ਸਾਲ 2014 ਵਿਚ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਬੱਲੇ-ਬੱਲੇ ਖੱਟਣ ਵਾਲੀ ਆਮ ਆਦਮੀ ਪਾਰਟੀ ਬਾਅਦ ਵਿਚ ਕੋਈ ਖਾਸ ਮਾਅਰਕਾ ਨਹੀਂ ਮਾਰ ਸਕੀ। ਪਾਰਟੀ ਅੰਦਰਲਾ ਕਲੇਸ਼ ਇਸ ਅੰਦਰਲੀ ਤਾਕਤ ਨੂੰ ਖੋਰਨ ਦਾ ਸਬੱਬ ਬਣ ਗਿਆ। ਪਰਦੇਸੀਂ ਵਸਦੇ ਸਮਰਥਕਾਂ ਨੇ ਪਾਰਟੀ ਦਾ ਵਜ਼ਨ ਵਧਾਉਣ ਲਈ ਹਰ ਹੀਲਾ-ਵਸੀਲਾ ਕੀਤਾ ਪਰ ਪੰਜਾਬ ਵਿਚ ਪਾਰਟੀ ਦਾ ਕੋਈ ਮੂੰਹ-ਮੱਥਾ ਨਾ ਬਣਨ ਕਾਰਨ ਪੱਲੇ ਨਿਰਾਸ਼ਾ ਹੀ ਪਈ।
ਉਂਜ, ਇਸ ਪਾਰਟੀ ਤੋਂ ਅਜੇ ਵੀ ਬਹੁਤ ਸਾਰੇ ਲੋਕ ਆਸਵੰਦ ਹਨ। ਇਨ੍ਹਾਂ ਨੂੰ ਲੱਗਦਾ ਹੈ ਕਿ ਪਾਰਟੀ ਦੀ ਲੀਡਰਸ਼ਿਪ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਅਗਾਂਹ ਲਈ ਨਵੀਆਂ ਪੈੜਾਂ ਪਾਵੇਗੀ। ਪਾਰਟੀ ਦੇ ਇਨ੍ਹਾਂ ਹਾਲਾਤ ਬਾਰੇ ਵਿਸਥਾਰ ਸਹਿਤ ਚਰਚਾ ਆਪਣੇ ਇਸ ਲੇਖ ਵਿਚ ਸ਼ ਨਰਿੰਦਰ ਸਿੰਘ ਢਿੱਲੋਂ ਨੇ ਕੀਤੀ ਹੈ। -ਸੰਪਾਦਕ
ਨਰਿੰਦਰ ਸਿੰਘ ਢਿੱਲੋਂ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਇਸ ਸਮੇਂ ਡੂੰਘੇ ਸੰਕਟ ਦੀ ਸ਼ਿਕਾਰ ਹੈ। ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਅਤੇ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਵਲੋਂ ਜੋ ਹੁੰਗਾਰਾ ਇਸ ਪਾਰਟੀ ਨੂੰ ਦਿੱਤਾ ਗਿਆ ਸੀ, ਉਹ ਹੁਣ ਨਜ਼ਰ ਨਹੀਂ ਆ ਰਿਹਾ। ਪਹਿਲਾਂ ਗੁਰਦਾਸਪੁਰ ਲੋਕ ਸਭਾ ਹਲਕੇ ਅਤੇ ਫਿਰ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਚੋਣ ਵਿਚ ਇਸ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ। ਕੋਈ ਵੀ ਜਿੱਤ ਜਾਂ ਹਾਰ, ਚੋਣ ਪ੍ਰਕ੍ਰਿਆ ਦਾ ਹਿੱਸਾ ਹੁੰਦੀ ਹੈ ਪਰ ਦੇਖਣਾ ਇਹ ਹੁੰਦਾ ਹੈ ਕਿ ਪਾਰਟੀ ਨੇ ਇਕਮੁੱਠ ਹੋ ਕੇ ਚੋਣ ਲੜੀ ਤੇ ਮੁਕਾਬਲਤਨ ਪਾਰਟੀ ਦੀ ਕਾਰਗੁਜ਼ਾਰੀ ਠੀਕ ਰਹੀ। ਇਨ੍ਹਾਂ ਦੋਹਾਂ ਹਲਕਿਆਂ ਵਿਚ ਨਾ ਪਾਰਟੀ ਨੇ ਇਕਮੁੱਠ ਹੋ ਕੇ ਚੋਣ ਲੜੀ ਅਤੇ ਨਾ ਹੀ ਪਾਰਟੀ ਦੀ ਕਾਰਗੁਜ਼ਾਰੀ ਨੇ ਠੀਕ ਸਿੱਟੇ ਕੱਢੇ। ਜੇ ਪਾਰਟੀ ਇਕਮੁੱਠ ਹੋ ਕੇ ਨਾ ਲੜੇ ਤਾਂ ਠੀਕ ਸਿੱਟੇ ਪ੍ਰਾਪਤ ਨਹੀਂ ਹੋ ਸਕਦੇ। ਪਹਿਲਾਂ ਵੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਲੇਖਾ ਜੋਖਾ ਕਰਦਿਆਂ ਬਹੁਤ ਸਾਰੇ ਪੱਤਰਕਾਰਾਂ ਅਤੇ ਲੇਖਕਾਂ ਨੇ ਪਾਰਟੀ ਦੀ ਉਸਾਰੂ ਆਲੋਚਨਾ ਕਰਦਿਆਂ ਇਸ ਦੀ ਕਾਰਜਪ੍ਰਣਾਲੀ ਠੀਕ ਕਰਨ ਲਈ ਸੁਝਾਅ ਦਿਤੇ ਸਨ ਪਰ ‘ਪਰਨਾਲਾ ਉਥੇ ਦਾ ਉਥੇ’ ਰਿਹਾ। ਪਾਰਟੀ ਦੇ ਪਿੰਡ ਜਾਂ ਸ਼ਹਿਰ ਪੱਧਰ ਤਕ ਵਰਕਰਾਂ ਵਿਚ ਜਿੰਨਾ ਉਤਸ਼ਾਹ ਸੀ, ਉਹ ਖਤਮ ਹੋ ਚੁਕਾ ਹੈ ਅਤੇ ਬਹੁਤ ਸਾਰੇ ਵਰਕਰ ਜਾਂ ਤਾਂ ਨਿਰਉਤਸ਼ਾਹਿਤ ਹੋ ਕੇ ਘਰ ਬੈਠ ਗਏ ਹਨ, ਜਾਂ ਦੂਜੀਆਂ ਪਾਰਟੀ ਨਾਲ ਜੁੜ ਰਹੇ ਹਨ।
