇ ਨਾਮ ਕਰ ਆਪਣੀ ਤਰਕ-ਸੰਗਤਾ ਸਦੀਵ ਜਿਉਂਦਾ ਰੱਖਦੇ।
ਫੁੱਲ-ਜੂਹ ‘ਚ ਅਜਿਹੀ ਚੁੱਪ ਜੋ ਕਿਸੇ ਹੁਜਰੇ ‘ਚ ਹੁੰਦੀ। ਕਿਸੇ ਦਰਗਾਹ ਦੀ ਪਰਿਕਰਮਾ ਕਰਦਿਆਂ ਦੂਸ਼ਤ ਪਲਾਂ ਨੂੰ ਪਾਕ ਕਰਦੀ। ਅੰਤਰੀਵ ਵਿਚ ਬੈਠੀ, ਸਵੈ-ਸੰਵਾਦ ਬਣ ਖੁਦ ਨੂੰ ਤਲਾਸ਼ਣ ਤੇ ਤਰਾਸ਼ਣ ਲਈ ਤਰਕੀਬ ਘੜਦੀ।
ਫੁੱਲਾਂ ਵਿਹੜੇ ਆ ਕਲਮ ਕੂਕਦੀ;
ਫੁੱਲ ਬਣਨ ਲਈ, ਫੁੱਲਾਂ ਵਿਹੜੇ
ਫੁੱਲ ਕੋਲ ਬਹਿ ਕੇ ਆਇਆਂ
ਫੁੱਲ-ਰੰਗਰੇਜ਼ਤਾ ਰੂਹ ਵਸਾਈ
ਬਣ ਫੁੱਲਾਂ ਦਾ ਹਮਸਾਇਆ।

ਸੋਚਾਂ, ਕਾਸ਼!
ਫੁੱਲਾਂ ਦੀ ਜੂਨੇ ਪਵਾਂ
ਤੇ ਕੰਡੇ ਕਰ ਦੇਣ ਵਾੜਾਂ
ਖੁਦ ਵਿਚੋਂ ਖੁਦੀ ਮਿਟਾ ਕੇ
ਤਨ ਦੀ ਚਾਦਰ ਪਾੜਾਂ
ਫੁੱਲ-ਸੁਹਜ ਦੀ ਕਿਰਤ-ਕਰੇਂਦਿਆਂ
ਕੁਹਜ ਨੂੰ ਹੱਥੀਂ ਸਾੜਾਂ
ਤੇ ਦਰ ਮੇਰੇ ਦੀ ਦਸਤਕ ਬਣ ਜਾਣ
ਫੁੱਲ-ਚਾਅ ਦੀਆਂ ਧਾੜਾਂ
ਫੁੱਲ ਦੀ ਪਰਿਕਰਮਾ ਕਰਦਿਆਂ
ਫੁੱਲ ਦਾ ਧਰਮ ਉਚਾਰਾਂ
ਤੇ ਸੁੰਨ-ਨਗਰੀ ਦੇ ਸਿਰ ਤੋਂ
ਫੁੱਲ-ਸੁੱਖਨ ਨੂੰ ਵਾਰਾਂ।

ਸੁਰਤ ਪਰਤੀ ਤਾਂ
ਫੁੱਲ-ਪੱਤੀਆਂ ਦੀ ਕੋਮਲ ਛੂਹ ਕੇ
ਅਜ਼ਬ ਅਹਿਸਾਸ ਜਗਾਇਆ
ਫੁੱਲ-ਸੁਗੰਧੀ ਸਾਹੀਂ ਸੰਜੋਈ
ਫੁੱਲ ਦਾ ਧਰਮ ਨਿਭਾਇਆ
ਫੁੱਲ-ਫਕੀਰੀ ਸੋਚੀਂ ਧਰ ਕੇ
ਖੁਦਾ ਨੂੰ ਖੁਦ ਭੁਲਾਇਆ
ਫੁੱਲ-ਆਗੋਸ਼ ‘ਚੋਂ ਮਿਲੇ ਸਕੂਨ ਨੇ
ਕਰਮ ‘ਚ ਧਰਮ ਟਿਕਾਇਆ
ਫੁੱਲ ਦੀ ਬੇਲਾਗਤਾ ਸੰਗ
ਬਹਿ ਸੰਵਾਦ ਰਚਾਇਆ
ਤੇ ਸੌੜੀ-ਸੋਚ ਦੀ ਮੌਤ ਦਾ
ਦੋਹਾਂ ਜਸ਼ਨ ਮਨਾਇਆ
ਫੁੱਲ ਦਾ ਸਾਇਆ ਨਾਲ ਤੁਰ ਪਿਆ
ਘਰ ‘ਚ ਘਰ ਬਣਾਇਆ
ਤੇ ਫੁੱਲਾਂ ਦੀ ਮਹਿਕ ਵਰਗਾ
ਸੁਖਨ-ਸੰਧੂਰੀ ਪਾਇਆ।

ਯਾ ਖੁਦਾਇਆ!
ਫੁੱਲ-ਜੂਹ ‘ਚ ਫੁੱਲ-ਪਲਾਂ ਨੂੰ
ਉਮਰ ਜੇਡ ਕਰ ਜਾਵੀਂ
ਤੇ ਫੁੱਲਾਂ ਦੀ ਅਰਥ-ਅਰਾਧਨਾ
ਹਰਫ-ਮੱਥੇ ‘ਤੇ ਲਾਵੀਂ।
ਫੁੱਲ ਤਾਂ ਉਨ੍ਹਾਂ ਬਰੂਹਾਂ ‘ਤੇ ਵੀ ਉਗਦੇ, ਜਿਨ੍ਹਾਂ ਨੂੰ ਸ਼ਗਨਾਂ ਦਾ ਤੇਲ ਨਸੀਬ ਹੁੰਦਾ ਤੇ ਪਾਣੀ ਡੋਲਿਆ ਜਾਂਦਾ ਜਦ ਚਿਰਾਂ ਬਾਅਦ ਘਰਾਂ ਨੂੰ ਪਰਤਦੇ ਪਰਦੇਸੀ ਪੁੱਤ ਕੰਧਾਂ ਨੂੰ ਘਰ ਬਣਾਉਣ, ਤਿੜਕੀਆਂ ਡੰਗੋਰੀਆਂ ਲਈ ਸਰਵਣ ਪੁੱਤਰ ਬਣਨ ਅਤੇ ਮੱਧਮ ਨਜ਼ਰ ਲਈ ਮਿਲਾਪ ਦਾ ਚਿਰਾਗ ਬਣਨ।
ਫੁੱਲ ਆਪਣੀ ਅਰਥੀ ਉਠਾਉਣ ਤੋਂ ਵੀ ਬੇਵੱਸ ਜਦ ਪੈਰਾਂ ਹੇਠ ਮਸਲਿਆ ਜਾਂਦਾ, ਪੱਤੀ ਪੱਤੀ ਕਰ ਬਿਖੇਰਿਆ ਜਾਂਦਾ ਜਾਂ ਸੂਲਾਂ ਨਾਲ ਪਰੋ, ਕਮੀਨੇ ਦੇ ਗਲ ਦਾ ਹਾਰ ਬਣਦਾ।
ਫੁੱਲ, ਕੁਦਰਤ ਦੀ ਅਰਾਧਨਾ। ਫਿਜ਼ਾ ਨੂੰ ਤਾਜ਼ਗੀ, ਸੁਗੰਧ ਅਤੇ ਸੁਹੱਪਣ ਬਖਸ਼ਦੇ। ਕੁਦਰਤ ਧਰਤੀ ‘ਤੇ ਉਤਰਦੀ। ਪਤਾ ਨਹੀਂ ਕਿਉਂ ਲੋਕ ਪੱਥਰਾਂ ਨੂੰ ਫੁੱਲ ਦਾ ਸਾਥ ਵਿਹਾਜਦੇ। ਕੇਹੀ ਤ੍ਰਾਸਦੀ ਏ ਕਿ ਕੋਮਲਤਾ ਅਤੇ ਸੁਗੰਧ ਵਿਹੂਣੇ ਪੱਥਰ ਨੂੰ ਫੁੱਲ ਅਰਪਿਤ ਕੀਤੇ ਜਾਂਦੇ।
ਫੁੱਲ ਦਾ ਧਰਮ ਹੈ ਖਿੜਨਾ। ਉਹ ਲਈ ਕੋਈ ਖਾਸ ਮਿੱਟੀ, ਸਥਾਨ ਜਾਂ ਮੌਸਮ ਨਹੀਂ। ਉਹ ਤਾਂ ਹਰ ਥਾਂ, ਹਰ ਮੌਸਮੀ ਮਜ਼ਾਜ਼ ‘ਚ ਖਿੜਦਾ