ਰਾਜਨੀਤੀ ਬਦਲਣ, ਦੂਜੀਆਂ ਪਾਰਟੀਆਂ ਵਿਚੋਂ ਕੱਢੇ ਆਗੂਆਂ ਦੀ ਥਾਂ ਪਾਰਟੀ ਛੱਡ ਕੇ ਆਉਣ ਵਾਲੇ ਸਾਫ-ਸੁਥਰੇ ਅਕਸ ਵਾਲੇ ਲੀਡਰਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ, ਪਾਰਟੀ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲਿਆਂ ਤੇ ਵਾਲੰਟੀਅਰਾਂ ਨੂੰ ਟਿਕਟਾਂ ਦੇਣ, ਭ੍ਰਿਸ਼ਟਾਚਾਰ, ਮਾਫੀਆ ਤੇ ਨਸ਼ਿਆਂ ਵਿਰੁਧ ਲਗਾਤਾਰ ਸੰਘਰਸ਼ ਕਰਨ ਆਦਿ ਦਾ ਨਾਅਰਾ ਲੈ ਕੇ ਤੂਫਾਨ ਵਾਂਗ ਆਈ ਇਹ ਪਾਰਟੀ ਹੁਣ ਆਪਸੀ ਧੜੇਬੰਦੀ ਵਿਚ ਹੀ ਬੁਰੀ ਤਰ੍ਹਾਂ ਉਲਝ ਗਈ ਹੈ ਅਤੇ ਸਾਰੇ ਮੁੱਦੇ ਇਕ ਪਾਸੇ ਰਹਿ ਗਏ ਹਨ।
ਪਾਰਟੀ ਨੂੰ ਖੜ੍ਹੀ ਕਰਨ ਵਾਲਿਆਂ ਨੇ ਆਪਣੇ ਕਾਰੋਬਾਰ ਦਾ ਨੁਕਸਾਨ ਵੀ ਕਰਵਾਇਆ ਅਤੇ ਵਿਰੋਧੀ ਪਾਰਟੀ ਦੀ ਬਦਲਾਲਊ ਨੀਤੀ ਦਾ ਸ਼ਿਕਾਰ ਵੀ ਹੋਏ ਪਰ ਪਾਰਟੀ ਦਾ ਪੱਲਾ ਨਹੀਂ ਸੀ ਛੱਡਿਆ; ਹੁਣ ਉਨ੍ਹਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਵੇਂ ਪਾਰਟੀ ਦੇ ਕੇਂਦਰੀ ਲੀਡਰਾਂ-ਸੰਜੇ ਸਿੰਘ ਤੇ ਦੁਰਗੇਸ਼ ਪਾਠਕ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਦੇ ਰਹੇ ਪਰ ਇਹ ਸਭ ਕੁਝ ਨਜ਼ਰਅੰਦਾਜ਼ ਕਰ ਕੇ ਵਰਕਰ ਇਕਮੁੱਠ ਹੋ ਕੇ ਪਾਰਟੀ ਲਈ ਕੰਮ ਕਰਦੇ ਰਹੇ।
ਪਾਰਟੀ ਦਾ ਗ੍ਰਾਫ ਡਿੱਗਣ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਕੇਂਦਰੀ ਲੀਡਰਾਂ ਨੇ ਪਾਰਟੀ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਤਾਨਾਸ਼ਾਹੀ ਢੰਗ ਨਾਲ ਅਹੁਦੇ ਤੋਂ ਹਟਾ ਦਿੱਤਾ। ਇਸ ਤੋਂ ਬਾਅਦ ਕੇਂਦਰੀ ਲੀਡਰਾਂ ‘ਤੇ ਦੋਸ਼-ਦਰ-ਦੋਸ਼ ਲਗਦੇ ਰਹੇ ਅਤੇ ਲੀਡਰ ਸੌ ਸੀਟਾਂ ਜਿੱਤਣ ਦੇ ਦਾਅਵੇ ਕਰਦੇ ਕਰਦੇ ਅੰਤ ਵੀਹ ਸੀਟਾਂ ‘ਤੇ ਅਟਕ ਗਏ। ਵੀਹ ਸੀਟਾਂ ਜਿੱਤਣ ਤੋਂ ਬਾਅਦ ਕੇਂਦਰੀ ਨੇਤਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਤਾਂ ਦਿੱਲੀ ਦੌੜ ਗਏ ਪਰ ਜਿੱਤੇ ਹੋਏ ਵਿਧਾਇਕ ਵੀ ਇਕਮੁੱਠ ਅਤੇ ਇਕ ਸੁਰ ਨਾ ਰਹਿ ਸਕੇ। ਅੱਜ ਵੀ ਉਨ੍ਹਾਂ ਵਲੋਂ ਇਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਚਰਚੇ ਹਨ।
ਕੋਈ ਵੀ ਸਿਆਸੀ ਪਾਰਟੀ ਕੇਂਦਰੀ ਲੀਡਰਸ਼ਿਪ ਦੀ ਯੋਗ ਅਗਵਾਈ ਤੋਂ ਬਿਨਾ ਨਹੀਂ ਚਲ ਸਕਦੀ। ਇਸੇ ਕਰਕੇ ਭਾਰਤ ਵਿਚ ਸਾਰੀਆਂ ਕੌਮੀ ਪਾਰਟੀਆਂ ਨੇ ਵੱਖ-ਵੱਖ ਰਾਜਾਂ ਵਾਸਤੇ ਇੰਚਾਰਜ ਲਾਏ ਹੋਏ ਹਨ। ਕੇਂਦਰੀ ਲੀਡਰਸ਼ਿਪ ਦੀ ਡਿਊਟੀ ਬਣਦੀ ਹੈ ਕਿ ਉਹ ਉਸ ਰਾਜ ਪ੍ਰਤੀ ਕੋਈ ਫੈਸਲਾ ਰਾਜ ਦੀ ਟੀਮ ਨਾਲ ਸਲਾਹ ਮਸ਼ਵਰਾ ਕਰਕੇ ਕਰੇ। ਰਾਜ ਪੱਧਰ ਦੇ ਨੇਤਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਕੇਂਦਰੀ ਲੀਡਰਸ਼ਿਪ ਵੱਲੋਂ ਕੀਤੇ ਫੈਸਲੇ ਲਾਗੂ ਕਰੇ ਭਾਵੇਂ ਕਿਸੇ ਫੈਸਲੇ ‘ਤੇ ਕਿਸੇ ਨੇਤਾ ਦੀ ਅਸਹਿਮਤੀ ਵੀ ਹੋਵੇ। ਉਹ ਆਪਣੀ ਅਸਹਿਮਤੀ ਰਾਜ ਦੇ ਇੰਚਾਰਜ ਨੂੰ ਨੋਟ ਕਰਵਾ ਸਕਦਾ ਹੈ। ਅਸੀਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਵਿਚ ਕੇਂਦਰੀ ਲੀਡਰਸ਼ਿਪ ਅਤੇ ਰਾਜ ਪੱਧਰ ਦੇ ਨੇਤਾਵਾਂ ਵਲੋਂ ਹਮੇਸ਼ਾ ਉਲੰਘਣਾ ਹੋਈ ਹੈ। ਇਥੋਂ ਹੀ ਪਾਰਟੀ ਦਾ ਨਿਘਾਰ ਸ਼ੁਰੂ ਹੁੰਦਾ ਹੈ।
2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਟਿਕਟ ‘ਤੇ ਜਿੱਤੇ ਡਾæ ਧਰਮਵੀਰ ਗਾਂਧੀ (ਪਟਿਆਲਾ) ਅਤੇ ਹਰਿੰਦਰ ਸਿੰਘ ਖਾਲਸਾ (ਫਤਿਹਗੜ੍ਹ ਸਾਹਿਬ) ਨੇ ਕੁਝ ਫੈਸਲਿਆਂ ‘ਤੇ ਅਸਹਿਮਤ ਹੁੰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਰੁਧ ਜਨਤਕ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਉਹ ਪਾਰਟੀ ਤੋਂ ਬਾਗੀ ਹੋਏ ਤੇ ਪਾਰਟੀ ਵਿਰੋਧੀ ਨੇਤਾਵਾਂ ਦੀਆਂ ਪ੍ਰੈਸ ਕਾਨਫਰੰਸਾਂ ਅਤੇ ਪਾਰਟੀ ਵਿਰੋਧੀਆਂ ਵੱਲੋਂ ਸੱਦੀਆਂ ਮੀਟਿੰਗਾਂ ਵਿਚ ਪਾਰਟੀ ਵਿਰੁਧ ਭਾਸ਼ਣ ਕਰਦੇ ਰਹੇ। ਹਾਲਤ ਇਥੋਂ ਤਕ ਪਹੁੰਚ ਗਈ ਕਿ 29 ਅਗਸਤ 2015 ਨੂੰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਦੇ ਮੇਲੇ ‘ਤੇ ਇਹ ਨੇਤਾ ਆਪਣੀ ਪਾਰਟੀ ਦੀ ਸਟੇਜ ‘ਤੇ ਨਹੀਂ ਗਏ ਅਤੇ ਵੱਖਰੀ ਸਟੇਜ ਲਾ ਕੇ ਆਪਣੀ ਹੀ ਪਾਰਟੀ ਨੂੰ ਭੰਡਦੇ ਰਹੇ। ਇਸ ਤੋਂ ਤੁਰੰਤ ਬਾਅਦ ਕੇਂਦਰੀ ਲੀਡਰਸ਼ਿਪ ਨੇ ਇਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿਤਾ ਜੋ ਅੱਜ ਤਕ ਮੁਅਤਲ ਹਨ।
ਮੈਂ ਸਮਝਦਾ ਹਾਂ ਕਿ ਕੋਈ ਨਵੀਂ ਪਾਰਟੀ ਪਹਿਲੀ ਵਾਰ ਚੋਣ ਲੜੇ, ਉਸ ਦਾ ਕੋਈ ਹੇਠਾਂ ਤਕ ਢਾਂਚਾ ਵੀ ਨਾ ਹੋਵੇ ਅਤੇ ਕੋਈ ਠੋਸ ਪਾਰਟੀ ਪ੍ਰੋਗਰਾਮ ਵੀ ਨਾ ਹੋਵੇ ਤਾਂ ਲੋਕ ਸਭਾ ਦੀਆਂ ਚਾਰ ਅਤੇ ਵਿਧਾਨ ਸਭਾ ਦੀਆਂ ਵੀਹ ਸੀਟਾਂ ਲੈ ਜਾਵੇ, ਇਹ ਵੀ ਪ੍ਰਾਪਤੀ ਹੀ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਵਿਚ ਮੁੱਖ ਆਮ ਆਦਮੀ ਪਾਰਟੀ ਸੀ ਅਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ। ਸ਼ ਫੂਲਕਾ ਨੂੰ ਜਿਸ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਸੀ, ਉਹ ਨਾ ਕਰ ਸਕੇ ਤੇ ਵਿਰੋਧੀ ਪਾਰਟੀ ਦੇ ਨੇਤਾ ਵਜੋਂ ਸਥਾਪਤ ਨਾ ਹੋ ਸਕੇ। ਉਨ੍ਹਾਂ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਉਹ ਦਿੱਲੀ ਦੇ 1984 ਸਿੱਖ ਕਤਲੇਆਮ ਦੇ ਕੇਸਾਂ ਵੱਲ ਧਿਆਨ ਦੇਣਾ ਚਾਹੁੰਦੇ ਹਨ।
ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ। ਸ਼ ਖਹਿਰਾ ਤੇਜ਼ ਤਰਾਰ ਨੇਤਾ ਹੈ। ਉਹ ਵਿਰੋਧੀਆਂ ਖਿਲਾਫ ਸਿਆਸੀ ਲੜਾਈ ਲਈ ਤੱਥ ਇਕੱਠੇ ਕਰ ਸਕਦਾ ਹੈ ਤੇ ਬਾਦਲੀਲ ਬਹਿਸ ਕਰ ਸਕਦਾ ਹੈ। ਉਸ ਦੇ ਸੰਘਰਸ਼ ਕਾਰਨ ਹੀ ਰਾਣਾ ਗੁਰਜੀਤ ਸਿੰਘ ਹੇਠੋਂ ਵਜ਼ੀਰੀ ਦੀ ਕੁਰਸੀ ਖਿਸਕ ਗਈ। ਬੀਬੀ ਜਗੀਰ ਕੌਰ ਨਾਲ ਵੀ ਉਹ ਬਾਦਲੀਲ ਸਿਆਸੀ ਆਢਾ ਲਾਈ ਰੱਖਦਾ ਹੈ। ਹੁਣ ਵੀ ਉਹ ਅਕਾਲੀ ਅਤੇ ਕਾਂਗਰਸੀ ਲੀਡਰਾਂ ਵਿਰੁਧ ਸਿਆਸੀ ਹਮਲੇ ਜਾਰੀ ਰੱਖ ਰਿਹਾ ਹੈ। ਪਾਰਟੀ ਵਿਚ ਇਸ ਵੇਲੇ ਉਹ ਸਭ ਤੋਂ ਵੱਧ ਸਰਗਰਮ ਹਨ, ਲੇਕਿਨ ਸ਼ ਖਹਿਰਾ ਦਾ ਦੁਖਾਂਤ ਹੈ ਕਿ ਉਸ ਦੀ ਪਾਰਟੀ ਦੇ ਲੀਡਰ ਹੀ ਉਸ ਦੇ ਨਾਲ ਨਹੀਂ ਖੜ੍ਹਦੇ। ਜਦ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ ਕੈਪਟਨ ਸਰਕਾਰ ਨੇ ਉਸ ਨੂੰ ਕਥਿਤ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਪਾਰਟੀ ਨੂੰ ਉਸ ਨਾਲ ਖੜ੍ਹਨਾ ਚਾਹੀਦਾ ਸੀ, ਪਰ ਨਹੀਂ ਖੜ੍ਹੀ। ਭਗਵੰਤ ਮਾਨ ਵੀ ਚੁੱਪ ਰਿਹਾ, ਕਈਆਂ ਨੇ ਅਸਤੀਫੇ ਦੀ ਮੰਗ ਦੇ ਬਿਆਨ ਵੀ ਦਾਗ ਦਿੱਤੇ। ਜਦ ਉਸ ਨੂੰ ਸੁਪਰੀਮ ਕੋਰਟ ਵਲੋਂ ਰਾਹਤ ਮਿਲ ਗਈ ਤਾਂ ਉਹ ਵਿਧਾਇਕ, ਜੋ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ‘ਤੇ ਅੱਖ ਰੱਖੀ ਬੈਠੇ ਸੀ, ਸਭ ਦੰਗ ਰਹਿ ਗਏ।
ਇਸ ਦੇ ਨਾਲ ਹੀ ਸ਼ ਖਹਿਰਾ ਦਾ ਕੰਮ ਢੰਗ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਨਹੀਂ। ਉਹ ਵਿਅਕਤੀਗਤ ਭੱਜ ਦੌੜ ਹੀ ਕਰਦਾ ਹੈ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਥਾਂ ਵਿਧਾਇਕਾਂ ਰਾਹੀਂ ਪਾਰਟੀ ਚਲਾਉਣ ਦੇ ਯਤਨ ਵਿਚ ਰਹਿੰਦਾ ਹੈ। ਵਿਧਾਇਕ ਦੇ ਤੌਰ ‘ਤੇ ਉਸ ਦਾ ਕੰਮ ਖੇਤਰ ਤਾਂ ਭੁਲੱਥ ਹਲਕਾ ਹੀ ਹੈ, ਇਸ ਤੋਂ ਬਾਹਰ ਉਸ ਨੂੰ ਪਾਰਟੀ ਦੇ ਫੈਸਲੇ ਤਹਿਤ ਜਾਂ ਉਥੋਂ ਦੇ ਪਾਰਟੀ ਆਗੂਆਂ ਦੇ ਸੱਦੇ ‘ਤੇ ਜਾਣਾ ਚਾਹੀਦਾ ਹੈ। ਉਹ ਜੇ ਬੇਲਗਾਮ ਹੀ ਆਪਣੇ ਘੇਰੇ ਤੋਂ ਬਾਹਰ ਜਾਵੇਗਾ ਤਾਂ ਪਾਰਟੀ ਵਰਕਰਾਂ ਜਾਂ ਵਿਧਾਇਕਾਂ ਵਿਚ ਨਾਰਾਜ਼ਗੀ ਤਾਂ ਹੋਵੇਗੀ ਹੀ। ਜੇ ਉਸ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਆਪਣੇ ਕੰਮ ਕਰਨ ਦੇ ਢੰਗ ਵਿਚ ਸੁਧਾਰ ਨਾ ਕੀਤਾ ਤਾਂ ਉਸ ਦਾ ਵਿਰੋਧ ਹੋਰ ਵਧ ਸਕਦਾ ਹੈ ਤੇ ਉਸ ਦੀ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਨੂੰ ਖਤਰਾ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਜਿਸ ਸੰਕਟ ਦਾ ਸ਼ਿਕਾਰ ਹੈ, ਉਸ ਦੇ ਜ਼ਿੰਮੇਵਾਰ ਇਸ ਦੇ ਨੇਤਾ ਹੀ ਹਨ। ਪਾਰਟੀ ਦੇ ਵਿਧਾਇਕ ਅਜੇ ਤਜਰਬੇਕਾਰ ਵੀ ਨਹੀਂ ਹਨ ਪਰ ਉਹ ਚਾਹੁੰਦੇ ਹਨ ਕਿ ਸ਼ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਖੋਹ ਲਈ ਜਾਵੇ। ਉਨ੍ਹਾਂ ਦੇ ਇਸ ਕੰਮ ਵਿਚ ਅਕਾਲੀ ਅਤੇ ਕਾਂਗਰਸੀ ਵੀ ਅੰਦਰਖਾਤੇ ਸਾਥ ਦੇ ਸਕਦੇ ਹਨ। ਪਾਰਟੀ ਦਾ ਜਥੇਬੰਦਕ ਢਾਂਚਾ ਵੀ ਅਜੇ ਐਸਾ ਨਹੀਂ ਜੋ ਇਸ ਦੇ ਮੈਂਬਰਾਂ ਨੂੰ ਭਾਵੇਂ ਕਿੱਡਾ ਵੀ ਲੀਡਰ ਹੋਵੇ, ਅਨੁਸ਼ਾਸਨ ਵਿਚ ਚਲਣ ਲਈ ਕਾਰਵਾਈ ਕਰ ਸਕੇ।
ਸ਼ ਖਹਿਰਾ ਜਿਥੇ ਮਿਹਨਤੀ, ਤੇਜ਼ ਤਰਾਰ ਅਤੇ ਅੱਜ ਦੀ ਤਾਰੀਕ ਵਿਚ ਬੇਦਾਗ ਨੇਤਾ ਹੈ, ਉਥੇ ਉਸ ਵਿਰੁਧ ਲੰਮੀ ਦੋਸ਼-ਸੂਚੀ ਵੀ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ ਖਹਿਰਾ ਨੇ ਜਨਤਕ ਤੌਰ ‘ਤੇ ਆਵਾਜ਼ ਉਠਾਈ ਸੀ ਕਿ ਪੰਜਾਬ ਇਕਾਈ ਅੰਦਰ ਦਿੱਲੀ ਵਾਲਿਆਂ ਦਾ ਦਖਲ ਨਹੀਂ ਹੋਣਾ ਚਾਹੀਦਾ। ਜਦ ਭਗਵੰਤ ਮਾਨ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਸੀ ਤਾਂ ਸ਼ ਖਹਿਰਾ ਵੱਲੋਂ ਉਸ ਦਾ ਵਿਰੋਧ ਵੀ ਜਨਤਕ ਹੋ ਗਿਆ ਸੀ। ਇਸ ਤੋਂ ਪਹਿਲਾਂ ਜਦ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰਸ਼ਿਪ ਤੋਂ ਹਟਾਇਆ ਗਿਆ ਸੀ ਤਾਂ ਸ਼ ਖਹਿਰਾ ਨੇ ਇਸ ਦਾ ਜਨਤਕ ਵਿਰੋਧ ਕੀਤਾ ਸੀ। ਪੰਜਾਬ ਇਕਾਈ ਨਾਲ ਸਲਾਹ ਕਰਨ ਤੋਂ ਬਿਨਾ ਸ੍ਰੀ ਕੇਜਰੀਵਾਲ ਵਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਦਾ ਸ਼ ਖਹਿਰਾ ਨੇ ਜਨਤਕ ਵਿਰੋਧ ਕੀਤਾ ਸੀ। ਉਨ੍ਹਾਂ ਦੇ ਇਹ ਇਤਰਾਜ਼ ਠੀਕ ਹੋ ਸਕਦੇ ਹਨ ਪਰ ਇਨ੍ਹਾਂ ਨੂੰ ਜਨਤਕ ਕਰਨ ਦਾ ਉਸ ਨੂੰ ਕੋਈ ਹੱਕ ਨਹੀਂ। ਉਹਨੂੰ ਆਪਣੇ ਇਤਰਾਜ਼ ਪਾਰਟੀ ਦੇ ਅੰਦਰ ਉਠਾਉਣੇ ਚਾਹੀਦੇ ਹਨ।
ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁਕਾ ਭਗਵੰਤ ਮਾਨ ਲੋਕਾਂ ਦੀ ਬੋਲੀ ਵਿਚ ਭਾਸ਼ਣ ਕਰਨ ਵਾਲਾ ਚੰਗਾ ਬੁਲਾਰਾ ਹੈ। ਦਿਨ ਰਾਤ ਕੰਮ ਕਰਨ ਵਾਲਾ ਇਹ ਆਗੂ ਕੁਝ ਸਮੇਂ ਤੋਂ ਗੈਰ ਸਰਗਰਮ ਹੈ। ਉਹ ਆਪਣੇ ਭਾਸ਼ਣ ਵਿਚ ਲੋਕਾਂ ਨੂੰ ਕੀਲ ਕੇ ਬਿਠਾ ਸਕਦਾ ਹੈ ਅਤੇ ਉਸ ਦੇ ਨਾਂ ‘ਤੇ ਭੀੜ ਇਕੱਠੀ ਹੋ ਜਾਂਦੀ ਹੈ। ਸਿਆਸੀ ਵਿਰੋਧੀਆਂ ‘ਤੇ ਚੋਟਾਂ ਕਰਨ ਦੀ ਉਸ ਨੂੰ ਮੁਹਾਰਤ ਹਾਸਲ ਹੈ। ਪਰ ਆਪਣੇ ਪ੍ਰਧਾਨਗੀ ਵਾਲੇ ਸਮੇਂ ਦੌਰਾਨ ਉਹ ਪਾਰਟੀ ਦਾ ਜਥੇਬੰਦਕ ਢਾਂਚਾ ਬਣਾ ਕੇ ਉਸ ਨੂੰ ਸਰਗਰਮ ਨਹੀਂ ਕਰ ਸਕਿਆ ਜਿਸ ਕਰਕੇ ਉਹ ਬਤੌਰ ਪ੍ਰਧਾਨ ਸਥਾਪਤ ਨਹੀਂ ਹੋ ਸਕਿਆ। ਜ਼ਿਲ੍ਹਾ ਪੱਧਰ ‘ਤੇ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਸਰਗਰਮ ਕਰਨਾ ਤੇ ਜ਼ਿਲ੍ਹਾ ਪੱਧਰ ਤੋਂ ਹੇਠਾਂ ਸਰਗਰਮੀ ਕਰਵਾਉਣੀ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ। ਉਹ ਵੀ ਸਾਰਿਆਂ ਨੂੰ ਨਾਲ ਲੈ ਕੇ ਚਲਣ ਵਿਚ ਅਸਮਰਥ ਰਿਹਾ ਹੈ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿੱਲੀ ਦੀ ਕੇਂਦਰੀ ਲੀਡਰਿਸ਼ਪ ਵਿਰੁਧ ਉਸ ਨੇ ਵੀ ਜਨਤਕ ਬਿਆਨਬਾਜ਼ੀ ਕੀਤੀ ਸੀ ਕਿ ਟਿਕਟਾਂ ਦੀ ਵੰਡ ਵਿਚ ਉਸ ਦੀ ਕੋਈ ਸਲਾਹ ਨਹੀਂ ਲਈ ਗਈ। ਬਿਕਰਮ ਸਿੰਘ ਮਜੀਠੀਆ ਤੋਂ ਕੇਜਰੀਵਾਲ ਵਲੋਂ ਮੁਆਫੀ ਮੰਗੇ ਜਾਣ ‘ਤੇ ਉਸ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਭਾਵੇਂ ਮਨਜ਼ੂਰ ਨਹੀਂ ਹੋਇਆ ਪਰ ਭਗਵੰਤ ਮਾਨ ਨੇ ਵਾਪਸ ਨਹੀਂ ਲਿਆ।
ਇਸ ਪੱਧਰ ਦੇ ਆਗੂ ਵੀ ਜਦ ਪਾਰਟੀ ਅਨੁਸ਼ਾਸਨ ਤੋਂ ਬਾਹਰ ਹੋਣਗੇ ਤਾਂ ਪਾਰਟੀ ਉਨ੍ਹਾਂ ਨੂੰ ਓਨਾ ਚਿਰ ਹੀ ਬਰਦਾਸ਼ਤ ਕਰੇਗੀ ਜਦ ਤਕ ਉਨ੍ਹਾਂ ਦਾ ਬਦਲ ਨਹੀਂ ਲੱਭ ਜਾਂਦਾ।
ਪਾਰਟੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਰਟੀ ਕਾਰਜਸ਼ੈਲੀ ਵਿਚ ਗਲਤੀਆਂ ਕਰਦਾ ਹੈ ਅਤੇ ਪੰਜਾਬ ਦੇ ਸਾਥੀਆਂ ਨਾਲ ਸਲਾਹ ਤੋਂ ਬਿਨਾਂ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣਾ ਦਰੁਸਤ ਨਹੀਂ ਸੀ। ਜੇ ਪਾਰਟੀ ਮੁਖੀ ਵੀ ਆਪਹੁਦਰੀ ਕਾਰਜਸ਼ੈਲੀ ਨਾ ਅਪਨਾਉਂਦਾ ਤਾਂ ਪੰਜਾਬ ਵਿਚ ਪਾਰਟੀ ਦੀ ਹਾਲਤ ਬਿਹਤਰ ਹੋਣੀ ਸੀ। ਰਾਜਨੀਤੀ ਨੂੰ ਝੂਠ ਦੀ ਲੜੀ ਨਹੀਂ, ਸਾਇੰਸ ਸਮਝਣਾ ਚਾਹੀਦਾ ਹੈ। ਸਾਇੰਸ ਠੀਕ ਢੰਗ ਨਾਲ ਮਨੁੱਖਤਾ ਦਾ ਭਲਾ ਵੀ ਕਰ ਸਕਦੀ ਹੈ ਪਰ ਗਲਤ ਵਰਤੋਂ ਨਾਲ ਮਨੁੱਖਤਾ ਲਈ ਮਾਰੂ ਵੀ ਸਾਬਤ ਹੋ ਸਕਦੀ ਹੈ। ਦੁੱਖ ਦੀ ਗੱਲ ਹੈ ਕਿ ਭਾਰਤ ਵਿਚ ਰਾਜਨੀਤੀ ਝੂਠ ਜਾਂ ਫਿਰ ਅਕਸ ਦੇ ਸਾਫ ਪਰ ਅਨਾੜੀ ਹੱਥਾਂ ਵਿਚ ਹੈ। ਸ੍ਰੀ ਕੇਜਰੀਵਾਲ ਦੀ ਅਨਾੜੀਆਂ ਵਾਲੀ ਕਾਰਜਸ਼ੈਲੀ ਨੂੰ ਠੀਕ ਕਰਨ ਲਈ ਪਾਰਟੀ ਦੇ ਅੰਦਰ ਵਿਰੋਧ ਕਰਨ ਦੀ ਲੋੜ ਹੈ। ਇਹ ਅਨੁਸ਼ਾਸਨ ਭੰਗ ਕਰਕੇ ਠੀਕ ਨਹੀਂ ਹੋ ਸਕਦੀ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਡੀਆ ਵਿਚ ਹੋਈ ਚਰਚਾ ਅਨੁਸਾਰ ਭਗਵੰਤ ਮਾਨ ਮੁੱਖ ਮੰਤਰੀ ਬਣਨ ਦਾ ਤਕੜਾ ਦਾਅਵੇਦਾਰ ਸੀ। ਇਹ ਕਨਸੋਆਂ ਵੀ ਸਨ ਕਿ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਅਤੇ ਜਗਮੀਤ ਬਰਾੜ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਵਿਚ ਭਗਵੰਤ ਮਾਨ ਹੀ ਰੋੜਾ ਬਣਿਆ ਸੀ। ਉਸ ਨੂੰ ਡਰ ਸੀ ਕਿ ਕੋਈ ਵੱਡੇ ਕੱਦ ਵਾਲਾ ਨੇਤਾ ਜੇ ਆ ਗਿਆ ਤਾਂ ਉਸ ਦਾ ਮੁੱਖ ਮੰਤਰੀ ਬਣਨ ਦਾ ਅਧਿਕਾਰ ਖੁਸ ਨਾ ਜਾਵੇ। ਜੇ ਇਹ ਸੱਚ ਹੈ ਤਾਂ ਇਨ੍ਹਾਂ ਲੀਡਰਾਂ ਨੂੰ ਸ਼ਾਮਲ ਨਾ ਕਰਨ ਦਾ ਜੋ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ, ਉਸ ਦਾ ਜ਼ਿੰਮੇਵਾਰ ਭਗਵੰਤ ਮਾਨ ਹੀ ਹੈ। ਜਦ ਟਿਕਟਾਂ ਦੀ ਵੰਡ ਵੇਲੇ ਭਗਵੰਤ ਮਾਨ ਨੇ ਦਖਲਅੰਦਾਜ਼ੀ ਨਹੀਂ ਕੀਤੀ ਤਾਂ ਬਾਅਦ ਵਿਚ ਇਤਰਾਜ਼ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਹੁਣ ਪੰਜਾਬ ਦੇ ਇੰਚਾਰਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹਨ। ਉਹ ਬਹੁਤੀ ਦਖਲਅੰਦਾਜ਼ੀ ਨਹੀਂ ਕਰ ਰਹੇ ਜਿਸ ਕਰਕੇ ਪੰਜਾਬ ਵਿਚ ਪਾਰਟੀ ਦਾ ਜਾਂ ਤਾਂ ਕੋਈ ਨੇਤਾ ਨਹੀਂ, ਜਾਂ ਫਿਰ ਸਾਰੇ ਹੀ ਨੇਤਾ ਹਨ। ਪਾਰਟੀ ਦੀ ਅੱਜ ਜੋ ਹਾਲਤ ਹੈ, ਉਸ ਨੂੰ ਦੇਖ ਕੇ ਸ਼ ਖਹਿਰਾ ਸਮੇਤ ਉਨ੍ਹਾਂ ਲੋਕਾਂ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ ਜੋ ਕੇਂਦਰੀ ਲੀਡਰਸ਼ਿਪ ਦਾ ਦਖਲ ਅਤੇ ਅਨੁਸ਼ਾਸਨ ਪ੍ਰਵਾਨ ਨਹੀਂ ਕਰਦੇ। ਜਿੰਨਾ ਚਿਰ ਕਿਸੇ ਵੀ ਪਾਰਟੀ ਦੇ ਸਿਰ ‘ਤੇ ਕੇਂਦਰੀ ਲੀਡਰਸ਼ਿਪ ਦਾ ਕੁੰਡਾ ਨਹੀਂ, ਓਨਾ ਚਿਰ ਪਾਰਟੀ ਚਲ ਨਹੀਂ ਸਕਦੀ।
ਜੇ ਪਾਰਟੀ ਦੇ ਮੁੱਖ ਆਗੂਆਂ ਨੇ ਅਜੇ ਵੀ ਸਬਕ ਨਾ ਸਿਖਿਆ ਅਤੇ ਇਹ ਟੀਮ ਨੂੰ ਇਕਮੁੱਠ ਕਰਕੇ ਨਾ ਤੁਰੇ ਤਾਂ ਪਾਰਟੀ ਦਾ ਖਾਤਮਾ ਤੈਅ ਹੈ। ਕਿੰਨੀ ਹਾਸੋਹੀਣੀ ਗੱਲ ਹੈ ਕਿ ਸ਼ਾਹਕੋਟ ਦੀ ਚੋਣ ਮੁਹਿੰਮ ਸਮੇਂ ਭਗਵੰਤ ਮਾਨ ਵਿਦੇਸ਼ ਚਲਾ ਗਿਆ ਤੇ ਸੁਖਪਾਲ ਖਹਿਰਾ ਮੁਹਿੰਮ ਵਿਚ ਆਏ ਹੀ ਨਹੀਂ। ਜੇ ਕੰਮ ਦਾ ਇਹੋ ਢੰਗ ਰਿਹਾ ਤਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਕੋਈ ਸੀਟ ਜਿੱਤਣੀ ਤਾਂ ਦੂਰ, ਪਾਰਟੀ ਦੇ ਤੱਪੜ ਰੁਲ ਸਕਦੇ ਹਨ। ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਜੇ ਇਕੱਠੇ ਹੋ ਕੇ ਬਾਕੀ ਟੀਮ ਨੂੰ ਨਾਲ ਲੈ ਕੇ ਤੁਰਦੇ ਹਨ ਤਾਂ ਚੰਗੇ ਸਿੱਟੇ ਨਿਕਲ ਸਕਦੇ ਹਨ। ਪਾਰਟੀ ਵਿਧਾਇਕਾਂ ਨੂੰ ਵੀ ਪਾਰਟੀ ਉਸਾਰੀ ਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।
ਭਾਰਤ ਅੰਦਰ ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ, ਕਈ ਤਰ੍ਹਾਂ ਦੇ ਮਾਫੀਆ, ਗੁੰਡਾਗਰਦੀ, ਭਾਜਪਾ ਵੱਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ, ਪੁਲਿਸ ਵਧੀਕੀਆਂ ਆਦਿ ਦਾ ਬੋਲਬਾਲਾ ਹੈ। ਪੰਜਾਬ ਨੂੰ ਵੀ ਬਾਕੀ ਦੇਸ਼ ਨਾਲੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਸ਼ ਅੰਦਰ ਅੱਜ ਦੇ ਸਿਆਸੀ ਵਾਤਾਵਰਣ ਮੁਤਾਬਕ ਪ੍ਰੋਗਰਾਮ ਐਲਾਨਣਾ ਚਾਹੀਦਾ ਹੈ। ਸ੍ਰੀ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਪੰਜਾਬ ਇਕਾਈ ਵੱਲ ਉਚੇਚਾ ਧਿਆਨ ਦੇ ਕੇ ਪਾਰਟੀ ਨੂੰ ਲੀਹ ‘ਤੇ ਲਿਆਉਣਾ ਚਾਹੀਦਾ ਹੈ। ਵਿਦੇਸ਼ਾਂ ਵਿਚ ਵਸਦੇ ਪਾਰਟੀ ਸਮਰਥਕਾਂ ਨੂੰ ਵੀ ਕੰਮ ਢੰਗ ਵਿਚ ਸੁਧਾਰ ਲਿਆਉਣ ਲਈ ਦਬਾਅ ਪਾਉਣਾ ਚਾਹੀਦਾ ਹੈ। ਵਿਦੇਸ਼ਾਂ ਵਿਚ ਆਉਣ ਅਤੇ ਹਮਾਇਤ ਮੰਗਣ ਵਾਲੇ ਲੀਡਰਾਂ ਨੂੰ ਪਾਰਟੀ ਦੇ ਨਿਘਾਰ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ। ਲੀਡਰਾਂ ਨੂੰ ਲੋਕਾਂ ਦਾ ਦਬਾਅ ਹੀ ਸਿੱਧੇ ਰਸਤੇ ਉਤੇ ਲਿਆ ਸਕਦਾ ਹੈ।
ਜੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਪੰਜਾਬ ਦੇ ਵਿਧਾਇਕਾਂ ਅਤੇ ਹੋਰ ਨੇਤਾਵਾਂ ਨੂੰ ਇਕਮੁਠ ਹੋ ਕੇ ਪਾਰਟੀ ਵੱਲੋਂ ਐਲਾਨੇ ਮੁੱਦਿਆਂ ‘ਤੇ ਕਾਨਫਰੰਸਾਂ ਅਤੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰਨਾ ਚਾਹੀਦਾ ਹੈ। ਨਿਰਾਸ਼ ਬੈਠੇ ਵਾਲੰਟੀਅਰਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਪਾਰਟੀ ਨਾਲ ਤੋਰਨ ਲਈ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਨੇ ਚਾਹੀਦੇ ਹਨ। ਮਹਿੰਗਾਈ, ਬੇਰੁਜ਼ਗਾਰੀ, ਮਾਫੀਆ ਕਲਚਰ, ਭਾਜਪਾ ਤੇ ਅਕਾਲੀ ਦਲ ਦੀ ਫਿਰਕੂ ਪਹੁੰਚ, ਰਿਸ਼ਵਤਖੋਰੀ ਆਦਿ ਮੁੱਦਿਆਂ ਵਿਰੁਧ ਸੰਘਰਸ਼ ਲਈ ਲੋਕਾਂ ਦੀ ਲਾਮਬੰਦੀ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸੇ ਵਿਚ ਹੀ ਪੰਜਾਬ, ਆਮ ਆਦਮੀ ਪਾਰਟੀ ਅਤੇ ਲੋਕਾਂ ਦਾ ਭਲਾ ਹੈ।