ਫੁੱਲ, ਟਾਹਣੀ ਦੀ ਜੂਹ ਵਿਚ ਫੈਲਦਾ। ਦੂਰ ਦੂਰ ਤੀਕ ਮਹਿਕਾਂ ਦੀ ਹੱਟ, ਰੰਗ-ਲਲਾਰੀ, ਕੋਮਲ ਪੱਤੀਆਂ ਦੀ ਪਟਾਰੀ ਅਤੇ ਉਕਰੀ ਕੁਦਰਤ ਦੀ ਕਲਾਕਾਰੀ।
ਫੁੱਲ ਕੋਲ ਰੰਗ, ਮਹਿਕ, ਕੋਮਲਤਾ, ਨਜ਼ਾਕਤ ਅਤੇ ਨਿਰਮਾਣਤਾ ਹੈ। ਪਰ ਰੂਹ-ਵਿਹੂਣਾ। ਅਜਿਹਾ ਨੇਕ-ਕਰਮੀ ਕਿ ਫੁੱਲਾਂ ਨੂੰ ਮਸਲਣ ਵਾਲੇ ਹੱਥਾਂ ਨੂੰ ਵੀ ਖੁਸ਼ਬੂ ਨਾਲ ਲਬਰੇਜ਼ ਕਰਦਾ।
ਫੁੱਲ, ਕਬਰਾਂ ‘ਤੇ ਲੱਗੇ ਪੱਥਰਾਂ ਲਈ ਨਹੀਂ ਹੁੰਦੇ। ਸਗੋਂ ਕਬਰਾਂ ਬਣ ਗਏ ਉਨ੍ਹਾਂ ਲੋਕਾਂ ਲਈ ਹੁੰਦੇ, ਜਿਨ੍ਹਾਂ ਲਈ ਫੁੱਲ ਜੀਵਨ-ਦਾਨ ਦਾ ਹੁੰਗਾਰਾ ਹੁੰਦੇ।
ਫੁੱਲਾਂ ਨੂੰ ਪੈਰਾਂ ਹੇਠ ਮਧੋਲ ਕੇ, ਅੰਬਰ ਦੇ ਤਾਰਿਆਂ ਨੂੰ ਹੱਥ ਪਾਉਣ ਵਾਲੇ ਇਨਸਾਨੀਅਤ ਤੋਂ ਕੋਹਾਂ ਦੂਰ। ਡਿੱਗੇ ਹੋਏ ਫੁੱਲਾਂ ਨੂੰ ਪਲੋਸੋ, ਅੰਬਰ ਦੇ ਤਾਰੇ ਤੁਹਾਨੂੰ ਨਤਮਸਤਕ ਹੋਣਗੇ।
ਫੁੱਲ, ਔਰਤ ਤੋਂ ਬਾਅਦ ਕੁਦਰਤ ਦੀ ਅਜਿਹੀ ਕਿਰਤ ਕਲਾ ਜੋ ਖੇੜਿਆਂ ਤੇ ਖੁਸ਼ੀਆਂ ਦਾ ਨਿਉਂਦਾ, ਨਿਰਾਸ਼ ਤੇ ਉਦਾਸ ਹਿਰਦਿਆਂ ਨੂੰ ਹੌਂਸਲਾ ਅਤੇ ਹਿੰਮਤ ਦੀ ਜ਼ਰਾ-ਨਿਵਾਜ਼ੀ।
ਫੁੱਲ ਅਮੂਰਤਾਂ ਵਿਚ ਨਜ਼ਰੀਂ ਪੈਂਦੇ, ਬਸ਼ਰਤੇ ਮਨ ‘ਚ ਫੁੱਲ ਨੂੰ ਕਿਆਸਣ, ਮਹਿਸੂਸਣ ਅਤੇ ਮਾਣਨ ਦੀ ਬਿਰਤੀ ਹੋਵੇ। ਖਲਾਅ ਵਿਚ ਉਗੇ ਸੋਚ-ਫੁੱਲ ਹੀ ਹੁੰਦੇ ਜੋ ਕਿਸੇ ਕਲਾ-ਕ੍ਰਿਤ ਦਾ ਬਾਣਾ ਪਾ, ਮਾਣਮੱਤੀ ਹੋਂਦ ਦਾ ਹਰਫ ਬਣਦੇ।
ਫੁੱਲ, ਬੱਚਿਆਂ ਦੇ ਰੂਪ ਵਿਚ ਜ਼ਿੰਦਗੀ ਦੇ ਬਾਗ ਦੀ ਸੰਪੂਰਨਤਾ, ਸੁਹੱਪਣ ਅਤੇ ਸਮਾਜਿਕ ਹਾਸਲ। ਘਰ ਦੀ ਚੁੱਪ ਤੋੜਦੇ। ਕੰਧਾਂ ‘ਤੇ ਲਕੀਰਾਂ ਮਾਰ, ਉਨ੍ਹਾਂ ਨੂੰ ਬੋਲਣ ਲਾਉਂਦੇ। ਤੋਤਲੇ ਬੋਲਾਂ ਨਾਲ ਘਰ ਨੂੰ ਲਰਜ਼ਾਉਂਦੇ। ਪਲ ਪਲ ਬਦਲਦੀਆਂ ਮੰਗਾਂ ਤੇ ਉਮੰਗਾਂ ਨਾਲ ਸਭ ਨੂੰ ਆਹਰੇ ਲਾਉਂਦੇ ਅਤੇ ਘਰੋਗੀ ਵਾਤਾਵਰਣ ਨੂੰ ਸੁਗੰਧ ਦਾ ਤੜਕਾ ਲਾਉਂਦੇ।
ਫੁੱਲਾਂ ਦੀ ਸੰਗਤ ‘ਚ ਵਿਹੜਾ ਹੁੰਗਾਰਾ ਭਰਦਾ। ਤਿੱਤਲੀਆਂ ਤੇ ਭੌਰਿਆਂ ਦਾ ਨਿਰੰਤਰ ਭਰਮਣ। ਕਦੇ ਫੁੱਲ ਨਾਲ ਗੱਲਾਂ ਕਰਦੇ ਬੱਚੇ ਨੂੰ ਵਾਚਣਾ, ਦੋਹਾਂ ਫੁੱਲਾਂ ਦੀ ਗੁਫਤਗੂ ਵਿਚਲੀ ਨਿਰਛੱਲਤਾ, ਪਾਕੀਜ਼ਗੀ ਅਤੇ ਨਿਆਰਾਪਣ ਤੁਹਾਡੀਆਂ ਤਰਜ਼ੀਹਾਂ ਬਦਲ ਦੇਣਗੇ।
ਫੁੱਲ, ਰੂਹ-ਬਗੀਚੀ ਨੂੰ ਖਿੜਨ ਦਾ ਅਹਿਸਾਸ। ਮਟਕਦੇ, ਹੁਲਾਸਦੇ ਅਤੇ ਇਲਹਾਮੀ ਹੁਲਾਸ ਦਾ ਸਬੱਬ। ਜਿਉਣਾ ਚੰਗਾ ਲੱਗਦਾ। ਸਮੇਂ ‘ਚ ਸੰਗੀਤ ਤੇ ਸੁਪਨਿਆਂ ਦੇ ਸੁੱਚੇ ਰੰਗ, ਮਨ-ਮੰਦਿਰ ‘ਚ ਮਸਤੀ ਦਾ ਆਲਮ ਅਤੇ ਜੀਵਨ-ਧੜਕਣ ਨੂੰ ਲੋਰ। ਚੰਗਾ ਲੱਗਦਾ ਖੁਦ ਨਾਲ ਸੰਵਾਦ, ਮਿੱਟ ਜਾਂਦੇ ਵਾਦ-ਉਪਵਾਦ ਅਤੇ ਹਰ ਪਲ ਮਟਕਦੀ ਨਿੰਮੀ ਯਾਦ, ਜਿਸ ਨੇ ਕੀਤਾ ਉਜੜੇ ਮਨ-ਬਗੀਚੇ ਨੂੰ ਆਬਾਦ।
ਫੁੱਲ, ਫੁੱਲਾਂ ਨਾਲ ਕਰਨ ਕਲੋਲਾਂ ਤੇ ਫੁੱਲ, ਫੁੱਲਾਂ ਦੇ ਦਰਦੀ। ਫੁੱਲ, ਫੁੱਲਾਂ ਦਾ ਹਾਸਾ-ਠੱਠਾ, ‘ਵਾ ਫੁੱਲਾਂ ਦੀ ਹਾਮੀ ਭਰਦੀ। ਫੁੱਲਾਂ ਜੇਡਾ ਸਾਥ ਨਾ ਕੋਈ, ਨਿਭਦਾ ਸਾਹਾਂ ਸੰਗ। ਜ਼ਿੰਦਗੀ ਦੇ ਪਿੰਡੇ ‘ਤੇ ਉਕਰਨ, ਚਾਅ ਉਮਾਹ ਉਮੰਗ। ਫੁੱਲ, ਫੁੱਲਾਂ ਦੀ ਖਿਦਮਤ ਕਰਦੇ, ਨਾ ਓਹਲਾ ਨਾ ਸੰਗ। ਫੁੱਲ-ਜੂਹ ਨੂੰ ਰੰਗ ਜਾਂਦੇ, ਫੁੱਲਾਂ ਵਰਗੇ ਰੰਗ। ਫੁੱਲ ਨੂੰ ਜਿਸ ਨੇ ਸੀਨੇ ਲਾਇਆ, ਫੁੱਲ ਦਾ ਬਣ ਕੇ ਅੰਗ। ਉਸ ਨੇ ਫੁੱਲ ਇਬਾਦਤ ਵਿਚੋਂ, ਸਿਰਜਿਆ ਜੀਵਨ-ਢੰਗ। ਫੁੱਲ ਦੀ ਉਮਰੇ ਮਰੇ ਨਾ ਕੋਈ, ਬਣੇ ਨਾ ਟੁੱਟਿਆ ਤਾਰਾ। ਨਹੀਂ ਤਾਂ ਫੁੱਲਾਂ ਦੇ ਉਚੜੇ ਵਿਹੜੇ, ਵਹਿੰਦੀ ਖਾਰੀ-ਧਾਰਾ। ਫੁੱਲ, ਸਦਾ ਫੁੱਲ ਹੀ ਰਹਿਸਣ, ਬਣਨ ਹਿਲੋਰਾ ਟਾਹਣੀ। ਸੋਚਾਂ ਵਿਚੋਂ ਕਿੰਜ ਮਿਟੇਗੀ, ਇਹ ਬਹਿਸ਼ਤ ਮਾਣੀ।
ਫੁੱਲ-ਡੋਡੀ ‘ਤੇ ਖਿੜਨ ਦੀ ਪਾਬੰਦੀ, ਸੋਗ-ਸੰਤਾਪ। ਮੌਲਣ ‘ਤੇ ਬੰਦਿਸ਼ਾਂ, ਡੂੰਘਾ ਹੌਕਾ। ਸੁਗੰਧ ਦੇ ਪੈਰੀਂ ਜੰਜੀਰਾਂ, ਮਾਤਮ-ਰੁੱਤ ਅਤੇ ਰੰਗ-ਮੰਦਿਰ ‘ਤੇ ਜੰਦਰਾ, ਸੁਪਨ-ਸਿਸਕਣੀ।
ਫੁੱਲ ਦਾ ਧਰਮ, ਰੰਗਾਂ ਤੇ ਮਹਿਕਾਂ ਦਾ ਅਮੁੱਕ ਤੇ ਅਮੁਲ ਵਣਜ। ਜਾਤ-ਪਾਤ, ਧਰਮ, ਬਰਾਦਰੀ, ਊਚ-ਨੀਚ, ਅਮੀਰ-ਗਰੀਬ ਸਭ ਲਈ ਇਕਸਾਰ। ਨਹੀਂ ਕੋਈ ਤਰਜ਼ੀਹ।
ਫੁੱਲ ਜੀਵਨ ਦੇ ਹਰ ਪੜਾਅ ‘ਚ ਸੰਗੀ-ਸਾਥੀ। ਖੁਸ਼-ਆਮਦੀਦ ਸਮੇਂ, ਸਬੰਧ ਸਿਰਜਣਾ ਵੇਲੇ, ਮਾਣ-ਸਨਮਾਨ ਮੌਕੇ ਅਤੇ ਸਿਵਾ-ਸਫਰ ਦੌਰਾਨ, ਹਰ ਵਕਤ ਹਾਜਰ। ਕਬਰਾਂ ‘ਤੇ ਖਿੜਦੇ ਫੁੱਲ, ਤੁਰ ਗਿਆਂ ਦੀ ਮੋਹਵੰਤੀ ਯਾਦ।
ਫੁੱਲ ਸਿਸਕੀ ਬਣਨ ਜਦ ਕਾਗਜ਼ੀ ਫੁੱਲਾਂ ਵਰਗੇ ਰਿਸ਼ਤੇ ਬੀਆਬੀਨ ਤਾਮੀਰ ਕਰਦੇ। ਗੁਲਦਾਨ ਵਿਚ ਮੁਰਝਾਏ ਫੁੱਲ ਕਿਹੜੀ ਮਹਿਕ ਨਾਲ ਰੂਹ ‘ਚ ਰਚ, ਮਾਨਸਿਕ ਹੁਲਾਰ, ਹੁਲਾਸ ਤੇ ਹਮਰੁਬਾ ਬਣਨਗੇ? ਫੁੱਲ ਦੀ ਕਾਗਜ਼ੀ ਰੰਗਤ, ਅਜੋਕੇ ਮਨੁੱਖ ਦਾ ਬਿੰਬ, ਸੋਚ-ਕੰਗਾਲੀ ਦੀ ਕੁਰਹਿਤ ਅਤੇ ਕਰਮਹੀਣਤਾ ਦੀ ਕੁੜੱਤਣ।
ਫੁੱਲਾਂ ਵਰਗਾ ਬਣਨ ਲਈ ਫੁੱਲ ਦੀ ਤਾਸੀਰ, ਤਾਬੀਰ, ਤਕਦੀਰ, ਤਕਬੀਰ ਅਤੇ ਤਰਜ਼ੀਹ ਨੂੰ ਜੀਵਨ-ਜਾਚ ਦੇ ਨਾਮ ਕਰਨਾ ਪੈਂਦਾ। ਕੇਹੀ ਤ੍ਰਾਸਦੀ ਏ ਕਿ ਫੁੱਲਾਂ ਵਰਗੇ ਲੋਕਾਂ ਦੀ ਨਸਲਕੁਸ਼ੀ ਹੋ ਰਹੀ ਏ।
ਫੁੱਲਾਂ ਵਰਗੇ ਲੋਕਾਂ ਦੀ ਸੰਗਤ ਵਿਚ ਫੁੱਲ ਖਿੜਦੇ, ਉਨ੍ਹਾਂ ਦੇ ਬੋਲਾਂ ਵਿਚੋਂ ਫੁੱਲ ਕਿਰਦੇ, ਉਨ੍ਹਾਂ ਦੀ ਕਰਮ-ਸਾਧਨਾ ‘ਚ ਫੁੱਲਾਂ ਦੀ ਖੇਤੀ, ਸੋਚ-ਧਰਾਤਲ ‘ਚ ਫੁੱਲਾਂ ਦੀਆਂ ਕਲਮਾਂ ਅਤੇ ਪੈੜਾਂ ‘ਚ ਫੁੱਲਾਂ ਦਾ ਕਾਫਲਾ।
ਫੁੱਲ ਇਕ ਅਲਮਸਤ ਫਕੀਰ। ਚੜ੍ਹਦੇ ਸੂਰਜ ਦੀ ਟਿੱਕੀ ਨਾਲ ਚਮਨ ‘ਚ ਫੁੱਲਾਂ ਦੀ ਬਰਸਾਤ, ਜ਼ਿੰਦਗੀ ਨੂੰ ਖੂਬਸੂਰਤ ਤੇ ਖੂਬਸੀਰਤ ਬਣਾਉਣ ਦਾ ਪੈਗਾਮ। ਰੰਗ-ਰੁੱਤ ਦਾ ਐਲਾਨ।
ਫੁੱਲ ਕੁਦਰਤ ਦੀ ਅਜ਼ੀਮ ਨਿਆਮਤ। ਕੁਦਰਤ ਵਿਹੜੇ ਪਨਪਦੀ ਬਨਸਪਤੀ ਨੂੰ ਫੁੱਲਾਂ ਦਾ ਵਰਦਾਨ। ਆਲੇ ਦੁਆਲੇ ‘ਚ ਸਾਦਗੀ, ਸਮਰਪਣ, ਸੁੰਦਰਤਾ ਤੇ ਸੁਹਜ ਭਰਿਆ ਕਰਮ-ਦਾਨ।
ਫੁੱਲ, ਪ੍ਰੇਰਨਾ-ਸਰੋਤ, ਰੋਲ-ਮਾਡਲ, ਮਿਹਰਬਾਨ-ਮੂਰਤ, ਸੁਘੜ-ਸੀਰਤ, ਸਹਿਜ-ਸੁਹਜ ਅਤੇ ਸਫਲ-ਸਾਧਨਾ ਦਾ ਸਫਰਨਾਮਾ। ਬੜਾ ਔਝੜ ਏ ਡੋਡੀ ਤੋਂ ਫੁੱਲ ਬਣ ਕੇ ਜੀਵਨ-ਰੁੱਤ ਮਾਣਨ ਦੀ ਜੀਵਨ-ਕਥਾ। ਸਿਰੜੀਆਂ ਨੂੰ ਹੀ ਮਿਲਦਾ ਏ ਮਿਹਨਤ ਦਾ ਮਾਣਮੱਤਾ ਇਵਜ਼ਾਨਾ।
ਫੁੱਲ ਨੂੰ ਹਰ ਕੋਈ ਤੋੜ, ਇਸ ‘ਤੇ ਕਾਬਜ਼ ਹੋਣ ਦਾ ਚਾਹਵਾਨ। ਰੰਗ ਅਤੇ ਮਹਿਕ ਨੂੰ ਸਮਾਂ ਤੇ ਸੀਮਤ ਸਥਾਨ ‘ਚ ਸਥਿਰ ਕਰਨਾ ਚਾਹੁੰਦਾ। ਜੇ ਮਨੁੱਖ ਕਬਜ਼ੇ ਦੀ ਭਾਵਨਾ ਨੂੰ ਤਿਆਗ, ਫੁੱਲਾਂ ਜਿਹੀ ਤਾਸੀਰ ਨੂੰ ਤਾਮੀਰ ਕਰੇ ਤਾਂ ਜ਼ਿੰਦਗੀ ਹੋਰ ਖੂਬਸੂਰਤ ਹੋ ਜਾਵੇਗੀ।
ਫੁੱਲ ਬਗੀਚੀ ਵਿਚ ਹੀ ਸੋਂਹਦੇ। ਪੌਣ ਦੇ ਹਿਲੋਰਿਆਂ ਸੰਗ ਸਾਥੀਆਂ ਦੇ ਸਾਹ ਦਾ ਨਿੱਘ ਮਾਣਦੇ ਅਤੇ ਕੁਦਰਤ-ਵਿਹੜੇ ‘ਚ ਰੰਗ ਭਰਦੇ। ਹਾਰਾਂ ‘ਚ ਪਰੋਏ ਫੁੱਲ ਕੁਝ ਸਮੇਂ ਬਾਅਦ ਹੀ ਹੂਕ ਬਣ ਜਾਂਦੇ।
ਫੁੱਲ-ਸੋਚ ਨੂੰ ਅਪਨਾਉਣ, ਫੁੱਲ-ਕਰਮਯੋਗਤਾ ਨੂੰ ਜੀਵਨ-ਸ਼ੈਲੀ ਦੇ ਮੱਥੇ ‘ਤੇ ਸਜਾਉਣ, ਫੁੱਲ-ਫਕੀਰੀ ਨੂੰ ਰੂਹ ‘ਚ ਵਸਾਉਣ ਲਈ ਕਦਮ ਜਰੂਰ ਉਠਾਉਣਾ, ਤੁਹਾਡੀ ਕਰਮ-ਸਾਧਨਾ ਵਿਚ ਫੁੱਲਾਂ ਦੀ ਚੰਗੇਰ ਮਹਿਕੇਗੀ।